ਪ੍ਰਵਾਸੀ ਹਿੰਦੀ ਕਹਾਣੀ :
ਜੜਾਂ ਤੋਂ ਉੱਖੜੇ….
ਲੇਖਕਾ : ਪੁਰਿਣਮਾ ਵਰਮਨ
E-mail : abhi-vyakti@hotmail.com
ਅਨੁਵਾਦ : ਮਹਿੰਦਰ ਬੇਦੀ, ਜੈਤੋ
ਦੁਬਈ ਹਵਾਈ ਅੱਡੇ ਤੋਂ ਸ਼ਾਰਜਾਹ ਵਿਚ ਆਪਣੇ ਘਰ ਵਾਲੀ ਬਿਲਡਿੰਗ ਤਕ ਪਹੁੰਚਣ ਵਿਚ ਘੜੀ ਦੇਖ ਕੇ18 ਮਿੰਟ ਲੱਗੇ ਸਨ। ਨੇਹਾ ਰਤਾ ਤ੍ਰਬਕੀ ਸੀ—ਏਨੀ ਛੇਤੀ ਅਸੀਂ ਇਕ ਸ਼ਹਿਰ ਤੋਂ ਦੂਜੇ ਆ ਗਏ? ਉਤਰ ਪ੍ਰਦੇਸ਼ ਵਿਚ ਤਾਂ ਇਕ ਪਿੰਡ ਵੀ ਪਾਰ ਨਹੀਂ ਹੁੰਦਾ, ਏਨੇ ਚਿਰ ਵਿਚ। ਹਾਲਾਂਕਿ ਬੋਲੀ ਕੁਝ ਨਹੀਂ, ਸਾਮਾਨ ਉੱਤੇ ਪਹੁੰਚਾਉਣਾ ਸੀ, ਨਾਥੂਰ ਸਾਮਾਨ ਢੋਣ ਵਾਲੀ ਟਰਾਲੀ ਲਿਆਈ ਖੜ੍ਹਾ ਸੀ, ਪ੍ਰਕਾਸ਼ ਨੇ ਜਾਣ-ਪਛਾਣ ਕਰਵਾਈ, 'ਇਹ ਐ ਨਦੀਮ, ਇਸ ਬਿਲਡਿੰਗ ਦਾ ਨਾਥੂਰ, ਯਾਨੀ ਕੇਅਰ-ਟੇਕਰ।'
ਸਹਾਰਨਪੁਰ ਦੇ ਲਾਗੇ ਦੇ ਕਿਸੇ ਪਿੰਡ ਦਾ ਹੀ ਸੀ ਸੋ ਪ੍ਰਕਾਸ਼ ਨਾਲ ਦੋਸਤੀ ਹੋ ਗਈ ਸੀ ਉਸਦੀ। ਇਕ ਲਿਫਟ ਵਿਚ ਟਰਾਲੀ 'ਤੇ ਲੱਦ ਕੇ ਸਾਮਾਨ ਉਪਰ ਲੈ ਜਾਇਆ ਗਿਆ ਤੇ ਦੂਜੀ ਰਾਹੀਂ ਨੇਹਾ ਤੇ ਪ੍ਰਕਾਸ਼। ਕੁਝ ਛਿਣਾ ਵਿਚ ਉਹ ਲੋਕ ਛੇਵੀ ਮੰਜ਼ਿਲ ਦੇ ਇਸ 602 ਨੰਬਰ ਦੇ ਫਲੈਟ ਵਿਚ ਆ ਗਏ।
ਫਲੈਟ ਵਿਚ ਪਹੁੰਚੇ ਤਾਂ ਇਕ ਵਾਰੀ ਪੂਰੇ ਫਲੈਟ ਦਾ ਮੁਆਇਆ ਕਰਕੇ ਨੇਹਾ ਬਾਹਰ ਡਰਾਇੰਗ ਰੂਮ ਵਿਚ ਆ ਬੈਠੀ, ਜਿੱਥੋਂ ਬਾਹਰ ਸਭ ਕੁਝ ਸਾਫ ਦਿਖਾਈ ਦੇਂਦਾ ਸੀ। ਕੰਚ ਦੀ ਵੱਢੀ ਖਿੜਕੀ ਅੱਗੇ ਇਕ ਬਾਲਕੋਨੀ ਸੀ, ਤੇ ਉੱਥੋਂ ਦੂਰ-ਦੂਰ ਤਕ ਜਿੱਥੋਂ ਤਕ ਨਜ਼ਰ ਜਾਂਦੀ ਸੀ ਰੇਤ ਦੇ ਸਿਵਾਏ ਪੱਕੀ ਜ਼ਮੀਨ ਤੇ ਸੁਨਸਾਨ ਪਈ ਇਕ ਇਮਾਰਤ ਦੇ ਸਿਵਾਏ ਕੁਝ ਨਹੀਂ ਸੀ।
'ਇਹ ਸ਼ਾਰਜਾਹ ਦਾ ਪੁਰਾਣਾ ਏਅਰ ਪੋਰਟ ਏ।' ਪ੍ਰਕਾਸ਼ ਨੇ ਦੱਸਿਆ, 'ਨਵਾਂ ਬਣ ਜਾਣ ਪਿੱਛੋ ਇਹ ਇੰਜ ਈ ਖਾਲੀ ਪਿਆ ਏ।'
ਫਲੈਟ ਦੇ ਦੂਜੇ ਪਾਸੇ ਮੇਨ ਰੋਡ ਸੀ, ਜਿਸ ਉੱਤੇ ਤੇਜ਼ੀ ਨਾਲ ਦੌੜਦੀਆਂ ਹੋਈਆਂ ਮੋਟਰਕਾਰਾਂ ਦੀ ਸਨਸਨਾਹਟ ਗੂੰਜ ਰਹੀ ਸੀ। ਘਰ ਦੇ ਸਭ ਪਾਸੇ ਸ਼ੀਸ਼ਾ ਲੱਗਾ ਹੋਇਆ ਸੀ ਤੇ ਖੁੱਲ੍ਹਾ ਸੀ। ਬਸ, ਮੁੱਖ ਦਰਵਾਜ਼ਾ ਹੀ ਵਾਰੀ-ਵਾਰੀ ਬੰਦ ਹੁੰਦਾ ਸੀ। ਇਹ ਇਕ ਦੂਸਰੀ ਦੁਨੀਆਂ ਸੀ। ਨੇਹਾ ਦੀ ਸਹਾਰਨਪੁਰ ਦੀ ਦੁਨੀਆਂ ਨਾਲੋਂ ਬਿਲਕੁਲ ਵੱਖਰੀ। ਕੋਈ ਅਜੂਬਾ ਤਾਂ ਨਹੀਂ, ਪਰ ਫਰਕ ਤਾਂ ਸੀ ਹੀ।
ਨੇਹਾ ਆਪਣੇ ਆਪ ਵਿਚ ਵਾਪਸ ਆਈ ਤਾਂ ਪਤਾ ਲੱਗਿਆ ਕਿ ਨਦੀਮ ਰਸੋਈ ਵਿਚ ਚਾਹ ਬਣਾ ਰਿਹਾ ਸੀ। ਕੱਚ ਦੇ ਗ਼ਲਾਸ ਵਿਚ ਚਮਚ ਨਾਲ ਚੀਨੀ ਘੋਲਣ ਦੀ ਆਵਾਜ਼ ਡਰਾਇੰਗ ਰੂਮ ਤਕ ਸੁਣਾਈ ਦੇ ਰਹੀ ਸੀ। ਪ੍ਰਕਾਸ਼ ਉਸਦੇ ਨਾਲ ਗੱਲਾਂ ਕਰ ਰਿਹਾ ਸੀ। ਨੇਹਾ ਮੋਟੇ ਗੱਦਿਆਂ ਵਾਲੇ ਸੋਫੇ ਤੋਂ ਉਠੀ ਤੇ ਰਸੋਈ ਵਿਚ ਆ ਗਈ। ਪ੍ਰਕਾਸ਼ ਨੇ ਲਾਲ ਬਾਡਰ ਵਾਲੇ ਪੋਣੇ ਵਿਚ ਲਪੇਟ ਕੇ ਚਾਹ ਵਾਲਾ ਗ਼ਲਾਸ ਉਸਨੂੰ ਫੜਾ ਦਿੱਤਾ। ਓਹੋ ਜਿਹਾ ਹੀ ਲਾਲ ਚੌਖਟੇ ਵਾਲਾ ਇਕ ਪੋਣਾ ਕੰਧ 'ਚ ਇਕ ਮੇਖ ਠੋਕ ਕੇ ਟੰਗਿਆ ਹੋਇਆ ਸੀ। ਪੋਣੇ ਨਾਲ ਇਕ ਨਿੱਕਾ ਟੈਗ ਲਟਕ ਰਿਹਾ ਸੀ—'ਮੇਡ ਇੰਨ ਪਾਕਿਸਤਾਨ।' ਨੇਹਾ ਨੂੰ ਜਿਵੇਂ ਬਿਜਲੀ ਦਾ ਝਟਕਾ ਲੱਗਿਆ ਹੋਵੇ—ਦੇਸ਼ 'ਚੋਂ ਬਾਹਰ ਪੈਰ ਧਰਿਆ ਨਹੀਂ ਕਿ ਸਿੱਧਾ ਪਾਕਿਸਤਾਨੀ ਸਾਮਾਨ?
'ਕੀ ਹਿੰਦੁਸਤਾਨੀ ਪੋਣੇ ਨਹੀਂ ਸੀ ਮਿਲੇ...?' ਨੇਹਾ ਨੇ ਪੁੱਛਿਆ।
ਜੇ ਮਿਲੇ ਹੁੰਦੇ ਤਾਂ ਲੈ ਨਾ ਆਉਂਦਾ, ਸੋਚਿਆ ਕਿੱਥੇ ਭਟਕਦਾ ਫਿਰਾਂਗਾ ਹਿੰਦੁਸਤਾਨੀ ਪੋਣੇ ਲੱਭਣ ਲਈ...' ਪ੍ਰਕਾਸ਼ ਹੱਸ ਪਿਆ। ਚਾਹ ਖਾਸੀ ਗਰਮ ਸੀ, ਪੋਣੇ ਦੇ ਬਿਨਾਂ ਫੜ੍ਹੀ ਨਹੀਂ ਸੀ ਜਾ ਸਕਦੀ। ਨੇਹਾ ਨੇ ਇਕ ਚੁਸਕੀ ਲਈ ਤਾਂ ਦਿਮਾਗ਼ ਵਿਚ ਸਕੂਨ ਜਿਹਾ ਬਰੂਰਿਆ ਗਿਆ। ਰਸੋਈ ਦਾ ਹਰੇਕ ਕੋਨਾ ਸਾਫ ਨਜ਼ਰ ਆਉਣ ਲੱਗਾ।
ਗੈਸ ਕੋਲ ਯੋਗਰਟ ਦੇ ਡੱਬੇ ਨੂੰ ਸਾਫ ਕਰਕੇ ਉਸ ਵਿਚ ਚੀਨੀ ਰੱਖੀ ਹੋਈ ਸੀ। ਟਾਇਲਾਂ ਵਿਚ ਇਕ ਵੱਡੀ ਸਾਰੀ ਮੇਖ ਠੋਕ ਕੇ ਪੋਣੇ ਟੰਗ ਦਿੱਤੇ ਗਏ ਸਨ। ਗ਼ਲਾਸ ਵਿਚ ਪਲਟਨ ਸਮੇਂ ਡੁੱਲ੍ਹੀ ਚਾਹ ਚੌਂਤਰੇ 'ਤੇ ਫੈਲੀ ਹੋਈ ਸੀ। ਇਹ ਪ੍ਰਕਾਸ਼ ਦੀ ਗ੍ਰਹਿਸਤੀ ਸੀ। ਉਹ ਇਕ ਮਹੀਨਾ ਪਹਿਲਾਂ ਦੁਬਈ ਆ ਗਿਆ ਸੀ ਤੇ ਫ਼ੋਨ 'ਤੇ ਦੱਸ ਰਿਹਾ ਸੀ ਕਿ ਕੈਸੇ ਮਜ਼ੇ ਨਾਲ ਉਹ ਆਪਣਾ ਖਾਣਾ ਆਪ ਬਣਾਉਂਦਾ ਰਿਹਾ ਹੈ।
ਖੱਬੇ ਪਾਸੇ ਖਾਣਾ ਬਣਾਉਣ ਵਾਲੇ ਚੌਂਤਰੇ 'ਤੇ ਡੇਢ ਸ਼ੇਲਫ਼ ਵਾਲਾ ਇਕ ਛੋਟਾ ਜਿਹਾ ਫਰਿਜ ਸੀ, ਜਿਸ ਵਿਚ ਵੇਨਿਲਾ ਆਈਸ ਕਰੀਮ ਦੇ ਦੋ ਛੋਟੇ ਪੈਕ ਰੱਖੇ ਸਨ। ਹੇਠਾਂ ਬਰੈਡ ਸੀ, ਤਰਬੂਜ਼ ਦਾ ਇਕ ਵੱਡਾ ਸਾਰਾ ਟੁਕੜਾ ਸੀ, ਦਰਵਾਜ਼ੇ ਵਾਲੀ ਸ਼ੈਲਫ ਵਿਚ ਸੰਤਰੇ ਦੇ ਰਸ ਦੀ ਇਕ ਵੱਡੀ ਬੋਤਲ ਸੀ, ਟੋਮੈਟੋ ਕੇਚਪ ਦੀ ਬੋਤਲ ਸੀ ਤੇ ਗੁਲਾਬੀ ਰੰਗ ਦੀ ਇਕ ਹੋਰ ਬੋਤਲ ਵੀ ਸੀ, ਜਿਸ ਉੱਤੇ ਸਟ੍ਰਾਬੇਰੀ ਮਿਲਕ ਲਿਖਿਆ ਸੀ। ਫਰਿਜ ਦੇ ਉਪਰ ਚਾਰ ਤੋਰੀਆਂ ਪਈਆਂ ਸਨ।
“ਇਹ ਤੋਰੀਆਂ ਕਦੋਂ ਤੋਂ ਖਾਣ ਲੱਗ ਪਏ? ਖ਼ੁਦ ਬਣਾ ਲੈਂਦੇ ਓ?”
“ਨਹੀਂ, ਨਹੀਂ, ਉਹ ਤੋਰੀਆਂ ਨਹੀਂ, ਖੀਰੇ ਨੇ। ਬਿਲਕੁਲ ਮਿੱਠੇ। ਛਿਲਣ ਦੀ ਲੋੜ ਵੀ ਨਹੀਂ ਇਵੇਂ ਖਾ ਲਓ।”
“ਵਾਹ ਕਮਾਲ ਏ!” ਨੇਹਾ ਨੇ ਕਿਹਾ, “ਕੀ ਕੀ ਲੱਭ ਲਿਆ ਤੁਸੀਂ ਇੱਥੇ?”
ਪ੍ਰਕਾਸ਼ ਮੁਸਕੁਰਾਅ ਕੇ ਇਕ ਖੀਰਾ ਛਿੱਲਣ ਲੱਗਾ।
ਨੇਹਾ ਨੇ ਦੇਖਿਆ ਕਿ ਚਾਹ ਬਣਾਉਣ ਵਾਲਾ ਪੈਨ ਸਿੰਕ ਵਿਚ ਪਿਆ ਸੀ, ਉਸ ਵਿਚ ਟੂਟੀ ਪੂਰੀ ਖੁੱਲ੍ਹੀ ਹੋਈ ਸੀ ਤੇ ਟੀ-ਬੈਗ ਨਾਲੀ ਵਾਲੀ ਜਾਲੀ ਵਿਚ ਅੜ ਜਾਣ ਕਰਕੇ ਪਾਣੀ ਉਪਰ ਤਕ ਆ ਗਿਆ ਸੀ। ਇਹਨਾਂ ਸਾਰੀਆਂ ਹਰਕਤਾਂ ਨੂੰ ਲੈ ਕੇ ਗੱਲ-ਗੱਲ 'ਤੇ ਪ੍ਰਕਾਸ਼ ਨਾਲ ਉਲਝਣ ਵਾਲੀ ਨੇਹਾ ਦਾ ਦਿਲ ਅੱਜ ਕੁਝ ਵੀ ਕਹਿਣ ਲਈ ਨਹੀਂ ਸੀ ਕੀਤਾ। ਉਸਨੇ ਟੂਟੀ ਬੰਦ ਕਰ ਦਿੱਤੀ ਤੇ ਚਾਹ ਦਾ ਗ਼ਲਾਸ ਚੁੱਕ ਕੇ ਵਾਪਸ ਡਰਾਇੰਗ ਰੂਮ ਵਿਚ ਆ ਗਈ।
ਡਰਾਇੰਗ ਰੂਮ ਵਿਚ ਗ਼ਲਾਸ ਰੱਖਣ ਲਈ ਕੋਈ ਮੇਜ਼ ਨਹੀਂ ਸੀ। ਲੱਕੜ ਦਾ ਇਕ ਖਾਲੀ ਖੋਖਾ ਪਿਆ ਸੀ। ਨੇਹਾ ਨੇ ਉਸਨੂੰ ਪਲਟਿਆ ਤੇ ਖਿੱਚ ਕੇ ਸੋਫੇ ਦੇ ਇਕ ਪਾਸੇ ਸਾਈਡ ਟੇਬਲ ਵਾਂਗ ਲਾ ਦਿੱਤਾ। ਇਕ ਘੁੱਟ ਚਾਹ ਪੀ ਕੇ ਗ਼ਲਾਸ ਉਸਨੇ ਖੋਖੇ 'ਤੇ ਰੱਖ ਦਿੱਤਾ ਤੇ ਸੋਫੇ ਦੀ ਢੋਅ ਨਾਲ ਪਿੱਠ ਲਾ ਕੇ ਗਰਦਨ ਪਿੱਛੇ ਟਿਕਾਅ ਲਈ।
“ਬੜੀ ਥੱਕ ਗਈ ਏਂ?” ਪ੍ਰਕਾਸ਼ ਨੇ ਪੁੱਛਿਆ।
“ਨਹੀਂ, ਬਸ ਇਹ ਨਵੀਂ ਜ਼ਿੰਦਗੀ ਕਿੰਜ ਸ਼ੁਰੂ ਹੋਏਗੀ, ਓਹੀ ਸੋਚ ਰਹੀ ਸੀ।”
“ਬੁਰਾ ਲੱਗ ਰਿਹੈ?”
“ਨਹੀਂ, ਤੁਹਾਡੀ ਪਹਿਲੀ ਪੋਸਟਿੰਗ ਵਰਗਾ ਲੱਗ ਰਿਹੈ ਕੁਛ-ਕੁਛ...ਪਰ ਉਹ ਘਰ ਸਾਨੂੰ ਫਰਨਿਸ਼ਡ ਮਿਲਿਆ ਸੀ, ਯਾਦ ਏ? ਖਾਲੀ ਖਾਲੀ ਨਹੀਂ ਸੀ।”
“ਹਾਂ ਉਹ ਗੱਲ ਤਾਂ ਹੈ, ਪਰ ਘਰ ਨੂੰ ਲੈ ਕੇ ਏਨੀ ਸੈਂਟੀ ਨਾ ਹੋ। ਮੈਂ ਘੱਟ ਸਾਮਾਨ ਇਸ ਲਈ ਖਰੀਦਿਆ ਏ ਕਿ ਤੂੰ ਆਪਣੀ ਪਸੰਦ ਨਾਲ ਘਰ ਸਜਾ ਸਕੇਂ। ਵੈਸੇ ਵੀ ਪਿਛਲੇ ਮਹੀਨੇ ਕੰਮ ਦੀ ਮਾਰੋਮਾਰ ਹੋਣ ਕਰਕੇ ਮੈਨੂੰ ਬਹੁਤਾ ਸਮਾਂ ਨਹੀਂ ਮਿਲ ਸਕਿਆ। ਸਿਰਫ ਇਹ ਸੋਫਾ, ਬੈਡ, ਰਸੋਈ ਗੈਸ ਤੇ ਫਰਿਜ਼ ਹੀ ਲਿਆ ਸੀ। ਦਿਲ ਕਰੇ ਤਾਂ ਇਹਨਾਂ ਨੂੰ ਵੀ ਬਦਲ ਸਕਦੀ ਏਂ।”
“ਹਾਂ, ਠੀਕ ਏ।” ਨੇਹਾ ਨੇ ਹੌਲੀ ਜਿਹੀ ਕਿਹਾ ਤੇ ਚਾਹ ਦੀ ਇਕ ਚੁਸਕੀ ਲਈ।
“ਪਰਦਿਆਂ ਦਾ ਕੀ ਕਰੋਗੇ?”
“ਕਿਸੇ ਦੁਕਾਨ 'ਤੇ ਚੱਲ ਕੇ ਗੱਲ ਕਰ ਆਵਾਂਗੇ।”
“ਅਸੀਂ ਕਿੰਨੇ ਇਕੱਲੇ ਹੋ ਗਏ ਆਂ!” ਅਚਾਨਕ ਨੇਹਾ ਦੇ ਮੂੰਹੋਂ ਨਿਕਲ ਗਿਆ!
“ਇੰਜ ਨਹੀਂ ਕਹਿੰਦੇ...” ਪ੍ਰਕਾਸ਼ ਨੇ ਟੋਕਿਆ।
ਨੇਹਾ ਨੂੰ ਸਹਾਰਨਪੁਰ ਵਾਲਾ ਆਪਣਾ ਮਹੀਨ ਨੱਕਾਸੀ ਵਾਲਾ ਡਾਇਨਿੰਗ ਟੇਬਲ ਯਾਦ ਆ ਗਿਆ। ਅਚਾਨਕ ਉਹ ਮੇਜ਼ ਦੇ ਵਰਤੁਲਾਕਾਰ ਭਾਰੀ ਪਾਵੇ ਲੋਹੇ ਦੇ ਕਲਾਤਮਕ ਆਕਾਰ ਵਿਚ ਬਦਲ ਗਏ। ਉਸਦੇ ਉਪਰਲਾ ਵਜਨੀ ਨੱਕਾਸੀਦਾਰ ਟਾਪ, ਹਲਕੇ ਪਾਰਦਰਸ਼ੀ ਕੱਚ ਦਾ ਰੂਪ ਲੈਣ ਲੱਗਾ। ਇਹ ਪਾਰੰਪਰਿਕ ਚੇਤਨਾ ਦਾ ਵਿਦੇਸ਼ੀਕਰਣ ਕਿੰਜ ਹੋ ਗਿਆ, ਨੇਹਾ ਸੋਚ ਹੀ ਰਹੀ ਸੀ ਕਿ ਕਿ ਖੋਖਾ ਫੇਰ ਆਪਣੀ ਜਗ੍ਹਾ ਠੀਕ ਤਰ੍ਹਾਂ ਦਿਖਾਈ ਦੇਣ ਲੱਗਾ। ਆਖ਼ਰ ਅਸੀਂ ਸਾਰੇ ਖੋਖੇ ਹੀ ਤਾਂ ਹਾਂ, ਭਾਵੇਂ ਲੱਕੜ ਦੇ ਪੈਰਾਂ ਤੇ ਨੱਕਾਸੀਦਾਰ ਟਾਪ ਹੋਵੇ ਜਾਂ ਰਾਟ ਆਇਰਨ ਦੇ ਪੈਰਾਂ ਉੱਤੇ ਪਾਰਦਰਸ਼ੀ ਕੱਚ...ਖਾਸ ਗੱਲ ਇਹ ਹੈ ਕਿ ਅਸੀਂ ਪਰਿਵਰਤਨਾਂ ਸਮੇਂ ਕਿੰਨੇ ਸਹਿਜ ਰਹਿ ਸਕਦੇ ਹਾਂ।
ਚਾਹ ਖਤਮ ਕਰਕੇ ਨੇਹਾ ਪਲੰਘ 'ਤੇ ਲੇਟੀ ਤਾਂ ਉਸਨੂੰ ਲੱਗਿਆ ਜਿਵੇਂ ਨਾਲ ਆਂਦੇ ਸੱਤੇ ਸੂਟਕੇਸ ਅਚਾਨਕ ਕਿਧਰੇ ਗਾਇਬ ਹੋ ਗਏ ਨੇ। ਇਹ 1500 ਵਰਗ ਫੁੱਟ ਦਾ ਫਲੈਟ ਏਡਾ ਵੱਡਾ ਹੋ ਗਿਆ ਹੈ ਕਿ ਸ਼ਾਮ ਦੀ ਧੁੱਪ ਦੇ ਨਾਲ ਨਾਲ ਹਰ ਪਾਸੇ ਖਾਲੀਪਨ ਪਸਰਣ ਲੱਗ ਪਿਆ ਹੈ। ਇਸ ਨੂੰ ਭਰਨ ਲਈ ਜਿਹਨਾਂ ਚੀਜ਼ਾਂ ਦੀ ਲੋੜ ਹੁੰਦੀ ਹੈ, ਉਹਨਾਂ ਵਿਚੋਂ ਇਹਨਾਂ ਸੱਤ ਸੂਟਕੇਸ਼ਾਂ ਵਿਚ ਸ਼ਾਇਦ ਹੀ ਕੋਈ ਹੋਵੇ। ਉਹ ਚਿਰੋਕਣੇ ਸਮੇਂ ਤੋਂ ਵਸਾਈ ਸੁਗ੍ਰਹਿਸਤੀ ਅਚਾਨਕ ਓਪਰੀ ਪਰਾਈ ਹੋ ਗਈ ਹੈ। ਇਹ ਕੈਸਾ ਵਿਚਾਰ ਹੈ? ਮਨ ਹੀ ਮਨ ਉਸਨੇ ਘੋਖਣ ਦੀ ਕੋਸ਼ਿਸ਼ ਕੀਤੀ। ਕੀ ਉਸਨੂੰ ਰਿਸ਼ੀ ਤੇ ਕਨੁ ਦੀ ਯਾਦ ਸਤਾਉਣ ਲੱਗੀ ਹੈ? ਉਹ ਭਾਰਤ ਵਿਚ ਹੀ ਰੁਕ ਗਏ ਸਨ—ਮਾਂ ਤੇ ਬਾਬੂ ਜੀ ਕੋਲ। ਸਾਲਾਨਾ ਇਮਤਿਹਾਨਾਂ ਪਿੱਛੋਂ ਆਉਣਗੇ, ਅਪ੍ਰੈਲ ਵਿਚ। ਤਦ ਤਕ ਇੱਥੇ ਵੀ ਸਭ ਕੁਝ ਠੀਕ ਠਾਕ ਹੋ ਜਾਏਗਾ। ਕੰਨ ਹਵਾਈ ਜਹਾਜ਼ ਦੀ ਸਨਸਨਾਹਟ ਤੋਂ ਹਾਲੇ ਤੀਕ ਮੁਕਤ ਨਹੀਂ ਸੀ ਹੋਏ।
ਫ਼ੋਨ ਦੀ ਘੰਟੀ ਵੱਜੀ ਤਾਂ ਨੇਹਾ ਦੀ ਬਿਰਤੀ ਟੁੱਟੀ। ਐਫਟ੍ਰਾਨ ਤੋਂ ਫਰਿਜ ਦੀ ਡਿਲੇਵਰੀ ਵਾਲੇ ਆ ਰਹੇ ਸਨ। ਸਾਫ ਸੁਥਰੀ ਹਿੰਦੀ ਵਿਚ ਗੱਲਬਾਤ ਹੋਈ...:
“ਹਾਂ, ਹਾਂ ਫਲੈਟ ਨੰ. 202 ਯਾਨੀ ਦੂਸਰੀ ਮੰਜ਼ਿਲ ਉੱਤੇ...”
“ਠੀਕ ਏ ਮੈਂ ਹੁਣੇ ਆ ਰਿਹਾਂ।”
“ਕੀ ਤੁਸੀਂ ਪਹੁੰਚ ਗਏ?”
“ਹਾਂ, ਮੈਂ ਬਿਲਡਿੰਗ ਹੇਠ ਆਂ।”
“ਪੋਰਟਰ ਹੈ ਤੁਹਾਡੇ ਨਾਲ?”
“ਨਹੀਂ, ਕੋਈ ਨਹੀਂ।”
“ਅੱਛਾ, ਸਹਾਇਤਾ ਲਈ ਡਰਾਈਵਰ ਹੋਏਗਾ?”
“ਨਹੀ, ਮੈਂ ਖ਼ੁਦ ਈ ਡਰਾਈਵਰ ਆਂ।”
“ਤਾਂ ਕੀ ਮੈਂ ਮਦਦ ਲਈ ਕਿਸੇ ਨੂੰ ਭੇਜਾਂ?”
“ਨਹੀ, ਨਹੀਂ ਮੈਂ ਇਕੱਲਾ ਈ ਕਾਫੀ ਆਂ, ਬਸ ਤੁਸੀਂ ਦਰਵਾਜ਼ਾ ਖੋਲ੍ਹੋ।”
“ਕੀ ਹੋਇਆ?” ਪ੍ਰਕਾਸ਼ ਨੇ ਪੁੱਛਿਆ।
“ਫਰਿਜ ਆਇਆ ਏ ਤੇ ਉਪਰ ਲਿਆਉਣ ਵਾਲਾ ਕੋਈ ਨਹੀਂ।”
“ਮੈਂ ਦੇਖਦਾਂ,” ਕਹਿੰਦਿਆਂ ਹੋਇਆਂ ਪ੍ਰਕਾਸ਼ ਨੇ ਦਰਵਾਜ਼ਾ ਖੋਲ੍ਹਿਆ ਤਾਂ ਕੋਟ ਤੇ ਟਾਈ ਵਿਚ ਫੱਬਿਆ ਇਕ ਹਿੰਦੁਸਤਾਨੀ ਬੰਦਾ ਦਰਵਾਜ਼ੇ ਸਾਹਮਣੇ ਹੀ ਖੜ੍ਹਾ ਸੀ। ਸਾਢੇ ਪੰਜ ਫੁੱਟ ਦੇ ਮੋਟੇ ਗੱਤੇ ਵਾਲੇ ਪੈਕਿੰਗ ਬਾਕਸ ਵਿਚ ਬੰਦ ਫਰਿਜ ਨੂੰ, ਸਟ੍ਰੈਪ ਨਾਲ, ਉਸਨੇ ਇਕ ਹੱਥ ਵਿਚ ਇੰਜ ਫੜਿਆ ਹੋਇਆ ਸੀ ਜਿਵੇਂ ਸੂਟਕੇਸ ਹੋਵੇ।
ਇਹ ਬੰਦਾ ਪਹਿਲਵਾਨ ਏ, ਜਾਂ ਫਰਿਜ ਏਨਾ ਹਲਕਾ...' ਨੇਹਾ ਨੇ ਸੋਚਿਆ, 'ਤੇ ਫਰਿਜ ਨੂੰ ਲਿਟਾਅ ਕੇ ਫੜ੍ਹਿਆ ਏ। ਕੈਸਾ ਨਾਦਾਨ ਏ, ਇਹ ਨਹੀਂ ਜਾਣਦਾ ਕਿ ਫਰਿਜ ਨੂੰ ਸਿੱਧਾ ਰੱਖਣਾ ਚਾਹੀਦਾ ਏ। ਲਿਟਾਇਆ ਹੋਣ ਤੇ ਕੰਪਰੈਸਰ ਦਾ ਤਾਂ ਹੋ ਗਿਆ ਹੋਏਗਾ ਸਤਿਆਨਾਸ।'
ਪਰ ਬੰਦੇ ਨੇ ਇਸ ਸਭ ਵੱਲੋਂ ਬੇਪ੍ਰਵਾਹ ਫਰਿਜ ਨੂੰ ਸਿੱਧਾ ਖੜ੍ਹਾ ਕਰ ਦਿੱਤਾ। ਜੇਬ ਵਿਚੋਂ ਇਕ ਵਿਸ਼ੇਸ਼ ਕਿਸਮ ਦਾ ਚਾਕੂ ਕੱਢ ਕੇ ਗੱਤੇ ਦੇ ਕਵਰ ਨੂੰ ਉੱਥੇ ਹੀ ਚੀਰ ਦਿੱਤਾ। ਸਾਹਮਣੇ ਚਮਚਮਾਉਂਦਾ ਹੋਇਆ ਸਫੇਦ ਫਰਿਜ ਖੜ੍ਹਾ ਸੀ। ਉਸਨੇ ਜ਼ਰਾ ਧੱਕਾ ਦਿੱਤਾ ਤੇ ਫਰਿਜ ਗੋਲ-ਗੋਲ ਪਹੀਆਂ 'ਤੇ ਰਿੜ੍ਹਦਾ ਹੋਇਆ ਰਸੋਈ ਵੱਲ ਰਿੜ੍ਹ ਪਿਆ। ਹਰ ਪਾਸਿਓਂ ਨਵਾਂ ਨਕੋਰ, ਪਿਛਲੇ ਪਾਸਿਓਂ ਵੀ। ਜਿਹੋ ਜਿਹਾ ਨੇਹਾ ਨੇ ਭਾਰਤ ਵਿਚ ਕਦੀ ਨਹੀਂ ਸੀ ਦੇਖਿਆ। ਫਰਿਜ ਰਸੋਈ ਦੇ ਕੋਨੇ ਵਿਚ ਰੋਕ ਕੇ ਉਸਨੇ ਪਹੀਆਂ ਕੋਲ ਦਿਸਦੇ ਨਿੱਕੇ-ਨਿੱਕੇ ਥੰਮਲਿਆਂ ਦੀਆਂ ਚੂੜੀਆਂ ਘੁਮਾ ਕੇ ਹੇਠਾਂ ਫਰਸ਼ ਉੱਤੇ ਟਿਕਾਅ ਦਿੱਤਾ ਤੇ ਫਰਿਜ ਸਥਿਰ ਹੋ ਗਿਆ। ਪਲੱਗ ਨੂੰ ਸਾਕੇਟ ਨਾਲ ਜੋੜਿਆ ਤੇ ਸਵਿੱਚ ਆਨ ਕਰ ਦਿੱਤਾ।
ਕੋਈ ਆਵਾਜ਼ ਨਹੀਂ।
'ਗਿਆ ਕੰਪਪ੍ਰੈਸਰ,' ਨੇਹਾ ਨੇ ਸੋਚਿਆ।
ਸੇਲਸਮੈਨ ਨੇ ਮੁਸਕਰਾ ਕੇ ਆਪਣੇ ਬੈਗ ਵਿਚੋਂ ਸੱਤ ਅੱਠ ਇੰਚ ਦੇ ਆਇਤਾਕਾਰ ਆਕਾਰ ਦਾ ਕੁਝ ਕੱਢਿਆ ਤੇ ਫਰਿਜ ਖੋਲ੍ਹ ਕੇ ਅੰਦਰ ਰੱਖ ਦਿੱਤਾ।
ਨੇਹਾ ਨੇ ਦੇਖਿਆ ਫਰਿਜ ਦਾ ਬਲਬ ਤਾਂ ਜਗ ਰਿਹਾ ਸੀ।
“ਇਹ ਥਰਮਾਮੀਟਰ ਏ,” ਉਸਨੇ ਦਸਿਆ। “ਮੈਂ ਦੇਖਦਾ ਆਂ ਕਿ ਫਰਿਜ ਠੀਕ ਤਰ੍ਹਾਂ ਕੰਮ ਕਰ ਰਿਹਾ ਏ ਜਾਂ ਨਹੀਂ।” ਕਹਿੰਦਿਆਂ ਹੋਇਆਂ ਉਸਨੇ ਫਰਿਜ ਬੰਦ ਕੀਤਾ ਤਾਂ ਉਸ ਨਾਜ਼ੁਕ ਦਰਵਾਜ਼ੇ ਦੇ ਧੱਕੇ ਨਾਲ ਹਵਾ-ਹਵਾਈ ਫਰਿਜ ਦੋ ਇੰਚ ਪਿੱਛੇ ਖਿਸਕ ਗਿਆ।
“ਬਈ ਇਹ ਕੀ? ਕੀ ਇਹ ਇਵੇਂ ਖਿਸਕਦਾ ਰਹੇਗਾ?”
“ਨਹੀਂ, ਨਹੀਂ ਤੁਸੀਂ ਇਸ ਵਿਚ ਸਾਮਾਨ ਰੱਖੋਗੇ ਤਾਂ ਆਪੇ ਭਾਰੀ ਹੋ ਜਾਏਗਾ। ਫੇਰ ਇੰਜ ਨਹੀਂ ਖਿਸਕੇਗਾ।”
ਪੰਜ ਮਿੰਟ ਬਾਅਦ ਉਸਨੇ ਫਰਿਜ ਖੋਲ੍ਹਿਆ, ਥਰਮਾਮੀਟਰ ਚੈਕ ਕੀਤਾ ਤੇ ਬੋਲਿਆ...:
“ਇਹ ਬਿਲਕੁਲ ਠੀਕ-ਠਾਕ ਕੰਮ ਕਰ ਰਿਹਾ ਏ। ਤੁਸੀਂ ਇਸ ਵਿਚ ਸਾਮਾਨ ਰੱਖ ਸਕਦੇ ਓ।”
ਉਸਨੇ ਮੁਸਕਰਾਉਂਦਿਆਂ ਹੋਇਆਂ 'ਬਾਏ' ਵਿਚ ਹੱਥ ਹਿਲਾਇਆ ਤੇ ਚਲਾ ਗਿਆ।
ਨੇਹਾ ਨੇ ਸੁਖ ਦਾ ਸਾਹ ਲਿਆ। ਚੰਗਾ ਮਨੋਰੰਜਨ ਰਿਹਾ। ਦੇਸ਼ ਕੀ ਬਦਲਿਆ ਏ ਸਾਰੀ ਦੁਨੀਆਂ ਈ ਬਦਲ ਗਈ ਏ। ਕਾਰ ਵਿਚ ਖੱਬੇ ਦੀ ਜਗ੍ਹਾ ਸੱਜੇ ਪਾਸੇ ਬੈਠੋ, ਸੜਕ ਪਾਰ ਕਰਨ ਸਮੇਂ ਇਧਰ ਨਹੀਂ ਉਧਰ ਦੇਖੋ...
ਇਸ ਦੇਸ਼ ਵਿਚ ਪਹੁੰਚਿਆਂ ਨੇਹਾ ਨੂੰ ਸਿਰਫ ਤਿੰਨ ਘੰਟੇ ਹੋਏ ਨੇ, ਪਰ ਉਹ ਘੱਟੋਘੱਟ ਤੀਹ ਸੰਵੇਗਾਂ ਵਿਚੋਂ ਲੰਘ ਚੁੱਕੀ ਹੈ। ਕਦੀ ਲੱਗਦਾ ਹੈ ਉਸਨੂੰ ਦੇਸ਼ ਨਿਕਾਲਾ ਮਿਲ ਗਿਆ ਹੈ। ਕੇਡੀ ਵੱਡੀ ਸੁਪਰ ਮਾਰਕੀਟ, ਕਿੰਨੇ ਸਾਰੇ ਲੋਕ ਤੇ ਉਸਦੀ ਪਛਾਣ ਦਾ ਕੋਈ ਨਹੀਂ। ਇੰਜ ਕਦੀ ਸਹਾਰਨਪੁਰ ਵਿਚ ਹੋ ਸਕਦਾ ਸੀ? ਸ਼ਹਿਰ ਦੇ ਸਾਰੇ ਲੋਕ ਜਾਣੇ ਸਨ ਉਸਨੂੰ। ਜ਼ਰਾ ਘਰੋਂ ਬਾਹਰ ਪੈਰ ਰੱਖਿਆ ਹੀ 'ਭਾਬੀ ਜੀ ਨਮਸਤੇ', 'ਭਾਬੀ ਜੀ ਨਮਸਤੇ' ਕਹਿੰਦੇ ਸਾਰੇ ਹਾਲਚਾਲ ਪੁੱਛਣ ਲੱਗਦੇ।
ਇੱਥੋਂ ਦੇ ਨੋਟ ਕਿੰਨੇ ਮੁੱਲ ਦੇ ਨੇ, ਉਹ ਸਮਝਣਾ ਵੀ ਏਨਾ ਆਸਾਨ ਨਹੀਂ। ਇਕ ਪਾਸੇ ਸਿਰਫ ਅਰਬੀ ਦੂਜੇ ਪਾਸੇ ਅੰਗਰੇਜ਼ੀ ਵਿਚ ਸਿਰਫ ਨੰਬਰ। ਹਰ ਨੋਟ ਨੂੰ ਸਮਝਣ ਵਿਚ ਅੱਧਾ ਮਿੰਟ ਇੰਜ ਹੀ ਖਪ ਜਾਂਦਾ ਹੈ ਕਿ ਇਹ ਨੋਟ ਕਿੰਨੇ ਰੁਪਏ ਦਾ ਏ। ਕਾਉਂਟਰ ਨੇ ਖੜ੍ਹੀ ਕੁੜੀ ਨੇ ਝੱਟ ਪੁੱਛ ਲਿਆ...:
“ਨਵੇਂ, ਨਵੇਂ ਆਏ ਓ ਇੰਡੀਆ ਤੋਂ?”
ਹੱਸ ਪਈ ਸੀ ਉਹ ਸੁਣ ਕੇ।
ਆਉਂਦੀ ਹੀ ਬਿਲਡਿੰਗ ਦੇ ਹੇਠ ਬਣੀ ਸੁਪਰ ਮਾਰਕੀਟ 'ਚ ਚਲੀ ਗਈ। ਸੋਚਿਆ ਸੀ ਕੁਝ ਖਾਣ ਪੀਣ ਤੇ ਸਫਾਈ ਦਾ ਸਾਮਾਨ ਲੈ ਆਏਗੀ, ਪੋਚੇ ਵਿਚ ਪਾਉਣ ਵਾਲਾ ਖ਼ੁਸ਼ਬੂਦਾਰ ਫਿਨਾਇਲ, ਚੀਨੀ ਦੇ ਭਾਂਡੇ ਸਾਫ ਕਰਨ ਵਾਲਾ ਲਿਕਵਿਡ ਸੋਪ, ਕੱਪੜੇ ਧੋਣ ਵਾਲਾ ਸਾਬਨ, ਝਾੜੂ ਤੇ ਕੁਝ ਪੋਚੇ। ਪਰ ਉੱਥੇ ਪਹੁੰਚ ਕੇ ਸਮਝ ਨਹੀਂ ਸੀ ਆਈ ਕਿ ਕਿਹੜੀ ਬੋਤਲ ਚੁੱਕੀ ਜਾਵੇ।। ਬਹੁਤ ਸਾਰੇ ਬਰਾਂਡ ਦੇ ਪੋਚੇ ਵਾਲੇ ਫਿਨਾਇਲ ਸਨ ਪਰ ਕੋਈ ਉਸਦੀ ਪਛਾਣ ਦਾ ਨਹੀਂ ਸੀ। ਭਾਡੇ ਧੋਣ ਵਾਲੇ ਕਈ ਲਿਕਵਿਡ ਸੋਪ ਵੀ ਸਨ ਪਰ ਉਸ ਵਾਲਾ ਨਹੀਂ ਸੀ। ਕੱਪੜੇ ਧੋਣ ਵਾਲੇ ਸਾਬਨ—ਟਾਪ ਲੋਡਿੰਗ ਮਸ਼ੀਨ ਦੇ ਵੱਖਰੇ ਤੇ ਫਰੰਟ ਲੋਡਿੰਗ ਮਸ਼ੀਨ ਦੇ ਵੱਖਰੇ—ਉਸਦੀ ਸਮਝ ਵਿਚ ਨਹੀਂ ਸੀ ਆ ਰਿਹਾ ਕਿ ਉਹ ਕਿਹੜਾ ਲਵੇ, ਕਿਉਂਕਿ ਵਾਸ਼ਿੰਗ ਮਸ਼ੀਨ ਤਾਂ ਹਾਲੇ ਘਰ ਆਈ ਨਹੀਂ ਸੀ। ਇਕ ਮੈਗੀ ਸਾਸ ਸੀ, ਜਾਣਿਆ ਪਛਾਣਿਆ ਸੋ ਜ਼ਰੂਰਤ ਨਾ ਹੋਣ 'ਤੇ ਵੀ ਸਿਰਫ ਜਾਣਿਆ-ਪਛਾਣਿਆ ਹੋਣ ਕਰਕੇ ਚੁੱਕ ਲਿਆ। ਝਾੜੂ-ਪੋਚੇ ਤਰ੍ਹਾਂ ਤਰ੍ਹਾਂ ਦੇ ਸਨ, ਪਰ ਓਹੋ ਜਿਹੇ ਕਦੀ ਇਸਤੇਮਾਲ ਨਹੀਂ ਸੀ ਕੀਤੇ ਸੋ ਕੋਈ ਨਹੀਂ ਚੁੱਕਿਆ।
ਨੇਹਾ ਨੂੰ ਲੱਗਿਆ ਉਸਨੂੰ ਬਨਵਾਸ ਮਿਲਿਆ ਹੈ, ਇੱਥੇ ਉਸਦੀ ਪਛਾਣ ਤੇ ਆਦਤਾਂ ਅਨੁਸਾਰ ਕੋਈ ਸੋਖ ਨਹੀਂ ਹੈ।
ਨਹੀਂ...ਨਹੀਂ ਬਨਵਾਸ ਨਹੀਂ ਪੁਨਰਜਨਮ। ਹਾਂ, ਪੁਨਰ ਜਨਮ ਹੀ ਹੈ। ਚੰਗਾ ਹੈ ਕਿ ਸਿਰਫ ਨਵੀਆਂ ਚੀਜ਼ਾਂ ਦੇ ਨਾਲ ਤਾਦਾਤਮ ਬਿਠਾਉਣਾ ਹੈ, ਪੁਰਾਣੀਆਂ ਚੀਜ਼ਾਂ ਨੂੰ ਮੁੜ ਸਿੱਖਣ ਦਾ ਦਰਦ ਉਸਨੂੰ ਨਹੀਂ ਝੱਲਣਾ ਪਵੇਗਾ।
ਗੈਸ ਦੇ ਚੁੱਲ੍ਹੇ 'ਤੇ ਰੱਖੀ ਚਾਹ ਨੂੰ ਉਬਾਲ ਆ ਗਿਆ ਸੀ।
“ਓਅ...ਓਅ ਦੇਖੀਂ ਕਿਤੇ ਚਾਹ ਉਬਲ ਕੇ ਨਿਕਲ ਨਾ ਜਾਏ।” ਪ੍ਰਕਾਸ਼ ਨੇ ਕਿਹਾ ਜਿਹੜਾ ਸਿੰਕ ਵਿਚ ਪਏ ਭਾਂਡੇ ਧੋ ਰਿਹਾ ਸੀ। ਸਾਲਾਂ ਤੋਂ ਨੇਹਾ ਨੇ ਭਾਂਡੇ ਨਹੀਂ ਸਨ ਸਾਫ ਕੀਤੇ, ਭਾਰਤ ਵਿਚ ਕਿੰਨੇ ਲੋਕ ਆਪਣੇ ਹੱਥੀਂ ਭਾਂਡੇ ਸਾਫ ਕਰਕੇ ਨੇ? ਪਰ ਇਸ ਰਸੋਈ ਵਿਚ ਦੋ ਸਿੰਕਾਂ ਵਿਚ ਰੱਖ ਕੇ ਭਾਂਡੇ ਮਾਂਜਣ ਦੀ ਨਵੀਂ ਸ਼ੈਲੀ ਉਸਨੂੰ ਖਾਸੀ ਰੌਚਕ ਲੱਗੀ।
ਚਾਹ ਲੈ ਕੇ ਉਹ ਬੈਡਰੂਮ ਵਿਚ ਆ ਗਈ, ਜਿੱਥੇ ਠਕ-ਠਕ ਦੀਆਂ ਆਵਾਜ਼ਾਂ ਲਗਾਤਾਰ ਆ ਰਹੀਆਂ ਸਨ। ਫਰਨੀਚਰ ਵਾਲੇ ਕੱਪੜੇ ਰੱਖਣ ਵਾਲੀ ਵੱਡੀ ਅਲਮਾਰੀ ਦੇ ਅਲਗ-ਅਲਗ ਹਿੱਸਿਆਂ ਨੂੰ ਜੋੜਨ ਵਿਚ ਲੱਗੇ ਹੋਏ ਸਨ। ਅੱਧਾ ਘੰਟਾ ਵੀ ਨਹੀਂ ਸੀ ਹੋਇਆ ਕਿ ਅਲਮਾਰੀਆਂ ਆਪਣੇ ਅਸਲੀ ਰੂਪ ਵਿਚ ਨਜ਼ਰ ਆਉਣ ਲੱਗੀਆਂ। ਨਾ ਗੰਦਗੀ, ਨਾ ਬੂਰੇ ਤੇ ਫੂਸ ਦਾ ਖਿਲਾਰਾ। ਗੱਤੇ ਦੇ ਬਕਸਿਆਂ ਦੇ ਕੱਟੇ-ਕਟਾਏ ਟੁਕੜੇ ਸਨ, ਜਿਹਨਾਂ ਨੂੰ ਚੁੱਕੇ ਕੇ ਕਾਰੀਡੋਰ ਵਿਚ ਉਸੇ ਜਗ੍ਹਾ ਰੱਖ ਦਿੱਤਾ ਗਿਆ ਸੀ, ਜਿੱਥੇ ਫਰਿਜ ਦਾ ਡੱਬਾ ਪਿਆ ਸੀ।
“ਕੀ ਨਾਥੂਰ ਨੂੰ ਬੁਲਾ ਕੇ ਇਹਨਾਂ ਨੂੰ ਚੁਕਵਾ ਦਿਆਂ?” ਨੇਹਾ ਨੇ ਪੁੱਛਿਆ।
“ਨਹੀਂ ਸਾਰਾ ਕੰਮ ਹੋ ਜਾਣ ਦੇ। ਸਾਰਾ ਕੂੜਾ ਇਕੋ ਵਾਰੀ ਚੁਕਵਾ ਦਿਆਂਗੇ। ਇਕ ਵਾਰੀ ਦੇ 30 ਦਿਰਹਮ ਦੇਣੇ ਪੈਂਦੇ ਨੇ।”
“30 ਦਿਰਹਮ ਯਾਨੀ 350 ਰੁਪਏ? ਕੂੜਾ ਚੁਕਵਾਈ ਦੇ ਏਨੇ ਪੈਸੇ?...ਖ਼ੁਦ ਹੀ ਨਾ ਸੁੱਟ ਦਿਆਂਗੇ।”
“ਕਿਹੜਾ ਕਿਹੜਾ ਕੰਮ ਖ਼ੁਦ ਕਰੇਂਗੀ? ਨਾਥੂਰ ਗੱਡੀ ਲੈ ਕੇ ਆਏਗਾ ਤੇ ਇਹਨਾਂ ਨੂੰ ਰੀ-ਸਾਈਕਲਿੰਗ ਵਾਲੀ ਖਾਸ ਜਗ੍ਹਾ 'ਤੇ ਸੁੱਟ ਆਏਗਾ, ਜਿਹੜੀ ਇੱਥੋਂ ਥੋੜ੍ਹੀ ਦੂਰ ਏ। ਇਹ ਅਸੀਂ ਖ਼ੁਦ ਨਹੀਂ ਕਰ ਸਕਦੇ ਹਾਲੇ।”
'ਲਓ ਬਈ ਹੁਣ ਕੂੜਾ ਸੁੱਟਣ ਲਈ ਵੀ ਏਨੇ ਕਾਨੂੰਨ ਯਾਦ ਰੱਖੋ।' ਨੇਹਾ ਨੇ ਸੋਚਿਆ।
ਘਰ ਵਿਚ ਹਰ ਲਾਈਟ ਪੁਆਇੰਟ ਉਪਰ ਛੱਤ 'ਚੋਂ ਤਾਰਾਂ ਲਟਕੀਆਂ ਸਨ ਯਾਨੀ ਲੈਂਪ-ਸ਼ੇਡ ਜਾਂ ਲਾਈਟ ਕਵਰ ਉਹਨਾਂ ਖ਼ੁਦ ਲਗਵਾਉਣੇ ਸਨ। ਪ੍ਰਕਾਸ਼ ਵਾਰੀ ਵਾਰੀ ਇਲੈਕਟ੍ਰੀਸ਼ਨ ਨੂੰ ਫ਼ੋਨ ਕਰ ਰਹੇ ਸਨ। ਪਰ ਉਹ ਕਦੀ ਇੱਥੇ ਹੁੰਦਾ, ਕਦੀ ਉੱਥੇ। ਸਾਰੇ ਘਰ ਵਿਚ ਸਿਰਫ ਰਸੋਈ ਤੇ ਟਾਏਲੇਨ ਦੀਆਂ ਬੱਤੀਆਂ ਹੀ ਜਗ ਰਹੀਆਂ ਸਨ, ਜਿਹੜੀਆਂ ਇਸ ਬਿਲਡਿੰਗ ਦੇ ਨਦੀਮ ਉਰਫ਼ ਨਾਥੂਰ ਉਰਫ਼ ਕੇਅਰ ਟੇਕਰ ਨੇ ਖ਼ੁਦ ਹੀ ਸੁਪਰ ਮਾਰਕੀਟ ਵਿਚੋਂ ਲਿਆ ਕੇ ਲਾ ਦਿੱਤੀਆਂ ਸਨ। ਉੱਥੇ ਲਾਈਟ ਬਾਕਸ ਪਹਿਲੋਂ ਹੀ ਲੱਗੇ ਸਨ, ਉਹਨਾਂ ਵਿਚ ਸਿਰਫ ਟਿਊਬ ਲਾਈਟ ਲਾਉਣੀ ਸੀ। ਫਿਲਹਾਲ ਪੂਰੇ ਘਰ ਵਿਚ ਰੋਸ਼ਨੀ ਦੇ ਨਾਂ 'ਤੇ ਬਲਦਾ, ਤਾਰਾਂ ਦੀ ਦੋਹਰੀ ਡੋਰੀ ਨਾਲ, ਛੱਤ ਨਾਲੋਂ ਇਕ ਫੁੱਟ ਹੇਠਾਂ ਲਮਕਿਆ, ਧੀਮੀ ਰੋਸ਼ਨੀ ਵਾਲਾ ਇਕ ਬਲਬ ਉਦਾਸੀ ਨੂੰ ਵਧਾ ਰਿਹਾ ਸੀ। ਨਵੇਂ ਲਾਈਟ ਸ਼ੇਟ ਡੱਬਿਆਂ ਵਿਚ ਬੰਦ ਸਨ, ਛੱਤ ਨਾਲ ਚਿਪਕਾਉਣ ਵਾਲੇ ਨਿੱਕੇ ਗੁੰਬਦਾਕਾਰ।
ਅਚਾਨਕ ਉਹ ਧੀਮੀ ਰੋਸ਼ਨੀ ਵਾਲਾ ਬਲਬ ਸਹਾਨਪੁਰ ਦੇ ਡਰਾਇੰਗ ਰੂਮ ਵਿਚ ਲੱਗੇ ਫਿਰੋਜ਼ਾਬਾਦੀ ਝੂਮਰ ਵਿਚ ਤਬਦੀਲ ਹੋ ਗਿਆ। ਪੂਰਾ ਕਮਰਾ ਦਿਵਾਲੀ ਦੇ ਬਾਅਦ ਠੀਕ ਤਰ੍ਹਾਂ ਸਾਫ ਕੀਤੇ ਝੂਮਰ ਦੀ ਤੇਜ਼ ਰੋਸ਼ਨੀ ਵਿਚ ਜਗਮਗਾ ਉਠਿਆ। ਰੌਣਕਾਂ ਦਾ ਇਕ ਹੜ੍ਹ ਜਿਹਾ ਆਇਆ ਤੇ ਸ਼ਾਂਤ ਹੋ ਗਿਆ। ਫੇਰ ਹੌਲੀ-ਹੌਲੀ ਝੂਮਰ ਦਾ ਆਕਾਰ ਸਿਮਟਨ ਲੱਗਾ। ਉਸਦੀ ਦਿਖ ਬਦਲਣ ਲੱਗੀ ਤੇ ਉਸਦੀ ਸ਼ਕਲ ਛੱਤ ਨਾਲ ਲਟਕ ਰਹੇ ਲਾਈਟ ਸ਼ੇਡ ਵਿਚ ਬਦਲ ਗਈ। ਪੀਲੀ ਰੌਸ਼ਨੀ ਪਿਘਲ ਕੇ ਨੀਲੀ ਹੋ ਗਈ। ਸ਼ਾਂਤੀ ਦੀ ਇਕ ਅਜ਼ਨਬੀ ਪ੍ਰਛਾਈ ਕੰਧ ਤੋਂ ਤਿਲ੍ਹਕੀ ਤੇ ਫਰਸ਼ ਵਿਚ ਸਮਾ ਗਈ। ਇਕ ਵਾਰੀ ਫੇਰ ਸਭ ਕੁਝ ਬਦਲ ਗਿਆ ਤੇ ਸਿਰਫ ਬਲਬ ਰਹਿ ਗਿਆ।
ਆਹ! ਇਹ ਸਭ ਕੀ ਹੈ...ਅੰਤਰ-ਰਾਸ਼ਟੀ ਚੇਤਨਾ ਦੇ ਹੜ੍ਹ ਵਿਚ ਡੁੱਬਦੀ-ਤੈਰਦੀ ਨੇਹਾ ਨੇ ਆਪਣੇ ਸਿਰ ਨੂੰ ਝਟਕਾ ਜਿਹਾ ਦਿੱਤਾ।
ਪ੍ਰਕਾਸ਼ ਕੁਛ ਕਹਿ ਰਹੇ ਸਨ।
“ਥੋੜ੍ਹੀ ਦੇਰ 'ਚ ਇਲੈਕਟ੍ਰਿਸ਼ਨ ਪਹੁੰਚ ਰਹੇ ਨੇ ਤੇ ਕੰਮ ਸ਼ੁਰੂ ਹੋ ਜਾਏਗਾ।”
“ਆਂ...ਹਾਂ..”
“ਕਿੱਥੇ ਗਵਾਚੀ ਹੋਈ ਏਂ? ਕੀ ਥੱਕ ਗਈ ਏਂ?”
ਨੇਹਾ ਕੀ ਜਵਾਬ ਦਵੇ?
ਉਸਨੂੰ ਲੱਗਿਆ ਜਦੋਂ ਦੀ ਆਈ ਹੈ ਕੰਮ ਤਾਂ ਸਾਰੇ ਪ੍ਰਕਾਸ਼ ਹੀ ਕਰ ਰਿਹਾ ਹੈ, ਉਹ ਤਾਂ ਐਵੇਂ ਹੀ ਇੱਧਰ ਉਧਰ ਬੈਠੀ ਰਹੀ ਹੈ। ਆਖ਼ਰ ਕੀ ਹੋ ਰਿਹਾ ਹੈ ਜਿਹੜਾ ਉਸਨੂੰ ਪ੍ਰੇਸ਼ਾਨ ਕਰ ਰਿਹਾ ਹੈ, ਵਾਰੀ ਵਾਰੀ ਭਟਕਾ ਰਿਹਾ ਹੈ? ਉਡਾਨ ਵੀ ਏਨੀ ਲੰਮੀ ਨਹੀਂ ਸੀ ਕਿ ਥਕਾਣ ਹੋ ਜਾਂਦੀ—ਸ਼ਾਇਦ ਇਹ ਜੜਾਂ ਨਾਲੋਂ ਉਖੜਨ ਦਾ ਦਰਦ ਸੀ, ਜਿਹੜਾ ਰਹਿ ਕੇ ਚਸਕ ਰਿਹਾ ਸੀ।
---- ---- ----
ਸੰਪਰਕ ਲਈ ਪਤਾ : Purinima Verma, P.O. Box-25450, Sharjah U.A.E.
***
No comments:
Post a Comment