Wednesday, August 31, 2011

ਬਚਾਅ... :: ਲੇਖਕਾ : ਦਿਵਯ ਮਾਥੂਰ

ਪ੍ਰਵਾਸੀ ਹਿੰਦੀ ਕਹਾਣੀ :

    ਬਚਾਅ...
      ਲੇਖਕਾ : ਦਿਵਯ ਮਾਥੂਰ


        E-mail :- divyamathur@alo.com

      ਅਨੁਵਾਦ : ਮਹਿੰਦਰ ਬੇਦੀ, ਜੈਤੋ 





ਨਿੰਦੀਆ ਦੇ ਪਾਪਾ ਕਹਿੰਦੇ ਹੁੰਦੇ ਸਨ ਕਿ ਦੁਨੀਆਂ ਵਿਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ। ਇਕ ਤਾਂ ਉਹ ਜਿਹੜੇ ਪੰਛੀਆਂ ਵਾਂਗ ਸੂਰਜ ਦੇ ਨਿਕਲਦਿਆਂ ਹੀ ਉਠ ਪੈਂਦੇ ਨੇ ਤੇ ਦੂਜੇ ਉਹ ਜਿਹੜੇ ਉੱਲੂਆਂ ਵਾਂਗ ਦਿਨੇ ਵੀ ਸੁੱਤੇ ਰਹਿੰਦੇ ਨੇ...ਤੇ ਇਹ ਵੀ ਕਿ...ਭਲਾ ਉੱਲੂਆਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਪਾਪਾ ਦੇ ਸਾਰੀ ਉਮਰ ਝਾੜਦੇ-ਫਿਟਕਾਰਦੇ ਰਹਿਣ ਦੇ ਬਾਵਜੂਦ ਉਹ ਕਦੀ ਸਮੇਂ 'ਤੇ ਨਹੀਂ ਉਠ ਸਕੀ। ਬਚਪਨ ਤੋਂ ਹੁਣ ਤਕ ਹਰ ਰਾਤ ਸੌਣ ਤੋਂ ਪਹਿਲਾਂ ਆਪਣੇ ਆਪ ਨਾਲ ਵਾਅਦਾ ਜ਼ਰੂਰ ਕਰਦੀ ਹੈ ਉਹ ਕਿ ਕਲ੍ਹ ਜਲਦੀ ਉਠੇਗੀ, ਪਰ ਹਰ ਸਵੇਰ 'ਬਸ ਪੰਜ ਮਿੰਟ ਹੋਰ' ਕਰਦੇ-ਕਰਦੇ ਦੇਰ ਹੋ ਜਾਂਦੀ ਹੈ। ਅੱਜ ਸਵੇਰੇ ਵੀ ਉਸਦੀ ਅੱਖ ਲੱਗੀ ਹੀ ਸੀ ਕਿ ਅਲਾਰਮ ਵੱਜਣ ਲੱਗ ਪਿਆ। ਅਲਾਰਮ ਨੂੰ ਬੰਦ ਕਰਨ ਦੀ ਕੋਸ਼ਿਸ਼ ਵਿਚ ਉਹ ਸੋਫੇ ਤੋਂ ਲੁੜਕ ਕੇ ਹੇਠਾਂ ਜਾ ਡਿੱਗੀ ਸੀ। ਮਕਾਨ ਮਾਲਕਿਨ ਧੀਰੂਬੇਨ ਕਿਤੇ ਰੌਲਾ ਨਾ ਪਾਉਣ ਲੱਗ ਪਏ। ਰਜਾਈ, ਕੰਬਲ ਤੇ ਸਿਰਹਾਣੇ ਨਾਲ ਜੂਝਦੇ ਹੱਥਾਂ ਵਿਚ ਆ ਕੇ ਵੀ ਘੜੀ, ਤਿਲ੍ਹਕ ਕੇ, ਪਤਾ ਨਹੀਂ ਕਿੱਥੇ ਛਿਪਣ ਹੋ ਗਈ ਸੀ। ਕਿਸੇ ਤਰ੍ਹਾਂ ਅਲਾਰਮ ਬੰਦ ਕਰਕੇ ਅੱਖਾਂ ਮਲਦੀ, ਡਿੱਗਦੀ-ਢਹਿੰਦੀ ਤੇ ਆਪਣੇ ਆਪ ਨੂੰ ਫਿਟਕਾਰਦੀ ਹੋਈ ਉਹ ਬਾਥਰੂਮ ਵੱਲ ਨੱਸੀ ਸੀ। ਮੂੰਹ ਵਿਚ ਟੂੱਥ ਬਰੱਸ਼ ਤੁੰਨ ਕੇ ਗਰਮ ਪਾਣੀ ਦੀ ਟੂਟੀ ਚਲਾਈ ਹੀ ਸੀ ਕਿ ਇਕ ਬੀਂਡਾ ਨਾਲੀ ਵਿਚੋਂ ਨਿਕਲਿਆ ਤੇ ਨਹਾਉਣ ਵਾਲੇ ਟਬ ਵਿਚ ਇਧਰ-ਉਧਰ ਦੌੜਨ ਲੱਗ ਪਿਆ—ਡਰਾਉਂਦਾ, ਪਰ ਡਰਿਆ ਹੋਇਆ। ਨਿੰਦੀਆ ਨੇ ਕਾਹਲ ਨਾਲ ਫੁਆਰੇ ਦੀ ਤੇਜ਼ ਧਾਰ ਨਾਲ ਉਸਨੂੰ ਵਾਪਸ ਨਾਲੀ ਵਿਚ ਧਰੀਕ ਦਿੱਤਾ। ਸ਼ਾਇਦ ਤੇਜ਼ ਗਰਮ ਪਾਣੀ ਨੇ ਉਸਦੀ ਜਾਨ ਲੈ ਲਈ ਹੋਏ ਜਾਂ ਫੇਰ ਉਹ ਨਾਲੀ ਵਿਚ ਰੁੜ੍ਹਦਾ ਹੋਇਆ ਕਿਤੇ ਦੂਰ ਨਿਕਲ ਗਿਆ ਹੋਏ। ਨਿੰਦੀਆ ਨੇ ਸੁਣਿਆ ਸੀ ਕਿ ਇਹੋ ਜਿਹੇ ਕੀੜੇ-ਮਕੌੜੇ ਬੜੇ ਸਖ਼ਤ ਜਾਨ ਹੁੰਦੇ ਨੇ ਤੇ ਬੀਂਡੇ ਤਾਂ ਮਾਈਕਰੋਵੇਵ ਦੇ ਤਾਪ 'ਚੋਂ ਵੀ ਬਚ ਨਿਕਲਦੇ ਨੇ।
ਦਫ਼ਤਰ ਵਿਚ ਸਾਰਾ ਦਿਨ ਨਿੰਦੀਆ ਮੁੜ-ਮੁੜ ਇਹੋ ਸੋਚਦੀ ਰਹੀ ਕਿ ਉਸਨੂੰ ਕੀ ਲੋੜ ਪਈ ਸੀ ਵਿਚਾਰੇ ਬੀਂਡੇ 'ਤੇ ਏਨਾ ਗਰਮ ਪਾਣੀ ਪਾਉਣ ਦੀ? ਭਾਵੇਂ ਉਸਨੇ ਜਾਣ-ਬੁਝ ਕੇ ਇੰਜ ਨਹੀਂ ਸੀ ਕੀਤਾ। ਉਹ ਹਮੇਸ਼ਾ ਪਹਿਲਾਂ ਗਰਮ ਪਾਣੀ ਵਾਲੀ ਟੂਟੀ ਹੀ ਖੋਲ੍ਹਦੀ ਹੈ; ਕਿਉਂਕਿ ਜੇ ਠੰਡੇ ਪਾਣੀ ਦੀ ਟੂਟੀ ਨੂੰ ਪਹਿਲਾਂ ਚਲਾ ਦਿੱਤਾ ਜਾਏ ਤਾਂ ਪਾਣੀ ਦੇ ਤਾਪਮਾਨ ਨੂੰ ਸੰਤੁਲਤ ਕਰਨਾ ਔਖਾ ਹੋ ਜਾਂਦਾ ਹੈ। ਖ਼ੈਰ, ਬੀਂਡੇ ਨੂੰ ਕੀ ਲੋੜ ਪੈ ਗਈ ਸੀ ਨਿੰਦੀਆ ਦੇ ਟੱਬ ਵਿਚ ਆਉਣ ਦੀ—ਉਹ ਵੀ ਸਵੇਰੇ-ਸਵੇਰੇ। ਸਾਰਾ ਦਿਨ ਉਹ ਘਰੋਂ ਬਾਹਰ ਹੁੰਦੀ ਹੈ, ਓਦੋਂ ਭਾਵੇਂ ਜਿੱਥੇ ਮਰਜ਼ੀ ਘੁੰਮਦਾ ਰਹਿੰਦਾ। ਨਿੰਦੀਆ ਨੇ ਸੋਚਿਆ ਕਿ ਜੇ ਉਹ ਬੀਂਡਾ ਕਿਸੇ ਬ੍ਰਿਟਿਸ਼ ਕੋਰਟ ਵਿਚ ਮੁਕਦਮਾ ਦਾਇਰ ਕਰ ਸਕਦਾ ਤਾਂ ਜ਼ਰੂਰ ਜੇਲ੍ਹ ਹੋ ਜਾਂਦੀ। ਪਿੱਛੇ ਜਿਹੇ ਹੀ ਇਕ ਖ਼ਬਰ ਸੁਣੀ ਸੀ ਕਿ ਘਰ ਵੜ ਆਏ ਇਕ ਚੋਰ ਨੂੰ ਜਦੋਂ ਘਰ ਦੇ ਮਾਲਕ, ਇਕ ਅੰਗਰੇਜ਼, ਨੇ ਗੋਲੀ ਚਲਾ ਕੇ ਜ਼ਖ਼ਮੀ ਕਰ ਦਿੱਤਾ ਤਾਂ ਚੋਰ ਨੇ ਉਸ ਉੱਤੇ ਮੁਕੱਦਮਾ ਦਾਇਰ ਕਰ ਦਿੱਤਾ। ਜੱਜ ਦਾ ਫ਼ੈਸਲਾ ਸੀ ਕਿ ਚੋਰ ਨੂੰ ਜ਼ਖ਼ਮੀ ਨਹੀਂ ਸੀ ਕਰਨਾ ਚਾਹੀਦਾ ਉਸਨੂੰ। ਪਸਤੌਲ ਵਿਖਾ ਕੇ ਸਿਰਫ ਡਰਾ-ਧਮਕਾ ਕੇ ਕੰਮ ਚਲਾਇਆ ਜਾ ਸਕਦਾ ਸੀ। ਅੰਗਰੇਜ਼ ਦੇ ਪੱਖ ਵਿਚ ਬਹੁਤ ਸਾਰੇ ਲੋਕ ਸਨ, ਜਿਹਨਾਂ ਦਾ ਮੰਨਣਾ ਸੀ ਕਿ ਘਰ ਦੇ ਮਾਲਕ ਨੂੰ ਏਨਾ ਅਧਿਕਾਰ ਤਾਂ ਹੋਣਾ ਹੀ ਚਾਹੀਦਾ ਹੈ ਕਿ ਆਪਣੇ ਬਚਾਅ ਖਾਤਰ ਉਹ ਚੋਰ ਨਾਲ ਜਿਹੋ-ਜਿਹਾ ਚਾਹੇ ਸਲੂਕ ਕਰੇ। ਨਿੰਦੀਆ ਨੇ ਸੋਚਿਆ ਕਿ ਜਦੋਂ ਮੁਸੀਬਤ ਸਿਰ 'ਤੇ ਖੜ੍ਹੀ ਹੋਏ ਤਾਂ ਕੀ ਕੋਈ ਇਹ ਸੋਚ ਸਕਦਾ ਹੈ ਕਿ ਅਪਰਾਧੀ ਨੂੰ ਕਿੰਨੀ ਮਾਤਰਾ ਵਿਚ ਜ਼ਖ਼ਮੀ ਕੀਤਾ ਜਾਏ? ਉਸਨੇ ਵਾਲੀਵੁੱਡ ਦੀਆਂ ਕਈ ਫ਼ਿਲਮਾਂ ਵਿਚ ਦੇਖਿਆ ਹੈ ਕਿ ਹੀਰੋਇਨ ਪਸਤੌਲ ਜਾਂ ਚਾਕੂ ਚੁੱਕ ਕੇ ਅਪਰਾਧੀ ਨੂੰ ਧਮਕਾਉਂਦੀ ਤਾਂ ਹੈ, ਪਰ ਡਰ ਦੀ ਮਾਰੀ ਹਮਲਾ ਨਹੀਂ ਕਰ ਸਕਦੀ। ਇਸ ਦੌਰਾਨ ਅਪਰਾਧੀ ਉਸਦੇ ਹੱਥੋਂ ਉਹੀ ਪਸਤੌਲ ਜਾਂ ਚਾਕੂ ਖੋਹ ਲੈਂਦਾ ਹੈ ਤੇ ਹੀਰੋਇਨ ਦਾ 'ਰਾਮ ਨਾਮ ਸੱਤ' ਕਰ ਦੇਂਦਾ ਹੈ। ਕਿੰਨੀ ਖਿਝ ਚੜ੍ਹਦੀ ਹੈ ਉਸਨੂੰ ਅਜਿਹੇ ਦ੍ਰਿਸ਼ ਦੇਖ ਕੇ...ਬਸ ਪੁੱਛੋ ਨਾ। ਕਿਸੇ ਦੇ ਘਰ ਵਿਚ ਚੋਰ ਘੁਸ ਆਏ, ਉਸਨੂੰ ਤੇ ਉਸਦੇ ਪਰਿਵਾਰ ਨੂੰ ਡਰਾਏ-ਧਮਕਾਏ ਤਾਂ ਵੀ ਉਸਨੂੰ ਏਨੀ ਸਜ਼ਾ ਨਹੀਂ ਮਿਲੇਗੀ, ਜਿੰਨੀ ਕਿ ਘਰ ਦੇ ਮਾਲਕ ਨੂੰ ਇੱਥੇ ਇਕ ਚੋਰ ਨੂੰ ਜ਼ਖ਼ਮੀ ਕਰਨ 'ਤੇ ਮਿਲਦੀ ਹੈ—ਇਹ ਇੰਗਲੈਂਡ ਹੈ।
ਹਾਂ, ਇਹ ਇੰਗਲੈਂਡ ਹੈ। ਸਾਲਾਂ ਤੋਂ ਨਿੰਦੀਆ ਇੱਥੇ ਵੱਸਣ ਲਈ ਹੱਥ ਪੈਰ ਮਾਰ ਰਹੀ ਹੈ। ਉਸਦੇ ਪਾਸਪੋਰਟ ਉੱਤੇ ਹੋਮ ਆਫ਼ਿਸ ਵਾਲਿਆਂ ਨੇ ਠੱਪਾ ਲਾ ਦਿੱਤਾ ਹੈ ਕਿ ਸਿਰਫ ਅੰਤਰ-ਰਾਸ਼ਟਰੀ ਦਫ਼ਤਰਾਂ ਤੇ ਦੂਤਾਵਾਸਾਂ ਵਿਚ ਹੀ ਕੰਮ ਕਰ ਸਕਦੀ ਹੈ। ਇਹ ਪਾਬੰਦੀ ਹੋਣ ਕਰਕੇ ਉਸਨੂੰ ਕੋਈ ਚੰਗੀ ਨੌਕਰੀ ਤਾਂ ਨਹੀਂ ਸੀ ਮਿਲ ਸਕੀ, ਪਰ ਪਿਛਲੇ ਪੰਜਾਂ ਸਾਲਾਂ ਵਿਚ ਉਹਨੇ ਇਹਨਾਂ ਦਫ਼ਤਰਾਂ ਦੇ ਸਾਰੇ ਰਹੱਸ ਜ਼ਰੂਰ ਜਾਣ ਲਏ ਸੀ। ਘੱਟ ਤਨਖ਼ਾਹ ਕਰਕੇ ਇਹ ਦਫ਼ਤਰ ਨਿੰਦੀਆ ਵਰਗੇ ਲੋਕਾਂ ਨੂੰ ਨੌਕਰੀ ਤਾਂ ਦੇ ਦਿੰਦੇ ਸਨ ਪਰ ਲੋੜੀਂਦੀਆਂ ਸਹੂਲਤਾਂ ਨਹੀਂ ਸੀ ਦਿੰਦੇ ਤੇ ਨਾ ਹੀ ਸਮੇਂ ਤੇ ਉਹਨਾਂ ਦੀ ਤਨਖ਼ਾਹ ਹੀ ਵਧਾਉਂਦੇ ਸਨ। ਬ੍ਰਿਟਿਸ਼ ਸਰਕਾਰ ਦੇ ਅਧੀਨ ਨਾ ਹੋਣ ਕਰਕੇ ਇਹਨਾਂ ਉੱਤੇ ਨਾ ਤਾਂ ਕੋਈ ਮੁਕੱਦਮਾ ਚਲਾਇਆ ਜਾ ਸਕਦਾ ਹੈ ਤੇ ਨਾ ਹੀ ਇਹਨਾਂ ਦੀ ਕਿਧਰੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਜਿੱਥੇ ਇਕ ਪਾਸੇ ਨੌਕਰੀ ਤੋਂ ਕੱਢ ਦਿੱਤੇ ਜਾਣ ਦੇ ਭੈ ਕਰਕੇ ਇਹ ਕਰਮਚਾਰੀ ਚੁੱਪ ਰਹਿੰਦੇ ਨੇ, ਉੱਥੇ ਹੀ ਦੂਜੇ ਪਾਸੇ ਅਧਿਕਾਰੀ ਉਹਨਾਂ ਦੀ ਮਜ਼ਬੂਰੀ ਦਾ ਪੂਰਾ ਨਾਜਾਇਜ਼ ਫਾਇਦਾ ਉਠਾਉਂਦੇ ਨੇ। ਨਿੰਦੀਆ ਵਰਗ਼ੇ ਕਈ ਮਜ਼ਬੂਰ ਲੋਕ ਕੀੜਿਆਂ ਵਾਂਗ ਰੋਜ਼, ਰੋੜ੍ਹ ਦਿੱਤੇ ਜਾਂਦੇ ਨੇ ਤੇ ਆਪਣੇ ਬਚਾਅ ਲਈ ਉਹ ਕੁਝ ਵੀ ਨਹੀਂ ਕਰ ਸਕਦੇ। ਨਿੰਦੀਆ ਦੇ ਮਾਮਲੇ ਵਿਚ ਵੀ ਕਿਤੇ 'ਲੌਟ ਕੇ ਬੁੱਧੂ ਘਰ ਕੋ ਆਏ' ਵਾਲੀ ਕਹਾਵਤ ਸਿੱਧ ਨਾ ਹੋ ਜਾਏ। ਕੁਝ ਪੈਸੇ ਕਮਾਅ ਕੇ ਪਰਤ ਜਾਣ ਵਾਲਾ ਸੁਪਨਾ ਤਾਂ ਸੱਚ ਹੁੰਦਾ ਨਜ਼ਰ ਨਹੀਂ ਆ ਰਿਹਾ ਉਸਨੂੰ—ਵੈਸੇ ਜੇ ਵਾਪਸ ਵੀ ਚਲੀ ਜਾਏ ਤਾਂ ਉੱਥੇ ਕਿਹੜਾ ਨੌਕਰੀ ਮਿਲ ਜਾਏਗੀ। ਪਰਿਵਾਰ ਵਾਲਿਆਂ ਤੇ ਰਿਸ਼ਤੇਦਾਰਾਂ ਦੇ ਤਾਅਣੇ ਵੱਖਰੇ ਸੁਣਨੇ ਪੈਣਗੇ। ਇੱਥੇ ਜਿਸ ਹਾਲ ਵਿਚ ਵੀ ਹੈ, ਢਿੱਡ ਭਰ ਕੇ ਰੋਟੀ ਤਾਂ ਮਿਲ ਹੀ ਰਹੀ ਹੈ, ਸਾਫ਼-ਸੁਥਰੇ ਵਾਤਾਵਰਣ ਵਿਚ ਰਹਿ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਘੁੰਮਣ-ਫਿਰਨ ਦੀ ਆਜ਼ਾਦੀ ਹੈ। ਉਸਨੂੰ ਕੋਈ ਜਬਰਦਸਤੀ ਸ਼ਾਦੀ ਲਈ ਜਿੱਚ ਤਾਂ ਨਹੀਂ ਨਾ ਕਰ ਰਿਹਾ।
ਨਿੰਦੀਆ ਦੀ ਸਹੇਲੀ ਮੇਨਕਾ ਇਕ ਦੂਤਾਵਾਸ ਵਿਚ ਕੰਮ ਕਰਦੀ ਹੈ। ਉਸਦੇ ਨਾਲ ਦੇ ਕਈ ਕਰਮਚਾਰੀ ਵੀਹ ਤੇ ਤੀਹ ਸਾਲ ਤੋਂ ਉਸੇ ਦੂਤਾਵਾਸ ਵਿਚ ਟਿਕੇ ਹੋਏ ਨੇ। ਦਸ ਜਾਂ ਪੰਦਰਾਂ ਪਾਊਂਡ ਸਾਲਾਨਾ ਵਾਧੇ ਤੋਂ ਵੱਧ ਉਹਨਾਂ ਨੂੰ ਹੋਰ ਕੋਈ ਸਹੂਲਤ ਨਹੀ ਮਿਲਦੀ। ਤਨਖ਼ਾਹ ਟੈਕਸ ਫਰੀ ਹੋਣ ਕਰੇ ਬਸ ਮਹੀਨੇ ਦਾ ਖਰਚਾ ਪੂਰ ਹੋ ਜਾਂਦਾ ਹੈ, ਕੁਝ ਬਚਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਚੰਗੇ-ਭਲੇ, ਪੜ੍ਹੇ-ਲਿਖੇ ਯੋਗ ਲੋਕ ਇਕ ਵਾਰੀ ਜੇ ਇਸ ਜਾਲ ਵਿਚ ਫਸ ਗਏ ਤਾਂ ਸਮਝੋ ਕਿ ਘੱਟੋਘੱਟ ਚੌਦਾਂ ਸਾਲ ਲਈ ਤਾਂ ਵੱਝ ਹੀ ਗਏ। ਹਾਂ, ਏਨੇ ਸਾਲ ਹੀ ਲਗਦੇ ਨੇ ਪਾਸਪੋਰਟ ਉਪਰੋਂ ਇਹ ਠੱਪਾ ਹਟਾਉਣ ਵਿਚ। ਠੱਪਾ ਹਟਣ ਪਿੱਛੋਂ ਉਹ ਕਿਸੇ ਯੋਗ ਨਹੀ ਰਹਿ ਜਾਂਦੇ। ਪ੍ਰਸਥਿਤੀਆਂ ਨਾਲ ਲੜਦਿਆਂ-ਲੜਦਿਆ ਉਹਨਾਂ ਦੀ ਹਿੰਮਤ ਜਵਾਬ ਦੇ ਚੁੱਕੀ ਹੁੰਦੀ ਹੈ, ਆਤਮ-ਵਿਸ਼ਵਾਸ ਘੱਟ ਹੋ ਜਾਂਦਾ ਹੈ ਤੇ ਇਕੋ ਲੀਹੇ ਉਪਰ ਤੁਰਦੇ ਰਹਿਣ ਦੀ ਉਹਨਾਂ ਨੂੰ ਆਦਤ ਪੈ ਜਾਂਦੀ ਹੈ। ਨਹੀਂ-ਨਹੀਂ ਨਿੰਦੀਆ ਆਪਣੇ ਨਾਲ ਅਜਿਹਾ ਕੁਝ ਵੀ ਨਹੀਂ ਹੋਣ ਦਏਗੀ। ਉਸਨੂੰ ਛੇਤੀ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਪਏਗਾ ਤੇ ਮਾਂ-ਬਾਬਾ ਨੂੰ ਕੁਝ ਨਾ ਕੁਝ ਕਰਕੇ ਦਿਖਾਉਣਾ ਪਏਗਾ। ਗੱਲ-ਗੱਲ 'ਤੇ ਮਾਂ ਜੋ ਕਹਿੰਦੀ ਰਹਿੰਦੀ ਏ—'ਮੁੰਡਾ ਹੁੰਦਾ ਤਾਂ ਗੱਲ ਹੋਰ ਸੀ।' ਉਸਨੂੰ ਸਿੱਧ ਕਰਕੇ ਦਿਖਾਉਣਾ ਪਏਗਾ ਕਿ ਉਹ ਕਿਸੇ ਮੁੰਡੇ ਨਾਲੋਂ ਘੱਟ ਨਹੀਂ।
ਇਕ ਅਜਿਹੀ ਹੀ ਅੰਤਰ-ਰਾਸ਼ਟਰੀ ਕੰਪਨੀ ਵਿਚ ਲਿਪਿਕ ਦੀ ਇਕ ਸਥਾਈ ਪੋਸਟ ਲਈ ਨਿੰਦੀਆ ਨੇ ਦਰਖ਼ਵਾਸਤ ਦਿੱਤੀ ਸੀ। ਸਭ ਤੋਂ ਚੰਗਾ ਟੈਸਟ ਦੇਣ ਦੇ ਬਾਵਜੂਦ ਇਕ ਰਾਜਦੂਰ ਦੀ ਬੇਟੀ, ਸੁਕ੍ਰਿਤੀ ਸੁਬਰਾਮੰਨਿਯਮ ਨੂੰ ਚੁਣ ਲਿਆ ਗਿਆ ਸੀ। ਨਿੰਦੀਆ ਕਈ ਹਫ਼ਤੇ ਤਕ ਖਿਝੀ-ਖਿਝੀ ਤੇ ਮੁਰਝਾਈ ਜਿਹੀ ਰਹੀ ਸੀ। ਦੋਸਤੀ ਦਾ ਹੱਥ ਵਧਾਉਂਦਿਆਂ ਹੋਇਆ ਪ੍ਰਬੰਧਕੀ ਅਧਿਕਰੀ ਕੋਡਨਾਨੀ ਨੇ ਮੋਢੇ ਸਿਕੋੜ ਕੇ ਆਪਣੀ ਮਜ਼ਬੂਰੀ ਜ਼ਾਹਰ ਕਰ ਦਿੱਤੀ ਤਾਂ ਨਿੰਦੀਆ ਨੇ ਸੋਚਿਆ ਕਿ ਚਲੋ ਕੁਛ ਹੋਰ ਨਾ ਸਹੀ ਤਾਂ ਇਸ ਦੌਰਾਨ ਹੋਈ ਕੋਡਨਾਨੀ ਨਾਲ ਉਸਦੀ ਮਿੱਤਰਤਾ ਤਾਂ ਕੰਮ ਆਏਗੀ। ਇਹਨਾਂ ਦਫ਼ਤਰਾਂ ਵਿਚ ਬਿਨਾਂ ਜਾਣ-ਪਛਾਣ ਦੇ ਕੁਝ ਨਹੀਂ ਹੁੰਦਾ, ਤੇ ਹੋਇਆ ਵੀ ਇਵੇਂ। ਭਾਵੇਂ ਤਿੰਨ ਮਹੀਨਿਆਂ ਲਈ ਹੀ ਸਹੀ ਨਿੰਦੀਆ ਨੂੰ ਛੇਤੀ ਹੀ ਉਸਨੇ ਅਸਥਾਈ ਲਿਪਿਕ ਦੇ ਤੌਰ 'ਤੇ ਭਰਤੀ ਕਰਵਾ ਲਿਆ, ਫਿਲੋਮਿਨਾ ਡੀਸੂਜ਼ਾ ਦੀ ਥਾਂ ਜਿਹੜੀ ਮੈਟਰਨਿਟੀ ਲੀਵ 'ਤੇ ਸੀ। ਜਦੋਂ ਛੁੱਟੀ ਖਤਮ ਹੋਣ ਵਾਲੀ ਹੋਈ ਤਾਂ ਕੋਡਨਾਨੀ ਨੇ ਫਿਲੋਮਿਨਾ ਨੂੰ ਛੁੱਟੀ ਵਧਾਉਣ ਦੀ ਸਲਾਹ ਦਿੱਤੀ, ਜਿਸਨੂੰ ਉਸਨੇ ਧੰਨਵਾਦ ਸਹਿਤ ਮੰਨ ਲਿਆ। ਨਵੇਂ ਜੰਮੇ ਬੱਚੇ ਨੂੰ ਭਲਾ ਉਹ ਕਿੱਥੇ ਛੱਡਦੀ, 'ਓਪੇਯਰ' ਇੱਥੇ ਏਨੀ ਮਹਿੰਗੀ ਹੈ ਕਿ ਬੱਚੇ ਨੂੰ ਸਾਰਾ ਦਿਨ ਕਿਸੇ ਕੋਲ ਛੱਡਣ ਬਾਰੇ ਉਹ ਸੋਚ ਵੀ ਨਹੀਂ ਸੀ ਸਕਦੀ। ਤਿੰਨ ਮਹੀਨਿਆਂ ਦੀ ਮੋਹਲਤ ਹੋਰ ਮਿਲ ਗਈ ਸੀ, ਨਿੰਦੀਆ ਨੂੰ। ਇਸ ਦੌਰਾਨ ਆਪੂਰਤੀ ਵਿਭਾਗ ਵਿਚੋਂ ਕੋਈ ਲੰਮੀ ਛੁੱਟੀ 'ਤੇ ਗਿਆ ਤਾਂ ਉਸਦੀ ਬਦਲੀ ਉੱਥੇ ਕਰ ਦਿੱਤੀ ਗਈ। ਇਕ ਸਾਲ ਹੁੰਦਿਆਂ-ਹੁੰਦਿਆਂ ਉਹ ਦਫ਼ਤਰ ਦੇ ਸਾਰੇ ਵਿਭਾਗਾਂ ਵਿਚ ਘੁੰਮ ਚੁੱਕੀ ਸੀ। ਵਿਤ ਵਿਭਾਗ ਵਿਚ ਉਸਨੂੰ ਠਿਕਾਣਾ ਮਿਲਿਆ ਤਾਂ ਉਸਨੂੰ ਲੱਗਿਆ ਕਿ ਹੁਣ ਉਸਨੂੰ ਜ਼ਰੂਰ ਪੱਕਾ ਕਰ ਲਿਆ ਜਾਏਗਾ। ਹਾਲਾਂਕਿ ਉਸਦੀ ਤਨਖ਼ਾਹ ਹੋਰ ਘੱਟ ਹੋ ਗਈ ਸੀ ਕਿਉਂਕਿ ਹੁਣ ਉਹ ਕਲਰਕ ਦੀ ਪੋਸਟ ਉੱਤੇ ਸੀ। ਹਰ ਮਹੀਨੇ ਮੁਸ਼ਕਿਲ ਨਾਲ ਉਸਨੂੰ ਸਾਢੇ ਤਿੰਨ ਸੌ ਪਾਊਂਡ ਮਿਲਦੇ ਸਨ, ਜਿਸ ਵਿਚੋਂ ਉਹ ਸੌ ਪਾਊਂਡ ਕਿਰਾਏ ਦੇ ਦਿੰਦੀ ਸੀ। ਸੌ ਪਾਊਂਡ ਖਾਣ-ਪੀਣ ਤੇ ਰੇਲ-ਬੱਸ ਦੇ ਕਿਰਾਏ ਭਾੜੇ 'ਤੇ ਖਰਚ ਹੋ ਜਾਂਦੇ ਸਨ। ਹਫ਼ਤੇ ਵਿਚ ਤਿੰਨ ਦਿਨ ਉਹ ਆਸ਼ੁਲਿਪੀ ਦੀ ਕਲਾਸ ਵਿਚ ਜਾਂਦੀ ਸੀ, ਜਿਸ ਲਈ ਉਸਨੂੰ ਪੰਜਾਹ ਪੌਂਡ ਵੱਖਰੇ ਦੇਣੇ ਪੈਂਦੇ ਸਨ, ਪਰ ਉਸਨੂੰ ਵਿਸ਼ਵਾਸ ਸੀ ਕਿ ਇਕ ਨਾ ਇਕ ਦਿਨ ਉਸਨੂੰ ਲਿਪਿਕ ਦੀ ਪੋਸਟ ਉਪਰ ਜ਼ਰੂਰ ਰੱਖ ਲਿਆ ਜਾਏਗਾ। ਲਿਪਿਕ ਦੀ ਤਨਖ਼ਾਹ ਪੰਜਾਹ ਪੌਂਡ ਵੱਧ ਸੀ ਤੇ ਇਕ ਸਾਲ ਵਿਚ ਉਹ ਛੇ ਸੌ ਪੌਂਡ ਜੋੜ ਕੇ ਮਾਂ-ਬਾਬਾ ਨੂੰ ਭੇਜ ਕੇ ਹੈਰਾਨ ਕਰ ਦੇਣਾ ਚਾਹੁੰਦੀ ਸੀ। ਇਕ ਸਾਲ ਵਿਚ ਵੀਹ ਹਜ਼ਾਰ ਰੁਪਏ ਤਾਂ ਬਾਬਾ ਨੇ ਵੀ ਕਦੀ ਨਹੀਂ ਕਮਾਏ ਹੋਣੇ।
ਸ਼ਾਮ ਨੂੰ ਜਦੋਂ ਘਰ ਆਈ ਤਾਂ ਮੇਜ਼ ਉੱਤੇ ਨਿੰਦੀਆ ਨੂੰ ਰੂਪਾ ਸ਼ਾਹ ਦਾ ਖ਼ਤ ਪਿਆ ਮਿਲਿਆ। ਉਸਦੀ ਪੱਕੀ ਤੇ ਧਨੱਡ ਸਹੇਲੀ ਰੂਪਾ ਇਕੋ ਇਕ ਕੜੀ ਸੀ, ਜਿਸ ਨਾਲ ਨਿੰਦੀਆ ਦਾ ਅਤੀਤ ਜੁੜਿਆ ਹੋਇਆ ਸੀ। ਪਤਾ ਨਹੀਂ ਕਿੰਨਾ ਚਿਰ, ਉਹ ਉਸ ਖ਼ਤ ਨੂੰ ਹੱਥ ਵਿਚ ਫੜੀ, ਖੜ੍ਹੀ ਰਹੀ। ਸ਼ਾਇਦ ਇਸ ਵਾਰੀ ਮਾਂ ਨੇ ਕੁਝ ਲਿਖਵਾਇਆ ਹੋਏ। ਪਰ ਮਾਂਵਾਂ ਦੀ ਚਿੰਤਾ ਸ਼ਾਇਦ ਕਿਸੇ ਹੋਰ ਕਿਸਮ ਦੀ ਹੁੰਦੀ ਹੈ, ਕਿਉਂਕਿ ਨਿੰਦੀਆ ਦੇ ਦੁਖ ਤੇ ਚਿੰਤਾ ਨੂੰ ਤਾਂ ਕਦੀ ਮਾਂ ਨੇ ਸਮਝਿਆ ਹੀ ਨਹੀਂ। ਹਾਲਾਂਕਿ ਸਮਝ ਕੇ ਉਹ ਕਰ ਵੀ ਕੀ ਸਕਦੀ ਸੀ? ਪਤੀ ਦੇ ਅੱਗੇ ਉਹਦੀ ਇਕ ਨਹੀਂ ਸੀ ਚਲਦੀ। ਲਾਡ-ਪਿਆਰ ਨਾਲ ਪਾਲੀ ਧੀ ਯਕਦਮ ਉਹਨਾਂ ਦੇ ਜੀਅ ਦਾ ਜੰਜਾਲ ਬਣ ਗਈ ਸੀ। ਰੂੰ ਦੇ ਰੁੱਗਾਂ ਵਿਚ ਰੱਖ-ਰੱਖ ਪਾਲਿਆ ਸੀ ਮਾਂ ਨੇ ਉਸਨੂੰ। ਤਪਦੀ ਗਰਮੀ ਵਿਚ ਵੀ ਉਹ ਉਸਨੂੰ ਗੁਣਗੁਣੇ ਪਾਣੀ ਨਾਲ ਨੁਹਾਉਂਦੀ ਸੀ ਕਿ ਕਿਤੇ ਉਸਦੀ ਨਿੰਨੂ ਨੂੰ ਠੰਡ ਨਾ ਲੱਗ ਜਾਏ। ਪਤੀ ਦਾ ਮਿੰਨਤ-ਤਰਲਾ ਕਰਕੇ ਉਸਨੇ ਉਸਨੂੰ ਲੇਡੀ ਅਰਵਿਨ ਸਕੂਲ ਵਿਚ ਦਾਖ਼ਲ ਕਰਵਾਇਆ ਸੀ। ਬਾਬਾ ਬੁੜਬੁੜਾਏ ਸਨ ਕਿ ਪ੍ਰਾਈਵੇਟ ਸਕੁਲ ਵਿਚ ਪੜ੍ਹਾ ਕੇ ਕੁੜੀ ਤੋਂ ਕਿਹੜਾ ਨੌਕਰੀ ਕਰਵਾਉਣੀ ਏ। ਪਰ ਮਾਂ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਅੱਜ ਕਲ੍ਹ ਚੰਗੇ ਸਕੂਲ ਵਿਚ ਪੜ੍ਹੀਆਂ-ਲਿਖੀਆਂ ਕੁੜੀਆਂ ਨੂੰ ਹੀ ਚੰਗੇ ਘਰ-ਬਾਰ ਮਿਲਦੇ ਨੇ ਤਾਂ ਉਹ ਮੰਨ ਗਏ ਸਨ।
ਮਾਂ ਤੋਂ ਬਾਰਾਂ ਸਾਲ ਵੱਡੇ ਸਨ ਬਾਬਾ। ਜਿੱਥੇ ਮਾਂ ਆਪਣੀ ਉਮਰ ਨਾਲੋਂ ਛੋਟੀ ਦਿਸਦੀ, ਬਾਬਾ ਕਿਤੇ ਵੱਡੇ। ਨਿੰਦੀਆ ਨੇ ਬਾਬਾ ਨੂੰ ਕਦੀ ਮੁਸਕਰਾਉਂਦਿਆਂ ਨਹੀਂ ਦੇਖਿਆ। ਉਹਨਾਂ ਦੀ ਇਕ ਰੁਟੀਨ ਸੀ, ਜਿਸ ਤੋਂ ਉਹ ਰਤਾ ਵੀ ਇਧਰ-ਉਧਰ ਨਹੀਂ ਸੀ ਹੁੰਦੀ। ਨਹਾਉਣ ਤੇ ਪੂਜਾ ਵਿਚ ਹੀ ਉਹਨਾਂ ਨੂੰ ਡੇਢ ਘੰਟਾ ਲੱਗ ਜਾਂਦਾ ਸੀ। ਮਾਂ ਪੂਜਾ-ਪਾਠ ਨਹੀਂ ਸੀ ਕਰਦੀ, ਪਰ ਦੌੜ-ਦੌੜ ਕੇ ਬਾਬਾ ਲਈ ਪੂਜਾ ਦੀ ਤਿਆਰੀ ਬੜੀ ਮੁਸ਼ਤੈਦੀ ਨਾਲ ਕਰਦੀ ਸੀ। ਸਵੇਰੇ ਅੱਠ ਵਜੇ ਖਾਣਾ ਖਾ ਕੇ ਘਰੋਂ ਨਿਕਲੇ ਬਾਬਾ ਰਾਤ ਦੇ ਨੌ ਵਜੇ ਮੁੜਦੇ ਸਨ, ਥੱਕੇ-ਹਾਰੇ ਜਿਹੇ। ਓਵਰ ਟਾਈਮ ਕਰਕੇ ਦਹੇਜ਼ ਲਈ ਪੈਸਾ ਇਕੱਠਾ ਕਰਨ ਦੇ ਇਲਾਵਾ ਸ਼ਾਇਦ ਉਹਨਾਂ ਦੇ ਜੀਵਨ ਦਾ ਕੋਈ ਹੋਰ ਉਦੇਸ਼ ਨਹੀਂ ਸੀ। ਕਾਸ਼ ਕਿ ਨਿੰਦੀਆ ਮਾਂ-ਬਾਬਾ ਵਰਗੀ ਹੁੰਦੀ! ਪਰ ਉਸਦੀਆਂ ਇੱਛਾਵਾਂ ਦਾ ਤਾਂ ਕੋਈ ਠਿਕਾਣਾ ਨਹੀਂ ਸੀ। ਇਹਨਾਂ ਇੱਛਾਵਾਂ ਨਾਲ ਉਸਦੀ ਜਾਣ-ਪਛਾਣ ਕਰਵਾਈ ਸੀ ਰੂਪਾ ਨੇ—ਕਾਰਾਂ ਵਿਚ ਘੁਮਾਅ ਕੇ, ਫ਼ਿਲਮਾਂ ਦਿਖਾਅ ਕੇ, ਪਾਸ਼ ਭੋਜਨ-ਘਰਾਂ ਵਿਚ ਖਾਣਾ ਖੁਆ ਕੇ। ਘਰ ਵਾਪਸ ਆਉਂਦੀ ਤਾਂ ਉਸਨੂੰ ਲੱਗਦਾ ਕਿ ਕਿਸੇ ਝੌਂਪੜੀ ਵਿਚ ਆ ਗਈ ਹੈ, ਜਿੱਥੇ ਉਹ ਸਿਰਫ ਸੁਪਨੇ ਹੀ ਦੇਖ ਸਕਦੀ ਸੀ। ਹੈਰਾਨੀ ਤਾਂ ਉਸਨੂੰ ਉਦੋਂ ਹੁੰਦੀ, ਜਦੋਂ ਉਹ ਰੂਪਾ ਨੂੰ ਵੀ ਸੁਪਨੇ ਵੇਖਦਿਆਂ ਦੇਖਦੀ, ਭਲਾ ਉਸਨੂੰ ਕੀ ਕਮੀ ਸੀ? ਪਰ 'ਕਮੀ' ਵੀ ਇਕ ਅਜ਼ੀਬ ਚੀਜ਼ ਹੁੰਦੀ ਹੈ, ਜਿਸਦੀ ਕਮੀ ਸ਼ਾਇਦ ਸ਼ਾਰਿਆ ਨੂੰ ਰੜਕਦੀ ਰਹਿੰਦੀ ਹੈ।'
ਮਾਂ-ਬਾਬਾ ਦੋਵਾਂ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ ਸੀ। ਘਰ ਵਿਚ ਸੁੰਦਰ ਤੇ ਪੜ੍ਹੀ ਲਿਖੀ ਕੰਨਿਆਂ ਹੋਣ ਦੇ ਬਾਵਜੂਦ ਦੋ ਢਾਈ ਲੱਖ ਤੋਂ ਘੱਟ ਕੋਈ ਰਾਜ਼ੀ ਨਹੀਂ ਸੀ ਹੋ ਰਿਹਾ। ਹੁਣ ਉਹਨਾਂ ਨੂੰ ਲੱਗ ਰਿਹਾ ਸੀ ਕਿ ਜਿਹੜਾ ਪੈਸਾ ਉਸਦੀ ਪੜ੍ਹਾਈ 'ਤੇ ਖਰਚ ਹੋਇਆ ਸੀ, ਦਹੇਜ ਦੇ ਕੰਮ ਆ ਸਕਦਾ ਸੀ। ਵਿਆਹ 'ਤੇ ਇਕ ਡੇਢ ਲੱਖ ਦਾ ਖਰਚ ਵੱਖਰਾ ਹੋਣਾ ਸੀ ਜਦਕਿ ਗਹਿਣਿਆ 'ਤੇ ਇਕ ਵੀ ਪੈਸਾ ਖਰਚ ਨਹੀਂ ਸੀ ਕੀਤਾ ਜਾਣਾ—ਮਾਂ ਦੇ ਗਹਿਣਿਆ ਨੂੰ ਸਾਫ ਕਰਵਾ ਲਿਆ ਗਿਆ ਸੀ। ਬਾਬਾ ਨੇ ਅਖ਼ਬਾਰ ਵਿਚੋਂ ਕੋਈ ਵੀਹ ਵਿਗਿਆਪਨ ਚੁਣੇ ਸਨ, ਪਰ ਕਿਸੇ ਇਕ ਦਾ ਵੀ ਜਵਾਬ ਨਹੀਂ ਸੀ ਆਇਆ।
ਰਾਮ ਰਾਮ ਕਰਕੇ ਮਥੁਰਾ ਦੇ ਇਕ ਅਗਰਵਾਲ ਪਰਿਵਾਰ ਦਾ ਰਿਸ਼ਤਾ ਆਇਆ ਸੀ। ਹਰ ਹਫ਼ਤੇ ਦੇ ਅਖ਼ੀਰਲੇ ਦਿਨ, ਮੱਝ ਵਰਗੀ ਸ਼੍ਰੀਮਤੀ ਅਗਰਵਾਲ ਆਪਣੇ ਕਿਰਲੇ ਵਰਗੇ ਸੁੱਕੜ ਜਿਹੇ ਪੁੱਤਰ 'ਪੱਲਵ' ਨੂੰ ਲੈ ਕੇ ਉਹਨਾਂ ਦੇ ਘਰ ਆ ਬੈਠਦੀ। ਲਿੱਸੜ-ਲਿਜਲਿਜੇ ਪ੍ਰਸ਼ਨ ਪੁੱਛ-ਪੁੱਛ ਕੇ ਉਸਨੂੰ ਹੈਰਾਨ-ਪ੍ਰੇਸ਼ਾਨ ਕਰਦੀ ਰਹਿੰਦੀ—'ਮਾਹਵਾਰੀ ਕਦ ਆਈ ਸੀ?' 'ਸਮੇਂ 'ਤੇ ਆ ਜਾਂਦੀ ਏ ਕਿ ਨਹੀਂ?' 'ਕਾਲਜ 'ਚ ਕੋਈ ਬੁਆਏ ਫਰੈਂਡ ਤਾਂ ਨਹੀਂ?' ਵਗ਼ੈਰਾ ਵਗ਼ੈਰਾ। ਅਗਲੀ ਵਾਰੀ ਜਦੋਂ ਨਿੰਦੀਆਂ ਨੂੰ ਮਾਹਵਾਰੀ ਆਈ ਤਾਂ ਮਾਤਾ ਜੀ ਘਰ ਮੌਜ਼ੂਦ ਸਨ—ਇਹ ਦੇਖਣ ਲਈ ਕਿ ਕਿਤੇ ਉਹ ਝੂਠ ਤਾਂ ਨਹੀਂ ਬੋਲ ਸੀ ਰਹੀ। ਉਹਨਾਂ ਦਾ ਵੱਸ ਚੱਲਦਾ ਤਾਂ ਉਹ ਪਾਖਾਨੇ ਵਿਚ ਵੜ ਕੇ ਨਿੰਦੀਆ ਦਾ ਨਰੀਖਣ ਕਰ ਲੈਂਦੇ।
ਇਸ ਸਭ ਦੇ ਬਾਵਜੂਦ ਨਿੰਦੀਆ ਦਾ ਵਿਆਹ ਪੱਲਵ ਅਗਰਵਾਲ ਨਾਲ ਤੈਅ ਕਰ ਦਿੱਤਾ ਗਿਆ, ਜਿਸਨੂੰ ਮਾਤਾ ਜੀ ਪਿਆਰ ਨਾਲ ਲੱਲਨ ਆਖ ਕੇ ਬੁਲਾਉਂਦੇ ਸੀ। ਲੱਲੂ, ਲੱਲਨ ਦੇ ਲਾਲਾਂ ਲਿੱਬੜੇ ਬੁੱਲ੍ਹ ਦੇਖ ਕੇ ਨਿੰਦੀਆ ਨੂੰ ਉਲਟੀ ਆਉਣ ਵਾਲੀ ਹੋ ਜਾਂਦੀ। ਆਪਣੇ ਇਕਲੌਤੇ ਪੁੱਤਰ ਲਈ ਮਾਤਾ ਜੀ ਨੂੰ ਨਿੰਦੀਆ ਏਨੀ ਪਸੰਦ ਆਈ ਕਿ ਆਪਣੇ ਦੋ ਲੱਖ ਦੇ ਲੱਲਨ ਨੂੰ ਉਹ ਸਿਰਫ ਪੰਜਾਹ ਹਜ਼ਾਰ ਵਿਚ ਵੇਚਣ ਲਈ ਮੰਨ ਗਏ। ਮਾਂ ਤੇ ਬਾਬਾ ਉਹਨਾਂ ਦੀ ਇਸ ਮਿਹਰਬਾਨੀ ਸਦਕਾ ਉਹਨਾਂ ਉਤੋਂ ਵਾਰੀ-ਘੋਲੀ ਜਾਣ ਲੱਗੇ। ਚੌਥੇ ਹਿੱਸੇ ਦੇ ਮੁਲ ਵਿਚ ਇਹ ਸੌਦਾ ਉਹਨਾਂ ਨੂੰ ਮਾੜਾ ਨਹੀਂ ਸੀ ਲੱਗਿਆ। ਧੀ ਨੂੰ ਪੁੱਛਣ ਦੀ ਉਹਨਾਂ ਨੂੰ ਭਲਾ ਕੀ ਲੋੜ ਪਈ ਸੀ? ਬਾਬਾ ਨੇ ਝੱਟ ਇਕ ਸੌ ਇਕ ਰੁਪਈਆ ਫੜ੍ਹਾ ਕੇ ਲੱਲਨ ਨੂੰ ਰੋਕ ਲਿਆ। ਮਾਂ ਨੇ ਬਾਬਾ ਦੀ ਬਿਮਾਰੀ ਤੇ ਲਾਚਾਰੀ ਦੀ ਦੁਹਾਈ ਦੇਂਦਿਆਂ ਹੋਇਆਂ ਨਿੰਦੀਆ ਨੂੰ ਕਮਰੇ ਵਿਚ ਧਰੀਕ ਦਿੱਤਾ। ਨਾਈਲਾਨ ਦੀ ਇਕ ਸਾੜ੍ਹੀ ਤੇ ਕੁਝ ਮੁੜੇ-ਤੁੜੇ ਰੁਪਈਏ ਝੋਲੀ ਵਿਚ ਪਾਉਂਦਿਆਂ ਹੋਇਆਂ ਮਾਤਾ ਜੀ ਨੇ ਲੱਲਨ ਨੂੰ ਨਿੰਦੀਆ ਨਾਲ ਬਿਠਾਅ ਦਿੱਤਾ ਕਿ ਹੁਣ ਉਹ ਚਾਹੁਣ ਤਾਂ ਆਪਸ ਵਿਚ ਗੱਲਬਾਤ ਕਰ ਸਕਦੇ ਸੀ। ਜਿਵੇਂ ਹੀ ਉਹ ਲੋਕ ਬਾਹਰ ਨਿਕਲੇ, ਪਸੀਨੇ ਵਿਚ ਲੱਥਪਥ ਲੱਲਨ ਦਾ ਹੱਥ ਨਿੰਦੀਆ ਦੇ ਹੱਥ ਉੱਤੇ ਆ ਟਿਕਿਆ। ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਏ, ਆਪਣਾ ਹੱਥ ਪੂੰਝਦੀ ਹੋਈ ਉਹ ਆਪਣੇ ਕਮਰੇ ਵੱਲ ਨੱਸ ਗਈ। ਮਾਤਾ ਜੀ 'ਹੋ-ਹੋ' ਕਰਕੇ ਹੱਸਣ ਲੱਗੇ। ਉਹਨਾਂ ਨੂੰ ਤੇ ਲੱਲਨ ਨੂੰ ਨਿੰਦੀਆ ਦੀ ਇਹ ਅਦਾਅ ਬੜੀ ਪਸੰਦ ਆਈ ਸੀ।
ਅਗਲੇ ਦਿਨ ਨਿੰਦੀਆ ਕਾਲਜੋਂ ਵਾਪਸ ਆਈ ਤਾਂ ਦੇਖਿਆ ਕਿ ਵੱਡੀ ਭੂਆ ਮਾਂ ਕੋਲ ਬੈਠੀ ਸੀ। 'ਨਿੰਨੂ ਦੇਖ ਤਾਂ ਸਹੀ ਬੀਬੀ ਜੀ ਤੇਰੇ ਲਈ ਕਿੰਨੀਆਂ ਸੁੰਦਰ ਸਾੜ੍ਹੀਆਂ ਲਿਆਏ ਨੇ।' ਇਕ ਨਜ਼ਰ ਵਿਚ ਨਿੰਦੀਆਂ ਤਾੜ ਗਈ ਕਿ ਸਾੜ੍ਹੀਆਂ ਭੂਆ ਦੇ ਆਪਣੇ ਵਿਆਹ ਦੀਆਂ ਹੋਣਗੀਆਂ। ਬਾਬਾ ਤੋਂ ਪੈਸੇ ਲੈ ਕੇ, ਉਹਨਾਂ ਨੂੰ ਉਹ ਆਪਣੀਆਂ ਕੁਝ ਪੁਰਾਣੀਆਂ ਸਾੜ੍ਹੀਆਂ ਚੇਪ ਰਹੀ ਸੀ। ਭੂਆ ਦੇ ਜਾਂਦਿਆਂ ਹੀ ਨਿੰਦੀਆਂ ਖ਼ੂਬ ਵਰ੍ਹੀ, ਪਰ ਇਸ ਬਰਸਾਤ ਨਾਲ ਮਾਂ ਜ਼ਰਾ ਵੀ ਨਹੀਂ ਭਿੱਜੀ। ਸਾੜ੍ਹੀਆਂ ਠੱਪ ਕੇ ਉਸ ਨੇ ਟੀਨ ਦੇ ਵੱਡੇ ਸੰਦੂਕ ਵਿਚ ਰੱਖ ਦਿੱਤੀਆਂ, ਜਿਸ ਵਿਚ ਪਹਿਲਾਂ ਦੇ ਖ਼ਰੀਦੇ ਕੁਝ ਨਵੇਂ ਕੱਪੜੇ ਰੱਖੇ ਹੋਏ ਸਨ, ਜਿਹਨਾਂ ਵਿਚੋਂ ਸਿੱਲ੍ਹ ਦੀ ਗੰਧ ਆਉਣ ਲੱਗ ਪਈ ਸੀ।
ਸਕੂਲ ਵਿਚ ਨਿੰਦੀਆ ਆਪਣੀ ਜਮਾਤ ਵਿਚ ਸਦਾ ਪਹਿਲੇ ਨੰਬਰ 'ਤੇ ਆਉਂਦੀ ਸੀ। ਉਸਨੇ ਕਦੀ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਸੀ ਦਿੱਤਾ। ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਆਖ਼ਰ ਕਿਉਂ ਉਹ ਮਾਂ-ਬਾਬਾ ਨੂੰ ਬੋਝ ਲੱਗਣ ਲੱਗ ਪਈ ਹੈ! ਰੂਪਾ ਦੇ ਮੰਮੀ-ਪਾਪਾ ਤਾਂ ਕਦੀ ਉਸਦੇ ਵਿਆਹ ਦੀ ਗੱਲ ਤਕ ਨਹੀਂ ਕਰਦੇ। ਘੱਟੋਘੱਟ ਉਸਨੂੰ ਕਾਲਜ ਦੀ ਪੜ੍ਹਾਈ ਤਾਂ ਪੂਰੀ ਕਰ ਲੈਣ ਦੇਣ। ਨਿੰਦੀਆ ਦੇ ਵਿਰੋਧ ਨੂੰ ਮਾਂ ਨੇ ਬਾਬਾ ਤਕ ਪਹੁੰਚਣ ਹੀ ਨਹੀਂ ਸੀ ਦਿੱਤਾ। ਉਸਨੂੰ ਤਾਂ ਇਹੋ ਲੱਗ ਰਿਹਾ ਸੀ, ਨਿੰਨੁ ਦੇ ਵਿਆਹ ਦੀ ਉਮਰ ਲੰਘਦੀ ਜਾ ਰਹੀ ਹੈ। ਜੇ ਇਸ ਵਰ੍ਹੇ ਉਸਦਾ ਲਗਨ ਨਾ ਹੋਇਆ ਤਾਂ ਸ਼ਰੀਕ ਗੱਲਾਂ ਬਣਾਉਣ ਲੱਗ ਪੈਣਗੇ ਕਿ ਕੁੜੀ ਵਿਚ ਕੋਈ ਕਮੀ ਹੋਏਗੀ ਜੋ ਹੁਣ ਤਕ ਘਰ ਬੈਠੀ ਹੈ। ਪਿੰਜਰਾ ਖੁੱਲ੍ਹਾ ਸੀ, ਪਰ ਖੰਭ ਫੜਫੜਾਉਣ ਦੇ ਸਿਵਾਏ ਨਿੰਦੀਆ ਕੁਝ ਨਹੀਂ ਸੀ ਕਰ ਸਕਦੀ।
ਬਿੰਦਾਸ ਰੂਪਾ ਨੇ ਨਿੰਦੀਆ ਨੂੰ ਨਾ ਸਿਰਫ ਘਰੋਂ ਭੱਜ ਜਾਣ ਦੀ ਸਲਾਹ ਦਿੱਤੀ ਬਲਕਿ ਉਸਦੀ ਝਟਪਟ ਤਿਆਰੀ ਵੀ ਸ਼ੁਰੂ ਕਰ ਦਿੱਤੀ। ਚਚੇਰੇ ਤੇ ਮਮੇਰੇ ਭਰਾਵਾਂ ਦੀ ਲਾਡਲੀ ਰੂਪਾ ਨੂੰ ਪੈਸੇ ਦੀ ਕੋਈ ਕਮੀ ਨਹੀਂ ਸੀ। ਕਾਰ ਤੇ ਡਰਾਈਵਰ ਸਦਾ ਉਸਦੇ ਨਾਲ ਰਹਿੰਦੇ ਸਨ। ਉਸਨੂੰ ਜੇ ਕੋਈ ਕਮੀ ਸੀ ਤਾਂ ਉਹ ਸਿਰਫ ਮਾਂ ਤੇ ਪਿਤਾ ਦੀ, ਜਿਹਨਾਂ ਕੋਲ ਸਭ ਕੁਝ ਸੀ, ਸਿਵਾਏ ਸਮੇਂ ਦੇ ਤੇ ਜਿਸਦੀ ਕਮੀ ਉਹ ਪੂਰੀ ਕਰਦੀ ਸੀ ਉਹਨਾਂ ਦੇ ਪੈਸੇ ਬਰਬਾਦ ਕਰਕੇ। ਨਿੰਦੀਆ ਦੀ ਮਾਂ ਦੇ ਹੱਥ ਦਾ ਖਾਣਾ ਖਾ ਕੇ ਰੂਪਾ ਦੀਆਂ ਅੱਖਾਂ ਸਿੱਜਲ ਹੋ ਜਾਂਦੀਆਂ। ਕਿਸੇ ਨੇ ਠੀਕ ਹੀ ਕਿਹਾ ਹੈ ਕਿ 'ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ'। ਨਿੰਦੀਆ ਨੂੰ ਲੱਗਦਾ ਕਿ ਭਲਾ ਰੂਪਾ ਨੂੰ ਕੀ ਕਮੀ ਹੋ ਸਕਦੀ ਹੈ ਤੇ ਰੂਪਾ ਨੂੰ ਲੱਗਦਾ ਕਿ ਉਹ ਆਪਣਾ ਸਭ ਕੁਝ ਵਾਰ ਸਕਦੀ ਹੈ ਨਿੰਦੀਆ ਦੇ ਮਾਂ-ਬਾਬਾ ਦੇ ਸਹਿਜ ਵਾਸਤਲ ਅਤੇ ਰੱਖਿਆਤਮਕ ਭਾਵ ਉਤੋਂ। ਮਾਂ ਨੂੰ ਨਿੰਦੀਆ ਦਾ ਰੂਪਾ ਨਾਲ ਵਧੇਰੇ ਮੇਲ-ਜੋਲ ਪਸੰਦ ਨਹੀਂ ਸੀ। ਉਸਦੀ ਨਜ਼ਰ ਵਿਚ ਰੂਪਾ ਇਕ ਚੰਗੀ ਕੁੜੀ ਨਹੀਂ ਸੀ। ਨਿੰਦੀਆ ਖ਼ੁਦ ਵੀ ਸੋਚਦੀ ਸੀ ਕਿ ਰੂਪ ਕੁਝ ਵਧੇਰੇ ਹੀ ਖੁੱਲ੍ਹੇ ਸੁਭਾਅ ਦੀ ਸੀ। ਚੰਗੇ ਮਾੜੇ ਦਾ ਯੋਗ ਅਨੁਪਾਤ ਸ਼ਾਇਦ ਵਿਅਕਤੀਗਤ ਹੁੰਦਾ ਹੈ। ਜੋ ਮਾਂ ਨੂੰ ਮਾੜਾ ਲੱਗਦਾ ਹੈ, ਨਿੰਦੀਆ ਨੂੰ ਚੰਗਾ ਲੱਗਦਾ ਹੈ ਤੇ ਜੋ ਇਹਨਾਂ ਦੋਵਾਂ ਦੀ ਨਜ਼ਰ ਵਿਚ ਮਾੜਾ ਹੈ, ਰੂਪਾ ਲਈ ਸਾਧਾਰਣ ਤੇ ਕੁਦਰਤੀ ਹੈ। ਰੂਪਾ ਦਾ ਗੱਲ-ਗੱਲ 'ਤੇ ਗਾਲ੍ਹ ਕੱਢ ਕੇ ਗੱਲ ਕਰਨਾ, ਮੁੰਡਿਆਂ ਨਾਲ ਖੁੱਲ੍ਹੇਆਮ ਘੁੰਮਣਾ-ਫਿਰਣਾ, ਸ਼ਾਮ ਨੂੰ ਦੇਰ ਨਾਲ ਘਰ ਵਾਪਸ ਆਉਣਾ ਤੇ ਆਪਣੇ ਮੰਮੀ ਪਾਪਾ ਨਾਲ ਜ਼ੁਬਾਨ ਲੜਾਉਣਾ ਆਦਿ ਨਿੰਦੀਆ ਨੂੰ ਠੀਕ ਨਹੀਂ ਸੀ ਲੱਗਦਾ, ਪਰ ਮਨ ਹੀ ਮਨ ਉਹ ਚਾਹੁੰਦੀ ਸੀ ਕਿ ਕਾਸ਼! ਉਹ ਵੀ ਰੂਪਾ ਜਿੰਨੀ ਚਤੁਰ ਤੇ ਨਿਡਰ ਹੁੰਦੀ।
ਨਿੰਦੀਆ ਨੂੰ ਹੁਣ ਲੱਗ ਰਿਹਾ ਸੀ ਕਿ ਰੂਪਾ ਨੂੰ ਆਪਣੀਆਂ ਨਿੱਜੀ ਗੱਲਾਂ ਦੱਸ ਕੇ ਕਿਤੇ ਉਹ ਗਲਤੀ ਤਾਂ ਨਹੀਂ ਕਰ ਬੈਠੀ ਸੀ, ਪਰ ਹੋਰ ਕੌਣ ਸੀ, ਜਿਸਨੂੰ ਉਹ ਆਪਣੀ ਹਾਲਤ ਦੱਸਦੀ ਜਾਂ ਜਿਹੜਾ ਉਸਦੀ ਮਦਦ ਕਰਦਾ—ਕੋਈ ਹੋਰ ਚਾਰਾ ਨਹੀਂ ਸੀ।
ਰੂਪਾ ਦੀ ਇਕ ਅਣਵਿਆਹੀ ਮਾਸੀ ਧੀਰੂਬੇਨ ਪਟੇਲ, ਸਾਉਥ ਹਾਲ ਦੇ ਇਕ ਮਹਿਲਾ ਸੰਗਠਨ ਦੀ ਪ੍ਰਧਾਨ ਸੀ। ਨਿੰਦੀਆ ਦੀ ਕਹਾਣੀ ਸੁਣ ਕੇ ਉਹ ਉਸਨੂੰ ਆਪਣੇ ਕੋਲ ਲੰਦਨ ਬੁਲਾਉਣ ਲਈ ਤਿਆਰ ਹੋ ਗਈ। ਜਿਵੇਂ ਤਿਵੇਂ ਮਾਂ-ਬਾਬਾ ਤੋਂ ਚੋਰੀਓਂ ਉਸਦਾ ਪਾਸਪੋਰਟ ਬਣਿਆ। ਐਰੋਫ਼ਲੋਟ ਦੇ ਸਫ਼ਰ ਦਾ ਇਕ ਸਸਤਾ ਟਿਕਟ ਖਰੀਦਿਆ ਗਿਆ ਤੇ ਥੋੜ੍ਹੇ ਬਹੁਤ ਸਾਮਾਨ ਦੇ ਨਾਲ, ਜਿਹੜਾ ਉਹ ਚੋਰੀ ਛਿੱਪੇ ਰੂਪਾ ਦੇ ਘਰ ਇਕੱਠਾ ਕਰਦੀ ਰਹੀ ਸੀ, ਨਿੰਦੀਆ ਨਿਕਲ ਪਈ, ਇਕ ਅਜਨਬੀ ਦਿਸ਼ਾ ਵੱਲ। ਲੱਲਨ ਤੋਂ ਛੁਟਕਾਰਾ ਪਾਉਣ ਦੀ ਜ਼ਿਦ ਵਿਚ ਉਹ, ਇਹ ਵੀ ਭੁੱਲ ਗਈ ਕਿ ਉਸ ਨੂੰ ਮਾਂ-ਬਾਬਾ ਨੂੰ ਵੀ ਛੱਡ ਕੇ ਜਾਣਾ ਪਵੇਗਾ। ਸੋਚਿਆ ਸੀ ਕਿ ਸ਼ਾਇਦ ਮਾਂ ਨੂੰ ਦਿੱਤੀ ਗਈ ਉਸਦੇ ਘਰੋਂ ਭੱਜ ਜਾਣ ਦੀ ਧਮਕੀ ਕੰਮ ਆ ਜਾਏਗੀ, ਪਰ ਉਸਨੇ ਬਾਬਾ ਨੂੰ ਇਸ ਬਾਰੇ ਕੁਝ ਦੱਸਿਆ ਤਕ ਨਹੀਂ। ਉਹ ਵਿਚ ਏਨੀ ਹਿੰਮਤ ਕਿੱਥੇ ਸੀ ਕਿ ਉਹ 'ਚੂੰ' ਵੀ ਕਰਦੀ ਤੇ ਨਿੰਦੀਆ ਵੀ ਤਾਂ ਰੂਪਾ ਦੀ ਸ਼ਹਿ 'ਤੇ ਹੀ ਕੁੱਦ ਰਹੀ ਸੀ। ਕਈ ਵਾਰੀ ਡਰ ਕੇ ਉਸਨੇ ਆਪਣੀ ਯਾਤਰਾ ਮੁਲਤਵੀ ਕਰ ਦੇਣ ਬਾਰੇ ਵੀ ਸੋਚਿਆ, ਪਰ ਰੂਪਾ ਤੋਂ ਡਰਦੀ ਚੁੱਪ ਰਹੀ। ਇਸ ਦੌਰਾਨ ਉਸਦਾ ਵੀਜ਼ਾ ਵੀ ਲੱਗ ਚੁੱਕਿਆ ਸੀ। ਏਨਾ ਪੈਸਾ ਲੱਗ ਚੁੱਕਿਆ ਕਿ ਹੁਣ ਚਾਹੁੰਦੀ ਵੀ, ਤਾਂ ਵੀ ਨਿੰਦੀਆ ਪਿੱਛੇ ਨਹੀਂ ਸੀ ਹਟ ਸਕਦੀ। ਉਸਨੇ ਆਪਣੇ ਮਨ ਨੂੰ ਸਮਝਾ ਲਿਆ ਸੀ ਕਿ ਜਦੋਂ ਬਾਬਾ ਮੰਨ ਜਾਣਗੇ ਤਾਂ ਉਹ ਝੱਟ ਵਾਪਸ ਆ ਜਾਏਗੀ ਤੇ 'ਸਾੱਰੀ' ਕਹਿੰਦਿਆਂ ਹੀ ਸਭ ਕੁਝ ਠੀਕ-ਠਾਕ ਹੋ ਜਾਏਗਾ। ਉਧਰ ਮਾਂ ਨੇ ਸੋਚਿਆ ਸੀ ਕਿ ਉਸਦੀ ਲਾਡਲੀ ਨਿੰਨੂ ਝਕ ਮਾਰ ਕੇ ਅੰਤ ਵਿਚ ਕਰੇਗੀ ਉਹੀ ਜੋ ਬਾਬਾ ਕਹਿਣਗੇ।
ਇੰਦਰਾ ਗਾਂਧੀ ਹਵਾਈ ਅੱਡੇ ਉੱਤੇ ਰੂਪਾ ਤੇ ਉਸਦਾ ਮਮੇਰਾ ਭਰਾ ਦਿਨੇਸ਼ ਉਸਨੂੰ ਛੱਡਣ ਆਏ ਸਨ। ਨਿੰਦੀਆ ਮੁੜ-ਮੁੜ ਕੇ ਦੇਖ ਰਹੀ ਸੀ ਕਿ ਕਿਤੇ ਬਾਬਾ ਉਸਨੂੰ ਜਬਰਦਸਤੀ ਵਾਪਸ ਲੈ ਜਾਣ ਨਾ ਆ ਪਹੁੰਚੇ ਹੋਣ। ਮਨ ਹੀ ਮਨ ਸ਼ਾਇਦ ਉਹ, ਇਹ ਚਾਹ ਵੀ ਰਹੀ ਸੀ ਕਿ ਕਿਸੇ ਤਰ੍ਹਾਂ ਜਾਣ ਤੋਂ ਉਸਨੂੰ ਰੋਕ ਲਿਆ ਜਾਏ, ਪਰ ਕੋਈ ਨਹੀਂ ਆਇਆ। ਉਸਦੀ ਦਸ਼ਾ ਕੈਂਸਰ ਦੇ ਉਸ ਮਰੀਜ਼ ਵਰਗੀ ਸੀ ਜਿਹੜਾ ਹੁਣ ਹੋਰ ਵਧ ਪੀੜ ਨਹੀਂ ਸੀ ਸਹਿ ਸਕਦਾ ਪਰ ਮਰਨਾ ਵੀ ਨਹੀਂ ਸੀ ਚਾਹੁੰਦਾ।
ਅਗਲੀ ਸਵੇਰੇ ਦਿਨੇਸ਼ ਨੇ ਜਦੋਂ ਮਾਂ-ਬਾਬਾ ਨੂੰ ਫ਼ੋਨ 'ਤੇ ਦੱਸਿਆ ਕਿ ਉਹਨਾਂ ਲੋਕਾਂ ਦੀ ਜ਼ੋਰ-ਜ਼ਬਰਦਸਤੀ ਤੋਂ ਤੰਗ ਆ ਕੇ ਨਿੰਦੀਆ ਭਾਰਤ ਛੱਡ ਕੇ ਵਿਦੇਸ਼ ਚਲੀ ਗਈ ਸੀ—ਉਹ ਲੰਦਨ ਪਹੁੰਚ ਚੁੱਕੀ ਸੀ। ਬਾਬਾ ਚੀਕਦੇ ਰਹਿ ਗਏ ਤੇ ਫ਼ੋਨ ਰੱਖ ਦਿੱਤਾ ਗਿਆ। ਉਹ ਜਾਣਦੇ ਸਨ ਕਿ ਇਸ ਸਾਜ਼ਿਸ਼ ਪਿੱਛੇ ਸਿਰਫ ਰੂਪਾ ਦਾ ਹੀ ਹੱਥ ਹੋ ਸਕਦਾ ਸੀ, ਪਰ ਪੁਲਿਸ ਵਿਚ ਰਿਪੋਰਟ ਦਰਜ ਕਰਵਾ ਕੇ ਉਹਨਾਂ ਨੂੰ ਕੀ ਹਾਸਲ ਹੁੰਦਾ? ਹਾਂ, ਕੁਝ ਦਿਨਾਂ ਲਈ ਬਾਬਾ ਨੇ ਰੂਪਾ ਦਾ ਜਿਊਣਾ ਜ਼ਰੂਰ ਹਰਾਮ ਕਰ ਦਿੱਤਾ। ਉਸਦੇ ਮਾਂ-ਬਾਪ ਨੂੰ ਵੀ ਗਾਲ੍ਹਾਂ ਕੱਢੀਆਂ, ਜਿਹਨਾਂ ਨੂੰ ਕੁਝ ਪਤਾ ਹੀ ਨਹੀਂ ਸੀ। ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ, ਵੱਡੇ ਰੁਝੇਵੇਂ। ਉਹ ਕਦ ਤਕ ਸੁਣਦੇ? ਉਹਨਾਂ ਪੁਲਿਸ ਨੂੰ ਬੁਲਾਅ ਕੇ ਬਾਬਾ ਨੂੰ ਘਰੋਂ ਬਾਹਰ ਕਢਵਾ ਦਿੱਤਾ। ਰੂਪਾ ਨੇ ਫੇਰ ਵੀ ਨਿੰਦੀਆ ਦਾ ਪਤਾ ਕਿਸੇ ਨੂੰ ਨਹੀਂ ਦੱਸਿਆ। ਹਾਂ, ਉਸਦੀ ਮਾਂ ਨੂੰ ਚੁੱਪਚਾਪ ਕਹਿ ਦਿੱਤਾ ਕਿ ਨਿੰਦੀਆ ਠੀਕ ਹੈ ਤੇ ਉਹ ਉਸਦੀ ਚਿੰਤਾ ਨਾ ਕਰੇ।
ਲੰਦਨ ਪਹੁੰਚ ਕੇ ਨਿੰਦੀਆ ਨੇ ਕਈ ਵਾਰੀ ਵਾਪਸ ਪਰਤ ਜਾਣ ਬਾਰੇ ਸੋਚਿਆ, ਪਰ ਮਾਂ ਨੇ ਕਦੀ ਲਿਖਿਆ ਹੀ ਨਹੀਂ ਕਿ ਉਹ ਵਾਪਸ ਆ ਜਾਏ। ਸ਼ਾਇਦ ਬਾਬਾ ਨੇ ਉਸਨੂੰ ਅੱਜ ਵੀ ਮੁਆਫ਼ ਨਹੀਂ ਕੀਤਾ ਹੈ। ਹੁਣ ਉਹ ਉਹਨਾਂ ਨੂੰ ਦੋਸ਼ ਨਹੀਂ ਦੇਂਦੀ, ਬਲਕਿ ਜਦੋਂ ਵੀ ਉਹ ਉਹਨਾਂ ਦੀ ਬੇਬਸੀ ਬਾਰੇ ਸੋਚਦੀ ਹੈ, ਉਸਦਾ ਦਿਲ ਇੰਜ ਸੁੰਗੜ ਜਾਂਦਾ ਹੈ, ਜਿਵੇਂ ਕੋਈ ਗਿੱਲੇ ਕੱਪੜੇ ਨੂੰ ਨਿਚੋੜ ਰਿਹਾ ਹੋਵੇ। ਕੀ-ਕੀ ਨਹੀਂ ਭੋਗਿਆ ਹੋਏਗਾ ਮਾਂ-ਬਾਬਾ ਨੇ। ਜਵਾਨ ਧੀ ਦੇ ਪ੍ਰਤੀ ਗੁਆਂਢੀਆਂ ਤੇ ਰਿਸ਼ਤੇਦਾਰਾਂ ਦੇ ਵਿਅੰਗ-ਵਾਣ ਉਹਨਾਂ ਨੂੰ ਅੱਜ ਵੀ ਸਹਿਣੇ ਪੈਂਦੇ ਹੋਣਗੇ। ਉਂਜ ਤਾਂ ਨਿੰਦੀਆ ਵੀ ਇਕ ਦਿਨ ਚੈਨ ਦੀ ਨੀਂਦ ਨਹੀਂ ਸੁੱਤੀ ਹੈ। ਹਰ ਰਾਤ ਸਹਿਗਲ ਦੀ ਆਵਾਜ਼ ਵਿਚ ਬਾਬਾ ਜਦੋਂ ਗੁਣਗੁਣਾਉਂਦੇ—'ਸੋ ਜਾ ਰਾਜਕੁਮਾਰੀ, ਸੋ-ਜਾ' ਤਾਂ ਪਿਓ-ਧੀ ਵੱਲ ਦੇਖ ਕੇ ਮਾਂ ਅੱਖਾਂ ਹੀ ਅੱਖਾਂ ਵਿਚ ਮੁਸਕੁਰਾਉਂਦੀ ਹੋਈ ਕਹਿੰਦੀ—'ਲਓ ਇਹ ਫੇਰ ਸ਼ੁਰੂ ਹੋ ਗਏ।' ਉਹਨਾਂ ਦੀ ਰੋਜ਼ ਦੀ ਬੇਕਾਰ ਜਿਹੀ ਨੋਕ-ਝੋਂਕ ਦੀ ਆਦਿ ਨਿੰਦੀਆ ਨੂੰ ਵਿਦੇਸ਼ ਦੀ ਚੁੱਪ, ਹਰ ਰਾਤ ਖਾਣ ਨੂੰ ਆਉਂਦੀਆਂ।
ਨਿੰਦੀਆ ਨੂੰ ਜਦੋਂ ਵੀ ਮਾਂ-ਬਾਬਾ ਦੀ ਯਾਦ ਸਤਾਉਂਦੀ ਹੈ, ਉਹ ਆਪਣੀਆਂ ਅੱਖਾਂ ਬੰਦ ਕਰਕੇ ਸੋਫੇ ਵਿਚਲੇ ਡੂੰਘ ਵਿਚ ਧਸ ਕੇ ਬੈਠ ਜਾਂਦੀ ਹੈ, ਤੇ ਕਦੀ ਮਾਂ ਨੂੰ ਲੰਮਾ ਸਾਰਾ ਖ਼ਤ ਲਿਖਦੀ ਹੈ, ਜਿਸ ਵਿਚ ਲੰਦਨ ਦੀਆਂ ਸਾਰੀਆਂ ਸੌਖਾਂ ਦਾ ਵਰਨਣ ਹੁੰਦਾ ਹੈ ਪਰ ਉਹਨਾਂ ਤਕਲੀਫ਼ਾਂ ਦਾ ਨਹੀਂ, ਜਿਹੜੀਆਂ ਉਹ ਹਰ ਰੋਜ਼ ਭੋਗਦੀ ਹੈ। ਕਦੋਂ ਦੀ ਉਸਨੇ ਮਾਂ ਦੇ ਹੱਥ ਦੀ ਦੇਸੀ ਘਿਓ ਨਾਲ ਚੋਪੜੀ ਰੋਟੀ ਨਹੀਂ ਖਾਧੀ। 'ਇਕ ਹੋਰ', 'ਇਕ ਹੋਰ' ਕਹਿ ਕੇ ਮਾਂ ਕਿੰਜ ਉਸਨੂੰ ਗੁੱਸੇ ਨਾਲ ਖੁਆਉਂਦੀ ਰਹਿੰਦੀ ਸੀ। ਗੋਡਿਆਂ ਵਿਚ ਨੱਪ ਕੇ ਹਰ ਐਤਵਾਰ ਨੂੰ ਉਸਦੇ ਵਾਲਾਂ ਵਿਚ ਜਬਰਦਸਤੀ ਨਾਰੀਅਲ ਦਾ ਤੇਲ ਲਾਉਂਦੀ ਹੁੰਦੀ ਸੀ। ਬਾਬਾ ਤੋਂ ਚੋਰੀਓਂ ਉਸਨੂੰ ਪੈਸੇ ਦੇਂਦੀ ਸੀ ਕਿ ਰੂਪਾ ਸਾਹਵੇਂ ਉਸਦੀ ਹੇਠੀ ਨਾ ਹੋ ਜਾਵੇ। ਹੁਣ ਤਾਂ ਰੋਜ਼ ਉਹੀ ਗੁਜਰਾਤੀ ਖਾਣਾ, ਸਵੇਰੇ-ਸ਼ਾਮ ਟੇਪ 'ਤੇ ਚਲਦੇ ਸਾਈਂ ਬਾਬਾ ਦੇ ਭਜਨ ਤੇ ਉਸਦਾ ਬਕਸੇ ਵਰਗਾ ਕਮਰਾ, ਜਿਸ ਵਿਚ ਘਰ ਵਰਗਾ ਕੁਝ ਵੀ ਨਹੀਂ। ਧੀਰੂਬੇਨ ਨੂੰ ਉਹ ਮਾਸੀ ਕਹਿ ਕੇ ਬੁਲਾਉਂਦੀ ਹੈ, ਹਾਲਾਂਕਿ 'ਮਾਂ ਵਰਗੀ' ਉਹ ਬਿਲਕੁਲ ਨਹੀਂ ਹੈ। ਜਦੋਂ ਵੀ ਉਸਨੂੰ ਦੇਖਦੀ ਹੈ, ਬਸ ਟੋਕਦੀ ਰਹਿੰਦੀ ਹੈ, 'ਬੱਤੀ ਜਲਦੀ ਬੰਦ ਕਰਿਆ ਕਰ, ਢੀਕਰੀ (ਕੁੜੀਏ)' ਜਾਂ 'ਇਲੈਕਟ੍ਰਿਕ ਕੇਟਲੀ ਮਹਿੰਗੀ ਪੈਂਦੀ ਏ', 'ਗਰਮੀ 'ਚ ਵੀ ਗਰਮ ਪਾਣੀ ਨਾਲ ਨਹਾਉਂਦੀ ਐ ਇਹ ਛੋਹਰੀ', ਜਾਂ 'ਸ਼ਨੀਵਾਰ ਨੂੰ ਸੁਨਿਆਰੇ ਦੀ ਦੁਕਾਨ 'ਤੇ ਕੀ ਕਰਨ ਗਈ ਸੀ ਬਿਨੀਆਂ, ਤੂੰ ' ਵਗ਼ੈਰਾ ਵਗ਼ੈਰਾ। ਉਹ ਅਕਸਰ ਉਸਨੂੰ 'ਬਿਨੀਆਂ' ਕਹਿ ਕੇ ਬੁਲਾਉਂਦੀ ਹੈ ਤੇ ਨਿੰਦੀਆ ਉਸਨੂੰ ਕਦੀ ਨਹੀਂ ਟੋਕਦੀ। ਉਸਦੀ ਉਮਰ ਦੇ ਮੁਤਾਬਕ ਬਿਨੀਆਂ ਨਾਂ ਉਸਦੇ ਮੂੰਹੋਂ ਬੜਾ ਫੱਬਦਾ ਹੈ, ਬਿਲਕੁਲ ਉਸੇ ਵਰਗਾ, ਹੀਣ ਤੇ ਦੀਨ ਜਿਹਾ।


ਨਿੰਦੀਆ ਦੇ ਸਿਰ ਰੂਪਾ ਦੇ ਸੈਂਕੜੇ ਰੁਪਏ ਬਕਾਇਆ ਨੇ। ਇੰਜ ਨਹੀਂ ਕਿ ਉਸਨੇ ਕਦੀ ਮੰਗ ਕੀਤੀ ਹੋਏ, ਪਰ ਇਕ ਨਾ ਇਕ ਦਿਨ ਤਾਂ ਦੇਣੇ ਹੀ ਪੈਣੇ ਨੇ। ਚੰਗਾ ਜਿਹਾ ਇਕ ਪਰਦਾ ਤਕ ਤਾਂ ਉਹ ਖ਼ਰੀਦ ਨਹੀਂ ਸਕੀ। ਪਤਾ ਨਹੀਂ ਕਿਸ ਜ਼ਮਾਨੇ ਦਾ ਇਕ ਖੁੱਥੜ ਜਿਹਾ ਪਲਾਸਟਿਕੀ ਪਰਦਾ ਉਸਦੇ ਕਮਰੇ ਦੀ ਖਿੜਕੀ 'ਤੇ ਲਟਕ ਰਿਹਾ ਹੈ, ਜਿਹੜਾ ਏਨਾ ਲੰਮਾਂ ਹੈ ਕਿ ਉਸਦੇ ਬਿਸਤਰੇ ਤਕ ਆ ਜਾਂਦਾ ਹੈ। ਉਸਨੂੰ ਕੱਟ ਕੇ ਛੋਟਾ ਕਰਨ ਦਾ ਤਾਂ ਸਵਾਲੀ ਹੀ ਪੈਦਾ ਨਹੀਂ ਹੁੰਦਾ। ਮਾਸੀ ਕਹਿੰਦੀ ਹੈ ਕਿ ਕਦੀ ਉਹਨੂੰ ਘਰ ਬਦਲਣਾ ਪਿਆ ਤੇ ਨਵੇਂ ਘਰ ਦੀ ਖਿੜਕੀ ਥੋੜ੍ਹੀ ਜਿਹੀ ਲੰਮੀ ਹੋਈ ਤਾਂ ਇਹ ਕੱਟਿਆ ਹੋਇਆ ਪਰਦਾ ਬੇਕਾਰ ਹੋ ਜਾਏਗਾ।
ਪਾਣੀ ਵਿਚ ਤੇਲ ਵਾਂਗ ਤੈਰ ਰਹਿ ਹੈ ਧੀਰੂਬੇਟ ਸਾਉਥ ਹਾਲ ਵਿਚ। ਹਾਲਾਂਕਿ ਇੱਥੇ ਵੀ ਉਸਦੇ ਅਗਿਣਤ ਮਿੱਤਰ ਨੇ, ਪਰ ਹੁਣ ਉਸਨੂੰ ਲੱਗਦਾ ਹੈ ਕਿ ਆਪਣੇ ਦੇਸ਼ ਯਾਨੀ ਵੈਂਮਬਲੀ ਪਰਤ ਜਾਇਆ ਜਾਏ ਜਿੱਥੇ ਉਸਦੀਆਂ ਗੁਜਰਾਤੀ ਸਹੇਲੀਆਂ ਤੇ ਰਿਸ਼ਤੇਦਾਰ ਰਹਿੰਦੇ ਨੇ। ਜਿੱਥੋਂ ਦੇ ਵਾਤਾਵਰਣ ਵਿਚ ਢੋਕਲੇ, ਖਾਂਡਵੀ ਤੇ ਚੀਵੜੇ ਦੀ ਖ਼ੁਸ਼ਬੂ ਵੱਸੀ ਹੋਈ ਹੈ। ਚਿਕਨ ਤੇ ਮਟਨ ਖਾਣ ਵਾਲੇ ਪੰਜਾਬੀਆਂ ਤੋਂ ਅੱਕ ਚੁੱਕੀ ਹੈ ਹੁਣ ਉਹ। ਸੱਤਰ ਦੇ ਦਹਾਕੇ ਵਿਚ ਉਹ ਸਾਉਥ ਹਾਲ ਵਿਚ ਰਹਿੰਦੇ ਇਕ ਪੰਜਾਬੀ ਗੱਭਰੂ ਦੇ ਪਿਆਰ ਦੇ ਚੱਕਰ ਵਿਚ ਪੈ ਗਈ ਸੀ। ਪਹਿਲਾਂ ਪਹਿਲ ਤਾਂ ਦਲਵੀਰ ਨੇ ਉਹਨੂੰ ਦੱਸਿਆ ਹੀ ਨਹੀਂ ਕਿ ਉਹ ਵਿਆਹਿਆ ਹੋਇਆ ਸੀ ਤੇ ਜਦੋਂ ਪੋਲ ਖੁੱਲ੍ਹੀ ਤਾਂ ਕਈ ਸਾਲ ਇਸੇ ਆਸ ਵਿਚ ਨਿਕਲ ਗਏ ਕਿ ਉਹ ਪਤਨੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰ ਲਏਗਾ। ਇਕ ਪਿੱਛੋਂ ਇਕ ਜਦੋਂ ਦਲਵੀਰ ਦੇ ਆਪਣੀ ਪਤਨੀ ਤੋਂ ਚਾਰ ਬੱਚੇ ਹੋ ਗਏ ਤਾਂ ਇਕ ਦਿਨ ਧੀਰੂਬੇਨ ਨੂੰ ਯਕਦਮ ਹੋਸ਼ ਆਇਆ ਕਿ ਉਹ ਉਹਨੂੰ ਬੇਵਕੂਫ਼ ਬਣਾ ਰਿਹਾ ਸੀ, ਪਰ ਉਹ ਕੀ ਕਰ ਸਕਦੀ ਸੀ? ਆਖ਼ਰ ਪੜ੍ਹੀ-ਲਿਖੀ ਤਾਂ ਸੀ ਨਹੀਂ। ਉਸਨੂੰ ਸਬਜ਼ੀ-ਫਲ ਦੀ ਇਕ ਵੱਡੀ ਦੁਕਾਨ ਉੱਤੇ ਆਸਾਨੀ ਨਾਲ ਕੰਮ ਮਿਲ ਗਿਆ ਤੇ ਦਿਨ ਵਿਚ ਉਹ ਲਗਾਤਾਰ ਅਠਾਰਾਂ ਉਨੀ ਘੰਟੇ ਕੰਮ ਕਰਨ ਲੱਗੀ। ਉਸ ਲਈ ਗ਼ਮ ਭੁਲਾਉਣ ਦਾ ਇਹ ਸਭ ਤੋਂ ਆਸਾਨ ਤਰੀਕਾ ਸੀ। ਮਿਹਨਤ ਤੇ ਈਮਾਨਦਾਰੀ ਦੇ ਬਲ ਉੱਤੇ ਉਹਨੂੰ ਛੇਤੀ ਹੀ ਮੈਨੇਜਰ ਬਣਾ ਦਿੱਤਾ ਗਿਆ।
ਪੰਜ ਸਾਲ ਦੇ ਅੰਦਰ ਹੀ ਅੰਦਰ ਉਸਨੇ ਆਪਣੇ ਵਰਗੀਆਂ ਕਈ ਔਰਤਾਂ ਨਾਲ ਮਿਲ ਕੇ 'ਸਹਾਰਾ ਮਹਿਲਾ ਸੰਗਠਨ' ਦੀ ਸਥਪਨਾ ਕੀਤੀ, ਜਿਸ ਦਾ ਉਦੇਸ਼ ਸੀ ਸਤਾਈਆਂ ਹੋਈਆਂ ਜਾਂ ਦੂਜੇ ਦੇਸ਼ਾਂ ਤੋਂ ਧੋਖੇ ਨਾਲ ਲਿਆਦੀਆਂ ਗਈਆਂ ਔਰਤਾਂ ਦੀ ਸਹਾਇਤਾ ਕਰਨਾ। ਨਿੰਦੀਆ ਨੇ ਇਕ ਵਾਰੀ ਧੀਰੂਬੇਨ ਤੋਂ ਪੁੱਛਿਆ ਸੀ ਕਿ ਸਾਉਥ ਹਾਲ ਵਿਚ ਵੱਸੀਆਂ ਭਾਰਤੀ ਔਰਤਾਂ ਨਾਲ ਹੀ ਇਹ ਧੱਕਾ ਕਿਉਂ ਹੁੰਦਾ ਹੈ? ਉਹਨਾਂ ਜਵਾਬ ਦਿੱਤਾ ਸੀ ਕਿ ਭਾਰਤੀ ਔਰਤਾਂ ਜਿੱਥੇ ਵੀ ਜਾਣ, ਰਹਿੰਦੀਆਂ ਤਾਂ ਭਾਰਤੀ ਹੀ ਨੇ ਨਾ। ਉਹਨਾਂ ਨੂੰ ਬਚਪਨ ਵਿਚ ਹੀ ਗੁੜ੍ਹਤੀ ਮਿਲੀ ਹੁੰਦੀ ਹੈ ਚੁੱਪਚਾਪ ਸਹਿੰਦੇ ਰਹਿਣ ਦੀ। ਵਿਦੇਸ਼ ਵਿਚ ਤਾਂ ਵਿਚਾਰੀਆਂ ਹੋਰ ਵੀ ਇਕੱਲੀਆਂ ਹੋ ਜਾਂਦੀਆਂ ਨੇ, ਕਿਉਂਕਿ ਇੱਥੇ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ। ਸਹੁਰੇ ਘਰ ਵਾਲੇ ਉਹਨਾਂ ਨੂੰ ਇਕ ਨੌਕਰਾਣੀ ਨਾਲੋਂ ਵੱਧ ਨਹੀਂ ਸਮਝਦੇ। ਇਹਨਾਂ ਦੇ ਪਤੀ ਸਥਾਨਕ ਔਰਤਾਂ ਨਾਲ ਮਜ਼ੇ ਉਡਾਉਂਦੇ ਨੇ ਤੇ ਇਹ ਵਿਚਰੀਆਂ ਘਰ ਤੇ ਦੁਕਾਨ ਸੰਭਾਲਦੀਆਂ ਨੇ—ਗਾਲ੍ਹਾਂ ਤੇ ਥੱਪੜ-ਮੁੱਕੀਆਂ ਦਾ ਸ਼ਿਕਾਰ ਬਣਦੀਆਂ ਨੇ। ਬੱਚਿਆਂ ਨੂੰ ਛੱਡ ਕੇ ਜਾ ਵੀ ਨਹੀਂ ਸਕਦੀਆਂ ਤੇ ਉੱਥੇ ਕਿਹੜਾ ਬੈਠਾ ਏ ਜਿਹੜਾ ਇਹਨਾਂ ਦੀ ਗਾਥਾ ਸੁਣੇ।
ਦਿਨ ਤੇ ਰਾਤ ਨਿੰਦੀਆ ਬਸ ਉਹਨੂੰ ਦੌੜਦੀ-ਭੱਜਦੀ ਹੀ ਦੇਖਦੀ ਰਹਿੰਦੀ ਹੈ ਤੇ ਧੀਰੂਬੇਨ ਚਾਹੁੰਦੀ ਹੈ ਕਿ ਨਿੰਦੀਆ ਵੀ ਓਨੀ ਹੀ ਮਿਹਨਤ ਕਰੇ। ਹਾਲਾਂਕਿ ਨਿੰਦੀਆ ਕੋਈ ਘੱਟ ਮਿਹਨਤ ਨਹੀਂ ਕਰ ਰਹੀ, ਕੰਮ ਦੇ ਇਲਾਵਾ ਉਹ ਆਸ਼ੁਲਿੱਪੀ ਦਾ ਡਿਪਲੋਮਾ ਵੀ ਕਰ ਰਹੀ ਹੈ, ਪਰ ਧੀਰੂਬੇਨ ਨੂੰ ਲੱਗਦਾ ਹੈ ਹਫ਼ਤਾਵਾਰੀ ਛੁੱਟੀ ਦੌਰਾਨ ਸਬਜ਼ੀ, ਫਲ ਜਾਂ ਸਾੜ੍ਹੀਆਂ ਵਾਲੀ ਦੁਕਾਨ 'ਤੇ ਕੰਮ ਕਰਕੇ ਉਹ ਕਾਫੀ ਪੈਸੇ ਕਮਾ ਸਕਦੀ ਹੈ। ਉਹਨੂੰ ਇਹ ਸਮਝ ਨਹੀਂ ਆਉਂਦਾ ਕਿ ਬਿਸਤਰੇ ਵਿਚ ਬੈਠ ਕੇ ਇਹ ਵਿੰਗੀਆਂ-ਟੇਢੀਆਂ ਲਕੀਰਾਂ ਮਾਰਨ ਦਾ ਕੀ ਫਾਇਦਾ ਹੋਏਗਾ?
ਨਿੰਦੀਆ ਰੋਜ਼ ਸੋਚਦੀ ਹੈ ਕਿ ਇਸ ਸ਼ਨੀਵਾਰ ਨੂੰ ਆਰਗਸ ਸਟੋਰ ਤੋਂ ਉਹ ਇਕ ਸਸਤਾ ਜਿਹਾ ਟੂ ਇਨ ਵਨ ਖਰੀਦੇਗੀ ਤੇ ਸੁਣੇਗੀ ਆਪਣੇ ਬਾਬਾ ਦੀ ਇਕਲੌਤੀ ਕੈਸੇਟ ਜਿਹੜੀ ਉਹ ਘਰੋਂ ਤੁਰਦੀ ਹੋਈ ਨਾਲ ਲੈ ਆਈ ਸੀ। ਪਰ ਉਸਦੇ ਕੋਲ ਪੈਸੇ ਹੀ ਕਿੱਥੇ ਬਚਦੇ ਨੇ? ਸਵੇਰੇ ਸਵੇਰੇ ਪੰਡਿਤ ਜਸਰਾਜ ਦੇ ਭਜਨ ਸੁਣਦੇ ਸਨ ਬਾਬਾ। ਤੇ ਉਹਨਾਂ ਦੇ ਦਫ਼ਤਰ ਜਾਣ ਪਿੱਛੋਂ ਵੀ ਸਹਿਗਲ ਤੇ ਪੰਕਜ ਮਲਿਕ ਆਦਿ ਨੂੰ ਹੀ ਸੁਣਨਾ ਪੈਂਦਾ ਉਸਨੂੰ। ਉਹਨੀਂ ਦਿਨੀ ਰੋਜ਼ ਰੋਜ਼ ਉਹੀ ਗੀਤ ਤੇ ਭਜਨ ਸੁਣ ਕੇ ਖਿਝ ਜਾਂਦੀ ਸੀ ਨਿੰਦੀਆ, ਪਰ ਅੱਜ ਉਸਨੂੰ ਭਲ਼ ਜਿਹੀ ਉਠੀ ਹੋਈ ਹੈ, ਉਹਨਾਂ ਗੀਤਾਂ ਦੀ। ਉਹ ਬੇਧਿਆਨੇ ਵਿਚ ਹੀ ਗੁਣਗੁਣਾਉਣ ਲੱਗੀ 'ਮੁਝ ਕੋ ਹੈ ਤੁਮ ਸੇ ਪਿਆਰ ਕਿਉਂ, ਯੇ ਨ ਬਤਾ ਸਕੂੰਗਾ ਮੈਂ'। ਧੀਰੂਬੇਨ ਜਦ ਵੀ ਉਸਨੂੰ ਗਾਉਂਦਿਆਂ ਸੁਣਦੀ ਟੋਕ ਦੇਂਦੀ, 'ਢੋਕਰੀ, ਪਿਆਰ-ਵਿਆਰ 'ਚ ਕੁਛ ਨੀ ਪਿਆ, ਸਾਈਂ ਬਾਬਾ ਦਾ ਭਜਨ-ਬੰਦਗੀ ਈ ਤਾਰੂ ਤੇ ਅੱਗਾ ਸੁਧਾਰੂ...'
ਅਕਤੂਬਰ ਦੇ ਸ਼ੁਰੂ ਵਿਚ ਹੀ ਖਾਸੀ ਠੰਡ ਪੈਣ ਲੱਗੀ। ਸੜਕਾਂ ਤੇ ਸਟੇਸ਼ਨਾਂ 'ਤੇ ਮੰਗਤਿਆਂ ਨੂੰ ਗਰਮ ਕੋਟ, ਮਫ਼ਲਤ ਤੇ ਦਸਤਾਨੇ ਪਾਈ ਦੇਖਦੀ ਨਿੰਦੀਆ, ਤਾਂ  ਆਪਣੇ ਆਪ ਨੂੰ ਹੋਰ ਵੀ ਤਰਸਯੋਗ ਸਥਿਤੀ ਵਿਚ ਮਹਿਸੂਸ ਕਰਦੀ। ਸੁਣਿਆ ਹੈ ਕਿ ਇੱਥੇ ਲੋਕ ਬੜੇ ਦਯਾਵਾਨ ਨੇ ਤੇ ਆਪਣੇ ਨਵੇਂ-ਨਵੇਂ ਕੱਪੜੇ ਵੀ ਗ਼ਰੀਬਾਂ ਨੂੰ ਦਾਨ ਕਰ ਦੇਂਦੇ ਨੇ, ਪਰ ਆਪਣੇ ਮੇਚ ਦੀ ਕਿਸੇ ਪਰਉਪਕਾਰੀ ਔਰਤ ਨੂੰ ਲੱਭਣਾ ਨਿੰਦੀਆ ਲਈ ਅਸੰਭਵ ਹੈ। ਲੋਕ ਆਪਣੇ ਪੁਰਾਣੇ ਫਰਿਜ ਤੇ ਟੈਲੀਵਿਜ਼ਨ ਵਰਗੀਆਂ ਚੀਜ਼ਾਂ ਘਰੋਂ ਬਾਹਰ ਰੱਖ ਦਿੰਦੇ ਨੇ। ਨਿੰਦੀਆ ਦਾ ਆਪਣਾ ਘਰ ਹੁੰਦਾ ਤਾਂ ਮੁਫ਼ਤ ਵਿਚ ਭਰ ਜਾਂਦਾ। ਭਾਰਤ ਵਿਚ ਤਾਂ ਅਖ਼ਬਾਰਾਂ ਦੀ ਰੱਦੀ ਤੇ ਖਾਲੀ ਬੋਤਲਾਂ ਵੇਚ ਕੇ ਮਾਂ ਇਕ ਹਫ਼ਤੇ ਦੀ ਸਬਜ਼ੀ ਆਦੀ ਖਰੀਦ ਲੈਂਦੀ ਸੀ। ਇੱਥੇ ਤਾਂ ਸਾਮਾਨ ਚੁੱਕ ਕੇ ਲੈ ਜਾਣ ਦੇ ਵੀ ਕਬਾੜ ਵਾਲੇ ਦਸ ਜਾਂ ਵੀਹ ਪਾਉਂਡ ਮੰਗਦੇ ਨੇ। ਇਸ ਲਈ ਲੋਕ ਰਾਤ ਨੂੰ ਚੁੱਪਚਾਪ ਆਪਣਾ ਪੁਰਾਣਾ ਸਾਮਾਨ ਘਰ 'ਚੋਂ ਬਾਹਰ ਰੱਖ ਦੇਂਦੇ ਨੇ ਕਿ ਜਿਸਨੂੰ ਚਾਹੀਦਾ ਹੋਏ ਲੈ ਜਾਏ। ਬਹੁਤ ਸਾਰੇ ਅਖ਼ਬਾਰ ਤੇ ਰਸਾਲੇ ਮੁਫ਼ਤ ਵਿਚ ਮਿਲ ਜਾਂਦੇ ਨੇ, ਜਿਹਨਾਂ ਨੂੰ ਉਹ ਚੱਟ ਜਾਂਦੀ ਹੈ। ਕਿੰਨੇ ਹੀ ਮਜ਼ੇਦਾਰ ਲੇਖ ਤੇ ਚਿੱਤਰ ਹੁੰਦੇ ਨੇ, ਜਿਹਨਾਂ ਨੂੰ ਉਹ ਸੰਭਾਲ ਕੇ ਰੱਖਣਾ ਚਾਹੁੰਦੀ ਹੈ ਪਰ ਹਫ਼ਤੇ ਦੇ ਅਖ਼ੀਰਲੇ ਦਿਨ ਬੁੜਬੁੜ ਕਰਦੀ ਹੋਈ ਮਾਸੀ ਉਹਨਾਂ ਨੂੰ ਕੁੜਾਦਾਨ ਵਿਚ ਸੁੱਟ ਦਿੰਦੀ ਹੈ। ਸ਼ਾਇਦ ਉਹ ਠੀਕ ਹੀ ਕਰਦੀ ਹੈ। ਨਿੰਦੀਆ ਦਾ ਵੱਸ ਚੱਲੇ ਤਾਂ ਪਟੜੀ 'ਤੇ ਸੁੱਟਿਆ ਹੋਇਆ ਲੋਕਾਂ ਦਾ ਸਾਰਾ ਸਾਮਾਨ ਚੁੱਕ ਕੇ ਘਰ ਲੈ ਆਏ। ਆਪਣਾ ਘਰ ਤਾਂ ਹੈ ਨਹੀਂ ਕਿ ਉਸ ਵਿਚ ਸਜਾ ਲਏ। ਅੱਖਾਂ ਵਿਚ ਵਸਾਅ ਲੈਂਦੀ ਹੈ ਨਿੰਦੀਆ ਸੜਕ ਕਿਨਾਰੇ ਸੁੱਟੀਆਂ ਗਈਆਂ ਉਹ ਢੇਰ ਸਾਰੀਆਂ ਚੀਜ਼ਾਂ, ਜਿਹੜੀਆਂ ਉਸਨੂੰ ਪਸੰਦ ਆਉਂਦੀਆਂ ਨੇ।
ਇਸੇ ਦੌਰਾਨ ਹਾਈ ਸਟਰੀਟ ਵਿਚ ਮਟਰਗਸ਼ਤੀ ਕਰਦਿਆਂ ਹੋਇਆਂ ਨਿੰਦੀਆ ਨੇ ਇਕ ਦੁਕਾਨ ਦੀ ਖਿੜਕੀ ਵਿਚ ਇਕ ਕੋਟ ਟੰਗਿਆ ਦੇਖਿਆ। ਉਹ ਏਨਾ ਸਸਤਾ ਸੀ ਕਿ ਉਸਨੂੰ ਆਪਣੀਆਂ ਅੱਖਾਂ-ਕੰਨਾਂ ਉੱਤੇ ਵਿਸ਼ਵਾਸ ਨਹੀਂ ਸੀ ਆਇਆ। ਇਸ ਤੋਂ ਪਹਿਲਾਂ ਕਿ ਉਸਨੂੰ ਕੋਈ ਹੋਰ ਲੈ ਜਾਂਦਾ, ਉਸਨੇ ਝੱਟ ਖਰੀਦ ਲਿਆ। ਹਾਲਾਂਕਿ ਭੂਆ ਦੀਆਂ ਲਿਆਂਦੀਆਂ ਸਾੜ੍ਹੀਆਂ ਵਰਗਾ ਲੱਗਿਆ ਸੀ ਉਸਨੂੰ ਉਹ ਕੋਟ, ਪਰ ਉਸਦੇ ਕੋਲ ਕੋਈ ਹੋਰ ਚਾਰਾ ਵੀ ਤਾਂ ਨਹੀਂ ਸੀ। ਗਰਮ ਕੋਟ ਨੂੰ ਦੇਖਦਿਆਂ ਹੀ ਧੀਰੂਬੇਨ ਬੋਲ ਪਈ ਸੀ, 'ਆਕਸਫ਼ੈਮ 'ਚ ਤਾਂ ਮਰੇ-ਮੋਏ ਲੋਕਾਂ ਦੀਆਂ ਵਸਤਾਂ ਮਿਲਦੀਆਂ ਨੇ।' ਉਸਨੇ ਉਸਦੇ ਉਤਸਾਹ ਉੱਤੇ ਇਕ ਛਿਣ ਵਿਚ ਕਈ ਘੜੇ ਪਾਣੀ ਪਾ ਦਿੱਤਾ ਸੀ। ਪਤਾ ਨਹੀਂ ਉਹ ਕਿਸ ਮੁਰਦੇ ਦਾ ਕੋਟ ਖਰੀਦ ਲਿਆਈ ਸੀ। ਕੰਬ ਗਈ ਸੀ ਉਹ।
ਧੀਰੂਬੇਨ  ਨੂੰ ਮਿਲ ਕੇ ਨਿੰਦੀਆ ਦੇ ਮਨ ਵਿਚ ਵੱਸੀ ਬ੍ਰਿਟੇਨ ਦੀ ਮੂਰਤ ਧੁੰਦਲੀ ਹੋ ਗਈ ਸੀ। ਕਿੱਥੇ ਰੂਪਾ ਤੇ ਉਸਦਾ ਪਰਿਵਾਰ ਤੇ ਕਿੱਥੇ ਸਾਊਥ ਹਾਲ ਵਿਚ ਵੱਸੀ ਉਸੇ ਪਰਿਵਾਰ ਦੀ ਮੈਂਬਰ ਧੀਰੂਬੇਨ—ਉਸਨੂੰ ਲੱਗਿਆ ਜਿਵੇਂ ਕੋਈ ਸੈਂਕੜੇ ਵਰ੍ਹੇ ਪਹਿਲਾਂ ਉਹਨੂੰ ਆਕਸਫੈਮ 'ਚੋਂ ਲਿਆ ਕੇ ਇੱਥੇ ਰੱਖ ਗਿਆ ਹੋਵੇ। ਗਿੱਟਿਆਂ ਤੋਂ ਉੱਚੀ ਧੋਤੀ ਲੱਕ ਕੋਲ ਤੁੰਨ ਕੇ, ਕੱਪੜੇ ਦਾ ਪੁਰਾਣਾ ਥੈਲਾ ਲਮਕਾਉਂਦੀ, ਜਦੋਂ ਉਹ ਘਰੋਂ ਨਿਕਲਦੀ ਤਾਂ ਨਿੰਦੀਆ ਨੂੰ ਯਕਦਮ ਹਾਸੀ ਆ ਜਾਂਦੀ। ਕਈ ਵਾਰੀ ਸੋਚਦੀ ਹੈ ਅੱਗੇ ਹੋ ਕੇ ਉਸਦੀ ਧੋਤੀ ਹੀ ਠੀਕ ਕਰ ਦਵੇ, ਪਰ ਉਸਨੂੰ ਭਲਾ ਕੀ ਲੋੜ! ਪ੍ਰਤੀਕਰਮ ਵਜੋਂ ਉਸੇ ਸ਼ਨੀਵਾਰ ਨਿੰਦੀਆ ਫੇਰ ਆਕਸਫੈਮ ਗਈ ਤੇ ਆਪਣੇ ਲਈ ਬੂਟ, ਦਸਤਾਨੇ, ਪਰਸ ਤੇ ਮਫ਼ਲਰ ਆਦਿ ਵੀ ਖਰੀਦ ਲਿਆਈ। ਹਾਲਾਂਕਿ ਹੁਣ ਜਦੋਂ ਵੀ ਕੋਟ ਪਾਉਂਦੀ ਹੈ ਬੇਚੈਨ ਹੋ ਜਾਂਦੀ ਹੈ। ਇਸੇ ਕੋਸ਼ਿਸ਼ ਵਿਚ ਰਹਿੰਦੀ ਹੈ ਕਿ ਜਲਦੀ ਜਲਦੀ ਦਫ਼ਤਰ ਜਾਂ ਵਾਪਸ ਘਰ ਪਹੁੰਚੇ ਤੇ ਉਸਨੂੰ ਲਾਹ ਕੇ ਟੰਗ ਦਵੇ। ਇਸ ਕੋਟ ਨੂੰ ਪਾਉਣਾ ਵਾਲੇ ਵਿਅਕਤੀ ਨੂੰ ਕਿਤੇ ਕੋੜ-ਰੋਗ ਹੀ ਨਾ ਹੋਵੇ। ਮਫ਼ਲਰ ਹਮੇਸ਼ਾ ਉਸਨੂੰ ਗਲ਼ਾ ਵਲੂੰਧਰਦਾ ਲੱਗਦਾ ਹੈ, ਬੂਟਾਂ ਵਿਚ ਕਦੀ-ਕਦੀ ਆਪਣੇ ਪੈਰ ਹੀ ਆਪਣੇ ਨਹੀਂ ਲੱਗਦੇ। ਸੁਸ਼ਮਾ ਦੇ ਟੋਕਨ ਦੇ ਬਾਵਜੂਦ ਉਹ ਦਫ਼ਤਰ ਵਿਚ ਨੰਗੇ ਪੈਰੀਂ ਘੁੰਮਦੀ ਰਹਿੰਦੀ ਹੈ। ਪਰ ਆਕਸਫੈਮ ਜਾਣਾ ਉਸਨੇ ਫੇਰ ਵੀ ਨਹੀਂ ਛੱਡਿਆ। ਇਕੋ ਤਾਂ ਦੁਕਾਨ ਹੈ ਜਿੱਥੋਂ ਉਹ ਕੁਛ ਵੀ ਖਰੀਦ ਸਕਦੀ ਹੈ। ਦਸ-ਦਸ ਪੈਸੇ ਵਿਚ ਕਿਤਾਬਾਂ ਮਿਲ ਜਾਂਦੀਆਂ ਨੇ, ਜਿਹਨਾਂ ਨੂੰ ਉਹ ਦੇਰ ਰਾਤ ਤਕ ਪੜ੍ਹਦੀ ਹੋਈ—ਆਪਣੇ ਸਾਰੇ ਦੁੱਖ-ਦਰਦ ਭੁੱਲ ਜਾਂਦੀ ਹੈ।
ਸਵੇਰ ਦੇ ਚਾਰ ਵੀ ਨਹੀਂ ਸੀ ਵੱਜੇ ਕਿ 'ਦਿਨੀਆਂ, ਦਿਨੀਆਂ, ਘੋੜੇ ਵੇਚ ਕੇ ਸੁੱਤੀ ਐਂ ਤੂੰ, ਜਰਾ ਬਾਹਰ ਆ, ਵੇਖ ਕੀ ਹੋ ਰਿਹੈ।' ਪਤੀਲਾ ਖੁਰਚਣ ਵਰਗੀ ਮਾਸੀ ਦੀ ਆਵਾਜ਼ ਨੇ ਪੁਲਿਸ 'ਟੀ ਟੂੰ, ਟੀ ਟੂੰ' ਕਰਦੇ ਸਾਈਰਨ ਨੂੰ ਵੀ ਮਾਤ ਪਾ ਦਿੱਤੀ ਸੀ। ਖਿੜਕੀ ਵਿਚੋਂ ਝਾਕੀ ਤਾਂ ਸੜਕ ਪੁਲਿਸ ਦੀਆਂ ਵਰਦੀਆਂ ਨਾਲ ਭਰੀ ਹੋਈ ਸੀ, ਗੁਆਂਢੀਆਂ ਦੇ ਘਰ ਛਾਪਾ ਪਿਆ ਸੀ। ਮਾਸੀ ਜਿਹੜੀ ਨਾਲ ਵਾਲੀ ਖਿੜਕੀ ਵਿਚੋਂ ਦੇਖ ਰਹੀ ਸੀ ਬੋਲੀ—'ਹੂੰ, ਕਹਿੰਦੀ ਸੀ ਨਾ ਮੈਂ ਦਿਨੀਆਂ, ਇਕ ਦਿਨ ਇਵੇਂ ਹੀ ਹੋਣਾ ਸੀ।' ਦਿਨ-ਰਾਤ ਆਉਣਾ-ਜਾਣਾ ਲੱਗਿਆ ਰਹਿੰਦਾ ਸੀ। ਇਸ ਘਰ ਵਿਚ ਇਲੀਗਲ ਇਮਿਗ੍ਰੰਟਸ ਰਹਿੰਦੇ ਸਨ। ਲਗਭਗ ਗਿਆਰਾਂ ਜਣਿਆ ਨੂੰ ਹੱਥਕੜੀ ਲਾ ਕੇ ਵੈਨ ਵਿਚ ਬਿਠਾਅ ਦਿੱਤਾ ਗਿਆ ਸੀ। ਸਵੇਰੇ ਜਲਦੀ ਉਠ ਜਾਣ ਦੀ ਆਦੀ ਗੁਜਰਾਤੀ ਕੌਮ ਪੁਲਿਸ ਦੇ ਜਾਣ ਪਿਛੋਂ ਵੀ ਕਚਰ-ਕਰਚ ਕਰਦੀ ਰਹੀ ਸੀ। ਤਿੰਨ ਤਿੰਨ ਪਾਊਂਡਸ ਪ੍ਰਤੀ ਘੰਟਾ ਕੰਮ ਕਰਨ ਵਾਲੇ ਇਹ ਇਲੀਗਲ ਇਮਿਗ੍ਰੰਟਸ ਜਿਹੜੇ ਪਤਾ ਨਹੀਂ ਕਿਹੜੇ ਕਿਹੜੇ ਦੇਸ਼ਾਂ ਵਿਚੋਂ ਬੋਰਿਆਂ ਵਿਚ ਭਰ ਕੇ ਲਿਆਂਦੇ ਜਾਂਦੇ ਨੇ ਤੇ ਇੱਥੋਂ ਦੇ ਮਹਾਸਾਗਰ ਵਿਚ ਗਾਇਬ ਹੋ ਜਾਂਦੇ ਨੇ। ਸੁਣਿਆ ਹੈ ਕਿ ਇਕ ਇਕ ਕਮਰੇ ਵਿਚ ਤੀਹ ਤੀਹ ਜਣੇ ਸੌਂਦੇ ਨੇ—ਜੁੱਲੜਾਂ ਵਿਚ। ਰਾਤ ਨੂੰ ਕੰਮ ਕਰਨ ਵਾਲਾ ਬੰਦਾ ਜੇ ਰਾਤ ਨੂੰ ਬਿਮਾਰ ਹੋ ਜਾਏ ਤਾਂ ਉਸਨੂੰ ਪੈਣ ਲਈ ਸਵੇਰ ਦੀ ਉਡੀਕ ਕਰਨੀ ਪੈਂਦੀ ਹੈ। ਨਿੰਦੀਆ ਸੋਚਣ ਲੱਗੀ ਕਿ ਅਜਿਹਾ ਕੀ ਹੈ ਇਸ ਦੇਸ਼ ਵਿਚ ਕਿ ਲੋਕ ਤੁਰੇ ਆਉਂਦੇ ਨੇ ਧੱਕੇ ਖਾਣ ਲਈ? ਘਟੀਆ ਖਾਣਾ, ਬਦਬੂਦਾਰ ਬਿਸਤਰਾ, ਅੱਧੀ-ਅਧੂਰੀ ਨੀਂਦ ਤੇ ਸੋਲਾਂ ਤੋਂ ਅਠਾਰਾਂ ਘੰਟੇ ਕੰਮ ਕਰਕੇ ਵੀ ਇਹਨਾਂ ਨੂੰ ਚੈਨ ਨਹੀਂ। ਪਤਾ ਨਹੀਂ ਕਦੋਂ ਪੁਲਿਸ ਆ ਦਬੋਚੇ ਤੇ ਜੇਲ੍ਹ ਵਿਚ ਕਿੰਨੇ ਸਾਲਾਂ ਲਈ ਸੁੱਟ ਦਵੇ।
ਨਿੰਦੀਆ ਦੁਬਾਰਾ ਸੌਣ ਦੀ ਕੋਸ਼ਿਸ਼ ਕਰ ਹੀ ਰਹੀ ਸੀ ਕਿ ਕੋਡਨਾਨੀ ਦਾ ਫ਼ੋਨ ਆ ਗਿਆ, ਦਫ਼ਤਰ ਦੇ ਬਾਅਦ ਸ਼ਾਮ ਨੂੰ ਪੱਬ ਵਿਚ ਮਿਲਣ ਲਈ। ਮਨ ਹੀ ਮਨ ਨਿੰਦੀਆ ਨੇ ਉਸਨੂੰ ਬੜਾ ਬੁਰਾ-ਭਲਾ ਆਖਿਆ, ਪਰ ਨਾਂਹ ਨਹੀਂ ਕਹਿ ਸਕੀ ਕਿ ਕਿਤੇ ਵਿਦੇਸ਼ ਵਿਚ ਆਪਣੇ ਇਕੋਇਕ ਸਹਾਰੇ ਨੂੰ ਵੀ ਨਾ ਗੰਵਾਅ ਲਵੇ। ਇੱਥੇ ਉਸਨੂੰ ਕਿਹੜਾ ਜਾਣਦਾ ਹੈ ਜਿਹੜਾ ਬਾਬਾ ਨੂੰ ਜਾ ਕੇ ਦੱਸ ਦਵੇਗਾ ਕਿ ਉਹ ਇਕ ਪਰਾਏ ਮਰਦ ਨਾਲ ਪੱਬ ਵਿਚ ਬੈਠੀ ਸੀ, ਪਰ ਮਨ ਦਾ ਭੈ ਨਹੀਂ ਸੀ ਨਿੱਕਲਦਾ। ਇਕ ਦੋ ਗ਼ਲਾਸ ਸ਼ਰਾਬ ਪੀਂਦਿਆਂ ਹੀ ਕੋਡਨਾਨੀ ਟਿਪਸੀ ਹੋ ਜਾਂਦਾ ਹੈ ਤੇ ਉਸਨੂੰ ਭੇਦ ਦੀਆਂ ਗੱਲਾਂ ਦੱਸਣ ਲੱਗ ਪੈਂਦਾ ਹੈ ਕਿ ਉਸਦੇ ਸਹਿਯੋਗੀ ਸਥਾਨਕ ਔਰਤ ਮੁਲਾਜ਼ਮਾਂ ਬਾਰੇ ਕੈਸੀਆਂ ਗੰਦੀਆਂ-ਗੰਦੀਆਂ ਗੱਲਾਂ ਕਰਦੇ ਨੇ, 'ਓਹ ਮੇਰੇ ਥੱਲੇ ਪੈ ਗਈ ਤਾਂ ਮੈਂ ਕੀ ਕਰਦਾ' ਜਾਂ 'ਓਹ ਮੇਰੇ ਕਮਰੇ ਵਿੱਚ ਆ ਕੇ ਡੋਰਾ ਲਾ ਲੈਂਦੀ ਆ ਤਾਂ ਮੈਂ ਵੀ ਆਪਣੀ ਪੈਂਟ ਲਾਹ ਦਿੰਦਾ ਆਂ।' ਕੋਈ ਕਹਿੰਦਾ ਕਿ ਉਸਨੇ ਰਾਏ ਤੇ ਮੈਥਿਲੀ ਨੂੰ ਪਿੱਛੇ ਵਾਲੀ ਲਿਫ਼ਟ 'ਚ ਸੰਭੋਗ ਕਰਦੇ ਦੇਖਿਆ ਹੈ। ਮੇਨਕਾ ਦੱਸ ਰਹੀ ਸੀ ਕਿ ਦੱਖਣ ਪੂਰਵੀ ਦੇਸ਼ਾਂ ਤੋਂ ਆਏ ਵਧੇਰੇ ਅਧਿਕਾਰੀ ਇਹ ਸੋਚਦੇ ਨੇ ਕਿ ਵਿਦੇਸ਼ ਵਿਚ ਮੁਟਿਆਰਾਂ ਕਿਸੇ ਨਾਲ ਵੀ ਸੌਣ ਲਈ ਤਿਆਰ ਹੋ ਜਾਂਦੀਆਂ ਨੇ ਤੇ ਇਸ ਭਰਮ ਦੇ ਹੁੰਦਿਆਂ, ਉਹ ਅਜਿਹੀਆਂ ਹਰਕਤਾਂ ਕਰ ਬੈਠਦੇ ਨੇ। ਕਦੀ ਕਦੀ ਤਾਂ ਇਕ ਚੰਗੀ ਕੁੜੀ ਨੂੰ ਵੀ, ਜਿਸਨੇ ਉਹਨਾਂ  ਨੂੰ ਫਿਟਕਾਰ ਪਾ ਦਿੱਤੀ ਹੋਏ, ਉਹ ਬਦਨਾਮ ਕਰਕੇ ਛੱਡਦੇ ਨੇ। ਮੇਨਕਾ ਖ਼ੁਦ ਭੁਗ-ਭੋਗੀ ਹੈ। ਆਪਣੇ ਹੀ ਦੇਸ਼ 'ਚੋਂ ਆਏ ਇਕ ਅਧਿਕਾਰੀ, ਰੌਨੀ ਦੇ ਨਾਲ ਉਹ ਪ੍ਰੇਮ ਕਰ ਬੈਠੀ ਸੀ। ਇਕ ਦਿਨ ਜਦੋਂ ਹੋਰ ਅਧਿਕਾਰੀ ਨੇ ਰੌਨੀ ਦਾ ਹਵਾਲਾ ਦੇਂਦਿਆਂ ਹੋਇਆਂ ਉਸਨੂੰ ਹੋਟਲ ਚੱਲ ਲਈ ਕਿਹਾ ਤਾਂ ਮੇਨਕਾ ਨੂੰ ਆਪਣੇ ਉੱਤੇ ਡਾਢੀ ਸ਼ਰਮ ਆਈ। ਬਜਾਏ ਮੇਨਕਾ ਦੀ ਹਿਫ਼ਾਜ਼ਤ ਕਰਨ ਦੇ ਰੌਨੀ ਉਸਨੂੰ ਆਪਣੇ ਸਹਿ-ਅਧਿਕਾਰੀ ਨੂੰ ਪਰੋਸਨ ਦੀ ਕੋਸ਼ਿਸ਼ ਕਰ ਰਿਹਾ ਸੀ।
ਕੋਡਨਾਨੀ ਨਾਲ ਮਿੱਤਰਤਾ ਕਾਰਨ ਹੀ ਉਹ ਖ਼ੁਦ ਇਹਨਾਂ ਤੋਹਮਤਾਂ ਤੋਂ ਬਚੀ ਹੋਈ ਹੈ। ਹਾਲਾਂਕਿ ਕਦੀ-ਕਦੀ ਉਸਨੇ ਹੋਰ ਲੋਕਾਂ ਨੂੰ ਆਪਣੇ ਬਾਰੇ ਖੁਸਰ-ਪੁਸਰ ਕਰਦਿਆਂ ਸੁਣਿਆ ਹੈ ਤੇ ਅੱਖ ਮਾਰਦਿਆਂ ਵੀ ਦੇਖਿਆ ਹੈ, ਪਰ ਉਹ ਸਫਾਈ ਨਾਲ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਛੱਡਦੀ ਹੈ। ਕੁਝ ਕਿਹਾ ਤਾਂ ਉਹ ਵਾਧੂ ਦੀਆਂ ਅਫ਼ਵਾਹਾਂ ਉਡਾਉਣਗੇ। ਉਹ ਸਾਰਿਆਂ ਨਾਲ ਬੜੇ ਆਦਰ-ਸਨਮਾਣ ਤੇ ਮੋਹ ਨਾਲ ਗੱਲ ਕਰਦੀ ਹੈ ਤੇ ਹੁਣ ਤਾਂ ਬਹੁਤ ਸਾਰੇ ਅਧਿਕਾਰੀ ਉਸਦੇ ਵਿਹਾਰ ਤੇ ਕੰਮ ਤੋਂ ਬੜੇ ਖੁਸ਼ ਨੇ। ਹੋਰ ਤਾਂ  ਹੋਰ ਉਸਦੇ ਆਪਣੇ ਵਿਭਾਗ ਦੇ ਪ੍ਰਧਾਨ ਮੁਕੁੰਦ ਮਿਸ਼ਰਾ, ਜਿਹਨਾਂ ਨੂੰ ਸਾਰੇ 'ਸਾਬ' ਕਹਿ ਕੇ ਬੁਲਾਉਂਦੇ ਨੇ, ਉਸਦੀ ਬੜੀ ਇੱਜ਼ਤ ਕਰਦੇ ਨੇ ਤੇ ਇਹੀ ਇਕ ਕਾਰਨ ਹੈ ਕਿ ਉਹਨਾਂ ਦੀ ਵਿਸ਼ੇਸ਼ ਸੈਕਟਰੀ, ਸ਼ਾਮਾ ਮਿੱਤਰਾ ਨੂੰ ਉਹ ਫੁੱਟੀ ਅੱਖ ਨਹੀਂ ਸੁਹਾਉਂਦੀ।
ਨਿੰਦੀਆ ਨੇ ਅਜੇ ਆਪਣਾ ਪਰਸ ਦਰਾਜ਼ ਵਿਚ ਰੱਖਿਆ ਹੀ ਸੀ ਕਿ ਰਾਧਾ-ਕ੍ਰਿਸ਼ਨ ਦੀ ਜੋੜੀ ਵਾਂਗ ਮਿਸ਼ਰਾ ਸਾਹਬ ਤੇ ਸ਼ਾਮਾ ਮਿੱਤਰਾ ਨੇ ਨਿੰਮ੍ਹਾਂ-ਨਿੱਮ੍ਹਾਂ ਮੁਸਕਰਾਂਦਿਆਂ ਹੋਇਆਂ ਦਫ਼ਤਰ ਵਿਚ ਪ੍ਰਵੇਸ਼ ਕੀਤਾ। ਨਿੰਦੀਆ ਨੇ ਸੁਖ ਦਾ ਸਾਹ ਲਿਆ ਕਿ ਕਿਤੇ ਇਕ ਮਿੰਟ ਦੀ ਹੋਰ ਦੇਰ  ਹੋ ਗਈ ਹੁੰਦੀ ਤਾਂ ਸਾਰਾ ਦਿਨ ਸ਼ਾਮਾ ਉਹਨੂੰ ਟੋਕਦੀ ਰਹਿੰਦੀ। 'ਗੁੱਡ ਮਾਰਨਿੰਗ' ਦਾ ਸਾਂਝਾ ਸੁਰ ਗੂੰਜਿਆ। ਕੀੜਿਆਂ ਨੂੰ ਅਣਦੇਖਿਆ ਕਰਦੀ ਘਣਸ਼ਾਮ ਜੋੜੀ ਪ੍ਰਧਾਨ ਦੇ ਕਮਰੇ ਵਿਚ ਪ੍ਰਵੇਸ਼ ਹੋ ਗਈ। ਕੀੜਿਆਂ ਦੀਆਂ ਉਲਝਣਾ-ਸ਼ੰਕਿਆਂ ਭਰੀਆਂ ਨਜ਼ਰਾਂ ਗੋਲ-ਗੋਲ ਘੁੰਮੀਆਂ ਤੇ ਵਾਪਸ ਆਪਣੇ ਕੰਪਿਊਟਰਾਂ 'ਤੇ ਆ ਟਿਕੀਆਂ। ਫ਼ੋਨ ਦੀ ਘੰਟੀ ਸੁਣ ਕੇ ਮਦਨ ਮੋਹਨ ਭੁੜਕ ਕੇ ਖੜੇ ਹੋ ਗਏ, 'ਯਸ ਸਰ, ਸਰ, ਯਸ ਸਰ, ਸਰ।' ਉਹ ਕਾਫੀ ਉਤੇਜਤ ਹੋ ਗਏ ਜਾਪਦੇ ਸਨ। ਫ਼ੋਨ ਨੂੰ ਟ੍ਰਾਂਸਫਰ ਕਰਕੇ ਵੀ ਉਹ ਅਸਹਿਜ ਖੜ੍ਹੇ ਸੀ। ਸ਼ਾਮਾ ਤਣੀ ਹੋਈ ਕਮਰੇ 'ਚੋਂ ਬਾਹਰ ਆਈ ਤੇ ਸਿੱਧੀ ਕਾਮਰਸ ਵਿਭਾਗ ਵਲ ਹੋ ਲਈ। ਸੁਸ਼ਮਾ ਸੀਰਾ ਭੁੜਕ ਕੇ ਮਦਨ ਮੋਹਨ ਕੋਲ ਆਣ ਖੜ੍ਹੀ ਹੋਈ। 'ਸਰ, ਦੇਖਿਆ ਤੁਸੀਂ, ਨੋ ਸ਼ੇਮ ਐਟ ਆਲ। ਸਰ ਤੁਸੀਂ ਕਿਉਂ ਨਹੀਂ ਦੱਸਦੇ ਸਾਹਬ ਨੂੰ ਸ਼ਾਮਾ ਦੀਆਂ ਕਰਤੂਤਾਂ? ਤੁਸੀਂ ਨਹੀਂ ਦੱਸੋਗੇ ਤਾਂ ਉਹਨਾਂ ਨੂੰ ਪਤਾ ਕਿੰਜ ਲੱਗੇਗਾ?' ਸੁਣੀ-ਅਣਸੁਣੀ ਕਰਕੇ ਹੋਏ ਮਦਨ ਮੋਹਨ ਨੇ ਇੰਜ ਦਿਖਾਇਆ ਜਿਵੇਂ ਉਹ ਬੜਾ ਹੀ ਵਿਅਸਤ ਸੀ। ਲਾਜ ਖੱਟਰ ਨੂੰ ਤਾਂ ਕੰਮ ਛੱਡਣ ਦਾ ਕੋਈ ਬਹਾਨਾ ਮਿਲਣਾ ਚਾਹੀਦਾ ਸੀ, ਉਹ ਵੀ ਕੋਲ ਆ ਖੜ੍ਹੀ ਹੋਈ—'ਇਕ ਖਰਾਬ ਅਮਰੂਦ ਪੂਰੀ ਬੋਰੀ ਨੂੰ ਸਾੜ ਦੇਂਦਾ ਏ, ਸਰ।' ਮੁਹਾਵਰਿਆਂ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਲਾਜ ਦੀ ਆਦਤ ਹੈ, ਸਿਓ ਦੀ ਜਗ੍ਹਾ ਅਮਰੂਦ ਕਹਿੰਦਿਆਂ ਉਸਦੇ ਮੂੰਹ ਵਿਚ ਪਾਣੀ ਆ ਗਿਆ ਸੀ। ਦੁਪਹਿਰੇ ਉਹ ਹਰ ਰੋਜ਼ ਲੂਣ, ਲਾਲ ਤੇ ਕਾਲੀ ਪੀਸੀ ਹੋਈ ਮਿਰਚ ਵਿਚ ਲਿਪਟੇ ਤਲੇ ਆਲੂਆਂ ਨਾਲ ਆਪਣਾ ਢਿੱਡ ਭਰਦੀ ਹੈ।
ਸਾਹਬ ਦੀ ਗ਼ੈਰਹਾਜ਼ਰੀ ਵਿਚ ਸ਼ਾਮਾ ਕਾਮਰਸ ਵਿਭਾਗ ਦੇ ਗਗਨ ਰਾਏ ਨਾਲ ਰਹਿਣ ਲੱਗੀ ਸੀ ਤੇ ਦੋ ਅਧਿਕਾਰੀਆਂ ਨੂੰ ਇਕੋ ਸਮੇਂ ਬੁੱਧੂ ਬਣਾ ਰਹੀ ਸੀ। ਲਾਜ ਦੇ ਸ਼ਬਦਾਂ ਵਿਚ—'ਮੀਆਂ ਬੀਵੀ ਰਾਜ਼ੀ ਤਾਂ ਕੀ ਕਰੂਗਾ ਪਾਜੀ।' ਸ਼ਾਮਾ ਤੇ ਗਗਨ ਦੋਵੇਂ ਸ਼ਾਦੀ ਸ਼ੁਦਾ ਨੇ ਤੇ ਇਸੇ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਤੇ ਸ਼ਾਇਦ ਇਸਦਾ ਮਜ਼ਾ ਵੀ ਲੈਂਦੇ ਨੇ। ਹਾਲਾਂਕਿ ਸ਼ੁਸ਼ਮਾ ਨੂੰ ਇਹ ਗੱਲ ਪਚ ਨਹੀਂ ਰਹੀ ਸੀ। ਨਿੰਦੀਆ ਜਾਣਦੀ ਹੈ ਕਿ ਜੇ ਮੌਕਾ ਮਿਲੇ ਤਾਂ ਲਾਜ ਤੇ ਸੁਸ਼ਮਾ ਦੋਵੇਂ ਪਿੱਛੇ ਰਹਿਣ ਵਾਲਿਆਂ ਵਿਚੋਂ ਨਹੀਂ, ਪਰ ਉਹਨਾਂ ਨੂੰ ਕੋਈ ਕਦੀ ਮੌਕਾ ਨਹੀਂ ਦੇਂਦਾ।
ਦਫ਼ਤਰ ਵਿਚ ਨਾਲ ਕੰਮ ਕਰਨ ਵਾਲਿਆਂ ਦੀ ਚਪਰ-ਚਪਰ ਵਿਚ ਵੀ ਨਿੰਦੀਆ ਇਹੀ ਸੋਚ ਰਹੀ ਸੀ ਕਿ ਸਵੇਰੇ ਪਤਾ ਨਹੀਂ ਕਿੰਨੇ ਯਤਨ ਕਰਕੇ ਉਹ ਬੀਂਡਾ ਨਿੰਦੀਆ ਦੇ ਟਬ ਤਕ ਪਹੁੰਚਿਆ ਸੀ ਤੇ ਨਿੰਦੀਆ ਨੇ ਉਸਦੀ ਸਾਰੀ ਤਪਸਿਆ 'ਤੇ ਪਾਣੀ ਫੇਰ ਦਿੱਤਾ ਸੀ। ਮਿਹਨਤ ਕਰਕੇ ਆਦਮੀ ਕਿੱਥੋਂ ਕਿੱਥੇ ਪਹੁੰਚ ਜਾਂਦਾ ਹੈ ਜਾਂ ਪਹੁੰਚ ਸਕਦਾ ਹੈ। ਪਰ ਨਿੰਦੀਆ ਵਰਗੇ ਲੋਕ ਜਿਹਨਾਂ ਕੋਲ ਸਿਰ 'ਤੇ ਛੱਤ ਹੈ, ਟਬ ਹੈ ਤੇ ਸ਼ਾਵਰ ਹੈ। ਬਜਾਏ ਉਸਨੂੰ ਉਤਸਾਹਿਤ ਕਰਨ ਦੇ ਉਸਨੂੰ ਆਪਣੀ ਔਕਾਤ ਦੱਸ ਦੇਂਦੇ ਨੇ। ਨਿੰਦੀਆ ਦਾ ਟਬ ਹੀ ਸ਼ਾਇਦ ਉਸ ਕੀੜੇ ਦੀ ਮੰਜ਼ਿਲ ਹੋਵੇ। ਜੇ ਉਹ ਪ੍ਰਤੀਬਧ ਹੈ ਤਾਂ ਫੇਰ ਯਤਨ ਕਰੇਗਾ, ਨਿੰਦੀਆ ਵਾਂਗ ਹੀ ਜਿਸਨੂੰ ਕੀੜੇ ਵਾਂਗ ਹੀ ਮੌਕੇ-ਬੇਮੌਕੇ ਅਧਿਕਾਰੀ ਹੇਠਾਂ ਧਰੀਕ ਦੇਂਦੇ ਨੇ ਤੇ ਥੋੜ੍ਹੀ ਨਿਰਾਸ਼ਾ ਪਿੱਛੋਂ ਉਹ ਫੇਰ ਉਠ ਖੜ੍ਹੀ ਹੁੰਦੀ ਹੈ—ਪਹਿਲਾਂ ਨਾਲੋਂ ਵੱਧ ਪ੍ਰੇਰਿਤ, ਕਿਉਂਕਿ ਉਸਨੂੰ ਵਿਸ਼ਵਾਸ ਹੈ ਕਿ ਉਸਦਾ ਸਥਾਨ ਨਾਲੀ ਵਿਚ ਨਹੀਂ। ਆਸ਼ੁਲਿੱਪੀ ਵਿਚ ਡਿਪਲੋਮਾ ਕਰਨ ਪਿੱਛੋਂ ਨਿੰਦੀਆ ਨੇ ਅਕਾਊਂਟੈਂਸੀ ਦਾ ਕੋਰਸ ਵੀ ਕਰ ਲਿਆ, ਪਰ ਰਹੀ ਉਹ ਕਲਰਕ ਦੀ ਕਲਰਕ ਹੀ। ਬਾਬੂਆਂ ਨੇ ਕੀ ਲੈਣਾ-ਦੇਣਾ ਕਿਸੇ ਦੀ ਪੜ੍ਹਾਈ-ਲਿਖਾਈ ਤੋਂ ਤੇ ਵੱਡੇ ਅਧਿਕਰੀਆਂ ਤਕ ਭਲਾ ਕਲਰਕਾਂ ਦੀ ਪਹੁੰਚ ਕਿੱਥੇ। ਨਿੰਦੀਆ ਜਾਣਨਾ ਚਾਹੁੰਦੀ ਹੈ ਕਿ ਕੀ ਹਰ ਸ਼ਖ਼ਸ ਤੇ ਹਰ ਸ਼ੈ ਦੀ ਜਗ੍ਹਾ ਮੁਕਰੱਰ ਹੈ? ਜਿੱਥੇ ਜਨਮ ਲਿਆ, ਜਿਸ ਘਰ ਵਿਚ ਜਾਂ ਜਿਹੜੇ ਮਾਂ-ਬਾਪ ਦੇ ਪੈਦਾ ਹੋਏ, ਜਿਹੋ ਜਿਹੀ ਸਿੱਖਿਆ-ਸਿਖਲਾਈ ਹੋਈ। ਕੀ ਸਾਰੇ ਜੀਵਨ ਦਾ ਇਕੋ ਕੋਹਲੂ ਗੇੜ ਹੈ? ਜੇ ਜਿਊਣਾ ਇਸੇ ਦਾ ਨਾਂ ਹੈ ਤਾਂ ਕੀ ਪਾਪ, ਕੀ ਪੂੰਨ? ਬੀਂਡੇ ਦੀ ਮੌਤ ਨਿੰਦੀਆ ਹੱਥੋਂ ਹੋਣੀ ਸੀ। ਵਿਦੇਸ਼ ਵਿਚ ਆਪਣਾ ਇਕ ਸਥਾਨ ਬਣਾਉਣ ਲਈ ਨਿੰਦੀਆ ਦੇ ਸਾਰੇ ਯਤਨਾਂ ਸਾਹਵੇਂ ਜਿਹੜੇ ਲੋਕ ਅੜਚਣਾ-ਅੜਿੱਕੇ ਲਾ ਰਹੇ ਨੇ, ਉਹਨਾਂ ਦਾ ਕੀ ਦੋਸ਼? ਉਹ ਵੀ ਨਿੰਦੀਆ ਵਾਂਗ ਹੀ ਮਜ਼ਬੂਰ ਨੇ। ਵਿਚਾਰੇ ਉਹੀ ਕਰ ਰਹੇ ਨੇ ਜਿਹੜੇ ਕੰਮ, ਕਰਮ ਉਹਨਾਂ ਤੋਂ ਕਰਵਾ ਰਹੇ ਨੇ। ਸੋਚ ਕੇ ਬੋਲੋ ਜਾਂ ਬਿਨਾਂ ਸੋਚੇ, ਕੀ ਫਰਕ ਪੈਂਦਾ ਹੈ? ਦੇਵੀ ਸਰਸਵਤੀ ਮੂੰਹੋਂ ਕਢਵਾਉਂਦੀ ਹੈ ਲੋਕਾਂ ਤੋਂ ਪਤਾ ਨਹੀਂ ਕੀ-ਕੀ? ਹੁਣ ਨਿੰਦੀਆ ਦਾ ਦਿਲ ਦੁਖੇ ਤਾਂ ਕੀ, ਲੱਖਾਂ ਦਿਲ ਟੁੱਟਦੇ ਨੇ ਲੰਦਨ 'ਚ ਹਰ ਰੋਜ਼। ਖਾਸ ਕਰਕੇ ਨਿੰਦੀਆਂ ਵਰਗੇ ਕੱਚੇ ਕਰਮਚਾਰੀਆਂ ਦੇ, ਜਿਹਨਾਂ ਨੂੰ ਬਿਮਾਰੀ ਦੀ ਛੁੱਟੀ ਤਾਂ ਇਕ ਪਾਸੇ, ਹਫ਼ਤਾਵਾਰੀ ਛੁੱਟੀ ਦੀ ਦਿਹਾੜੀ ਵੀ ਨਹੀਂ ਮਿਲਦੀ।
ਦਫ਼ਤਰੋਂ ਸ਼ਾਮੀਂ ਵਾਪਸ ਘਰ ਪਹੁੰਚੀ ਤਾਂ ਨਿੰਦੀਆ ਸਿੱਧੀ ਨਾਹਉਣ ਕਮਰੇ ਵਿਚ ਚਲੀ ਗਈ, ਟਬ ਸਾਫ ਸੀ। ਸੋਚਿਆ ਕਿ ਕਿਤੇ ਇਸ ਸਮੇਂ ਬੀਂਡਾ ਨਾਲੀ ਦੀ ਲਿਸਲਿਸੀ ਕੰਧ ਦੇ ਸਹਾਰੇ ਫੇਰ ਨਾ ਚੜ੍ਹ ਰਿਹਾ ਹੋਵੇ। ਘਬਰਾ ਕੇ ਉਸਨੇ ਸ਼ਾਵਰ ਆਨ ਕਰ ਦਿੱਤਾ ਤਾਂ ਕਿ ਉਸਦੇ ਟਬ ਵਿਚ ਪਹੁੰਚਣ ਤੋਂ ਪਹਿਲਾਂ ਉਹ ਹੇਠਾਂ ਕਿਤੇ ਦੂਰ ਰੁੜ੍ਹ ਜਾਵੇ। ਉਸਨੂੰ ਲੱਗਿਆ ਸ਼ਾਇਦ ਬੀਂਡੇ ਨੂੰ ਦਿਖਾਈ ਨਹੀਂ ਦਿੰਦਾ। ਜਿੰਨਾਂ ਤੁਸੀ ਉਸ ਤੋਂ ਦੂਰ ਭੱਜਣ ਦਾ ਯਤਨ ਕਰਦੇ ਹੋ, ਉਹ ਓਨਾ ਹੀ ਤੁਹਾਡੇ ਵੱਲ ਦੌੜ ਆਉਂਦਾ ਹੈ 'ਆ ਬੈਲ ਮੁਝੇ ਮਾਰ।' ਸ਼ਾਇਦ ਨਿੰਦੀਆ ਦੇ ਅਧਿਕਾਰੀ ਵੀ ਉਸ ਤੋਂ ਡਰਦੇ ਹੋਣ। ਤਦੇ ਤਾਂ ਉਹ ਉਸ ਨਾਲ ਕਦੀ ਘੁਲਦੇ-ਮਿਲਦੇ ਨਹੀਂ। ਉਹ ਉਹਨਾਂ ਨੂੰ ਕਿੰਜ ਸਮਝਾਏ ਕਿ ਜੀਵਨ ਵਿਚ ਉਸਨੇ ਕੁਝ ਕਰਨਾ ਹੈ। ਉਸਨੂੰ ਇਕ ਮੌਕਾ ਤਾਂ ਦੇਣ। ਪਰ ਕੀ ਨਿੰਦੀਆ ਨੇ ਮੌਕਾ ਦਿੱਤਾ ਉਸ ਕੀੜੇ ਨੂੰ? ਉਸਨੂੰ ਖਿਝ ਚੜ੍ਹਨ ਲੱਗੀ। ਕਿੰਨੇ ਲੋਕ ਨੇ ਇਸ ਦੇਸ਼ ਵਿਚ ਜਿਹੜੇ ਕੀੜੇ-ਮਕੌੜਿਆਂ ਤੇ ਜਾਨਵਰਾਂ ਨੂੰ ਜਾਨ ਨਾਲੋਂ ਵੱਧ ਚਾਹੁੰਦੇ ਨੇ, ਉਹਨਾਂ ਨੂੰ ਚੱਟਦੇ ਰਹਿੰਦੇ ਨੇ ਤੇ ਖ਼ੁਦ ਨੂੰ ਚਟਵਾਉਂਦੇ ਰਹਿੰਦੇ ਨੇ। ਇਹ ਉਹਨਾਂ ਕੋਲ ਕਿਉਂ ਨਹੀਂ ਚਲਾ ਜਾਂਦਾ? ਨਿੰਦੀਆ ਹੀ ਦਿੱਲੀ ਵਾਪਸ ਕਿਉਂ ਨਹੀਂ ਚਲੀ ਜਾਂਦੀ? ਉਸਨੇ ਇਸ ਵਿਸ਼ੇ 'ਤੇ ਸੋਚਿਆ ਤੇ ਸੋਚ-ਸੋਚ ਕੇ ਜਦੋਂ ਥੱਕ ਗਈ ਤਾਂ ਉਸਨੇ ਸੋਚਿਆ ਕਿ ਮਨੁੱਖ ਹੋ ਕੇ ਜਦੋਂ ਉਸਦਾ ਆਪਣੇ ਆਪ ਉੱਤੇ ਵੱਸ ਨਹੀਂ ਤਾਂ ਇਕ ਕੀੜੇ ਤੋਂ ਉਹ ਕੀ ਆਸ ਕਰ ਰਹੀ ਸੀ! ਇਸ ਸਰੀਰ ਵਿਚ ਬੀਂਡੇ ਤੋਂ ਕੀ ਆਸ ਕੀਤੀ ਜਾ ਸਕਦੀ ਹੈ? ਕੈਸੇ ਕਰਮਾਂ ਨਾਲ ਉਸਨੂੰ ਨਿਰਵਾਣ ਮਿਲੇਗਾ। ਸ਼ਾਇਦ ਜਾਨਵਰਾਂ ਦੀ ਵੀ ਕੋਈ ਆਚਾਰ-ਸੰਹਿਤਾ ਹੋਵੇ ਜਿਵੇਂ ਇਨਸਾਨਾਂ ਦੀ ਹੈ। ਨਿੰਦੀਆ ਨੂੰ ਤਾਂ ਲੱਗਦਾ ਹੈ ਕਿ ਆਪੋ-ਆਪਣੀਆਂ ਆਸਾਂ ਨੂੰ ਚੰਗੇ ਜਾਂ ਲਾਭਵੰਤ ਆਚਰਣ ਦਾ ਨਾਂ ਦੇ ਕੇ ਇਕ ਦੂਜੇ ਤੋਂ ਆਪਣਾ ਕੰਮ ਕੱਢਣ ਦਾ ਦੂਜਾ ਨਾਂ ਹੀ ਆਚਾਰ ਸੰਹਿਤਾ ਹੈ ਕਿਉਂਕਿ ਲੋਕ ਆਪਣੀ ਸੌਖ ਅਨੁਸਾਰ ਨਿਯਮ ਬਣਾਉਂਦੇ ਨੇ ਪਰ ਜਦੋਂ ਖ਼ੁਦ 'ਤੇ ਪੈਂਦੀ ਹੈ ਤਾਂ ਉਹ ਨਿਯਮ ਬਦਲ ਦੇਂਦੇ ਨੇ। ਇਹੀ ਸਭ ਹੁੰਦਾ ਹੈ ਉਸਦੇ ਜੀਵਨ ਵਿਚ, ਉਸਦੇ ਦਫ਼ਤਰ ਵਿਚ। ਪਤਾ ਨਹੀਂ ਕਿੰਨੀ ਰਾਤ ਬੀਤੇ ਸੁੱਤੀ ਸੀ ਨਿੰਦੀਆ ਕਿ ਸਵੇਰੇ ਉਠਿਆ ਨਹੀਂ ਸੀ ਗਿਆ। ਬਿਨਾਂ ਨਹਾਤੇ ਤੇ ਬਿਨਾਂ ਕੁਝ ਖਾਧੇ ਉਹ ਭੱਜੀ ਸਟੇਸ਼ਨ ਵੱਲ।
ਪਤਾ ਨਹੀਂ ਨਿੰਦੀਆ ਨੂੰ ਅੱਜ ਕਿਉਂ ਲੱਗ ਰਿਹਾ ਹੈ ਕਿ ਕੁਝ ਹੋਣ ਵਾਲਾ ਹੈ, ਦਿਲ ਜਿਵੇਂ ਸੀਨੇ 'ਚੋਂ ਭੁੜਕ ਕੇ ਬਾਹਰ ਆ ਡਿੱਗੇਗਾ। ਟ੍ਰੇਨ ਵਿਚ ਨਿੰਦੀਆ ਨੂੰ ਝੱਟ ਬੈਠਣ ਦੀ ਜਗ੍ਹਾ ਮਿਲ ਗਈ ਸੀ, ਹਾਲਾਂਕਿ ਡੱਬਾ ਖਚਾਖਚ ਭਰਿਆ ਹੋਇਆ ਸੀ। ਬਹੁਤੀ ਵਾਰ ਡੰਡੇ ਨਾਲ ਲਟਕਦਿਆਂ ਪੂਰਾ ਹੁੰਦਾ ਹੈ ਉਸਦਾ ਸਫ਼ਰ। ਹਾਲਾਂਕਿ ਦੋ ਗੋਰੇ ਤੇ ਇਕ ਕਾਲੀ ਖੜ੍ਹੇ ਰਹੇ ਤੇ ਉਹ ਝਟ-ਪਟ ਬੈਠ ਗਈ। ਅਜੀਬ ਨੇ ਇਹ ਲੋਕ, ਨਾ ਇਹਨਾਂ ਦਾ ਝੱਟ ਅਗਾਂਹ ਹੋ ਕੇ ਬੈਠਣ ਦਾ ਮਨ ਹੁੰਦਾ ਹੈ ਤੇ ਨਾ ਹੀ ਘਰ ਜਾਣ ਦੀ ਕਾਹਲ। ਘੰਟਿਆਂ ਜਾਂ ਕਈ ਦਿਨਾਂ ਤਕ ਬਸ ਜਾਂ ਰੇਲ ਨਾ ਆਏ, ਇਹਨਾਂ ਦੇ ਮੱਥੇ ਵੱਟ ਨਹੀਂ ਪਏਗਾ। ਇੰਜ ਅਖ਼ਬਾਰ ਪੜ੍ਹਦੇ ਰਹਿਣਗੇ ਜਿਵੇਂ ਇਮਤਿਹਾਨ ਦੇਣਾ ਹੋਵੇ। ਦਿੱਲੀ ਹੁੰਦੀ ਤਾਂ ਲੋਕ ਚਪਰ-ਚਪਰ ਕਰਦੇ, ਨਾਅਰੇ ਲਾਉਂਣ ਲੱਗ ਪੈਂਦੇ, ਗਾਲ੍ਹਾਂ 'ਤੇ ਉਤਰ ਆਉਂਦੇ। ਇਹਨਾਂ ਲਈ ਕੋਈ ਐਲਾਨ ਹੋਵੇ ਤਾਂ ਠੀਕ, ਨਾ ਹੋਵੇ ਤਾਂ ਵੀ ਠੀਕ।
ਨਿੰਦੀਆ ਅਜੇ ਹਾਜ਼ਰੀ ਲਾ ਹੀ ਰਹੀ ਸੀ ਕਿ ਮਿਸ਼ਰਾ ਸਾਹਬ ਤੇ ਸ਼ਾਮਾ ਦਗੜ-ਦਗੜ ਕਰਦੇ ਕਮਰੇ 'ਚੋਂ ਬਾਹਰ ਆਏ। ਸੁਸ਼ਮਾ ਤੇ ਲਾਜ ਤਾਂ ਉਂਜ ਵੀ ਮਦਨ ਮੋਹਨ ਦੇ ਆਸ-ਪਾਸ ਘੰਮਦੇ ਰਹਿੰਦੇ ਨੇ। ਤਿੰਨਾਂ ਨੂੰ ਮਦਨ ਮੋਹਨ ਕੋਲ ਖੜ੍ਹੇ ਦੇਖ ਉਹ ਭੜਕ ਪਏ—“ਕੀ ਪਾਰਟੀ ਹੋ ਰਹੀ ਏ, ਕੋਈ ਕੰਮ ਕਾਰ ਨਹੀਂ ਹੈ ਕਿ?” ਸਾਰੇ ਕੀੜੇ ਜਾ ਲੁਕੇ ਆਪੋ-ਆਪਣੇ ਕੰਪਿਊਟਰਾਂ ਪਿੱਛੇ।
“ਕੱਲ੍ਹ ਵੱਡੇ ਸਾਬ ਆ ਰਹੇ ਨੇ।” ਭਾਵੇਂ ਸਾਰਿਆਂ ਦੇ ਕੰਨ ਖੜ੍ਹੇ ਹੋ ਗਏ ਪਰ ਉਹਨਾਂ ਸੋਚਿਆ ਕਿ ਯਵ੍ਹਦੇ ਫਿਰਨ। ਸਥਾਨਿਕ ਕਰਮਚਾਰੀਆਂ ਨਾਲ ਵੱਡੇ ਸਾ'ਬ ਕਦੀ 'ਹੈਲੋ' ਤਕ ਤਾਂ ਕਰਦੇ ਨਹੀਂ। ਆਪਣੇ ਐਲਾਨ ਦਾ ਕੁਝ ਅਸਰ ਨਾ ਹੁੰਦਾ ਦੇਖ ਕੇ ਉਹਨਾਂ ਇਕ ਗੁਸੈਲੀ ਨਿਗਾਹ ਕਮਰੇ ਵਿਚ ਬੈਠੇ ਕਰਮਚਾਰੀਆਂ ਤੇ ਮਾਰੀ ਤੇ ਬੋਲੇ, “ਸੁਣਿਆ ਨਹੀਂ ਕਿ? ਕਲ੍ਹ ਸਵੇਰੇ ਵੱਡੇ ਸਾਬ ਆ ਰਹੇ ਨੇ, ਅੱਜ ਸ਼ਾਮ ਤਕ ਸਾਰੀਆਂ ਫਾਈਲਾਂ ਅੱਪਡੇਟ ਕਰ ਲਓ। ਆਪਣੇ ਆਸੇ-ਪਾਸੇ ਥੋੜ੍ਹੀ ਸਫਾਈ ਵੀ ਕਰ ਲਓ ਤੇ ਕਲ੍ਹ ਸਵੇਰੇ ਸਾਰੇ ਟਾਈਮ 'ਤੇ ਆ ਜਾਣਾ। ਕਿਤੇ ਸੁੱਤੀ ਨਾ ਰਹਿ ਜਾਵੀਂ ਤੂੰ ਨਿੰਦੀਆ, ਮੈਂ ਹੁਣੇ ਦੱਸ ਰਿਹਾ ਤੈਨੂੰ।”
ਮੁਸਕੁਰਾਉਂਦੀ ਹੋਈ ਸ਼ਾਮਾ ਨੂੰ ਘੁਰਦੀ ਹੋਈ ਨਿੰਦੀਆ ਸੜ-ਭੁੱਜ ਗਈ। ਇਕ ਨਿੰਦੀਆ ਹੀ ਹੈ ਜਿਹੜੀ ਸਾਰਾ ਦਿਨ ਖਪਦੀ ਰਹਿੰਦੀ ਹੈ ਦਫ਼ਤਰ ਵਿਚ। ਇਕ ਜ਼ਰਾ ਜਿੰਨੀ ਦੇਰ ਨਾਲ ਆਉਣ ਬਦਲੇ ਉਹ ਸ਼ਾਮ ਨੂੰ ਘੰਟਾ ਵੱਧ ਬੈਠ ਕੇ ਕੰਮ ਕਰਦੀ ਹੈ। ਫੇਰ ਵੀ ਸਾਰਿਆਂ ਸਾਹਵੇਂ ਜ਼ਲੀਲ ਕੀਤਾ ਜਾਂਦਾ ਹੈ ਉਸਨੂੰ। ਸਵੇਰੇ ਸਮੇਂ ਸਿਰ ਆ ਕੇ ਵੀ ਬਾਕੀ ਲੋਕ ਕਿਹੜਾ ਤੀਰ ਮਾਰਦੇ ਨੇ, ਉਹ ਜਾਣਦੀ ਹੈ। ਸ਼ਾਮ ਨੂੰ ਵਧੇਰੇ ਕਰਮਚਾਰੀ ਪੰਦਰਾਂ-ਵੀਹ ਮਿੰਟ ਪਹਿਲਾਂ ਹੀ ਫੁੱਟ ਲੈਂਦੇ ਨੇ, ਉਸਦਾ ਕੁਝ ਨਹੀਂ।
“ਮੈਂ ਜਲਦੀ ਆਉਣ ਲਈ ਇਸ ਲਈ ਕਹਿ ਰਿਹਾਂ ਨਿੰਦੀਆ ਕਿ—ਕਲ੍ਹ ਤੂੰ-ਹੀ ਵੱਡੇ ਸਾਬ ਨੂੰ ਲਿਆਉਣਾ ਹੋਏਗਾ।” ਉਹ ਸਨੇਹ ਨਾਲ ਬੋਲੇ।
“ਕੀ ਗੱਲ ਕਰ ਰਹੇ ਓ ਸਰ, ਤੁਸੀਂ ਵੀ!” ਹੈਰਾਨ ਜਿਹੀ ਹੋਈ ਉਹ ਉਹਨਾਂ ਦੇ ਮੂੰਹ ਵੱਲ ਤੱਕਣ ਲੱਗ ਪਈ ਸੀ ਕਿ ਸ਼ਾਇਦ ਉਹ ਮਜ਼ਾਕ ਕਰ ਰਹੇ ਹੋਣ।
“ਸਾਬ ਦਾ ਪਲੈਨ ਅਚਾਨਕ ਬਣ ਗਿਆ ਏ। ਕਲ੍ਹ ਸਵੇਰੇ ਮੈਂ ਨਾਰਵਿਚ ਜਾਣਾ ਏਂ। ਦੁਪਹਿਰ ਨੂੰ ਸ਼ਾਮਾ ਦਾ ਯੂਨੀਵਰਸਟੀ 'ਚ ਪ੍ਰੈਜੇਨਟੇਸ਼ਟ ਏ।”
“ਪਰ ਸਰ ਮੈਂ...”
“ਹੁਣ ਡਰਾਈਵਰ ਨੂੰ ਇਕੱਲੇ ਤਾਂ ਨਹੀ ਭੇਜ ਸਕਦੇ ਨਾ। ਵੱਡੇ ਸਾਬ ਤਿੰਨ ਕੁ ਵਜੇ ਪਹੁੰਚ ਜਾਣਗੇ। ਮਦਨ, ਚਾਹ-ਪਾਣੀ ਦਾ ਇੰਤਜ਼ਾਮ ਕਰ ਲੈਣਾ, ਜਰਾ ਕਾਜੂ-ਸ਼ਾਜੂ ਮੰਗਵਾ ਲੈਣਾ।”
“ਪਰ ਸਰ ਮੈਂ...”
“ਕੀ ਮੈਂ ਮੈਂ ਲਾ ਰੱਖੀ ਏ ਤੈਂ ਨਿੰਦੀਆ, ਸੁਸਮਾ ਨੂੰ ਕਹਿੰਦਾ ਤਾਂ ਇਹ ਖੁਸ਼ੀ ਨਾਲ ਭੁੜਕਦੀ ਹੋਈ ਆਉਂਦੀ, ਘਬਰਾਉਣ ਵਾਲੀ ਕੋਈ ਗੱਲ ਨਹੀਂ ਐ, ਸ਼ਾਮਾ ਸਮਝਾ ਦਵੇਗੀ ਤੈਨੂੰ ਸਭ ਤੇ ਜਦੋਂ ਤੱਕ ਵੱਡੇ ਸਾਬ ਦਫ਼ਤਰ ਪਹੁੰਚਣਗੇ, ਸ਼ਾਮਾ ਵਾਪਸ ਆ ਈ ਗਈ ਹੋਏਗੀ।”
“ਸਰ, ਸਾਨੂੰ ਵੱਡੇ ਸਾਬ ਦਾ ਫੁੱਲਾਂ ਨਾਲ ਸਵਾਗਤ ਕਰਨਾ ਚਾਹੀਦਾ ਏ।” ਸੁਸ਼ਮਾ ਨੇ ਆਪਣੀ ਹੋਂਦ ਦਰਜ ਕਰਵਾ ਹੀ ਦਿੱਤੀ।
“ਦੇਟ ਇਜ ਏ ਗੁੱਡ ਆਈਡੀਆ, ਸਟੇਸ਼ਟ ਤੋਂ ਆਉਂਦੀ ਹੋਈ ਫੁੱਲਾਂ ਦਾ ਇਕ ਗੁਲਦਸਤਾ ਵੀ ਖਰੀਦ ਲਿਆਵੀਂ ਨਿੰਦੀਆ।” ਸਾਹਬ ਨੇ ਸੁਸ਼ਮਾ ਨੂੰ ਫੇਰ ਨਜ਼ਰ-ਅੰਦਾਜ਼ ਕਰ ਦਿੱਤਾ।
“ਨਿੰਦੀਆ ਕਿੱਥੇ ਚੁੱਕੀ ਫਿਰੇਗੀ ਸਰ, ਸਵੇਰੇ ਮੈਂ ਹੀ ਲੈ ਆਵਾਂਗੀ ਕਾਰ ਵਿਚ।” ਸੁਸ਼ਮਾ ਤੇ ਨਿੰਦੀਆ ਵਰਗੀਆਂ ਛੋਟੀਆਂ ਮੱਛੀਆਂ ਨੂੰ ਨਿਗਲਣਾ ਸ਼ਾਮਾ ਨੂੰ ਖ਼ੂਬ ਆਉਂਦਾ ਹੈ। ਚਾਰ ਪਾਉਂਡ ਦੇ ਫੁੱਲ ਖਰੀਦ ਕੇ ਉਹ ਪੱਚੀ ਪਾਊਂਡ ਦਾ ਬਿੱਲ ਮਦਨ ਮੋਹਨ ਨੂੰ ਫੜਾ ਦਵੇਗੀ।
“ਸ਼ਾਮਾ, ਤੂੰ ਕੀ ਕੀ ਕਰੇਂਗੀ, ਨਿੰਦੀਆ ਨੂੰ ਈ ਲਿਆਉਣ ਦੇ, ਇਸਦੀ ਚਵਾਇਸ ਵੀ ਅੱਛੀ ਐ।”
ਸ਼ਾਮਾ ਦਾ ਚਿਹਰਾ ਕੁਝ ਹੋਰ ਸ਼ਿਆਮ ਹੋ ਗਿਆ ਤੇ ਉਸ਼ਾ ਵਰਗੀ ਗੁਲਾਬੀ ਹੋ ਗਈ ਨਿੰਦੀਆ।
ਦੋਵਾਂ ਦੇ ਬਾਹਰ ਜਾਂਦਿਆਂ ਹੀ ਸਾਰੇ ਕੀੜੇ-ਮਕੌੜੇ ਇਕ ਜਗ੍ਹਾ ਇਕੱਠੇ ਹੋ ਗਏ, ਐਲਾਨ ਨੂੰ ਸ਼ਹਿਦ ਵਾਂਗ ਚੱਟਣ ਲੱਗੇ।
'ਮੈਨੂੰ ਏਅਰ-ਪੋਰਟ ਭੇਜਣ ਪਿੱਛੇ ਇਹਨਾਂ ਦੋਵਾਂ ਦੀ ਕੋਈ ਚਾਲ ਤਾਂ ਨਹੀਂ।' ਨਿੰਦੀਆ ਦੀ ਨੀਂਦ ਸ਼ਾਮਾ ਨੇ ਹਰਾਮ ਕਰ ਰੱਖੀ ਸੀ। ਕਿਸੇ ਅਣਹੋਣੀ ਘਟਨਾ ਦੇ ਹੋਣ ਦਾ ਅਹਿਸਾਸ ਉਸਨੂੰ ਸਵੇਰ ਤੋਂ ਹੀ ਹੋ ਰਿਹਾ ਹੈ।
“ਨਿੰਦੀਆ ਤੂੰ ਵੀ ਬਸ, ਭਗਵਾਨ ਨੇ ਸਾਨੂੰ ਇਕ ਮੌਕਾ ਦਿੱਤਾ ਏ ਤੇ ਤੂੰ।”
“ਵੱਸੇ ਸਾਹਬ ਦੇ ਸਾਹਮਣੇ ਸਾਨੂੰ ਆਪਣੀਆਂ ਮੰਗਾਂ ਰੱਖਣੀਆਂ ਚਾਹੀਦੀਆਂ ਨੇ, ਇਹ ਕੰਮ ਤੂੰ ਹੀ ਕਰ ਸਕਦੀ ਏਂ।”
“ਮੈਂ ਤੇ ਤਵਾਨੂੰ ਲਿਕ ਕੇ ਦੇ ਸਕਦਾ ਹਾਂ ਕਿ ਕੁਜ ਨਹੀਂ ਹੋਣ ਵਾਲਾ, ਐਵੇਂਈ ਟੈਮ ਖਰਾਬ ਕਰਨ ਵਾਲੀ ਗੱਲ ਏ।”
“ਉਸ ਨਾਲ ਕੁਝ ਨਹੀਂ ਹੋਏਗਾ, ਉਹ ਜੇਬ 'ਚ ਪਾ ਕੇ ਤੁਰਦਾ ਹੋਏਗਾ।”
“ਨਿੰਦੀਆ ਅਜਿਹਾ ਮੌਕਾ ਪਤਾ ਨਹੀਂ ਫੇਰ ਸਾਨੂੰ ਮਿਲੇ ਨਾ ਮਿਲੇ।”
“ਪੰਜ ਸਾਲ ਤੋਂ ਸਾਡੀ ਸੇਲਰੀ ਨਹੀਂ ਵਧਾਈ ਗਈ।”
“ਤੇ ਨਾ ਹੀ ਕਦੀ ਵਧਾਈ ਜਾਏਗੀ।”
“ਯੂ ਸ਼ਟ ਅੱਪ, ਰਾਜੇਂਦਰ।”
“ਦੁਨੀਆਂ ਕਿੱਥੋਂ ਕਿੱਥੇ ਪਹੁੰਚ ਗਈ ਤੇ ਅਸੀਂ ਲੋਕਲਸ ਓਥੇ ਦੇ ਓਥੇ ਈ ਪਏ ਆਂ।”
“ਕਾਉਂਸਲ ਟੈਕਸ ਲੱਗ ਜਾਣ ਤੋਂ ਬਾਅਦ ਤਾਂ ਸਾਨੂੰ ਖਾਣੇ ਦੇ ਵੀ ਲਾਲੇ ਪੈ ਜਾਣਗੇ।”
“ਮਦਨ ਸਰ ਤੋਂ ਹੈਲਪ ਮੰਗ ਸਕਦੇ ਆਂ।”
“ਕੀ ਤੂੰ ਸੁਣਿਆ ਨਹੀਂ ਸੀ ਕਿ ਸੁਸ਼ਮਾ? ਜਦੋਂ ਸਰ ਨੇ ਰਾਜੇਂਦਰ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ।”
“ਕੀ, ਕਦੋਂ?”
“ਰਾਜੇਂਦਰ ਨੇ ਉਹਨਾਂ ਨੂੰ ਸੇਲਰੀ ਵਧਾਉਣ ਲਈ ਵੱਡੇ ਸਾਬ ਨਾਲ ਗੱਲ ਕਰਨ ਦੀ ਰਿਕਵੈਸਟ ਕੀਤੀ ਸੀ ਤਾਂ ਬੋਲੇ—'ਤੇਰੇ ਵਰਗੇ ਭਗੌੜੇ ਦਾ ਠੇਕਾ ਲਿਆ ਹੋਇਐ ਕੀ ਅਸੀਂ? ਸਾਡੀਆਂ ਆਪਣੀਆ ਪ੍ਰੇਸ਼ਾਨੀਆਂ ਕੀ ਘੱਟ ਨੇ ਜੋ ਅਸੀਂ ਲੋਕਲਸ ਦਾ ਹਾਲਚਾਲ ਪੁੱਛਦੇ ਫਿਰੀਏ?'”
“ਹਾਲ ਨਾ ਪੁੱਛਣ ਕਮ ਸੇ ਕਮ ਡੀ ਸੈਂਟ ਸੇਲਰੀ ਤਾਂ ਦੇਣ।”
“ਹਾਂ, ਜਿਹੜੀਆਂ ਸੌਖਾਂ ਉਹ ਇੰਡੀਆ ਬੇਸਡ ਨੂੰ ਦੇਂਦੇ ਨੇ, ਉਹ ਤਾਂ ਦੇਣ।”
“ਇੰਡੀਆ ਬੇਸਡ ਕੀ ਜਾਣਨ ਲੋਕਲਸ ਦੀਆਂ ਮਜ਼ਬੂਰੀਆਂ, ਕਿੰਜ ਅਸੀਂ ਗੁਜ਼ਾਰਾ ਕਰਕੇ ਆਂ ਏਨੀ ਘੱਟ ਇਨਕਮ ਵਿਚ?”
“ਉਹ ਤਾਂ ਸੋਚਦੇ ਨੇ ਕਿ ਅਸੀਂ ਲੰਦਨ 'ਚ ਮਜ਼ੇ ਕਰ ਰਹੇ ਆਂ।”
“ਐਂਡ ਦੇ ਹੈਵ ਟੂ ਗੋ ਬੈਕ।”
“ਇਹਨਾਂ ਨੂੰ ਰਹਿਣ ਲਈ ਘਰ ਮੁਫ਼ਤ। ਉਪਰੋਂ ਟੈਕਸ ਵੀ ਨਹੀਂ ਦੇਣਾ ਪੈਂਦਾ।”
“ਇਹ ਸਭ ਛੱਡੋ ਤੇ ਬੈਠ ਕੇ ਲੋਕਲਸ ਦੀ ਪਰਾਬਲਮਸ ਤੇ ਸੈਲਰੀ ਦੇ ਵਿਸ਼ੇ 'ਚ ਇਕ ਚੰਗਾ ਜਿਹਾ ਪੈਟਿਸ਼ਨ ਬਨਾਓ।”
“ਪਟਿਸ਼ਨ ਤਾਂ ਬਣ ਜਾਏਗਾ, ਉਸਨੂੰ ਫੜਾਏਗਾ ਕੌਣ?”
“ਸੋਚੋ, ਕਲ੍ਹ ਸਵੇਰ ਤਕ ਕੋਈ ਤਿਕੜਮ ਲਾਓ ਤਾਂ ਕੰਮ ਬਣ ਸਕਦਾ ਏ।”
“ਸਮਾਂ ਬਰਬਾਦ ਕਰ ਰਹੇ ਓ ਤੁਸੀ ਸਾਰੇ, ਵੱਡੇ ਸਾਬ ਆਉਣਗੇ ਤੇ ਕਾਜੂ ਖਾ ਕੇ ਚਲੇ ਜਾਣਗੇ।”
“ਇਹ ਇੰਡੀਆ ਬੇਸਡ ਤਾਂ ਬਸ ਆਪਣੀਆਂ ਮੰਗਾਂ ਰੱਖਣਗੇ ਉਹਨਾਂ ਸਾਹਮਣੇ।”
“ਕਿਸੇ ਤਰ੍ਹਾਂ ਸ਼ਾਮਾ ਨੂੰ ਰਾਜ਼ੀ ਕਰ ਸਕੋਂ ਤਾਂ ਕੰਮ ਬਣ ਸਕਦਾ ਏ। ਉਹ ਹੈਡ ਆਫ਼ਿਸ 'ਚ ਐ ਤੇ ਵੱਡੇ ਬਾੱਸ ਤਾਂ ਪਹਿਲਾਂ ਉਸਦੀ ਓ ਸੁਣਨਗੇ।”
“ਸ਼ਾਮਾ ਤੇ ਲੋਕਲਸ ਦੀ ਹੈਲਪ, ਯੂ ਮਸਟ ਬੀ ਜੋਕਿੰਗ।”
“ਸ਼ਾਮਾ ਦੇ ਵੱਸ ਦਾ ਕੁਝ ਨਹੀਂ। ਉਹ ਤਾਂ ਆਪਣਾ ਕੰਮ ਵੀ ਸਾਡੇ ਸਿਰ ਮੜ੍ਹ ਦਿੰਦੀ ਐ।”
“ਲੱਗਦਾ ਏ ਸ਼ਾਮਾ ਨੇ ਪਿਛਲੇ ਜਨਮ ਵਿਚ ਮੋਤੀ ਦਾਨ ਕੀਤੇ ਹੋਣਗੇ।”
“ਅੱਜ ਕਲ੍ਹ ਮੋਤੀ ਦਾਨ ਕਰਨ ਨਾਲ ਕੰਮ ਨਹੀਂ ਚੱਲਦਾ ਤੇ ਵੱਡੇ ਸਾਬ ਸਿਰਫ ਮੋਤੀਆਂ ਨਾਲ ਖੁਸ਼ ਨਹੀਂ ਹੁੰਦੇ।”
“ਕੀ ਮਤਲਬ?”
“ਜਿਵੇਂ ਤੁਹਾਨੂੰ ਨਹੀਂ ਪਤਾ, ਸ਼ਾਮਾ ਦੀ ਲੰਦਨ ਦੀ ਪੋਸਟਿੰਗ ਉਂਜ ਈ ਤਾਂ ਨਹੀਂ ਹੋ ਗਈ ਸੀ।”
“ਫੇਰ ਤਾਂ ਸ਼ਾਮਾ ਨੂੰ ਹੀ ਪਟਾਉਣਾ ਪਏਗਾ।”
“ਹੁਣ ਉਹਨਾਂ ਸ਼ਾਮਾ ਦੀ ਤੇ ਸ਼ਾਮਾ ਨੂੰ ਉਹਨਾਂ ਦੀ ਲੋੜ ਨਹੀਂ ਰਹੀ।”
“ਹੋਰ ਫੇਰ?”
“ਬਲੀ ਲਈ ਤਾਜ਼ਾ ਖੂਨ ਚਾਹੀਦੈ।”
“ਕੀ ਗੱਲ ਕਰਦੀ ਏਂ, ਤੂੰ ਵੀ ਲਾਜ?”
“ਆਸਕ ਲਾਲ ਸਿੰਘ, ਪਿਛਲੇ ਸਾਲ ਵੱਡੇ ਬਾੱਸ ਨੇ ਕਾਰਲਾ ਨੂੰ ਹੋਟਲ ਚੱਲਣ ਲਈ ਕਿਹਾ ਸੀ ਕਿ ਨਹੀਂ...”
“ਫੇਰ?”
“ਫੇਰ ਕੀ, ਕਾਰਲਾ ਨੇ ਓਹਦੇ ਮੂੰਹ ਉੱਤੇ ਅਸਤੀਫ਼ਾ ਦੇ ਮਾਰਿਆ। ਵੱਡੇ ਸਾਬ ਨੇ ਕਿਹਾ ਕਿ ਲਾਲ ਸਿੰਘ ਸਿੱਧਾ ਸੋਹੋ ਚੱਲ। ਮੈਂ ਕੀ ਕਰਦਾ, ਛੱਡ ਆਇਆ ਓਹਨੂੰ ਰੇਡਲਾਈਟ ਏਰੀਏ ਵਿੱਚ।”
“ਮਾਈ ਗੌਡ, ਬੇਸ਼ਰਮ ਕਿਤੋਂ ਦਾ। ਕੀ ਖ਼ੁਦ ਨਹੀਂ ਜਾ ਸਕਦਾ ਸੀ, ਚੁੱਪਚਾਪ?”
“ਓਹਨੂੰ ਕਿਸੇ ਦਾ ਡਰ ਮਾਰਿਐ?”
“ਓਹਦੀ ਵਾਈਫ਼ ਐਨੀ ਸੋਹਣੀ ਏਂ ਕਿ ਮੈਂ ਤਵਾਨੂੰ ਦੱਸ ਨਹੀਂ ਸਕਦਾ, ਫੇਰ ਵੀ ਬਾਜ ਨਈਂਓਂ ਆਂਦਾ।”
“ਜੇ ਇਹ ਗੱਲ ਏ ਤਾਂ ਮੈਂ ਤਾਂ ਉਸਦੇ ਨੇੜੇ ਵੀ ਨਹੀਂ ਫਟਕਾਂਗੀ, ਰਾਜੇਂਦਰ ਨੂੰ ਅੱਗੇ ਕਰਨਾ ਚਾਹੀਦੈ, ਉਹ ਸਾਥੋਂ ਸਰਿਆਂ ਤੋਂ ਸੀਨੀਅਰ ਵੀ ਐ।”
“ਮੈਂ ਤਾਂ ਵੀਹ ਸਾਲ ਦਾ ਕੂਕੀ ਜਾ ਰਿਹਾਂ, ਅੱਜ ਤਕ ਮੇਰੀ ਕਿਸੇ ਨੇ ਨਹੀਂ ਸੁਣੀ। ਮੇਰੀ ਵਾਈਫ਼ ਦੀ ਜਦੋਂ ਦੇਖੋ ਸੇਲਰੀ ਵਧੀ ਹੁੰਦੀ ਐ ਤੇ ਮੈਂ ਖੁਸ਼ ਹੋਣ ਦੀ ਬਜਾਏ ਅੰਬੈਰੇਸਡ ਹੋ ਜਾਂਦਾ ਵਾਂ।”
“ਤਾਂ ਫੇਰ ਕੀ ਕੀਤਾ ਜਾਏ?”
“ਅਸੀਂ ਇੱਥੇ ਬਾਰ੍ਹਾਂ ਸਾਲ ਦੇ ਆਂ, ਇਹ ਗੱਲ ਪੱਲੇ ਬੰਨ੍ਹ ਲਓ ਕਿ ਸਾਡਾ ਕੁਛ ਨਹੀਂ ਹੋ ਸਕਦਾ।”
“ਯੂ ਸ਼ਟ ਅੱਪ, ਪਹਿਲੀ ਵੇਰ ਸਾਨੂੰ ਇਕ ਮੌਕਾ ਮਿਲਿਆ ਏ ਤੇ ਸਾਨੂੰ ਇਹ ਗੰਵਾਉਣਾ ਨਹੀਂ ਚਾਹੀਦਾ। ਮੈਂ ਤਾਂ ਕਹਿੰਦੀ ਆਂ ਕਿ ਕੱਲ੍ਹ ਜਦੋਂ ਨਿੰਦੀਆ ਵੱਡੇ ਸਾਬ ਨੂੰ ਫੁੱਲ ਫੜਾਏ, ਉਦੋਂ ਹੀ ਸਾਡੀ ਪੈਟਿਸ਼ਨ ਵੀ ਉਹਨਾਂ ਨੂੰ ਫੜਾ ਦਵੇ।”
“ਤੁਹਾਡੀ ਸਾਰਿਆਂ ਦੀ ਖਾਤਰ ਹਮੇਸ਼ਾ ਮੈਂ ਹੀ ਬੁਰੀ ਬਣਦੀ ਆਂ, ਹੋਰ ਕਿਸੇ ਨੂੰ ਕਿਓਂ ਨਹੀਂ ਕਹਿੰਦੇ?”
“ਮੈਂ ਨਹੀਂ ਡਰਦਾ ਕਿਸੇ ਤੋਂ, ਮੈਨੂੰ ਫੜਾਓ ਇਹ ਪਟੀਸ਼ਨ, ਮੈਂ ਦੇ ਦਵਾਂਗਾ ਓਹਨੂੰ ਏਅਰ ਪੋਰਟ ਤੋਂ ਉਤਰਦੇ ਨੂੰ ਈ।”
“ਬਸ ਫੇਰ ਤਾਂ ਹੋ ਗਿਆ ਸਾਡਾ ਕੰਮ।”
“ਕੀ ਮਤਲਬ ਏ ਤਵਾਡਾ!”
“ਮੇਰਾ ਮਤਲਬ ਏ ਕਿ ਹਿਸਟਰੀ 'ਚ ਪਹਿਲੀ ਵੇਰ ਇਕ ਲੋਕਲ ਨੂੰ ਵੱਡੇ ਸਾਹਬ ਦਾ ਵੈਲਕਮ ਕਰਨ ਦੀ ਆਪਰਟਯੂਨਿਟੀ ਮਿਲੀ ਏ, ਸਾਨੂੰ ਸੋਚ-ਸਮਝ ਕੇ ਪੈਰ ਪੁੱਟਣਾ ਚਾਹੀਦਾ ਏ।”
“ਓਹ ਗੱਲ ਵੱਖਰੀ ਏ।”
“ਬਸ ਤੂੰ ਹੀ ਸਾਡਾ ਸਹਾਰਾ ਏਂ ਨਿੰਦੀਆ।”
“ਸੋਹਣੀ ਕੁੜੀ ਵੇਖ ਕੇ ਤਾਂ ਵੱਡਾ ਸਾਬ ਸਾਦੇ ਕਾਗਜ਼ ਉੱਤੇ ਵੀ ਸੈਨ ਕਰ ਦਵੇਗਾ।”
“ਨਿੰਦੀਆ ਨੂੰ ਦੇਖ ਕੇ ਤਾਂ ਉਹ ਇੰਜ ਪਿਘਲੇਗਾ ਕਿ...”
“ਜੇ ਉਹ ਪਿਘਲ ਗਿਆ ਤਾਂ ਮੇਰਾ ਕੀ ਹੋਏਗਾ ਕਾਲੀਆ...”
“ਵੈਸੇ ਵੀ ਕਿਹੜਾ ਘੱਟ ਭੁਗਤਦੇ ਆਂ ਅਸੀਂ ਲੋਕ, ਕਿਸੇ ਆਦਰਸ਼ ਲਈ ਭੁਗਤਣ ਵਿਚ ਕੁਛ ਹੋਰ ਹੀ ਮਜ਼ਾ ਆਏਗਾ।”
“ਤੇ ਜੇ ਮੈਨੂੰ ਨੌਕਰੀਓਂ ਈ ਕੱਢ ਦਿੱਤਾ ਤਾਂ ਤੁਸੀਂ ਖੁਆਏਂਗੇ ਮੈਨੂੰ ਘਰ ਬੈਠੀ ਨੂੰ?”
“ਮੇਰੀ ਸ਼ਾਦੀ ਨਾ ਹੋਈ ਹੁੰਦੀ ਤਾਂ ਮੈਂ ਜ਼ਰੂਰ...”
“ਨਿੰਦੀਆ, ਵੈਸੇ ਇਸ ਕਾਰਨ ਨੂੰ ਲੈ ਕੇ ਵੱਡੇ ਸਾਬ ਕੋਈ ਪੰਗਾ ਨਹੀਂ ਕਰਨਗੇ।”
“ਜੇ ਉਹਨਾਂ ਕਹਿ ਦਿੱਤਾ ਕਿ ਮੈਂ ਹੀ ਉਹਨਾਂ ਨੂੰ ਛੇਡ ਰਹੀ ਸੀ ਤਾਂ ਲੋਕ ਤਾਂ ਉਹਨਾਂ ਦੀ ਸੁਣਨਗੇ ਨਾ।”
“ਜ਼ਰਾ ਕਹਿ ਕੇ ਤਾਂ ਦੇਖਣ।”
“ਠੀਕ ਐ, ਤੁਸੀਂ ਲੋਕ ਮੈਨੂੰ ਮਰਵਾ ਕੇ ਈ ਸਾਹ ਲਓਗੇ, ਪਰ ਮੈਂ ਵੀ ਕਿਸੇ ਤੋਂ ਨਹੀਂ ਡਰਦੀ, ਅਤਿਆਚਾਰ ਦੇ ਖ਼ਿਲਾਫ਼ ਮੈਂ ਸਿਰ ਝੁਕਾਉਣਾ ਨਹੀਂ ਸਿੱਖਿਆ।”
“ਨਿੰਦੀਆ ਜ਼ਿੰਦਾਬਾਦ, ਨਿੰਦੀਆ ਜ਼ਿੰਦਾਬਾਦ।”
ਸਰ ਤੇ ਸ਼ਾਮਾ ਦੇ ਦਫ਼ਤਰ ਵਿਚੋਂ ਨਿਕਲਦਿਆਂ ਹੀ ਸਾਰੇ ਨਿੰਦੀਆ ਦੀ ਮੇਜ਼ ਦੁਆਲੇ ਆ ਜੁੜੇ ਤੇ ਕਾਰਵਾਈ ਸ਼ੁਰੂ ਹੋ ਗਈ ਉਹਨਾਂ ਦੇ ਮੰਗ-ਪੱਤਰ ਦੀ। ਉਹ ਇਕ ਸਤਰ ਟਾਈਪ ਕਰਦੀ ਤੇ ਲੋਕ ਉਸਨੂੰ ਦਸ ਹਦਾਇਤਾਂ ਦੇ ਦੇਂਦੇ।
“ਇੰਜ ਤਾਂ ਮੈਥੋਂ ਨਹੀਂ ਲਿਖਿਆ ਜਾਣਾ, ਤੁਸੀਂ ਸਾਰੇ ਘਰ ਜਾਓ। ਮੈਂ ਖ਼ੂਦ ਟਾਈਪ ਕਰਕੇ ਤੁਹਾਨੂੰ ਸਾਰਿਆਂ ਨੂੰ ਈ.ਮੇਲ ਕਰ ਦਿਆਂਗੀ ਤੇ ਤੁਹਾਡੇ ਕਮੈਂਟਸ ਮਿਲਣ 'ਤੇ ਇਨਕੌਰਪੋਰੇਟ ਕਰ ਲਵਾਂਗੀ, ਠੀਕ ਏ।”
ਨਿੰਦੀਆ ਰਾਤ ਦੇ ਅੱਠ ਵਜੇ ਤਕ ਬੈਠੀ ਮੰਗ-ਪੱਤਰ ਦਾ ਮਸੌਦਾ ਤਿਆਰ ਕਰਦੀ ਰਹੀ। ਜਿਵੇਂ ਹੀ ਉਹ ਘਰ ਜਾਣ ਲਈ ਉੱਠੀ, ਉਸਨੂੰ 'ਸਰ' ਤੇ ਸ਼ਾਮਾ ਅੰਦਰ ਆਉਂਦੇ ਹੋਏ ਦਿਖਾਈ ਦਿੱਤੇ। ਉਸਨੂੰ ਉੱਥੇ ਦੇਖ ਕੇ ਉਹ ਤ੍ਰਬਕੇ। ਦੇਰ ਹੋ ਜਾਣ ਦਾ ਬਹਾਨਾ ਬਣਾ ਕੇ ਨਿੰਦੀਆ ਕਾਹਲ ਨਾਲ ਬਾਹਰ ਨਿਕਲ ਗਈ। ਉਹ ਜ਼ਰੂਰ ਸੋਚਣਗੇ ਕਿ ਏਨੀ ਦੇਰ ਤਕ ਉਹ ਦਫ਼ਤਰ ਵਿਚ ਕੀ ਕਰ ਰਹੀ ਸੀ। ਪਰ ਉਹ ਤਾਂ ਰੋਜ਼ ਹੀ ਦੇਰ ਤਕ ਬੈਠਦੀ ਹੈ, ਅੱਜ ਕੁਝ ਵੱਧ ਹੀ ਦੇਰ ਹੋ ਗਈ, ਪਰ ਵੱਡੇ ਸਾਹਬ ਜੋ ਆ ਰਹੇ ਨੇ ਕਲ੍ਹ।
ਘਰ ਜਾ ਕੇ ਵੀ ਨਿੰਦੀਆ ਬਿਨਾਂ ਖਾਣਾ ਖਾਧੇ ਹੀ ਬੈਠ ਗਈ, ਸਾਰਿਆਂ ਨੂੰ ਈ-ਮੇਲ ਕਰਨ। ਉਸਨੇ ਸੋਚਿਆ ਕਿ ਕਿਤੇ ਸ਼ਾਮਾ ਨੂੰ ਸ਼ੱਕ ਹੋ ਗਿਆ ਤੇ ਉਸਨੇ ਕੰਪਿਊਟਰ ਖੋਲ੍ਹ ਕੇ ਉਹਨਾਂ ਦਾ ਮੰਗ-ਪੱਤਰ ਪੜ੍ਹ ਲਿਆ ਤਾਂ ਕੀ ਹੋਏਗਾ? ਪਰ ਸ਼ਾਮਾ ਨੂੰ ਤਾਂ ਕੰਪਿਊਟਰ ਲੌਗ ਕਰਨਾ ਵੀ ਨਹੀਂ ਆਉਂਦਾ। ਦੇਰ ਰਾਤ ਤਕ ਮੰਗ-ਪੱਤਰ ਵਿਚ ਫੇਰ ਬਦਲ ਕੀਤਾ ਜਾਂਦਾ ਰਿਹਾ। ਫੇਰ ਜਦੋਂ ਨਿੰਦੀਆ ਸੌਣ ਲੱਗੀ ਤਾਂ ਸੁਸ਼ਮਾ ਦਾ ਫ਼ੋਨ ਆ ਗਿਆ ਤੇ ਖਾਸੀ ਦੇਰ ਉਹ ਵੱਡੇ ਸਾਹਬ ਨੂੰ ਰਿਝਾਉਣ ਦੀਆਂ ਤਰਕੀਬਾਂ ਦੱਸਦੀ ਰਹੀ। ਨਿੰਦੀਆ ਕੀ ਪਾਵੇ, ਉਹਨਾਂ ਨਾਲ ਕਿੰਜ ਹੱਥ ਮਿਲਾਵੇ, ਅੱਖਾਂ ਝੁਕਾ ਕੇ ਤੇ ਪਲਕਾਂ ਝਪਕਾ ਕੇ ਉਹਨਾਂ ਨੂੰ ਕਿੰਜ ਰਿਝਾਵੇ, ਵੱਡੇ ਸਾਹਬ ਕੋਲ ਆਉਣ ਦੀ ਕੋਸ਼ਿਸ਼ ਕਰਨ ਤਾਂ ਤੁਣਕਾ ਲਾ ਕੇ ਕਿੰਜ ਦੂਰ ਸਰਕ ਜਾਵੇ—ਵਗ਼ੈਰਾ ਵਗ਼ੈਰਾ। ਨਿੰਦੀਆ ਨੂੰ ਲੱਗਿਆ ਕਿ ਮਿਸ਼ਰਾ ਸਰ ਨੂੰ ਉਸਦੀ ਬਜਾਏ ਸੁਸ਼ਮਾ ਨੂੰ ਹੀ ਏਅਰ ਪੋਰਟ ਭੇਜਣਾ ਚਾਹੀਦਾ ਸੀ। ਇਕ ਮਨ ਹੋਇਆ ਸੁਸ਼ਮਾ ਨੂੰ ਮੌਕਾ ਦੇਣ ਲਈ ਬਿਮਾਰੀ ਦਾ ਬਹਾਨਾ ਕਰਕੇ ਕੇ ਘਰ ਬੈਠ ਜਾਏ, ਪਰ ਸਵੈਮਾਣ ਵਿਚਕਾਰ ਆਣ ਖੜ੍ਹਾ ਹੋਇਆ। ਮਨ ਵਿਚ ਤਾਂ ਲੱਡੂ ਫੁੱਟ ਰਹੇ ਸਨ ਕਿ ਮਿਸ਼ਰਾ ਸਰ ਨੇ ਉਸਨੂੰ ਚੁਣਿਆ ਹੈ। ਉਹਨਾਂ ਦੇ ਵਿਸ਼ਵਾਸ ਨੂੰ ਭਲਾ ਉਹ ਕਿੰਜ ਠੇਸ ਪਹੁੰਚਾਏ?
ਜੇ ਤਨਖ਼ਾਹ ਵਧਾ ਦਿੱਤੀ ਗਈ ਤਾਂ ਸਭ ਤੋਂ ਪਹਿਲਾਂ ਉਹ ਬਾਬਾ ਤੇ ਮਾਂ ਲਈ ਮਾਰਕਸ ਐਂਡ ਸਪੈਂਸਰ ਤੋਂ ਵਧੀਆ ਸਵੈਟਰ ਖਰੀਦੇਗੀ ਤੇ ਪੋਸਟ ਰਾਹੀਂ ਭੇਜ ਦਏਗੀ ਤਾਂ ਕਿ ਇਸ ਵਾਰੀ ਉਹ ਠੰਡ ਵਿਚ ਠਰਣ ਨਾ। ਹਾਲਾਂਕਿ ਸ਼ਾਇਦ ਗੁੱਸੇ ਵੱਸ ਉਹ ਕੁਝ ਦਿਨ ਸ਼ਾਇਦ ਨਾ ਵੀ ਪਾਉਣ। ਚੰਗੇ ਪੈਸੇ ਮਿਲਣ ਲੱਗੇ ਤਾਂ ਉਹ ਵੱਖਰਾ ਘਰ ਵੀ ਲੈ ਲਏਗੀ, ਜਿੱਥੇ ਜਦੋਂ ਚਾਹੇ ਬੱਤੀ ਬੁਝਾਏਗੀ, ਆਪਣੀ ਪਸੰਦ ਦਾ ਖਾਣਾ ਬਣਾਏਗੀ, ਇਕ ਮਹੀਨੇ ਵਿਚ ਇਕ ਦੋ ਵਾਰੀ ਜ਼ਰੂਰ ਮੇਨਕਾ ਨਾਲ ਬਾਹਰ ਖਾਣਾ ਖਾਇਆ ਕਰੇਗੀ ਤੇ ਆਪਣੀ ਪਸੰਦ ਦਾ ਸੰਗੀਤ ਸੁਣਿਆ ਕਰੇਗੀ। ਇਸੇ ਉਧੇੜ-ਬੁਣ ਵਿਚ ਉਹ ਪਤਾ ਨਹੀਂ ਕਦੋਂ ਤੱਕ ਜਾਗਦੀ ਰਹੀ।
ਅਗਲੇ ਦਿਨ ਸਜੇ-ਧਜੇ ਸਾਰੇ ਕਰਮਚਾਰੀ ਸਮੇਂ ਤੋਂ ਪਹਿਲਾਂ ਦਫ਼ਤਰ ਪਹੁੰਚੇ ਹੋਏ ਸਨ। ਸੁਸ਼ਮਾ ਦੇ ਹੱਥ ਵਿਚ ਇਕ ਖ਼ੂਬਸੂਰਤ ਗੁਲਦਸਤਾ ਸੀ, ਜਿਹੜਾ ਨਿੰਦੀਆ ਦੀ ਸਾੜ੍ਹੀ ਦੇ ਰੰਗ ਨਾਲ ਮੇਲ ਖਾ ਰਿਹਾ ਸੀ।
“ਸਰ, ਦੇਖੋ ਤਾਂ ਸਹੀ ਕਿੰਨੀ ਚੰਗੀ ਲੱਗ ਰਹੀ ਏ ਨਿੰਦੀਆ।” ਸੁਸ਼ਮਾ ਨੇ ਮਿਸ਼ਰਾ ਜੀ ਦਾ ਧਿਆਨ ਨਿੰਦੀਆ ਵੱਲ ਦਿਵਾਇਆ ਤਾਂ ਉਹ ਵੀ ਉਸਨੂੰ ਬਸ ਦੇਖਦੇ ਹੀ ਰਹਿ ਗਏ। ਨਿੰਦੀਆ ਨੂੰ ਲੱਗਿਆ ਜ਼ਮੀਨ ਫਟ ਜਾਏ ਤੇ ਉਹ ਉਸ ਵਿਚ ਸਮਾ ਜਾਏ। ਉਦੋਂ ਹੀ ਸ਼ਾਮਾ ਆ ਗਈ। ਮਿਸ਼ਰਾ ਝੱਟ ਉਸ ਨਾਲ ਆਪਣੇ ਕਮਰੇ ਵਿਚ ਵੜ ਗਏ। ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੀ, ਸੁਸ਼ਮਾ ਬੋਲ ਪਈ—“ਇਹ ਫੁੱਲ ਕਿੰਨੇ ਮੈਚ ਕਰ ਰਹੇ ਨੇ, ਨਿੰਦੀਆ ਦੀ ਸਾੜ੍ਹੀ ਨਾਲ।” ਸ਼ਾਮਾ ਨੇ ਇਕ ਉਡਦੀ ਹੋਈ ਨਜ਼ਰ ਨਿੰਦੀਆ 'ਤੇ ਮਾਰੀ ਤੇ ਸਿੱਧੀ ਸਰ ਦੇ ਕਮਰੇ ਵਿਚ ਚਲੀ ਗਈ।
“ਹੁਣ ਸ਼ਾਮਤ ਆਏਗੀ ਸਰ ਦੀ।”
“ਮੈਂ ਕਹਿ ਰਹੀ ਆਂ ਨਾ ਕਿ ਸ਼ਾਮਾ ਨੂੰ ਸਰ ਕੋਈ ਚਾਰਾ ਨਹੀਂ ਪਾਉਂਦੇ।”
“ਪਰ ਵੱਡੇ ਸਾਬ ਤਾਂ ਸ਼ਾਮਾ ਦੀ ਹੀ ਸੁਣਨਗੇ।”
“ਬਟ ਹਾਉ ਡੂ ਯੂ ਨੋ?”
“ਸ਼ਾਮਾ ਹੀ ਤਾਂ ਕਹਿ ਰਹੀ ਸੀ ਕਿ ਦਿੱਲੀ ਵਿਚ ਉਹ ਉਹਨਾਂ ਦੀ ਵਿਸ਼ੇਸ਼ ਨਿੱਜੀ-ਸੈਕਟਰੀ ਸੀ।”
“ਜਦੋਂ ਸੀ, ਉਦੋਂ ਸੀ।”
ਸ਼ਾਮਾ ਨੇ ਨਿੰਦੀਆ ਨੂੰ ਵੱਡੇ ਸਾਹਬ ਬਾਰੇ ਕੁਝ ਨਹੀਂ ਦੱਸਿਆ, ਨਾ ਹੀ ਨਿੰਦੀਆ ਨੇ ਪੁੱਛਿਆ। ਕਹਿਣ-ਪੁੱਛਣ ਵਾਲਾ ਸੀ ਵੀ ਕੀ? ਆਖ਼ਰੀ ਦਮ ਤਕ ਸ਼ਾਮਾ ਇਸੇ ਕੋਸ਼ਿਸ਼ ਵਿਚ ਸੀ ਕਿ ਉਸੇ ਨੂੰ ਏਅਰ ਪੋਰਟ ਭੇਜਿਆ ਜਾਵੇ। ਯੂਨੀਵਰਸਟੀ ਦੇ ਪ੍ਰਜ਼ੈਂਟੇਸ਼ਨ ਨੂੰ ਤਾਂ ਟਾਲਿਆ ਵੀ ਜਾ ਸਕਦਾ ਸੀ, ਪਰ ਪਤਾ ਨਹੀ ਕਿਉਂ ਮਿਸ਼ਰਾ ਸਾਹਬ ਉਸਨੂੰ ਟਾਲੀ ਜਾ ਰਹੇ ਸਨ।
ਹਵਈ ਜਹਾਜ਼ ਸਮੇਂ ਤੇ ਆ ਰਿਹਾ ਸੀ। ਠੀਕ ਤਿੰਨ ਵਜੇ ਉਹ ਹਵਾਈ ਅੱਡੇ ਲਈ ਰਵਾਨਾ ਵੀ ਹੋ ਚੁੱਕੇ ਸਨ। ਵੱਡੇ ਸਾਹਬ ਨੂੰ ਮਿਲ ਕੇ ਨਿੰਦੀਆ ਨੂੰ ਬੜੀ ਨਿਰਾਸ਼ਾ ਹੋਈ। ਉਹ ਸੋਚੀ ਇਹ ਬੈਠੀ ਸੀ ਕਿ ਵੱਡੇ ਸਾਹਬ ਕੋਈ ਲੰਮੀ-ਝੰਮੀ ਤੇ ਹੈਂਡਸਮ ਹਸਤੀ ਹੋਣਗੇ। ਪਰ ਉਹ ਤਾਂ ਢਲਦੀ ਉਮਰ ਦੇ ਇਕ ਬੜੇ ਹੀ ਸਾਧਾਰਣ ਕਿਸਮ ਦੇ ਆਦਮੀ ਸਨ, ਮੋਟੇ ਤੇ ਗੰਜੇ। ਬੜੇ ਤਪਾਕ ਨਾਲ ਮਿਲੇ, ਜਿਵੇਂ ਪਤਾ ਨਹੀ ਉਸਨੂੰ ਕਦੋਂ ਦੇ ਜਾਣਦੇ ਹੋਣ। ਮਿਸ਼ਰਾ ਸਰ ਵੱਲੋਂ ਮੁਆਫ਼ੀ ਮੰਗਦਿਆਂ ਨਿੰਦੀਆ ਨੇ ਉਹਨਾਂ ਵੱਲ ਫੁੱਲ ਵਧਾਏ ਤਾਂ ਉਸਦੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਲੈ ਕੇ ਉਹ ਬੋਲੇ—“ਤਾਂ ਤੂ ਹੀ ਨਿੰਦੀਆ ਏਂ! ਮਿਸ਼ਰਾ ਦੱਸ ਰਿਹਾ ਸੀ ਕਿ ਉਹ ਆਪਣੀ ਬੈਸਟ ਸਟਾਫ਼ ਮੈਂਬਰ ਨੂੰ ਭੇਜ ਰਿਹਾ ਏ, ਜ਼ਰਾ ਦੇਖਾਂ ਤਾਂ ਉਸਦੀ ਪੰਸਦ, ਹੂੰ...”
ਉਹਨਾਂ ਨਿੰਦੀਆ ਦਾ ਸਿਰ ਤੋਂ ਪੈਰਾਂ ਤੀਕ ਮੁਆਇਨਾ ਕੀਤਾ। ਉਸਨੂੰ ਲੱਗਿਆ ਜਿਵੇਂ ਉਹਨਾਂ ਦੀਆਂ ਅੱਖਾਂ ਵਿਚ ਉਸਦੇ ਕੱਪੜਿਆ ਦੇ ਅੰਦਰ ਤਕ ਦੇਖ ਲੈਣ ਦੀ ਸਮਰਥਾ ਹੋਵੇ। ਲਾਲ ਸਿੰਘ ਨੇ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਕਿ ਕਾਰ ਵਿਚ ਨਿੰਦੀਆ ਨੂੰ ਉਸਦੇ ਨਾਲ ਅੱਗੇ ਹੀ ਬੈਠਣਾ ਚਾਹੀਦਾ ਹੈ। “ਨਿੰਦੀਆ, ਇਹ ਕੁੱਤੇ ਆਦਮੀ ਐ, ਪਰ ਡਰਨ ਦੀ ਕੋਈ ਲੋੜ ਨਹੀਂ, ਨੌਕਰੀ ਤੋਂ ਈ ਤਾਂ ਕੱਢਣਗੇ, ਹੋਰ ਕੇ ਕਰ ਸਕਦੇ ਨੇ।” ਲਾਲ ਸਿੰਘ ਦੀ ਦਲੇਰੀ 'ਤੇ ਉਸਨੂੰ ਮਾਣ ਹੋਇਆ। ਭਾਵੇਂ ਉਹ ਕਿੰਨਾ ਹੀ ਅੜਬ ਸੁਭਾ ਦਾ ਸੀ ਪਰ ਦਫ਼ਤਰ ਵਿਚ ਇਕ ਉਹੀ ਹੈ ਜਿਹੜਾ ਸੱਚਾਈ ਲਈ ਕੋਈ ਵੀ ਰਿਸਕ ਲੈਣ ਲਈ ਤਿਆਰ ਹੋ ਸਕਦਾ ਹੈ। ਲਾਜ, ਰਾਜੇਂਦਰ, ਸੁਸ਼ਮਾ, ਅਮਿਤ ਜਾਂ ਹੋਰ ਲੋਕ ਜਿਹੜੇ ਨਿੰਦੀਆ ਨੂੰ ਅਕਸਰ ਵਡਿਆਉਂਦੇ ਰਹਿੰਦੇ ਨੇ, ਉਹ ਜਾਣਦੀ ਹੈ ਕਿ ਮੁਸੀਬਤ ਪੈਣ 'ਤੇ ਸਾਰੇ ਇਕ ਪਾਸੇ ਹਟ ਜਾਣਗੇ।
ਮੰਗ-ਪੱਤਰ ਹਾਲੇ ਵੀ ਪਰਸ ਵਿਚ ਬੰਦ ਸੀ, ਸੋਚਿਆ ਕਿ ਕਾਰ ਵਿਚ ਬੈਠੇਗੀ ਤੇ ਗੱਲਾਂ ਗੱਲਾਂ ਵਿਚ ਦੇ ਦਏਗੀ।
ਵੱਡੇ ਸਾਹਬ ਨੇ ਨਿੰਦੀਆ ਨੂੰ ਪਿਛਲੀ ਸੀਟ ਉੱਤੇ ਆਪਣੇ ਕੋਲ ਬੈਠਣ ਲਈ ਜ਼ੋਰ ਦਿੱਤਾ ਤਾਂ ਉਹ ਕੀ ਕਰਦੀ। ਬੜੀ ਅਪਣੱਤ ਨਾਲ ਉਹ ਉਸ ਬਾਰੇ ਪੁੱਛਣ ਲੱਗੇ। ਲਾਲ ਸਿੰਘ ਦੀਆ ਨਜ਼ਰਾਂ ਸੜਕ ਉੱਤੇ ਘੱਟ ਤੇ ਪਿਛਲੀ ਸੀਟ ਉੱਤੇ ਵੱਧ ਸਨ, ਪਰ ਵੱਡੇ ਸਾਹਬ ਨੂੰ ਉਸਦੀ ਕੋਈ ਪ੍ਰਵਾਹ ਨਹੀਂ ਸੀ। ਉਹ ਕਦੀ ਨਿੰਦੀਆ ਦੇ ਮੋਢੇ 'ਤੇ ਹੱਥ ਰੱਖਦੇ ਤੇ ਕਦੀ ਉਸਦੇ ਪੱਟ 'ਤੇ। ਨਿੰਦੀਆ ਬੜੀ ਲਾਚਾਰ ਹੋ ਗਈ ਸੀ। ਗੁੱਛੀ ਮੁੱਛੀ ਹੁੰਦੀ ਜਾ ਰਹੀ ਸੀ, ਆਪਣੇ ਆਪ ਵਿਚ।
“ਤੋ ਨਿੰਦੀਆ ਤੇਰੇ ਪਰਿਵਾਰ 'ਚ ਕੌਣ-ਕੌਣ ਏਂ?”
“ਜੀ ਮੈਂ ਇੱਥੇ ਇਕੱਲੀ ਆਂ।” ਮੂੰਹ ਖੋਲ੍ਹਦਿਆਂ ਹੀ ਨਿੰਦੀਆ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਬੜੇ ਅਜ਼ੀਬੋ-ਗ਼ਰੀਬ ਪ੍ਰਸ਼ਨ ਸਨ ਉਹਨਾਂ ਦੇ। ਕਿਸੇ ਨੇ ਅੱਜ ਤਕ ਉਸ ਨਾਲ ਇਸ ਕਿਸਮ ਦੀਆਂ ਗੱਲਾਂ ਨਹੀਂ ਸੀ ਕੀਤੀਆਂ। ਸੁਸ਼ਮਾ ਤੇ ਉਹ ਕਦੀ ਕਦੀ ਮਸਤੀ ਵਿਚ ਆਉਂਦੀਆਂ ਤਾਂ ਪੁਰਸ਼ ਪ੍ਰਧਾਨ ਗੱਲਾਂ ਕਰਦੀਆਂ ਸਨ ਪਰ ਇਹ ਸਭ ਉਸ ਲਈ ਨਵਾਂ ਸੀ, ਅਸਭਿਅਕ ਸੀ।
'ਰਤਾ ਨੂੰ ਇਕੱਲੀ ਸੌਂਦੀ ਏਂ?'
'ਇਕੱਲਿਆਂ ਨੀਂਦ ਆ ਜਾਂਦੀ ਏ ਤੈਨੂੰ?'
ਬਿਸਤਰੇ ਇਕ ਇਕੱਲੀ ਨੂੰ ਠੰਡ ਤਾਂ ਲੱਗਦੀ ਹੋਏਗੀ?'
ਇਹਨਾਂ ਸਵਾਲਾਂ ਦਾ ਉਹ ਕੀ ਜਵਾਬ ਦੇਂਦੀ! ਉਸਨੇ ਸੋਚਿਆ ਕਿ ਦਫ਼ਤਰ ਪਹੁੰਚ ਕੇ ਉਹ ਸਭ ਨੂੰ ਕਹਿ ਦਏਗੀ ਕਿ ਉਹਨਾਂ ਨੂੰ ਪਟਾਉਣਾ ਉਸਦੇ ਵੱਸ ਵਿਚ ਨਹੀਂ, ਪਰ ਜਦੋਂ ਲਾਲ ਸਿੰਘ ਨੂੰ ਉਹਨਾਂ ਪਹਿਲਾਂ ਸਿੱਧੇ ਹੋਟਲ ਚੱਲਣ ਲਈ ਕਿਹਾ ਤਾਂ ਨਿੰਦੀਆ ਕੋਲ ਦੋ ਹੀ ਰਸਤੇ ਸਨ। 'ਸਾਰੀ' ਕਹਿ ਕੇ ਚੱਲਦੀ ਬਣੇ ਜਾਂ ਇਕ ਅੱਧਾ ਘੰਟਾ ਉਹਨਾਂ ਨੂੰ ਹੋਰ ਸਹੇ। ਸੁਸ਼ਮਾ ਨੇ ਉਸਨੂੰ ਦੱਸਿਆ ਸੀ ਕਿ ਵਧੇਰੇ ਮਰਦ ਸਿਰਫ ਅਸ਼ਲੀਲ ਗੱਲਾਂ-ਬਾਤਾਂ ਨਾਲ ਹੀ ਪ੍ਰਸੰਨ ਹੋ ਜਾਂਦੇ ਨੇ ਤੇ ਜੇ ਵੱਡੇ ਸਾਹਬ ਉਹਨਾਂ ਲੋਕਾਂ ਵਿਚੋਂ ਇਕ ਨੇ ਤਾਂ ਉਹ ਸੁਣ ਲਏਗੀ ਉਹਨਾਂ ਦੀ ਬਕਵਾਸ। ਕਾਰ ਦੇ ਰੁਕਦਿਆਂ ਹੀ ਭੁੜਕ ਕੇ ਬਾਹਰ ਨਿਕਲੇ ਤੇ ਉਹਨਾਂ ਨਿੰਦੀਆ ਨੂੰ ਵੀ ਉਤਰਣ ਲਈ ਕਿਹਾ।
“ਤੈਨੂੰ ਥੋੜ੍ਹੀ ਦੇਰ ਵੇਟ ਕਰਨੀ ਪਏਗੀ, ਮੈ ਜ਼ਰਾ ਫਰੈਸ਼ ਹੋ ਲਵਾਂ।”
“ਸਰ, ਅਸੀਂ ਲੋਕ ਇੱਥੇ ਈ ਇੰਤਜ਼ਾਰ ਕਰਕੇ ਆਂ।”
“ਡੋਂਟ ਬੀ ਰਿਡਿਕੁਲਸ, ਮੈਨੂੰ ਬਸ ਦੋ ਮਿੰਟ ਲੱਗਣਗੇ।”
“ਸਰ, ਤੁਸੀਂ ਬਾਅਦ ਵਿਚ ਆਰਾਮ ਨਾਲ ਆ ਜਾਣਾ, ਸਾਰੇ ਲੋਕ ਦਫ਼ਤਰ 'ਚ ਤੁਹਾਡੀ ਉਡੀਕ ਕਰ ਰਹੇ ਨੇ।” ਨਿੰਦੀਆ ਨੇ ਆਪਣੀ ਜਾਨ ਛੁਡਾਉਣੀ ਚਾਹੀ।
“ਵਹਾਟ ਨੌਨਸੈਂਸ, ਚਲੋ ਚਲੋ ਅੰਦਰ ਚਲੋ ਜੂਸ-ਵੂਸ ਪੀਓ, ਬਾਹਰ ਬੈਠ ਕੇ ਕੀ ਕਰਣੈ।” ਉਹ ਥੋੜ੍ਹੇ ਨਾਰਾਜ਼ ਹੁੰਦੇ ਹੋਏ ਬੋਲੇ ਤੇ ਜਬਰਦਸਤੀ ਕਰਕੇ ਉਸਨੂੰ ਅੰਦਰ ਲੈ ਗਏ।
ਪਤਾ ਨਹੀਂ ਕੀ ਕੀ ਅੰਦਾਜ਼ੇ ਲਾਉਂਦੀ ਹੋਈ, ਕਾਊਂਟਰ 'ਤੇ ਬੈਠੀ ਸਵਾਗਤ ਕਰਤਾ ਔਰਤ ਨੇ ਨਿੰਦੀਆ ਨੂੰ ਉਪਰੋਂ ਹੇਠ ਤਕ ਦੇਖਿਆ, ਜਿਹੜਾ ਉਸਨੂੰ ਚੰਗਾ ਨਹੀਂ ਸੀ ਲੱਗਿਆ। ਇਕ ਵਾਰੀ ਸੋਚਿਆ ਕਿ ਇੱਥੋਂ ਹੀ ਨੱਸ ਜਾਏ, ਪਰ ਇਹ ਬੜੀ ਅਸਭਿਅਤਾ ਹੋਏਗੀ। ਜਦ ਤਕ ਵੱਡੇ ਸਾਹਬ ਦਾ ਸਾਮਾਨ ਕਮਰੇ ਵਿਚ ਰਖਵਾਇਆ ਗਿਆ, ਉਹ ਕਿਸੇ ਨਾਲ ਫ਼ੋਨ ਉੱਤੇ 'ਹਾ-ਹਾ, ਹੀ-ਹੀ' ਕਰਦੇ ਰਹੇ। ਜਿਵੇਂ ਹੀ ਅਰਦਲੀ ਬਾਹਰ ਗਿਆ, ਉਹਨਾਂ ਨਿੰਦੀਆ ਨੂੰ ਕਿਹਾ, “ਫਰਿਜ਼ ਵਿਚੋਂ ਜੂਸ ਕੱਢ ਲਓ।” ਅਣਮਨੀ ਜਿਹੀ ਉਹ ਫਰਿਜ਼ ਖੋਹਲ ਕੇ ਦੇਖਣ ਲੱਗੀ। ਤਰ੍ਹਾਂ-ਤਰ੍ਹਾਂ ਦੇ ਜੂਸ ਦੇ ਡੱਬੇ, ਰੰਗ-ਬਿਰੰਗੀ ਸ਼ਰਾਬ ਤੇ ਬੀਅਰ ਦੀਆਂ ਬੋਤਲਾਂ ਨਾਲ ਭਰਿਆ ਹੋਇਆ ਸੀ ਫਰਿਜ਼। ਅਜੇ ਉਸਨੇ ਸੰਤਰੇ ਦੇ ਜੂਸ ਦੇ ਕਾਰਟਨ ਦਾ ਢੱਕਣ ਖੋਲ੍ਹਿਆ ਹੀ ਸੀ ਕਿ ਵੱਡੇ ਸਾਹਬ ਉਸਦੇ ਐਨ ਪਿੱਛੇ ਆ ਖੜ੍ਹੇ ਹੋਏ ਤੇ ਉਸਨੂੰ ਆਪਣੀਆਂ ਬਾਹਾਂ ਵਿਚ ਘੁੱਟ ਲਿਆ। ਹਮਲਾ ਏਨਾ ਅਚਾਨਕ ਸੀ ਕਿ ਘਬਰਾਹਟ ਵਿਚ ਜੂਸ ਦਾ ਪੂਰਾ ਡੱਬਾ ਨਿੰਦੀਆ ਦੇ ਬਲਾਊਜ਼ ਤੇ ਸਾੜ੍ਹੀ ਉੱਤੇ ਉਲਟ ਗਿਆ। ਆਪਣੇ ਆਪ ਨੂੰ ਕਿਸੇ ਤਰ੍ਹਾਂ ਮੁਕਤ ਕਰਵਾ ਕੇ ਨਿੰਦੀਆ ਬਾਥਰੂਮ ਵਿਚ ਵੜ ਗਈ, 'ਵਾਟ ਏ ਮੈਸ। ਲਾਲ ਸਿੰਘ ਕੀ ਸੋਚੇਗਾ, ਇਹਨਾਂ ਲੋਕਾਂ ਨੂੰ ਤਾਂ ਬਸ ਕੋਈ ਬਹਾਨਾ ਚਾਹੀਦਾ ਹੁੰਦਾ ਏ।'
ਬੇਸਿਨ ਵਿਚ ਉਸਨੂੰ ਸਾੜ੍ਹੀ ਨੂੰ ਉਪਰ ਤਕ ਚੁੱਕਣਾ ਪੈਂਦਾ ਇਸ ਲਈ ਨਿੰਦੀਆ ਟਬ ਦੇ ਸਹਾਰੇ ਖੜ੍ਹੀ ਹੋ ਗਈ। ਨਵੀਂ ਸਾੜ੍ਹੀ ਦਾ ਸਤਿਆਨਾਸ ਹੋ ਗਿਆ ਸੀ। ਇਕ ਵਾਰੀ ਤਾਂ ਨਿੰਦੀਆ ਨੇ ਸੋਚਿਆ ਕਿ ਮੰਗ-ਪੱਤਰ ਨੂੰ ਤਾਂ ਰਹਿਣ ਹੀ ਦਵੇ—ਕਿਉਂ ਆਪਣੇ ਪੈਰਾਂ 'ਤੇ ਖ਼ੁਦ ਕੁਹਾੜੀ ਮਾਰੇ—ਨਾਲੇ ਉਹ ਸਹਿਯੋਗੀਆਂ ਨਾਲ ਵਾਅਦਾ ਕਰ ਚੁੱਕੀ ਸੀ। ਉਸਨੇ ਸੋਚਿਆ ਕਿ ਜੇ ਥੋੜ੍ਹੀ ਜਿਹੇ ਅਪਮਾਨ ਨਾਲ ਕੰਮ ਕੱਢਿਆ ਜਾ ਸਕਦਾ ਹੈ ਤਾਂ ਉਹ ਸਹਿ ਲਵੇਗੀ। ਕਿੰਨੇ ਸਾਥੀ ਉਸ ਉੱਤੇ ਆਸ ਲਾਈ ਬੈਠੇ ਨੇ। ਇਹ ਸ਼ਰੀਰ ਹੀ ਤਾਂ ਹੈ, ਕਿਸੇ ਨੇ ਛੂ ਲਿਆ ਤਾਂ ਉਸਦਾ ਕੀ ਘਸ ਜਾਏਗਾ। ਕੁਆਰੀ ਤਾਂ ਹੁਣ ਉਹ ਰਹੀ ਨਹੀਂ ਸੀ। ਕੁਆਰਾਪਨ ਤਾਂ ਉਸਦਾ ਲੁੱਟਿਆ ਸੀ ਵਿਕਰਮ ਖੰਨਾ ਨੇ, ਜਿਹੜਾ ਉਸਨੂੰ ਬ੍ਰਿਟੇਨ ਵਿਚ ਰਹਿਣ ਲਈ ਸਥਾਈ ਇਜਾਜ਼ਤ ਨਾਮਾ ਦਿਵਾਉਣ ਦਾ ਝਾਂਸਾ ਦਿੰਦਾ ਰਿਹਾ ਸੀ। ਇਕ ਦਿਨ ਜਦੋਂ ਉਸਨੇ ਨਿੰਦੀਆ ਨੂੰ ਘਰ ਬੁਲਾਇਆ ਤੇ ਉਹ ਚਲੀ ਗਈ ਸੀ—ਇਹ ਸੋਚ ਕੇ ਕਿ ਉਹ ਸ਼ਾਦੀ ਸ਼ੁਦਾ ਸੀ, ਪਰ ਉਹ ਨਹੀਂ ਸੀ ਜਾਣਦੀ ਕਿ ਉਸੇ ਸਵੇਰੇ ਉਸਦੀ ਪਤਨੀ ਭਾਰਤ ਗਈ ਸੀ। ਉਹ ਅਸਹਿਜ ਜਿਹੀ ਸੋਫੇ ਦੇ ਕੋਨੇ 'ਤੇ ਬੈਠੀ ਸੀ। ਵਿਕਰਮ ਦਾ ਇਕ ਦੂਜਾ ਰੂਪ ਉਸਨੂੰ ਅੱਜ ਦੇਖਣ ਨੂੰ ਮਿਲਿਆ। ਬਿਨਾਂ ਚਾਹ-ਪਾਣੀ ਪੁੱਛੇ, ਟੈਲੀਵੀਜ਼ਨ 'ਤੇ ਇਕ ਨੰਗੀ ਵੀਡੀਓ ਲਾ ਕੇ ਉਹ ਨਿੰਦੀਆ ਨੂੰ ਚੁੰਮਣ ਲੱਗਾ। ਪਲਾਸਟਕ ਦੀ ਥੈਲੀ ਵਰਗਾ ਕੁਝ ਚੜ੍ਹਾਉਂਦਿਆਂ ਹੋਇਆ ਜਦੋਂ ਵਿਕਰਮ ਨੇ ਉਸਨੂੰ ਪੁੱਛਿਆ—“ਕੁਛ ਯੂਜ਼ ਕਰਦੀ ਏਂ?” ਤਾਂ ਨਿੰਦੀਆ ਨੂੰ ਯਾਦ ਆਇਆ ਆਪਣੀ ਨਾਨੀ ਦਾ ਝੁਰੜਾਇਆ ਹੋਇਆ ਮ੍ਰਿਤ ਸ਼ਰੀਰ ਜਿਸਨੂੰ ਮਾਂ ਤੇ ਪਰਿਵਾਰ ਦੀਆਂ ਹੋਰ ਔਰਤਾਂ ਨੁਹਾਅ ਕੇ ਕੱਪੜੇ ਪੁਆਉਣ ਦਾ ਯਤਨ ਕਰ ਰਹੀਆਂ ਸਨ। ਨਿੰਦੀਆ ਦੇ ਚਿਹਰੇ 'ਤੇ ਦਹਿਸ਼ਤ ਦੇਖ ਕੇ ਵੀ ਵਿਕਰਮ ਨਹੀਂ ਸੀ ਟਲਿਆ। ਪ੍ਰੇਸ਼ਾਨੀ ਰਲੀ ਹੈਰਾਨੀ ਏਨੀ ਵਧ ਗਈ ਸੀ ਕਿ ਉਸਦੀ ਦੇਹ ਕਾਠ ਵਾਂਗ ਆਕੜ ਗਈ ਸੀ। ਨਿਤਾਣੀ ਨਿੰਦੀਆ ਦੀ ਨਿਮਾਣੀ 'ਨਾ, ਨਾ' ਭਲਾ ਉਹ ਕਿੰਜ ਸੁਣਦਾ। ਆਪਣੇ ਉਸਨੇ ਇਕ ਇਨਜੈਕਸ਼ਨ ਆਇਆ ਹੋਇਆ ਸੀ, ਜਿਸਦਾ ਅਸਰ ਨਿੰਦੀਆ ਦੇ ਧੀਰਜ ਨਾਲੋਂ ਕਿਤੇ ਵਧ ਸੀ। ਸੈਕਸ ਨਾਲ ਉਸਨੂੰ ਏਨੀ ਨਫ਼ਰਤ ਹੋ ਗਈ ਕਿ ਉਸਨੇ ਫੈਸਲਾ ਕਰ ਲਿਆ ਕਿ ਇਹ ਯੋਨ ਸੰਬੰਧ ਵਿਆਹ ਦੀ ਸ਼ਰਤ ਹੈਨ ਤਾਂ ਉਹ ਵਿਆਹ ਹੀ ਨਹੀਂ ਕਰੇਗੀ। ਉਹ ਸੋਚਦੀ ਕਿ ਪਤਾ ਨਹੀਂ ਕਿੰਜ ਲੋਕਾਂ ਦੇ ਦਿਮਾਗ਼ 'ਤੇ ਸੈਕਸ ਛਾਇਆ ਰਹਿੰਦਾ ਹੈ, ਉਸਨੂੰ ਤਾਂ ਇਹ ਜਾਨਵਰਪੁਣਾ ਲੱਗਦਾ ਹੈ।
ਸਥਾਈ ਠੱਪੇ ਲਈ ਆਪਣੇ ਕੁਆਰਾਪਨ 'ਤੇ ਦਾਗ਼ ਲਗਵਾ ਕੇ ਹੀ ਉਹਨੂੰ ਸਮਝ ਆਈ ਕਿ ਵਿਕਰਮ ਵਰਗੇ ਪਤਾ ਨਹੀਂ ਕਿੰਨੇ ਮਗਰਮੱਛ ਇੱਥੇ ਅੱਖਾਂ ਬੰਦ ਕਰੀ ਸ਼ਿਕਾਰ ਦੀ ਤਾਕ ਲਾਈ ਬੈਠੇ ਨੇ, ਜਿਹੜੇ ਮੌਕਾ ਮਿਲਦਿਆਂ ਹੀ ਇੰਜ ਹੜਪਾ ਮਾਰਦੇ ਨੇ ਕਿ ਪੂਰਾ ਸ਼ਿਕਾਰ ਸਿੱਧਾ ਉਹਨਾਂ ਦੇ ਮੂੰਹ ਵਿਚ, ਬਚਣ ਦਾ ਕੋਈ ਰਸਤਾ, ਕੋਈ ਵਿਕਲਪ ਨਹੀਂ।
ਠੰਡੇ ਤੇ ਗਰਮ ਪਾਣੀ ਦੀ ਟੂਟੀ ਖੋਹਲ ਕੇ ਉਸਨੇ ਪਾਣੀ ਦਾ ਸੰਤੁਲਟ ਜਾਚਿਆ। ਸਪੰਜ ਨੂੰ ਸਾਬਨ ਤੇ ਪਾਣੀ ਨਾਲ ਗਿੱਲਾ ਕਰਕੇ ਉਹ ਆਪਣੇ ਬਲਾਊਜ਼ ਤੇ ਸਾੜ੍ਹੀ ਨੂੰ ਪੂੰਝ ਹੀ ਰਹੀ ਸੀ ਕਿ ਵੱਡੇ ਸਾਹਬ ਬਾਥਰੂਮ ਵਿਚ ਆਏ ਤੇ ਉਸਨੂੰ ਫੇਰ ਆਪਣੇ ਕਲਾਵੇ ਵਿਚ ਕਸ ਲਿਆ। ਉਹਨਾਂ ਦੇ ਗਰਮ ਸਾਹ ਨਿੰਦੀਆ ਦੇ ਸਿਰ ਉਪਰ ਛੂਤ ਵਾਂਗ ਫੈਲਣ ਲੱਗੇ। ਉਸਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ। ਉਸਦੇ ਸਰੀਰ ਨੂੰ ਛੋਂਹਦਾ ਹੋਇਆ ਉਹਨਾਂ ਦਾ ਗਾਊਣ ਹੇਠਾਂ ਆ ਡਿੱਗਾ ਤੇ ਉਹਨਾਂ ਦਾ ਸਖ਼ਤ ਜਿਸਮ ਨਿੰਦੀਆ ਦੇ ਕੱਪੜਿਆਂ ਵਿਚ ਪੁਰਨ ਲੱਗਾ। ਉਹਨਾਂ ਦੀ ਪਕੜ ਮਜ਼ਬੂਤ ਸੀ ਤੇ ਨਿੰਦੀਆ ਜਾਣਦੀ ਸੀ ਕਿ ਉਹ ਖ਼ੁਦ ਨੂੰ ਛੁਡਾਅ ਨਹੀਂ ਸਕੇਗੀ। ਉਸਨੂੰ ਯਕਦਮ ਸੁਸ਼ਮਾ ਦੀ ਗੱਲ ਯਾਦ ਆ ਗਈ, 'ਪ੍ਰਾਸਟੀਟਯੁਟਸ ਦੇ ਤਾਂ ਦੋਵੇਂ ਹੱਥ ਘਿਓ ਵਿਚ ਹੁੰਦੇ ਹੋਣਗੇ, ਮਜ਼ੇ ਦਾ ਮਜ਼ਾ ਤੇ ਨਾਲ ਹੀ ਪੈਸੇ।' ਕਿੰਨੀ ਨਾ ਸਮਝ ਹੈ ਸੁਸ਼ਮਾ! ਅੱਖਾਂ ਤੇ ਬੁੱਲ੍ਹ ਭੀਚ ਕੇ ਉਹ ਪੂਰਾ ਯਤਨ ਕਰ ਰਹੀ ਸੀ ਕਿ ਕਿਤੇ ਉਸਨੂੰ ਉਲਟੀ ਨਾ ਆ ਜਾਏ। ਪਤਾ ਨਹੀਂ ਵੇਸ਼ੀਆਵਾਂ ਕਿੰਜ ਸਹਿ ਲੈਂਦੀਆਂ ਨੇ ਰੋਜ਼-ਰੋਜ਼ ਏਨੇ ਗੰਦੇ ਤੇ ਅਸੰਵੇਦਨਸ਼ੀਲ ਲੋਕ...।
“ਨਿੰਦੀਆ ਬੋਲ ਤੈਨੂੰ ਕੀ ਚਾਹੀਦਾ ਏ।” ਉਸਦੀਆਂ ਛਾਤੀਆਂ ਦਬਾਉਂਦੇ ਹੋਏ ਉਹ ਉਸਦੇ ਕੰਨ ਵਿਚ ਫੁਸਫੁਸਾਏ, “ਆਸਕ ਮੀ ਐਨੀਥਿੰਗ, ਡਾਰਲਿੰਗ?” ਉਹਨਾਂ ਦੇ ਹੱਥ ਨਿੰਦੀਆ ਦੇ ਸਰੀਰ ਉੱਤੇ ਤਿਲ੍ਹਕਦੇ ਹੋਏ ਉਸਦੇ ਪੱਟਾਂ ਤਕ ਆ ਪਹੁੰਚੇ। ਅਜਿਹੇ ਵਾਅਦਿਆਂ ਦੀ ਸਾਰਹੀਣਤਾ ਨੂੰ ਉਹ ਚੰਗੀ ਤਰ੍ਹਾਂ ਜਾਣਦੀ ਸੀ। ਦੁਨੀਆਂ ਵਿਚ ਕੈਸੇ ਕੈਸੇ ਲੋਕ ਨੇ ਜਿਹੜੇ ਦੂਜਿਆਂ ਦੀ ਮਜ਼ਬੂਰੀ 'ਤੇ ਜਿਊਂਦੇ ਨੇ ਤੇ ਦੂਜਿਆਂ ਦੀ ਕਮਜ਼ੋਰੀ ਤੋਂ ਲਾਭ ਲੈਂਦੇ ਨੇ। ਉਹ ਅੰਦਰੇ ਅੰਦਰ ਖਿਝ-ਕ੍ਰਿਝ ਕੇ ਸਿੱਥਲ ਹੋ ਗਈ। ਆਪਣੇ ਸ਼ਰੀਰ ਨਾਲ ਚਿਪਕੇ ਵੱਡੇ ਸਾਹਬ ਦੇ ਬਦਨ ਵੱਲੋਂ ਵੀ ਸੰਵੇਦਨਹੀਣ। ਅਚਾਨਕ ਉਸਨੂੰ ਬੀਂਡਾ ਯਾਦ ਆ ਗਿਆ ਜਿਸਨੂੰ ਉਸਨੇ ਨਾਲੀ ਵਿਚ ਰੋੜ੍ਹ ਦਿੱਤਾ ਸੀ। ਜਾਣਦਿਆਂ ਬੁਝਦਿਆਂ ਹੋਇਆਂ ਵੀ ਕਿ ਜੋ ਹੋ ਰਿਹਾ ਹੈ ਸਹੀ ਨਹੀਂ, ਨਿੰਦੀਆ ਉਹ ਹੋਣ ਦੇ ਰਹੀ ਹੈ। ਉਹ ਵੀ ਓਨੀ ਹੀ ਗ਼ਲਤ ਹੈ, ਜਿੰਨੇ ਕਿ ਵੱਡੇ ਸਾਹਬ। ਰੁਕਣਾ ਜਾਂ ਰੋਕਣਾ ਦੋਵੇਂ ਉਸਦੇ ਹੱਥ-ਵੱਸ ਨਹੀਂ, ਪਰ ਨਾ ਤਾਂ ਉਸਨੂੰ ਖ਼ੁਦ ਆਪਣੇ ਆਪ ਉੱਤੇ ਕਾਬੂ ਹੈ ਤੇ ਨਾ ਹੀ ਉਹ ਉਹਨਾਂ ਨੂੰ ਰੋਕ ਰਹੀ ਹੈ। ਨਫ਼ਰਤ ਉਸਨੂੰ ਉਹਨਾਂ ਨਾਲ ਘੱਟ, ਆਪਣੇ ਆਪ ਨਾਲ ਕਿਤੇ ਵੱਧ ਹੋ ਰਹੀ ਹੈ। ਉਸਦਾ ਦਿਮਾਗ਼ ਠੀਕ ਤਰ੍ਹਾਂ ਕੰਮ ਨਹੀਂ ਸੀ ਕਰ ਰਿਹਾ, ਸ਼ਾਇਦ ਦਿਮਾਗ਼ ਠੀਕ ਹੈ ਪਰ ਹੋਰ ਅੰਗ ਉਸਦੇ ਹੁਕਮ ਦੀ ਪਾਲਨਾਂ ਨਹੀਂ ਕਰ ਰਹੇ। ਵੱਡੇ ਸਾਹਬ ਕਮਜ਼ੋਰ ਨੇ ਪਰ ਉਹ ਤਾਂ ਆਪਣੇ ਆਪ ਨੂੰ ਮਜ਼ਬੂਤ ਰੱਖ ਸਕਦੀ ਹੈ। ਕੀ ਸਹੀ ਫੈਸਲਾ ਲੈਣਾ ਤੇ ਉਸ ਉੱਤੇ ਅਮਲ ਕਰਨਾ ਸਿਰਫ ਤਾਕਤਵਰ ਦੀ ਜ਼ਿੰਮੇਵਾਰੀ ਹੀ ਹੈ—ਸਜ਼ਾ ਵੀ ਤਾਂ ਤਾਕਤਵਰ ਹੀ ਦੇ ਸਕਦਾ ਹੈ। ਸ਼ਾਇਦ ਉਸ ਅੰਗਰੇਜ਼ ਘਰ ਦੇ ਮਾਲਕ ਦੇ ਵਿਰੁੱਧ ਜੱਜ ਦਾ ਫੈਸਲਾ ਸਹੀ ਸੀ। ਕਮਜ਼ੋਰ ਦਾ ਕੀ, ਕੀੜੇ ਵਾਂਗ ਉਸਨੂੰ ਕਦੀ ਵੀ ਰੋੜ੍ਹਿਆ ਜਾ ਸਕਦਾ ਹੈ।
ਅਚਾਨਕ ਨਿੰਦੀਆ ਨੂੰ ਅੰਗਰੇਜ਼ੀ ਦੀ ਉਹ ਕਹਾਵਤ ਯਾਦ ਆ ਗਈ—'ਦਿ ਵਰਮ ਦੈਟ ਟਰੰਡ ਬੈਕ।' ਉਸਦੀਆਂ ਮੁੱਠੀਆਂ ਕੱਸੀਆਂ ਗਈਆਂ ਤੇ ਇਕ ਕਾਤਿਲਾਨਾ ਵਿਚਾਰ ਉਸਦੇ ਦਿਮਾਗ਼ ਵਿਚ ਭੁੜਕਿਆ। ਠੰਡੇ ਪਾਣੀ ਵਾਲੀ ਟੂਟੀ ਉਸਨੇ ਬਿਲਕੁਲ ਬੰਦ ਕਰ ਦਿੱਤੀ। ਛਿਣ ਭਰ ਵਿਚ ਹੀ ਪਾਣੀ ਉਬਲਣ ਲੱਗ ਪਿਆ, ਰਗਾਂ ਵਿਚ ਵਹਿੰਦੇ ਉਸਦੇ ਖ਼ੂਨ ਵਾਂਗ। ਜਿਉਂ ਹੀ ਉਹਨਾਂ ਨੇ ਨਿੰਦੀਆ ਦੇ ਪੇਟੀਕੋਟ ਨੂੰ ਉਪਰ ਚੁੱਕਿਆ, ਉਹ ਫੁਰਤੀ ਨਾਲ ਪਲਟੀ ਤੇ ਉਬਲਦੇ ਪਾਣੀ ਦੀ ਧਾਰ ਐਨ ਉਹਨਾਂ ਦੀਆਂ ਲੱਤਾਂ ਵਿਚਕਾਰ ਛੱੜ ਦਿੱਤੀ। ਇਕ ਚਿੰਘਿਆੜ ਦੇ ਨਾਲ ਉਹ ਬਾਹਰ ਵੱਲ ਨੱਸੇ 'ਯੂ ਸਟੂਪਿਡ ਬਿਚ', 'ਯੂ ਬਲਡੀ ਹੋਰ, ਆਈ ਵਿੱਲ ਥਰੋ ਯੂ ਅਊਟ ਅਫ਼ ਦੀ ਜਾਬ।' ਤੇ ਪਤਾ ਨਹੀਂ ਕੀ-ਕੀ।
ਮੁਰਗੇ ਦੀ ਕਲਗੀ ਵਾਂਗ ਲਟਕੇ ਆਪਣੇ ਲਿੰਗ ਨੂੰ ਫੜੀ ਤੇ ਗੰਦੀਆਂ ਗੰਦੀਆਂ ਗਾਲ੍ਹਾਂ ਬਕਦੇ ਵੱਡੇ ਸਾਹਬ ਕਮਰੇ ਵਿਚ ਚਕਰੀ ਵਾਂਗ ਘੁੰਮ ਰਹੇ ਸਨ।
ਬਥੇਰਾ ਸਹਿ ਲਿਆ, ਬਸ ਹੁਣ ਨਿੰਦੀਆ ਹੋਰ ਨਹੀਂ ਸਹੇਗੀ, ਕਿਸੇ ਦੀਆਂ ਵੀ ਜ਼ਿਆਦਤੀਆਂ। ਕਹਿ ਦਏਗੀ ਕਿ ਉਸਨੇ ਆਪਣੇ ਬਚਾਅ ਖਾਤਰ ਹੀ ਵੱਡੇ ਸਾਹਬ ਨੂੰ ਜ਼ਖ਼ਮੀ ਕੀਤਾ ਸੀ। ਜੇ ਜੱਜ ਨੇ ਕਿਹਾ ਕਿ ਉਸਨੂੰ ਉਹਨਾਂ ਨੂੰ ਏਦਾਂ ਜ਼ਖ਼ਮੀ ਕਰਨ ਦੀ ਕੀ ਲੋੜ ਸੀ, ਤਾਂ ਉਹ ਕਹਿ ਦਏਗੀ ਕਿ ਜੇ ਉਹਨਾਂ ਦੇ ਕਿਸੇ ਹੋਰ ਅੰਗ ਉੱਤੇ ਪਾਣੀ ਪਾਉਂਦੀ ਤਾਂ ਵੱਡੇ ਸਾਹਬ ਉਸ ਉੱਤੇ ਆਸਾਨੀ ਨਾਲ ਕਾਬੂ ਪਾ ਲੈਂਦੇ। ਖ਼ੈਰ, ਉਹ ਐਵੇਂ ਹੀ ਘਬਰਾ ਰਹੀ ਹੈ, ਉਸ ਦੀ ਏਨੀ ਹਿੰਮਤ ਕਿੱਥੇ ਕਿ ਉਹ ਕੋਰਟ ਵਿਚ ਉਸ ਉੱਤੇ ਮੁਕੱਦਮਾਂ ਦਾਇਰ ਕਰ ਸਕੇ। ਕੋਈ ਪੁੱਠਾ-ਸਿੱਧਾ ਬਹਾਨਾ ਬਣਾ ਕੇ ਸਿਰਫ ਉਸਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ। ਜੇਲ੍ਹ ਜਾਣ ਦਾ ਖਤਰਾ ਉਸਨੂੰ ਬਿਲਕੁਲ ਵੀ ਨਹੀਂ। ਜੇ ਵੱਡੇ ਸਾਹਬ ਨੇ ਪੁਲਿਸ ਵਿਚ ਰਿਪੋਰਟ ਦਰਜ ਕਰਵਾਈ ਤਾਂ ਸਾਰੀ ਗੱਲ ਖੁੱਲ੍ਹ ਕੇ ਸਾਹਮਣੇ ਆ ਜਾਏਗੀ ਤੇ ਅਧਿਕਾਰੀਆਂ ਨੂੰ ਇਸ ਸੰਬੰਧ ਵਿਚ ਕੁਝ ਕਰਨਾ ਹੀ ਪਏਗਾ। ਉਸਦੇ ਮੂੰਹੋਂ ਇਕ ਨਰੋਈ ਜਿਹੀ ਗਾਲ੍ਹ ਨਿਕਲ ਗਈ। ਰੂਪਾ ਸੁਣਦੀ ਤਾਂ ਖਿੜ-ਪੁੜ ਜਾਂਦੀ। ਨੌਕਰੀ ਜਾਂਦੀ ਹੈ ਤਾਂ ਜਾਏ। ਸਬਜ਼ੀ ਦੀ ਦੁਕਾਨ 'ਤੇ ਕੰਮ ਕਰ ਲਏਗੀ, ਵੇਟ੍ਰੈਸ ਬਣ ਜਾਏਗੀ ਜਾਂ ਵਾਪਸ ਭਾਰਤ ਚਲੀ ਜਾਏਗੀ।
ਸਵਾਗਤੀ ਤੇ ਹੋਰ ਕਰਮਚਾਰੀਆਂ ਵੱਲ ਨਿੰਦੀਆ ਨੇ ਸਵੈਮਾਣ ਨਾਲ ਪਰਤ ਕੇ ਦੇਖਿਆ, ਜਿਵੇਂ ਕਹਿ ਰਹੀ ਹੋਵੇ ਕਿ ਉਹਨਾਂ ਦੇ ਹੋਟਲ ਵਿਚ ਹੋ ਰਹੇ ਦੁਰਾਚਾਰ ਵਿਚ ਘੱਟੋਘੱਟ ਉਹ ਸ਼ਾਮਿਲ ਨਹੀਂ ਹੈ। ਆਪਣੀ ਅਸਤ-ਵਿਅਸਤ ਸਾੜ੍ਹੀ ਨੂੰ ਸੰਭਾਲਦੀ ਹੋਈ ਨਿੰਦੀਆ ਸਿੱਧੀ ਕਾਰ ਵਿਚ ਆ ਕੇ ਬੈਠ ਗਈ।
“ਕੀ ਹੋਇਆ ਮੈਡਮ...” ਲਾਲ ਸਿੰਘ ਨੇ ਅੰਦਾਜ਼ਾ ਲਾ ਹੀ ਲਿਆ ਹੋਏਗਾ, “ਤੁਸੀਂ ਮੈਨੂੰ ਦੱਸਦੇ, ਮੈਂ ਓਹਦੀ ਹੱਡੀ ਪਸਲੀ ਦਾ ਪਲੀਤਾ ਨਾ ਬਣਾਇਆ ਤਾਂ ਮੇਰਾ ਨਾਂ ਲਾਲ ਸਿੰਘ ਨਹੀਂ।” ਇਕ ਮੋਟੀ ਸਾਰੀ ਗਾਲ੍ਹ ਉਸਦੇ ਮੂੰਹੋਂ ਨਿਕਲ ਹੀ ਗਈ।
“ਸਾਡੀਆਂ ਮੰਗਾਂ ਨਾ-ਮੰਜ਼ੂਰ ਹੋ ਗਈਆਂ।”
“ਮੈਂ ਤੇ ਤਹਾਨੂੰ ਦੱਸਿਆ ਵੀ ਸੀ ਕੇ ਇਕ ਵਾਰੀ ਮੂੰਹ ਨੂੰ ਤਾਜ਼ਾ ਖ਼ੂਨ ਲੱਗ ਜਾਏ ਤਾਂ...”
ਮਨ ਵਿਚ ਆਇਆ ਕਿ ਕਹਿ ਦਏ ਕਿ ਹੁਣ ਉਸਦਾ ਖ਼ੂਨ ਤਾਜ਼ਾ ਕਿੱਥੇ ਰਿਹਾ ਏ, ਪਰ ਕੁਝ ਸੋਚ ਕੇ ਚੁੱਪ ਰਹੀ। ਤਾਜ਼ਾ ਜਾਂ ਬੇਹਾ ਜਿਹੋ ਜਿਹਾ ਵੀ ਹੋਏ, ਉਸਨੂੰ ਏਨਾਂ ਤਾ ਹੱਕ ਹੋਣਾ ਹੀ ਚਾਹੀਦਾ ਹੈ ਕਿ ਕਿਸਨੂੰ ਪਿਆਏ ਉਹ ਆਪਣਾ ਖ਼ੂਨ।
“ਲਾਲ ਸਿੰਘ ਜ਼ਰਾ ਮੈਨੂੰ ਘਰ ਛੱਡ ਦਿਓਗੇ।” ਇਕ ਛਿਣ ਲਈ ਲੱਗਿਆ ਨਾਂਹ ਕਰ ਦਏਗਾ, ਪਰ ਮੁਸਕੁਰਾ ਕੇ ਉਸ ਕਿਹਾ—“ਜੈਸ ਮੈਡਮ, ਬੇਅਰ ਐਬਰ ਜੂ ਸੇ।”
ਨਿੰਦੀਆ ਕਾਰ ਵਿਚ ਆਰਾਮ ਨਾਲ ਨਿੱਠ ਕੇ ਬੈਠ ਗਈ, ਉਸਦਾ ਦਿਲ ਸੰਭਲ ਕੇ ਸੀਨੇ ਵਿਚ ਵਾਪਸ ਆ ਟਿਕਿਆ ਤੇ ਬਾਕੀ ਦੇ ਅੰਗ ਵੀ ਸ਼ਰੀਰ ਨਾਲ ਵਾਪਸ ਆ ਜੁੜੇ।
    ---- --- - ---- 


ਸੰਪਰਕ ਲਈ ਪਤਾ :-
12, Delmar Avenue, Leverstock Green, Hemel Hempstead, Hertfordshire, HP2, 4LY.


    ---- --- - ---- 

No comments:

Post a Comment