Friday, August 12, 2011

ਉਹ ਰਾਤ... :: ਲੇਖਕਾ : ਊਸ਼ਾ ਰਾਜੇ ਸਕਸੇਨਾ

ਪ੍ਰਵਾਸੀ ਹਿੰਦੀ ਕਹਾਣੀ :

     ਉਹ ਰਾਤ...
       ਲੇਖਕਾ : ਊਸ਼ਾ ਰਾਜੇ ਸਕਸੇਨਾ

E-mail : usharajesaxena@hotmail.com

       ਅਨੁਵਾਦ : ਮਹਿੰਦਰ ਬੇਦੀ, ਜੈਤੋ

ਪਿਛਲੇ ਤਿੰਨ ਦਿਨਾਂ ਤੋਂ ਘਰ ਦੇ ਰੇਡੀਅਟਰ ਗਰਮ ਨਹੀਂ ਸੀ ਹੋ ਰਹੇ। ਸਲਾੱਟ ਮੀਟਰ ਦੇ ਪੈਸੇ ਬੜੀ ਪਹਿਲਾਂ ਖ਼ਤਮ ਹੋ ਚੁੱਕੇ ਸੀ। ਘਰ ਵਿਚ ਜਿੰਨੇ ਕੰਬਲ ਸੀ—ਐਨਿਟਾ ਨੇ ਸਾਡੇ ਸਾਰਿਆਂ ਉੱਤੇ ਪਾ ਦਿੱਤੇ ਸੀ। ਬਿਨਾਂ ਹੀਟਿੰਗ ਦੇ ਸਾਰਾ ਘਰ ਬਰਫ਼ੀਲਾ ਹੋਇਆ ਹੋਇਆ ਸੀ। ਖਿੜਕੀਆਂ ਦੇ ਸ਼ੀਸ਼ਿਆਂ ਉੱਤੇ ਬਰਫ਼ ਦੀ ਹਲਕੀ ਜਿਹੀ ਤੈਹ ਜੰਮ ਗਈ ਸੀ। ਲੈਂਪ ਪੋਸਟ ਦੀ ਮੱਧਮ, ਪੀਲੀ ਰੋਸ਼ਨੀ ਅਪਾਰਦਰਸ਼ੀ ਹੋ ਰਹੇ ਸ਼ੀਸ਼ੇ ਤੇ ਪਰਦੇ ਵਿਚੋਂ ਰਸਤਾ ਬਣਾਉਂਦੀ ਹੋਈ ਕਮਰੇ ਵਿਚ ਪਏ ਕਾਰਪੇਟ ਉੱਤੇ ਪੂਡਲ (ਛੋਟੇ ਕੁੱਤੇ) ਵਾਂਗ ਲੇਟੀ ਹੋਈ ਸੀ।
ਅਜਿਹੀਆਂ ਠੰਡੀਆਂ ਰਾਤਾਂ ਵਿਚ ਅਕਸਰ ਮੈਂ 'ਬੰਕ-ਬੈਡ' (ਛੋਟੇ ਬੱਚਿਆਂ ਲਈ ਬਣਿਆ ਇਕ ਵਿਸ਼ੇਸ਼ ਕਿਸਮ ਦਾ ਦੋ ਤਲਿਆਂ ਵਾਲਾ ਪੰਲਘ) ਦੇ ਉਪਰਲੇ ਤਲੇ 'ਤੇ ਸਲੀਪਿੰਗ ਬੈਗ ਵਿਚ ਗੁੱਛਾ-ਮੁੱਛਾ ਹੋ ਕੇ ਸੌਣ ਦੀ ਕੋਸ਼ਿਸ਼ ਕਰਦਾ ਹਾਂ ਪਰ ਕਈ ਵਾਰੀ ਨੀਂਦ ਵਿਚ, ਮੈਂ ਆਪਣੇ ਬੰਕ-ਬੈਡ ਦੀਆਂ ਪੌੜੀਆਂ ਉਤਰ ਕੇ ਚੁੱਪਚਾਪ ਐਨਿਟਾ ਦੇ ਬਿਸਤਰੇ ਵਿਚ ਵੜ ਕੇ ਉਸਦੇ ਨਰਮ-ਨਿੱਘੇ ਪਿੰਡੇ ਨਾਲ ਲਿਪਟ ਜਾਂਦਾ ਹਾਂ। ਐਨਿਟਾ ਮੈਨੂੰ ਆਪਣੇ ਨਾਲ ਚਿਪਕਾ ਲੈਂਦੀ ਹੈ। ਉਸਦੇ ਬਦਨ ਦੀ ਗਰਮੀ ਮਹਿਸੂਸ ਕਰਦੇ ਹੋਏ ਸੌਂ ਜਾਣਾ ਮੈਨੂੰ ਚੰਗਾ ਲੱਗਦਾ ਹੈ। ਕਦੀ ਕਦੀ ਇੰਜ ਹੀ ਚਾਰ ਸਾਲਾਂ ਦੀ ਰੇਬੇਕਾ ਤੇ ਰੀਟਾ, ਮੇਰੀਆਂ ਜੁੜਵਾਂ ਭੈਣਾ, ਵੀ ਐਨਿਟਾ ਦੇ ਬਿਸਤਰੇ ਵਿਚ ਵੜ ਆਉਂਦੀਆਂ ਨੇ। ਮੁਸ਼ਕਿਲ ਤਾਂ ਉਦੋਂ ਹੁੰਦੀ ਹੈ ਜਦੋਂ ਰੇਬੇਕਾ ਬਿਸਤਰਾ ਭਿਓਂ ਦਿੰਦੀ ਹੈ, ਪਰ ਚਤੁਰ ਐਨਿਟਾ ਉਸਨੂੰ ਕੋਲ ਰੱਖੇ ਸੁੱਕੇ ਤੌਲੀਏ ਵਿਚ ਲਪੇਟ ਦਿੰਦੀ ਹੈ ਤੇ ਅਸੀਂ ਆਰਾਮ ਨਾਲ ਇਕ ਦੂਜੇ ਨਾਲ ਚਿਪਕੇ ਉਦੋਂ ਤਕ ਸੁੱਤੇ ਰਹਿੰਦੇ ਹਾਂ, ਜਦੋਂ ਤਕ ਸਾਈਡ ਬੋਰਡ ਉੱਤੇ ਰੱਖੀ ਘੜੀ ਅੱਠ ਵੱਜ ਕੇ ਪੰਜ ਮਿੰਟ ਦਾ ਅਲਾਰਮ ਨਹੀਂ ਵਜਾਉਣ ਲੱਗਦੀ।
ਅਕਸਰ ਘਰ ਵਿਚ ਪੈਸਿਆਂ ਦੀ ਤੰਗੀ ਹੋ ਜਾਂਦੀ ਹੈ ਫੇਰ ਵੀ ਮਮੀ ਸਾਡੇ ਲਈ ਕਿਸੇ ਨਾ ਕਿਸੇ ਤਰ੍ਹਾਂ ਬੇਬੀ ਸਿਟਰ ਦਾ ਇੰਤਜ਼ਾਮ ਕਰ ਹੀ ਲੈਂਦੀ ਹੈ। ਕਦੇ-ਕਦਾਰ ਇੰਜ ਵੀ ਹੋਇਆ ਹੈ ਕਿ ਬੇਬੀ ਸਿਟਿੰਗ ਦੇ ਲਈ ਕੋਈ ਨਹੀਂ ਮਿਲਦਾ ਤਾਂ ਓਦੋਂ ਮਮੀ ਰਾਤ ਨੂੰ ਸਾਨੂੰ ਬਿਸਤਰੇ ਵਿਚ ਸੰਵਾਅ ਕੇ, ਬੇਹੱਦ ਸਖ਼ਤ ਹਦਾਇਤਾਂ ਦੇ ਕੇ, ਘਰ ਦੇ ਪਿਛਲੇ ਦਰਵਾਜ਼ੇ ਵਿਚੋਂ ਚੁੱਪਚਾਪ ਬਾਹਰ ਨਿਕਲ ਜਾਂਦੀ ਹੈ ਤੇ ਸਵੇਰੇ ਸਾਡੇ ਉਠਣ ਤੋਂ ਪਹਿਲਾਂ ਘਰ ਆ ਜਾਂਦੀ ਹੈ।
ਆਮ ਤੌਰ 'ਤੇ ਮਮੀ ਸਵੇਰੇ ਸਵੇਰੇ ਬੇਹੱਦ ਥੱਕੀ ਹੁੰਦੀ ਹੈ। ਕਈ ਵਾਰੀ ਉਹ ਆਪਣੇ ਗਾਹਕਾਂ ਦੇ ਨਾਲ ਏਨੀ ਸ਼ਰਾਬ ਪੀ ਲੈਂਦੀ ਹੈ ਕਿ ਉਸਨੂੰ ਭਿਅੰਕਰ ਸਿਰ ਦਰਦ ਹੋ ਰਿਹਾ ਹੁੰਦਾ ਹੈ। ਓਦੋਂ ਐਨਿਟਾ ਸਵੇਰੇ ਝਟਪਟ ਉਠ ਕੇ, ਰੇਬੇਕਾ-ਰੀਟਾ ਨੂੰ ਨਾਸ਼ਤੇ ਵਿਚ ਦੁੱਧ ਦੇ ਨਾਲ 'ਵੀਟਾਬਿਕਸ' ਦੇ ਕੇ, ਖ਼ੁਦ ਤਿਆਰ ਹੋਣ ਲੱਗਦੀ ਹੈ। ਰੇਬੇਕਾ-ਰੀਟਾ ਬਿਸਕੁਟ ਖਾਂਦੀਆਂ ਹੋਈਆਂ ਮਮੀ ਦੇ ਉਠਣ ਤਕ ਟੀ.ਵੀ. ਉੱਤੇ ਸਵੇਰੇ ਆਉਣ ਵਾਲੇ ਬੱਚਿਆਂ ਦੇ ਪ੍ਰੋਗਰਾਮ ਦੇਖਦੀਆਂ ਰਹਿੰਦੀਆਂ ਨੇ। ਜਦੋਂ ਐਨਿਟਾ ਤੰਗ ਆ ਕੇ ਇਕੱਲੀ ਹੀ ਸਕੂਲ ਜਾਣ ਦੀ ਧਮਕੀ ਦਿੰਦੀ ਹੈ, ਉਦੋਂ ਮੈਂ ਕਾਹਲ ਨਾਲ ਪੌੜੀਆਂ ਉਤਰਦਾ ਤੇ ਡਫਲ ਕੋਟ ਦੇ ਬਟਨ ਬੰਦਾ ਕਰਦਾ ਹੋਇਆ ਹੇਠਾਂ ਆਉਂਦਾ ਹਾਂ। ਐਨਿਟਾ ਜਾਣਦੀ ਹੈ ਮੈਂ ਜਾਗ ਵੀ ਪਵਾਂ ਫੇਰ ਵੀ ਮੇਰਾ ਪੇਟ ਦੇਰ ਤਕ ਸੁੱਤਾ ਰਹਿੰਦਾ ਹੈ। ਉਹ ਮੈਨੂੰ ਝਿੜਕਦੀ ਹੋਈ ਫਲਾਂ ਵਾਲੀ ਟੋਕਰੀ ਵਿਚੋਂ ਇਕ ਸਿਓ ਮੇਰੇ ਮੋਢੇ 'ਤੇ ਟੰਗੇ ਬੈਗ ਵਿਚ ਪਾਉਂਦੀ ਤੇ ਮੈਨੂੰ ਕਾਹਲ ਨਾਲ ਧੂੰਦੀ ਹੋਈ ਸਕੂਲ ਲਈ ਭਜਾਅ ਲੈ ਜਾਂਦੀ ਹੈ। ਅਸੀਂ ਅਕਸਰ ਦੌੜਦੇ ਹੋਏ ਸਕੂਲ ਜਾਂਦੇ ਹਾਂ। ਸਾਨੂੰ ਪਤਾ ਹੈ ਕਿ ਜੇ ਅਸੀਂ ਤਿੰਨ ਦਿਨ ਤਕ ਲਗਾਤਾਰ ਸਕੂਲ ਦੇਰ ਨਾਲ ਪਹੁੰਚਾਂਗੇ ਤਾਂ ਚੌਥੇ ਦਿਨ ਮਮੀ ਦੀ ਸਕੂਲ ਵਿਚ ਪੇਸ਼ੀ ਪੈ ਜਾਏਗੀ, ਜੋ ਮਮੀ ਨੂੰ ਬਿਲਕੁਲ ਪਸੰਦ ਨਹੀਂ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਮੀ ਨੂੰ ਕਈ ਵਾਰੀ ਸਾਡੇ ਲਈ ਬੜੀ ਜ਼ਿੱਲਤ ਭੌਗਣੀ ਪੈਂਦੀ ਹੈ।
ਐਨਿਟਾ, ਮੈਥੋਂ ਸਿਰਫ ਇਕ ਸਾਲ ਵੱਡੀ, ਮੇਰੀ ਭੈਣ, ਬੜੀ ਸਮਝਦਾਰ ਹੈ। ਸਕੂਲ ਵਿਚ ਜਦੋਂ ਕਦੀ ਸਾਡੇ ਘਰੇਲੂ ਮਾਮਲੇ ਬਾਬਤ ਪੁੱਛਗਿੱਛ ਹੁੰਦੀ ਹੈ ਤਾਂ ਮਮੀ ਨੂੰ ਸਾਰੇ ਝੰਜਟਾਂ ਤੋਂ ਬਚਾਉਣ ਲਈ ਉਹ ਢੇਰ ਸਾਰੇ ਬਹਾਨੇ ਬਣਾ ਲੈਂਦੀ ਹੈ। ਮੈਂ ਤਾਂ ਬਸ ਉਸਦੀ ਹਾਂ ਵਿਚ ਹਾਂ ਮਿਲਾਉਂਦਾ ਰਹਿੰਦਾ ਹਾਂ। ਮਿਸ ਬੇਨਸਨ ਤੇ ਮਿਸ ਆੱਸਬੋਰਨ ਨੂੰ ਤਾਂ ਉਹ ਖ਼ੂਬ ਚੰਗੀ ਤਰ੍ਹਾਂ ਪਟਾ ਲੈਂਦੀ ਹੈ। ਐਨਿਟਾ ਹੈ ਹੀ ਏਨੀ ਪਿਆਰੀ, ਗੁਆਂਢੀਆਂ ਨੂੰ ਛੱਡ ਕੇ ਉਸਦੀ ਸਾਰਿਆਂ ਨਾਲ ਚੰਗੀ ਬਣਦੀ ਹੈ। ਸਾਡੇ ਗੁਆਂਢੀ ਚੰਗੇ ਲੋਕ ਨਹੀਂ। ਉਹ ਸਾਨੂੰ ਦੇਖਦੇ ਹੀ ਸਾਡੀ ਮਮੀ ਉੱਤੇ ਵਿਅੰਗ ਕਸਦੇ ਹੋਏ ਸਾਨੂੰ ਸੁਣਾ-ਸੁਣਾ ਕੇ ਗੰਦੀਆਂ-ਗੰਦੀਆਂ ਗੱਲਾਂ ਕਰਨ ਲੱਗ ਪੈਂਦੇ ਨੇ।
ਕਲ੍ਹ ਰਾਤ ਫੇਰ ਮਮੀ ਨੇ ਸਾਨੂੰ ਜਲਦੀ ਹੀ ਉਪਰ ਸੌਣ ਲਈ ਭੇਜ ਦਿੱਤਾ। ਉਸ ਸਮੇਂ ਸ਼ਾਮ ਦੇ ਸੱਤ ਵੱਜੇ ਸਨ। ਕੋਈ ਪੰਦਰਾਂ ਮਿੰਟ ਬਾਅਦ ਬਾਥਰੂਮ ਵਿਚ ਟੱਬ ਭਰਨ ਦੀ ਆਵਾਜ਼ ਆਈ ਸ਼ਇਦ ਮਮੀ ਨਹਾਅ ਰਹੀ ਹੋਏਗੀ। ਥੋੜ੍ਹੀ ਦੇਰ ਬਾਅਦ ਹੀ ਪੌੜੀ ਦੇ ਚਰਮਰਾਉਣ ਦੀ ਆਵਾਜ਼ ਤੋਂ ਮੈਨੂੰ ਲੱਗਿਆ ਕਿ ਮਮੀ ਹੇਠਾਂ ਗਈ ਹੈ। ਰੇਬੇਕਾ-ਰੀਟਾ ਸੌਂ ਚੁੱਕੀਆਂ ਸਨ। ਮੈਨੂੰ ਵੀ ਨੀਂਦ ਆ ਰਹੀ ਸੀ। ਪਰ ਐਨਿਟਾ ਦੇ ਦਬਵੇਂ ਪੈਰੀਂ ਹੇਠਾਂ ਜਾਣ ਦੀ ਆਵਾਜ਼ ਨੇ ਮੈਨੂੰ ਉਤਸੁਕ ਕਰ ਦਿੱਤਾ ਸੀ। ਜਦੋਂ ਐਨਿਟਾ ਵਾਪਸ ਉਪਰ ਆਈ ਮੈਂ ਬੰਕ-ਬੈਡ ਵਿਚ ਬੈਠਾ ਇਨੇਡ ਬਲਾਇਟਨ ਦਾ ਲਿਖਿਆ ਜਾਸੂਸੀ ਨਾਵਲ 'ਫੇਮਸ ਫਾਈਵ' ਪੜ੍ਹ ਰਿਹਾ ਸੀ। ਮੈਨੂੰ ਕਿਤਾਬ ਪੜ੍ਹਦਿਆਂ ਦੇਖ ਕੇ ਐਨਿਟਾ ਮੁਸਕੁਰਾਈ ਫੇਰ ਮੇਰੇ ਕੋਲ ਆਉਂਦਿਆਂ ਫੁਸਫੁਸਾਅ ਕੇ ਬੋਲੀ—
ਤੂੰ ਜ਼ਰੂਰ ਇਕ ਦਿਨ ਪ੍ਰੋਫ਼ੈਸਰ ਬਣੇਗਾ।...ਸੁਣ! ਹੁਣੇ ਮੈਂ ਹੇਠਾਂ ਗਈ ਸੀ, ਮਮੀ ਬਾਹਰ ਜਾਣ ਵਾਲੀ ਏ। ਉਸ ਸਫੇਦ ਜੈਜ਼ੀ, ਮਿਨੀ ਸਕਰਟ ਤੇ ਲਾਲ ਟੈਂਕ ਟਾਪ ਵਿਚ ਬੜੀ ਖ਼ੂਬਸੂਰਤ ਲੱਗ ਰਹੀ ਸੀ। ਮੈਨੂੰ ਪੌੜੀਆਂ ਕੋਲ ਚੁੱਪਚਾਪ ਖੜ੍ਹੀ ਦੇਖ ਕੇ ਬੋਲੀ, 'ਕੀ ਗੱਲ ਏ ਤੈਨੂੰ ਨੀਂਦ ਨਹੀਂ ਆ ਰਹੀ ਕਿ?'
ਪਤਾ ਈ,' ਉਸਨੇ ਸ਼ਰਾਰਤ ਨਾਲ ਅੱਖਾਂ ਮਟਕਾਉਂਦਿਆਂ ਤੇ ਮੁਸਕਰਾਉਂਦਿਆਂ ਹੋਇਆਂ ਕਿਹਾ, 'ਮੈਨੂੰ ਪਤਾ ਸੀ ਕਿ ਮਮੀ ਬਾਹਰ ਜਾ ਰਹੀ ਏ, ਪਰ ਫੇਰ ਵੀ ਮੈਂ ਉਸਨੂੰ ਪੁੱਛਿਆ 'ਕੀ ਤੁਸੀਂ ਬਾਹਰ ਜਾ ਰਹੇ ਓ?' ਮਮੀ ਨੇ ਮੈਨੂੰ ਪਰਚਾਉਣ ਖਾਤਰ ਭਰਵੱਟਿਆਂ ਨੂੰ ਉਤਾਂਹ ਚੁੱਕ ਕੇ ਬੁੱਲ੍ਹਾਂ 'ਤੇ ਆਈ ਮੁਸਕਾਨ ਨੂੰ ਲੁਕਾਂਦਿਆਂ ਹੋਇਆਂ ਕਿਹਾ, 'ਨਹੀਂ ਬਈ!''
ਐਨਿਟ ਨੇ ਪੱਬਾਂ ਭਾਰ ਹੋ ਕੇ ਮੇਰੀਆਂ ਅੱਖਾਂ ਵਿਚ ਤੱਕਦਿਆਂ ਹੋਇਆਂ ਕਿਹਾ, 'ਮੈਨੂੰ ਪਤਾ ਸੀ ਮਮ ਮੈਨੂੰ ਪਰਚਾਅ ਰਹੀ ਏ ਪਰ ਮੈਂ ਵੀ ਢੀਠ ਆਂ ਨਾ, ਮੈਂ ਕਿਹਾ—ਮਾੱਮ ਮੈਨੂੰ ਤੁਹਾਡਾ ਪਿਆਰ ਚਾਹੀਦਾ ਏ। ਮੈਨੂੰ ਜੱਫੀ ਪਾ ਕੇ ਪਿਆਰ ਕਰੋ ਨਾ! ਪਤਾ ਨਹੀਂ ਕਿਉਂ ਮੇਰਾ ਮਨ ਮਮ ਨੂੰ ਜੱਫੀ ਪਾਉਣ ਲਈ ਮਚਲ ਰਿਹਾ ਸੀ!
 ''ਅੱਛਾ, ਚਲ, ਆ-ਜਾ ਸ਼ੈਤਾਨ ਬੱਚੀ' ਕਹਿੰਦਿਆਂ ਹੋਇਆਂ ਉਹਨਾਂ ਹੱਥ ਵਿਚ ਫੜੀ ਲਿਪਸਟਿਕ ਡ੍ਰੇਸਰ 'ਤੇ ਰੱਖਦਿਆਂ ਹੋਇਆਂ ਮੈਨੂੰ ਬਾਹਾਂ ਵਿਚ ਘੁੱਟਦਿਆਂ ਕਿਹਾ, 'ਆ ਜਾ ਮੇਰੀ ਪਿਆਰੀ ਧੀ-ਰਾਣੀ, ਇਸ ਤੋਂ ਪਹਿਲਾਂ ਕਿ ਮੈਂ ਲਿਪਸਟਿਕ ਲਾ ਲਵਾਂ, ਆ, ਤੈਨੂੰ ਜੀਅ ਭਰ ਕੇ ਪਿਆਰ ਕਰ ਲਵਾਂ ਤੇ ਸੁਣ! ਮੈਂ ਅੱਜ ਰਾਤੀਂ ਜਲਦੀ ਹੀ ਵਾਪਸ ਆ ਜਾਵਾਂਗੀ। ਕਲ੍ਹ ਤੂੰ ਨੌ ਵਰ੍ਹਿਆਂ ਦੀ ਹੋ ਜਾਏਂਗੀ ਨਾ! ਅੱਜ ਰਾਤ ਮੈਂ ਤੇਰੇ ਜਨਮ ਦਿਨ ਲਈ ਢੇਰ ਸਾਰੇ ਪੈਸੇ ਕਮਾਵਾਂਗੀ। ਤੁਸੀਂ ਲੋਕ ਆਪਣੇ ਕਮਰੇ 'ਚੋਂ ਬਾਹਰ ਨਾ ਨਿਕਲਣਾ, ਅੱਛਾ।' ਕਹਿੰਦਿਆਂ ਹੋਇਆਂ ਮਮ ਨੇ ਪਿਆਰ ਦਾ ਬੋਸਾ ਮੇਰੇ ਬੁੱਲ੍ਹਾਂ ਉੱਤੇ ਦੇ ਕੇ ਮੈਨੂੰ ਉਪਰ ਭੇਜ ਦਿੱਤਾ। ਮਮੀ ਦੇ ਸਾਫ-ਸੁਥਰੇ ਤਾਜ਼ਾ ਨਹਾਏ ਠੰਡੇ ਸਰੀਰ 'ਚੋ ਬੇਹੱਦ ਪਿਆਰੀ ਸਾਬੁਨ ਤੇ ਪਰਫਿਊਮ ਦੀ ਖ਼ੂਸ਼ਬੂ ਆ ਰਹੀ ਸੀ ਤੇ ਪਤਾ ਈ, ਉਹ ਅੱਜ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ।'
ਸੱਚ' ਕਹਿੰਦਿਆਂ ਹੋਇਆਂ ਮੈਂ ਐਨਿਟਾ ਦੀ ਗੱਲ ਨੂੰ ਚੁੰਮਿਆਂ ਤਾਂ ਉਸ ਵਿਚੋਂ ਮੈਨੂੰ ਮਮ ਦੇ ਪਰਫਿਊਮ ਤੇ ਸਾਬੁਨ ਦੀ ਰਲੀ-ਮਿਲੀ ਖ਼ੂਸ਼ਬੂ ਆਈ। ਹੁਣ ਤਕ ਮੈਨੂੰ ਨੀਂਦ ਆਉਣ ਲੱਗ ਪਈ ਸੀ। ਮੈਂ ਉਨੀਂਦੀਆਂ ਅੱਖਾਂ ਨਾਲ ਐਨਿਟਾ ਵੱਲ ਦੇਖਿਆ, ਉਹ ਮਮੀ ਜਿੰਨੀ ਹੀ ਖ਼ੂਬਸੂਰਤ ਤੇ ਦਿਲਕਸ਼ ਲੱਗ ਰਹੀ ਸੀ। ਉਹੀ ਨੀਲੀਆਂ ਅੱਖਾਂ, ਉਹੀ ਸੁਨਹਿਰੇ ਘੁੰਗਰਾਲੇ ਵਾਲ, ਉਹੀ ਤਣਿਆ ਹੋਇਆ ਅਭਿਮਾਨੀ ਜੁੱਸਾ!
ਉਸ ਰਾਤ ਜਦੋਂ ਮੈਂ ਗੂੜ੍ਹੀ ਨੀਂਦ ਵਿਚ ਸੀ ਐਨਿਟਾ ਨੇ ਮੈਨੂੰ ਜ਼ੋਰ ਨਾਲ ਝੰਜੋੜਦਿਆਂ ਹੋਇਆਂ ਜਗਾਇਆ—
ਸੁਣ ਮਾਰਕ, ਮਮ ਹਾਲੇ ਤੀਕ ਘਰ ਨਹੀਂ ਆਈ ਏ।' ਐਨਿਟਾ ਮੇਰੇ ਕੰਨ ਵਿਚ ਫੁਸਫੁਸਾਈ। ਉਦੋਂ ਹੀ ਅਚਾਨਕ ਰੇਬੇਕਾ ਤੇ ਰੀਟਾ ਦੋਵੇਂ ਨੀਂਦ ਵਿਚੋਂ ਤ੍ਰਬਕ ਕੇ ਰੋਣ ਲੱਗ ਪਈਆਂ। ਐਨਿਟਾ ਨੇ ਉਹਨਾਂ ਦੇ ਮੂੰਹ ਵਿਚ ਚੂਸਨੀਂ ਪਾ ਕੇ ਉਹਨਾਂ ਨੂੰ ਥਾਪੜ ਦਿੱਤਾ।
ਕੀ?' ਡਰ ਨਾਲ ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ। ਮੈਂ ਕੰਧ-ਘੜੀ ਦੇਖੀ, ਸਵੇਰ ਦੇ ਪੰਜ ਵੱਜ ਗਏ ਸਨ। ਮਮੀ ਢਾਈ-ਤਿੰਨ ਵਜੇ ਤਕ ਹਰ ਹਾਲਤ ਵਿਚ ਘਰ ਆ ਜਾਂਦੀ ਹੈ।
ਤੂੰ ਹੇਠਾਂ ਲਿਵਿੰਗ ਰੂਮ ਤੇ ਟਾਯਲੇਟ 'ਚ ਤਾਂ ਦੇਖ ਲਿਐ ਨਾ, ਐਨੀ?' ਮੈਂ ਘਬਰਾ ਕੇ ਐਨਿਟਾ ਨੂੰ ਪੁੱਛਿਆ।
'ਮੈਂ ਸਾਰਾ ਘਰ ਛਾਣ ਮਾਰਿਐ ਮਾਰਕ।'
ਹੁਣ ਅਸੀਂ ਕੀ ਕਰਾਂਗੇ?' ਮੇਰਾ ਅੰਦਰ ਬਾਹਰ ਸਹਿਮ ਗਿਆ ਸੀ। ਮੈਂ ਰੁਹਾਂਸਾ ਹੋ ਗਿਆ ਸਾਂ। ਇੰਜ ਪਹਿਲੀ ਵਾਰੀ ਹੋਇਆ ਹੈ ਕਿ ਮੇਰੀ ਅੱਖ ਖੁੱਲ੍ਹੀ ਹੋਏ ਤੇ ਮਮੀ ਘਰ ਵਿਚ ਨਾ ਹੋਏ ਤੇ ਐਨਿਟਾ ਘਬਰਾਈ ਹੋਈ ਹੋਏ।
ਰੇਬੇਕਾ ਤੇ ਰੀਟਾ ਹੁਣ ਤਕ ਚੁੱਪ ਹੋ ਕੇ ਫੇਰ ਸੌਂ ਗਈਆਂ ਸਨ। ਮੈਨੂੰ ਤਸੱਲੀ ਦੇਂਦੀ ਹੋਈ ਐਟਿਨਾ ਮੇਰੇ ਕੰਨ ਵਿਚ ਫੁਸਫੁਸਾਈ—
'ਰੇਬੇਕਾ ਤੇ ਰੀਟਾ ਅਜੇ ਘੱਟੇਘੱਟ ਦੋ ਘੰਟੇ ਹੋਰ ਸੌਣਗੀਆਂ। ਅਸੀਂ ਬਾਹਰ ਚੱਲ ਕੇ ਮਮ ਨੂੰ ਲੱਭਦੇ ਆਂ।'
ਮੈਨੂੰ ਯਾਦ ਆਇਆ ਬੜੀ ਪਹਿਲਾਂ ਐਨਿਟਾ ਨੇ ਇਕ ਵਾਰੀ ਮੈਨੂੰ ਦੱਸਿਆ ਸੀ ਕਿ ਇਕ ਰਾਤ ਮਾਮ ਪਿਛਲੇ ਦਰਵਾਜ਼ੇ ਕੋਲ ਪੌੜੀਆਂ ਉੱਤੇ ਧੁੱਤ ਪਈ ਹੋਈ ਸੀ ਉਸਦੇ ਸਰੀਰ 'ਤੇ ਜਗ੍ਹਾ-ਜਗ੍ਹਾ ਸੱਟਾਂ ਦੇ ਨਿਸ਼ਾਨ ਸਨ। ਉਹ ਉਹਨੂੰ ਸਹਾਰਾ ਦੇ ਕੇ ਅੰਦਰ ਲਿਆਈ ਸੀ। ਦੇਰ ਸਵੇਰ ਐਨਿਟਾ ਮੈਨੂੰ ਸਾਰੀਆਂ ਗੱਲਾਂ ਦੱਸ ਦੇਂਦੀ ਹੈ। ਮੈਂ ਐਨਿਟਾ ਦੀਆਂ ਦੱਸੀਆਂ ਗੱਲਾਂ ਬੜੇ ਧਿਆਨ ਨਾਲ ਸੁਣਦਾ ਹਾਂ ਭਾਵੇਂ ਉਸਦੀਆਂ ਦੱਸੀਆਂ ਹੋਈਆਂ ਸਾਰੀਆਂ ਗੱਲਾਂ ਦੀ ਨਾ ਤਾਂ ਮੈਨੂੰ ਸਮਝ ਆਉਂਦੀਆਂ ਨੇ ਤੇ ਨਾ ਹੀ ਉਹ ਯਾਦ ਰਹਿੰਦੀਆਂ ਨੇ।
ਮੈਂ ਐਨਿਟਾ ਦੇ ਕਹਿਣ 'ਤੇ ਹੇਠੋਂ ਲਿਆ ਕੇ ਦੋ ਪੈਕਟ ਬਿਸਕੁਟ, ਰੇਬੇਕਾ-ਰੀਟਾ ਦੇ ਪਸੰਦ ਦੇ ਕੁਝ ਖਿਡੌਣੇ ਤੇ ਉਹਨਾਂ ਦੀ ਦੁੱਧ ਦੀ ਬੋਤਲ ਬੰਕ-ਬੈਡ ਨਾਲ ਲੱਗੀ ਮੇਜ਼ 'ਤੇ ਰੱਖਦਿਆਂ ਹੋਇਆਂ ਐਨਿਟਾ ਵੱਲ ਦੇਖਿਆ। ਉਸ ਦੀ ਨਿਗਾਹ ਰੇਬੇਕਾ-ਰੀਟਾ ਉੱਤੇ ਸੀ ਤੇ ਉਹ ਆਪਣੇ ਪਜ਼ਾਮੇ ਦੇ ਉਪਰ ਦੀ ਜੀਂਸ ਚੜ੍ਹਾ ਰਹੀ ਸੀ। ਉਸਨੂੰ ਦੇਖ ਕੇ ਮੈਂ ਵੀ ਆਪਣੇ ਪਜ਼ਾਮੇ ਉਪਰ ਜੀਂਸ ਚੜ੍ਹਾ ਲਈ, ਡਫਲ-ਕੋਟ ਦੇ ਸਾਰੇ ਬਟਨ ਬੰਦ ਕੀਤੇ ਤੇ ਬੂਟਾਂ ਦੇ ਫੀਤੇ ਕਸਣ ਲੱਗਾ।
ਐਨਿਟਾ ਮੇਰੀ ਆਦਰਸ਼ ਹੈ ਇਸ ਲਈ ਐਨਿਟਾ ਜੋ ਵੀ ਕਰਦੀ ਹੈ ਮੈਂ ਉਹੀ ਕਰਦਾ ਹਾਂ। ਉਸਦੇ ਕੋਲ ਮੇਰੀ ਹਰ ਸਮੱਸਿਆ ਦਾ ਕੋਈ ਨਾਲ ਕੋਈ ਹੱਲ ਜ਼ਰੂਰ ਹੁੰਦਾ ਹੈ। ਪਰ ਇਸ ਸਮੇਂ ਅਸੀਂ ਦੋਵੇਂ ਘਬਰਾਏ ਹੋਏ ਸਾਂ। ਐਨਿਟਾ ਨੇ ਆਪਣੇ ਕੰਬਦੇ ਹੋਏ ਬੁੱਲਾਂ ਨੂੰ ਮੂੰਹ ਅੰਦਰ ਕਰਕੇ ਭੀਚਿਆ ਹੋਇਆ ਸੀ। ਮੇਰੇ ਗਲ਼ੇ ਵਿਚ ਗੁਠਲੀ ਜਿਹੀ ਫਸੀ ਹੋਈ ਸੀ। ਮੈਂ ਵਾਰੀ-ਵਾਰੀ ਐਨਿਟਾ ਦੇ ਚਿਹਰੇ ਵੱਲ, ਦਿਲਾਸੇ ਲਈ, ਦੇਖ ਰਿਹਾ ਸਾਂ—ਪਰ ਉਸਦੇ ਚਿਹਰੇ ਦੇ ਨਾਲ-ਨਾਲ ਪੂਰੇ ਘਰ ਉੱਤੇ ਭਿਆਨਕ ਖ਼ਾਮੋਸ਼ੀ ਤਣੀ ਹੋਈ ਸੀ।
ਮੈਂ ਲੈਡਿੰਗ ਕੋਲ ਜਾ ਕੇ, ਪੱਬਾਂ ਭਾਰ ਹੋ ਕੇ, ਖਿੜਕੀ ਰਾਹੀਂ ਘਰ ਦੇ ਪਿਛਲੇ ਬਗ਼ੀਚੇ ਤੇ 'ਐਲੀਵੇ' ਵਿਚ ਦੇਖਿਆ। ਦੋਵੇਂ ਸੁੰਨਸਾਨ ਪਏ ਸਨ। ਮਮੀ ਦਾ ਕਿਧਰੇ ਕੋਈ ਪਤਾ ਨਹੀਂ ਸੀ। ਥੋੜ੍ਹੀ ਦੇਰ ਪਹਿਲਾਂ ਬਾਰਿਸ਼ ਹੋਈ ਸੀ। ਰੁੱਖਾਂ ਦੇ ਪੱਤਿਆਂ ਤੋਂ ਪਾਣੀ ਚੋ ਰਿਹਾ ਸੀ। ਝਾੜੀਆਂ ਤੇ ਘਾਹ ਉੱਤੇ ਅਟਕੀਆਂ ਪਾਣੀ ਦੀਆਂ ਬੂੰਦਾਂ ਬਿਜਲੀ ਦੀ ਮਧਮ ਰੋਸ਼ਨੀ ਵਿਚ ਰੇਬੇਕਾ-ਰੀਟਾ ਦੀਆਂ ਅੱਖਾਂ 'ਚੋਂ ਟਪਕੇ ਅੱਥਰੂਆਂ ਵਰਗੀਆਂ ਲੱਗ ਰਹੀਆਂ ਸਨ। ਜਗ੍ਹਾ-ਜਗ੍ਹਾ ਪਾਣੀ ਦੇ ਚਹਬੱਚੇ ਚਮਕ ਰਹੇ ਸਨ। ਰੁੱਖਾਂ ਹੇਠ ਸੰਘਣਾ ਹਨੇਰਾ ਸੀ।
ਰੇਬੇਕਾ ਤੇ ਰੀਟਾ ਗੂੜ੍ਹੀ ਨੀਂਦ ਵਿਚ ਸਨ। ਉਹਨਾਂ 'ਤੇ ਇਕ ਨਿਗਾਹ ਮਾਰ ਕੇ ਅਸੀਂ ਦੱਬਵੇਂ ਪੈਰੀਂ ਪੌੜੀਆਂ ਤੋਂ ਹੇਠਾਂ ਉਤਰੇ। ਰਸੋਈ ਵਿਚ ਜੂਠੇ ਭਾਂਡਿਆਂ ਦਾ ਖਿਲਾਰ ਪਿਆ ਹੋਇਆ ਸੀ, ਜਿਵੇਂ ਕਲ੍ਹ ਰਾਤ ਮਮ ਛੱਡ ਗਈ ਸੀ। ਮਮੀ ਭਾਵੇਂ ਕਿੰਨੀ ਵੀ ਥੱਕੀ ਹੋਵੇ, ਘਰ ਵਿਚ ਪੈਸੇ ਦੀ ਕਿੰਨੀ ਹੀ ਕਮੀ ਕਿਉਂ ਨਾ ਹੋਵੇ, ਰਾਤ ਨੂੰ ਬਾਹਰ ਜਾਣ ਤੋਂ ਪਹਿਲਾਂ ਉਹ ਸਾਡੇ ਖਾਣ ਲਈ ਕੁਝ ਨਾ ਕੁਝ ਤਾਜ਼ਾ ਜ਼ਰੂਰ ਬਣਾਉਂਦੀ ਹੈ। ਕਲ੍ਹ ਰਾਤ ਮਮ ਨੇ ਸਾਡੇ ਲਈ ਪੋਰਕ-ਸਾਸੇਜ, ਫਿਸ਼-ਫਿੰਗਰ ਤੇ ਬੀਂਸ ਬਣਾਏ ਸਨ। ਸਾਸੇਜ, ਫਿਸ਼ ਤੇ ਮਮੀ ਦੀ ਸਿਗਰਟ ਦੀ ਰਲੀ-ਮਿਲੀ ਗੰਧ ਅਜੇ ਵੀ ਰਸੋਈ ਤੇ ਲਿਵਿੰਗ ਰੂਮ ਵਿਚ ਤੈਰ ਰਹੀ ਸੀ। ਮੈਂ ਇਕ ਲੰਮਾ ਸਾਹ ਖਿੱਚਿਆ ਤੇ ਮਨ ਹੀ ਮਨ ਮਮੀ ਨੂੰ ਆਵਾਜ਼ ਮਾਰੀ।
ਪਿਛਲਾ ਦਰਵਾਜ਼ਾ ਜਿਹੜਾ ਰਸੋਈ ਦੇ ਨਾਲ ਹੀ ਸੀ, ਭਿੜਿਆ ਹੋਇਆ ਸੀ। ਮਮੀ ਜ਼ਿਆਦਾਤਰ ਗੁਆਂਢੀਆਂ ਦੀ ਤਾਅਣੇਬਾਜ਼ੀ ਤੇ ਚੁਗਲਖ਼ੋਰੀ ਤੋਂ ਬਚਣ ਖਾਤਰ ਪਿਛਲੇ ਦਰਵਾਜ਼ੇ ਰਾਹੀਂ ਹੀ ਬਾਹਰ ਜਾਣਾ ਠੀਕ ਸਮਝਦੀ ਹੈ। ਕਲ੍ਹ ਰਾਤ ਵੀ ਉਹ ਪਿਛਲੇ ਦਰਵਾਜ਼ੇ ਵਿਚੋਂ ਹੀ ਗੁਆਂਢੀਆਂ ਤੋਂ ਛਿਪ ਕੇ ਗਈ ਹੋਏਗੀ। ਇਕ ਵਾਰੀ ਗੁਆਂਢੀ ਕੈਰੋਲਾਇਨ ਨੇ ਮਮੀ ਨੂੰ ਬਾਹਰ ਜਾਂਦੇ ਦੇਖ ਕੇ ਪੁਲਿਸ ਨੂੰ ਫ਼ੋਨ ਕਰ ਦਿੱਤਾ ਕਿ ਘਰ ਨੰਬਰ 65 ਵਿਚ ਬੱਚੇ ਇਕੱਲੇ ਨੇ। ਪੁਲਿਸ ਸਾਨੂੰ ਸਾਰਿਆਂ ਨੂੰ ਆਪਣੇ ਨਾਲ ਲੈ ਜਾਣ ਹੀ ਲੱਗੀ ਸੀ ਕਿ ਮਮੀ ਵਾਪਸ ਘਰ ਆ ਗਈ। ਪਿੱਛੋਂ ਐਨਿਟਾ ਨੇ ਮੈਨੂੰ ਦੱਸਿਆ ਕਿ ਉਸਨੇ ਪੁਲਿਸ ਗੱਡੀ ਦੇਖ ਕੇ ਮਮ ਨੂੰ ਮੋਬਾਇਰ 'ਤੇ ਫ਼ੋਨ ਕਰ ਦਿੱਤਾ ਸੀ ਤੇ ਮਮੀ ਠੀਕ ਸਮੇਂ 'ਤੇ ਪਿਛਲੇ ਦਰਵਾਜ਼ੇ ਰਾਹੀਂ ਘਰ ਆ ਗਈ ਸੀ। ਗੁਆਂਢੀਆਂ ਨੂੰ ਮੂੰਹ ਦੀ ਖਾਣੀ ਪਈ ਸੀ।
***
ਚਾਰੇ-ਪਾਸੇ ਹਨੇਰਾ ਸੀ। ਮੇਰਾ ਦਿਲ ਬੁਰੀ ਤਰ੍ਹਾਂ ਧੜਕ ਰਿਹਾ ਸੀ। ਪਿਛਲਾ ਬਗ਼ੀਚਾ, ਜਿਸ ਵਿਚ ਅਸੀਂ ਹਰ ਰੋਜ਼ ਖੇਡਦੇ ਹਾਂ, ਇਸ ਸਮੇਂ ਅਜ਼ੀਬ-ਓਪਰਾ, ਅਣਜਾਣ ਤੇ ਡਰਾਵਨਾ ਲੱਗ ਜਿਹਾ ਰਿਹਾ ਸੀ। ਆਮ ਤੌਰ 'ਤੇ ਜਦੋਂ ਅਸੀਂ ਬਗ਼ੀਚੇ ਵਿਚ ਹੁੰਦੇ ਹਾਂ ਤਾਂ ਸਾਨੂੰ ਗੁਆਂਢੀਆਂ ਦੇ ਘਰਾਂ 'ਚੋਂ ਆਉਂਦੀਆਂ ਟੈਲੀਵਿਜ਼ਨ ਤੇ ਰੇਡੀਓ ਦੀਆਂ ਆਵਾਜ਼ਾਂ ਦੇ ਨਾਲ-ਨਾਲ ਉਹਨਾਂ ਦੇ ਲੜਾਈ-ਝਗੜਾ ਦੀ ਚੀਕਾ-ਰੌਲੀ ਵੀ ਸੁਣਾਈ ਦੇਂਦੀ ਹੈ। ਇਸ ਵੇਲੇ ਬਗ਼ੀਚੇ ਵਿਚ ਕੁਝ ਅਜਿਹਾ ਸੰਨਾਟਾ ਛਾਇਆ ਹੋਇਆ ਸੀ ਕਿ ਜ਼ਮੀਨ 'ਤੇ ਪੈ ਰਹੀ ਰੁੱਖਾਂ ਦੀ ਹਿੱਲਦੀ ਛਾਂ ਵੀ ਸਾਨੂੰ ਡਰਾ ਰਹੀ ਸੀ। ਚੈਰੀ ਦਾ ਉਹ ਸੰਘਣਾ ਪੁਰਾਣਾ ਰੁੱਖ ਜਿਸ ਉੱਤੇ ਅਸੀਂ ਟ੍ਰੀ-ਹਾਊਸ ਬਣਾਇਆ ਹੋਇਆ ਹੈ, ਝੂਟਣ ਲਈ ਗੰਢਾਂ ਵਾਲੀ ਰੱਸੀ ਟੰਗੀ ਹੋਈ ਹੈ, ਇਸ ਸਮੇਂ 'ਫ਼ੀ-ਫ਼ਾਯ—ਫ਼ੋ-ਫ਼ਮ' ਕਰਨ ਵਾਲੇ ਦੈਂਤ ਜਿੰਨਾ ਭਿਆਨਕ ਲੱਗ ਰਿਹਾ ਸੀ।
ਹਨੇਰੇ ਵਿਚ ਲੁਕਦੇ-ਛਿਪਦੇ, ਗੁਆਂਢੀਆਂ ਦੀ ਕਾਂ-ਅੱਖ ਤੋਂ ਬਚਦੇ ਹੋਏ, ਅਸੀਂ ਐਲਿਵੇ (ਸਰਵਿਸ ਲੇਨ) ਦੀ ਕੰਧ ਤੇ ਝਾੜੀਆਂ ਨਾਲ ਚਿਪਕੇ ਅੱਗੇ ਵਧਦੇ ਜਾ ਰਹੇ ਸਾਂ। ਅਚਾਨਕ ਸਾਡੇ ਚਾਰੇ-ਪਾਸੇ ਸੰਘਣੀ ਧੁੰਦ ਉਤਰ ਆਈ। ਕਿਤੇ-ਕਿਤੇ ਤਿਲ੍ਹਕਣ ਵੀ ਸੀ। ਮੇਰਾ ਮਨ ਚਾਹ ਰਿਹਾ ਸੀ ਕਿ ਇਸ ਮੁਸੀਬਤ ਦੀ ਘੜੀ ਵਿਚ ਐਨਿਟਾ ਮੇਰੇ ਨਾਲ ਗੱਲ ਕਰੇ, ਮੈਨੂੰ ਦੱਸੇ ਕਿ ਮਮ ਸਾਨੂੰ ਕਿੱਥੇ ਮਿਲੇਗੀ। ਪਰ ਐਨਿਟਾ ਸੀ ਕਿ ਕੁਝ ਬੋਲ ਹੀ ਨਹੀਂ ਸੀ ਰਹੀ। ਅੰਤ ਵਿਚ ਮੇਰਾ ਧੀਰਜ ਜਵਾਬ ਦੇ ਗਿਆ ਤੇ ਮੈਂ ਸਿਸਕੀਆਂ ਨਾਲ ਗਲ਼ੇ 'ਚੋਂ ਨਿਕਲਦੀ ਆਵਾਜ਼ ਨੂੰ ਘੁੱਟਦਾ ਹੋਇਆ ਰੋਣ ਲੱਗਾ। ਐਨਿਟਾ ਇਕ ਪਲ ਰੁਕੀ ਉਸਨੇ ਆਪਣੀਆਂ ਦੋਵੇਂ ਬਾਹਾਂ ਮੇਰੇ ਗਲ਼ ਵਿਚ ਪਾਂਦਿਆਂ ਕਿਹਾ—
ਰੋ ਨਾ, ਕਮਲਿਆ, ਮਮੀ ਇੱਥੇ-ਕਿਤੇ ਹੋਏਗੀ।' ਮੈਂ ਉਸਦੇ ਹੱਥਾਂ ਨੂੰ ਘੁੱਟ ਕੇ ਫੜਦਿਆਂ ਤੇ ਆਪਣੇ-ਆਪ ਨੂੰ ਪੂਰੇ ਯਤਨ ਨਾਲ ਸਹਿਜ ਕਰਦਾ ਹੋਇਆ ਫੁਸਫੁਸਾਇਆ, 'ਮਮੀ ਠੀਕ ਤਾਂ ਹੋਏਗੀ ਨਾ—'
ਐਨਿਟਾ ਨੇ 'ਮਿਟਨ' (ਬਿਨਾਂ ਉਂਗਲੀਆਂ ਵਾਲੇ ਊਨੀਂ ਦਸਤਾਨੇ) ਦੇ ਅੰਦਰ ਬੰਦ ਉਂਗਲੀਆਂ ਨਾਲ ਮੇਰੀ ਗੱਲ੍ਹ ਪਲੋਸਦਿਆਂ ਕਿਹਾ, 'ਘਬਰਾ ਨਾ, ਮੈਂ ਹਾਂ ਨਾ। ਅਸੀਂ ਸੜਕ ਵੱਲ ਚਲਦੇ ਆਂ ਮਾਰਕ, ਮਮੀ ਬਸ ਆਉਂਦੀ ਹੀ ਹੋਏਗੀ।'
ਹੁਣ ਤਕ ਅਸੀਂ ਉਸ ਜਗ੍ਹਾ ਪਹੁੰਚ ਗਏ ਸਾਂ, ਜਿੱਥੇ 'ਐਲਿਵੇ' ਸੜਕ ਨਾਲ ਮਿਲਦੀ ਹੈ। ਧੁੰਦ ਕਰਕੇ ਅਸੀਂ ਪੰਜ ਛੇ ਫੁੱਟ ਤੋਂ ਵੱਧ ਦੂਰ ਨਹੀਂ ਸੀ ਦੇਖ ਸਕਦੇ। ਲੈਂਪ ਪੋਸਟ ਦੀ ਰੋਸ਼ਨੀ 'ਚ ਕੋਈ ਦਮ ਨਹੀਂ ਸੀ। ਅਸੀਂ ਥੋੜ੍ਹੀ ਦੇਰ ਉੱਥੇ ਖੜ੍ਹੇ ਹਰ ਦਿਸ਼ਾ ਵਿਚ ਗਰਦਨ ਭੁਆਂ-ਭੁਆਂ ਕੇ ਮਮੀ ਨੂੰ ਲੱਭਦੇ ਰਹੇ, ਫੇਰ ਅਸੀਂ ਬੜੀ ਸਾਵਧਾਨੀ ਨਾਲ ਗ੍ਰੀਨ-ਕੋਡ (ਸੜਕ ਪਾਰ ਕਰਨ ਦੇ ਨਿਯਮ) ਦੀ ਇਕ-ਇਕ ਹਦਾਇਤ ਨੂੰ ਧਿਆਨ ਵਿਚ ਰੱਖ ਕੇ ਜ਼ੇਬਰਾ-ਕਰਾਸਿੰਗ ਤੋਂ ਉਸ ਚੌੜੀ ਸੜਕ ਨੂੰ ਪਾਰ ਕੀਤਾ, ਜਿਸ ਦੇ ਦੋਵੇਂ ਪਾਸੀਂ ਟ੍ਰੈਫ਼ਿਕ ਆ-ਜਾ ਰਿਹਾ ਸੀ। ਆਉਂਦੀਆਂ-ਜਾਂਦੀਆਂ ਕਾਰਾਂ ਤੇ ਟਰਕਾਂ ਦੀ ਤੇਜ਼ ਰੋਸ਼ਨੀ ਵਿਚ ਮੀਂਹ ਦੀ ਗਿੱਲੀ ਕੀਤੀ ਸੜਕ ਰਹਿ-ਰਹਿ ਕੇ ਚਮਕ ਉਠਦੀ...
ਮਾਰਕ, ਅਸੀਂ ਇੱਥੇ ਬਸ-ਸਟਾਪ ਦੇ ਬੈਂਚ 'ਤੇ ਬੈਠ ਕੇ ਮਮੀ ਦੀ ਉਡੀਕ ਕਰਦੇ ਆਂ, ਉਹ ਜ਼ਰੂਰ ਕਿਸੇ ਨਾ ਕਿਸੇ ਬਸ ਵਿਚ ਹੀ ਵਾਪਸ ਆਏਗੀ।' ਐਨਿਟਾ ਦੀਆਂ ਅੱਖਾਂ ਵਿਚ ਉਤਰ ਆਈ ਚਿੰਤਾ, ਚਿਹਰੇ 'ਤੇ ਫੈਲੀ ਉਦਾਸੀ ਤੇ ਆਵਾਜ਼ ਦੀ ਕੰਬਣੀ ਮੈਨੂੰ ਅੰਦਰ ਤਕ ਤੋੜ ਗਈ। ਮੈਂ ਬੈਂਚ ਉੱਤੇ ਐਟਿਨਾ ਨਾਲ ਲੱਗ ਕੇ ਬੈਠਾ, ਪੈਰ ਹਿਲਾਉਂਦਾ ਰਿਹਾ। ਸਟੀਲ ਦੀ ਬੈਂਚ ਬਰਫ਼ ਵਾਂਗ ਸਿੱਲ੍ਹੀ ਤੇ ਠੰਡੀ ਸੀ। ਬਿਨਾਂ ਜੁਰਾਬਾਂ ਦੇ ਬੂਟਾਂ ਵਿਚ ਬੱਧੇ ਮੇਰੇ ਪੈਰ ਸੁੰਨ ਹੋ ਗਏ ਸਨ। ਅਸੀਂ ਹਰ ਪਲ ਹੋਰ ਵਿਆਕੁਲ ਹੁੰਦੇ ਜਾ ਰਹੇ ਸੀ।
ਉਦੋਂ ਹੀ ਸੜਕ ਦੇ ਦੂਜੇ ਸਿਰੇ ਤੋਂ ਲਾਲ ਰੰਗ ਦੀ ਡਬਲ-ਡੈਕਰ ਬਸ ਆਉਂਦੀ ਦਿਸੀ। ਬਸ ਦੇ ਅੰਦਰ ਬੱਤੀਆਂ ਜਗ ਰਹੀਆਂ ਸਨ। ਸਾਡੇ ਘਬਰਾਏ ਮਨ ਨੂੰ ਭਰੋਸਾ ਜਿਹਾ ਹੋਇਆ। ਬਸ ਦੀ ਜਗਦੀ ਬੁੱਝਦੀ ਖੱਬੀ-ਬੱਤੀ ਇਸ਼ਾਰਾ ਕਰ ਰਹੀ ਸੀ ਕਿ ਬਸ ਸਾਡੇ ਸਟਾਪ 'ਤੇ ਰੁਕੇਗੀ। ਬਸ ਰੁਕੀ। ਦਰਵਾਜ਼ਾ 'ਹਿਸ' ਦੀ ਆਵਾਜ਼ ਕਰਦਾ ਹੋਇਆ ਖੁੱਲ੍ਹਿਆ...ਪਰ ਉਸ ਵਿਚੋਂ ਕੋਈ ਨਹੀਂ ਉਤਰਿਆ...ਬਸ ਡਰਾਈਵਰ ਨੇ ਜ਼ਰਾ ਅੱਗੇ ਝੁਕ ਕੇ ਪੁੱਛਿਆ, 'ਕੀ ਤੁਸੀਂ ਲੋਕ ਬਸ ਵਿਚ ਚੜ੍ਹ ਰਹੇ ਓ?'
ਨਹੀਂ' ਐਨਿਟਾ ਨੇ ਸਿਰ ਹਿਲਾਉਂਦਿਆਂ ਹੋਇਆਂ ਕਿਹਾ, 'ਅਸੀਂ ਆਪਣੀ ਮਮੀ ਦਾ ਇੰਤਜ਼ਾਰ ਕਰ ਰਹੇ ਆਂ।' ਰਾਤ ਭਰ ਦਾ ਜਾਗਿਆ ਡਰਾਈਵਰ ਸ਼ਾਇਦ ਚੰਗੇ ਮੂਡ ਵਿਚ ਨਹੀਂ ਸੀ। ਉਸਨੇ ਬੁੜਬੁੜਾਉਂਦਿਆਂ ਹੋਇਆ ਫਾੜ ਕਰਕੇ ਦਰਵਾਜ਼ਾ ਬੰਦ ਲਿਆ।
ਐਨਿਟਾ ਨੇ ਮੇਰੀਆਂ ਅੱਖਾਂ ਵਿਚ ਆਈ ਉਦਾਸੀ ਨੂੰ ਪੜ੍ਹਦਿਆਂ ਤੇ ਮੈਨੂੰ ਆਪਣੀਆਂ ਬਾਹਾਂ ਦੇ ਘੇਰ ਵਿਚ ਲੈਂਦਿਆਂ ਹੋਇਆਂ ਤਸੱਲੀ ਦਿੱਤੀ, 'ਚਿੰਤਾ ਨਾ ਕਰ ਮਾਰਕ, ਮਮੀ ਅਗਲੀ ਬਸ ਵਿਚ ਜ਼ਰੂਰ ਆ ਰਹੀ ਹੋਏਗੀ।'
ਪਰ ਬਸਾਂ ਆਉਂਦੀਆਂ ਤੇ ਜਾਂਦੀਆਂ ਰਹੀਆਂ, ਗੂੜ੍ਹੇ-ਕਾਲੇ ਆਕਾਸ਼ ਵਿਚੋਂ ਹਲਕੀ-ਹਲਕੀ ਰੋਸ਼ਨੀ ਧਰਤੀ ਉੱਤੇ ਉਤਰਨ ਲੱਗ ਪਈ। ਹੁਣ ਤਕ ਤਕਰੀਬਨ ਨੌ-ਦਸ ਬਸਾਂ ਆ-ਜਾ ਚੁੱਕੀਆਂ ਸਨ। ਮਮੀ ਕਿਸੇ ਵਿਚੋਂ ਵੀ ਨਹੀਂ ਸੀ ਉਤਰੀ। ਅਚਾਨਕ ਐਨਿਟਾ, ਰੇਬੇਕਾ ਤੇ ਰੀਟਾ ਵੱਲੋਂ ਚਿੰਤਤ ਹੋ ਕੇ, ਬੜਬੜਾਈ 'ਉਹ ਜਾਗ ਪਈਆਂ ਹੋਣਗੀਆਂ ਤੇ ਸਾਨੂੰ ਘਰ ਨਾ ਦੇਖ ਕੇ ਰੋ ਰਹੀਆਂ ਹੋਣਗੀਆਂ।'
ਅਸੀਂ ਦੋਵੇਂ ਡਰ ਤੇ ਨਿਰਾਸ਼ਾ ਵੱਸ ਸਿਰ ਸੁੱਟੀ, ਚੁੱਪਚਾਪ, ਘਰ ਵਲ ਤੁਰ ਪਏ।
ਸੜਕ ਪਾਰ ਕਰਦਿਆਂ-ਕਰਦਿਆਂ ਅਸੀਂ ਮਨ ਹੀ ਮਨ ਪੂਰਾ ਯਕੀਨ ਕਰ ਲਿਆ ਸੀ ਕਿ ਮਮੀ ਕਿਸੇ ਹੋਰ ਰਸਤੇ ਘਰ ਪਹੁੰਚ ਗਈ ਹੋਏਗੀ ਤੇ ਘਰ ਵਿਚ ਸਾਨੂੰ ਨਾ ਦੇਖ ਕੇ ਪ੍ਰੇਸ਼ਾਨ ਹੋ ਕੇ, ਦਰਵਾਜ਼ੇ ਕੋਲ ਤਿਉੜੀਆਂ ਚੜ੍ਹਾਈ ਸਾਨੂੰ ਫਿਟਕਾਰਨ ਲਈ ਤਿਆਰ ਖੜ੍ਹੀ ਹੋਏਗੀ। ਮਮੀ ਦੇ ਖ਼ਿਆਲ ਨਾਲ ਹੀ ਅਸੀਂ ਆਪਣੀ ਸੁਰੱਖਿਆ ਮਹਿਸੂਸ ਕਰਨ ਲੱਗੇ ਸਾਂ।
ਚੜ੍ਹਦੇ ਦਿਨ ਨਾਲ ਹੀ ਆਸ-ਪਾਸ ਦੇ ਸਾਰੇ ਘਰਾਂ ਦੀਆਂ ਬੱਤੀਆਂ ਜਗਨ ਲੱਗ ਪਈਆਂ ਸਨ। ਲੋਕ ਰੋਜ਼ਾਨਾਂ ਦੇ ਕੰਮਾਂ ਵਿਚ ਵਿਅਸਤ ਇਧਰ-ਉਧਰ ਆ-ਜਾ ਰਹੇ ਸਨ। ਅਸੀਂ ਦੋਵਾਂ ਨੇ ਡਫਲ ਕੋਟ ਦੇ ਹੁੱਡ (ਟੋਪੀ) ਵਿਚ ਆਪਣੇ ਆਪਣੇ ਚਿਹਰੇ ਲੁਕਾਅ ਲਏ। ਅਸੀਂ ਨਹੀਂ ਸੀ ਚਾਹੁੰਦੇ ਕਿ ਕੋਈ ਗੁਆਂਢੀ ਸਾਨੂੰ ਇਸ ਲਾਚਾਰ ਤੇ ਤਰਸਮਈ ਸਥਿਤੀ ਵਿਚ ਦੇਖ ਕੇ ਮਮੀ ਨੂੰ ਆਵਾਰਾ ਤੇ ਲਾਪ੍ਰਵਾਹ ਕਹੇ।
ਅਜੀਬ ਸਥਿਤੀ ਸੀ ਸਾਡੇ ਮਨ ਦੀ। ਇਕ ਪਾਸੇ ਅਸੀਂ ਡਰ ਰਹੇ ਸਾਂ ਕਿ ਸਾਨੂੰ ਘਰ ਨਾ ਦੇਖ ਕੇ ਮਮੀ ਬੜੀ ਗੁੱਸੇ ਵਿਚ ਹੋਏਗੀ, ਦੂਜੇ ਪਾਸੇ ਮਮੀ ਦੇ ਹੋਣ ਦੀ ਕਲਪਨਾ ਕਰਕੇ ਹੀ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਸਮਝਣ ਲੱਗ ਪਏ ਸਾਂ, ਤੀਜੇ ਪਾਸੇ ਸਾਨੂੰ ਇਹ ਅਪਰਾਧ ਬੋਧ ਹੋ ਰਿਹਾ ਸੀ ਕਿ ਸਾਨੂੰ ਕਿਸੇ ਵੀ ਹਾਲਤ ਵਿਚ ਜੁੜਵਾਂ ਭੈਣਾ ਨੂੰ ਘਰ ਵਿਚ ਇਕੱਲੀਆਂ ਨਹੀਂ ਸੀ ਛੱਡਣਾ ਚਾਹੀਦਾ। ਉਹ ਅਜੇ ਬੱਚੀਆਂ ਨੇ। ਅਸੀਂ ਅੰਦਰੇ-ਅੰਦਰ ਬੇਹੱਦ ਡਰੇ, ਇਕੱਲੇ ਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਸਾਂ।
ਘਰ ਪਹੁੰਚਦਿਆਂ ਹੀ ਐਨਿਟਾ ਨੇ ਮੈਨੂੰ ਕਿਹਾ ਕਿ ਮੈਂ ਉਪਰ ਬੈਡ-ਰੂਮ ਤੇ ਬਾਥ-ਰੂਮ ਵਿਚ ਜਾ ਕੇ ਚੰਗੀ ਤਰ੍ਹਾਂ ਦੇਖਾਂ ਕਿ ਮਮੀ ਆ ਗਈ ਹੈ ਨਾ—ਇਸ ਦੌਰਾਨ ਐਨਿਟਾ ਨੇ ਹੇਠਲੇ ਸਾਰੇ ਕਮਰੇ ਦੇਖ ਲਏ। ਛੋਟਾ ਜਿਹਾ ਘਰ ਪਲ ਭਰ ਵਿਚ ਅਸੀਂ ਇਸ ਤਰ੍ਹਾਂ ਛਾਣ ਮਾਰਿਆ ਜਿਵੇਂ ਅਸੀਂ ਆਪਣੀ ਮਮੀ ਨੂੰ ਨਹੀਂ, ਉਹਦੇ ਚਾਬੀਆਂ ਦੇ ਗੁੱਛੇ ਨੂੰ ਲੱਭ ਰਹੇ ਹੋਈਏ।
ਹੁਣ ਅਸੀਂ ਕੀ ਕਰੀਏ?' ਲੰਮਾ ਹਉਕਾ ਜਿਹਾ ਲੈਂਦਿਆਂ ਮੈਂ ਐਨਿਟਾ ਨੂੰ ਪੁੱਛਿਆ।
ਮੈਂ ਉਪਰ ਜਾ ਕੇ ਰੇਬੇਕਾ ਤੇ ਰੀਟਾ ਨੂੰ ਹੇਠਾਂ ਲਿਆਉਂਦੀ ਆਂ, ਤੂੰ ਛੇਤੀ ਦੇਣੇ ਕੱਪੜੇ ਬਦਲ ਕੇ ਟੇਬਲ 'ਤੇ ਵੀਟਾਬਿਕਸ (ਬਰੇਕ-ਫਾਸਟ ਸੀਰੀਅਲ) ਕਟੋਰੀਆਂ ਵਿਚ ਪਾ ਕੇ ਤਿਆਰ ਰੱਖ। ਰੇਬੇਕਾ-ਰੀਟਾ ਭੁੱਖੀਆਂ ਹੋਣਗੀਆਂ।' ਰੇਬੇਕਾ ਤੇ ਰੀਟਾ ਸੁਭਾਅ ਪੱਖੋਂ ਖਾਮੋਸ਼ ਕਿਸਮ ਦੀਆਂ ਬੱਚੀਆਂ ਨੇ। ਉਹਨਾਂ ਦਾ ਮਨ ਟੀ.ਵੀ. ਵਿਚ ਖ਼ੂਬ ਲੱਗਦਾ ਹੈ। ਉਹਨਾਂ ਨੂੰ ਖਾਣ ਨੂੰ ਮਿਲਦਾ ਰਹੇ ਤਾਂ ਆਪਣੀ ਗੰਦੀ ਨੈਪੀ ਵਿਚ ਵੀ ਚੁੱਪਚਾਪ ਬੈਠੀਆਂ ਟੀ.ਵੀ. ਦੇਖਦੀਆਂ ਰਹਿਣਗੀਆਂ। ਸਕੁਲ ਜਾਣ ਦਾ ਸਮਾਂ ਹੋ ਗਿਆ ਸੀ। ਬਰੇਕ-ਫਾਸਟ ਸੀਰੀਅਲ ਦਾ ਪਹਿਲਾ ਚਮਚ ਮੂੰਹ ਵਿਚ ਪਾਉਂਦਿਆਂ ਹੋਇਆਂ ਮੈਂ ਐਨਿਟਾ ਨੂੰ ਪੁੱਛਿਆ, 'ਅੱਜ ਅਸੀਂ ਸਕੁਲ ਜਾਣਾ ਏ ਕਿ...ਐਨਿਟਾ?'
'ਪਤਾ ਨਹੀਂ। ਦੇਖਦੀ ਆਂ।' ਐਨਿਟਾ ਪ੍ਰੇਸ਼ਾਨ ਜਿਹੀ ਹੋ ਕੇ ਬੋਲੀ।
ਜਦ ਤਕ ਮੈਂ ਰੇਬੇਕਾ ਤੇ ਰੀਟਾ ਨੂੰ ਹਾਈ-ਚੇਅਰ ਵਿਚ 'ਸਟ੍ਰੇਪ' ਕਰਕੇ ਉਹਨਾਂ ਨੂੰ ਬਿਸਕੁਟ ਦਾ ਪੈਕੇਟ ਫੜਾ ਕੇ ਟੀ.ਵੀ. ਚਾਲੂ ਕਰਦੀ ਆਂ, ਤਦ ਤਕ ਤੂੰ ਬਾਹਰ ਗੇਟ ਵਿਚੋਂ ਦੇਖ ਕੇ ਆ ਸ਼ਾਇਦ ਮਮੀ ਸੜਕ ਦੇ ਦੂਜੇ ਪਾਸੇ ਦਿਖ ਜਾਏ।'
ਐਨਿਟਾ ਜੋ ਕੁਝ ਮੈਨੂੰ ਕਹਿੰਦੀ ਹੈ, ਉਹ ਸਭ ਕਰਨਾ ਮੈਨੂੰ ਚੰਗਾ ਲੱਗਦਾ ਹੈ।  ਮੈਂ ਦੋੜਦਾ ਹੋਇਆ ਬਾਹਰ ਗੇਟ ਤਕ ਆਇਆ। ਸਵੇਰ ਹੋ ਚੁੱਕੀ ਸੀ। ਆਕਾਸ਼ ਵਿਚ ਕਾਲੇ ਬੱਦਲ ਛਾਏ ਹੋਏ ਸਨ। ਹਲਕੀ-ਹਲਕੀ ਬਾਰਿਸ਼ ਹੋ ਰਹੀ ਸੀ। ਸਾਡੀ ਸੜਕ ਦੇ ਆਖ਼ਰੀ ਸਿਰੇ ਉੱਤੇ ਜਿੱਥੇ ਅਸੀਂ ਕੁਝ ਚਿਰ ਪਹਿਲਾਂ ਖੜ੍ਹੇ ਚਾਰੇ ਪਾਸੇ ਗਰਦਨ ਭੁਆਂ-ਭੁਆਂ ਕੇ ਮਮੀ ਨੂੰ ਲੱਭ ਰਹੇ ਸਾਂ, ਉੱਥੇ ਇਸ ਵੇਲੇ ਲਾਲ-ਨੀਲੀਆਂ, ਜਗਦੀਆਂ-ਬੁਝਦੀਆਂ, ਬੱਤੀਆਂ ਵਾਲੀਆਂ ਪੁਲਿਸ-ਗੱਡੀਆਂ ਦੇ ਨਾਲ ਐਮਬੂਲੈਂਸ ਖੜ੍ਹੀ ਹੋਈ ਸੀ। ਪੁਲਿਸ ਨੇ ਸੜਕ ਉੱਤੇ ਲਾਲ-ਨੀਲੀ ਪੱਟੀ ਦਾ ਘੇਰਾ ਬਣਾਇਆ ਹੋਇਆ ਸੀ। ਇਕ ਪੁਲਿਸ ਮੈਨ ਟ੍ਰੇਫ਼ਿਕ ਨੂੰ ਘੁਮਾਅ ਕੇ ਦੂਜੇ ਪਾਸੇ ਭੇਜ ਰਿਹਾ ਸੀ। ਪੁਲਿਸ ਤੇ ਐਮਬੂਲੈਂਸ ਦੀਆ ਜਗਦੀਆਂ-ਬੁਝਦੀਆਂ ਲਾਲ-ਨੀਲੀਆਂ ਬੱਤੀਆਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਸਨ। ਸਵੇਰੇ-ਸਵੇਰੇ ਅਜਿਹਾ ਅਜ਼ੀਬ ਦ੍ਰਿਸ਼ ਮੈਂ ਪਹਿਲਾਂ ਕਦੀ ਨਹੀਂ ਸੀ ਦੇਖਿਆ। ਉਤੇਜਨਾ ਵਸ ਕੰਬਦਾ ਹੋਇਆ ਮੈਂ ਦੌੜ ਕੇ ਅੰਦਰ ਪਹੁੰਚਿਆ, ਐਨਿਟਾ ਦੀਆਂ ਅੱਖਾਂ ਵਿਚ ਆਏ ਪ੍ਰਸ਼ਨ ਦੇ ਉਤਰ ਵਿਚ ਮੈਂ ਉਸਨੂੰ ਦੱਸਿਆ ਕਿ ਸਾਡੀ ਸੜਕ ਦੇ ਆਖ਼ਰੀ ਸਿਰੇ 'ਤੇ ਪੁਲਿਸ ਗੱਡੀਆਂ, ਐਮਬੂਲੈਂਸ ਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ।
ਐਨਿਟਾ ਨੇ ਰੇਬੇਕਾ ਤੇ ਰੀਟਾ ਦੇ ਹੱਥ ਵਿਚ ਬਿਸਕੁਟ ਫੜਾਂਦਿਆਂ ਹੋਇਆਂ ਉਹਨਾਂ ਨੂੰ ਕਿਹਾ, 'ਤੁਸੀਂ ਦੋਵੇਂ ਥੋੜ੍ਹੀ ਦੇਰ ਇੱਥੇ ਸੋਫੇ 'ਤੇ ਬੈਠ ਕੇ ਕਾਰਟੂਨਸ ਦੇਖੋ, ਮਾਰਕ ਤੇ ਮੈਂ ਜ਼ਰਾ ਬਾਹਰ ਜਾ ਕੇ ਦੇਖਦੇ ਆਂ ਕਿ ਸੜਕ 'ਤੇ ਕੀ ਹੋ ਰਿਹਾ ਏ?'
ਘਟਨਾ ਸਥਾਨ ਦੇ ਨੇੜੇ ਪਹੁੰਚਦਿਆਂ ਹੀ ਮੈ ਆਪਣੇ ਉਹਨਾਂ ਗੁਆਂਢੀਆਂ ਨੂੰ ਪਛਾਣ ਲਿਆ ਜਿਹੜੇ ਪੁਲਿਸ ਨਾਲ ਗੱਲਾਂ ਕਰ ਰਹੇ ਸਨ। ਸ਼ਾਇਦ ਉਹ ਲੋਕ ਸਾਡੇ ਘਰ ਵਲ ਦੇਖ ਰਹੇ ਸਨ। ਉਦੋਂ ਹੀ ਇਕ ਪੁਲਿਸ ਅਫ਼ਸਰ ਦੀ ਨਜ਼ਰ ਸਾਡੇ 'ਤੇ ਪੈ ਗਈ, ਉਹ ਅੱਗੇ ਵਧ ਕੇ ਸਾਡੇ ਕੋਲ ਆਇਆ ਤੇ ਬੋਲਿਆ—
'ਬੱਚਿਓ ਤੁਸੀਂ ਲੋਕ ਕੌਣ ਓ ਤੇ ਇਸ ਵੇਲੇ ਇਕੱਲੇ ਕਿੱਥੇ ਜਾ ਰਹੇ ਓ?'
'ਮੇਰਾ ਨਾ ਐਨਿਟਾ ਮੈਕਾਫ਼ੀ ਏ ਤੇ ਇਹ ਮੇਰਾ ਛੋਟਾ ਭਰਾ ਮਾਰਕ ਮੈਕਾਫ਼ੀ ਏ। ਸਾਡੀ ਮਮੀ ਏਂਜਾਲਾ ਮੈਕਾਫ਼ੀ ਰਾਤ ਘਰ ਨਹੀਂ ਆਈ ਤੇ ਅਸੀਂ ਉਸਨੂੰ ਈ ਲੱਭ ਰਹੇ ਆਂ।'
ਸਾਡਾ ਨਾਂ ਸੁਣਦਿਆਂ ਹੀ ਅਫ਼ਸਰ ਦੀਆਂ ਅੱਖਾਂ ਤੇ ਚਿਹਰੇ ਦੇ ਭਾਵ ਬਦਲ ਗਏ। ਉਸਨੇ ਬੜੀ ਨਰਮ ਆਵਾਜ਼ ਵਿਚ ਪੁੱਛਿਆ—
ਤੁਸੀਂ ਲੋਕ ਕਿੱਥੇ ਰਹਿੰਦੇ ਓ ਬੱਚਿਓ?' ਐਨਿਟਾ ਨੇ ਉਸਨੂੰ ਘਰ ਦਾ ਨੰਬਰ ਤੇ ਸੜਕ ਦਾ ਨਾਂ ਦੱਸਿਆ। ਪੁਲਿਸ ਅਫ਼ਸਰ ਨੇ ਆਪਣੀ ਵਾਕੀ ਟਾਕੀ 'ਤੇ ਕਿਸੇ ਨਾਲ ਕੁਝ ਗੱਲਾਂ ਕੀਤੀਆਂ ਤੇ ਸਾਨੂੰ ਵਾਪਸ ਸਾਡੇ ਘਰ ਲੈ ਆਇਆ। ਸਾਡਾ ਘਰ ਪੂਰੀ ਤਰ੍ਹਾਂ ਅਸਤ-ਵਿਅਸਤ ਸੀ। ਮਮੀ ਨੂੰ ਘਰ ਗ੍ਰਹਿਸਤੀ ਵਿਚ ਕੋਈ ਰੁਚੀ ਨਹੀਂ ਸੀ। ਸਾਨੂੰ ਪੁਲਿਸ ਮੈਨ ਦੇ ਨਾਲ ਦੇਖ ਕੇ ਰੇਬੇਕਾ ਤੇ ਰੀਟਾ ਕੁਝ ਨਰਵਸ, ਸਹਿਮੀਆਂ ਜਿਹੀਆਂ ਮੇਰੇ ਨਾਲ ਚਿਪਕ ਕੇ ਸੋਫ਼ੇ 'ਤੇ ਬੈਠ ਗਈਆਂ। ਐਨਿਟਾ ਸਾਈਡ ਬੋਰਡ ਕੋਲ ਖੜ੍ਹੀ ਅਫ਼ਸਰ ਦੇ ਮੂੰਹ ਵੱਲ ਦੇਖਦੀ ਰਹੀ। ਪੁਲਿਸ ਅਫ਼ਸਰ ਕੁਝ ਚਿਰ ਚਿੰਤਤ, ਪ੍ਰੇਸ਼ਾਨ ਜਿਹਾ ਸਾਡੇ ਘਰ ਦੀ ਹਾਲਤ ਦੇਖਦਾ ਰਿਹਾ ਜਿਵੇਂ ਉਸਦੀ ਸਮਝ 'ਚ ਨਾ ਆ ਰਿਹਾ ਹੋਏ ਕਿ ਸਾਡੇ ਨਾਲ ਉਹ ਕੈਸੀਆਂ ਤੇ ਕੀ ਗੱਲਾਂ ਕਰੇ?
'ਤੁਹਾਡੇ ਡੈਡੀ ਕਿੱਥੇ ਨੇ ਬੱਚਿਓ?'
ਸਾਡੇ ਡੈਡੀ ਨਹੀਂ। ਉਹਨਾਂ ਦੀ ਮੌਤ 11 ਮਈ 1985 ਨੂੰ ਬ੍ਰੈਡਫੋਰਡ ਫੁਟਬਾਲ ਸਟੇਡੀਅਮ 'ਚ ਹੋਏ ਅਗਨੀ ਕਾਂਢ 'ਚ ਹੋ ਗਈ ਸੀ। ਉਹ ਲਾਂਗ-ਡਿਸਟੈਂਸ ਲਾਰੀ-ਡਰਾਈਵਰ ਹੋਣ ਦੇ ਨਾਲ ਨਾਲ ਜਬਰਦਸਤ ਫੁੱਟਬਾਲ ਫੈਨ ਵੀ ਸਨ।' ਐਨਿਟਾ ਨੇ ਜਿਸ ਆਤਮ-ਵਿਸ਼ਵਾਸ ਨਾਲ ਪੁਲਿਸ ਨੂੰ ਜਵਾਬ ਦਿੱਤਾ, ਉਹ ਮੈਨੂੰ ਬੜਾ ਚੰਗਾ ਲੱਗਿਆ।
ਓਅ! ਡੀਅਰ ਮੈਨੂੰ ਬੇਹੱਦ ਅਫ਼ਸੋਸ ਏ ਕਿ ਮੈਂ ਤੁਹਾਨੂੰ ਅਜਿਹਾ ਸਵਾਲ ਕੀਤਾ। ਤੁਹਾਡੀ ਮਮੀ ਘਰੋਂ ਕਦੋਂ ਗਈ ਤੇ ਤੁਸੀਂ ਉਸਨੂੰ ਆਖ਼ਰੀ ਵਾਰ ਕਦੋਂ ਦੇਖਿਆ ਸੀ ਬੇਟੇ?' ਅਫ਼ਸਰ ਨੇ ਐਨਿਟਾ ਨੂੰ ਪੁੱਛਿਆ।
ਕਲ੍ਹ ਰਾਤ ਤਕਰੀਬਨ ਸਾਢੇ ਸਤ ਵਜੇ।'
'ਮਮੀ ਦੇ ਇਲਾਵਾ ਤੁਹਾਡੇ ਨਾਲ ਹੋਰ ਕੌਣ ਰਹਿੰਦਾ ਏ?'
ਉਸਨੇ ਰੇਬੇਕਾ ਤੇ ਰੀਟਾ ਵੱਲ ਦੇਖਦਿਆਂ ਹੋਇਆਂ ਕਿਹਾ, ਰੇਬੇਕਾ ਤੇ ਰੀਟਾ ਦੇ ਵਾਲ ਕਾਲੇ ਤੇ ਘੁੰਗਰਾਲੇ ਨੇ, ਉਹਨਾਂ ਦਾ ਰੰਗ ਵੀ ਸਾਡੇ ਜਿੰਨਾ ਗੋਰਾ ਨਹੀਂ ਹੈ।
'ਕੀ ਤੁਸੀਂ ਚਾਰੇ ਸਕੇ ਭਰਾ-ਭੈਣ ਓ?' ਅਫ਼ਸਰ ਨੇ ਹਲਕਾ ਜਿਹਾ ਘੰਗੂਰਾ ਮਾਰ ਕੇ ਗਲ਼ਾ ਸਾਫ ਕੀਤਾ।
'ਰੇਬੇਕਾ ਤੇ ਰੀਟਾ ਸਾਡੀਆਂ ਹਾਫ-ਸਿਸਟਰਸ ਨੇ। ਅਸੀਂ ਮਮੀ ਦੇ ਨਾਲ ਹੁਣ ਇਕੱਲੇ ਰਹਿੰਦੇ ਆਂ ਆਫ਼ੀਸਰ। ਕੀ ਤੁਹਾਨੂੰ ਸਾਡੀ ਮਮੀ ਦਾ ਪਤਾ ਏ? ਉਹ ਕਿੱਥੇ ਐ?'
ਇਹੀ ਤਾਂ ਮੈਂ ਪਤਾ ਕਰਨਾ ਚਾਹੁੰਦਾ ਆਂ ਐਨਿਟਾ। ਤੁਹਾਡੀਆਂ ਜੁੜਵਾਂ ਭੈਣਾ ਦੇ ਪਿਤਾ ਕੀ ਕਦੀ ਘਰ ਆਉਂਦੇ ਨੇ?' ਪੁਲਿਸ ਅਫ਼ਸਰ ਨੇ ਸਾਨੂੰ ਪੁਚਕਾਰਦਿਆਂ ਹੋਇਆਂ ਪੁੱਛਿਆ।
ਤੁਹਾਡਾ ਮਤਲਬ ਮਮੀ ਦੇ ਬੁਆਏ ਫਰੈਂਡ ਆਲੀ ਗੰਜ਼ਾਲਿਬ ਤੋਂ ਈ ਏ ਨਾ? ਉਹ ਤਾਂ ਕਦੋਂ ਦਾ ਮਮੀ ਨਾਲ ਝਗੜਾ ਕਰਕੇ ਭੱਜ ਗਿਐ।' ਐਟਿਨਾ ਦੀ ਆਲੀ ਨਾਲ ਕਦੀ ਨਹੀਂ ਬਣੀ, ਉਹ ਉਸਤੋਂ ਖਾਰ ਖਾਂਦੀ ਹੈ।
'ਕੀ ਤੁਹਾਡੀ ਮਮੀ ਤੇ ਆਲੀ ਗੰਜ਼ਾਲਿਬ ਦੀ ਕੋਈ ਫ਼ੋਟੋ ਹੈ ਘਰੇ...?'
ਨਹੀਂ, ਘਰ ਛੱਡਣ ਤੋਂ ਪਹਿਲਾਂ ਆਲੀ ਨੇ ਸਾਡੇ ਸਾਰੇ ਫ਼ੋਟੋਗ੍ਰਾਫ਼ ਤੇ ਰੀਟਾ-ਰੇਬੇਕਾ ਦੇ ਬਰਥ ਸਰਟੀਫਿਕੇਟ ਸਾੜ ਦਿੱਤੇ ਸੀ।' ਐਨਿਟਾ ਨੇ ਇੰਜ ਮੂੰਹ ਵਿਗਾੜ ਕੇ ਕਿਹਾ ਜਿਵੇਂ ਕਿਸੇ ਨੇ ਉਸਦੇ ਮੂੰਹ ਵਿਚ ਕਰੇਲੇ ਦਾ ਰਸ ਪਾ ਦਿੱਤਾ ਹੋਏ।
ਮੈਂ ਮਮੀ ਦੇ ਅਜੇ ਤਕ ਘਰ ਨਾ ਆਉਣ ਤੋਂ ਏਨਾ ਨਰਵਸ ਤੇ ਘਬਰਾਇਆ ਹੋਇਆ ਸਾਂ ਕਿ ਪੁਲਿਸ ਤੇ ਐਟਿਨਾ ਦੇ ਵਿਚਕਾਰ ਹੋ ਰਹੀ ਗੱਲਬਾਤ ਮੇਰੇ ਪੱਲੇ ਨਹੀਂ ਸੀ ਪੈ ਰਹੀ। ਆਲੀ ਬੇਹੱਦ ਗੁਸੈਲ ਤੇ ਲੜਨ-ਝਗੜਨ ਵਾਲਾ ਆਦਮੀ ਸੀ। ਮਮੀ 'ਤੇ ਗੁੱਸਾ ਖਾ ਕੇ ਕਦੀ ਕਦੀ ਸਾਡੀ ਵੀ ਪਿਟਾਈ ਕਰ ਦੇਂਦਾ ਸੀ ਉਹ।
ਸਾਡੇ ਨਾਲ ਗੱਲਾਂ ਕਰਦਾ ਹੋਇਆ ਪੁਲਿਸ ਅਫ਼ਸਰ ਰਸੋਈ ਵਿਚ ਚਲਾ ਗਿਆ ਤੇ ਪਿਲਸ ਰੇਡੀਓ 'ਤੇ ਆਪਣੇ ਕੰਟਰੋਲ ਰੂਮ ਨਾਲ ਗੱਲਾਂ ਕਰਨ ਲੱਗਾ। ਮੈਨੂੰ ਉਸਦੀ ਦੱਬਵੀਂ ਆਵਾਜ਼ ਸੁਣਾਈ ਤਾਂ ਦੇ ਰਹੀ ਸੀ, ਪਰ ਕੁਝ ਸਮਝ ਨਹੀਂ ਸੀ ਆ ਰਿਹਾ। ਹਮੇਸ਼ਾ ਚਹਿਕਣ ਤੇ ਗੱਲਬਾਤ ਦੀ ਸ਼ੌਕੀਨ ਐਨਿਟਾ ਦਾ ਚਿਹਰਾ ਘਬਰਾਹਟ ਨਾਲ ਪੀਲਾ ਹੁੰਦਾ ਜਾ ਰਿਹਾ ਸੀ। ਸ਼ਾਇਦ ਉਹ ਪੁਲਿਸ ਦੀਆਂ ਗੱਲਾਂ-ਬਾਤਾਂ ਨੂੰ ਕਾਫੀ ਹਦ ਤਕ ਸਮਝ ਰਹੀ ਸੀ। ਜਦੋਂ ਪੁਲਿਸ ਅਫ਼ਸਰ ਰਸੋਈ ਵਿਚੋਂ ਬਾਹਰ ਨਿਕਲ ਕੇ ਆਇਆ ਤਾਂ ਉਸਦੇ ਚਿਹਰੇ 'ਤੇ ਚਿੰਤਾ ਦੀਆਂ ਲਕੀਰਾਂ ਸਨ, ਉਹ ਨਰਵਸ ਤੇ ਚਿੰਤਤ ਲੱਗ ਰਿਹਾ ਸੀ। ਸ਼ਾਇਦ ਉਹ ਸਾਨੂੰ ਕੁਝ ਕਹਿਣਾ ਚਾਹੁੰਦਾ ਸੀ, ਪਰ ਉਸਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਉਦੋਂ ਹੀ ਉਸਦੀ ਨਿਗਾਹ ਟੇਬਲ 'ਤੇ ਪਈ ਐਨਿਟਾ ਦੇ ਕੋਰਸ-ਬੁੱਕ ਦੀ ਇਕ ਕਿਤਾਬ ਉੱਤੇ ਪਈ। ਉਸਨੇ ਉਸਨੂੰ ਚੁੱਕ ਕੇ ਕਿਹਾ—
ਆਓ ਇਸ ਕਿਤਾਬ ਵਿਚੋਂ ਇਕ ਕਹਾਣੀ ਪੜ੍ਹੀਏ...' 'ਉਹ ਕੋਰਸ-ਬੁੱਕ ਏ ਕਹਾਣੀਆਂ ਦੀ ਕਿਤਾਬ ਨਹੀਂ।' ਮੈਂ ਕਹਿਣਾ ਚਾਹਿਆ ਪਰ ਸੰਗ ਕਾਰਨ ਮੂੰਹ ਵਿਚੋਂ ਆਵਾਜ਼ ਤਕ ਨਹੀਂ ਨਿਕਲੀ। ਉਦੋਂ ਹੀ ਦਰਵਾਜ਼ੇ 'ਤੇ ਕੁਝ ਹਲਚਲ ਹੋਈ ਇਕ ਪੁਲਿਸ-ਲੇਡੀ ਕਮਰੇ ਅੰਦਰ ਦਾਖ਼ਲ ਹੋਈ, ਜਿਸਦਾ ਚਿਹਰਾ ਮੇਰੀ ਪਾਪਿੰਸ (ਬੱਚਿਆਂ ਦੀਆਂ ਕਹਾਣੀਆਂ ਦੀ ਬੜੀ ਪਿਆਰੀ ਨਾਇਕਾ) ਵਰਗਾ ਪਿਆਰਾ ਸੀ। ਪੁਲਿਸ ਲੇਡੀ ਨੇ ਬੇਹੱਦ ਪਿਆਰੀ ਆਵਾਜ਼ ਵਿਚ ਸਾਡੇ ਨਾਲ ਹੱਥ ਮਿਲਾਉਂਦਿਆਂ ਹੋਇਆਂ ਆਪਣਾ ਨਾਂ ਦੱਸਿਆ ਫੇਰ ਉਹਨੇ ਸਾਡੇ ਨਾਂ ਪੁੱਛੇ। ਉਹ ਸਾਡੇ ਨਾਲ ਇੰਜ ਪਿਆਰ ਨਾਲ ਗੱਲਾਂ ਕਰ ਰਹੀ ਸੀ ਜਿਵੇਂ ਉਹ ਸਾਨੂੰ ਅਰਸੇ ਤੋਂ ਜਾਣਦੀ ਹੋਏ ਤੇ ਸਾਡੀ ਕੋਈ ਰਿਸ਼ਤੇਦਾਰ ਹੋਏ—ਜਿਵੇਂ ਭੂਆ ਜਾਂ ਮਾਸੀ। ਉਸਨੇ ਸਾਨੂੰ ਚਾਰਾਂ ਨੂੰ ਕਿਟਕੈਟ ਚਾਕਲੇਟ ਦਾ ਇਕ ਇਕ ਬਾਰ ਫੜਾਂਦਿਆਂ ਹੋਇਆਂ ਕਿਹਾ, 'ਬਾਹਰ ਲਾਲ-ਨੀਲੀਆਂ ਬੱਤੀਆਂ ਵਾਲੀ ਪੈਂਡਾਕਾਰ (ਗਸ਼ਤੀ ਪੁਲਿਸ ਗੱਡੀ) ਸਾਡਾ ਇੰਤਜ਼ਾਰ ਕਰ ਰਹੀ ਹੈ।' ਅਸੀਂ ਚਹਿਕ ਉਠੇ। ਇਕ ਵਾਰੀ ਜਦੋਂ ਮੈਂ ਕਾਰਨੀਵਲ ਵਿਚ ਗਵਾਚ ਗਿਆ ਸਾਂ ਤਾਂ ਪੁਲਿਸ ਗੱਡੀ ਇਸੇ ਤਰ੍ਰਾਂ ਮੈਨੂੰ ਮਮੀ ਕੋਲ ਲੈ ਗਈ ਸੀ। ਮੈਨੂੰ ਲੱਗਿਆ ਸਾਡੀ ਮਮੀ ਜ਼ਰੂਰ ਕਿਸੇ ਮੁਸੀਬਤ ਵਿਚ ਫਸ ਗਈ ਏ, ਇਸੇ ਲਈ ਸਾਨੂੰ ਉਸਦੇ ਕੋਲ ਲਿਜਾਇਆ ਜਾ ਰਿਹਾ ਏ।
ਵੈਸੇ ਵੀ ਸਾਨੂੰ ਕਾਰ ਵਿਚ ਜਾਣ ਦੇ ਮੌਕੇ ਘੱਟ ਹੀ ਮਿਲਦੇ ਨੇ ਇਸ ਲਈ ਅਜ਼ੀਬੋ-ਗ਼ਰੀਬ ਪ੍ਰਸਥਿਤੀ ਵਿਚ ਵੀ ਅਸੀਂ ਪਲ ਭਰ ਲਈ ਟਹਿਕਣ ਲੱਗੇ। ਪਰ ਇਹ ਟਹਿਕ ਬਹੁਤੀ ਦੇਰ ਤਕ ਨਹੀਂ ਰਹੀ। ਸਾਡੇ ਕਾਰ ਵਿਚ ਬੈਠਦਿਆਂ ਹੀ ਕਾਰ ਚੱਲ ਪਈ, ਸਾਡਾ ਘਰ ਸਾਥੋਂ ਦੂਰ ਪਿੱਛੇ ਰਹਿੰਦਾ ਜਾ ਰਿਹਾ ਸੀ। ਐਨਿਟਾ ਵਾਰੀ ਵਾਰੀ ਪਿੱਛੇ ਮੁੜ ਕੇ ਦੇਖ ਰਹੀ ਸੀ। ਉਸਨੇ ਕਈ ਵਾਰੀ ਪੁਲਿਸ ਲੇਡੀ ਤੋਂ ਮਮੀ ਬਾਰੇ ਪੁੱਛਿਆ ਪਰ ਉਹ ਸਾਡੇ ਨਾਲ ਹੋਰ ਦੀਆਂ ਹੋਰ ਗੱਲਾਂ ਕਰਦੀ ਰਹੀ। ਅਸੀਂ ਡਰੇ ਸਹਿਮੇ ਕਾਰ ਦੀ ਪਿਛਲੀ ਸੀਟ ਉੱਤੇ ਇਕ ਦੂਜੇ ਦੇ ਹੱਥ ਵਿਚ ਹੱਥ ਫਸਾਹੀ ਬੈਠੇ ਰਹੇ। ਇਸ ਸਮੇਂ ਸਾਨੂੰ ਕੁਝ ਪਤਾ ਨਹੀਂ ਸੀ ਕਿ ਅਸੀਂ ਕਿੱਥੇ ਜਾ ਰਹੇ ਹਾਂ? ਤੇ ਕਿਉਂ ਜਾ ਰਹੇ ਹਾਂ? ਮੈਂ ਐਨਿਟਾ ਵੱਲ ਦੇਖਿਆ ਉਹ ਵੀ ਬੇਚੈਨ ਤੇ ਹੈਰਾਨ ਪ੍ਰੇਸ਼ਾਨ ਸੀ। ਰੇਬੇਕਾ-ਰੀਟਾ ਹਰ ਚੀਜ਼ ਵੱਲੋਂ ਬੇਖ਼ਬਰ ਮੂੰਹ ਵਿਚ ਅੰਗੂਠਾ ਪਾਈ ਇਕ ਦੂਜੇ ਨਾਲ ਚਿਪਕੀਆਂ ਹੋਈਆਂ ਕਾਰ ਚੱਲਦਿਆਂ ਹੀ ਸੌਂ ਗਈਆਂ ਸਨ।
ਕੋਈ ਵੀਹ ਮਿੰਟ ਸੜਕ 'ਤੇ ਦੌੜਨ ਪਿੱਛੋਂ ਕਾਰ ਖੱਬੇ ਹੱਥ ਮੁੜੀ, ਸੜਕ ਦੇ ਦੋਵੇਂ ਪਾਸੇ ਕਾੱਕਰ ਤੇ ਓਕ ਦੇ ਸੰਘਣੇ, ਲੰਮੇ-ਉੱਚੇ ਰੁੱਖ ਲੱਗੇ ਹੋਏ ਸਨ। ਕਾਰ ਲਾਲ ਬੱਜਰੀ ਵਾਲੀ ਸੜਕ ਦੇ ਆਖ਼ਰੀ ਸਿਰੇ 'ਤੇ ਸੰਘਣੇ ਰੁੱਖਾਂ ਵਿਚ ਛਿਪੇ ਇਕ ਮੈਨਰ ਹਾਊਸ ਦੇ ਅੱਗੇ ਲੱਗੇ ਟਾਇਰਨ ਗੇਟ ਦੇ ਅੱਗੇ ਜਾ ਕੇ ਰੁਕ ਗਈ। ਪੁਲਿਸ ਆਫ਼ਸਰ ਨੇ ਰੇਡੀਓ ਰਾਹੀਂ ਅੰਦਰ ਕੁਝ ਸੁਨੇਹੇ ਘੱਲੇ। ਥੋੜ੍ਹੀ ਦੇਰ ਵਿਚ ਹੀ ਉਹ ਲੰਮਾ-ਚੌੜਾ ਲੋਹੇ ਦਾ ਗੇਟ ਆਪਣੇ ਆਪ ਹੌਲੀ ਹੌਲੀ ਬਿਨਾਂ ਆਵਾਜ਼ ਖੁੱਲ੍ਹਦਾ ਚਲਾ ਗਿਆ। ਮਕਾਨ ਦੇ ਚਾਰੇ ਪਾਸੇ ਬਗ਼ੀਚਾ ਸੀ, ਜਿਸ ਵਿਚ ਸਲਾਈਡ, ਟ੍ਰੈਮਪੋਲਿਨ, ਵਲਾਈਮਿੰਗ ਫ੍ਰੇਮ, ਨੈਟ ਬਾਲ ਆਦਿ ਵੱਖ-ਵੱਖ ਤਰ੍ਹਾਂ ਦੇ ਖੇਡ-ਕੁੱਦ ਤੇ ਕਸਰਤ ਕਰਨ ਵਾਲੇ ਉਪਕਰਨ (ਅਪਰੇਟਸ) ਲੱਗੇ ਹੋਏ ਸਨ। ਗੇਟ ਦੀ ਖੱਬੇ ਪਾਸੇ ਵਾਲੀ ਕੰਧ ਉੱਤੇ ਲੱਗੇ ਪਿੱਤਲ ਦੇ ਬੋਰਡ ਉੱਤੇ 'ਸੇਟਵੈਲੇਨਟਾਈਨ ਚਿਲਡਰਨਸ ਹੋਮ' ਕਾਲੇ ਅੱਖਰਾਂ ਵਿਚ ਖੁਦਿਆ ਹੋਇਆ ਸੀ। ਅਸੀਂ ਚਾਰੇ ਭਰਾ-ਭੈਣ ਸਹਿਮੇ ਹੋਏ ਇਕ ਦੂਜੇ ਦਾ ਹੱਥ ਫੜੀ, ਪੁਲਿਸ ਲੇਡੀ ਦੇ ਨਾਲ ਸਵੈਚਾਲਿਤ (ਆਟੋਮੈਟਿਕ ਸਵਿੰਗਿੰਗ) ਦਰਵਾਜ਼ਿਆਂ ਵਿਚੋਂ ਲੰਘਦੇ ਹੋਏ ਇਕ ਲੰਮੀ ਰਾਹਦਾਰੀ ਪਾਰ ਕਰਕੇ ਖੁੱਲ੍ਹੀ-ਚੌੜੀ ਬੈਠਕ (ਓਪਨ ਪਲੈਨ ਲਿਵਿੰਗ ਰੂਮ ਸੋਫਾ ਸੈਟ ਤੇ ਕੁਰਸੀਆਂ ਨਾਲ ਸਜਿਆ ਹੋਇਆ ਵੱਡਾ ਇੰਤਜ਼ਾਰ ਕਮਰਾ) ਵਿਚ ਪਹੁੰਚੇ ਜਿੱਥੇ ਸਾਨੂੰ ਸੋਫੇ 'ਤੇ ਬੈਠਣ ਲਈ ਕਿਹਾ ਗਿਆ। ਉਸ ਵਿਚ ਇਕ ਪਾਸੇ ਬੱਚਿਆਂ ਦੇ ਅਗਿਣਤ ਖਡੌਣੇ ਤੇ ਕਿਤਾਬਾਂ, ਸ਼ੈਲਫ ਤੇ ਅਲਮਾਰੀਆਂ ਵਿਚ ਸਜ਼ਾ ਕੇ ਰੱਖੇ ਹੋਏ ਸਨ। ਭਾਵੇਂ ਅਸੀਂ ਡਰੇ, ਸਹਿਮੇ ਤੇ ਸ਼ੰਕਿਆਂ ਵਿਚ ਘਿਰੇ ਹੋਏ ਸਾਂ ਤੇ ਓਪਰੀ ਥਾਂ ਦਾ ਸੰਕੋਚ ਵੀ ਸੀ—ਫੇਰ ਵੀ ਸਾਨੂੰ ਆਪਣੇ ਕਬਾੜਖਾਨੇ ਤੇ ਆਂਢ-ਗੁਆਂਢ ਦੀ ਚੀਕਾ-ਰੌਲੀ ਨਾਲ ਭਰੇ ਰਹਿਣ ਵਾਲੇ ਘਰ ਨਾਲੋਂ ਇਹ ਘਰ ਵਧੇਰੇ ਚੰਗਾ ਲੱਗ ਰਿਹਾ ਸੀ।
ਸ਼ਾਇਦ ਇਸ ਵੱਡੇ ਘਰ ਵਿਚ ਰਹਿਣ ਵਾਲਿਆਂ ਨੂੰ ਪਤਾ ਸੀ ਕਿ ਅਸੀਂ ਆਉਣ ਵਾਲੇ ਹਾਂ ਇਸ ਲਈ ਉਹਨਾਂ ਨੇ ਸਾਡੇ ਆਉਂਦਿਆਂ ਹੀ ਸਾਨੂੰ ਗਰਮ ਕੋਕੋ, ਚਾਕਲੇਟ ਤੇ ਬਿਸਕੁਟ ਆਦਿ ਖਾਣ ਪੀਣ ਲਈ ਦੇਂਦਿਆਂ ਹੋਇਆਂ ਕਿਹਾ ਕਿ ਅਸੀਂ ਉੱਥੇ ਰੱਖੇ ਕਿਸੇ ਵੀ ਖਿਡੌਣੇ ਨਾਲ ਖੇਡ ਸਕਦੇ ਹਾਂ। ਉਹਨਾਂ ਵੱਡੇ ਤੇ ਚੰਗੇ ਲੋਕਾਂ ਦਾ ਧਿਆਨ ਸਾਡੇ ਵਿਚ ਹੀ ਸੀ ਜਿਵੇਂ ਅਸੀਂ ਉਹਨਾਂ ਦੇ ਵਿਸ਼ੇਸ਼ ਮਹਿਮਾਨ ਹੋਈਏ।
ਥੋੜ੍ਹੀ ਦੇਰ ਵਿਚ ਹੀ ਇਕ ਫ਼ੋਟੋਗ੍ਰਾਫਰ ਆਇਆ ਤੇ ਉਸਨੇ ਸਾਨੂੰ ਚਾਰਾਂ ਨੂੰ ਕਿਹਾ ਕਿ ਜੇ ਅਸੀਂ ਆਪਣੇ ਮਨ-ਪਸੰਦ ਖਿਡੌਣੇ ਨਾਲ ਸੋਫੇ 'ਤੇ ਬੈਠ ਜਾਈਏ ਤਾਂ ਉਹ ਸਾਡੀਆਂ ਬਹੁਤ ਸਾਰੀਆਂ ਫ਼ੋਟੋਆਂ ਖਿੱਚ ਦਏਗਾ। ਸਾਡੇ ਕੋਲ ਸਾਡੀ ਆਪਣੀ ਕੋਈ ਫ਼ੋਟੋ ਨਹੀਂ ਸੀ ਇਸ ਲਈ ਸਾਨੂੰ ਆਪਣੀ ਫ਼ੋਟੋ ਖਿਚਵਾਉਣ ਵਾਲੀ ਗੱਲ ਬੜੀ ਚੰਗੀ ਲੱਗੀ। ਐਨਿਟਾ ਬਾਰਬੀ ਡਾਲ ਚੁੱਕੀ ਕੇ, ਅਣਮਣੇ ਜਿਹੇ ਮਨ ਨਾਲ, ਸਾਡੇ ਨਾਲ ਚੁੱਪਚਾਪ ਫ਼ੋਟੋਆਂ ਖਿਚਵਾਉਂਦੀ ਰਹੀ। ਉਸਨੇ ਫ਼ੋਟੋਗ੍ਰਾਫਰ ਨੂੰ ਕੋਈ ਸਵਾਲ ਨਹੀਂ ਕੀਤਾ। ਫ਼ੋਟੋਗ੍ਰਾਫਰ ਨੇ ਸਾਡੀਆਂ ਬਹੁਤ ਸਾਰੀਆਂ ਫ਼ੋਟੋਆਂ ਖਿੱਚੀਆਂ।
ਫ਼ੋਟੋਗ੍ਰਾਫ਼ਰ ਦੇ ਜਾਣ ਪਿੱਛੋਂ ਅਸੀਂ ਫੇਰ ਖਿਡੌਣਿਆ ਨਾਲ ਖੇਡਣ ਲੱਗ ਪਏ ਪਰ ਐਨਿਟਾ ਚੁੱਪਚਾਪ, ਟੈਲੀਵਿਜ਼ਨ ਦੇਖਦੀ ਹੋਈ, ਉੱਥੇ ਸਾਡੇ ਕੋਲ ਪਏ ਸੋਫੇ 'ਤੇ ਬੈਠੀ ਰਹੀ ਤੇ ਉੱਥੇ ਦੇ ਲੋਕਾਂ ਦਾ ਆਉਣਾ ਜਾਣਾ ਦੇਖਦੀ ਰਹੀ। ਸ਼ਾਇਦ ਉਹ ਲੋਕ ਜਲਦੀ ਵਿਚ ਸਨ। ਪਿਛਲੇ ਕਮਰੇ 'ਚੋਂ ਵਾਰੀ-ਵਾਰੀ ਫ਼ੋਨ ਦੀਆਂ ਘੰਟੀਆਂ ਵੱਜਣ ਤੇ ਚੁੱਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਨੂੰ ਤੇ ਰੇਬੇਕਾ-ਰੀਟਾ ਨੂੰ ਖਿਡੌਣਿਆ ਨਾਲ ਖੇਡਣਾ ਬੜਾ ਚੰਗਾ ਲੱਗ ਰਿਹਾ ਸੀ। ਸਾਰੇ ਖਿਡੌਣੇ ਨਵੇਂ ਤੇ ਮਹਿੰਗੇ ਸਨ। ਅਸੀਂ ਕਦੀ ਇਕ ਖਿਡੌਣਾ ਚੁੱਕਦੇ ਕਦੀ ਦੂਜਾ। ਅਜੇ ਸਾਨੂੰ ਖਿਡੌਣਿਆਂ ਨਾਲ ਖੇਡਦੇ ਹੋਏ ਕੁਝ ਚਿਰ ਹੀ ਹੋਇਆ ਸੀ ਕਿ ਉਹ ਮੇਰੀ ਪਾਪਿੰਸ ਵਰਗੇ ਸੋਹਣੇ ਚਿਹਰੇ ਵਾਲੀ ਖ਼ੁਸ਼-ਮਿਜਾਜ਼ ਪੁਲਿਸ-ਲੇਡੀ ਐਨਿਟਾ ਦਾ ਹੱਥ ਫੜ ਕੇ ਸਾਡੇ ਕੋਲ ਹੀ ਕਾਰਪੇਟ 'ਤੇ ਆਣ ਬੈਠੀ। ਥੋੜ੍ਹੀ ਦੇਰ ਉਹ ਵੀ ਸਾਡੇ ਨਾਲ ਖਿਡੌਣਿਆਂ ਨਾਲ ਖੇਡਦੀ ਰਹੀ ਫੇਰ ਉਸਨੇ ਸਾਨੂੰ ਕਿਹਾ, 'ਬੱਚਿਓ ਮੈਂ ਤੁਹਾਡੇ ਨਾਲ ਕੁਝ ਗੰਭੀਰ ਗੱਲਾਂ ਕਰਨੀਆਂ ਨੇ।' ਅੱਜ ਤਕ ਕਿਸੇ ਨੇ ਸਾਡੇ ਨਾਲ ਗੰਭੀਰ ਗੱਲਾਂ ਨਹੀਂ ਸੀ ਕੀਤੀਆਂ, ਸਾਡੇ ਖੇਡਦੇ ਹੋਏ ਹੱਥ ਰੁਕ ਗਏ ਤੇ ਅਸੀਂ ਉਸ ਵੱਲ ਮੂਰਖਾਂ ਵਾਂਗ ਦੇਖਣ ਲੱਗ ਪਏ। ਉਸਨੇ ਬੜੇ ਪਿਆਰ ਨਾਲ ਰੀਟਾ-ਰੇਬੇਕਾ ਨੂੰ ਆਪਣੀ ਗੋਦ ਵਿਚ ਬਿਠਾਉਂਦਿਆਂ ਤੇ ਮੇਰੇ ਤੇ ਐਨਿਟਾ ਦੇ ਹੱਥਾਂ ਨੂੰ ਆਪਣੇ ਹੱਥਾਂ ਵਿਚ ਲੈ ਕੇ ਪਲੋਸਦਿਆਂ ਹੋਇਆਂ ਕਿਹਾ—
ਦੇਖੋ ਬੱਚਿਓ, ਤੁਹਾਡੀ ਮਮੀ ਹੁਣ ਤੁਹਾਥੋਂ ਬੜੀ ਦੂਰ ਚਲੀ ਗਈ ਏ। ਜੀਜ਼ਸ ਦੇ ਦੇਵਦੂਤ ਉਸਨੂੰ ਸਵਰਗ ਵਿਚ ਲੈ ਗਏ ਨੇ, ਹੁਣ ਉਹ ਤੁਹਾਨੂੰ ਮਿਲਣ ਕਦੀ ਨਹੀਂ ਆ ਸਕੇਗੀ ਪਰ ਚਿੰਤਾ ਨਾ ਕਰੋ, ਅਸੀਂ ਲੋਕ ਤੁਹਾਡੀ ਦੇਖਭਾਲ ਕਰਾਂਗੇ।'
ਨਹੀਂ' ਐਨਿਟਾ ਸਖ਼ਤੀ ਨਾਲ ਬੋਲੀ, 'ਤੁਸੀਂ ਝੂਠ ਬੋਲ ਰਹੇ ਓ। ਲੈ ਜਾਓ ਆਪਣੇ ਖਿਡੌਣੇ, ਨਹੀਂ ਚਾਹੀਦੇ ਸਾਨੂੰ ਤੁਹਾਡੇ ਖਿਡੌਣੇ।' ਉਸਨੇ ਬੁੱਲ੍ਹਾਂ ਨੂੰ ਭੀਚਦਿਆਂ ਹੋਇਆ ਹੱਥ ਵਿਚ ਫੜਿਆ ਖਿਡੌਣਾ ਸੁੱਟ ਦਿੱਤਾ। ਐਨਿਟਾ ਨੂੰ ਦੇਖ ਕੇ ਮੈਂ, ਰੇਬੇਕਾ ਤੇ ਰੀਟਾ ਨੇ ਵੀ ਆਪਣੇ ਖਿਡੌਣੇ ਸੁੱਟ ਦਿੱਤੇ ਤੇ ਅਸਾਂ ਸਰਿਆਂ ਇਕ ਦੂਜੇ ਨਾਲ ਸਹਿਮਤੀ ਜ਼ਾਹਰ ਕਰਦਿਆਂ ਹੋਇਆਂ ਕਿਹਾ, 'ਸਾਨੂੰ ਨਹੀਂ ਚਾਹੀਦੇ ਤੁਹਾਡੇ ਖਿਡੌਣੇ। ਨਹੀਂ ਚਾਹੀਦੇ। ਸਾਨੂੰ ਸਾਡੀ ਮਮੀ ਚਾਹੀਦੀ ਏ।'
ਐਨਿਟਾ ਸੱਪ ਵਾਂਗ ਫੁਕਾਰਦੀ ਤੇ ਪੈਰ ਪਟਕਦੀ ਹੋਈ ਦਰਵਾਜ਼ੇ ਕੋਲ ਜਾ ਕੇ ਖੜ੍ਹੀ ਹੋ ਗਈ। ਮੈਂ ਵੀ ਰੀਟਾ-ਰੇਬੇਕਾ ਦਾ ਹੱਥ ਫੜਿਆ ਤੇ ਐਨਿਟਾ ਕੋਲ ਜਾ ਖੜ੍ਹਾ ਹੋਇਆ। ਹੁਣ ਸਾਰੇ ਦੁਖੀ ਸਾਂ ਕਿਉਂਕਿ ਐਨਿਟਾ ਦੁਖੀ ਸੀ।
ਪੁਲਿਸ ਲੇਡੀ ਨੇ ਐਨਿਟਾ ਦੇ ਦੋਵੇਂ ਹੱਥ ਫੜ੍ਹ ਕੇ ਬੇਹੱਦ ਪਿਆਰ ਨਾਲ, ਪਰ ਸਖ਼ਤ ਆਵਾਜ਼ ਵਿਚ ਕਿਹਾ, 'ਗੱਲ ਨੂੰ ਸਮਝੋ ਐਨਿਟਾ, ਹੁਣ ਤੁਹਾਡੀ ਮਮੀ ਇਸ ਦੁਨੀਆਂ ਵਿਚ ਨਹੀਂ ਹੈ। ਤੁਸੀਂ ਸਾਰੇ ਅਜੇ ਬੱਚੇ ਓ। ਥੋੜ੍ਹੀ ਦੇਰ ਵਿਚ ਸ਼ੋਸ਼ਲ ਵਰਕਰ ਟੇਰੀ ਫਲਾਯਰ ਤੁਹਾਨੂੰ ਤੁਹਾਡੇ ਨਵੇਂ ਘਰ ਵਿਚ ਲੈ ਜਾਣਗੇ।'
ਨਹੀਂ, ਅਸੀਂ ਕਿਤੇ ਨਹੀਂ ਜਾਵਾਂਗੇ।' ਐਨਿਟਾ ਨੇ ਪੈਰ ਪਟਕਦਿਆਂ ਹੋਇਆਂ ਚੀਕ ਕੇ ਕਿਹਾ, 'ਸਾਡੀ ਮਮੀ ਸਾਡੇ ਘਰ ਸਾਡਾ ਇੰਤਜ਼ਾਰ ਕਰ ਰਹੀ ਹੋਏਗੀ।'
ਮੈਂ ਵੀ ਮਨ ਹੀ ਮਨ ਸੋਚਿਆ ਕਿ ਇਸ ਪੁਲਿਸ ਲੇਡੀ ਨੂੰ ਕੁਝ ਵੀ ਨਹੀਂ ਪਤਾ। ਸਾਡੀ ਮਮੀ ਬੜੀ ਸਮਾਰਟ ਏ। ਉਹ ਦੇਵਦੂਤਾਂ ਨੂੰ ਚਕਮਾ ਦੇ ਕੇ ਹੁਣ ਤੀਕ ਜ਼ਰੂਰ ਘਰ ਵਾਪਸ ਆ ਗਈ ਹੋਏਗੀ।
ਹੁਣ ਤੀਕ ਰੀਟਾ ਤੇ ਰੇਬੇਕਾ ਵੱਡੇ ਘਰ ਵਿਚ ਰਹਿਣ ਵਾਲੇ ਲੋਕਾਂ ਨਾਲ ਹਿਲ-ਮਿਲ ਗਈਆਂ ਸਨ। ਉਹ ਦੋਵੇਂ ਉੱਥੇ ਕੰਮ ਕਰਨ ਵਾਲੀ ਸੋਸ਼ਲ ਵਰਕਰ ਦੀ ਗੋਦੀ ਵਿਚ ਬੈਠੀਆਂ ਕਿਲਕਾਰੀਆਂ ਮਾਰ-ਮਾਰ ਉਸ ਨਾਲ ਗੱਲਾਂ ਕਰ ਰਹੀਆਂ ਸਨ।
ਮੈਂ ਚਾਹੁੰਦਾ ਸਾਂ ਕਿ ਲੋਕ ਸਾਡੇ ਨਾਲ ਸਾਡੀ ਮਮੀ ਬਾਰੇ ਗੱਲਾਂ ਕਰਨ। ਉਸ ਬਾਰੇ ਸਾਨੂੰ ਕੁਝ ਹੋਰ ਦੱਸਣ, ਪਰ ਉਹ ਲੋਕ ਉਸ ਬਾਰੇ ਕੋਈ ਗੱਲ ਨਹੀਂ ਸੀ ਕਰਨੀ ਚਾਹੁੰਦੇ। ਜਿਵੇਂ ਹੀ ਅਸੀਂ ਮਮੀ ਬਾਰੇ ਕੋਈ ਗੱਲ ਕਰਦੇ, ਲੋਕ ਸਾਡਾ ਧਿਆਨ ਕਿਸੇ ਹੋਰ ਚੀਜ਼ ਵਿਚ ਉਲਝਾ ਦੇਂਦੇ। ਕਈ ਵਾਰੀ ਤਾਂ ਇੰਜ ਲੱਗਾ ਕਿ ਉਹ ਸਾਨੂੰ ਦੱਸ ਰਹੇ ਨੇ ਕਿ ਤੁਹਾਡੀ ਕੋਈ ਮਮੀ ਨਹੀਂ ਸੀ ਜਾਂ ਇੰਜ ਕਿ ਤੁਹਾਡੀ ਮਮੀ ਦਾ ਇਸ ਦੁਨੀਆਂ ਵਿਚ ਕੋਈ ਵਜੂਦ ਹੀ ਨਹੀਂ ਸੀ।
ਮੈਂ ਅਜੇ ਇਹੀ ਸਭ ਸੋਚ ਰਿਹਾ ਸਾਂ ਕਿ ਅਚਾਨਕ ਐਨਿਟਾ ਜਿਵੇਂ ਪਾਗਲ ਹੋ ਗਈ ਹੋਵੇ, ਉਹ ਵਹਿਸ਼ੀਆਂ ਵਾਂਗ ਚੀਕ ਚੀਕ ਕੇ ਉਹਨਾਂ ਲੋਕਾਂ ਨੂੰ ਗਾਲ੍ਹਾਂ ਕੱਢਣ ਲੱਗ ਪਈ, 'ਕਮੀਨਿਓ, ਹਰਾਮਜ਼ਾਦਿਓ, ਬਦਬਖ਼ਤੋ ਛੱਡੋ ਸਾਡੀਆਂ ਭੈਣਾ ਨੂੰ, ਉਤਾਰੋ ਇਹਨਾਂ ਨੂੰ ਆਪਣੀ ਗੰਦੀ ਗੋਦੀ ਵਿਚੋਂ। ਮਾਰਕ! ਕੰਮਬਖ਼ਤਾ ਤੂੰ ਭੱਜ ਇੱਥੋਂ, ਮੈਂ ਰੇਬੇਕਾ ਤੇ ਰੀਟਾ ਨੂੰ ਇਹਨਾਂ ਦੇ ਚੁੰਗਲ 'ਚੋਂ ਛੁਡਾਅ ਕੇ ਘਰ ਆਉਂਦੀ ਆਂ। ਤੁਸੀਂ ਪੁਲਿਸ, ਸੋਸ਼ਲ ਵਰਕਰਸ, ਵੈਲਫੇਅਰ ਅਫ਼ਸਰ ਸਾਰੇ ਦੇ ਸਾਰੇ ਦੋਗਲੇ ਓ, ਹਰਾਮਦੇ ਓ। ਮਾਰਕ, ਇਸ ਸਾਰੇ ਸਾਨੂੰ ਬਹਿਕਾ ਰਹੇ ਨੇ।' ਐਨਿਟਾ ਨੂੰ ਜਿੰਨੀਆਂ ਗਾਲ੍ਹਾਂ ਆਉਂਦੀਆਂ ਸਨ ਉਸਨੇ ਪੁਲਿਸ ਵਾਲਿਆਂ ਨੂੰ ਕਢਣੀਆਂ ਸ਼ੁਰੂ ਕਰ ਦਿੱਤੀਆਂ। 'ਤੁਸੀਂ ਲੋਕ, ਮਮੀ ਨੂੰ ਜੇਲ੍ਹ ਵਿਚ ਬੰਦ ਕਰਕੇ, ਸਾਨੂੰ ਸੜੀਆਂ ਮੱਛੀਆਂ ਸਮਝ ਕੇ, ਕੂੜੇ ਦੇ ਢੇਰ 'ਤੇ ਸੁੱਟਣਾ ਚਾਹੁੰਦੇ ਓ...' ਮੈਂ ਬਦਹਵਾਸ, ਕਨਫਿਊਜ਼ਡ ਮੂਰਖਾਂ ਵਾਂਗ ਪੁਲਿਸ ਮੈਨ ਦੀ ਉਂਗਲ ਫੜ੍ਹੀ ਉੱਥੇ ਖੜ੍ਹਾ ਰਿਹਾ—
ਐਨਿਟਾ ਉਦੋਂ ਤੀਕ ਗਾਲ੍ਹਾਂ ਬਕਦੀ ਰਹੀ, ਜਦੋਂ ਤੀਕ ਉਹ ਥੱਕ ਕੇ ਨਿਢਾਲ ਨਹੀਂ ਹੋ ਗਈ। ਉਸਦਾ ਚਿਹਰਾ ਲਾਲ ਹੋ ਗਿਆ ਸੀ। ਉਹ ਹਫ਼ ਗਈ ਸੀ। ਐਨਿਟਾ ਦਾ ਚੀਕਣਾ ਸੁਣ ਕੇ ਵੱਡੇ ਘਰ ਦਾ ਮਾਲਕ ਅੰਦਰੋਂ ਬਾਹਰ ਆਇਆ ਤੇ ਐਨਿਟਾ ਨੂੰ ਮੋਢੇ ਤੋਂ ਝੰਜੋੜਦਾ ਹੋਇਆ ਬੋਲਿਆ—
ਸੁਣ ਐਨਿਟਾ ਪਾਗਲ ਨਾ ਬਣ, ਅਸੀਂ ਲੋਕ ਤੁਹਾਡੇ ਹਿਤੈਸ਼ੀ ਆਂ, ਦੋਸਤ ਆਂ। ਅਸੀਂ ਤੁਹਾਨੂੰ ਅਜਿਹੇ ਪਰਿਵਾਰਾਂ ਵਿਚ ਭੇਜ ਰਹੇ ਆਂ, ਜਿੱਥੋਂ ਦੇ ਲੋਕ ਤੁਹਾਨੂੰ ਆਪਣੇ ਪਰਿਵਾਰ ਵਿਚ ਆਪਣੇ ਬੱਚਿਆਂ ਵਾਂਗ ਸਵੀਕਾਰ ਕਰਨਗੇ।'
ਟੇਰੀ ਫਲਾਯਰ ਤੇ ਪੁਲਿਸ ਲੇਡੀ ਨੇ ਸਾਨੂੰ ਸਾਡੀ ਇੱਛਾ ਦੇ ਵਿਰੁੱਧ ਬਾਹਰ ਖੜ੍ਹੀ ਵੈਨ ਵਿਚ ਬਿਠਾ ਦਿੱਤਾ। ਅਸੀਂ ਚਾਰੇ ਘਬਰਾ ਕੇ ਚੀਕਣ-ਕੂਕਣ ਲੱਗੇ, ਇਕ ਦੂਜੇ ਨਾਲ ਜੁੜ ਕੇ ਪੁਲਿਸ ਵੈਨ ਵਿਚ ਬੈਠੇ; ਮਜ਼ਬੂਰ, ਲਾਚਾਰ—ਆਪਣੇ ਅੰਨ੍ਹੇ ਭਵਿੱਖ ਵੱਲ ਤੁਰ ਚਲੇ।
ਸਾਨੂੰ ਕਾਰ ਵਿਚ ਸਫ਼ਰ ਕਰਦਿਆਂ ਅਜੇ ਪੰਦਰਾਂ ਮਿੰਟ ਵੀ ਨਹੀਂ ਸੀ ਹੋਏ ਕਿ ਐਨਿਟਾਂ ਰੋਂਦੀ-ਰੋਂਦੀ ਥੱਕ ਕੇ ਸੌਂ ਗਈ। ਉਹ ਨੀਂਦ ਵਿਚ ਵੀ ਸਿਸਕੀਆਂ ਲੈ ਰਹੀ ਸੀ। ਰੇਬੇਕਾ ਤੇ ਰੀਟਾ ਵੀ ਅੰਗੂਠਾ ਮੂੰਹ ਵਿਚ ਪਾਈ ਝਪਕੀ ਲੈਣ ਦੀ ਤਿਆਰੀ ਕਰ ਰਹੀਆਂ ਸਨ। ਕਾਰ ਵਿਚ ਲੱਗੇ ਰੇਡੀਓ 'ਤੇ ਫੈਪਿਟਲ ਰੇਡੀਓ ਤੋਂ ਪ੍ਰਾਈਮ ਟਾਈਮ ਪ੍ਰੋਗਰਾਮ ਵਿਚ ਡੁਰੈਨ-ਡੁਰੈਨ ਦਾ ਪ੍ਰਸਿੱਧ ਗੀਤ 'ਪਲੀਜ਼-ਪਲੀਜ਼ ਟੈਲ ਮੀ ਨਾਉ, ਇਜ਼ ਦੇਅਰ ਸਮਥਿੰਗ ਆਈ ਡੂ ਨੋ' (ਕ੍ਰਿਪਾ ਕਰਕੇ ਮੈਨੂੰ ਦੱਸੋ, ਅਜਿਹਾ ਕੀ ਹੈ ਇਸ ਜਗ ਵਿਚ ਜਿਸਨੂੰ ਮੈਂ ਵੀ ਜਾਣਾ ਬੁੱਝਾਂ?) ਮੇਰੀ ਮਾਂ ਦਾ ਪਿਆਰਾ ਗੀਤ, ਜਿਸਨੂੰ ਉਹ ਸਦਾ ਗੁਣਗੁਣਾਉਂਦੀ ਰਹਿੰਦੀ ਸੀ, ਵੱਜ ਰਿਹਾ ਸੀ। ਅਚਾਨਕ ਗੀਤ ਨੂੰ ਰੋਕ ਕੇ ਸਮਾਚਾਰ ਵਾਚਕ, ਸਮਾਚਾਰ ਦੇਣ ਲੱਗ ਪਿਆ—
ਅਲਸੁਬਹਾ ਅੱਜ ਸੰਘਣੀ ਧੁੰਦ ਵਿਚ ਦੋ ਨਿੱਕੇ ਬੱਚੇ ਐਨ ਉਸੇ ਮੋੜ 'ਤੇ ਖੜ੍ਹੇ ਆਪਣੀ ਮਾਂ ਨੂੰ ਲੱਭ ਰਹੇ ਸਨ, ਜਿੱਥੇ ਉਹਨਾਂ ਦੀ ਜਿਸਮ-ਫਿਰੋਸ਼ ਮਾਂ ਦੀ ਮ੍ਰਿਤ ਦੇਹ ਨੂੰ ਧੁੰਦ ਨੇ ਆਪਣੀ ਚਾਦਰ ਵਿਚ ਲਪੇਟਿਆ ਹੋਇਆ ਸੀ। ਕੀ ਇਹ ਔਰਤ ਵੀ ਉਸ ਦਰਿੰਦੇ ਦੀ ਸ਼ਿਕਾਰ ਬਣੀ, ਜਿਹੜਾ ਪੁਲਿਸ ਨਾਲ ਲੁਕਣ-ਮੀਚੀ ਖੇਡਦਾ ਹੋਇਆ ਲੱਭ-ਲੱਭ ਕੇ ਪਿਛਲੇ ਸੱਤ ਮਹੀਨਿਆਂ ਤੋਂ ਜਿਸਮ-ਫਿਰੋਸ਼ ਔਰਤਾਂ ਦਾ ਕਤਲ ਕਰ ਰਿਹਾ ਹੈ?'
ਕੌਣ ਸਨ ਇਹ ਨਿੱਕੇ ਬੱਚੇ? ਮੇਰਾ ਦਿਲ ਉਹਨਾਂ ਅਣਜਾਣ ਨਿੱਕੇ ਬੱਚਿਆਂ ਲਈ ਦਯਾ ਨਾਲ ਭਰ ਗਿਆ ਤੇ ਮੈਂ ਫੁੱਟ-ਫੁੱਟ ਕੇ ਰੋਣ ਲੱਗ ਪਿਆ...ਕਾਰ ਚਾਲਕ ਰੇਡੀਓ ਦੀ ਘੁੰਡੀ (ਨਾਬ) ਨੂੰ ਇਸ ਤਰ੍ਹਾਂ ਇਧਰ-ਉਧਰ ਘੁਮਾਉਣ ਲੱਗਾ ਜਿਵੇਂ ਇਹ ਰੇਡੀਓ ਸਟੇਸ਼ਟ ਉਸਨੂੰ ਪਸੰਦ ਨਾ ਆ ਰਿਹਾ ਹੋਵੇ। ਟੇਰੀ ਫਲਾਯਰ ਤੇ ਪੁਲਿਸ ਲੇਡੀ—ਦੋਵੇਂ ਮੇਰਾ ਧਿਆਨ ਖਾਣ-ਪੀਣ ਵਾਲੀਆਂ ਵਸਤਾਂ, ਖਿਡੌਣਿਆਂ ਤੇ ਕਾਰ ਦੇ ਬਾਹਰ ਬਦਲਦੇ ਹੋਏ ਕੁਦਰਤੀ ਨਜ਼ਾਰਿਆਂ ਵੱਲ ਮੋੜਨ ਦੀ ਕੋਸ਼ਿਸ਼ ਕਰਨ ਲੱਗੇ...
***

No comments:

Post a Comment