ਪ੍ਰਵਾਸੀ ਹਿੰਦੀ ਕਹਾਣੀ :
ਲਾਸ਼….
ਲੇਖਕ : ਸੁਮਨ ਕੁਮਾਰ ਘਈ
E-mail : sumankghai@yahoo.co.in
ਅਨੁਵਾਦ : ਮਹਿੰਦਰ ਬੇਦੀ, ਜੈਤੋ
ਉਸਦੀ ਲਾਸ਼ ਸੜਕ ਕਿਨਾਰੇ ਫੁੱਟਪਾਥ 'ਤੇ ਪਈ ਮਿਲੀ ਸੀ।
ਇਸ ਇਲਾਕੇ ਵਿਚ ਰਹਿਣ ਵਾਲੇ ਵਧੇਰੇ ਲੋਕ ਭਾਰਤੀ ਜਾਂ ਪਾਕਿਸਤਾਨੀ ਨੇ। ਆਪਣੇ ਦੇਸ਼ ਤੋਂ ਦੂਰ ਰਹਿੰਦੇ-ਹੋਏ ਦੇਸੀ ਰਾਜਨੀਤੀਆਂ ਦਾ ਰੰਗ ਕਦੋਂ ਦਾ ਪੁਰਾਣੇ ਕੱਪੜੇ ਵਾਂਗ, ਬੋਦਾ-ਪੁਰਾਣਾ, ਹੋ ਕੇ ਲੱਥ ਗਿਆ ਹੈ। ਮਨਾਂ ਵਿਚੋਂ ਦੇਸ਼ਾਂ ਦੀਆਂ ਹੱਦਾਂ ਦੀਆਂ ਲਕੀਰਾਂ ਕਦੋਂ ਦੀਆਂ ਮਿਟ ਚੁੱਕੀਆਂ ਨੇ। ਹੁਣ ਇਹਨਾਂ ਗਲੀਆਂ ਵਿਚ ਬਸ ਬਿਰਾਦਰੀ-ਭਾਈਚਾਰਾ ਹੈ ਤਾਂ ਭਾਸ਼ਾ ਦਾ, ਨਿੱਤ ਦੇ ਰਹਿਣ-ਸਹਿਣ ਦਾ। ਕਿਸੇ ਪੁਰਾਣੇ ਪਿੰਡ ਵਰਗਾ ਮਾਹੌਲ ਹੈ, ਇਹਨਾਂ ਗਲੀਆਂ ਵਿਚ। ਸਾਰੇ ਇਕ ਦੂਜੇ ਨੂੰ ਜਾਣਦੇ ਨੇ। ਨੌਜਵਾਨ ਪੀੜ੍ਹੀ ਦੇ ਕੰਮ 'ਤੇ ਚਲੇ ਜਾਣ ਪਿੱਛੋਂ ਪੁਰਾਣੀ ਪੀੜ੍ਹੀ ਦੇ ਲੋਕ ਘਰੀਂ ਰਹਿ ਜਾਂਦੇ ਨੇ—ਤੀਜੀ ਪੀੜ੍ਹੀ ਦੀ ਦੇਖ-ਭਾਲ ਕਰਨ ਲਈ। ਉਦੋਂ ਤਾਂ ਇਕ ਦੂਜੇ ਦੇ ਘਰ ਜਾਣ ਤੋਂ ਪਹਿਲਾਂ ਫ਼ੋਨ ਕਰਨ ਦੀ ਲੋੜ ਵੀ ਸਮਾਪਤ ਹੋ ਜਾਂਦੀ ਹੈ। ਤਿੰਨੇ ਪੀੜ੍ਹੀਆਂ ਆਪਣੇ ਆਪਣੇ ਵਰਗਾਂ ਵਿਚ ਜਿਊਂ ਰਹੀਆਂ ਨੇ, ਸਾਰੇ ਖੁਸ਼ ਨੇ। ਵੱਡੇ-ਬੁੱਢਿਆਂ ਨੂੰ ਇਕੱਲਾਪਨ ਨਹੀਂ ਸਤਾਉਂਦਾ, ਜਵਾਨ ਪੀੜ੍ਹੀ ਨੂੰ ਆਪਣੇ ਬੱਚਿਆਂ ਦੀ ਦੇਖ-ਭਾਲ ਦੀ ਚਿੰਤਾ ਨਹੀਂ ਤੇ ਸਭ ਤੋਂ ਵੱਧ ਖੁਸ਼ ਨੇ ਬੱਚੇ—ਜਿਸ ਗੱਲ ਲਈ ਮਾਂ-ਬਾਪ ਮਨ੍ਹਾਂ ਕਰਦੇ ਨੇ, ਉਹਨੂੰ ਦਾਦੇ-ਦਾਦੀ ਜਾਂ ਨਾਨੇ ਨਾਨੀ ਤੋਂ ਮੰਨਵਾਉਣ ਵਿਚ ਕੋਈ ਦਿੱਕਤ ਨਹੀਂ ਹੁੰਦੀ। ਇਕ ਸੰਤੁਲਨ ਹੈ ਸਭਨਾਂ ਦੇ ਜੀਵਨ ਵਿਚ।
ਨਿੱਤ ਦੇ ਰੁਝੇਵੇਂ ਸਭ ਦੇ ਆਪੋ-ਆਪਣੇ ਨੇ। ਸਭ ਤੋਂ ਪਹਿਲਾਂ ਜਾਗਦੇ ਨੇ ਪਹਿਲੀ ਪੀੜ੍ਹੀ ਦੇ ਲੋਕ—ਪਰ ਉਹ ਘਰ ਵਿਚ ਰਹਿ ਕੇ ਸਵੇਰੇ-ਸਵੇਰੇ ਕੋਈ ਖਟਰ-ਪਟਰ ਨਹੀਂ ਕਰਦੇ—ਆਪਣੇ ਬੇਟੇ, ਬੇਟੀਆਂ, ਬਹੂਆਂ, ਜਵਾਈਆਂ ਦੇ ਜਾਗਣ ਤੋਂ ਪਹਿਲਾਂ ਹੀ ਸਵੇਰ ਦੀ ਸੈਰ ਲਈ ਨਿਕਲ ਜਾਂਦੇ ਨੇ। ਠੀਕ ਹੀ ਤਾਂ ਹੈ ਇਹ, ਮਾਂ-ਬਾਪ ਜਾਗਣ ਤੋਂ ਪਹਿਲਾਂ ਹੀ ਨਾਸ਼ਤੇ ਲਈ ਟੋਕ ਦੇਂਦੇ ਨੇ ਬੱਚਿਆਂ ਨੂੰ, ਜਿਹੜਾ ਕਿ ਨੌਜਵਾਨ ਪੀੜ੍ਹੀ ਨੂੰ ਪਸੰਦ ਨਹੀਂ ਤੇ ਇੰਜ ਸੰਤੁਲਨ ਵਿਗੜਨ ਲੱਗ ਪੈਂਦਾ ਹੈ। ਜਦੋਂ ਵੱਡੀ ਪੀੜ੍ਹੀ ਦੇ ਲੋਕ ਸੈਰ ਤੋਂ ਵਾਪਸ ਆਉਂਦੇ ਨੇ ਤਾਂ ਨੌਜਵਾਨ ਲੋਕ ਕੰਮ 'ਤੇ ਜਾਣ ਲਈ ਨਿਕਲ ਰਹੇ ਹੁੰਦੇ ਨੇ। ਫੇਰ ਨਿੱਤ ਕਰਮ ਦਾ ਦੂਜਾ ਸੀਨ ਇਸ ਮੰਚ ਉੱਤੇ ਖੇਡਿਆ ਜਾਂਦਾ ਹੈ। ਬੱਚਿਆਂ ਨੂੰ ਜਗਾ ਕੇ ਸਕੂਲ ਲਈ ਤਿਆਰ ਕਰਨਾ ਤੇ ਉਹਨਾਂ ਨੂੰ ਸਕੂਲ ਛੱਡਣਾ ਤੇ ਵਾਪਸ ਲੈ ਕੇ ਆਉਣਾ ਦਾਦੇ-ਦਾਦੀ, ਨਾਨੇ ਨਾਨੀ ਦਾ ਕੰਮ ਹੈ। ਸਾਰਿਆਂ ਨੇ ਆਪੋ-ਆਪਣੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ—ਸੰਤੁਲਨ ਬਣਿਆ ਹੋਇਆ ਹੈ।
ਉਹ ਦਿਨ ਵੀ ਕੋਈ ਵੱਖਰਾ ਨਹੀਂ ਸੀ। ਰੋਜ਼ ਵਾਂਗ ਪਹਿਲਾ ਜੋੜਾ ਆਪਣੇ ਘਰੋਂ ਨਿਕਲਿਆ ਤੇ ਨਾਲ ਵਾਲੇ ਘਰ ਦੇ ਸਾਹਮਣੇ ਜਾ ਖੜ੍ਹਾ ਹੋਇਆ, ਜਦੋਂ ਤਕ ਦੂਜਾ ਜੋੜਾ ਬਾਹਰ ਨਹੀਂ ਆ ਗਿਆ। ਘੰਟੀ ਵਜਾਉਣ ਦੀ ਆਗਿਆ ਨਹੀਂ ਹੈ ਤੇ ਲੋੜ ਵੀ ਨਹੀਂ ਪੈਂਦੀ—ਸਵੇਰੇ ਸਵੇਰੇ ਰੋਜ਼ ਦਾ ਇਹੀ ਕੰਮ ਹੈ। ਚੁੱਪਚਾਪ ਗਲੀ ਦੇ ਸਿਰੇ ਤਕ ਪਹੁੰਚਦੇ-ਪਹੁੰਚਦੇ ਸੱਤ-ਅੱਠ ਜੋੜੇ ਹੋ ਜਾਂਦੇ ਨੇ ਤੇ ਤਦ ਤਕ ਔਰਤਾਂ ਵੱਖ ਤੇ ਆਦਮੀ ਵੱਖ ਹੋ ਜਾਂਦੇ ਨੇ। ਔਰਤਾਂ ਅਕਸਰ ਆਦਮੀਆਂ ਨਾਲੋਂ ਪੰਦਰਾਂ ਵੀਹ ਕਦਮ ਅੱਗੇ ਚਲਦੀਆਂ ਨੇ। ਪਹਿਲਾ ਕਾਰਨ ਸਵੇਰੇ ਸਵੇਰੇ ਜੋ ਵੀ ਦੁੱਖ ਦਰਦ ਉਹ ਆਪੋ ਵਿਚ ਵੰਡਦੀਆਂ ਨੇ, ਉਸਦੀ ਭਿਣਕ ਤਕ ਆਦਮੀਆਂ ਨੂੰ ਨਹੀਂ ਪੈਣ ਦੇਂਦੀਆਂ। ਸੰਤੁਲਨ ਦਾ ਸਵਾਲ ਹੈ। ਦੂਜਾ ਇਸ ਪੀੜ੍ਹੀ ਦੇ ਆਦਮੀ ਹਰ ਗੱਲ 'ਤੇ ਔਰਤਾਂ ਨੂੰ ਟੋਕਦੇ ਹੀ ਰਹਿੰਦੇ ਨੇ। ਏਧਰ ਘਰਵਾਲੀ ਨੇ ਮੂੰਹ ਖੋਲ੍ਹਿਆ ਨਹੀਂ ਜਾਂ ਉਸਦੇ ਮੂੰਹ ਖੋਲ੍ਹਣ ਤੋਂ ਪਹਿਲਾਂ ਹੀ ਪਤੀ ਦੀ ਗਰਦਨ ਨਾਕਾਰਾਤਮਕ ਦਿਸ਼ਾ ਵਿਚ ਡੋਲਨ ਲੱਗਦੀ ਹੈ। ਇਹ ਦੂਰੀ ਹੀ ਸੁਰੱਖਿਆ ਜਾਂ ਇੰਜ ਕਹੀਏ ਸੁਤੰਤਰਤਾ ਕਵਚ ਹੈ।
ਉਸਦੀ ਲਾਸ਼ ਨੂੰ ਵੀ ਪਹਿਲਾਂ ਔਰਤਾਂ ਨੇ ਹੀ ਦੇਖਿਆ ਸੀ। ਕਿਸੇ ਨੇ ਕਿਹਾ—
“ਨੀਂ ਜ਼ਰਾ ਦੇਖ ਤਾਂ, ਲਗਦਾ ਏ ਕੋਈ ਟੁੰਨ ਹੋ ਕੇ ਫੁੱਟਪਾਥ 'ਤੇ ਲੇਟਿਆ ਹੋਇਐ।”
“ਅਜੇ ਤਾਂ ਦੂਰ ਐ, ਸੜਕ ਪਾਰ ਕਰਕੇ ਦੂਜੇ ਪਾਸੇ ਹੋ ਲੈਣੈ ਆਂ। ਸਵੇਰੇ ਸਵੇਰੇ ਕਿਉਂ ਬੋ ਸੁੰਘੀਏ ਉਸਦੀ?”
“ਨਹੀਂ ਮੈਂ ਤਾਂ ਨਹੀਂ ਜਾਵਾਂਗੀ ਉਸ ਪਾਸੇ! ਜ਼ਰਾ ਬਚ ਕੇ ਨਿਕਲ ਜਾਵਾਂਗੇ ਕਿਹੜਾ ਏਨਾ ਟ੍ਰੈਫ਼ਿਕ ਏ ਸੜਕ 'ਤੇ ਇਸ ਵੇਲੇ।”
ਉਦੋਂ ਤਕ ਔਰਤਾਂ ਉਸ ਲਾਸ਼ ਕੋਲ ਜਾ ਪਹੁੰਚੀਆਂ ਸਨ।
“ਬਈ ਦੇਖ ਤਾਂ! ਇਹ ਤਾਂ ਕੋਈ ਔਰਤ ਏ।” ਇਕ ਨੇ ਹੈਰਾਨੀ ਨਾਲ ਕਿਹਾ।
“ਕੋਈ ਆਵਾਰਾ ਹੋਏਗੀ। ਲੱਗਦੀ ਤਾਂ ਕਨੇਡੀਅਨ ਈ ਏ। ਬਲਾਂਡ ਏ। ਦੇਖ ਤਾਂ ਮੂਧੀ ਪਈ ਹੋਈ ਏ।...” ਅਚਾਨਕ ਬੋ ਦੀ ਗੱਲ ਭੁੱਲ ਕੇ ਉਹ ਦਿਲਚਸਪ ਘਟਨਾ ਬਣਦੀ ਜਾ ਰਹੀ ਸੀ। ਸਾਰੀਆਂ ਔਰਤਾਂ ਇਕ ਘੇਰੇ ਵਿਚ ਖੜ੍ਹੀਆਂ ਉਸ ਮੂਧੀ ਪਈ ਦੇਹ ਨੂੰ ਹੈਰਾਨੀ ਭਰੀ ਜੁਗਿਆਸਾ ਨਾਲ ਤੱਕ ਰਹੀਆਂ ਸਨ। ਮੌਤ ਦਾ ਅਹਿਸਾਸ ਕਿਸੇ ਨੂੰ ਵੀ ਨਹੀਂ ਸੀ। ਅਚਾਨਕ ਔਰਤਾਂ ਨੂੰ ਇੰਜ ਘੇਰਾ ਬਣਾਈ ਖੜ੍ਹੀਆਂ ਦੇਖ ਕੇ ਆਦਮੀਆਂ ਨੂੰ ਵੀ ਹੈਰਾਨੀ ਹੋਈ ਤੇ ਉਹ ਕਾਹਲ ਨਾਲ ਪੈਰ ਪੁੱਟਣ ਲੱਗੇ। ਉਦੋਂ ਹੀ ਇਕ ਨੇ ਲਾਸ਼ ਦੀ ਪਿੰਜਣੀ ਤਕ ਸਰਕੀ ਜ਼ੀਨ ਦੇ ਹੇਠ ਝਲਕਦੀ ਪੰਜੇਬ ਦੇਖੀ।
“ਬਈ ਇਹ ਤਾਂ ਕੋਈ ਦੇਸ਼ੀ ਲੱਗਦੀ ਏ। ਦੇਖ ਤਾਂ ਪੰਜੇਬ ਪਾਈ ਹੋਈ ਏ।”
“ਹਾਏ ਨੀਂ! ਦੇਸੀ ਬਲਾਂਡ। ਲਾਜ਼ਮੀ ਆਵਾਰਾ ਹੋਊ।”
“ਐਵੇਂ ਆਵਾਰਾ-ਆਵਾਰਾ ਦੀ ਰਟ ਲਾ ਰਹੀ ਏਂ ਤੂੰ! ਤੈਨੂੰ ਕਿੰਜ ਪਤੈ ਬਈ ਇਹ ਆਵਾਰਾ ਏ?”
“ਦੇਖਦੀ ਨਹੀਂ ਪਈ ਤੂੰ ਇਸਦੇ ਬਲਾਂਡ ਵਾਲਾਂ ਨੂੰ। ਦੇਸੀ ਔਰਤ ਤੇ ਬਲਾਂਡ ਵਾਲ!” ਪਹਿਲੀ ਨੇ ਆਪਣਾ ਤਰਕ ਦਿੱਤਾ।
“ਤਾਂ ਕੀ ਵਾਲ ਰੰਗਨ ਨਾਲ ਆਵਾਰਾ ਹੋ ਗਈ ਉਹ...ਤੂੰ ਵੀ ਤਾਂ ਮਹਿੰਦੀ ਲਾ ਕੇ ਲਾਲੋ-ਪਰੀ ਬਣੀ ਫਿਰਦੀ ਏਂ।” ਦੂਜੀ ਨੇ ਆਪਣੀ ਮਨ ਦੀ ਕਿੜ ਕੱਢਣ ਦਾ ਮੌਕਾ ਨਹੀਂ ਖੁੰਝਾਇਆ। ਅਚਾਨਕ ਹੀ ਬਹਿਸ ਲੜਾਈ ਦਾ ਰੰਗ ਲੈਣ ਲੱਗੀ। ਚੰਗਾ ਹੋਇਆ ਆਦਮੀਆਂ ਦੀ ਟੋਲੀ ਆ ਪਹੁੰਚੀ।
“ਪਿੱਛੇ ਹਟੋ! ਦੇਖਣ ਤਾਂ ਦਿਓ ਕੀ ਹੋਇਐ?” ਇਕ ਨੇ ਮਰਦਾਵੀਂ ਧੌਂਸ ਨਾਲ ਕਿਹਾ।
“ਹੋਣਾ ਕੀ ਐ—ਤਮਾਸ਼ਾ ਏ! ਦੇਸ਼ੀ ਬਲਾਂਡ ਅੰਨ੍ਹੀ ਧੁੱਤ ਹੋ ਕੇ ਸੜਕ 'ਤੇ ਪਈ ਏ।” ਉਹ ਵਾਲਾਂ ਦੀ ਰੰਗਤ 'ਤੇ ਹੀ ਅਟਕੀ ਹੋਈ ਸੀ ਤੇ ਚਟਖ਼ਾਰਾ ਲੈਂਦਿਆਂ ਉਸ 'ਤੇ ਟਿੱਪਣੀ ਕਰ ਰਹੀ ਸੀ। ਆਦਮੀ ਨੇ ਝੁਕ ਕੇ ਨੇੜਿਓਂ ਦੇਖਿਆ। ਇਕ ਝਟਕੇ ਨਾਲ ਸਿੱਧਾ ਖੜ੍ਹਾ ਹੋ ਕੇ ਪਿੱਛੇ ਹਟ ਗਿਆ।
“ਇਹ ਤਾਂ ਮਰੀ ਹੋਈ ਏ।”
“ਕੀ?...” ਕਈ ਆਵਾਜ਼ਾਂ ਸਾਂਝੀਆਂ ਆਈਆਂ।
“ਇਸ ਨੂੰ ਸਿੱਧਾ ਕਰਕੇ ਦੇਖੋ ਕੌਣ ਏਂ?” ਇਕ ਔਰਤ ਨੇ ਸੁਝਾਅ ਦੇਂਦਿਆਂ ਪੁੱਛਿਆ।
“ਪਾਗਲ ਹੋਈ ਏਂ—ਪੁਲਿਸ ਨੂੰ ਬੁਲਾਉਣਾ ਪਏਗਾ—ਪਹਿਲੋਂ...” ਆਦਮੀ ਘੁਰਕਿਆ।
“ਓ-ਜੀ ਰਹਿਣ ਦਿਓ। ਚੁੱਪਚਾਪ ਨਿਕਲ ਚੱਲੋ ਇੱਥੋਂ। ਇੰਜ ਪੁਲਿਸ ਦੇ ਚੱਕਰ 'ਚ ਪਏ ਤਾਂ ਕਚਹਿਰੀਆਂ ਦੇ ਚੱਕਰ ਕੱਟਣੇ ਪੈਣਗੇ ਤੇ ਬੱਚੇ-ਬੱਚੀਆਂ ਵੱਖਰੇ ਪ੍ਰੇਸ਼ਾਨ ਹੋਣਗੇ।” ਦੂਜੇ ਨੇ ਕਿਹਾ।
“ਕੀ ਗੱਲ ਕਰਦੇ ਓ! ਇਹ ਕੋਈ ਆਪਣਾ ਦੇਸ਼ ਐ ਬਈ ਪੁਲਿਸ ਰਿਪੋਰਟ ਲਿਖਵਾਣ ਵਾਲੇ ਨੂੰ ਕੁਟਾਪਾ ਚਾੜ੍ਹਨਾ ਸ਼ੁਰੂ ਕਰ ਦਏਗੀ।”
ਅਜੇ ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਸ਼ਰਮਾ ਜੀ ਨੇ ਆਪਣੀ ਨੇਤਾ ਗਿਰੀ ਸੰਭਾਲੀ ਤੇ ਤੁਰੰਤ ਆਪਣੇ ਮੋਬਾਇਲ ਤੋਂ ਪੁਲਿਸ ਨੂੰ ਫ਼ੋਨ ਕਰ ਦਿੱਤਾ। ਪੁਲਿਸ ਨੇ ਧੰਨਵਾਦ ਕਰਦਿਆਂ ਹਦਾਇਤ ਦਿੱਤੀ ਕਿ ਕਿਸੇ ਵੀ ਚੀਜ਼ ਨੂੰ ਛੂਹਣ ਨਾ ਤੇ ਪੁਲਿਸ ਦੇ ਆਉਣ ਤਕ ਉੱਥੇ ਹੀ ਰਹਿਣ। ਕੁਝ ਮਿੰਟਾਂ ਵਿਚ ਹੀ ਪੁਲਿਸ ਆ ਪਹੁੰਚੀ ਤੇ ਉਹਨਾਂ ਦੇ ਪਿੱਛੇ ਹੀ ਐਂਬੂਲੈਂਸ ਤੇ ਫਾਇਰ ਬਰਗੇਟ ਵਾਲਿਆਂ ਦੀ ਗੱਡੀ ਵੀ।
“ਨੀਂ ਹੁਣ ਐਂਬੂਲੈਂਸ ਆ ਕੇ ਕੀ ਕਰੇਗੀ...ਓਹ ਵਿਚਾਰੀ ਤਾਂ ਮਰੀ ਪਈ ਏ।” ਸਪਸ਼ਟ ਸੀ ਉਹ ਬੇਚੈਨ ਹੋਈ ਹੋਈ ਸੀ।
“ਭੈਣ ਇਹ ਆਪਣਾ ਮੁਲਕ ਥੋੜ੍ਹਾ ਈ ਐ ਕਿ ਜਿਊਂਦਿਆਂ ਲਈ ਵੀ ਐਂਬੂਲੈਂਸ ਨਹੀਂ ਆਉਂਦੀ। ਏਥੇ ਤਾਂ ਮਰਿਆਂ ਲਈ ਵੀ ਆਉਂਦੀ ਐ।” ਦੂਜੀ ਨੇ ਇਕ ਲੰਮਾਂ ਹਉਕਾ ਜਿਹਾ ਲਿਆ।
ਪੁਲਿਸ ਦੇ ਅਧਿਕਾਰੀਆਂ ਨੇ ਸ਼ਰਮਾ ਜੀ ਨੂੰ ਕੁਝ ਸਵਾਲ ਪੁੱਛੇ ਤੇ ਧੰਨਵਾਦ ਕਰਦਿਆਂ ਕਿਹਾ—
“ਹੁਣ ਤੁਸੀਂ ਸਾਰੇ ਜਣੇ ਜਾ ਸਕਦੇ ਓ। ਜੇ ਲੋੜ ਪਈ ਤਾਂ ਅਸੀਂ ਤੁਹਾਡੇ ਨਾਲ ਫੇਰ ਸੰਪਰਕ ਕਰਾਂਗੇ।”
ਹੁਣ ਇਸ ਭੀੜ ਨੇ ਨਾ ਚਾਹੁੰਦਿਆਂ ਹੋਇਆਂ ਵੀ ਉੱਥੋਂ ਹਟਨਾ ਸੀ। ਇਸ ਘਟਨਾ ਨੇ ਸਾਰਿਆਂ ਨੂੰ ਅੰਦਰ ਤਕ ਹਿਲਾਅ ਦਿੱਤਾ ਸੀ। ਰੋਮਾਂਚਿਤ ਮਨ ਇਸ ਕਹਾਣੀ ਦਾ ਅੰਤ ਵੀ ਦੇਖਣਾ ਚਾਹੁੰਦਾ ਸੀ। ਟੋਲੀ ਨੇ ਸੜਕ ਪਾਰ ਕੀਤੀ ਤੇ ਐਨ ਸਾਹਮਣੇ ਚਰਚ ਦੇ ਲਾਨ ਵਿਚ ਲੱਗੇ ਪਿਕਨਿਕ ਟੇਬਲਾਂ ਉਪਰ ਅੱਡਾ ਜਮਾ ਲਿਆ। ਹੁਣ ਵਤਾਵਰਣ ਹੈਰਾਨੀ ਭਰਪੂਰ ਜੁਗਿਆਸਾ ਵਿਚ ਬਦਲ ਚੁੱਕਿਆ ਸੀ ਜੀਵਨ ਪਲ-ਛਿਣ ਦਾ ਹੋਣ ਦੀ ਦਿਸ਼ਾ ਵਲ ਪਲਟ ਚੁੱਕਿਆ ਸੀ। ਪੁਲਿਸ ਦੇ ਅਧਿਕਾਰੀਆਂ ਨੂੰ ਮੁਸਤੈਦੀ ਨਾਲ ਕੰਮ ਕਰਦਿਆਂ ਦੇਖ ਕੇ ਸਾਰੇ ਉਹਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਨਾਲੋ ਨਾਲ ਸਵਦੇਸ਼ੀ ਪੁਲਿਸ ਦੀ ਨਿੰਦਿਆ ਵੀ ਕਰ ਰਹੇ ਸਨ। ਦੇਖਦੇ ਦੇਖਦੇ ਹੀ ਫ਼ੋਟੋਆਂ ਖਿੱਚੀਆਂ ਗਈਆਂ। ਕੁਝ ਲੋਕ ਆਸਪਾਸ ਦੀ ਜ਼ਮੀਨ ਦਾ ਬਾਰੀਕੀ ਨਾਲ ਮੁਆਇਨਾ ਕਰਨ ਲੱਗੇ।
ਪਹੁ ਫੁੱਟਣ ਲੱਗੀ। ਸੜਕ 'ਤੇ ਕੋਈ ਕੋਈ ਕਾਰ ਤੇਜ਼ੀ ਨਾਲ ਨਿਕਲ ਜਾਂਦੀ। ਇਹ ਸ਼ਹਿਰ ਦਾ ਬੜਾ ਹੀ ਪੁਰਾਣਾ ਇਲਾਕਾ ਸੀ। ਲਗਭਗ ਤੀਹ ਸਾਲ ਪਹਿਲਾਂ ਭਾਰਤੀਆਂ ਤੇ ਪਾਕਿਸਤਾਨੀਆਂ ਨੇ ਇਸ ਇਲਾਕੇ ਵਿਚ ਵੱਸਣਾ ਇਸ ਲਈ ਸ਼ੁਰੂ ਕੀਤਾ ਸੀ ਕਿ ਉਜਾੜ ਜਿਹਾ ਹੋਣ ਕਰਕੇ ਘਰਾਂ ਤੇ ਦੁਕਾਨਾਂ ਦੇ ਕਿਰਾਏ ਬੜੇ ਸਸਤੇ ਸਨ। ਬਾਜ਼ਾਰ ਦੀਆਂ ਅੱਧਿਓਂ ਵੱਧ ਦੁਕਾਨਾਂ ਖਾਲੀ ਪਈਆਂ ਸਨ। ਟੁੱਟੇ ਹੋਏ ਸ਼ੋਅ ਕੇਸਾਂ ਦੇ ਸ਼ੀਸ਼ਿਆਂ ਨੂੰ ਠੀਕ ਕਰਨ ਦੀ ਬਜਾਏ ਸੈਲੋ ਪੇਪਰ ਨਾਲ ਢਕ ਦਿੱਤਾ ਜਾਂਦਾ ਸੀ। ਚੋਰੀ ਦਾ ਡਰ ਤਾਂ ਫੇਰ ਹੁੰਦਾ ਜੇ ਦੁਕਾਨਾਂ ਵਿਚ ਚੋਰੀ ਕਰਨ ਲਇਕ ਕੁਝ ਹੁੰਦਾ। ਹੌਲੀ ਹੌਲੀ ਇਹਨਾਂ ਦੇਸੀ ਲੋਕਾਂ ਨੇ ਇਸ ਇਲਾਕੇ ਦੀ ਸ਼ਕਲ ਹੀ ਬਦਲ ਦਿੱਤੀ। ਜੀਵੰਤ ਦੁਕਾਨਾਂ, ਜੀਵੰਤ ਬਾਜ਼ਾਰ, ਚਹਿਕਦੇ ਹੋਏ ਪਾਰਕ ਤੇ ਖੇੜਿਆਂ ਭਰੇ ਸਕੂਲ। ਕਿਸੇ ਨੂੰ ਦੱਸੋ, ਤਾਂ ਵੀ, ਤੀਹ ਸਾਲ ਪਹਿਲਾਂ ਵਾਲੀ ਹਾਲਤ 'ਤੇ ਵਿਸ਼ਵਾਸ ਨਹੀਂ ਸੀ ਆਉਂਦਾ।
ਹੁਣ ਤਕ ਟ੍ਰੈਫਿਕ ਦੀ ਸਹੂਲਤ ਲਈ ਇਕ ਅਧਿਕਾਰੀ ਨੂੰ ਲਾ ਦਿੱਤਾ ਗਿਆ ਸੀ। ਲਾਸ਼ ਉੱਤੇ ਇਕ ਛੋਟਾ ਜਿਹਾ ਟੈਂਟ ਤਾਣ ਦੇਣ ਕਰਕੇ ਹੁਣ ਗਤੀਵਿਧੀ ਏਨੀ ਰੌਚਕ ਨਹੀਂ ਸੀ ਰਹੀ। ਅਟਕਲਾਂ ਦਾ ਬਾਜ਼ਾਰ ਭਖਣ ਲੱਗਾ ਸੀ। ਸਮੇਂ ਦਾ ਧਿਆਨ ਆਉਂਦਿਆਂ ਹੀ ਸਾਰਿਆਂ ਨੂੰ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਦੀ ਚਿੰਤਾ ਹੋਣ ਲੱਗ ਪਈ ਸੀ, ਪਰ ਇੱਥੋਂ ਜਾਣ ਨੂੰ ਮਨ ਨਹੀਂ ਸੀ ਕਰਦਾ ਪਿਆ। ਸ਼ਰਮਾ ਜੀ ਨੇ ਫੇਰ ਕਮਾਨ ਸੰਭਾਲੀ। ਕਮਲੇਸ਼ ਵੱਲ ਭੌਂ ਕੇ ਬੋਲੇ—
“ਕਮਲੇਸ਼ ਭੈਣ ਕਿਸੇ ਨੂੰ ਤਾਂ ਘਰ ਜਾਣਾ ਹੀ ਪਏਗਾ, ਬੱਚਿਆਂ ਨੂੰ ਸਕੂਲ ਪਹੁੰਚਾਉਣ ਲਈ ਤੇ ਤੂੰ ਨਾ ਗਈ ਤਾਂ ਤੈਨੂੰ ਪਤਾ ਈ ਏ ਤੇਰੀ ਨੂੰਹ ਰਾਣੀ ਕੇਡਾ ਪੁਆੜਾ ਖੜ੍ਹਾ ਕਰ ਦਏਗੀ। ਬਾਕੀਆਂ ਦੀ ਤਾਂ ਖ਼ੈਰ ਜਿਵੇਂ ਤਿਵੇਂ ਸਰ ਜਾਊ। ਇਹ ਕੰਮ ਤੈਨੂੰ ਈ ਕਰਨਾ ਪਏਗਾ।”
ਕਮਲੇਸ਼ ਵੀ ਜਾਣਦੀ ਸੀ ਕਿ ਸ਼ਰਮਾ ਜੀ ਕੋਈ ਗਲਤ ਨਹੀਂ ਸੀ ਕਹਿ ਰਹੇ। ਸਾਰਿਆਂ ਨੂੰ ਇਕ ਦੂਜੇ ਦੇ ਘਰ ਦਾ ਸਭ ਹਾਲ ਪਤਾ ਸੀ। ਕਮਲੇਸ਼ ਅਣਮੰਨੇ ਜਿਹੇ ਮਨ ਨਾਲ ਉੱਠੀ ਤੇ ਆਪਣੀ ਗਲੀ ਵੱਲ ਤੁਰ ਪਈ। ਪਿੱਛੋਂ ਸ਼ਰਮਾ ਜੀ ਨੇ ਕਿਹਾ—
“ਭੈਣ ਨਾਸ਼ਤੇ ਲਈ ਨਾ ਰੁਕੀਂ। ਅਸੀਂ ਸਭ ਦਾ ਇੰਤਜ਼ਾਮ ਏਥੇ ਕਰ ਰਹੇ ਆਂ। ਜਲਦੀ ਵਾਪਸ ਆ ਜਾਵੀਂ।” ਲੱਗ ਰਿਹਾ ਸੀ ਸ਼ਰਮਾ ਜੀ ਨੇ ਫੈਸਲਾ ਕਰ ਲਿਆ ਹੈ ਕਿ ਜਦੋਂ ਤਕ ਪੁਲਿਸ ਇੱਥੋਂ ਨਹੀਂ ਜਾਂਦੀ, ਉਹ ਲੋਕ ਵੀ ਇੱਥੇ ਡਟੇ ਰਹਿਣਗੇ।
ਕਮਲੇਸ਼ ਲਗਭਗ ਦੌੜਦੀ ਹੋਈ ਮੁਹੱਲੇ ਵਿਚ ਪਹੁੰਚੀ ਤੇ ਇਕ ਸਿਰੇ ਤੋਂ ਘਰਾਂ ਦੇ ਦਰਵਾਜ਼ੇ ਖੜਕਾਉਂਦੀ ਹੋਈ ਹਦਾਇਤ ਦਿੰਦੀ ਗਈ ਕਿ ਬੱਚਿਆਂ ਨੂੰ ਤਿਆਰ ਕਰ ਦੇਣ ਤੇ ਅੱਜ ਉਹੀ ਸਾਰਿਆਂ ਨੂੰ ਸਕੁਲ ਲੈ ਜਾਏਗੀ। ਨੌਜਵਾਨ ਲੋਕ ਕੁਝ ਹੈਰਾਨ ਤੇ ਕੁਝ ਪ੍ਰੇਸ਼ਾਨ ਹੋਏ ਕਿ ਉਹਨਾਂ ਦੀ ਦਿਨ ਚਰਿਆ ਵਿਚ ਅਚਾਨਕ ਇਹ ਰੋੜਾ ਕਿੰਜ ਅਟਕ ਰਿਹਾ ਹੈ। ਪਰ ਵਧੇਰੇ ਤਰਕ-ਵਿਤਰਕ ਦਾ ਸਮਾਂ ਨਹੀਂ ਸੀ। ਕੰਮ 'ਤੇ ਜਾਣ ਦੀ ਵੀ ਜਲਦੀ ਸੀ।
ਮੁਹੱਲੇ ਦੇ ਸਾਰੇ ਬੱਚਿਆਂ ਨੂੰ ਲੈ ਕੇ ਕਮਲੇਸ਼ ਸਕੂਲ ਪਹੁੰਚੀ ਤਾਂ ਨਾਲ ਵਾਲੇ ਮੁਹੱਲੇ ਤੋਂ ਆਈ ਹੋਈ ਸਹੇਲੀ ਮਿਲ ਗਈ। ਕਮਲੇਸ਼ ਨੇ ਉਸਨੂੰ ਤੁਰੰਤ ਸਵੇਰ ਦੀ ਘਟਨਾ ਬਾਰੇ ਦੱਸਿਆ। ਲਾਸ਼ ਦਾ ਹੁਲੀਆ ਸੁਣਦੇ-ਸੁਣਦੇ ਸਹੇਲੀ ਦੇ ਚਿਹਰੇ ਦਾ ਰੰਗ ਉੱਡ ਗਿਆ। ਕਮਲੇਸ਼ ਨੇ ਵੀ ਦੇਖਿਆ ਤੇ ਬੋਲੀ—
“ਤੇਰੇ ਚਿਹਰੇ 'ਤੇ ਮੁਰਦਾਨੀ ਕਿਉਂ ਛਾ ਗਈ ਏ! ਕੀ ਤੂੰ ਉਸਨੂੰ ਜਾਣਦੀ ਏਂ?”
“ਸ਼ਾਇਦ, ਪਰ ਇੱਥੇ ਕੁਝ ਨਹੀਂ ਕਹਾਂਗੀ। ਕਿਸੇ ਬਾਰੇ ਪੂਰਾ ਜਾਣੇ ਬਿਨਾਂ ਕਿੰਜ ਕਹਿ ਦਿਆਂ? ਤੂੰ ਮੈਨੂੰ ਜਲਦੀ ਨਾਲ ਉੱਥੇ ਲੈ ਚੱਲ।” ਬੱਚੇ ਸਕੂਲ ਅੰਦਰ ਜਾ ਚੁੱਕੇ ਸਨ। ਹੁਣ ਉੱਥੇ ਰੁਕ ਕੇ ਗੱਲਾਂ ਮਾਰਨ ਦੀ ਕੋਈ ਤੁਕ ਨਹੀਂ ਸੀ। ਦੋਵੇਂ ਲਗਭਗ ਦੌੜਦੀਆਂ ਹੋਈਆਂ ਚਰਚ ਪਹੁੰਚੀਆਂ। ਤਦ ਤਕ ਕੋਈ ਜਾ ਕੇ ਨੁੱਕਰ ਵਾਲੀ ਕਾਫੀ-ਸ਼ਾਪ ਤੋਂ ਨਾਸ਼ਤੇ ਦਾ ਸਾਮਾਨ ਲਿਆ ਚੁੱਕਿਆ ਸੀ ਤੇ ਸਾਰੇ ਜਣੇ ਕਾੱਫੀ ਸੁੜਕ ਰਹੇ ਸਨ। ਮੇਜ਼ ਉੱਤੇ ਡੋਨਟ ਵੀ ਪਏ ਸਨ। ਦੋਵਾਂ ਨੂੰ ਭੱਜੀਆਂ ਆਉਂਦੀਆਂ ਦੇਖ ਕੇ ਸਾਰੇ ਹੈਰਾਨ ਸਨ ਕਿ ਇਹ ਦੂਜੀ ਕਿਹੜੀ ਆ ਰਹੀ ਹੈ, ਕਮਲੇਸ਼ ਨਾਲ! ਨੇੜੇ ਆਉਂਦਿਆਂ ਦੇਖ ਕੇ ਪਛਾਣਿਆ ਤਾਂ ਸਹੀ ਪਰ ਹੈਰਾਨੀ ਵਧਦੀ ਗਈ। ਦੋਵਾਂ ਨੂੰ ਸਾਹ ਚੜ੍ਹਿਆ ਹੋਇਆ ਸੀ। ਕਿਸੇ ਨੇ ਦੋਵਾਂ ਦੇ ਹੱਥ ਵਿਚ ਕਾੱਫੀ ਦੇ ਗ਼ਲਾਸ ਫੜਾ ਦਿੱਤੇ ਤੇ ਬੈਠਣ ਲਈ ਬੈਂਚ ਉਪਰ ਜਗ੍ਹਾ ਬਣਾ ਦਿੱਤੀ ਸੀ। ਇਕ ਬੋਲੀ—
“ਚਲ ਕੰਮੋ ਕਾਫੀ ਪੀ ਲੈ।”
“ਕਾਫੀ ਨਹੀਂ ਭਾਗਵਾਨ, ਕਾੱਫੀ ਕਹਿ” ਆਦਤ ਅਨੁਸਾਰ ਪਤੀ ਨੇ ਟੋਕ ਦਿੱਤਾ ਸੀ। ਪਰ ਸਮੇਂ ਦੀ ਗੰਭੀਰਤਾ ਤੇ ਜੁਗਿਆਸਾ ਕਾਰਨ ਉਹਨਾਂ ਦੀ ਗੱਲ ਅਣਸੁਣੀ ਹੀ ਰਹੀ। ਜਿਵੇਂ ਹੀ ਕਮਲੇਸ਼ ਦਾ ਸਾਹ ਕੁਝ ਥਾਵੇਂ ਆਇਆ ਉਸਨੇ ਦੱਸਿਆ ਕਿ ਸ਼ਾਇਦ ਉਸਦੀ ਸਹੇਲੀ ਕੁਝ ਜਾਣਦੀ ਹੈ, ਲਾਸ਼ ਬਾਰੇ। ਹੁਣ ਸਾਰਿਆਂ ਦੀ ਉਤਸੁਕਤਾ ਵਧ ਗਈ। ਅਚਾਨਕ ਸਭ ਕੁਝ ਵਿਅਕਤੀਗਤ ਲੱਗਣ ਲੱਗ ਪਿਆ। ਸਹੇਲੀ ਨੇ ਵੀ ਦੇਖਿਆ ਕਿ ਅੱਖਾਂ ਉਸੇ 'ਤੇ ਟਿਕੀਆਂ ਨੇ।
“ਕੈਸੀ ਜੈਕੇਟ ਪਾਈ ਹੋਈ ਏ ਉਹਦੇ?” ਸਹੇਲੀ ਨੇ ਸਵਾਲ ਕੀਤਾ।
ਯਕਦਮ ਕਈ ਆਵਾਜ਼ਾਂ ਵਿਚ ਉਤਰ ਆਇਆ। ਸ਼ਰਮਾ ਜੀ ਨੇ ਫੇਰ ਡੋਰ ਸੰਭਾਲੀ ਤੇ ਸਹੇਲੀ ਨੂੰ ਕਹਿਣ ਲੱਗੇ—
“ਭੈਣ ਜੋ ਪੁੱਛਣਾ ਈ ਮੈਥੋਂ ਪੁੱਛ। ਮੈਲੀ-ਜਿਹੀ, ਸ਼ਾਇਦ ਲਾਲ ਰੰਗ ਦੀ ਜੈਕੇਟ ਏ।”
“ਤੇ ਨੀਲੀ ਜੀਨ ਏ, ਪਹੁੰਚੇ 'ਤੇ ਕਢਾਈ ਵੀ ਕੀਤੀ ਏ।”
“ਹਾਂ !”
“ਪੰਜੇਬ ਸਿਰਫ ਇਕ ਪੈਰ ਵਿਚ ਏ?”
ਹੁਣ ਤਕ ਸਭਨਾਂ ਦੇ ਸਾਹਾਂ ਦੀ ਆਵਾਜ਼ ਵੀ ਲਗਭਗ ਰੁਕ ਚੁੱਕੀ ਸੀ।
“ਠੀਕ ਕਹਿ ਰਹੀ ਏਂ” ਹੁਣ ਸ਼ਰਮਾ ਜੀ ਦੀ ਆਵਾਜ਼ ਵਿਚ ਵੀ ਗੜ੍ਹਕਾ ਨਹੀਂ ਸੀ ਰਿਹਾ।
ਸਹੇਲੀ ਯਕਦਮ ਨਿਢਾਲ ਜਿਹੀ ਹੋ ਗਈ। ਆਵਾਜ਼ ਗਲ਼ੇ ਵਿਚ ਹੀ ਫਸੀ ਰਹਿ ਗਈ ਸੀ। ਭਰੇ ਗੱਚ ਨਾਲ ਬੋਲੀ—“ਏਸੇ ਦਾ ਡਰ ਸੀ। ਮਰ ਗਈ ਵਿਚਾਰੀ। ਕੋਈ ਸੁਖ ਨਹੀਂ ਦੇਖਿਆ ਜ਼ਿੰਦਗੀ ਭਰ!”
ਹੁਣ ਲੋਕਾਂ ਦੀ ਉਤਸੁਕਤਾ ਉੱਤੇ ਸ਼ਰਮਾ ਜੀ ਦਾ ਵੱਸ ਨਹੀਂ ਸੀ ਰਿਹਾ, ਪਰ ਬੋਲਿਆ ਕੋਈ ਨਹੀਂ—ਬੋਲਣ ਦੀ ਲੋੜ ਹੀ ਕਿੱਥੇ ਸੀ? ਅਣਪੁੱਛੇ ਸਵਾਲਾਂ ਨਾਲ ਹਵਾ ਭਰੀ ਹੋਈ ਸੀ। ਉਸਨੇ ਫੇਰ ਕਹਿਣਾ ਸ਼ੁਰੂ ਕੀਤਾ—
“ਇਹ ਨਰਿੰਦਰ ਦੀ ਘਰਵਾਲੀ ਏ।”
“ਕਿਹੜਾ ਨਰਿੰਦਰ?” ਸ਼ਰਮਾ ਜੀ ਨੇ ਪੁੱਛਿਆ।
“ਉਹੀ ਜਿਹੜਾ ਹਰ ਐਤਵਾਰ ਨੂੰ ਮੰਦਰ ਦੇ ਕੀਰਤਨ 'ਚ ਪਹਿਲਾਂ ਢੋਲਕੀ ਵਜਾਉਂਦਾ ਏ ਤੇ ਫੇਰ ਖੜ੍ਹਾ ਹੋ ਕੇ ਇੰਸ਼ੋਰੈਂਸ ਵੇਚਦਾ ਏ।”
“ਪਰ ਉਸਦੀ ਘਰਵਾਲੀ ਤਾਂ ਦੂਸਰੀ ਏ, ਮੈਂ ਜਾਣਦੀ ਆਂ ਉਸਨੂੰ, ਉਸਦੇ ਮੁੰਡੇ ਨੂੰ ਵੀ।” ਇਕ ਨੇ ਪਛਾਣਦਿਆਂ ਹੋਇਆਂ ਕਿਹਾ।
“ਹਾਂ, ਪਰ ਇਹ ਪਹਿਲੀ ਸੀ ਤੇ ਉਹ ਮੁੰਡਾ ਵੀ ਇਸੇ ਦਾ ਏ।”
“ਕੀ?” ਕਈ ਆਵਾਜ਼ਾਂ ਵਿਚ ਹੈਰਾਨੀ ਸੀ। ਕਹਾਣੀ ਇਕ ਨਵਾਂ ਮੋੜ ਲੈ ਰਹੀ ਸੀ। ਸਹੇਲੀ ਨੇ ਇਕ ਲੰਮਾ ਹਉਕਾ ਜਿਹਾ ਲਿਆ। ਆਪਣੇ ਭਰੜਾਏ ਗਲ਼ੇ ਨੂੰ ਸਾਫ ਕੀਤਾ ਤੇ ਕਹਾਣੀ ਸ਼ੁਰੂ ਕੀਤੀ—
“ਇਹ ਲੋਕ ਸਾਡੀ ਗਲੀ 'ਚ ਰਹਿੰਦੇ ਸਨ। ਮਾਂ-ਬਾਪ ਜਦੋਂ ਭਾਰਤੋਂ ਆਏ ਤਾਂ ਇਹ ਗੋਦੀ ਸੀ। ਏਥੇ ਈ ਪਲੀ, ਵੱਡੀ ਹੋਈ। ਬੜੀ ਸਖ਼ਤੀ ਕੀਤੀ ਇਸ ਉੱਤੇ ਇਸਦੇ ਮਾਂ-ਬਾਪ ਨੇ ਸ਼ੁਰੂ ਤੋਂ-ਈ।”
“ਕਿਓਂ?”
“ਇਕਲੌਤੀ ਸੰਤਾਨ ਸੀ ਵਿਚਾਰੀ! ਮਾਂ-ਬਾਪ ਦੇ ਮਨ ਵਿਚ ਡਰ ਸੀ ਕਿ ਇੱਥੋਂ ਦੇ ਮਾਹੌਲ ਵਿਚ ਰੰਗੀ ਗਈ ਤਾਂ ਉਹਨਾਂ ਨਾਲੋਂ ਟੁੱਟ ਜਾਏਗੀ। ਇਸ ਲਈ ਸ਼ੁਰੂ ਤੋਂ ਹੀ ਕਾਬੂ ਵਿਚ ਰੱਖਣ ਦੀ ਠਾਣ ਲਈ ਉਹਨਾਂ ਨੇ। ਕੋਈ ਸਹੇਲੀ ਨਹੀਂ, ਕਿਤੇ ਇਕੱਲੇ ਜਾਣਾ-ਆਉਣਾ ਨਹੀਂ। ਕਿਸੇ ਹਮ-ਉਮਰ ਨਾਲ ਬਾਤਚੀਤ ਨਹੀਂ।”
“ਇਹ ਤਾਂ ਕੈਦ ਨਾਲੋਂ ਵੀ ਬਦਤਰ ਹੋਇਆ।” ਕਮਲੇਸ਼ ਆਪਣੇ ਨੂੰ ਨਾ ਰੋਕ ਸਕੀ। ਸਰਿਆਂ ਦੀਆਂ ਨਜ਼ਰਾਂ ਨੇ ਉਸਨੂੰ ਘੂਰਿਆ। ਕਹਾਣੀ ਦੇ ਪ੍ਰਵਾਹ ਵਿਚ ਰੁਕਾਵਟ ਕਿਸੇ ਤੋਂ ਵੀ ਸਹਿਣ ਨਹੀਂ ਸੀ ਹੋਈ। ਉਸਨੇ ਫੇਰ ਤੰਦ ਫੜ੍ਹੀ—
“ਹਾਂ, ਠੀਕ ਕਹਿੰਦੀ ਏਂ ਭੈਣ! ਵਿਚਾਰੀ ਨੂੰ ਹਾਈ ਸਕੂਲ ਵਿਚ ਵੀ ਛੱਡਣ ਤੇ ਲੈਣ ਲਈ ਮਾਂ ਜਾਂਦੀ ਸੀ। ਧੀ ਵਿਚਾਰੀ ਆਪਣੇ ਨਾਲ ਪੜ੍ਹਨ ਵਾਲਿਆਂ ਸਾਹਵੇਂ ਰੋਜ਼ ਸ਼ਰਮਿੰਦਾ ਹੁੰਦੀ। ਇਸ ਉੱਤੇ ਵਿਅੰਗ ਕਸੇ ਜਾਂਦੇ। ਕਹਿ ਕਿਸੇ ਨੂੰ ਕੁਛ ਨਾ ਸਕਦੀ। ਮੇਰੇ ਬੇਟੀ ਵੀ ਇਸੇ ਦੀ ਕਲਾਸ ਵਿਚ ਸੀ। ਪਰ ਉਸ ਨਾਲ ਵੀ ਗੱਲ ਕਰਨ ਦੀ ਇਜਾਜ਼ਤ ਨਹੀਂ ਸੀ ਇਸਨੂੰ।”
“ਪਰ ਨਰਿੰਦਰ ਨਾਲ ਇਸ ਦਾ ਕੀ ਸੰਬੰਧ?” ਕਹਾਣੀ ਦੀ ਗਤੀ ਕੁਝ ਧੀਮੀ ਸੀ। ਸੁਣਨ ਵਾਲੇ ਅੱਜ ਤਕ ਜਲਦੀ ਪਹੁੰਚਣਾ ਚਾਹੁੰਦੇ ਸਨ।
“ਨਰਿੰਦਰ ਨਾਲ ਇਸਦਾ ਦੂਰ ਦਾ ਰਿਸ਼ਤਾ ਸੀ।”
“ਕੀ ?” ਫੇਰ ਕਹਾਣੀ ਨੇ ਰੌਚਕ ਮੋੜ ਲੈ ਲਿਆ ਸੀ।
“ਅੱਸੀ ਦੇ ਪੰਜਾਬ ਦੇ ਝਗੜਿਆਂ ਸਮੇਂ ਰਫ਼ੂਜੀ ਬਣ ਕੇ ਕੈਨੇਡਾ ਆ ਗਿਆ ਤੇ ਇਹਨਾਂ ਦੇ ਘਰ ਟਿਕਿਆ। ਹੋਣਹਾਰ ਤੇ ਬੜਾ ਹੀ ਸ਼ਰੀਫ਼ ਮੁੰਡਾ ਸੀ। ਕਈ ਸਾਲ ਤਕ ਉਸਦਾ ਇਮਿਗ੍ਰੇਸ਼ਨ ਦਾ ਕੇਸ ਲਟਕਦਾ ਰਿਹਾ। ਇਸ ਕੁੜੀ ਨੂੰ ਦੱਸਿਆ ਗਿਆ ਕਿ ਰਿਸ਼ਤੇ 'ਚ ਤੇਰਾ ਭਰਾ ਹੈ। ਰੱਖੜੀ ਬੰਨ੍ਹਦੀ ਰਹੀ ਉਸਨੂੰ।”
“ਹਾਏ-ਹਾਏ! ਫੇਰ ਭਰਾ ਨਾਲ ਈ ਸ਼ਾਦੀ ਕਰ ਦਿੱਤੀ!” ਰੰਗੇ ਵਾਲਾਂ ਵਾਲੀ ਨੇ ਹੈਰਾਨੀ ਪ੍ਰਗਟ ਕੀਤੀ। ਸ਼ਰਮਾ ਜੀ ਨੇ ਉਸ ਵੱਲ ਘੂਰ ਕੇ ਦੇਖਿਆ।
“ਹਾਂ, ਇਹੀ ਤਾਂ ਹੋਇਆ। ਮੁੰਡੇ ਦਾ ਕੇਸ ਫੇਲ੍ਹ ਹੋ ਗਿਆ। ਵਾਪਸ ਭੇਜਣ ਦਾ ਨੋਟਸ ਆ ਗਿਆ। ਇਸਦੇ ਮਾਂ-ਬਾਪ ਨੂੰ ਇਹਨਾਂ ਸਾਲਾਂ ਵਿਚ ਨਰਿੰਦਰ ਵਿਚ ਆਪਣਾ ਸੁਖੀ ਬੁਢੇਪਾ ਦਿਖਾਈ ਦੇਣ ਲੱਗਾ ਸੀ। ਜਦੋਂ ਨਰਿੰਦਰ ਦੇ ਇੱਥੇ ਰਹਿਣ ਦੇ ਸਾਰੇ ਰਸਤੇ ਬੰਦ ਹੋ ਗਏ ਤਾਂ ਆਪਣੀ ਹੀ ਧੀ ਨਾਲ ਉਸਦੀ ਸ਼ਾਦੀ ਕਰ ਦਿੱਤੀ। ਸੋਚਿਆ ਧੀ ਤੇ ਜਵਾਈ ਦੋਵੇਂ ਕੋਲ ਰਹਿਣਗੇ। ਮੁੰਡਾ ਭਾਰਤ ਦਾ ਏ, ਵੇਖਿਆ-ਪਰਖਿਆ ਏ। ਰਿਸ਼ਤਾ ਵੀ ਦੂਰ ਦਾ ਅਜਿਹਾ ਏ ਕਿ ਸ਼ਾਦੀ ਹੋ ਸਕਦੀ ਏ।”
“ਇਸ ਕੁੜੀ ਨੇ ਕੁਝ ਨਹੀਂ ਕਿਹਾ?” ਸ਼ਰਮਾ ਜੀ ਨੇ ਟੋਕਿਆ।
“ਕਿਹਾ ਤਾਂ ਬੜਾ ਕੁਝ, ਪਰ ਦਬਾ 'ਚ ਪਾਲੀ ਸੀ ਮਾਂ-ਬਾਪ ਨੇ। ਇਸਦੀ ਮਰਜ਼ੀ ਨੂੰ ਤਾਂ ਬਚਪਨ 'ਚ ਮਾਰ ਦਿੱਤਾ ਗਿਆ ਸੀ। ਬਸ, ਕਹਿ ਦਿੱਤਾ ਕਿ ਇਸ ਰਿਸ਼ਤੇ 'ਚ ਸ਼ਾਦੀ ਹੋ ਸਕਦੀ ਏ—ਕੋਈ ਬੁਰਾਈ ਨਹੀਂ। ਪਰ ਕੁੜੀ ਦੇ ਇਹ ਸਮਝ ਨਹੀਂ ਸੀ ਆ ਰਿਹਾ ਕਿ ਕਲ੍ਹ ਤਕ ਜਿਹੜਾ ਮੇਰਾ ਭਰਾ ਸੀ ਤੇ ਜਿਸਦੇ ਮੈਂ ਰੱਖੜੀ-ਟਿੱਕਾ ਕਰਦੀ ਰਹੀ ਆਂ, ਉਸ ਨਾਲ ਅੱਜ ਮੇਰਾ ਵਿਆਹ ਕਿੰਜ ਹੋ ਸਕਦੈ? ਇਹ ਤਾਂ ਪਾਪ ਹੈ—ਬਸ ਇਹੀ ਗੱਲ ਇਸ ਕੁੜੀ ਦੇ ਮਨ 'ਚ ਬੈਠ ਗਈ।”
“ਫੇਰ? ਇੱਥੋਂ ਤਕ ਕਿੰਜ ਪਹੁੰਚੀ?”
“ਦੱਸ ਰਹੀ ਆਂ। ਅਪਰਾਧ-ਬੋਧ 'ਚ ਜਿਉਂਦੀ ਰਹੀ ਵਿਚਾਰੀ। ਇਕ ਆਫ਼ਿਸ ਵਿਚ ਕੰਮ ਕਰਦੀ ਸੀ। ਉੱਥੇ ਵੀ ਨਹੀਂ ਦਸ ਸਕੀ, ਆਪਣੀ ਸ਼ਾਦੀ ਬਾਰੇ। ਢਿੱਡੋਂ ਹੋ ਗਈ ਤਾਂ ਢਿੱਡ ਦੇ ਨਾਲ ਨਾਲ ਉੱਥੇ ਕਈ ਸਵਾਲ ਉਭਰਣ ਲੱਗੇ। ਕੀ ਦੱਸਦੀ ਕਿਸੇ ਨੂੰ? ਬਸ ਆਪਣੇ ਅੰਦਰ ਈ ਅੰਦਰ ਘੁਟਦੀ ਰਹੀ। ਆਪਣੀ ਜ਼ਿੰਦਗੀ, ਆਪਣੇ ਜਿਊਣ ਨੂੰ ਪਾਪ ਸਮਝਦੀ ਰਹੀ। ਨੌਕਰੀ ਛੱਡ ਦਿੱਤੀ ਇਕ ਦਿਨ। ਪੁੱਤਰ ਜੰਮਿਆਂ। ਉਸ ਪਿੱਛੋਂ ਤਾਂ ਅਪਰਾਧ-ਬੋਧ ਹੋਰ ਵੀ ਵਧ ਗਿਆ। ਆਪਣੇ ਹੀ ਪੁੱਤਰ ਨੂੰ ਪਾਪ ਦੀ ਨਿਸ਼ਾਨੀ ਮੰਨ ਬੈਠੀ। ਮਾਂ ਸੀ ਪਰ ਮਮਤਾ ਨਹੀਂ ਸੀ। ਜਨਮ ਤਾਂ ਦੇ ਦਿੱਤਾ ਪਰ ਪਿਆਰ ਨਾਲ ਚੁੰਮਿਆਂ ਤਕ ਨਹੀਂ ਕਦੀ ਉਸਨੂੰ। ਨਰਿੰਦਰ ਤੇ ਇਸਦੇ ਮਾਂ-ਬਾਪ ਇਸਦੀ ਹਾਲਤ ਵੇਖ ਕੇ ਦੁਖੀ ਸਨ, ਪਰ ਆਪਣਾ ਕੀਤਾ ਤਾਂ ਪਲਟ ਨਹੀਂ ਸੀ ਸਕਦੇ। ਗੱਲ ਬਸ ਇੱਥੇ ਅਟਕੀ ਹੋਈ ਸੀ। ਬਸ ਸਾਰੇ ਜਿਊਂ ਰਹੇ ਸਨ ਇਕੋ ਛੱਤ ਹੇਠ। ਇਕ-ਦੂਜੇ ਨਾਲੋਂ ਟੁੱਟੇ-ਟੁੱਟੇ। ਕੋਈ ਸੰਬੰਧ ਸੀ ਤਾਂ ਬਸ ਅਪਰਾਧ-ਬੋਧ ਦਾ। ਇਸ ਲਈ ਪਰਿਵਾਰ ਵਿਚ ਕੋਈ ਆਪਣੇ-ਆਪ ਨੂੰ ਦੋਸ਼ ਦਿੰਦਾ ਕੋਈ ਦੂਜੇ ਨੂੰ।”
“ਅੱਗੇ ਕੀ ਹੋਇਆ?”
“ਹੋਣਾ ਕੀ ਸੀ। ਇਕ ਦਿਨ ਆਪਣੇ ਮੁੰਡੇ ਨੂੰ ਡਾਕਟਰ ਕੋਲ ਚੈਕਅੱਪ ਲਈ ਲੈ ਕੇ ਗਈ ਤਾਂ ਵਾਪਸ ਈ ਨਹੀਂ ਮੁੜੀ। ਦੋ ਦਿਨਾਂ ਬਾਅਦ ਪੁਲਿਸ ਨੇ ਲੱਭਿਆ—ਯੰਗ ਸਟ੍ਰੀਟ ਵਿਚ ਇਕ ਦੁਕਾਨ ਦੇ ਛੱਜੇ ਹੇਠ ਬੈਠੀ ਸੀ—ਭੁੱਖੀ-ਪਿਆਸੀ, ਬੱਚਾ ਗੋਦ ਵਿਚ ਲਈ। ਉਸ ਪਿੱਛੋਂ ਦਿਮਾਗ਼ੀ ਹਾਲਤ ਵਿਗੜਦੀ ਹੀ ਗਈ। ਕਈ ਵਾਰੀ ਹੋਇਆ ਕਿ ਬੱਚੇ ਨੂੰ ਗੋਦੀ ਚੁੱਕ ਕੇ ਨਿਕਲ ਜਾਂਦੀ। ਕਦੀ ਝੀਲ ਦੇ ਕਿਨਾਰੇ ਲੱਭਦੀ ਜਾਂ ਕਦੀ ਕਿਸੇ ਪੁਲ ਦੇ ਹੇਠ ਮਿਲਦੀ। ਪਰਿਵਾਰ ਵਾਲੇ ਬੜੇ ਪ੍ਰੇਸ਼ਾਨ ਸਨ। ਡਾਕਟਰ ਨੇ ਸਲਾਹ ਦਿੱਤੀ ਤਾਂ ਪਾਗਲਖਾਨੇ ਭਰਤੀ ਕਰਾਅ ਦਿੱਤਾ। ਮਾਂ-ਬਾਪ ਨੂੰ ਸੁਖ ਦਾ ਸਾਹ ਆਇਆ ਕਿ ਚਲੋ ਬੱਚਾ ਤਾਂ ਸੁਰੱਖਿਅਤ ਏ।”
“ਹਾਂ, ਇਹ ਤਾਂ ਠੀਕ ਕੀਤਾ ਉਹਨਾਂ ਨੇ।”
“ਪਰ ਬਹੁਤੇ ਦਿਨ ਠੀਕ ਰਿਹਾ ਨਹੀਂ। ਇੱਥੋਂ ਦੀ ਸਰਕਾਰ ਬਦਲੀ। ਬਜਟ ਘੱਟ ਹੋਣ ਲੱਗੇ ਹਸਪਤਾਲਾਂ ਦੇ। ਪਾਗਲਖਾਨੇ ਦੇ ਜਿਹੜੇ ਮਰੀਜ਼ ਬਹੁਤੇ ਖਤਰਨਾਕ ਨਹੀਂ ਸਨ, ਉਹਨਾਂ ਨੂੰ ਘਰ ਭੇਜ ਦਿੱਤਾ ਗਿਆ। ਉਹ ਵੀ ਘਰ ਪਰਤ ਆਈ। ਪਾਗਲਖਾਨੇ ਵਿਚ ਉਸਦੀਆਂ ਕੁਝ ਸਹੇਲੀਆਂ, ਦੋਸਤ ਬਣ ਗਏ ਸਨ ਜਿਹੜੇ ਕਿ ਉਸਦੇ ਨਾਲ ਹੀ ਛੁੱਟੇ। ਹੁਣ ਇਹ ਮਾਂ-ਬਾਪ ਦੇ ਹੱਥੋਂ ਨਿਕਲ ਚੁੱਕੀ ਸੀ। ਦਬੀ ਹੋਈ ਕੁੜੀ ਅਚਾਨਕ ਬਦਲੇ ਲੈਣ ਲੱਗੀ, ਗਿਣ-ਗਿਣ ਕੇ। ਪਰਿਵਾਰ ਨਾਲ ਰੋਜ਼ ਹੱਥਾਪਾਈ ਦੀ ਨੌਬਤ ਆਉਣ ਲੱਗੀ। ਕੋਈ ਵੀ ਸੁਰੱਖਿਅਤ ਨਹੀਂ ਸੀ। ਬੱਚਾ ਵੀ ਨਹੀਂ। ਘਬਰਾ ਕੇ ਉਸਦੇ ਮਾਂ-ਬਾਪ ਨੇ ਨਰਿੰਦਰ ਨੂੰ ਤਲਾਕ ਲੈ ਲੈਣ ਦੀ ਸਲਾਹ ਦਿੱਤੀ।”
“ਕੀ? ਆਪਣੀ ਕੁੜੀ ਨੂੰ ਤਲਾਕ ਦਿਵਾਅ ਦਿੱਤਾ ਸੀ, ਖ਼ੁਦ ਮਾਂ-ਬਾਪ ਨੇ?”
“ਕੀ ਕਰਦੇ ਉਹ ਵੀ। ਨਸ਼ੇ ਦੀ ਲਤ ਲੱਗ ਚੁੱਕੀ ਸੀ ਇਸਨੂੰ। ਕਈ ਵਾਰੀ ਤਾਂ ਬੱਚੇ ਨੂੰ ਵੀ ਕੁੱਟ ਦਿੱਤਾ ਸੀ ਇਸਨੇ, ਪਾਪ ਦੀ ਔਲਾਦ ਕਹਿੰਦਿਆਂ ਕਹਿੰਦਿਆਂ। ਤਲਾਕ ਹੋ ਗਿਆ। ਇਹ ਘਰੋਂ ਵੀ ਬੇਘਰ ਹੋ ਗਈ।”
“ਪਰ ਇਹ ਜਿਊਂਦੀ ਕਿੰਜ ਸੀ? ਨਸ਼ੇ ਦੀ ਲਤ ਵੀ ਤਾਂ ਪੈਸੇ ਮੰਗਦੀ ਏ। ਕਿੱਥੋਂ ਲਿਆਉਂਦੀ ਸੀ ਪੈਸੇ?” ਰੰਗੇ ਵਾਲਾਂ ਵਾਲੀ ਦੇ ਸਾਰੇ ਸਵਾਲ ਅਜਿਹੇ ਹੀ ਸਨ। ਆਪਣੀਆਂ ਸਹੇਲੀਆਂ ਦੀਆਂ ਨਜ਼ਰਾਂ ਵਿਚ ਹੀ ਉਸਨੂੰ ਆਪਣੇ ਸਵਾਲਾਂ ਦਾ ਜਵਾਬ ਮਿਲ ਗਿਆ—“ਠੀਕ ਹੈ ਅੱਗੇ ਦੱਸ।”
“ਨਸ਼ੀਲੀਆਂ ਗੋਲੀਆਂ ਨੇ ਦਿਮਾਗ਼ ਹੋਰ ਖਰਾਬ ਕਰ ਦਿੱਤਾ। ਹੋਰ ਕਮਲੀ ਹੋ ਗਈ ਵਿਚਾਰੀ। ਮਾਂ-ਬਾਪ ਨੇ ਸ਼ਰਮ ਦੇ ਮਾਰੇ ਤੇ ਇਸਦੇ ਵਾਰੀ-ਵਾਰੀ ਵਾਪਸ ਆ ਕੇ ਦਰਵਾਜ਼ੇ ਸਾਹਵੇਂ ਚੀਕਾ-ਰੌਲੀ ਪਾਉਣ ਤੋਂ ਬਚਣ ਖਾਤਰ, ਇਕ ਦਿਨ ਚੁੱਪਚਾਪ ਘਰ ਬਦਲ ਲਿਆ। ਬੱਚਾ ਹੁਣ ਸਕੂਲ ਜਾਣ ਲੱਗਾ ਸੀ। ਉਸਦਾ ਸਕੂਲ ਵੀ ਬਦਲ ਦਿੱਤਾ ਗਿਆ। ਜਦੋਂ ਇਸ ਨੂੰ ਪਤਾ ਲੱਗਿਆ ਤਾਂ ਪੂਰੀ ਤਰ੍ਹਾਂ ਝੱਲੀ ਹੋ ਗਈ। ਆਪਣੇ ਪਰਿਵਾਰ ਨੂੰ ਬੇਸ਼ਕ ਦੁਖੀ ਕਰਦੀ ਸੀ, ਪਰ ਸ਼ਾਇਦ ਇਸਦੇ ਬਦਲੇ ਵਿਚ ਆਪਣਾ ਅਪਮਾਨ ਛਿਪਿਆ ਹੋਇਆ ਸੀ। ਇਸ ਦੀ ਹਾਲਤ ਹੋਰ ਵਿਗੜ ਗਈ। ਅਕਸਰ ਗਲੀ-ਮੁਹੱਲੇ ਦੇ ਘਰਾਂ ਦੇ ਦਰਵਾਜ਼ੇ ਖੜਕਾਉਂਦੀ, ਪੁੱਛਦੀ ਆਪਣੇ ਬੱਚੇ ਬਾਰੇ। ਘੰਟਿਆਂ ਬਧੀ ਸਕੂਲ ਦੇ ਪਲੇਗਰਾਉਂਡ ਦੇ ਜੰਗਲੇ ਨਾਲ ਮੂੰਹ ਜੋੜ ਕੇ ਆਪਣਾ ਪੁੱਤਰ ਨੂੰ ਟੋਲਣ ਦੀ ਕੋਸ਼ਿਸ਼ ਕਰਦੀ ਰਹਿੰਦੀ। ਨਿਰਾਸ਼ ਹੋ ਕੇ ਉੱਥੇ ਫੁੱਟਪਾਥ 'ਤੇ ਹੀ ਕਈ ਕਈ ਘੰਟੇ ਬੈਠੀ ਰਹਿੰਦੀ, ਜਦ ਤਕ ਸਕੂਲ ਵਾਲੇ ਇਸਨੂੰ ਉੱਥੋਂ ਭਜਾ ਨਾ ਦਿੰਦੇ।”
“ਬੜਾ ਮਾੜਾ ਹੋਇਆ ਵਿਚਾਰੀ ਨਾਲ। ਸਾਰਾ ਮਾਂ-ਬਾਪ ਦਾ ਕੀਤਾ ਧਰਿਆ ਏ। ਆਪਣੇ ਸਵਾਰਥ ਲਈ ਬੇਟੀ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।” ਇਕ ਤੋਂ ਰਿਹਾ ਨਹੀਂ ਸੀ ਗਿਆ।
“ਸਾਰਾ ਗਲੀ-ਮੁਹੱਲਾ ਤੰਗ ਆ ਚੁੱਕਿਆ ਸੀ ਇਸ ਦੀਆਂ ਹਰਕਤਾਂ ਤੋਂ।” ਸਹੇਲੀ ਨੇ ਗੱਲ ਨੂੰ ਅਣਸੁਣੀ ਕਰਦਿਆਂ ਹੋਇਆਂ ਕਹਾਣੀ ਅੱਗੇ ਵਧਾਈ—“ਕਦੀ ਇਹ ਮਹੀਨਿਆਂ ਬੱਧੀ ਗਾਇਬ ਹੋ ਜਾਂਦੀ ਤੇ ਅਚਾਨਕ ਫੇਰ ਪਰਤ ਆਉਂਦੀ। ਕਈ ਵਾਰੀ ਚਿਹਰੇ 'ਤੇ ਕੁੱਟ-ਮਾਰ ਦੇ ਨਿਸ਼ਾਨ ਦਿਸਦੇ। ਦੇਖਦੇ ਦੇਖਦੇ ਕੱਪੜੇ ਪਾਟੇ ਪੁਰਾਣੇ ਚੀਥੜਿਆਂ ਵਿਚ ਬਦਲ ਗਏ, ਵਾਲਾਂ ਦਾ ਰੰਗ ਵੀ ਬਦਲ ਗਿਆ। ਬੁਰਾ ਹਾਲ ਸੀ ਵਿਚਾਰੀ ਦਾ। ਤੇ ਮਾਂ-ਬਾਪ ਤੇ ਨਰਿੰਦਰ ਨੇ ਭੌਂ ਕੇ ਸੁੱਧ ਵੀ ਨਹੀਂ ਸੀ ਲਈ। ਪਿੱਛੋਂ ਸੁਣਨ ਵਿਚ ਆਇਆ ਕਿ ਉਹਨਾਂ ਨੇ ਹੀ ਰਿਸ਼ਤਾ ਲੱਭ ਕੇ ਨਰਿੰਦਰ ਦਾ ਹੋਰ ਵਿਆਹ ਕਰ ਦਿੱਤਾ ਸੀ।”
ਇਸ ਵਾਰੀ ਕਿਸੇ ਨੂੰ ਹੈਰਾਨੀ ਨਹੀਂ ਹੋਈ। ਕੋਈ ਸਵਾਲ ਨਹੀਂ ਕੀਤਾ ਗਿਆ। ਕੋਈ ਪ੍ਰਤੀਕ੍ਰਿਆ ਨਹੀਂ ਹੋਈ। ਬਸ ਚੁੱਪ ਵਾਪਰ ਗਈ ਸੀ। ਸਾਰਿਆਂ ਦੀਆਂ ਅੱਖਾਂ ਸਿੱਜਲ ਸਨ। ਆਦਮੀ ਵੀ ਆਪਣੇ ਕੋਏ ਪੂੰਝ ਰਹੇ ਸਨ। ਸਮਾਂ ਰੁਕ ਗਿਆ ਸੀ। ਸੜਕ 'ਤੇ ਪੁਲਿਸ ਦੀ ਗਤੀਵਿਧੀ, ਸੜਕ ਟ੍ਰੈਫਿਕ, ਪੱਤਿਆਂ ਦੀ ਖੜਖੜਾਹਟ, ਸਭ ਜਿਵੇਂ ਵਾਤਾਵਰਣ ਦੇ ਭਾਰੀਪਨ ਨੂੰ ਮਹਿਸੂਸ ਕਰਦੇ ਹੋਏ ਥੱਕ ਜਿਹੇ ਗਏ ਹੋਣ। ਗਤੀ ਧੀਮੀ ਹੋ ਗਈ ਸੀ।
ਸਹੇਲੀ ਨੇ ਫੇਰ ਬੋਲਣਾ ਸ਼ੁਰੂ ਕੀਤਾ। ਲੱਗਿਆ ਆਵਾਜ਼ ਕਿਸੇ ਡੂੰਘੇ ਖੂਹ ਵਿਚੋਂ ਆ ਰਹੀ ਹੈ। ਸ਼ਬਦ ਗੂੰਜ ਰਹੇ ਸਨ—ਅਰਥ ਦਿਮਾਗ਼ ਤਕ ਨਹੀਂ ਸੀ ਪਹੁੰਚ ਰਹੇ। ਪੀੜ ਸੀ, ਪਰ ਸੱਟ ਨਜ਼ਰ ਨਹੀਂ ਸੀ ਆ ਰਹੀ—“ਵਿਚਾਰੀ ਧੀ ਹੋ ਕੇ ਵੀ ਕਦੀ ਧੀ ਨਾ ਬਣ ਸਕੀ। ਮਮਤਾ ਜੇ ਮਨ ਵਿਚ ਉਠੀ ਤਾਂ ਮਨ ਦੇ ਪਾਪ ਨੇ ਉਸਨੂੰ ਪੀੜ ਕੇ ਰੱਖ ਦਿੱਤਾ। ਮਰ ਤਾਂ ਵਿਚਾਰੀ ਉਸੇ ਦਿਨ ਗਈ ਸੀ, ਜਿਸ ਦਿਨ, ਇਸਦੀ ਸ਼ਾਦੀ ਹੋਈ ਸੀ। ਲਾਸ਼ ਨੇ ਕਦੀ ਨਾ ਕਦੀ ਤਾਂ ਡਿੱਗਣਾ ਹੀ ਸੀ—ਅੱਜ ਉਹ ਵੀ ਡਿੱਗ ਪਈ।” ਕਹਿੰਦੀ ਹੋਈ ਉਹ ਫੁੱਟ-ਫੁੱਟ ਕੇ ਰੋਣ ਲੱਗ ਪਈ। ਹੁਣ ਕੌਣ ਕਿਸ ਨੂੰ ਤਸੱਲੀ ਦੇਂਦਾ! ਸ਼ਰਮਾ ਜੀ ਕੁਝ ਚਿਰ ਬਾਅਦ ਬੋਲੇ—“ਉਠ ਭੈਣਾ, ਸੜਕ ਪਾਰ ਕਰਦੇ ਆਂ।”
“ਕਿਓਂ?”
“ਪੁਲਿਸ ਨੂੰ ਦੱਸਣਾ ਏਂ ਕਿ ਲਾਵਾਰਿਸ ਨਹੀਂ ਹੈ ਇਹ ਕੁੜੀ। ਆਪਣੀ ਬੱਚੀ ਈ ਏ।” ਮਸ਼ੀਨ ਵਾਂਗ ਉਹ ਸਾਰੇ ਉਠੇ ਤੇ ਸੜਕ ਪਾਰ ਕਰਨ ਲੱਗੇ। ਕਿਸੇ ਕੋਲ ਕਹਿਣ, ਪੁੱਛਣ ਵਾਲਾ ਕੁਝ ਨਹੀਂ ਸੀ ਰਿਹਾ।
---- ---- ----
No comments:
Post a Comment