Thursday, August 11, 2011

ਅਨੁਸ਼ਠਾਨ/ਉਪਾਅ... :: ਲੇਖਕ : ਗੌਤਮ ਸਚਦੇਵ

ਹਿੰਦੀ ਕਹਾਣੀ :
    ਅਨੁਸ਼ਠਾਨ/ਉਪਾਅ
      ਲੇਖਕ : ਗੌਤਮ ਸਚਦੇਵ
E-mail L: DrGsachdev@aol.com 

      ਅਨੁਵਾਦ : ਮਹਿੰਦਰ ਬੇਦੀ, ਜੈਤੋ

ਪੀਰ ਸਾਈਂ ਦੇ ਆਉਣ ਤੋਂ ਪਹਿਲਾਂ ਹੀ ਘਰ ਵਿਚ ਕੁਰਾਨ ਸ਼ਰੀਫ਼ ਦੀਆਂ ਆਯਤਾਂ ਲਿਖ ਕੇ ਟੰਗ ਦਿੱਤੀਆਂ ਗਈਆਂ ਸਨ ਤੇ ਸ਼ਾਹ ਕਲੰਦਰ ਦੀ ਦਰਗਾਹ ਦੇ ਪਵਿੱਤਰ ਰੁੱਖ ਦੀਆਂ ਪੱਤੀਆਂ ਮੁੱਖ ਜਗਾਹਾਂ 'ਤੇ ਰੱਖ ਦਿੱਤੀਆਂ ਗਈਆਂ ਸਨ। ਆਬੇ-ਜ਼ਮਜ਼ਮ ਛਿੜਕ ਦਿੱਤਾ ਗਿਆ ਸੀ ਤੇ ਘਰ ਦੇ ਕੋਨੇ ਕੋਨੇ ਵਿਚ ਲੋਬਾਨ ਵੀ ਸੁਲਗਾ ਦਿੱਤਾ ਗਿਆ ਸੀ। ਪੀਰ ਸਾਈਂ ਨੇ ਆਉਂਦਿਆਂ ਹੀ ਬੜਬੜਾ ਕੇ ਆਉਜ਼ੋ-ਬਿੱਲਾਹੇ ਪੜ੍ਹੀ, ਵੰਨਾਸ ਪੜ੍ਹੀ, ਤਸਬੀਹ (ਮਾਲਾ) ਫੇਰਦੇ ਹੋਏ ਪੀਰਾਂ-ਦਰਵੇਸ਼ਾਂ ਦੀਆਂ ਕਰਾਮਾਤਾਂ ਯਾਦ ਕੀਤੀਆਂ ਤੇ ਭੂਤ ਨੂੰ ਭਜਾਉਣ ਦੀ ਕ੍ਰਿਆ ਵਿਚ ਜੁਟ ਗਏ।
ਮੈਂ ਕਾਫੀ ਸਾਵਧਾਨੀ ਵਰਤੀ ਸੀ ਤੇ ਉਂਜ ਵੀ ਮੈਂ ਜਿਸ ਸ਼ਕਲ ਵਿਚ ਉੱਥੇ ਰਚ-ਬਸ ਗਿਆ ਸਾਂ, ਉਸ ਉੱਤੇ ਉਹਨਾਂ ਦੀ ਕੀ...ਕਿਸੇ ਵੀ ਪੀਰ-ਫਕੀਰ ਦੀ ਝਾੜ-ਫੂਕ ਦਾ ਕੋਈ ਅਸਰ ਹੋ ਹੀ ਨਹੀਂ ਸੀ ਸਕਦਾ।
ਫ਼ਕੀਰ ਸਾਹਬ ਹੇਠਾਂ ਵਿਹੜੇ ਵਿਚ ਆਏ ਤਾਂ ਮੈਂ ਉਸ ਚਹਬੱਚੇ ਵਿਚ ਜਾ ਬੈਠਾ, ਜਿਸ ਵਿਚ ਮੈਂ ਤੇ ਮੇਰੇ ਚਚੇਰੇ ਭਰਾਅ ਗਰਮੀਆਂ ਵਿਚ ਅਕਸਰ ਜਾ ਬੈਠਦੇ ਸਾਂ। ਉਦੋਂ ਅਸੀਂ ਨੇੜੇ ਹੀ ਲੱਗੇ ਹੈਂਡਪੰਪ ਤੋਂ ਪਾਣੀ ਗੇੜ-ਗੇੜ ਕੇ ਚਹਬੱਚੇ ਨੂੰ ਭਰ ਲੈਂਦੇ ਸਾਂ ਤੇ ਖ਼ੂਬ ਛਪਾਕੇ ਉਡਾਉਂਦੇ ਹੁੰਦੇ ਸਾਂ।
ਹੁਣ ਉਸ ਵਿਚ ਬਾਲਣ ਭਰਿਆ ਹੋਇਆ ਸੀ। ਬਚਪਨ ਦੀ ਗੰਧ, ਉਸ ਵਿਚ ਹੁਣ ਤੀਕ ਸੀ। ਮੈਂ ਉਸ ਵਿਚ ਇਸ਼ਨਾਨ ਕੀਤਾ ਤੇ ਉਠ ਕੇ ਰਸੋਈ ਵੱਲ ਚਲਾ ਗਿਆ। ਪਤਾ ਨਹੀਂ ਕਿਧਰੋਂ ਆ ਕੇ ਮੇਰੀ ਮਾਂ ਵੀ ਚੁੱਲ੍ਹੇ ਕੋਲ ਬੈਠ ਗਈ ਤੇ ਕਈ ਤੈਹਾਂ ਵਾਲੇ ਮਖਨੀ-ਪਰੌਂਠੇ ਬਣਾਉਣ ਲੱਗ ਪਈ। ਇਹਨਾਂ ਪਰੌਂਠਿਆਂ ਦਾ ਮੈਂ ਦੀਵਾਨਾ ਸਾਂ। ਮਾਂ ਨੇ ਮਾਂਹ-ਛੋਲਿਆਂ ਦੀ ਦਾਲ ਪਰੋਸੀ ਤੇ ਮੈਂ ਕਈ ਜਨਮਾਂ ਦੇ ਭੁੱਖੇ ਵਾਂਗ ਹਬੜ-ਹਬੜ ਖਾਣ ਲੱਗ ਪਿਆ। ਉਦੋਂ ਹੀ ਸਾਡਾ ਨੌਕਰ ਰੀਖੀਰਾਮ ਇਸ ਇੰਤਜ਼ਾਰ ਵਿਚ ਆ ਕੇ ਖੜ੍ਹਾ ਹੋ ਗਿਆ ਕਿ ਉਸਨੂੰ ਜੋ ਵੀ ਹੁਕਮ ਦਿੱਤਾ ਜਾਏ, ਉਹ ਉਸਨੂੰ ਫ਼ੌਰਨ ਪੂਰਾ ਕਰ ਦਏ।
ਨਿੱਠ ਕੇ ਪਰੌਂਠੇ ਖਾਣ ਪਿੱਛੋਂ ਮੈਂ ਪਹਿਲਾਂ ਤਾਂ ਵਿਹੜੇ ਦਾ ਇਕ ਚੱਕਰ ਲਾਇਆ, ਫੇਰ ਬੁੜਕ-ਬੁੜਕ ਕੇ ਕੰਧ ਵਿਚ ਬਣੇ ਆਲਿਆਂ ਵਿਚ ਦੇਖਣ ਲੱਗਾ, ਪਰ ਕਿਸੇ ਵਿਚ ਬੰਟੇ ਜਾਂ ਕੌਡੀਆਂ ਨਹੀਂ ਸਨ। ਹਾਂ, ਵਿਹੜੇ ਉੱਤੇ ਲੋਹੇ ਦਾ ਜਾਲ ਵਾਲਾ ਉਹ ਮਘ ਓਵੇਂ ਦੀ ਜਿਵੇਂ ਸੀ, ਜਿਹੜਾ ਪਿਤਾ ਜੀ ਨੇ ਖਾਸ ਤੌਰ 'ਤੇ ਲਾਹੌਰੋਂ ਕਾਰੀਗਰ ਬੁਲਾਅ ਕੇ ਬਣਵਾਇਆ ਸੀ। ਜਾਲ ਵਿਚੋਂ ਧੁੱਪ ਦੀਆਂ ਫਾਕੜਾਂ ਹੇਠਾਂ ਡਿੱਗ ਰਹੀਆਂ ਸਨ—ਜਿਵੇਂ ਚਾਨਣ ਦਾ ਬਹੁਤ ਵੱਡਾ ਖਰਬੂਜਾ ਕੱਟਿਆ ਜਾ ਰਿਹਾ ਹੋਏ ਤੇ ਫਾਕੜਾਂ ਹੇਠਾਂ ਵਾਲਿਆਂ ਨੂੰ ਵੰਡੀਆਂ ਜਾ ਰਹੀਆਂ ਹੋਣ। ਉਪਰ ਬੈਠੀਆਂ ਚਿੜੀਆਂ ਦਾ ਝੁੰਡ ਓਵੇਂ ਚਹਿਕ ਰਿਹਾ ਸੀ ਜਿਵੇਂ ਓਦੋਂ ਚਹਿਕਦਾ ਹੁੰਦਾ ਸੀ, ਜਦੋਂ ਮਾਂ ਗਰਮੀਆਂ ਵਿਚ ਸਵੇਰੇ-ਸਵੇਰੇ ਖੁੱਲ੍ਹੇ ਅਸਮਾਨ ਹੇਠ ਰਿੜਕਾ ਪਾਉਣ ਬੈਠਦੀ ਹੁੰਦੀ ਸੀ। ਮੈਨੂੰ ਡਰ ਲੱਗਿਆ ਕਿ ਕਿਤੇ ਬਿੱਲੀ ਝਪੱਟਾ ਮਾਰ ਕੇ ਉਹਨਾਂ ਵਿਚੋਂ ਕਿਸੇ ਨੂੰ 'ਉਡਾਅ' ਕੇ ਨਾ ਲੈ ਜਾਏ—ਮੈਂ ਬਚਪਨ ਵਿਚ ਕਿੰਨੀਆਂ ਹੀ ਚਿੜੀਆਂ ਨੂੰ ਬਿੱਲੀ ਦੇ ਮੂੰਹ ਵਿਚ ਜਾਂਦਿਆਂ ਦੇਖਿਆ ਸੀ।
ਮਾਂ ਉਦੋਂ ਚਾਟੀ ਵਿਚ ਵੱਡੀ ਸਾਰੀ ਮਧਾਣੀ ਪਾ ਕੇ ਉਸ ਉਪਰ ਲਪੇਟੀ ਹੋਈ ਰੱਸੀ ਨਾਲ ਹਰ ਰੋਜ਼ ਕਾੜ੍ਹਣੀ ਦੇ ਦੁੱਧ ਦਾ ਦਹੀ ਰਿੜਕਦੀ ਸੀ। ਮਧਾਣੀ ਦੇ ਘੁੰਮਣ ਨਾਲ ਜਿਹੜਾ ਘੁਮਰ-ਘੂੰ, ਘੁਮਰ-ਘੂੰ ਦਾ ਸੰਗੀਤਾ ਪੈਦਾ ਹੁੰਦਾ ਸੀ, ਉਹ ਮਾਂ ਦੀਆਂ ਸੋਨੇ ਦੀਆਂ ਚੂੜੀਆਂ ਦੀ ਛਣ-ਛਣ ਨਾਲ ਰਲ ਕੇ ਇਕ ਸਮਾਂ ਬੰਨ੍ਹ ਦੇਂਦਾ ਸੀ। ਮਾਂ ਨਾਲ ਨਾਲ ਕੋਈ ਭਜਨ ਵੀ ਗੁਣਗੁਣਾਉਂਦੀ ਰਹਿੰਦੀ ਤੇ ਮੈਂ ਘੁਮਰ-ਘੂੰ, ਘੁਮਰ-ਘੂੰ ਦੇ ਨਾਲ ਇਕ ਲੱਤ 'ਤੇ ਘੁੰਮ-ਘੁੰਮ ਕੇ ਬੋਲੀ ਜਾਂਦਾ—'ਮੱਖਣ ਲਊਂ, ਰੋਟੀ ਲਊਂ ਊਂ-ਊਂ-ਊਂ, ਘੁੰਮਰ-ਘੂੰ।' ਚਾਟੀ ਵਿਚ ਮੱਖਣ ਉਫਨ ਕੇ ਉਪਰਲੀ ਸਤਹ 'ਤੇ ਇਕੱਠਾ ਹੋਣ ਲੱਗਦਾ ਤੇ ਉਪਰ ਆਕਾਸ਼ ਵਿਚ ਚਾਨਣ। ਚਾਨਣ ਦੇ ਵਧਣ ਦੇ ਨਾਲ ਨਾਲ ਮੱਖਣ ਦੀ ਪਰਤ ਮੋਟੀ ਹੋਣ ਲੱਗਦੀ ਤਾਂ ਮਾਂ ਹੱਥ ਨਾਲ ਮੱਖਣ ਨੂੰ ਸਮੇਟ ਕੇ ਉਸਦਾ ਵੱਡਾ ਸਾਰਾ ਗੋਲਾ ਬਣਾ ਲੈਂਦਾ ਤੇ ਕੌਲੇ ਵਿਚ ਪਾ ਦੇਂਦੀ। ਫੇਰ ਉਹ ਛਿੱਕੂ ਵਿਚ ਰੱਖੀਆਂ, ਰਾਤ ਦੀਆਂ ਜਾਣ-ਬੁਝ ਕੇ ਬਚਾਈਆਂ ਹੋਈਆਂ ਤੰਦੂਰੀ ਰੋਟੀਆਂ ਕੱਢਦੀ ਤੇ ਇਕ ਰੋਟੀ ਉੱਤੇ ਮੱਖਣ ਦੀ ਮੋਟੀ ਸਾਰੀ ਤੈਹ ਚੜ੍ਹਾਉਂਦੀ। ਫੇਰ ਉਹ ਉਸ ਉੱਤੇ ਖੰਡ ਪਾਉਂਦੀ ਤੇ ਮੈਨੂੰ ਫੜਾ ਦੇਂਦੀ। ਮੱਖਣ 'ਤੇ ਛਿੜਕੀ ਖੰਡ ਹੀਰੇ ਦੀਆਂ ਕਣੀਆਂ ਵਾਂਗ ਦਿਖਾਈ ਦੇਂਦੀ ਤੇ ਮੈਂ ਇਸ ਖਜਾਨੇ ਨੂੰ ਜਲਦੀ-ਜਲਦੀ ਮੂੰਹ ਦੇ ਬਟੂਏ ਵਿਚ ਭਰਨ ਲੱਗਦਾ। ਦੰਦਾਂ ਨਾਲ ਟੁੱਕ ਕੇ ਖਾਂਦਿਆਂ ਹੋਇਆਂ ਮਿੱਠਾ ਮੱਖਣ ਜਦੋਂ ਮੇਰੇ ਬੁੱਲ•ਾਂ 'ਤੇ ਲੱਗ ਜਾਂਦਾ, ਤਾਂ ਮੈਂ ਜੀਭ ਦੇ ਇਕੋ ਪੋਚੇ ਨਾਲ ਉਹਨਾਂ ਨੂੰ ਸਾਫ ਕਰ ਲੈਂਦਾ।
ਮੈਂ ਬੁੱਲ੍ਹਾਂ ਉੱਤੇ ਜੀਭ ਫੇਰੀ। ਮੱਖਣ ਨਹੀਂ ਸੀ, ਪਰ ਸਵਾਦ ਮੌਜ਼ੂਦ ਸੀ। ਉਪਰ ਚਿੜੀਆਂ ਚਹਿਕੀ ਜਾ ਰਹੀਆਂ ਸਨ, ਪਰ ਬਿੱਲੀ ਨਹੀਂ ਆਈ। ਉਸਦੀ ਬਜਾਏ ਆਏ ਪੀਰ ਸਾਈਂ, ਜਿਹਨਾਂ ਦੇ ਭਾਰੀ ਕਦਮ ਮਘ 'ਤੇ ਪੈਣ ਲੱਗੇ। ਉਹਨਾਂ ਦੀ ਪੰਜਾਬੀ ਜੁੱਤੀ ਦੇ ਤਲੇ ਤੋਂ ਝੜਦੀ ਮਿੱਟੀ ਦੇ ਆਪਣੇ ਉਪਰ ਪੈਣ ਤੋਂ ਬਚਣ ਲਈ ਮੈਂ ਬੈਠਕ ਵਿਚ ਚਲਾ ਗਿਆ।
ਪੰਜੀ
ਅੱਠੀ
ਤਿੱਕੀ
ਦੁੱਕੀ
ਨੈਹਲਾ
ਨੈਹਲਾ
ਘਰ ਦੇ ਦੋ ਬੱਚੇ ਸੋਫੇ ਉੱਤੇ ਬੈਠੇ ਪੁੱਠੀ ਤਾਸ਼ (ਬਾਜ਼ਾਰ ਲੁੱਟ) ਖੇਡ ਰਹੇ ਸਨ ਤੇ ਪੱਤਿਆਂ ਨੂੰ ਬੋਲ ਬੋਲ ਕੇ ਸੁੱਟ ਰਹੇ ਸਨ। ਨੈਹਲਾ ਬੋਲਦਿਆਂ ਹੀ ਵੱਡੇ ਬੱਚੇ ਨੇ ਪੱਤਿਆਂ ਦੀ ਸਾਰੀ ਢੇਰੀ ਆਪਣੇ ਕਬਜੇ ਵਿਚ ਕਰ ਲਈ।
ਛੋਟੇ ਨੇ ਹਾਰ ਦੀ ਕਚਿਆਣ ਤੋਂ ਬਚਣ ਲਈ ਕਿਹਾ—'ਇਹ ਬੇਈਮਾਨੀ ਹੈ।'
'ਨਹੀਂ ਮੇਰਾ ਨੈਹਲਾ ਆਇਆ ਸੀ। ਦੇਖ—' ਵੱਡੇ ਨੇ ਪੱਤਾ ਦਿਖਾਅ ਕੇ ਕਿਹਾ।
'ਨਹੀਂ, ਤੂੰ ਮੇਰਾ ਨੈਹਲਾ ਦੇਖ ਕੇ ਆਪਣੇ ਪੱਤਿਆਂ 'ਚੋਂ ਨੈਹਲਾ ਕੱਢਿਆ ਈ—' ਛੋਟੇ ਨੇ ਦੋਸ਼ ਲਾਇਆ। ਵੱਡੇ ਨੇ ਇਹ ਸੁਣਦਿਆਂ ਹੀ ਛੋਟੇ ਦੇ ਥੱਪੜ ਜੜ ਦਿੱਤਾ।
ਛੋਟਾ ਰੋਂਦਾ ਹੋਇਆ ਉਠ ਕੇ ਚਲਾ ਗਿਆ।
'ਅੰਮਾ ਕਰੀਮ ਨੇ ਮਾਰਿਆ।'
ਨਹੀਂ ਅੰਮਾ, ਲਤੀਫ ਹਾਰ ਕੇ ਮੈਨੂੰ ਬੇਈਮਾਨ ਕਹਿੰਦਾ ਏ।' ਕਰੀਮ ਯਾਨੀਕਿ ਵੱਡੇ ਬੱਚੇ ਨੇ ਉੱਥੇ ਬੈਠੇ ਬੈਠੇ ਤੇ ਪੱਤੇ ਸਮੇਟਦਿਆਂ ਹੋਇਆਂ ਹੀ ਸਫਾਈ ਦਿੱਤੀ। ਲਤੀਫ ਦੇ ਉਠ ਕੇ ਚਲੇ ਜਾਣ ਨਾਲ ਉਸਦੀ ਜਿੱਤ ਫਿੱਕੀ ਪੈ ਗਈ ਸੀ। ਮੈਨੂੰ ਬਚਪਨ ਵਿਚ ਖ਼ੁਦ ਇਹੀ ਖੇਡ ਖੇਡਣ ਕਰਕੇ ਬੜਾ ਮਜ਼ਾ ਆ ਰਿਹਾ ਸੀ। ਖੇਡ ਉਸੇ ਤਰ੍ਹਾਂ ਬੰਦ ਹੋ ਗਈ ਜਿਵੇਂ ਮੇਰੀ ਤੇ ਮੇਰੇ ਭਰਾ ਦੀ ਹੋ ਜਾਦੀ ਹੁੰਦੀ ਸੀ। ਮੈਂ ਉਠਿਆ ਤੇ ਪੂਰੇ ਕਮਰੇ ਵਿਚ ਫੈਲ ਗਿਆ। ਕਮਰੇ ਦਾ ਰੰਗ ਬਦਲ ਗਿਆ ਸੀ। ਕੰਧਾਂ ਤੋਂ ਰਾਣਾ ਪ੍ਰਤਾਪ, ਸਿਵਾ ਜੀ, ਮਹਾਤਮਾ ਗਾਂਧੀ ਤੇ ਹੋਰ ਮਹਾਪੁਰਸ਼ਾਂ ਦੇ ਚਿੱਤਰ ਗਾਇਬ ਸਨ। ਦਰਵਾਜ਼ੇ ਉਪਰਲੀ ਮਹਿਰਾਬ ਉੱਤੇ ਚੀਨੀ ਦੀ ਇਕ ਸਜਾਵਟੀ ਤਸ਼ਤਰੀ ਰੱਖੀ ਹੋਈ ਸੀ, ਜਿਸ ਉੱਤੇ ਕਾਬਾ ਸ਼ਰੀਫ਼ ਦਾ ਚਿੱਤਰ ਬਣਿਆ ਹੋਇਆ ਸੀ। ਮੈਨੂੰ ਕਮਰਾ ਬਦਲਿਆ ਹੋਇਆ ਹੋਣ 'ਤੇ ਵੀ ਓਪਰਾ ਨਹੀਂ ਲੱਗਿਆ। ਮੈਂ ਆਪਣੀ ਯਾਦਾਸ਼ਤ ਦੀ ਅਦਿਖ ਪੈਨਸਲ ਕੱਢੀ ਤੇ ਉਹੀ ਚਿੱਤਰ ਬਣਾਉਣ ਲੱਗ ਪਿਆ, ਜਿਹੜੇ ਮੈਂ ਪਹਿਲੀ ਵਾਰੀ ਪੈਨਸਲ ਦੇ ਹੱਥ ਵਿਚ ਆਉਣ 'ਤੇ ਬਣਾਏ ਸਨ। ਰਾਵਣ ਦੁਆਰਾ ਅਪਹਰਨ ਕੀਤੀ ਗਈ ਸੀਤਾ ਦਾ ਚਿੱਤਰ, ਜਿਸ ਵਿਚ ਰਾਵਣ ਮੇਰੇ ਜਮਾਤੀ ਸੰਤੋਖ ਸਿੰਘ ਦੇ ਪਿਤਾ ਕੇਸਰ ਸਿੰਘ ਦਾ ਕਾਰਟੂਨ ਲੱਗਦਾ ਸੀ ਤੇ ਸੀਤਾ, ਨਾ ਕੁੜੀ ਲੱਗਦੀ ਸੀ, ਨਾ ਮੁੰਡਾ। ਇਹ ਚਿੱਤਰ ਮੇਰੀ ਬਾਲ ਰਾਮਾਇਣ ਦੀ ਨਕਲ ਸਨ। ਮੇਰੀ ਉਹ ਰਾਮਾਇਣ ਕਈ ਵਰ੍ਹੇ ਪਹਿਲਾਂ ਚੁੱਲ੍ਹਾ ਬਾਲਨ ਜਾਂ ਜਾਮਨਾਂ ਲਈ ਦੋਨੇ ਬਣਾਉਣ ਦੀ ਕਹਾਣੀ ਵਿਚ ਵਟ ਚੁੱਕੀ ਸੀ।
ਬੜਬੜਾਹਟ ਨਾਲ ਆਉਜੋ-ਬਿੱਲਾਹੇ ਤੇ ਵੰਨਾਸ ਪੜ੍ਹੇ ਜਾਣ ਦੇ ਸੁਰ ਨੇੜੇ ਆਉਣ ਲੱਗ ਪਏ...
ਪੀਰ ਸਾਈਂ ਉਸੇ ਕਮਰੇ ਵਿਚ ਆ ਗਏ ਸਨ ਤੇ ਕੋਨੇ ਵਿਚ ਬਲਦੇ ਹੋਏ ਲੋਹਬਾਨ ਦੇ ਕੋਲ ਜਾ ਖੜ੍ਹੇ ਹੋਏ। ਅਚਾਨਕ ਉਹਨਾਂ ਧੂੰਏਂ ਉੱਤੇ ਝਪਟਾ ਮਾਰ ਕੇ ਇਕ ਮੁੱਠੀ ਕਸ ਲਈ। ਫੇਰ ਮੁੱਠੀ ਵਿਚ ਬੰਦ ਧੂੰਏਂ ਨੂੰ ਫੂਕ ਨਾਲ ਉਡਾਉਂਦੇ ਹੋਏ ਉਹਨਾਂ ਦੁਬਾਰਾ ਆਪਣੇ ਮੰਤਰ ਪੜ੍ਹੇ ਤੇ ਜ਼ੋਰ ਨਾਲ ਕਿਹਾ—'ਫੂ',...'ਜਾਹ ਚਲਾ ਜਾ-ਅ। ਮੈਂ ਕਹਿਨਾ ਵਾਂ ਜਾਹ ਚਲਾ ਜਾ-ਅ।' ਇਸ ਪਿੱਛੋਂ ਉਹ ਕਰੀਮ ਦੇ ਸਿਰ ਦੇ ਚਾਰੇ ਪਾਸੇ ਆਪਣੀ ਤਸਬੀਹ (ਮਾਲਾ) ਘੁਮਾਉਂਦੇ ਹੋਏ ਮੰਤਰ ਪੜ੍ਹਨ ਲੱਗੇ। ਕਮਰੇ ਵਿਚ ਚਾਰੇ ਪਾਸੇ ਘੁੰਮ ਘੁੰਮ ਕੇ ਲੋਹਬਾਨ ਦੇ ਧੂੰਏਂ ਨੂੰ ਉਡਾਉਂਦੇ ਰਹੇ ਤੇ ਅੰਤ ਵਿਚ ਪੀਰ ਸਾਈਂ ਨੇ ਬੜੀ ਹੀ ਸੰਤੁਸ਼ਟ ਆਵਾਜ਼ ਵਿਚ ਕਿਹਾ—'ਸ਼ੌਕ ਨਾਲ ਖੇਡੋ ਇਸ ਘਰ ਵਿਚ ਜਿੱਥੇ ਚਾਹੋ। ਹੁਣ ਇੱਥੇ ਜਿੰਨ-ਭੂਤ ਦੀ ਪੂਛ ਵੀ ਨਹੀਂ ਰਹੀ।'
ਉਹਨਾਂ ਦੇ ਇਹ ਕਹਿਣ 'ਤੇ ਘਰ ਦੇ ਮਾਲਕ ਖੋਜਾ ਨਜਮੁੱਦੀਨ ਦਾ ਸਿਰ ਸਤਿਕਾਰ ਵਜੋਂ ਝੁਕ ਗਿਆ। ਉਹਨਾਂ ਪੀਰ ਸਾਈਂ ਦੇ ਹੱਥ ਵਿਚ ਦਸ ਦਸ ਦੇ ਕਈ ਨੋਟ ਫੜਾ ਦਿੱਤੇ।
'ਤੁਸੀਂ ਬੜੀ ਇਨਾਯਤ (ਕਿਰਪਾ) ਕੀਤੀ—' ਖੋਜਾ ਨਜਮੁੱਦੀਨ ਨੇ ਅਹਿਸਾਨ ਦੇ ਬੋਝ ਨੂੰ ਸੰਭਾਲਦਿਆਂ ਹੋਇਆਂ ਕਿਹਾ।
ਇਨਾਯਤ ਤਾਂ ਮੌਲਾ ਦੀ ਹੈ, ਤੇ ਰਹੇਗੀ। ਇੰਸ਼ਾ ਅੱਲ੍ਹਾ, ਹੁਣ ਇੱਥੇ ਕੋਈ ਛਾਇਆ ਨਹੀਂ ਰਹੇਗੀ—' ਨੋਟਾਂ ਨੂੰ ਆਪਣੇ ਚੋਲੇ ਦੀ ਥੈਲੀ ਵਰਗੀ ਜੇਬ ਵਿਚ ਪਾਉਂਦਿਆਂ ਹੋਇਆਂ ਪੀਰ ਸਾਈਂ ਬੋਲੇ ਤੇ ਰੁਖਸਤ (ਵਿਦਾਅ) ਹੋ ਗਏ।
...ਪਰ ਮੈਨੂੰ ਅਜੇ ਘਰ 'ਚ ਕਿੰਨੇ ਹੀ ਕੰਮ ਸਨ।
ਮੈਂ ਦੂਜੀ ਮੰਜ਼ਿਲ ਦੇ ਕਮਰਿਆਂ ਅੱਗੇ ਲੱਗੇ ਝੂਲੇ 'ਤੇ ਝੂਟੇ ਲੈਣੇ ਸੀ। ਛੱਤ 'ਤੇ ਪਾਥੀਆਂ ਵਾਲੇ ਸਟੋਰ ਵਿਚ ਰੱਖੀਆਂ ਤੇ ਕਈ ਕਈ ਵਾਰੀ ਗਿਣੀਆਂ ਆਪਣੀਆਂ ਪਤੰਗਾਂ ਨੂੰ ਗਿਣਨਾ ਸੀ। ਉਸ ਪੁਰਾਣੀ ਜਾਲੀ ਦਾ ਮੁਆਇਨਾ ਕਰਨਾ ਸੀ, ਜਿਸ ਵਿਚ ਆਲ੍ਹਣਾ ਬਣਾਉਣ ਦੇ ਚੱਕਰ ਵਿਚ ਇਕ ਇੱਲ੍ਹ ਫਸ ਗਈ ਸੀ ਤੇ ਮੈਂ ਡਰ ਤੇ ਹੈਰਾਨੀ ਦਾ ਅਦਭੁਤ ਮਿਸ਼ਰਨ ਬਣਿਆ, ਨਾ ਉਸ ਇੱਲ੍ਹ ਨੂੰ ਬਾਹਰ ਕੱਢਿਆ ਸੀ ਤੇ ਨਾ ਹੀ ਘੰਟਿਆਂ ਬੱਧੀ ਦੂਰੋਂ ਉਸਨੂੰ ਦੇਖਦੇ ਰਹਿਣਾ ਬੰਦ ਕੀਤਾ ਸੀ। ਮੈਂ ਉਸ ਦੈਂਤ ਜਿੱਡੇ ਟਰੰਕ ਨੂੰ ਦੇਖਣਾ ਤੇ ਆਪਣੇ ਦੋਸਤਾਂ ਨਾਲ ਉਹ ਵਿਚ ਲੁਕਣ-ਮੀਚੀ ਖੇਡਣੀ ਸੀ, ਜਿਹੜਾ ਘਰ ਦੇ ਵੱਡੇ ਕਮਰੇ ਜਿੰਨਾ ਲੰਮਾ ਸੀ।
ਕਿਤੇ ਕੁਝ ਨਹੀਂ ਸੀ ਬਚਿਆ। ਮੇਰੀ ਜ਼ਰਾ ਜਿੰਨੀ ਗ਼ੈਰਹਾਜ਼ਰੀ ਸਦਕਾ ਸਾਰੀਆਂ ਚੀਜ਼ਾਂ ਪਤਾ ਨਹੀਂ ਕਿੱਥੇ ਸੁੱਟ ਦਿੱਤੀਆਂ ਗਈਆਂ ਸਨ! ਮੇਰੇ ਜੋੜੇ ਹੋਏ ਸਿੱਕੇ। ਓਇ ਹਾਂ, ਉਹ ਤਾਂ ਵਾਹਵਾ ਸਾਰੇ ਸਨ। ਮੇਰਾ ਗੱਲਾ ਵੀ ਨੱਕੋਨੱਕ ਭਰਿਆ ਹੋਇਆ ਸੀ—ਜਦੋਂ ਮੈਂ ਅਚਾਨਕ ਛੱਡ ਕੇ ਭੱਜਿਆ ਸਾਂ। ਮੇਰਾ ਰੰਗਲਾ ਗੁੱਲੀ ਡੰਡਾ, ਮੇਰੀ ਨਿੱਕੀ ਜਿਹੀ ਹਾਕੀ। ਮੇਰੀ ਮਖਮਲੀ ਟੋਪੀ। ਮੇਰੀ ਲਾਲ ਰੰਗ ਦੀ ਐਨਕ। ਤਸਵੀਰਾਂ ਵਾਲੀ ਮੇਰੀ ਅੰਗਰੇਜ਼ੀ ਦੀ ਪ੍ਰਾਈਮਰ। ਸੰਗਮਰਮਰ ਰੰਗੇ ਪਲਾਸਟਿਕ ਦੇ ਮੁੱਠੇ ਵਾਲਾ ਜੇਬੀ ਚਾਕੂ। ਬਿਨਾਂ ਹਿੱਲਦੀਆਂ ਸੂਈਆਂ ਵਾਲੀ ਘੜੀ। ਸੰਦਲ ਦੀ ਸਾਬਨ ਦੀ ਗੁਲਾਬੀ ਬਰਫ਼ੀ ਵਰਗੀ ਟਿੱਕੀ ਤੇ ਉਸਨੂੰ ਬੰਦ ਕਰਕੇ ਰੱਖਣ ਵਾਲੀ ਟੀਨ ਦੀ ਰੰਗੀਨ ਡੱਬੀ, ਜਿਸ ਵਿਚ ਮੈਸੂਰ ਦੇ ਰਾਜੇ ਦਾ ਚਿੱਤਰ ਬਣਿਆ ਹੋਇਆ ਸੀ। ਮੇਰੇ ਰੰਗੀਨ ਸੰਖ ਤੇ ਭਿੰਨ-ਭਿੰਨ ਰੂਪ-ਆਕਾਰ ਦੀਆਂ ਕੌਡੀਆਂ। ਮੇਰੇ ਦੋਸਤ। ਮੇਰੇ ਜਮਾਤੀ। ਮੇਰਾ ਸਕੂਲ। ਮੇਰੇ ਸ਼ਹਿਰ ਦੇ ਬਾਹਰ ਵਾਲੀ ਨਹਿਰ। ਟਹਿਕਦੀ ਹਰਿਆਲੀ ਵਿਚੋਂ ਲੰਘਦੀ ਹੋਈ ਨਹਿਰ ਤਕ ਲੈ ਜਾਣ ਵਾਲੀ ਪਗਡੰਡੀ...
'ਪੱਚ...'
ਇਸ ਪਗਡੰਡੀ ਉੱਤੇ ਹੀ ਤਾਂ ਕੰਨ ਕੋਲ ਇਹ ਆਵਾਜ਼ ਹੋਈ ਸੀ ਤੇ ਪੀਲੀ ਗੂੰਦ ਵਰਗਾ ਲੇਸਦਾਰ ਤਰਲ ਵਗ ਕੇ ਮੇਰੀ ਕਮੀਜ਼ 'ਤੇ ਪੈ ਗਿਆ ਸੀ। ਮੇਰੇ ਕੰਨ ਵਿਚ ਵੀ ਇਹ ਪਤਲੀ ਪਤਲੀ ਗੂੰਦ ਭਰ ਗਈ ਸੀ। ਉਸ ਦਿਨ ਸਵੇਰੇ ਨਹਿਰ ਵੱਲ ਜਾਂਦਿਆਂ ਹੋਇਆਂ ਮੈਂ ਸਾਹਮਣਿਓਂ ਆਉਂਦੇ ਹੋਏ ਅਹਿਮਦ ਨੂੰ ਦੇਖ ਰਿਹਾ ਸਾਂ। ਉਸਦਾ ਆਕੜ ਕੇ ਤੁਰਨ ਦਾ ਪੁਰਾਣਾ ਢੰਗ। ਮੈਂ ਬਚ ਕੇ ਨਿਕਲ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਚਿੜੀ ਦਾ ਆਂਡਾ ਮੇਰੇ ਮਾਰਿਆ ਸੀ। ਉਹ ਕਿਸੇ ਰੁੱਖ ਤੋਂ ਇਹ ਆਂਡੇ ਚੁਰਾ ਲਿਆ ਸੀ। ਮੈਂ ਭੱਜਣ ਲੱਗਾ ਸੀ, ਪਰ ਉਸਨੇ ਦੂਜਾ ਆਂਡਾ ਮੇਰੇ ਵੱਲ ਵਗਾਹ ਦਿੱਤਾ ਸੀ। ਉਸਦਾ ਨਿਸ਼ਾਨਾਂ ਉੱਕ ਗਿਆ ਸੀ ਤੇ ਜ਼ਮੀਨ ਉੱਤੇ ਆਂਡੇ ਨੇ ਇਕ ਅਜ਼ੀਬ ਨਕਸ਼ਾ ਬਣਾ ਦਿੱਤਾ ਸੀ—ਹਿੰਦੁਸਤਾਨ ਤੇ ਪਾਕਿਸਤਾਨ ਦਾ ਮਿਲਿਆ-ਜੁਲਿਆ ਨਕਸ਼ਾ, ਜਿਸ ਵਿਚੋਂ ਦੋਵਾਂ ਦੇਸ਼ਾਂ ਨੂੰ ਅਲਗ-ਅਲਗ ਦੇਖਣਾ ਮੁਸ਼ਕਿਲ ਸੀ। ਇਹ ਨਕਸ਼ਾ ਆਲ੍ਹਣੇ 'ਚੋਂ ਡਿੱਗਣ ਵਾਲੇ ਆਂਡੇ ਨਾਲ ਅੱਜ ਵੀ ਬਣਦਾ ਹੈ।
ਨਹਿਰ ਦੀ ਪਗਡੰਡੀ 'ਤੇ ਸਾਹਮਣਿਓਂ ਅਹਿ ਜਿਹੜਾ ਆਦਮੀ ਆ ਰਿਹਾ ਹੈ, ਅਹਿਮਦ ਹੀ ਤਾਂ ਹੈ।
ਨਹੀਂ, ਅਹਿਮਦ ਨਹੀਂ ਹੋ ਸਕਦਾ। ਇਹ ਆਕੜ ਕੇ ਨਹੀਂ ਤੁਰ ਰਿਹਾ। ਇਸ ਦੇ ਹੱਥ ਵਿਚ ਆਂਡੇ ਵੀ ਨਹੀਂ। ਚਿਤਰੀਦਾਰ ਛੋਟੇ-ਛੋਟੇ ਆਂਡੇ। ਇਹ ਚਿੜੀਆਂ ਦੇ ਭਵਿੱਖ ਦਾ ਕਾਤਲ ਨਹੀਂ ਹੋ ਸਕਦਾ। ਇਸਦੇ ਚਿਹਰੇ ਮੁਹਰੇ ਤੋਂ ਬਿਲਕੁਲ ਨਹੀਂ ਲੱਗਦਾ ਕਿ ਇਹ ਸਕੂਲੋਂ ਭੱਜ ਕੇ ਆਇਆ ਹੈ। ਇਸ ਦੇ ਹੱਥਾਂ 'ਤੇ ਮਾਸਟਰ ਹੁਸੈਨ ਦੀ ਬੈਂਤ ਨਾਲ ਪਏ ਤਾਜ਼ੇ ਨਿਸ਼ਾਨ ਵੀ ਨਹੀਂ। ਫੇਰ ਇਹ ਕਿਉਂ ਅਹਿਮਦ ਹੀ ਲੱਗ ਰਿਹਾ ਹੈ! ਨਹਿਰ ਤਕ ਜਾਣ ਵਾਲਾ ਉਹੀ ਰਸਤਾ ਹੈ, ਜਿੱਥੇ ਇਸਨੇ ਮੇਰੇ ਕੰਨ ਉੱਤੇ ਚਾਂਦਮਾਰੀ ਕੀਤੀ ਸੀ। ਉਹੀ ਟਾਹਲੀਆਂ ਤੇ ਕਿੱਕਰਾਂ ਦੇ ਰੁੱਖ ਨੇ। ਉਹਨਾਂ ਤੋਂ ਚਿੜੀਆਂ ਦੀਆਂ ਆਵਾਜ਼ਾਂ ਵੀ ਆ ਰਹੀਆਂ ਨੇ। ਟੈਲੀਫ਼ੋਨ ਦੇ ਖੰਭੇ 'ਤੇ ਬੈਠਾ ਹੋਇਆ ਗਰੁੜ-ਪੌਂਕ ਵੀ ਉਹੀ ਹੈ। ਨਾਲ ਦੀ ਧੜਧੜ ਕਰਦੀ ਰੇਲਗੱਡੀ ਵੀ ਲੰਘੀ ਹੈ, ਜਿਸ ਉੱਤੇ ਮੈਂ ਨਨਕਾਨਾ ਸਾਹਿਬ ਵੀ ਜਾਂਦਾ ਰਿਹਾ ਹਾਂ ਤੇ ਲਾਹੌਰ ਵੀ। ਮੈਂ ਅਹਿਮਦ ਨੂੰ ਆਵਾਜ਼ ਮਾਰੀ ਹੈ। ਉਹ ਏਧਰ ਉਧਰ ਦੇਖ ਕੇ ਵੀ ਮੈਨੂੰ ਦੇਖ ਨਹੀਂ ਸਕਿਆ।
ਅਹਿਮਦ ਮੈਨੂੰ ਪਛਾਣਦਾ ਕਿਉਂ ਨਹੀਂ ਪਿਆ? ਮੈਂ ਰਤਨ ਆਂ।
ਅਹਿਮਦ ਪਤਾ ਨਹੀਂ ਕਿੱਧਰ ਦੇਖ ਰਿਹਾ ਹੈ।
'ਓ ਭਰਾ ਮੈਂ ਆਂ ਰਤਨ, ਜਿਸਦੇ ਕੰਨ 'ਤੇ ਤੂੰ ਆਂਡਾ ਮਾਰਿਆ ਸੀ।'
ਉਹ ਸੁਣਦਾ ਹੀ ਨਹੀਂ ਤੇ ਮੇਰੇ ਨੇੜਿਓਂ ਲੰਘ ਜਾਂਦਾ ਹੈ। ਨਹੀਂ ਇਹ ਅਹਿਮਦ ਨਹੀਂ ਹੈ। ਅਹਿਮਦ ਹੁੰਦਾ ਤਾਂ ਜ਼ਰੂਰ ਪਛਾਣ ਲੈਂਦਾ। ਪਰ ਕੀ ਉਸਨੇ ਵਾਕਈ ਮੈਨੂੰ ਦੇਖਿਆ? ਉਹ ਮੈਨੂੰ ਕਿੰਜ ਦੇਖ ਸਕਦਾ ਹੈ? ਮੈਂ ਜਿਸ ਹਾਲਤ ਵਿਚ ਇੱਥੇ ਘੁੰਮਣ ਆ ਜਾਂਦਾ ਹਾਂ, ਉਸ ਵਿਚ ਮੈਨੂੰ ਕੌਣ ਦੇਖ ਸਕਦਾ ਹੈ? ਮੈਂ ਪੀਰ ਸਾਈਂ ਦੇ ਇਕ ਪਾਸੇ ਬੈਠਾ ਰਿਹਾ, ਤੇ ਉਹਨਾਂ ਨੂੰ ਪਤਾ ਨਹੀਂ ਲੱਗਿਆ।
ਦਰਅਸਲ ਆਦਮੀ ਜਦੋਂ ਯਾਦ ਬਣ ਜਾਂਦਾ ਹੈ ਤਾਂ ਉਸਨੂੰ ਕੋਈ ਨਹੀਂ ਦੇਖ ਸਕਦਾ। ਯਾਦਾਂ ਦੇ ਭੂਤ ਨੂੰ ਓਝੇ, ਸਿਆਣੇ ਵੀ ਨਹੀਂ ਭਜਾ ਸਕਦੇ। ਇਹ ਉਹਨਾਂ ਥਾਵਾਂ 'ਤੇ ਬਿਜਲੀ ਵਾਂਗ ਜਾ ਪਹੁੰਚ ਜਾਂਦੇ ਨੇ, ਜਿੱਥੇ ਕਦੀ ਇਹਨਾਂ ਦੀਆਂ ਪੈੜਾਂ ਦੇ ਨਿਸ਼ਾਨ ਬਣੇ ਹੁੰਦੇ ਨੇ। ਇਹ ਘੜੀ ਦੀਆਂ ਸੂਈਆਂ ਨੂੰ ਵੀ ਰੋਕ ਦਿੰਦੇ ਨੇ। ਇਹ ਆਕਾਸ਼ ਨੂੰ ਫਿਲਮ ਦਾ ਪਰਦਾ ਬਣਾ ਕੇ ਉਸ ਉੱਤੇ ਕਦੀ ਨਾ ਸਮਾਪਤ ਹੋਣ ਵਾਲੀ ਫਿਲਮ ਦਿਖਾ ਦੇਂਦੀਆਂ ਨੇ। ਇਹ ਜਾਣੀਆਂ-ਪਛਾਣੀਆਂ ਸੁਰਾਂ ਵਿਚ ਸੁਗੰਧ ਭਰਦੀਆਂ ਨੇ ਤੇ ਮੌਨ ਵਿਚ ਅਨਹਦ ਨਾਦ ਸੁਣਾ ਦੇਂਦੀਆਂ ਨੇ। ਯਾਦਾਂ ਹਵਾ ਬਣ ਕੇ ਸਾਹਾਂ ਵਿਚ ਵੱਸ ਜਾਂਦੀਆਂ ਨੇ, ਧੜਕਨ ਬਣ ਕੇ ਦਿਲ ਵਿਚ ਸਮਾ ਜਾਂਦੀਆਂ ਨੇ ਤੇ ਅਫ਼ਸੋਸ ਬਣ ਕੇ ਤੜਫਾਉਣ ਲੱਗ ਪੈਂਦੀਆਂ ਨੇ ਜਾਂ ਮੁਸਕੁਰਾਹਟ ਬਣ ਕੇ ਖੇੜੇ ਬਰੂਰਨ ਲੱਗਦੀਆਂ ਨੇ।
ਅਹਿਮਦ ਕੀ ਜਾਣੇ ਮੈਂ ਇੱਥੇ ਰਹਿੰਦਾ ਹਾਂ। ਸੰਤੋਖ, ਹਰਕਿਸ਼ਨ, ਸੁਰਿੰਦਰ, ਫ਼ੀਰੋਜ਼ ਅਲੀ, ਹਾਮਿਦ ਤੇ ਰੋਸ਼ਨ ਨੂੰ ਕੀ ਪਤਾ ਕਿ ਮੈਂ ਝੱਟ ਕਿਤੇ ਵੀ ਪਹੁੰਚ ਜਾਂਦਾ ਹਾਂ। ਉਹ ਚਲੇ ਗਏ ਹੋਣਗੇ, ਪਰ ਮੈਂ ਤਾਂ ਇੱਥੋਂ ਕਿਧਰੇ ਗਿਆ ਹੀ ਨਹੀਂ।
ਮੈਂ ਉਸ ਦਿਨ ਵੀ ਕਿੱਥੇ ਗਿਆ ਸੀ, ਜਿਸ ਦਿਨ ਮੇਰੇ ਮਾਂ-ਬਾਪ ਇਕ ਰੋਂਦੇ ਹੋਏ ਬੱਚੇ ਨੂੰ ਘਸੀਟ ਕੇ ਕਿਸੇ ਸਰਹੱਦ ਦੇ ਪਾਰ ਲੈ ਜਾ ਰਹੇ ਸਨ। ਉਹ ਬੱਚਾ ਐਨ ਵਿਚਕਾਰੋਂ ਕੱਟ ਦਿੱਤਾ ਗਿਆ ਸੀ। ਪਰ ਛੇਤੀ ਹੀ ਦੋਵੇਂ ਹਿੱਸੇ ਫੇਰ ਜਿਊਂਦੇ ਹੋ ਗਏ ਸਨ। ਉਸਨੇ ਆਪਣਾ ਕਤਲ ਹੁੰਦਿਆਂ, ਆਪਣੀ ਅੱਖੀਂ, ਦੇਖਿਆ ਸੀ। ਉਸਨੇ ਦੇਖਿਆ ਸੀ ਕਿ ਲੁੱਟਮਾਰ ਦੇ ਬੇਮੌਸਮ ਪਤਝੜ ਨੇ ਪੂਰੇ ਵਤਨ ਦੇ ਰੁੱਖਾਂ ਦਾ ਗਲ਼ਾ ਘੁੱਟ ਦਿੱਤਾ ਸੀ, ਜਿਹਨਾਂ ਉੱਤੇ ਲਟਕਦੀਆਂ ਹੋਈਆਂ ਜ਼ਖ਼ਮੀ ਟਾਹਣੀਆਂ ਫਾਂਸੀ 'ਤੇ ਲਟਕਦੀਆਂ ਲਾਸ਼ਾਂ ਦੀਆਂ ਬਾਹਾਂ ਤੇ ਲੱਤਾਂ ਵਾਂਗ ਲੱਗ ਰਹੀਆਂ ਸਨ, ਪਰ ਉਸਨੇ ਸਭ ਕਾਤਲਾਂ ਨੂੰ ਮੁਆਫ਼ ਕਰ ਦਿੱਤਾ ਸੀ। ਉਹ ਖੋਜਾ ਨਜਮੁੱਦੀਨ ਨੂੰ ਵੀ ਸਮਝਾਉਣਾ ਚਾਹੁੰਦਾ ਸੀ ਕਿ ਮੈਂ ਤੁਹਾਡਾ ਦੁਸ਼ਮਣ ਨਹੀਂ ਹਾਂ। ਉਹ ਕਿਉਂ ਜਿੰਨ-ਭੂਤਾਂ ਨੂੰ ਭਜਾਉਣ ਦੇ ਅਨੁਸ਼ਠਾਨ/ ਉਪਾਅ ਕਰਦੇ ਰਹਿੰਦੇ ਨੇ? ਭਲਾ ਕੋਈ ਆਪਣੀ ਜਨਮ-ਭੂਮੀ ਦਾ ਵੀ ਵੈਰੀ ਹੋ ਸਕਦਾ ਹੈ? ਮੈਂ ਬਸ ਏਨਾ ਹੀ ਤਾਂ ਚਾਹੁੰਦਾ ਹਾਂ ਕਿ ਜਿਸ ਭੂਮੀ ਉੱਤੇ ਕੱਟ ਦਿੱਤੇ ਜਾਣ ਸਮੇਂ ਮੇਰਾ ਖ਼ੂਨ ਡਿੱਗਿਆ ਸੀ, ਉੱਥੋਂ ਦੇ ਚਾਨਣ ਜਾਂ ਹਵਾਂ ਵਿਚ ਮੇਰੀ ਕੋਈ ਚਾਹ ਜਾਂ ਕਰਾਹ ਰਹਿ ਜਾਏ। ਜੇ ਕਿਸੇ ਨੂੰ ਏਨਾ ਵੀ ਮੰਜ਼ੂਰ ਨਹੀਂ, ਤਾਂ ਨਾ ਸਹੀ। ਮੇਰੀ ਨਾਪਸੰਦ ਮੌਜ਼ੂਦਗੀ ਨੂੰ ਮਨਹੂਸ ਤਾਂ ਨਾ ਮੰਨਿਆਂ ਜਾਏ।
ਇੱਥੋਂ ਹੁਣ ਮੈਂ ਆਪਣੇ ਸਕੂਲ ਵੱਲ ਨਿਕਲ ਜਾਵਾਂਗਾ। ਓਧਰ ਕਈ ਦਿਨਾਂ ਦਾ ਜਾ ਨਹੀਂ ਸਕਿਆ ਸੀ। ਮੈਂ ਮਾਸਟਰ ਹੁਸੈਨ ਨੂੰ ਆਪਣਾ ਹੋਮ ਵਰਕ ਦਿਖਾਉਣਾ ਹੈ। ਮਾਸਟਰ ਨਸੀਰ ਅਹਿਮਦ ਤੋਂ ਮੈਂ ਆਪਣੀ ਕਾਪੀ ਵਾਪਸ ਲੈਣੀ ਹੈ। ਅਜੇ ਮੈਂ ਕਬਡੀ ਖੇਡਣੀ ਹੈ, ਸਰਹਦਾਂ ਦੇ ਆਰ-ਪਾਰ ਖੇਡੀ ਜਾਣ ਵਾਲੀ ਕਬਡੀ ਤੋਂ ਭਿੰਨ।
ਸਕੂਲ ਦੇ ਰਸਤੇ 'ਚ ਬਿਸਕੁਟ ਬਣਾਉਣ ਵਾਲੇ ਦੀ ਦੁਕਾਨ ਪੈਂਦੀ ਹੈ। ਕੋਈ ਹਰਜ਼ ਨਹੀਂ ਜੇ ਉਸਨੇ ਦੁਕਾਨ ਬੰਦ ਕਰ ਦਿੱਤੀ ਹੈ, ਉਸਦੇ ਬਣਾਏ ਤਾਜ਼ੇ ਬਿਸਕੁਟਾਂ ਦੀ ਗੰਧ ਉੱਥੋਂ ਕਿਤੇ ਨਹੀਂ ਜਾ ਸਕਦੀ। ਉਸਦੇ ਬਾਦਾਮਾਂ ਵਾਲੇ ਬਿਸਕੁਟਾਂ ਦਾ ਸੁਆਦ ਮੇਰੀ ਜ਼ਬਾਨ ਉੱਤੇ ਗੋਦਨੇ ਵਾਂਗ ਉਕਰਿਆ ਹੋਇਆ ਹੈ। ਸਾਹਮਣੇ ਸੁਹੇਲ ਸਿੰਘ ਸਟੇਸ਼ਨਰੀ ਵਾਲੇ ਦੀ ਦੁਕਾਨ ਹੁੰਦੀ ਸੀ। ਉੱਥੇ ਜਿਸ ਨੇ ਵੀ ਨਵੀਂ ਦੁਕਾਨ ਖੋਲ੍ਹੀ ਹੈ, ਮੈਂ ਉਸ ਤੋਂ ਫੱਟੀ ਪੋਚਣ ਲਈ ਮੁਲਤਾਨੀ ਮਿੱਟੀ (ਗਾਚੀ) ਲੈਣੀ ਹੈ। ਮੈਂ ਆਪਣੀ ਫੱਟੀ ਉੱਤੇ ਅਜੇ ਵੀ ਕਿੰਨੇ ਹੀ ਸੁਲੇਖ ਲਿਖਣੇ ਨੇ, ਜਿਹਨਾਂ ਵਿਚੋਂ ਕਿਸੇ ਨਾ ਕਿਸੇ ਸੁਲੇਖ ਨੂੰ ਕੋਈ ਨਾ ਕੋਈ ਤਾਂ ਪੜ੍ਹੇਗਾ ਹੀ। ਤਦ ਤਕ ਮੈਂ ਇੱਥੇ ਹੀ ਰਹਾਂਗਾ। ਕੋਈ ਪੁੱਛੇ ਤਾਂ ਦੱਸ ਦੇਣਾ।

***

No comments:

Post a Comment