Thursday, September 29, 2011

ਆਪਣੀ ਗੱਲ... :: ਤੇਜੇਂਦਰ ਸ਼ਰਮਾ

  ਆਪਣੀ ਗੱਲ...

        ਤੇਜੇਂਦਰ ਸ਼ਰਮਾ 


Tejinder Sharma
27, Romilly Drive
Carpenders Park
Watford WD19 5EN
United Kingdom 

Mob: 00-44-7400313433

E-mail : kahanikar@gmail.com


 ਅਨੁਵਾਦ : ਮਹਿੰਦਰ ਬੇਦੀ, ਜੈਤੋ

 ਪਿਛਲੇ ਕੁਝ ਵਰ੍ਹਿਆਂ ਦਾ ਪਰਵਾਸੀ ਸ਼ਬਦ ਇਕ ਫੈਸ਼ਨ ਜਿਹਾ ਬਣ ਗਿਆ ਹੈ। ਪਰਵਾਸੀ ਦਿਵਸ ਦੀ ਸ਼ੁਰੂਆਤ ਨੇ ਇਸ ਸ਼ਬਦ ਨੂੰ ਵਿਸ਼ਵ-ਵਿਆਪੀ ਬਣਾ ਦਿੱਤਾ ਹੈ। 'ਪਰਵਾਸੀ ਸਾਹਿਤ ਵਿਸ਼ੇਸ਼-ਅੰਕ' ਆਲੂ-ਬੈਂਗਨਾਂ ਵਾਂਗ ਦਿਖਾਈ ਦੇਣ ਲੱਗ ਪਏ ਨੇ। ਫੇਰ ਵੀ ਇੰਜ ਕਿਉਂ ਹੈ ਕਿ ਪਰਵਾਸੀ ਸਾਹਿਤ ਨੂੰ ਅਜੇ ਤਕ ਗੰਭੀਰਤਾ ਨਾਲ ਨਹੀਂ ਲਿਆ ਗਿਆ? ਹੰਸ ਦੇ ਸੰਪਾਦਕ ਸਤਿਕਾਰਤ ਰਾਜੇਂਦਰ ਯਾਦਵ ਨੇ ਜਾਮਿਯਾ ਮਿਲਿਯਾ ਯੂਨੀਵਰਸਟੀ ਦੇ ਇਕ ਸਮਾਗਮ ਵਿਚ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ—'ਤੇਜੇਂਦਰ ਭਾਈ ਨੂੰ ਸ਼ਾਇਦ ਬੁਰਾ ਲੱਗੇ, ਅਜੇ ਜੋ ਪਰਵਾਸੀ ਸਾਹਿਤ ਦੇ ਨਾਂ 'ਤੇ ਪਰੋਸਿਆ ਜਾ ਰਿਹਾ ਹੈ, ਉਸਦਾ ਸਤਰ ਕੁਝ ਖਾਸ ਨਹੀਂ ਹੈ। ਭਾਰਤ ਵਿਚ ਰਚੇ ਜਾ ਰਹੇ ਸਾਹਿਤ ਦੇ ਸਾਹਵੇਂ ਪਰਵਾਸੀ ਸਾਹਿਤ ਦਾ ਕੋਈ ਕੱਦ ਉਭਰ ਕੇ ਨਹੀਂ ਆਉਂਦਾ।'
ਉਸ ਸਮਾਗਮ ਵਿਚ ਲੰਦਨ ਦੇ ਸ਼੍ਰੀ ਮਹੇਂਦਰ ਦਵੇਸਰ ਤੇ ਅਮਰੀਕਾ ਦੇ ਸ਼੍ਰੀ ਉਮੇਸ਼ ਅਗਨੀਹੋਤਰੀ ਵੀ ਮੌਜ਼ੂਦ ਸਨ। ਬਾੱਰੋ ਆਫ ਬਾਰਨੇਟ ਦੇ ਕਾੱਲਿੰਡੇਲ ਖੇਤਰ ਦੀ ਕਾਉਂਸਲਰ ਜ਼ਕੀਆ ਜ਼ੁਬੈਰੀ ਨੇ ਤਾਂ ਉੱਥੇ ਯੂ.ਕੇ. ਦੇ ਹਿੰਦੀ ਤੇ ਉਰਦੂ ਸਾਹਿਤ 'ਤੇ ਆਪਣਾ ਲੇਖ ਵੀ ਪੜ੍ਹਨਾ ਸੀ। ਸਾਡੇ ਪੱਤਰਕਾਰ ਦੋਸਤ ਅਜਿਤ ਰਾਏ, ਡਾ. ਅਸਗਰ ਵਜਾਹਤ, ਅਬਦੁਲ ਬਿਸਮਿੱਲਾਹ, ਰਹਿਮਾਨ ਮੁਸੱਵਿਰ ਆਦਿ ਵੀ ਉੱਥੇ ਮੌਜ਼ੂਦ ਸਨ। ਦਵੇਸਰ ਜੀ ਨੂੰ ਯਾਦਵ ਜੀ ਦੀ ਟਿੱਪਣੀ ਉੱਤੇ ਬੜਾ ਗੁੱਸਾ ਆਇਆ ਤੇ ਦਵੇਸਰ ਜੀ ਨੂੰ ਮਹਿਸੂਸ ਹੋਇਆ ਕਿ ਉਹਨਾਂ ਨੂੰ ਯਾਦਵ ਜੀ ਤੋਂ ਪ੍ਰਸ਼ਨ ਪੁੱਛਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਦਵੇਸਰ ਜੀ, ਯਾਦਵ ਜੀ ਨਾਲ ਪੂਰੀ ਤਰ੍ਹਾਂ ਅਸਹਿਮਤ ਸਨ ਤੇ ਹੈਨ ਵੀ। ਉਹਨਾਂ ਦਾ ਮੰਨਣਾ ਹੈ ਕਿ 'ਪ੍ਰਵਾਸੀ ਸਾਹਿਤ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ ਗਿਆ। ਸਿਰਫ ਫਤਵੇ ਜਾਰੀ ਕਰ ਦਿੱਤੇ ਜਾਂਦੇ ਨੇ।'
ਮੇਰੀ ਸਮੱਸਿਆ ਦੂਸਰੀ ਹੈ। ਮੈਂ ਪ੍ਰਵਾਸੀ ਸਾਹਿਤ ਵਰਗੇ ਆਰਕਸ਼ਣ (ਰਾਖਵੇਂ) ਕੋਟੇ ਨੂੰ ਮੰਨਦਾ ਹੀ ਨਹੀਂ। ਮੈਨੂੰ ਸਾਰੇ ਆਰਕਸ਼ਿਤ ਸਾਹਿਤ ਨਾਲ ਅਲਰਜੀ ਹੈ। ਮੈਂ ਸਾਹਿਤ ਨੂੰ ਨਾਰੀ-ਸਾਹਿਤ, ਦਲਿਤ-ਸਾਹਿਤ, ਸਵਰਣ-ਸਾਹਿਤ, ਪ੍ਰਗਤੀਵਾਦੀ-ਸਾਹਿਤ ਆਦਿ-ਆਦਿ ਵਿਚ ਵੰਡਣ ਦੇ ਸਖ਼ਤ ਖ਼ਿਲਾਫ਼ ਹਾਂ। ਹੁਣ ਇਕ ਨਵਾਂ ਆਰਕਸ਼ਣ—'ਪ੍ਰਵਾਸੀ-ਸਾਹਿਤ।' ਕੀ ਹੈ ਇਹ ਪ੍ਰਵਾਸੀ ਸਾਹਿਤ?
ਕੀ ਮਾੱਰਿਸ਼ਸ, ਫਿਜੀ, ਸੁਰੀਨਾਮ, ਅਮਰੀਕਾ, ਇੰਗਲੈਂਡ, ਯੂਰਪ, ਯੂ.ਏ.ਈ. ਆਦਿ ਵਿਚ ਵੱਸੇ ਭਾਰਤੀ ਉਪ-ਮਹਾਦੀਪਾਂ ਦੇ ਲੋਕਾਂ ਦੀ ਸੋਚ, ਸਰੋਕਾਰ ਤੇ ਭਾਸ਼ਾ ਸਭ ਇਕ ਹੀ ਹੈ? ਕੀ ਉਹਨਾਂ ਦਾ ਸਾਹਿਤ ਇਕੋ ਜਿਹਾ ਹੈ? ਜੇ ਇੰਜ ਹੈ ਤਾਂ ਇਹ ਸਾਰਾ ਸਾਹਿਤ ਮਹਾਸਾਗਰ ਵਿਚ ਪ੍ਰਵਾਹ ਕਰ ਦੇਣ ਦੇ ਕਾਬਲ ਹੈ! ਮਾੱਰੀਸ਼ਸ, ਫਿਜੀ, ਸੁਰੀਨਾਮ ਆਦਿ ਵਿਚ ਜਿਹੜੇ ਆਦਮੀ ਗਏ ਸਨ, ਉਹਨਾਂ ਦੇ ਹਾਲਾਤ ਵੱਖਰੇ ਸਨ। ਅਸੀਂ ਅਮਰੀਕਾ ਜਾਂ ਯੂਰਪ ਦੇ ਹਿੰਦੀ ਸਾਹਿਤਕਾਰਾਂ ਤੋਂ ਲਾਲ ਪਸੀਨਾ ਵਰਗੀ ਰਚਨਾ ਦੀ ਉਮੀਦ ਨਹੀਂ ਕਰ ਸਕਦੇ। ਐਨ ਓਵੇਂ ਹੀ ਮਾੱਰੀਸ਼ਸ ਜਾਂ ਤ੍ਰਿਨਿਦਾਦ ਦਾ ਲੇਖਕ ਅਵਸਾਨ, ਕਬਰ ਦਾ ਮੁਨਾਫ਼ਾ  ਜਾਂ ਬਚਾਅ  ਵਰਗੀਆਂ ਰਚਨਾਵਾਂ ਨਹੀਂ ਦੇ ਸਕੇਗਾ।
ਮੇਰੀ ਸੋਚ ਹੈ ਕਿ ਵਿਦੇਸ਼ ਵਿਚ ਵੱਸੇ ਭਾਰਤੀ ਰਚਨਾਕਾਰਾਂ ਨੂੰ ਉਹਨਾਂ ਦੀਆਂ ਭਾਸ਼ਾਵਾਂ ਦੇ ਮੁੱਖ ਸਾਹਿਤ ਦਾ ਹਿੱਸਾ ਹੀ ਮੰਨਿਆਂ ਜਾਣਾ ਚਾਹੀਦਾ ਹੈ। ਇਹ ਸਾਹਿਤ ਕਿਸੇ ਵੀ ਭਾਰਤੀ ਭਾਸ਼ਾ ਵਿਚ ਹੋ ਸਕਦਾ ਹੈ।
ਮਜ਼ੇਦਾਰ ਗੱਲ ਇਹ ਹੈ ਕਿ ਇਕ ਸਮਾਂ ਸੀ ਜਦੋਂ ਬ੍ਰਿਟੇਨ ਨੇ ਪੂਰੇ ਸੰਸਾਰ ਉਤੇ ਰਾਜ ਕੀਤਾ। ਯਾਨੀਕਿ ਅੰਗਰੇਜ਼ ਦੁਨੀਆਂ ਦੇ ਸਾਰੇ ਦੇਸ਼ਾਂ ਵਿਚ ਜਾ ਕੇ ਵੱਸੇ, ਪਰ ਅੰਗਰੇਜ਼ੀ ਵਿਚ ਪ੍ਰਵਾਸੀ ਸਾਹਿਤ ਵਰਗੀ ਕੋਈ ਧਾਰਾ ਦਿਖਾਈ ਨਹੀਂ ਦਿੰਦੀ। ਹਾਂ, ਅਮਰੀਕਨ ਇੰਗਲਿਸ਼ ਸਾਹਿਤ, ਭਾਰਤੀ ਇੰਗਲਿਸ਼ ਸਾਹਿਤ, ਆਸਟ੍ਰੇਲੀਅਨ ਇੰਗਲਿਸ਼ ਸਾਹਿਤ, ਬ੍ਰਾਜ਼ੀਲੀਅਨ ਇੰਗਲਿਸ਼ ਸਾਹਿਤ, ਇੰਗਲਿਸ਼ ਸਾਹਿਤ ਵਰਗੀਆਂ ਕਈ ਧਾਰਾਵਾਂ ਹੈਨ, ਪਰ ਪ੍ਰਵਾਸੀ ਵਰਗੀ ਕੋਈ ਚੀਜ਼ ਨਹੀਂ। ਅੰਗਰਜ਼ੀ ਹੀ ਕਿਉਂ ਜਰਮਨ, ਫ੍ਰੇਂਚ, ਇਤਾਲਵੀ ਜਾਂ ਕਿਸੇ ਵੀ ਹੋਰ ਭਾਸ਼ਾ ਵਿਚ ਪ੍ਰਵਾਸੀ ਸਾਹਿਤ ਵਰਗੀ ਕੋਈ ਚੀਜ਼ ਨਹੀਂ ਹੁੰਦੀ।
ਸਾਨੂੰ ਲੋਕਾਂ ਨੂੰ ਭਾਰਤ ਦੇ ਰਸਾਲਿਆਂ ਦੇ ਪ੍ਰਵਾਸੀ ਵਿਸ਼ੇਸ਼ ਅੰਕ ਦੀ ਉਡੀਕ ਕਰਨੀ ਪੈਂਦੀ ਹੈ ਤਾਂ ਕਿ ਸਾਡੀਆਂ ਰਚਨਾਵਾਂ ਭਾਰਤੀ ਰਸਾਲਿਆਂ ਵਿਚ ਜਗ੍ਹਾ ਲੈ ਸਕਣ। ਮੈਂ ਖਾਸ ਤੌਰ 'ਤੇ ਇਸ ਪ੍ਰਵਿਰਤੀ ਤੇ ਖ਼ਿਲਾਫ਼ ਹਾਂ। ਵਿਦੇਸ਼ ਵਿਚ ਰਚੇ ਜਾ ਰਹੇ ਸਾਹਿਤ ਨੂੰ ਨਾ ਤਾਂ ਅਛੂਤ ਮੰਨਿਆਂ ਜਾਵੇ ਤਾਂ ਨਾ ਹੀ ਉਸਨੂੰ ਆਰਕਸ਼ਣ ਕੋਟਾ ਦਿੱਤਾ ਜਾਵੇ। ਉਸਨੂੰ ਬਸ ਸਹਿਜ ਰੂਪ ਵਿਚ ਸਵੀਕਾਰ ਕੀਤਾ ਜਾਵੇ—ਮੂਖ ਧਾਰਾ ਦੇ ਸਾਹਿਤ ਦੇ ਰੂਪ ਵਿਚ।
ਪਿੱਛੇ ਜਿਹੇ ਹੀ ਭਾਈ ਉਦੈ ਪ੍ਰਕਾਸ਼ ਦੀ ਲੰਮੀ ਕਹਾਣੀ 'ਮੋਹਨਦਾਸ' ਪੜ੍ਹੀ। ਅਸੀਂ ਜਦੋਂ ਦਾ ਲਿਖਣਾ ਸ਼ੁਰੂ ਕੀਤਾ, ਬਲਕਿ ਉਸ ਤੋਂ ਵੀ ਪਹਿਲਾਂ ਕਾਲਜ ਵਿਚ ਬੀ.ਏ. ਤੇ ਐਮ.ਏ. ਕਰਦੇ ਹੋਏ, ਸਾਨੂੰ ਇਹ ਸਿਖਾਇਆ ਗਿਆ ਸੀ ਲੇਖਕ ਨੂੰ ਰਚਨਾ ਵਿਚ ਦਿਖਾਈ ਜਾਂ ਸੁਣਾਈ ਨਹੀਂ ਦੇਣਾ ਚਾਹੀਦਾ। ਅਸੀਂ ਇੱਥੇ ਯੂ.ਕੇ. ਵਿਚ ਕਥਾ ਗੋਸ਼ਠੀਆਂ ਵਿਚ ਇਸ ਗੱਲ ਨੂੰ ਬੜੀ ਸ਼ਿੱਦਤ ਨਾਲ ਦੱਸਦੇ ਤੇ ਮੰਨਦੇ ਰਹੇ। ਅਸੀਂ ਆਪਣੇ ਯੂ.ਕੇ. ਦੇ ਕਥਾਕਾਰਾਂ ਨੂੰ ਦੱਸਿਆ ਕਿ ਲੇਖਕ ਜੇ ਖ਼ੁਦ ਵਿਚਕਾਰ ਬੋਲਣ ਲੱਗ ਪਏ ਤਾਂ ਰਿਪੋਰਤਾਜ ਦਾ ਅਹਿਸਾਸ ਹੋਣ ਲੱਗ ਪੈਂਦਾ ਹੈ। ਮੋਹਨਦਾਸ ਵਿਚ ਭਾਈ ਉਦੈ ਪ੍ਰਕਾਸ ਨੇ ਇਸ ਪਰੰਪਰਾ ਨੂੰ ਬੜੀ ਬੁਰੀ ਤਰ੍ਹਾਂ ਝੰਜੋੜਿਆ ਹੈ। ਉਹ ਖ਼ੁਦ ਕਹਾਣੀ ਵਿਚ ਆ ਕੇ ਅਖ਼ਬਾਰੀ ਸੂਚਨਾਵਾਂ ਦੇਣ ਲੱਗ ਪੈਂਦੇ ਨੇ ਤੇ ਦੱਸਦੇ ਨੇ ਕਿ ਉਦੋਂ ਕਹਾਣੀ ਦਾ ਫਲਾਨਾਂ ਹਿੱਸਾ ਵਾਪਰ ਰਿਹਾ ਸੀ, ਜਦੋਂ ਸੰਸਾਰ ਵਿਚ ਇਹ ਘਟਨਾਵਾਂ ਵਾਪਰ ਰਹੀਆਂ ਸਨ। ਹਰੇਕ ਆਲੋਚਕ ਨੇ ਉਸ ਕਹਾਣੀ ਨੂੰ ਸਿਰ 'ਤੇ ਬਿਠਾਇਆ ਤੇ ਉਸ ਕਹਾਣੀ ਦੇ ਅਨੇਕਾਂ ਭਾਸ਼ਾਵਾਂ ਵਿਚ ਅਨੁਵਾਦ ਵੀ ਹੋ ਰਹੇ ਨੇ। ਜੇ ਇਹੀ ਕਹਾਣੀ ਐਨ ਇਵੇਂ ਹੀ ਪ੍ਰਵਾਸ ਵਿਚ ਰਹਿ ਰਹੇ ਕਿਸੇ ਹਿੰਦੀ ਲੇਖਕ ਨੇ ਲਿਖੀ ਹੁੰਦੀ ਤਾਂ ਉਸ ਉੱਤੇ ਇਲਜ਼ਾਮ ਲਾਇਆ ਜਾਂਦਾ ਕਿ ਉਸਨੂੰ ਕਹਾਣੀ ਲਿਖਣ ਦਾ ਵੱਲ ਨਹੀਂ ਹੈ। ਕਹਾਣੀ 'ਤੇ ਰਿਪੋਰਤਾਜ ਦੇ ਫਰਕ ਦਾ ਪਤਾ ਨਹੀਂ ਹੈ। ਆਲੋਚਨਾ ਵਿਚ ਇਹ ਦੋਗਲਾਪਨ ਕਿਉਂ?
ਪਿਛਲੇ ਵਰ੍ਹੇ ਸਤੰਬਰ ਵਿਚ ਭਾਅ ਅਜਿਤ ਰਾਏ ਸਾਨੂੰ ਭੋਪਾਲ ਲੈ ਗਏ, ਜਿੱਥੇ ਪ੍ਰਗਤੀਸ਼ੀਲ ਲੇਖਕ ਸੰਘ ਨੇ ਮੇਰੀ ਕਹਾਣੀ 'ਪਾਸਪੋਰਟ ਦਾ ਰੰਗ' ਪੜ੍ਹੇ ਜਾਣ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ, ਉੱਥੇ ਹੀ ਰਚਨਾ ਸਮਯ ਤੇ ਸ਼ਾਕਸ਼ਾਤਕਾਰ ਦੇ ਸੰਪਾਦਕ ਸ਼੍ਰੀ ਹਰਿ ਭਟਨਾਗਰ ਨਾਲ ਵੀ ਮੁਲਾਕਾਤ ਹੋਈ। ਉਹਨਾਂ ਮੇਰੇ ਨਾਲ ਵਿਦੇਸ਼ਾਂ ਵਿਚ ਲਿਖੀ ਜਾ ਰਹੀ ਹਿੰਦੀ ਕਹਾਣੀ ਦੇ ਵਿਸ਼ੇ 'ਤੇ ਚਰਚਾ ਕੀਤੀ। ਉਹਨਾਂ ਦੇ ਦਿਮਾਗ਼ ਵਿਚ ਵਿਚਾਰ ਚੱਲ ਰਿਹਾ ਸੀ ਕਿ ਵਿਦੇਸ਼ਾਂ ਵਿਚ ਲਿਖੀਆਂ ਜਾ ਰਹੀਆਂ ਸਰਬ-ਸ਼੍ਰੇਸ਼ਠ ਕਹਾਣੀਆਂ ਭਾਰਤੀ ਪਾਠਕਾਂ ਤੇ ਆਲੋਚਕਾਂ ਦੇ ਸਾਹਵੇਂ ਪੇਸ਼ ਕੀਤੀਆਂ ਜਾਣ। ਮੈਂ ਉਹਨਾਂ ਨਾਲ ਸਹਿਮਤ ਨਹੀਂ ਸਾਂ। ਮੇਰਾ ਅਨੁਭਵ ਹੈ ਕਿ ਭਾਰਤ ਵਿਚ ਆਲੋਚਕ ਸਾਹਿਤ ਨੂੰ ਰਾਜਨੀਤਕ ਸੋਚ ਨਾਲ ਜੋੜ ਕੇ ਦੇਖਦੇ ਨੇ। ਇਸ ਲਈ ਕਹਾਣੀ ਦਾ ਸ਼੍ਰੇਸ਼ਠ ਹੋਣਾ, ਨਾ ਹੋਣਾ ਕੋਈ ਅਰਥ ਨਹੀਂ ਰੱਖੇਗਾ। ਵਿਦੇਸ਼ਾਂ ਵਿਚ ਵੱਸੇ ਭਾਰਤੀ ਲੇਖਕ ਭਾਰਤ ਦੀ ਰਾਜਨੀਤੀ ਨਾਲ ਉਸ ਤਰ੍ਹਾਂ ਨਹੀਂ ਜੁੜੇ ਜਿਵੇਂ ਕਿ ਭਾਰਤੀ ਆਲੋਚਕ ਸੋਚਦੇ ਨੇ। ਭਾਜਪਾ ਜਾਂ ਕਾਂਗਰਸ ਜਾਂ ਫੇਰ ਮਾਰਕਸਵਾਦੀ ਇੱਥੋਂ ਦੇ ਲੇਖਕਾਂ ਲਈ ਸ਼ਾਇਦ ਸਿਰਫ ਨਾਂ ਹੀ ਹੈਨ। ਇੱਥੋਂ ਦਾ ਲੇਖਕ ਦੁਖੀ ਹੋ ਸਕਦਾ ਹੈ ਕਿ ਉਸਦੀ ਅਗਲੀ ਪੀੜ੍ਹੀ ਹਿੰਦੀ ਜਾਂ ਆਪਣੀ ਮਾਤਭਾਸ਼ਾ ਨਹੀਂ ਬੋਲਦੀ। ਇਸ ਚੱਕਰ ਵਿਚ ਇਹ ਮੰਦਰ, ਮਸਜਿਦ ਜਾਂ ਗੁਰੂਦੁਆਰੇ ਦਾ ਸਹਾਰਾ ਲੈਂਦਾ ਹੈ ਤਾਂਕਿ ਉਸਦੀ ਅਗਲੀ ਪੀੜ੍ਹੀ ਭਾਰਤੀ ਸੰਸਕਾਰਾਂ ਨਾਲ ਜੁੜੀ ਰਹੇ। ਵਿਦੇਸ਼ ਵਿਚ ਵੱਸੇ ਭਾਰਤੀਆਂ ਲਈ ਰਾਜਨੀਤਕ ਵਿਚਾਰਧਾਰਾ ਦੇ ਮੁਕਾਬਲੇ ਭਾਰਤੀ ਸੰਸਕਾਰ ਵਧੇਰੇ ਮਹਤੱਵਪੂਰਣ ਹੋ ਜਾਂਦੇ ਨੇ। ਜੜਾਂ ਤੋਂ ਦੂਰ ਹੋਣ ਦੀ ਪ੍ਰੇਸ਼ਾਨੀ ਭਾਰਤ ਵਿਚ ਰਹਿ ਰਹੇ ਆਲੋਚਕਾਂ ਨੂੰ ਸ਼ਾਇਦ ਸਮਝ ਨਾ ਆ ਸਕੇ।
 ਹਰਿ ਭਾਈ ਸੋਚੀਂ ਪੈ ਗਏ! ਸੰਗ੍ਰਹਿ ਬਾਰੇ ਆਪਣਾ ਵਿਚਾਰ ਪੱਕਾ ਕਰ ਚੁੱਕੇ ਸਨ। ਪਰ ਸਵਾਲ ਉੱਥੇ ਦਾ ਉੱਥੇ, ਕਿ ਇਹ ਸੰਗ੍ਰਹਿ ਇਕ ਹਜ਼ਾਰ ਹੋਰ ਪ੍ਰਵਾਸੀ ਅੰਕਾਂ ਤੋਂ ਭਿੰਨ ਕਿਸ ਤਰ੍ਹਾਂ ਹੋਵੇ? ਗੱਲਬਾਤ ਦੌਰਾਨ ਮੇਰੇ ਦਿਮਾਗ਼ ਵਿਚ ਇਕ ਗੱਲ ਆਈ। ਮੈਂ ਹਰੀ ਭਾਈ ਨੂੰ ਕਿ ਕਿਹਾ, “ਦੇਖੋ ਭਾਈ ਜਾਨ, ਪ੍ਰਵਾਸੀ ਸਾਹਿਤ ਦੀ ਆਪਣੀ ਕੋਈ ਖਾਸ ਪਛਾਣ ਤਾਂ ਅਜੇ ਤਕ ਉਭਰ ਕੇ ਆਈ ਨਹੀਂ ਹੈ ਇਸ ਲਈ ਹਰੇਕ ਲੇਖਕ ਖ਼ੁਦ ਤਾਂ ਜਾਣਦਾ ਹੋਵੇਗਾ ਕਿ ਉਹ ਕਿਉਂ ਲਿਖ ਰਿਹਾ ਹੈ, ਕੀ ਲਿਖ ਰਿਹਾ ਹੈ ਤੇ ਉਸਦਾ ਸਾਹਿਤ ਦੇ ਪ੍ਰਤੀ ਨਜ਼ਰੀਆ ਕੀ ਹੈ? ਕਿਉਂ ਨਾ ਅਸੀਂ ਲੇਖਕਾਂ ਨਾਲ ਸੰਪਰਕ ਕਰੀਏ ਤੇ ਕਹੀਏ ਕਿ ਆਪਣੀ ਪਸੰਦੀਦਾ ਕਹਾਣੀ ਸਾਨੂੰ ਭੇਜਣ? ਇਸ ਨਾਲ ਉਹਨਾਂ ਉੱਤੇ ਅਪ੍ਰਕਾਸ਼ਿਤ ਕਹਾਣੀ ਭੇਜਣ ਦਾ ਦਬਾਅ ਨਹੀਂ ਪਏਗਾ ਤੇ ਆਪਣੀ ਚੁਨਿੰਦਾ ਕਹਾਣੀ ਉਹ ਸਾਨੂੰ ਆਸਾਨੀ ਨਾਲ ਭੇਜ ਸਕਦੇ ਨੇ।”
ਹਰਿ ਭਟਨਾਗਰ ਨੂੰ ਮੇਰੀ ਗੱਲ ਪਸੰਦ ਆਈ। ਉਹਨਾਂ ਵੱਲੋਂ ਮੈਂ ਅਮਰੀਕਾ, ਯੂਰਪ, ਯੂ.ਏ.ਈ. ਤੇ ਯੂ.ਕੇ. ਕਹਾਣੀਕਾਰਾਂ ਨਾਲ ਮੁੰਬਈ ਤੋਂ ਹੀ ਈ. ਮੇਲ ਜ਼ਰੀਏ ਸੰਪਰਕ ਕੀਤਾ। ਦਰਅਸਲ ਮੈਂ ਮੁੰਬਈ ਦੇ ਨਾਨਾਵਟੀ ਹਸਪਤਾਲ ਵਿਚ ਇੱਕੀ ਦਿਨਾਂ ਤੋਂ ਆਪਣੀ ਗਰਦਨ ਤੇ ਮੋਢੇ ਦਾ ਇਲਾਜ਼ ਕਰਵਾ ਰਿਹਾ ਸਾਂ। ਹਸਪਤਾਲ 'ਚੋਂ ਬਾਹਰ ਨਿਕਲਦੇ ਹੀ ਸਾਹਿਤਕਾਰ ਜੁਟ ਗਿਆ। ਲੰਦਨ ਵਾਪਸ ਆਉਣ ਤਕ ਕਿਸੇ ਵੀ ਸਾਹਿਤਕਾਰ ਨੇ ਈ. ਮੇਲ ਦਾ ਜਵਾਬ ਤਕ ਨਹੀਂ ਸੀ ਦਿੱਤਾ।
ਮੈਂ ਥੋੜ੍ਹਾ ਜਿਹਾ ਨਿਰਾਸ਼ ਜ਼ਰੂਰ ਹੋਇਆ, ਪਰ ਸੰਸਥਾ ਚਲਾਉਣ ਦਾ ਲੰਮਾ ਅਨੁਭਵ ਕੰਮ ਆਇਆ ਤੇ ਨਿਰਾਸ਼ਾ ਦੇ ਬੱਦਲ ਛਟ ਗਏ। ਹੁਣ ਫ਼ੋਨ ਦਾ ਸਹਾਰਾ ਲਿਆ ਤੇ ਸਾਹਿਤਕਾਰ ਮਿੱਤਰਾਂ ਨੂੰ ਪ੍ਰੇਸ਼ਾਨ ਕਰਨ ਲੱਗਾ। ਮੇਰਾ ਵਿਚਾਰ ਸੀ ਕਿ ਸਾਰੀ ਸਮੱਗਰੀ ਬੜੀ ਜਲਦੀ ਮੇਰੇ ਕੋਲ ਪਹੁੰਚ ਜਾਏਗੀ ਕਿਉਂਕਿ ਵਿਦੇਸ਼ ਵਿਚ ਰਹਿਣ ਵਾਲੇ ਸਾਹਿਤਕਾਰ ਈ. ਮੇਲ ਦਾ ਇਸਤੇਮਾਲ ਕਰਨ ਲੱਗੇ ਨੇ ਤੇ ਇੱਥੇ ਕਹਾਣੀ ਦੇ ਅਣਛਪੀ ਹੋਣ ਦੀ ਸ਼ਰਤ ਵੀ ਨਹੀਂ ਸੀ।
ਸਾਹਿਤਕਾਰਾਂ ਦੀ ਸਮੱਸਿਆ ਇਹ ਸੀ ਕਿ ਉਹ ਆਪਣੀ ਕਿਸ ਕਹਾਣੀ ਨੂੰ ਪ੍ਰਿਯ ਕਹਿਣ! ਤੇ ਮੈਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਇਸ ਵਿਚ ਦਿੱਕਤ ਕੀ ਹੈ? ਸਾਹਿਤਕਾਰਾਂ ਦਾ ਕਹਿਣਾ ਸੀ ਕਿ ਉਹਨਾਂ ਦੀਆ ਕਹਾਣੀਆਂ ਉਹਨਾਂ ਦੇ ਬੱਚਿਆਂ ਵਾਂਗ ਨੇ, ਭਲਾ ਆਪਣੀ ਔਲਾਦ ਵਿਚੋਂ ਕਿਸ ਨੂੰ ਪ੍ਰਿਯ ਕਹਿਣ ਤੇ ਕਿਸ ਨੂੰ ਪਿੱਛੇ ਛੱਡਣ। ਮੈਂ ਖਾਸਾ ਹੈਰਾਨ ਸੀ। ਮੈਨੂੰ ਇਹ ਵਾਕ ਇਕ ਬਹਾਨੇ ਨਾਲੋਂ ਵੱਧ ਕੁਛ ਨਹੀਂ ਲੱਗਦਾ। ਹਰ ਲੇਖਕ ਆਪਣੀ ਕਹਾਣੀ ਦਾ ਪ੍ਰਿਯ ਹੋਣਾ, ਉਸਦੀ ਗੁਣਵੱਤਾ ਨਾਲ ਜੋੜ ਕੇ ਦੇਖ ਰਿਹਾ ਸੀ। ਜਦਕਿ ਕੋਈ ਵੀ ਕਹਾਣੀ ਕਿਸੇ ਵੀ ਕਾਰਨ ਕਰਕੇ, ਕਿਸੇ ਲੇਖਕ ਦੀ ਪ੍ਰਿਯ ਕਹਾਣੀ ਹੋ ਸਕਦੀ ਹੈ। ਜਿਵੇਂ ਕੋਈ ਕਹਾਣੀ ਲਿਖਣ ਦੇ ਦੌਰਾਨ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਹੜੀ ਤੁਹਾਡੇ ਜੀਵਨ ਨੂੰ ਹੀ ਬਦਲ ਦੇਂਦੀ ਹੈ, ਕੋਈ ਲਾਟਰੀ ਨਿਕਲ ਆਉਂਦੀ ਹੈ ਜਾਂ ਪੋਤਾ ਹੋ ਜਾਂਦਾ ਹੈ, ਜਾਂ ਫੇਰ ਇਸ਼ਕ ਹੀ ਹੋ ਜਾਂਦਾ ਹੈ। ਕਹਾਣੀ ਲਿਖਣ ਦਾ ਮਾਹੌਲ ਵੀ ਕਹਾਣੀ ਨੂੰ ਲੇਖਕ ਦੀ ਪ੍ਰਿਯ ਬਣਾ ਸਕਦਾ ਹੈ। ਰਾਜ ਕਪੂਰ ਨੂੰ ਆਪਣੀ ਫ਼ਿਲਮ ਆਹ  ਬੜੀ ਪਸੰਦ ਸੀ। ਵੈਸੇ ਆਹ  ਕਿਸੇ ਵੀ ਦ੍ਰਿਸ਼ਟੀ ਨਾਲ ਉਹਨਾਂ ਦੀ ਸ਼੍ਰੇਸ਼ਠ ਫ਼ਿਲਮ ਨਹੀਂ ਸੀ। ਇਹ ਦੇਵਦਾਸ  ਦੀ ਇਕ ਕਮਜ਼ੋਰ ਜਿਹੀ ਕਾਪੀ ਸੀ, ਪਰ ਉਹਨਾਂ ਨੂੰ ਕੁਝ ਵਿਸ਼ੇਸ਼ ਕਾਰਨਾ ਕਰਕੇ ਉਹ ਫ਼ਿਲਮ ਪਿਆਰੀ ਲੱਗਦੀ ਸੀ।
ਗੁਣਵੱਤਾ ਵੀ ਇਕ ਕਾਰਨ ਹੋ ਸਕਦਾ ਹੈ, ਪਾਠਕਾਂ ਤੇ ਆਲੋਚਕਾਂ ਦੀ ਪ੍ਰਤੀਕ੍ਰਿਆ ਵੀ ਕਹਾਣੀ ਦੇ ਪ੍ਰਿਯ ਹੋਣ ਦਾ ਕਾਰਨ ਬਣ ਸਕਦੀ ਹੈ। ਦਰਅਸਲ ਜਦੋਂ ਅਸੀਂ ਕਿਸੇ ਦੂਸਰੇ ਦੀ ਰਚਨਾ ਪਸੰਦ ਕਰਦੇ ਹਾਂ ਤਾਂ ਉਸਦੀ ਪਛਾਣ ਗੁਣਵੱਤਾ ਨਾਲੋਂ ਵੱਧ ਹੁੰਦੀ ਹੈ, ਉੱਥੇ ਆਪਣੀ ਰਚਨਾ ਨਾਲ ਤਾਂ ਬਿਨਾਂ ਕਿਸੇ ਕਾਰਨ ਦੇ ਹੀ ਪ੍ਰੇਮ ਹੋ ਸਕਦਾ ਹੈ।
ਫੇਰ ਕੁਝ ਲੇਖਕਾਂ ਦਾ ਕਹਿਣਾ ਸੀ ਕਿ ਅਸੀਂ ਆਪਣੀ ਕਹਾਣੀ ਦੀ ਤਾਰੀਫ਼ ਖ਼ੁਦ ਕਿੰਜ ਕਰੀਏ? ਆਪਣੀ ਕਹਾਣੀ ਨੂੰ ਆਪਣੀ ਔਲਾਦ ਕਹਿਣ ਵਾਲੇ ਲੇਖਕਾਂ ਦੀ ਇਹ ਗੱਲ ਸੁਣ ਕੇ ਥੋੜ੍ਹੀ ਹੈਰਾਨੀ ਹੋਣਾ ਸੁਭਾਵਿਕ ਹੀ ਸੀ। ਜਦੋਂ ਅਸੀਂ ਆਪਣੀ ਔਲਾਦ ਦਾ ਵਿਆਹ ਕਰਨ ਬਾਜ਼ਾਰ ਵਿਚ ਪਹੁੰਚਦੇ ਹਾਂ ਤਾਂ ਕਹਿਣ ਤੋਂ ਬਾਜ਼ ਨਹੀਂ ਆਉਂਦੇ—“ਜੀ ਸਾਡੀ ਬੇਟੀ ਤਾਂ ਸਲਾਈ, ਕਢਾਈ, ਰਸੋਈ ਦੀ ਚੈਂਪੀਅਨ ਏ।...ਸਾਡਾ ਬੇਟਾ ਚਾਲ੍ਹੀ ਹਜ਼ਾਰ ਤਨਖ਼ਾਹ ਲੈਂਦਾ ਏ ਤੇ ਵੀਹ ਕੁ ਹਜ਼ਾਰ ਉਪਰੋਂ ਬਣਾ ਲੈਂਦਾ ਏ।” ਬੇਟੇ, ਬੇਟੀ ਦੀ ਸੁੰਦਰਤਾ, ਚਰਿਤਰ, ਗੱਲਬਾਤ ਦੇ ਢੰਗ, ਹਸਮੁੱਖ ਸੁਭਾਅ ਦੀ ਤਾਰੀਫ਼ ਵਿਚ ਅਸੀਂ ਪੂਰੀ ਤਾਕਤ ਲਾ ਦਿੰਦੇ ਹਾਂ। ਫੇਰ ਔਲਾਦ ਵਰਗੀ ਕਹਾਣੀ ਲਈ ਦੋ ਸਫੇ ਕਿਉਂ ਨਹੀਂ ਲਿਖ ਸਕਦੇ? ਸਾਡੀ ਪ੍ਰਸਿੱਧ ਲੇਖਕਾ ਊਸ਼ਾ ਰਾਜੇ ਸਕਸੇਨਾ ਨੇ ਤਾਂ ਇੱਥੋਂ ਤਕ ਕਹਿ ਦਿੱਤਾ—“ਤੇਜੇਂਦਰ ਜੀ, ਮੈਂ ਆਪਣੀ ਪਿਆਰੀ ਕਹਾਣੀ ਹਾਲੇ ਲਿਖਣੀ ਏਂ।” ਯਾਨੀ ਅੱਜ ਤਕ ਦੋ ਕਹਾਣੀ ਸੰਗ੍ਰਹਿ ਛਪ ਚੁੱਕਣ ਦੇ ਬਾਅਦ ਵੀ ਉਹਨਾਂ ਨੂੰ ਇਕ ਵੀ ਕਹਾਣੀ ਪ੍ਰਿਯ ਨਹੀਂ ਹੈ। ਤੇ ਮਜ਼ੇਦਾਰ ਗੱਲ ਇਹ ਹੈ ਕਿ 'ਮੇਰੀਆਂ ਪ੍ਰਿਯ ਕਹਾਣੀਆਂ' ਤੇ 'ਫਲਾਨੇ...ਦੀਆਂ ਚੋਣਵੀਆਂ ਕਹਾਣੀਆਂ' ਦੇ ਨਾਂ ਨਾਲ ਲਗਭਗ ਸਾਰੇ ਭਾਰਤੀ ਲੇਖਕਾਂ ਨੇ ਸੰਗ੍ਰਹਿ ਛਪਵਾਏ ਨੇ। ਫੇਰ ਸਮੱਸਿਆ ਕੀ ਹੈ, ਇਹ ਮੇਰੇ ਲਈ ਸਮਝਣਾ ਔਖਾ ਸੀ।
ਇਸ ਸੰਗ੍ਰਹਿ ਲਈ ਸਾਮਗ੍ਰੀ ਇਕੱਠੀ ਕਰਨ ਦੀ ਪ੍ਰਕ੍ਰਿਆ ਨੂੰ ਤੁਹਾਡੇ ਨਾਲ ਸਾਂਝਾ ਕਰਦਿਆਂ ਹੋਇਆ ਮੇਰੇ ਦਿਲ ਦਾ ਭਾਰ ਵੀ ਹੌਲਾ ਹੋ ਰਿਹਾ ਹੈ। ਜਿੱਥੇ ਇਲਾ ਪ੍ਰਸਾਦ (ਅਮਰੀਕਾ) ਦਿਵਯ ਮਾਥੁਰ ਤੇ ਡਾਕਟਰ ਗੌਤਮ ਸੱਚਦੇਵ (ਲੰਦਨ) ਨੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀਆਂ ਕਹਾਣੀਆਂ ਤੇ ਉਹਨਾਂ ਬਾਰੇ ਆਪਣੇ ਲੇਖ ਭੇਜ ਦਿੱਤੇ, ਉੱਥੇ ਕੁਝ ਲੇਖਕਾਂ ਦੀਆਂ ਕਹਾਣੀਆਂ ਅੱਜ ਤੀਕ ਨਹੀਂ ਪਹੁੰਚੀਆਂ। ਮੈਂ ਆਪਣੇ ਲੇਖਕਾਂ ਨੂੰ ਸਮਝਾ ਹੀ ਨਹੀਂ ਸਕਿਆ ਕਿ 'ਕਹਾਣੀ ਪ੍ਰਿਯ' ਹੋਣ ਬਾਰੇ ਉਹਨਾਂ ਦੀ ਲਿਖਤ ਦਾ ਮਹੱਤਵ ਕੀ ਹੈ? ਸੁਸ਼ਮ ਬੇਦੀ ਕਿਉਂਕਿ ਭਾਰਤ ਵਿਚ ਸੀ, ਉਹਨਾਂ ਕਿਹਾ ਕਿ ਭਾਰਤ ਵਿਚ ਕੰਪਿਊਟਰ ਉਪਲਭਧ ਨਹੀਂ ਹੈ ਇਸ ਲਈ ਅਮਰੀਕਾ ਵਾਪਸ ਜਾ ਕੇ ਹੀ ਦੋ ਸ਼ਬਦ ਲਿਖ ਸਕਾਂਗੀ। ਉਸ਼ਾ ਜੀ ਨੇ ਤਾਂ ਜਦ ਕਹਾਣੀ ਭੇਜੀ, ਉਦੋਂ ਤਕ ਮੈਂ ਸਾਮਗ੍ਰੀ ਦਾ ਲਿਫ਼ਾਫ਼ਾ ਬੰਨ੍ਹ ਚੁੱਕਿਆ ਸਾਂ ਤੇ ਭੋਪਾਲ ਕੋਰੀਅਰ ਕਰਵਾਉਣ ਜਾਣ ਹੀ ਲੱਗਾ ਸਾਂ। ਅਮਰੀਕਾ ਦੇ ਭਾਈ ਅਮਰੇਂਦਰ ਨਾਲ ਸੰਪਰਕ ਕਰਨ ਵਿਚ ਮੈਥੋਂ ਕੁਝ ਦੇਰ ਹੋ ਗਈ ਸੀ...ਪਰ ਉਹਨਾਂ ਵੀਹ ਘੰਟਿਆਂ ਦੇ ਅੰਦਰ ਅੰਦਰ ਆਪਣੀ ਪੂਰੀ ਸਾਮਗ੍ਰੀ ਪੀ.ਡੀ.ਐਫ. ਫਾਈਲ ਬਣਾ ਕੇ ਈ. ਮੇਲ ਕਰ ਦਿੱਤੀ। ਅਚਲਾ ਸ਼ਰਮਾ (ਲੰਦਨ) ਤੇ ਸੌਮਿੱਤ੍ਰ ਸਕਸੇਨਾ (ਅਮਰੀਕਾ) ਦੀ ਕਹਾਣੀ ਤਾਂ ਸਾਮਗ੍ਰੀ ਭੋਪਾਲ ਪੋਸਟ ਕਰਨ ਪਿੱਛੋਂ ਮੇਰੇ ਕੋਲ ਪਹੁੰਚੀ।
ਮੈਂ ਇਹਨਾਂ ਕਹਾਣੀਆਂ ਦੀ ਗੁਣਵੱਤਾ ਉਪਰ ਕੋਈ ਟਿੱਪਣੀ ਨਹੀਂ ਕਰਾਂਗਾ। ਇਹ ਉਹ ਕਹਾਣੀਆਂ ਨੇ ਜਿਹੜੀਆਂ ਆਪਣੇ ਲੇਖਕਾਂ ਨੂੰ ਪਸੰਦ ਨੇ। ਅਵਸਾਨ, ਰੋਡ-ਟੈਸਟ, ਲਾਸ਼, ਪਿਜ਼ਾ ਕੀ ਪੁਕਾਰ, ਜੜੋਂ ਸੇ ਉਖੜੇ, ਬਚਾਵ, ਵਹ ਰਾਤ, ਉਸਕੀ ਜ਼ਮੀਨ ਤੇ ਮਾਰਿਯਾ ਯਾਨੀ ਕਿ ਸੰਗ੍ਰਹਿ ਦੀਆਂ ਅੱਧੀਆਂ ਕਹਾਣੀਆਂ ਅਜਿਹੀਆਂ ਨੇ ਜਿਹਨਾਂ ਦੀ ਪਿੱਠ-ਭੂਮੀ ਉਸੇ ਦੇਸ਼ ਦੀ ਹੈ ਜਿੱਥੇ ਲੇਖਕ ਰਹਿ ਰਹੇ ਨੇ। ਉੱਥੇ ਮਦਰਸੋਂ ਕੇ ਬੀਚ ਤੇ ਦੇਹ ਕੀ ਕੀਮਤ ਦਾ ਘਟਨਾ ਚੱਕਰ ਵਿਦੇਸ਼ ਵਿਚ ਹੀ ਵਾਪਰਦਾ ਹੈ। ਅਨੁਸ਼ਠਾਨ ਇਕ ਨਾਸਟੇਲਜ਼ਿਯਾ ਤੇ ਜੜਾਂ ਵੱਲ ਵਾਪਸ ਜਾਣ ਦੀ ਇਕ ਬੱਚੇ ਦੀ ਕਹਾਣੀ ਹੈ ਜਿਹੜੀ ਵੰਡ ਦੀ ਪੀੜ ਨੂੰ ਬੜੀ ਖ਼ੂਬਸੂਰਤੀ ਨਾਲ ਦਰਸਾਉਂਦੀ ਹੈ। ਬਾਕੀ ਛੇ ਕਹਾਣੀਆਂ ਭਾਰਤੀ ਪਿੜ ਨਾਲ ਜੁੜੀਆਂ ਨੇ। ਮਾਰਿਯਾ ਵਰਗੀ ਕਹਾਣੀ ਦੀ ਪਿੱਠ-ਭੂਮੀ ਪੱਛਮੀ ਦੇਸ਼ਾਂ ਦੇ ਇਲਾਵਾ ਸ਼ਾਇਦ ਹੀ ਕਿਧਰੇ ਹੋਰ ਹੋਵੇ।
ਪਰ ਇਹਨਾਂ ਕਹਾਣੀਆਂ ਦੇ ਸਤਰ ਦੀ ਜਾਂਚ-ਪਰਖ ਤਾਂ ਹੋਣੀ ਜ਼ਰੂਰੀ ਹੈ ਇਸ ਲਈ ਹੋ ਸਕਦਾ ਹੈ ਕਿ ਹਰਿ ਭਟਨਾਗਰ ਖ਼ੁਦ ਇਹਨਾਂ ਕਹਾਣੀਆਂ ਬਾਰੇ ਕੁਝ ਲਿਖਣ ਜਾਂ ਫੇਰ ਕਿਸੇ ਸਥਾਪਤ ਲੇਖਕ-ਆਲੋਚਕ ਤੋਂ ਇਕ ਭੂਮਿਕਾ ਲਿਖਵਾਈ ਜਾਵੇ ਤਾਂ ਕਿ ਪ੍ਰਵਾਸੀ ਲੇਖਕਾਂ ਨੂੰ ਵੀ ਪਤਾ ਲੱਗ ਸਕੇ ਕਿ ਅਸੀਂ ਕਿੱਥੇ ਕੁ ਖੜ੍ਹੇ ਹਾਂ। ਵੈਸੇ ਇਕ ਗੱਲ ਕਮਾਲ ਦੀ ਹੈ ਕਿ ਇਸ ਸੰਗ੍ਰਹਿ ਦੀ ਪਹਿਲੀ ਕਹਾਣੀ ਅਵਸਾਨ ਵੀ ਲਾਸ਼ ਦੇ ਅੰਤਮ-ਸੰਸਕਾਰ 'ਤੇ ਅਧਾਰਿਤ ਹੈ ਤੇ ਅੰਤਮ ਕਹਾਣੀ ਦੇਹ ਦੀ ਕੀਮਤ ਵੀ ਕੁਝ ਇਸੇ ਵਿਸ਼ੇ ਨਾਲ ਜੂਝਦੀ ਹੈ। ਥੀਮ, ਭਾਸ਼ਾ ਤੇ ਸਟਾਈਲ ਦੇ ਸਤਰ 'ਤੇ ਇਹ ਕਹਾਣੀਆਂ ਆਪਣੀ ਪਛਾਣ ਖ਼ੁਦ ਬਣਾਉਂਦੀਆਂ ਨੇ।
ਸਾਡੇ ਇਕ ਮਿੱਤਰ ਨੇ ਸਵਾਲ ਉਠਾਇਆ ਕਿ ਤੁਸੀਂ ਕਹਾਣੀਆਂ ਦੀ ਚੋਣ ਸਮੇਂ ਕਿਹੜੇ ਮਾਪਦੰਡ ਤੈਅ ਕੀਤੇ ਨੇ? ਜਦੋਂ ਅਸੀਂ ਕਿਹਾ ਕਿ ਲੇਖਕ ਦਾ ਘੱਟੋਘੱਟ ਇਕ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕਿਆ ਹੋਵੇ। ਸਾਡੇ ਮਿੱਤਰ ਨੇ ਸ਼ਿਕਾਇਤੀ ਲਹਿਜੇ ਵਿਚ ਕਿਹਾ ਕਿ ਕੀ ਇਹ ਜ਼ਰੂਰੀ ਏ ਕਿ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਹੀ ਹੋਵੇ? ਇੰਜ ਨਹੀਂ ਹੋ ਸਕਦਾ ਕਿ ਕਿਸੇ ਲੇਖਕ ਨੇ ਪੰਜ ਕਹਾਣੀਆਂ ਹੀ ਲਿਖੀਆਂ ਹੋਣ ਤੇ ਉਹ ਕਹਾਣੀਆਂ ਮੀਲ ਦਾ ਪੱਥਰ ਹੋਣ। ਆਪਣੀ ਗੱਲ ਦੇ ਪੱਖ ਵਿਚ ਉਹਨਾਂ ਚੰਦਰਧਰ ਸ਼ਰਮਾ 'ਗੁਲੇਰੀ' ਦੀ ਕਹਾਣੀ 'ਉਸਨੇ ਕਹਾ ਥਾ' ਦੀ ਉਦਾਹਰਣ ਵੀ ਦਿੱਤੀ। ਉਹਨਾਂ ਦੀ ਦਲੀਲ ਸੀ ਕਿ ਗਲੋਰੀ ਜੀ ਦਾ ਤਾਂ ਕੋਈ ਕਹਾਣੀ ਸੰਗ੍ਰਹਿ ਨਹੀਂ ਛਪਿਆ, ਕੀ ਉਹਨਾਂ ਦੀ ਕਹਾਣੀ ਕਿਸੇ ਵੀ ਕਹਾਣੀਕਾਰ ਦੀ ਤੁਲਨਾਂ ਵਿਚ ਕਮਜ਼ੋਰ ਸਾਬਤ ਹੁੰਦੀ ਹੈ? ਮੇਰਾ ਜਵਾਬ ਸੀ ਕਿ ਅਸੀਂ ਕਹਾਣੀ ਸੰਗ੍ਰਹਿ ਵਾਲੀ ਸ਼ਰਤ ਨੂੰ ਹਟਾ ਸਕਦੇ ਹਾਂ ਪਰ ਕਹਾਣੀ ਜੇ 'ਉਸਨੇ ਕਹਾ ਥਾ' ਵਰਗੀ ਨਾ ਵੀ ਹੋਵੇ, ਤਾਂ ਉਸਦੇ ਆਸਪਾਸ ਦੀ ਤਾਂ ਹੋਵੇ। ਇਸ ਲਈ ਇਸ ਸੰਗ੍ਰਹਿ ਵਿਚ ਤਿੰਨ ਅਜਿਹੀਆਂ ਕਹਾਣੀਆਂ ਵੀ ਸ਼ਾਮਲ ਹੈਨ, ਜਿਹਨਾਂ ਦੇ ਲੇਖਕਾਂ ਦਾ ਹੁਣ ਤਕ ਕੋਈ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਨਹੀਂ ਹੋਇਆ ਹੈ।
ਅਸੀਂ ਲੇਖਕਾਂ ਦੀ ਜਾਣ-ਪਛਾਣ ਸੰਖੇਪ ਵਿਚ ਕਰਵਾਈ ਹੈ। ਲਿਖਤਾਂ ਦੇ ਇਲਾਵਾ ਉਹਨਾਂ ਦੇ ਜੀਵਨ ਦੀਆਂ ਹੋਰ ਗਤੀਵਿਧੀਆਂ ਬਾਰੇ ਬਹੁਤੀ ਚਰਚਾ ਨਹੀਂ ਕੀਤੀ ਗਈ। ਸਾਡੀ ਸੋਚ ਹੈ ਕਿ ਕਹਾਣੀ ਖ਼ੁਦ ਲੇਖਕ ਦੀ ਪਛਾਣ ਬਣੇ। ਇੰਜ ਨਾ ਹੋਵੇ ਕਿ ਜਾਣ-ਪਛਾਣ ਚਾਰ ਸਫਿਆਂ ਦੀ ਤੇ ਕਹਾਣੀ ਵਿਚਾਰੀ ਜਿਹੀ ਹੋਵੇ।
ਸਾਡੀ ਸੋਚ, ਕਹਾਣੀਆਂ ਦੀ ਚੋਣ ਤੇ ਇਹ ਪੂਰਾ ਸੰਗ੍ਰਹਿ ਤੁਹਾਨੂੰ ਕੈਸਾ ਲੱਗਿਆ? ਇਹ ਜਾਣਨਾ ਸਾਡੇ ਲਈ ਬੜਾ ਜ਼ਰੂਰੀ ਹੈ। ਜੇ ਤੁਸੀਂ ਲੇਖਕਾਂ ਨਾਲ ਸਿੱਧਾ ਸੰਪਰਕ ਕਰਨਾ ਚਾਹੋ ਤਾਂ ਉਹਨਾਂ ਦਾ ਪਤਾ ਤੇ ਈ. ਮੇਲ ਉਹਨਾਂ ਦੀ ਜਾਣ-ਪਛਾਣ ਵਿਚ ਸ਼ਾਮਲ ਕੀਤਾ ਗਿਆ ਹੈ।
ਤਾਂ ਲਓ ਫੇਰ, ਵਿਦੇਸ਼ ਵਿਚ ਵੱਸੇ ਕਹਾਣੀਕਾਰਾਂ ਦੀਆਂ ਕਹਾਣੀਆਂ ਦਾ ਰਸ ਮਾਣੋ।
    ---- ---- ----

Wednesday, August 31, 2011

ਬਚਾਅ... :: ਲੇਖਕਾ : ਦਿਵਯ ਮਾਥੂਰ

ਪ੍ਰਵਾਸੀ ਹਿੰਦੀ ਕਹਾਣੀ :

    ਬਚਾਅ...
      ਲੇਖਕਾ : ਦਿਵਯ ਮਾਥੂਰ


        E-mail :- divyamathur@alo.com

      ਅਨੁਵਾਦ : ਮਹਿੰਦਰ ਬੇਦੀ, ਜੈਤੋ 





ਨਿੰਦੀਆ ਦੇ ਪਾਪਾ ਕਹਿੰਦੇ ਹੁੰਦੇ ਸਨ ਕਿ ਦੁਨੀਆਂ ਵਿਚ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ। ਇਕ ਤਾਂ ਉਹ ਜਿਹੜੇ ਪੰਛੀਆਂ ਵਾਂਗ ਸੂਰਜ ਦੇ ਨਿਕਲਦਿਆਂ ਹੀ ਉਠ ਪੈਂਦੇ ਨੇ ਤੇ ਦੂਜੇ ਉਹ ਜਿਹੜੇ ਉੱਲੂਆਂ ਵਾਂਗ ਦਿਨੇ ਵੀ ਸੁੱਤੇ ਰਹਿੰਦੇ ਨੇ...ਤੇ ਇਹ ਵੀ ਕਿ...ਭਲਾ ਉੱਲੂਆਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ? ਪਾਪਾ ਦੇ ਸਾਰੀ ਉਮਰ ਝਾੜਦੇ-ਫਿਟਕਾਰਦੇ ਰਹਿਣ ਦੇ ਬਾਵਜੂਦ ਉਹ ਕਦੀ ਸਮੇਂ 'ਤੇ ਨਹੀਂ ਉਠ ਸਕੀ। ਬਚਪਨ ਤੋਂ ਹੁਣ ਤਕ ਹਰ ਰਾਤ ਸੌਣ ਤੋਂ ਪਹਿਲਾਂ ਆਪਣੇ ਆਪ ਨਾਲ ਵਾਅਦਾ ਜ਼ਰੂਰ ਕਰਦੀ ਹੈ ਉਹ ਕਿ ਕਲ੍ਹ ਜਲਦੀ ਉਠੇਗੀ, ਪਰ ਹਰ ਸਵੇਰ 'ਬਸ ਪੰਜ ਮਿੰਟ ਹੋਰ' ਕਰਦੇ-ਕਰਦੇ ਦੇਰ ਹੋ ਜਾਂਦੀ ਹੈ। ਅੱਜ ਸਵੇਰੇ ਵੀ ਉਸਦੀ ਅੱਖ ਲੱਗੀ ਹੀ ਸੀ ਕਿ ਅਲਾਰਮ ਵੱਜਣ ਲੱਗ ਪਿਆ। ਅਲਾਰਮ ਨੂੰ ਬੰਦ ਕਰਨ ਦੀ ਕੋਸ਼ਿਸ਼ ਵਿਚ ਉਹ ਸੋਫੇ ਤੋਂ ਲੁੜਕ ਕੇ ਹੇਠਾਂ ਜਾ ਡਿੱਗੀ ਸੀ। ਮਕਾਨ ਮਾਲਕਿਨ ਧੀਰੂਬੇਨ ਕਿਤੇ ਰੌਲਾ ਨਾ ਪਾਉਣ ਲੱਗ ਪਏ। ਰਜਾਈ, ਕੰਬਲ ਤੇ ਸਿਰਹਾਣੇ ਨਾਲ ਜੂਝਦੇ ਹੱਥਾਂ ਵਿਚ ਆ ਕੇ ਵੀ ਘੜੀ, ਤਿਲ੍ਹਕ ਕੇ, ਪਤਾ ਨਹੀਂ ਕਿੱਥੇ ਛਿਪਣ ਹੋ ਗਈ ਸੀ। ਕਿਸੇ ਤਰ੍ਹਾਂ ਅਲਾਰਮ ਬੰਦ ਕਰਕੇ ਅੱਖਾਂ ਮਲਦੀ, ਡਿੱਗਦੀ-ਢਹਿੰਦੀ ਤੇ ਆਪਣੇ ਆਪ ਨੂੰ ਫਿਟਕਾਰਦੀ ਹੋਈ ਉਹ ਬਾਥਰੂਮ ਵੱਲ ਨੱਸੀ ਸੀ। ਮੂੰਹ ਵਿਚ ਟੂੱਥ ਬਰੱਸ਼ ਤੁੰਨ ਕੇ ਗਰਮ ਪਾਣੀ ਦੀ ਟੂਟੀ ਚਲਾਈ ਹੀ ਸੀ ਕਿ ਇਕ ਬੀਂਡਾ ਨਾਲੀ ਵਿਚੋਂ ਨਿਕਲਿਆ ਤੇ ਨਹਾਉਣ ਵਾਲੇ ਟਬ ਵਿਚ ਇਧਰ-ਉਧਰ ਦੌੜਨ ਲੱਗ ਪਿਆ—ਡਰਾਉਂਦਾ, ਪਰ ਡਰਿਆ ਹੋਇਆ। ਨਿੰਦੀਆ ਨੇ ਕਾਹਲ ਨਾਲ ਫੁਆਰੇ ਦੀ ਤੇਜ਼ ਧਾਰ ਨਾਲ ਉਸਨੂੰ ਵਾਪਸ ਨਾਲੀ ਵਿਚ ਧਰੀਕ ਦਿੱਤਾ। ਸ਼ਾਇਦ ਤੇਜ਼ ਗਰਮ ਪਾਣੀ ਨੇ ਉਸਦੀ ਜਾਨ ਲੈ ਲਈ ਹੋਏ ਜਾਂ ਫੇਰ ਉਹ ਨਾਲੀ ਵਿਚ ਰੁੜ੍ਹਦਾ ਹੋਇਆ ਕਿਤੇ ਦੂਰ ਨਿਕਲ ਗਿਆ ਹੋਏ। ਨਿੰਦੀਆ ਨੇ ਸੁਣਿਆ ਸੀ ਕਿ ਇਹੋ ਜਿਹੇ ਕੀੜੇ-ਮਕੌੜੇ ਬੜੇ ਸਖ਼ਤ ਜਾਨ ਹੁੰਦੇ ਨੇ ਤੇ ਬੀਂਡੇ ਤਾਂ ਮਾਈਕਰੋਵੇਵ ਦੇ ਤਾਪ 'ਚੋਂ ਵੀ ਬਚ ਨਿਕਲਦੇ ਨੇ।
ਦਫ਼ਤਰ ਵਿਚ ਸਾਰਾ ਦਿਨ ਨਿੰਦੀਆ ਮੁੜ-ਮੁੜ ਇਹੋ ਸੋਚਦੀ ਰਹੀ ਕਿ ਉਸਨੂੰ ਕੀ ਲੋੜ ਪਈ ਸੀ ਵਿਚਾਰੇ ਬੀਂਡੇ 'ਤੇ ਏਨਾ ਗਰਮ ਪਾਣੀ ਪਾਉਣ ਦੀ? ਭਾਵੇਂ ਉਸਨੇ ਜਾਣ-ਬੁਝ ਕੇ ਇੰਜ ਨਹੀਂ ਸੀ ਕੀਤਾ। ਉਹ ਹਮੇਸ਼ਾ ਪਹਿਲਾਂ ਗਰਮ ਪਾਣੀ ਵਾਲੀ ਟੂਟੀ ਹੀ ਖੋਲ੍ਹਦੀ ਹੈ; ਕਿਉਂਕਿ ਜੇ ਠੰਡੇ ਪਾਣੀ ਦੀ ਟੂਟੀ ਨੂੰ ਪਹਿਲਾਂ ਚਲਾ ਦਿੱਤਾ ਜਾਏ ਤਾਂ ਪਾਣੀ ਦੇ ਤਾਪਮਾਨ ਨੂੰ ਸੰਤੁਲਤ ਕਰਨਾ ਔਖਾ ਹੋ ਜਾਂਦਾ ਹੈ। ਖ਼ੈਰ, ਬੀਂਡੇ ਨੂੰ ਕੀ ਲੋੜ ਪੈ ਗਈ ਸੀ ਨਿੰਦੀਆ ਦੇ ਟੱਬ ਵਿਚ ਆਉਣ ਦੀ—ਉਹ ਵੀ ਸਵੇਰੇ-ਸਵੇਰੇ। ਸਾਰਾ ਦਿਨ ਉਹ ਘਰੋਂ ਬਾਹਰ ਹੁੰਦੀ ਹੈ, ਓਦੋਂ ਭਾਵੇਂ ਜਿੱਥੇ ਮਰਜ਼ੀ ਘੁੰਮਦਾ ਰਹਿੰਦਾ। ਨਿੰਦੀਆ ਨੇ ਸੋਚਿਆ ਕਿ ਜੇ ਉਹ ਬੀਂਡਾ ਕਿਸੇ ਬ੍ਰਿਟਿਸ਼ ਕੋਰਟ ਵਿਚ ਮੁਕਦਮਾ ਦਾਇਰ ਕਰ ਸਕਦਾ ਤਾਂ ਜ਼ਰੂਰ ਜੇਲ੍ਹ ਹੋ ਜਾਂਦੀ। ਪਿੱਛੇ ਜਿਹੇ ਹੀ ਇਕ ਖ਼ਬਰ ਸੁਣੀ ਸੀ ਕਿ ਘਰ ਵੜ ਆਏ ਇਕ ਚੋਰ ਨੂੰ ਜਦੋਂ ਘਰ ਦੇ ਮਾਲਕ, ਇਕ ਅੰਗਰੇਜ਼, ਨੇ ਗੋਲੀ ਚਲਾ ਕੇ ਜ਼ਖ਼ਮੀ ਕਰ ਦਿੱਤਾ ਤਾਂ ਚੋਰ ਨੇ ਉਸ ਉੱਤੇ ਮੁਕੱਦਮਾ ਦਾਇਰ ਕਰ ਦਿੱਤਾ। ਜੱਜ ਦਾ ਫ਼ੈਸਲਾ ਸੀ ਕਿ ਚੋਰ ਨੂੰ ਜ਼ਖ਼ਮੀ ਨਹੀਂ ਸੀ ਕਰਨਾ ਚਾਹੀਦਾ ਉਸਨੂੰ। ਪਸਤੌਲ ਵਿਖਾ ਕੇ ਸਿਰਫ ਡਰਾ-ਧਮਕਾ ਕੇ ਕੰਮ ਚਲਾਇਆ ਜਾ ਸਕਦਾ ਸੀ। ਅੰਗਰੇਜ਼ ਦੇ ਪੱਖ ਵਿਚ ਬਹੁਤ ਸਾਰੇ ਲੋਕ ਸਨ, ਜਿਹਨਾਂ ਦਾ ਮੰਨਣਾ ਸੀ ਕਿ ਘਰ ਦੇ ਮਾਲਕ ਨੂੰ ਏਨਾ ਅਧਿਕਾਰ ਤਾਂ ਹੋਣਾ ਹੀ ਚਾਹੀਦਾ ਹੈ ਕਿ ਆਪਣੇ ਬਚਾਅ ਖਾਤਰ ਉਹ ਚੋਰ ਨਾਲ ਜਿਹੋ-ਜਿਹਾ ਚਾਹੇ ਸਲੂਕ ਕਰੇ। ਨਿੰਦੀਆ ਨੇ ਸੋਚਿਆ ਕਿ ਜਦੋਂ ਮੁਸੀਬਤ ਸਿਰ 'ਤੇ ਖੜ੍ਹੀ ਹੋਏ ਤਾਂ ਕੀ ਕੋਈ ਇਹ ਸੋਚ ਸਕਦਾ ਹੈ ਕਿ ਅਪਰਾਧੀ ਨੂੰ ਕਿੰਨੀ ਮਾਤਰਾ ਵਿਚ ਜ਼ਖ਼ਮੀ ਕੀਤਾ ਜਾਏ? ਉਸਨੇ ਵਾਲੀਵੁੱਡ ਦੀਆਂ ਕਈ ਫ਼ਿਲਮਾਂ ਵਿਚ ਦੇਖਿਆ ਹੈ ਕਿ ਹੀਰੋਇਨ ਪਸਤੌਲ ਜਾਂ ਚਾਕੂ ਚੁੱਕ ਕੇ ਅਪਰਾਧੀ ਨੂੰ ਧਮਕਾਉਂਦੀ ਤਾਂ ਹੈ, ਪਰ ਡਰ ਦੀ ਮਾਰੀ ਹਮਲਾ ਨਹੀਂ ਕਰ ਸਕਦੀ। ਇਸ ਦੌਰਾਨ ਅਪਰਾਧੀ ਉਸਦੇ ਹੱਥੋਂ ਉਹੀ ਪਸਤੌਲ ਜਾਂ ਚਾਕੂ ਖੋਹ ਲੈਂਦਾ ਹੈ ਤੇ ਹੀਰੋਇਨ ਦਾ 'ਰਾਮ ਨਾਮ ਸੱਤ' ਕਰ ਦੇਂਦਾ ਹੈ। ਕਿੰਨੀ ਖਿਝ ਚੜ੍ਹਦੀ ਹੈ ਉਸਨੂੰ ਅਜਿਹੇ ਦ੍ਰਿਸ਼ ਦੇਖ ਕੇ...ਬਸ ਪੁੱਛੋ ਨਾ। ਕਿਸੇ ਦੇ ਘਰ ਵਿਚ ਚੋਰ ਘੁਸ ਆਏ, ਉਸਨੂੰ ਤੇ ਉਸਦੇ ਪਰਿਵਾਰ ਨੂੰ ਡਰਾਏ-ਧਮਕਾਏ ਤਾਂ ਵੀ ਉਸਨੂੰ ਏਨੀ ਸਜ਼ਾ ਨਹੀਂ ਮਿਲੇਗੀ, ਜਿੰਨੀ ਕਿ ਘਰ ਦੇ ਮਾਲਕ ਨੂੰ ਇੱਥੇ ਇਕ ਚੋਰ ਨੂੰ ਜ਼ਖ਼ਮੀ ਕਰਨ 'ਤੇ ਮਿਲਦੀ ਹੈ—ਇਹ ਇੰਗਲੈਂਡ ਹੈ।
ਹਾਂ, ਇਹ ਇੰਗਲੈਂਡ ਹੈ। ਸਾਲਾਂ ਤੋਂ ਨਿੰਦੀਆ ਇੱਥੇ ਵੱਸਣ ਲਈ ਹੱਥ ਪੈਰ ਮਾਰ ਰਹੀ ਹੈ। ਉਸਦੇ ਪਾਸਪੋਰਟ ਉੱਤੇ ਹੋਮ ਆਫ਼ਿਸ ਵਾਲਿਆਂ ਨੇ ਠੱਪਾ ਲਾ ਦਿੱਤਾ ਹੈ ਕਿ ਸਿਰਫ ਅੰਤਰ-ਰਾਸ਼ਟਰੀ ਦਫ਼ਤਰਾਂ ਤੇ ਦੂਤਾਵਾਸਾਂ ਵਿਚ ਹੀ ਕੰਮ ਕਰ ਸਕਦੀ ਹੈ। ਇਹ ਪਾਬੰਦੀ ਹੋਣ ਕਰਕੇ ਉਸਨੂੰ ਕੋਈ ਚੰਗੀ ਨੌਕਰੀ ਤਾਂ ਨਹੀਂ ਸੀ ਮਿਲ ਸਕੀ, ਪਰ ਪਿਛਲੇ ਪੰਜਾਂ ਸਾਲਾਂ ਵਿਚ ਉਹਨੇ ਇਹਨਾਂ ਦਫ਼ਤਰਾਂ ਦੇ ਸਾਰੇ ਰਹੱਸ ਜ਼ਰੂਰ ਜਾਣ ਲਏ ਸੀ। ਘੱਟ ਤਨਖ਼ਾਹ ਕਰਕੇ ਇਹ ਦਫ਼ਤਰ ਨਿੰਦੀਆ ਵਰਗੇ ਲੋਕਾਂ ਨੂੰ ਨੌਕਰੀ ਤਾਂ ਦੇ ਦਿੰਦੇ ਸਨ ਪਰ ਲੋੜੀਂਦੀਆਂ ਸਹੂਲਤਾਂ ਨਹੀਂ ਸੀ ਦਿੰਦੇ ਤੇ ਨਾ ਹੀ ਸਮੇਂ ਤੇ ਉਹਨਾਂ ਦੀ ਤਨਖ਼ਾਹ ਹੀ ਵਧਾਉਂਦੇ ਸਨ। ਬ੍ਰਿਟਿਸ਼ ਸਰਕਾਰ ਦੇ ਅਧੀਨ ਨਾ ਹੋਣ ਕਰਕੇ ਇਹਨਾਂ ਉੱਤੇ ਨਾ ਤਾਂ ਕੋਈ ਮੁਕੱਦਮਾ ਚਲਾਇਆ ਜਾ ਸਕਦਾ ਹੈ ਤੇ ਨਾ ਹੀ ਇਹਨਾਂ ਦੀ ਕਿਧਰੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਜਿੱਥੇ ਇਕ ਪਾਸੇ ਨੌਕਰੀ ਤੋਂ ਕੱਢ ਦਿੱਤੇ ਜਾਣ ਦੇ ਭੈ ਕਰਕੇ ਇਹ ਕਰਮਚਾਰੀ ਚੁੱਪ ਰਹਿੰਦੇ ਨੇ, ਉੱਥੇ ਹੀ ਦੂਜੇ ਪਾਸੇ ਅਧਿਕਾਰੀ ਉਹਨਾਂ ਦੀ ਮਜ਼ਬੂਰੀ ਦਾ ਪੂਰਾ ਨਾਜਾਇਜ਼ ਫਾਇਦਾ ਉਠਾਉਂਦੇ ਨੇ। ਨਿੰਦੀਆ ਵਰਗ਼ੇ ਕਈ ਮਜ਼ਬੂਰ ਲੋਕ ਕੀੜਿਆਂ ਵਾਂਗ ਰੋਜ਼, ਰੋੜ੍ਹ ਦਿੱਤੇ ਜਾਂਦੇ ਨੇ ਤੇ ਆਪਣੇ ਬਚਾਅ ਲਈ ਉਹ ਕੁਝ ਵੀ ਨਹੀਂ ਕਰ ਸਕਦੇ। ਨਿੰਦੀਆ ਦੇ ਮਾਮਲੇ ਵਿਚ ਵੀ ਕਿਤੇ 'ਲੌਟ ਕੇ ਬੁੱਧੂ ਘਰ ਕੋ ਆਏ' ਵਾਲੀ ਕਹਾਵਤ ਸਿੱਧ ਨਾ ਹੋ ਜਾਏ। ਕੁਝ ਪੈਸੇ ਕਮਾਅ ਕੇ ਪਰਤ ਜਾਣ ਵਾਲਾ ਸੁਪਨਾ ਤਾਂ ਸੱਚ ਹੁੰਦਾ ਨਜ਼ਰ ਨਹੀਂ ਆ ਰਿਹਾ ਉਸਨੂੰ—ਵੈਸੇ ਜੇ ਵਾਪਸ ਵੀ ਚਲੀ ਜਾਏ ਤਾਂ ਉੱਥੇ ਕਿਹੜਾ ਨੌਕਰੀ ਮਿਲ ਜਾਏਗੀ। ਪਰਿਵਾਰ ਵਾਲਿਆਂ ਤੇ ਰਿਸ਼ਤੇਦਾਰਾਂ ਦੇ ਤਾਅਣੇ ਵੱਖਰੇ ਸੁਣਨੇ ਪੈਣਗੇ। ਇੱਥੇ ਜਿਸ ਹਾਲ ਵਿਚ ਵੀ ਹੈ, ਢਿੱਡ ਭਰ ਕੇ ਰੋਟੀ ਤਾਂ ਮਿਲ ਹੀ ਰਹੀ ਹੈ, ਸਾਫ਼-ਸੁਥਰੇ ਵਾਤਾਵਰਣ ਵਿਚ ਰਹਿ ਰਹੀ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਘੁੰਮਣ-ਫਿਰਨ ਦੀ ਆਜ਼ਾਦੀ ਹੈ। ਉਸਨੂੰ ਕੋਈ ਜਬਰਦਸਤੀ ਸ਼ਾਦੀ ਲਈ ਜਿੱਚ ਤਾਂ ਨਹੀਂ ਨਾ ਕਰ ਰਿਹਾ।
ਨਿੰਦੀਆ ਦੀ ਸਹੇਲੀ ਮੇਨਕਾ ਇਕ ਦੂਤਾਵਾਸ ਵਿਚ ਕੰਮ ਕਰਦੀ ਹੈ। ਉਸਦੇ ਨਾਲ ਦੇ ਕਈ ਕਰਮਚਾਰੀ ਵੀਹ ਤੇ ਤੀਹ ਸਾਲ ਤੋਂ ਉਸੇ ਦੂਤਾਵਾਸ ਵਿਚ ਟਿਕੇ ਹੋਏ ਨੇ। ਦਸ ਜਾਂ ਪੰਦਰਾਂ ਪਾਊਂਡ ਸਾਲਾਨਾ ਵਾਧੇ ਤੋਂ ਵੱਧ ਉਹਨਾਂ ਨੂੰ ਹੋਰ ਕੋਈ ਸਹੂਲਤ ਨਹੀ ਮਿਲਦੀ। ਤਨਖ਼ਾਹ ਟੈਕਸ ਫਰੀ ਹੋਣ ਕਰੇ ਬਸ ਮਹੀਨੇ ਦਾ ਖਰਚਾ ਪੂਰ ਹੋ ਜਾਂਦਾ ਹੈ, ਕੁਝ ਬਚਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਚੰਗੇ-ਭਲੇ, ਪੜ੍ਹੇ-ਲਿਖੇ ਯੋਗ ਲੋਕ ਇਕ ਵਾਰੀ ਜੇ ਇਸ ਜਾਲ ਵਿਚ ਫਸ ਗਏ ਤਾਂ ਸਮਝੋ ਕਿ ਘੱਟੋਘੱਟ ਚੌਦਾਂ ਸਾਲ ਲਈ ਤਾਂ ਵੱਝ ਹੀ ਗਏ। ਹਾਂ, ਏਨੇ ਸਾਲ ਹੀ ਲਗਦੇ ਨੇ ਪਾਸਪੋਰਟ ਉਪਰੋਂ ਇਹ ਠੱਪਾ ਹਟਾਉਣ ਵਿਚ। ਠੱਪਾ ਹਟਣ ਪਿੱਛੋਂ ਉਹ ਕਿਸੇ ਯੋਗ ਨਹੀ ਰਹਿ ਜਾਂਦੇ। ਪ੍ਰਸਥਿਤੀਆਂ ਨਾਲ ਲੜਦਿਆਂ-ਲੜਦਿਆ ਉਹਨਾਂ ਦੀ ਹਿੰਮਤ ਜਵਾਬ ਦੇ ਚੁੱਕੀ ਹੁੰਦੀ ਹੈ, ਆਤਮ-ਵਿਸ਼ਵਾਸ ਘੱਟ ਹੋ ਜਾਂਦਾ ਹੈ ਤੇ ਇਕੋ ਲੀਹੇ ਉਪਰ ਤੁਰਦੇ ਰਹਿਣ ਦੀ ਉਹਨਾਂ ਨੂੰ ਆਦਤ ਪੈ ਜਾਂਦੀ ਹੈ। ਨਹੀਂ-ਨਹੀਂ ਨਿੰਦੀਆ ਆਪਣੇ ਨਾਲ ਅਜਿਹਾ ਕੁਝ ਵੀ ਨਹੀਂ ਹੋਣ ਦਏਗੀ। ਉਸਨੂੰ ਛੇਤੀ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਪਏਗਾ ਤੇ ਮਾਂ-ਬਾਬਾ ਨੂੰ ਕੁਝ ਨਾ ਕੁਝ ਕਰਕੇ ਦਿਖਾਉਣਾ ਪਏਗਾ। ਗੱਲ-ਗੱਲ 'ਤੇ ਮਾਂ ਜੋ ਕਹਿੰਦੀ ਰਹਿੰਦੀ ਏ—'ਮੁੰਡਾ ਹੁੰਦਾ ਤਾਂ ਗੱਲ ਹੋਰ ਸੀ।' ਉਸਨੂੰ ਸਿੱਧ ਕਰਕੇ ਦਿਖਾਉਣਾ ਪਏਗਾ ਕਿ ਉਹ ਕਿਸੇ ਮੁੰਡੇ ਨਾਲੋਂ ਘੱਟ ਨਹੀਂ।
ਇਕ ਅਜਿਹੀ ਹੀ ਅੰਤਰ-ਰਾਸ਼ਟਰੀ ਕੰਪਨੀ ਵਿਚ ਲਿਪਿਕ ਦੀ ਇਕ ਸਥਾਈ ਪੋਸਟ ਲਈ ਨਿੰਦੀਆ ਨੇ ਦਰਖ਼ਵਾਸਤ ਦਿੱਤੀ ਸੀ। ਸਭ ਤੋਂ ਚੰਗਾ ਟੈਸਟ ਦੇਣ ਦੇ ਬਾਵਜੂਦ ਇਕ ਰਾਜਦੂਰ ਦੀ ਬੇਟੀ, ਸੁਕ੍ਰਿਤੀ ਸੁਬਰਾਮੰਨਿਯਮ ਨੂੰ ਚੁਣ ਲਿਆ ਗਿਆ ਸੀ। ਨਿੰਦੀਆ ਕਈ ਹਫ਼ਤੇ ਤਕ ਖਿਝੀ-ਖਿਝੀ ਤੇ ਮੁਰਝਾਈ ਜਿਹੀ ਰਹੀ ਸੀ। ਦੋਸਤੀ ਦਾ ਹੱਥ ਵਧਾਉਂਦਿਆਂ ਹੋਇਆ ਪ੍ਰਬੰਧਕੀ ਅਧਿਕਰੀ ਕੋਡਨਾਨੀ ਨੇ ਮੋਢੇ ਸਿਕੋੜ ਕੇ ਆਪਣੀ ਮਜ਼ਬੂਰੀ ਜ਼ਾਹਰ ਕਰ ਦਿੱਤੀ ਤਾਂ ਨਿੰਦੀਆ ਨੇ ਸੋਚਿਆ ਕਿ ਚਲੋ ਕੁਛ ਹੋਰ ਨਾ ਸਹੀ ਤਾਂ ਇਸ ਦੌਰਾਨ ਹੋਈ ਕੋਡਨਾਨੀ ਨਾਲ ਉਸਦੀ ਮਿੱਤਰਤਾ ਤਾਂ ਕੰਮ ਆਏਗੀ। ਇਹਨਾਂ ਦਫ਼ਤਰਾਂ ਵਿਚ ਬਿਨਾਂ ਜਾਣ-ਪਛਾਣ ਦੇ ਕੁਝ ਨਹੀਂ ਹੁੰਦਾ, ਤੇ ਹੋਇਆ ਵੀ ਇਵੇਂ। ਭਾਵੇਂ ਤਿੰਨ ਮਹੀਨਿਆਂ ਲਈ ਹੀ ਸਹੀ ਨਿੰਦੀਆ ਨੂੰ ਛੇਤੀ ਹੀ ਉਸਨੇ ਅਸਥਾਈ ਲਿਪਿਕ ਦੇ ਤੌਰ 'ਤੇ ਭਰਤੀ ਕਰਵਾ ਲਿਆ, ਫਿਲੋਮਿਨਾ ਡੀਸੂਜ਼ਾ ਦੀ ਥਾਂ ਜਿਹੜੀ ਮੈਟਰਨਿਟੀ ਲੀਵ 'ਤੇ ਸੀ। ਜਦੋਂ ਛੁੱਟੀ ਖਤਮ ਹੋਣ ਵਾਲੀ ਹੋਈ ਤਾਂ ਕੋਡਨਾਨੀ ਨੇ ਫਿਲੋਮਿਨਾ ਨੂੰ ਛੁੱਟੀ ਵਧਾਉਣ ਦੀ ਸਲਾਹ ਦਿੱਤੀ, ਜਿਸਨੂੰ ਉਸਨੇ ਧੰਨਵਾਦ ਸਹਿਤ ਮੰਨ ਲਿਆ। ਨਵੇਂ ਜੰਮੇ ਬੱਚੇ ਨੂੰ ਭਲਾ ਉਹ ਕਿੱਥੇ ਛੱਡਦੀ, 'ਓਪੇਯਰ' ਇੱਥੇ ਏਨੀ ਮਹਿੰਗੀ ਹੈ ਕਿ ਬੱਚੇ ਨੂੰ ਸਾਰਾ ਦਿਨ ਕਿਸੇ ਕੋਲ ਛੱਡਣ ਬਾਰੇ ਉਹ ਸੋਚ ਵੀ ਨਹੀਂ ਸੀ ਸਕਦੀ। ਤਿੰਨ ਮਹੀਨਿਆਂ ਦੀ ਮੋਹਲਤ ਹੋਰ ਮਿਲ ਗਈ ਸੀ, ਨਿੰਦੀਆ ਨੂੰ। ਇਸ ਦੌਰਾਨ ਆਪੂਰਤੀ ਵਿਭਾਗ ਵਿਚੋਂ ਕੋਈ ਲੰਮੀ ਛੁੱਟੀ 'ਤੇ ਗਿਆ ਤਾਂ ਉਸਦੀ ਬਦਲੀ ਉੱਥੇ ਕਰ ਦਿੱਤੀ ਗਈ। ਇਕ ਸਾਲ ਹੁੰਦਿਆਂ-ਹੁੰਦਿਆਂ ਉਹ ਦਫ਼ਤਰ ਦੇ ਸਾਰੇ ਵਿਭਾਗਾਂ ਵਿਚ ਘੁੰਮ ਚੁੱਕੀ ਸੀ। ਵਿਤ ਵਿਭਾਗ ਵਿਚ ਉਸਨੂੰ ਠਿਕਾਣਾ ਮਿਲਿਆ ਤਾਂ ਉਸਨੂੰ ਲੱਗਿਆ ਕਿ ਹੁਣ ਉਸਨੂੰ ਜ਼ਰੂਰ ਪੱਕਾ ਕਰ ਲਿਆ ਜਾਏਗਾ। ਹਾਲਾਂਕਿ ਉਸਦੀ ਤਨਖ਼ਾਹ ਹੋਰ ਘੱਟ ਹੋ ਗਈ ਸੀ ਕਿਉਂਕਿ ਹੁਣ ਉਹ ਕਲਰਕ ਦੀ ਪੋਸਟ ਉੱਤੇ ਸੀ। ਹਰ ਮਹੀਨੇ ਮੁਸ਼ਕਿਲ ਨਾਲ ਉਸਨੂੰ ਸਾਢੇ ਤਿੰਨ ਸੌ ਪਾਊਂਡ ਮਿਲਦੇ ਸਨ, ਜਿਸ ਵਿਚੋਂ ਉਹ ਸੌ ਪਾਊਂਡ ਕਿਰਾਏ ਦੇ ਦਿੰਦੀ ਸੀ। ਸੌ ਪਾਊਂਡ ਖਾਣ-ਪੀਣ ਤੇ ਰੇਲ-ਬੱਸ ਦੇ ਕਿਰਾਏ ਭਾੜੇ 'ਤੇ ਖਰਚ ਹੋ ਜਾਂਦੇ ਸਨ। ਹਫ਼ਤੇ ਵਿਚ ਤਿੰਨ ਦਿਨ ਉਹ ਆਸ਼ੁਲਿਪੀ ਦੀ ਕਲਾਸ ਵਿਚ ਜਾਂਦੀ ਸੀ, ਜਿਸ ਲਈ ਉਸਨੂੰ ਪੰਜਾਹ ਪੌਂਡ ਵੱਖਰੇ ਦੇਣੇ ਪੈਂਦੇ ਸਨ, ਪਰ ਉਸਨੂੰ ਵਿਸ਼ਵਾਸ ਸੀ ਕਿ ਇਕ ਨਾ ਇਕ ਦਿਨ ਉਸਨੂੰ ਲਿਪਿਕ ਦੀ ਪੋਸਟ ਉਪਰ ਜ਼ਰੂਰ ਰੱਖ ਲਿਆ ਜਾਏਗਾ। ਲਿਪਿਕ ਦੀ ਤਨਖ਼ਾਹ ਪੰਜਾਹ ਪੌਂਡ ਵੱਧ ਸੀ ਤੇ ਇਕ ਸਾਲ ਵਿਚ ਉਹ ਛੇ ਸੌ ਪੌਂਡ ਜੋੜ ਕੇ ਮਾਂ-ਬਾਬਾ ਨੂੰ ਭੇਜ ਕੇ ਹੈਰਾਨ ਕਰ ਦੇਣਾ ਚਾਹੁੰਦੀ ਸੀ। ਇਕ ਸਾਲ ਵਿਚ ਵੀਹ ਹਜ਼ਾਰ ਰੁਪਏ ਤਾਂ ਬਾਬਾ ਨੇ ਵੀ ਕਦੀ ਨਹੀਂ ਕਮਾਏ ਹੋਣੇ।
ਸ਼ਾਮ ਨੂੰ ਜਦੋਂ ਘਰ ਆਈ ਤਾਂ ਮੇਜ਼ ਉੱਤੇ ਨਿੰਦੀਆ ਨੂੰ ਰੂਪਾ ਸ਼ਾਹ ਦਾ ਖ਼ਤ ਪਿਆ ਮਿਲਿਆ। ਉਸਦੀ ਪੱਕੀ ਤੇ ਧਨੱਡ ਸਹੇਲੀ ਰੂਪਾ ਇਕੋ ਇਕ ਕੜੀ ਸੀ, ਜਿਸ ਨਾਲ ਨਿੰਦੀਆ ਦਾ ਅਤੀਤ ਜੁੜਿਆ ਹੋਇਆ ਸੀ। ਪਤਾ ਨਹੀਂ ਕਿੰਨਾ ਚਿਰ, ਉਹ ਉਸ ਖ਼ਤ ਨੂੰ ਹੱਥ ਵਿਚ ਫੜੀ, ਖੜ੍ਹੀ ਰਹੀ। ਸ਼ਾਇਦ ਇਸ ਵਾਰੀ ਮਾਂ ਨੇ ਕੁਝ ਲਿਖਵਾਇਆ ਹੋਏ। ਪਰ ਮਾਂਵਾਂ ਦੀ ਚਿੰਤਾ ਸ਼ਾਇਦ ਕਿਸੇ ਹੋਰ ਕਿਸਮ ਦੀ ਹੁੰਦੀ ਹੈ, ਕਿਉਂਕਿ ਨਿੰਦੀਆ ਦੇ ਦੁਖ ਤੇ ਚਿੰਤਾ ਨੂੰ ਤਾਂ ਕਦੀ ਮਾਂ ਨੇ ਸਮਝਿਆ ਹੀ ਨਹੀਂ। ਹਾਲਾਂਕਿ ਸਮਝ ਕੇ ਉਹ ਕਰ ਵੀ ਕੀ ਸਕਦੀ ਸੀ? ਪਤੀ ਦੇ ਅੱਗੇ ਉਹਦੀ ਇਕ ਨਹੀਂ ਸੀ ਚਲਦੀ। ਲਾਡ-ਪਿਆਰ ਨਾਲ ਪਾਲੀ ਧੀ ਯਕਦਮ ਉਹਨਾਂ ਦੇ ਜੀਅ ਦਾ ਜੰਜਾਲ ਬਣ ਗਈ ਸੀ। ਰੂੰ ਦੇ ਰੁੱਗਾਂ ਵਿਚ ਰੱਖ-ਰੱਖ ਪਾਲਿਆ ਸੀ ਮਾਂ ਨੇ ਉਸਨੂੰ। ਤਪਦੀ ਗਰਮੀ ਵਿਚ ਵੀ ਉਹ ਉਸਨੂੰ ਗੁਣਗੁਣੇ ਪਾਣੀ ਨਾਲ ਨੁਹਾਉਂਦੀ ਸੀ ਕਿ ਕਿਤੇ ਉਸਦੀ ਨਿੰਨੂ ਨੂੰ ਠੰਡ ਨਾ ਲੱਗ ਜਾਏ। ਪਤੀ ਦਾ ਮਿੰਨਤ-ਤਰਲਾ ਕਰਕੇ ਉਸਨੇ ਉਸਨੂੰ ਲੇਡੀ ਅਰਵਿਨ ਸਕੂਲ ਵਿਚ ਦਾਖ਼ਲ ਕਰਵਾਇਆ ਸੀ। ਬਾਬਾ ਬੁੜਬੁੜਾਏ ਸਨ ਕਿ ਪ੍ਰਾਈਵੇਟ ਸਕੁਲ ਵਿਚ ਪੜ੍ਹਾ ਕੇ ਕੁੜੀ ਤੋਂ ਕਿਹੜਾ ਨੌਕਰੀ ਕਰਵਾਉਣੀ ਏ। ਪਰ ਮਾਂ ਨੇ ਜਦੋਂ ਉਹਨਾਂ ਨੂੰ ਕਿਹਾ ਕਿ ਅੱਜ ਕਲ੍ਹ ਚੰਗੇ ਸਕੂਲ ਵਿਚ ਪੜ੍ਹੀਆਂ-ਲਿਖੀਆਂ ਕੁੜੀਆਂ ਨੂੰ ਹੀ ਚੰਗੇ ਘਰ-ਬਾਰ ਮਿਲਦੇ ਨੇ ਤਾਂ ਉਹ ਮੰਨ ਗਏ ਸਨ।
ਮਾਂ ਤੋਂ ਬਾਰਾਂ ਸਾਲ ਵੱਡੇ ਸਨ ਬਾਬਾ। ਜਿੱਥੇ ਮਾਂ ਆਪਣੀ ਉਮਰ ਨਾਲੋਂ ਛੋਟੀ ਦਿਸਦੀ, ਬਾਬਾ ਕਿਤੇ ਵੱਡੇ। ਨਿੰਦੀਆ ਨੇ ਬਾਬਾ ਨੂੰ ਕਦੀ ਮੁਸਕਰਾਉਂਦਿਆਂ ਨਹੀਂ ਦੇਖਿਆ। ਉਹਨਾਂ ਦੀ ਇਕ ਰੁਟੀਨ ਸੀ, ਜਿਸ ਤੋਂ ਉਹ ਰਤਾ ਵੀ ਇਧਰ-ਉਧਰ ਨਹੀਂ ਸੀ ਹੁੰਦੀ। ਨਹਾਉਣ ਤੇ ਪੂਜਾ ਵਿਚ ਹੀ ਉਹਨਾਂ ਨੂੰ ਡੇਢ ਘੰਟਾ ਲੱਗ ਜਾਂਦਾ ਸੀ। ਮਾਂ ਪੂਜਾ-ਪਾਠ ਨਹੀਂ ਸੀ ਕਰਦੀ, ਪਰ ਦੌੜ-ਦੌੜ ਕੇ ਬਾਬਾ ਲਈ ਪੂਜਾ ਦੀ ਤਿਆਰੀ ਬੜੀ ਮੁਸ਼ਤੈਦੀ ਨਾਲ ਕਰਦੀ ਸੀ। ਸਵੇਰੇ ਅੱਠ ਵਜੇ ਖਾਣਾ ਖਾ ਕੇ ਘਰੋਂ ਨਿਕਲੇ ਬਾਬਾ ਰਾਤ ਦੇ ਨੌ ਵਜੇ ਮੁੜਦੇ ਸਨ, ਥੱਕੇ-ਹਾਰੇ ਜਿਹੇ। ਓਵਰ ਟਾਈਮ ਕਰਕੇ ਦਹੇਜ਼ ਲਈ ਪੈਸਾ ਇਕੱਠਾ ਕਰਨ ਦੇ ਇਲਾਵਾ ਸ਼ਾਇਦ ਉਹਨਾਂ ਦੇ ਜੀਵਨ ਦਾ ਕੋਈ ਹੋਰ ਉਦੇਸ਼ ਨਹੀਂ ਸੀ। ਕਾਸ਼ ਕਿ ਨਿੰਦੀਆ ਮਾਂ-ਬਾਬਾ ਵਰਗੀ ਹੁੰਦੀ! ਪਰ ਉਸਦੀਆਂ ਇੱਛਾਵਾਂ ਦਾ ਤਾਂ ਕੋਈ ਠਿਕਾਣਾ ਨਹੀਂ ਸੀ। ਇਹਨਾਂ ਇੱਛਾਵਾਂ ਨਾਲ ਉਸਦੀ ਜਾਣ-ਪਛਾਣ ਕਰਵਾਈ ਸੀ ਰੂਪਾ ਨੇ—ਕਾਰਾਂ ਵਿਚ ਘੁਮਾਅ ਕੇ, ਫ਼ਿਲਮਾਂ ਦਿਖਾਅ ਕੇ, ਪਾਸ਼ ਭੋਜਨ-ਘਰਾਂ ਵਿਚ ਖਾਣਾ ਖੁਆ ਕੇ। ਘਰ ਵਾਪਸ ਆਉਂਦੀ ਤਾਂ ਉਸਨੂੰ ਲੱਗਦਾ ਕਿ ਕਿਸੇ ਝੌਂਪੜੀ ਵਿਚ ਆ ਗਈ ਹੈ, ਜਿੱਥੇ ਉਹ ਸਿਰਫ ਸੁਪਨੇ ਹੀ ਦੇਖ ਸਕਦੀ ਸੀ। ਹੈਰਾਨੀ ਤਾਂ ਉਸਨੂੰ ਉਦੋਂ ਹੁੰਦੀ, ਜਦੋਂ ਉਹ ਰੂਪਾ ਨੂੰ ਵੀ ਸੁਪਨੇ ਵੇਖਦਿਆਂ ਦੇਖਦੀ, ਭਲਾ ਉਸਨੂੰ ਕੀ ਕਮੀ ਸੀ? ਪਰ 'ਕਮੀ' ਵੀ ਇਕ ਅਜ਼ੀਬ ਚੀਜ਼ ਹੁੰਦੀ ਹੈ, ਜਿਸਦੀ ਕਮੀ ਸ਼ਾਇਦ ਸ਼ਾਰਿਆ ਨੂੰ ਰੜਕਦੀ ਰਹਿੰਦੀ ਹੈ।'
ਮਾਂ-ਬਾਬਾ ਦੋਵਾਂ ਦੀਆਂ ਆਸਾਂ 'ਤੇ ਪਾਣੀ ਫਿਰ ਗਿਆ ਸੀ। ਘਰ ਵਿਚ ਸੁੰਦਰ ਤੇ ਪੜ੍ਹੀ ਲਿਖੀ ਕੰਨਿਆਂ ਹੋਣ ਦੇ ਬਾਵਜੂਦ ਦੋ ਢਾਈ ਲੱਖ ਤੋਂ ਘੱਟ ਕੋਈ ਰਾਜ਼ੀ ਨਹੀਂ ਸੀ ਹੋ ਰਿਹਾ। ਹੁਣ ਉਹਨਾਂ ਨੂੰ ਲੱਗ ਰਿਹਾ ਸੀ ਕਿ ਜਿਹੜਾ ਪੈਸਾ ਉਸਦੀ ਪੜ੍ਹਾਈ 'ਤੇ ਖਰਚ ਹੋਇਆ ਸੀ, ਦਹੇਜ ਦੇ ਕੰਮ ਆ ਸਕਦਾ ਸੀ। ਵਿਆਹ 'ਤੇ ਇਕ ਡੇਢ ਲੱਖ ਦਾ ਖਰਚ ਵੱਖਰਾ ਹੋਣਾ ਸੀ ਜਦਕਿ ਗਹਿਣਿਆ 'ਤੇ ਇਕ ਵੀ ਪੈਸਾ ਖਰਚ ਨਹੀਂ ਸੀ ਕੀਤਾ ਜਾਣਾ—ਮਾਂ ਦੇ ਗਹਿਣਿਆ ਨੂੰ ਸਾਫ ਕਰਵਾ ਲਿਆ ਗਿਆ ਸੀ। ਬਾਬਾ ਨੇ ਅਖ਼ਬਾਰ ਵਿਚੋਂ ਕੋਈ ਵੀਹ ਵਿਗਿਆਪਨ ਚੁਣੇ ਸਨ, ਪਰ ਕਿਸੇ ਇਕ ਦਾ ਵੀ ਜਵਾਬ ਨਹੀਂ ਸੀ ਆਇਆ।
ਰਾਮ ਰਾਮ ਕਰਕੇ ਮਥੁਰਾ ਦੇ ਇਕ ਅਗਰਵਾਲ ਪਰਿਵਾਰ ਦਾ ਰਿਸ਼ਤਾ ਆਇਆ ਸੀ। ਹਰ ਹਫ਼ਤੇ ਦੇ ਅਖ਼ੀਰਲੇ ਦਿਨ, ਮੱਝ ਵਰਗੀ ਸ਼੍ਰੀਮਤੀ ਅਗਰਵਾਲ ਆਪਣੇ ਕਿਰਲੇ ਵਰਗੇ ਸੁੱਕੜ ਜਿਹੇ ਪੁੱਤਰ 'ਪੱਲਵ' ਨੂੰ ਲੈ ਕੇ ਉਹਨਾਂ ਦੇ ਘਰ ਆ ਬੈਠਦੀ। ਲਿੱਸੜ-ਲਿਜਲਿਜੇ ਪ੍ਰਸ਼ਨ ਪੁੱਛ-ਪੁੱਛ ਕੇ ਉਸਨੂੰ ਹੈਰਾਨ-ਪ੍ਰੇਸ਼ਾਨ ਕਰਦੀ ਰਹਿੰਦੀ—'ਮਾਹਵਾਰੀ ਕਦ ਆਈ ਸੀ?' 'ਸਮੇਂ 'ਤੇ ਆ ਜਾਂਦੀ ਏ ਕਿ ਨਹੀਂ?' 'ਕਾਲਜ 'ਚ ਕੋਈ ਬੁਆਏ ਫਰੈਂਡ ਤਾਂ ਨਹੀਂ?' ਵਗ਼ੈਰਾ ਵਗ਼ੈਰਾ। ਅਗਲੀ ਵਾਰੀ ਜਦੋਂ ਨਿੰਦੀਆਂ ਨੂੰ ਮਾਹਵਾਰੀ ਆਈ ਤਾਂ ਮਾਤਾ ਜੀ ਘਰ ਮੌਜ਼ੂਦ ਸਨ—ਇਹ ਦੇਖਣ ਲਈ ਕਿ ਕਿਤੇ ਉਹ ਝੂਠ ਤਾਂ ਨਹੀਂ ਬੋਲ ਸੀ ਰਹੀ। ਉਹਨਾਂ ਦਾ ਵੱਸ ਚੱਲਦਾ ਤਾਂ ਉਹ ਪਾਖਾਨੇ ਵਿਚ ਵੜ ਕੇ ਨਿੰਦੀਆ ਦਾ ਨਰੀਖਣ ਕਰ ਲੈਂਦੇ।
ਇਸ ਸਭ ਦੇ ਬਾਵਜੂਦ ਨਿੰਦੀਆ ਦਾ ਵਿਆਹ ਪੱਲਵ ਅਗਰਵਾਲ ਨਾਲ ਤੈਅ ਕਰ ਦਿੱਤਾ ਗਿਆ, ਜਿਸਨੂੰ ਮਾਤਾ ਜੀ ਪਿਆਰ ਨਾਲ ਲੱਲਨ ਆਖ ਕੇ ਬੁਲਾਉਂਦੇ ਸੀ। ਲੱਲੂ, ਲੱਲਨ ਦੇ ਲਾਲਾਂ ਲਿੱਬੜੇ ਬੁੱਲ੍ਹ ਦੇਖ ਕੇ ਨਿੰਦੀਆ ਨੂੰ ਉਲਟੀ ਆਉਣ ਵਾਲੀ ਹੋ ਜਾਂਦੀ। ਆਪਣੇ ਇਕਲੌਤੇ ਪੁੱਤਰ ਲਈ ਮਾਤਾ ਜੀ ਨੂੰ ਨਿੰਦੀਆ ਏਨੀ ਪਸੰਦ ਆਈ ਕਿ ਆਪਣੇ ਦੋ ਲੱਖ ਦੇ ਲੱਲਨ ਨੂੰ ਉਹ ਸਿਰਫ ਪੰਜਾਹ ਹਜ਼ਾਰ ਵਿਚ ਵੇਚਣ ਲਈ ਮੰਨ ਗਏ। ਮਾਂ ਤੇ ਬਾਬਾ ਉਹਨਾਂ ਦੀ ਇਸ ਮਿਹਰਬਾਨੀ ਸਦਕਾ ਉਹਨਾਂ ਉਤੋਂ ਵਾਰੀ-ਘੋਲੀ ਜਾਣ ਲੱਗੇ। ਚੌਥੇ ਹਿੱਸੇ ਦੇ ਮੁਲ ਵਿਚ ਇਹ ਸੌਦਾ ਉਹਨਾਂ ਨੂੰ ਮਾੜਾ ਨਹੀਂ ਸੀ ਲੱਗਿਆ। ਧੀ ਨੂੰ ਪੁੱਛਣ ਦੀ ਉਹਨਾਂ ਨੂੰ ਭਲਾ ਕੀ ਲੋੜ ਪਈ ਸੀ? ਬਾਬਾ ਨੇ ਝੱਟ ਇਕ ਸੌ ਇਕ ਰੁਪਈਆ ਫੜ੍ਹਾ ਕੇ ਲੱਲਨ ਨੂੰ ਰੋਕ ਲਿਆ। ਮਾਂ ਨੇ ਬਾਬਾ ਦੀ ਬਿਮਾਰੀ ਤੇ ਲਾਚਾਰੀ ਦੀ ਦੁਹਾਈ ਦੇਂਦਿਆਂ ਹੋਇਆਂ ਨਿੰਦੀਆ ਨੂੰ ਕਮਰੇ ਵਿਚ ਧਰੀਕ ਦਿੱਤਾ। ਨਾਈਲਾਨ ਦੀ ਇਕ ਸਾੜ੍ਹੀ ਤੇ ਕੁਝ ਮੁੜੇ-ਤੁੜੇ ਰੁਪਈਏ ਝੋਲੀ ਵਿਚ ਪਾਉਂਦਿਆਂ ਹੋਇਆਂ ਮਾਤਾ ਜੀ ਨੇ ਲੱਲਨ ਨੂੰ ਨਿੰਦੀਆ ਨਾਲ ਬਿਠਾਅ ਦਿੱਤਾ ਕਿ ਹੁਣ ਉਹ ਚਾਹੁਣ ਤਾਂ ਆਪਸ ਵਿਚ ਗੱਲਬਾਤ ਕਰ ਸਕਦੇ ਸੀ। ਜਿਵੇਂ ਹੀ ਉਹ ਲੋਕ ਬਾਹਰ ਨਿਕਲੇ, ਪਸੀਨੇ ਵਿਚ ਲੱਥਪਥ ਲੱਲਨ ਦਾ ਹੱਥ ਨਿੰਦੀਆ ਦੇ ਹੱਥ ਉੱਤੇ ਆ ਟਿਕਿਆ। ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਏ, ਆਪਣਾ ਹੱਥ ਪੂੰਝਦੀ ਹੋਈ ਉਹ ਆਪਣੇ ਕਮਰੇ ਵੱਲ ਨੱਸ ਗਈ। ਮਾਤਾ ਜੀ 'ਹੋ-ਹੋ' ਕਰਕੇ ਹੱਸਣ ਲੱਗੇ। ਉਹਨਾਂ ਨੂੰ ਤੇ ਲੱਲਨ ਨੂੰ ਨਿੰਦੀਆ ਦੀ ਇਹ ਅਦਾਅ ਬੜੀ ਪਸੰਦ ਆਈ ਸੀ।
ਅਗਲੇ ਦਿਨ ਨਿੰਦੀਆ ਕਾਲਜੋਂ ਵਾਪਸ ਆਈ ਤਾਂ ਦੇਖਿਆ ਕਿ ਵੱਡੀ ਭੂਆ ਮਾਂ ਕੋਲ ਬੈਠੀ ਸੀ। 'ਨਿੰਨੂ ਦੇਖ ਤਾਂ ਸਹੀ ਬੀਬੀ ਜੀ ਤੇਰੇ ਲਈ ਕਿੰਨੀਆਂ ਸੁੰਦਰ ਸਾੜ੍ਹੀਆਂ ਲਿਆਏ ਨੇ।' ਇਕ ਨਜ਼ਰ ਵਿਚ ਨਿੰਦੀਆਂ ਤਾੜ ਗਈ ਕਿ ਸਾੜ੍ਹੀਆਂ ਭੂਆ ਦੇ ਆਪਣੇ ਵਿਆਹ ਦੀਆਂ ਹੋਣਗੀਆਂ। ਬਾਬਾ ਤੋਂ ਪੈਸੇ ਲੈ ਕੇ, ਉਹਨਾਂ ਨੂੰ ਉਹ ਆਪਣੀਆਂ ਕੁਝ ਪੁਰਾਣੀਆਂ ਸਾੜ੍ਹੀਆਂ ਚੇਪ ਰਹੀ ਸੀ। ਭੂਆ ਦੇ ਜਾਂਦਿਆਂ ਹੀ ਨਿੰਦੀਆਂ ਖ਼ੂਬ ਵਰ੍ਹੀ, ਪਰ ਇਸ ਬਰਸਾਤ ਨਾਲ ਮਾਂ ਜ਼ਰਾ ਵੀ ਨਹੀਂ ਭਿੱਜੀ। ਸਾੜ੍ਹੀਆਂ ਠੱਪ ਕੇ ਉਸ ਨੇ ਟੀਨ ਦੇ ਵੱਡੇ ਸੰਦੂਕ ਵਿਚ ਰੱਖ ਦਿੱਤੀਆਂ, ਜਿਸ ਵਿਚ ਪਹਿਲਾਂ ਦੇ ਖ਼ਰੀਦੇ ਕੁਝ ਨਵੇਂ ਕੱਪੜੇ ਰੱਖੇ ਹੋਏ ਸਨ, ਜਿਹਨਾਂ ਵਿਚੋਂ ਸਿੱਲ੍ਹ ਦੀ ਗੰਧ ਆਉਣ ਲੱਗ ਪਈ ਸੀ।
ਸਕੂਲ ਵਿਚ ਨਿੰਦੀਆ ਆਪਣੀ ਜਮਾਤ ਵਿਚ ਸਦਾ ਪਹਿਲੇ ਨੰਬਰ 'ਤੇ ਆਉਂਦੀ ਸੀ। ਉਸਨੇ ਕਦੀ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਸੀ ਦਿੱਤਾ। ਉਸਨੂੰ ਸਮਝ ਨਹੀਂ ਸੀ ਆ ਰਹੀ ਕਿ ਆਖ਼ਰ ਕਿਉਂ ਉਹ ਮਾਂ-ਬਾਬਾ ਨੂੰ ਬੋਝ ਲੱਗਣ ਲੱਗ ਪਈ ਹੈ! ਰੂਪਾ ਦੇ ਮੰਮੀ-ਪਾਪਾ ਤਾਂ ਕਦੀ ਉਸਦੇ ਵਿਆਹ ਦੀ ਗੱਲ ਤਕ ਨਹੀਂ ਕਰਦੇ। ਘੱਟੋਘੱਟ ਉਸਨੂੰ ਕਾਲਜ ਦੀ ਪੜ੍ਹਾਈ ਤਾਂ ਪੂਰੀ ਕਰ ਲੈਣ ਦੇਣ। ਨਿੰਦੀਆ ਦੇ ਵਿਰੋਧ ਨੂੰ ਮਾਂ ਨੇ ਬਾਬਾ ਤਕ ਪਹੁੰਚਣ ਹੀ ਨਹੀਂ ਸੀ ਦਿੱਤਾ। ਉਸਨੂੰ ਤਾਂ ਇਹੋ ਲੱਗ ਰਿਹਾ ਸੀ, ਨਿੰਨੁ ਦੇ ਵਿਆਹ ਦੀ ਉਮਰ ਲੰਘਦੀ ਜਾ ਰਹੀ ਹੈ। ਜੇ ਇਸ ਵਰ੍ਹੇ ਉਸਦਾ ਲਗਨ ਨਾ ਹੋਇਆ ਤਾਂ ਸ਼ਰੀਕ ਗੱਲਾਂ ਬਣਾਉਣ ਲੱਗ ਪੈਣਗੇ ਕਿ ਕੁੜੀ ਵਿਚ ਕੋਈ ਕਮੀ ਹੋਏਗੀ ਜੋ ਹੁਣ ਤਕ ਘਰ ਬੈਠੀ ਹੈ। ਪਿੰਜਰਾ ਖੁੱਲ੍ਹਾ ਸੀ, ਪਰ ਖੰਭ ਫੜਫੜਾਉਣ ਦੇ ਸਿਵਾਏ ਨਿੰਦੀਆ ਕੁਝ ਨਹੀਂ ਸੀ ਕਰ ਸਕਦੀ।
ਬਿੰਦਾਸ ਰੂਪਾ ਨੇ ਨਿੰਦੀਆ ਨੂੰ ਨਾ ਸਿਰਫ ਘਰੋਂ ਭੱਜ ਜਾਣ ਦੀ ਸਲਾਹ ਦਿੱਤੀ ਬਲਕਿ ਉਸਦੀ ਝਟਪਟ ਤਿਆਰੀ ਵੀ ਸ਼ੁਰੂ ਕਰ ਦਿੱਤੀ। ਚਚੇਰੇ ਤੇ ਮਮੇਰੇ ਭਰਾਵਾਂ ਦੀ ਲਾਡਲੀ ਰੂਪਾ ਨੂੰ ਪੈਸੇ ਦੀ ਕੋਈ ਕਮੀ ਨਹੀਂ ਸੀ। ਕਾਰ ਤੇ ਡਰਾਈਵਰ ਸਦਾ ਉਸਦੇ ਨਾਲ ਰਹਿੰਦੇ ਸਨ। ਉਸਨੂੰ ਜੇ ਕੋਈ ਕਮੀ ਸੀ ਤਾਂ ਉਹ ਸਿਰਫ ਮਾਂ ਤੇ ਪਿਤਾ ਦੀ, ਜਿਹਨਾਂ ਕੋਲ ਸਭ ਕੁਝ ਸੀ, ਸਿਵਾਏ ਸਮੇਂ ਦੇ ਤੇ ਜਿਸਦੀ ਕਮੀ ਉਹ ਪੂਰੀ ਕਰਦੀ ਸੀ ਉਹਨਾਂ ਦੇ ਪੈਸੇ ਬਰਬਾਦ ਕਰਕੇ। ਨਿੰਦੀਆ ਦੀ ਮਾਂ ਦੇ ਹੱਥ ਦਾ ਖਾਣਾ ਖਾ ਕੇ ਰੂਪਾ ਦੀਆਂ ਅੱਖਾਂ ਸਿੱਜਲ ਹੋ ਜਾਂਦੀਆਂ। ਕਿਸੇ ਨੇ ਠੀਕ ਹੀ ਕਿਹਾ ਹੈ ਕਿ 'ਕਭੀ ਕਿਸੀ ਕੋ ਮੁਕੰਮਲ ਜਹਾਂ ਨਹੀਂ ਮਿਲਤਾ'। ਨਿੰਦੀਆ ਨੂੰ ਲੱਗਦਾ ਕਿ ਭਲਾ ਰੂਪਾ ਨੂੰ ਕੀ ਕਮੀ ਹੋ ਸਕਦੀ ਹੈ ਤੇ ਰੂਪਾ ਨੂੰ ਲੱਗਦਾ ਕਿ ਉਹ ਆਪਣਾ ਸਭ ਕੁਝ ਵਾਰ ਸਕਦੀ ਹੈ ਨਿੰਦੀਆ ਦੇ ਮਾਂ-ਬਾਬਾ ਦੇ ਸਹਿਜ ਵਾਸਤਲ ਅਤੇ ਰੱਖਿਆਤਮਕ ਭਾਵ ਉਤੋਂ। ਮਾਂ ਨੂੰ ਨਿੰਦੀਆ ਦਾ ਰੂਪਾ ਨਾਲ ਵਧੇਰੇ ਮੇਲ-ਜੋਲ ਪਸੰਦ ਨਹੀਂ ਸੀ। ਉਸਦੀ ਨਜ਼ਰ ਵਿਚ ਰੂਪਾ ਇਕ ਚੰਗੀ ਕੁੜੀ ਨਹੀਂ ਸੀ। ਨਿੰਦੀਆ ਖ਼ੁਦ ਵੀ ਸੋਚਦੀ ਸੀ ਕਿ ਰੂਪ ਕੁਝ ਵਧੇਰੇ ਹੀ ਖੁੱਲ੍ਹੇ ਸੁਭਾਅ ਦੀ ਸੀ। ਚੰਗੇ ਮਾੜੇ ਦਾ ਯੋਗ ਅਨੁਪਾਤ ਸ਼ਾਇਦ ਵਿਅਕਤੀਗਤ ਹੁੰਦਾ ਹੈ। ਜੋ ਮਾਂ ਨੂੰ ਮਾੜਾ ਲੱਗਦਾ ਹੈ, ਨਿੰਦੀਆ ਨੂੰ ਚੰਗਾ ਲੱਗਦਾ ਹੈ ਤੇ ਜੋ ਇਹਨਾਂ ਦੋਵਾਂ ਦੀ ਨਜ਼ਰ ਵਿਚ ਮਾੜਾ ਹੈ, ਰੂਪਾ ਲਈ ਸਾਧਾਰਣ ਤੇ ਕੁਦਰਤੀ ਹੈ। ਰੂਪਾ ਦਾ ਗੱਲ-ਗੱਲ 'ਤੇ ਗਾਲ੍ਹ ਕੱਢ ਕੇ ਗੱਲ ਕਰਨਾ, ਮੁੰਡਿਆਂ ਨਾਲ ਖੁੱਲ੍ਹੇਆਮ ਘੁੰਮਣਾ-ਫਿਰਣਾ, ਸ਼ਾਮ ਨੂੰ ਦੇਰ ਨਾਲ ਘਰ ਵਾਪਸ ਆਉਣਾ ਤੇ ਆਪਣੇ ਮੰਮੀ ਪਾਪਾ ਨਾਲ ਜ਼ੁਬਾਨ ਲੜਾਉਣਾ ਆਦਿ ਨਿੰਦੀਆ ਨੂੰ ਠੀਕ ਨਹੀਂ ਸੀ ਲੱਗਦਾ, ਪਰ ਮਨ ਹੀ ਮਨ ਉਹ ਚਾਹੁੰਦੀ ਸੀ ਕਿ ਕਾਸ਼! ਉਹ ਵੀ ਰੂਪਾ ਜਿੰਨੀ ਚਤੁਰ ਤੇ ਨਿਡਰ ਹੁੰਦੀ।
ਨਿੰਦੀਆ ਨੂੰ ਹੁਣ ਲੱਗ ਰਿਹਾ ਸੀ ਕਿ ਰੂਪਾ ਨੂੰ ਆਪਣੀਆਂ ਨਿੱਜੀ ਗੱਲਾਂ ਦੱਸ ਕੇ ਕਿਤੇ ਉਹ ਗਲਤੀ ਤਾਂ ਨਹੀਂ ਕਰ ਬੈਠੀ ਸੀ, ਪਰ ਹੋਰ ਕੌਣ ਸੀ, ਜਿਸਨੂੰ ਉਹ ਆਪਣੀ ਹਾਲਤ ਦੱਸਦੀ ਜਾਂ ਜਿਹੜਾ ਉਸਦੀ ਮਦਦ ਕਰਦਾ—ਕੋਈ ਹੋਰ ਚਾਰਾ ਨਹੀਂ ਸੀ।
ਰੂਪਾ ਦੀ ਇਕ ਅਣਵਿਆਹੀ ਮਾਸੀ ਧੀਰੂਬੇਨ ਪਟੇਲ, ਸਾਉਥ ਹਾਲ ਦੇ ਇਕ ਮਹਿਲਾ ਸੰਗਠਨ ਦੀ ਪ੍ਰਧਾਨ ਸੀ। ਨਿੰਦੀਆ ਦੀ ਕਹਾਣੀ ਸੁਣ ਕੇ ਉਹ ਉਸਨੂੰ ਆਪਣੇ ਕੋਲ ਲੰਦਨ ਬੁਲਾਉਣ ਲਈ ਤਿਆਰ ਹੋ ਗਈ। ਜਿਵੇਂ ਤਿਵੇਂ ਮਾਂ-ਬਾਬਾ ਤੋਂ ਚੋਰੀਓਂ ਉਸਦਾ ਪਾਸਪੋਰਟ ਬਣਿਆ। ਐਰੋਫ਼ਲੋਟ ਦੇ ਸਫ਼ਰ ਦਾ ਇਕ ਸਸਤਾ ਟਿਕਟ ਖਰੀਦਿਆ ਗਿਆ ਤੇ ਥੋੜ੍ਹੇ ਬਹੁਤ ਸਾਮਾਨ ਦੇ ਨਾਲ, ਜਿਹੜਾ ਉਹ ਚੋਰੀ ਛਿੱਪੇ ਰੂਪਾ ਦੇ ਘਰ ਇਕੱਠਾ ਕਰਦੀ ਰਹੀ ਸੀ, ਨਿੰਦੀਆ ਨਿਕਲ ਪਈ, ਇਕ ਅਜਨਬੀ ਦਿਸ਼ਾ ਵੱਲ। ਲੱਲਨ ਤੋਂ ਛੁਟਕਾਰਾ ਪਾਉਣ ਦੀ ਜ਼ਿਦ ਵਿਚ ਉਹ, ਇਹ ਵੀ ਭੁੱਲ ਗਈ ਕਿ ਉਸ ਨੂੰ ਮਾਂ-ਬਾਬਾ ਨੂੰ ਵੀ ਛੱਡ ਕੇ ਜਾਣਾ ਪਵੇਗਾ। ਸੋਚਿਆ ਸੀ ਕਿ ਸ਼ਾਇਦ ਮਾਂ ਨੂੰ ਦਿੱਤੀ ਗਈ ਉਸਦੇ ਘਰੋਂ ਭੱਜ ਜਾਣ ਦੀ ਧਮਕੀ ਕੰਮ ਆ ਜਾਏਗੀ, ਪਰ ਉਸਨੇ ਬਾਬਾ ਨੂੰ ਇਸ ਬਾਰੇ ਕੁਝ ਦੱਸਿਆ ਤਕ ਨਹੀਂ। ਉਹ ਵਿਚ ਏਨੀ ਹਿੰਮਤ ਕਿੱਥੇ ਸੀ ਕਿ ਉਹ 'ਚੂੰ' ਵੀ ਕਰਦੀ ਤੇ ਨਿੰਦੀਆ ਵੀ ਤਾਂ ਰੂਪਾ ਦੀ ਸ਼ਹਿ 'ਤੇ ਹੀ ਕੁੱਦ ਰਹੀ ਸੀ। ਕਈ ਵਾਰੀ ਡਰ ਕੇ ਉਸਨੇ ਆਪਣੀ ਯਾਤਰਾ ਮੁਲਤਵੀ ਕਰ ਦੇਣ ਬਾਰੇ ਵੀ ਸੋਚਿਆ, ਪਰ ਰੂਪਾ ਤੋਂ ਡਰਦੀ ਚੁੱਪ ਰਹੀ। ਇਸ ਦੌਰਾਨ ਉਸਦਾ ਵੀਜ਼ਾ ਵੀ ਲੱਗ ਚੁੱਕਿਆ ਸੀ। ਏਨਾ ਪੈਸਾ ਲੱਗ ਚੁੱਕਿਆ ਕਿ ਹੁਣ ਚਾਹੁੰਦੀ ਵੀ, ਤਾਂ ਵੀ ਨਿੰਦੀਆ ਪਿੱਛੇ ਨਹੀਂ ਸੀ ਹਟ ਸਕਦੀ। ਉਸਨੇ ਆਪਣੇ ਮਨ ਨੂੰ ਸਮਝਾ ਲਿਆ ਸੀ ਕਿ ਜਦੋਂ ਬਾਬਾ ਮੰਨ ਜਾਣਗੇ ਤਾਂ ਉਹ ਝੱਟ ਵਾਪਸ ਆ ਜਾਏਗੀ ਤੇ 'ਸਾੱਰੀ' ਕਹਿੰਦਿਆਂ ਹੀ ਸਭ ਕੁਝ ਠੀਕ-ਠਾਕ ਹੋ ਜਾਏਗਾ। ਉਧਰ ਮਾਂ ਨੇ ਸੋਚਿਆ ਸੀ ਕਿ ਉਸਦੀ ਲਾਡਲੀ ਨਿੰਨੂ ਝਕ ਮਾਰ ਕੇ ਅੰਤ ਵਿਚ ਕਰੇਗੀ ਉਹੀ ਜੋ ਬਾਬਾ ਕਹਿਣਗੇ।
ਇੰਦਰਾ ਗਾਂਧੀ ਹਵਾਈ ਅੱਡੇ ਉੱਤੇ ਰੂਪਾ ਤੇ ਉਸਦਾ ਮਮੇਰਾ ਭਰਾ ਦਿਨੇਸ਼ ਉਸਨੂੰ ਛੱਡਣ ਆਏ ਸਨ। ਨਿੰਦੀਆ ਮੁੜ-ਮੁੜ ਕੇ ਦੇਖ ਰਹੀ ਸੀ ਕਿ ਕਿਤੇ ਬਾਬਾ ਉਸਨੂੰ ਜਬਰਦਸਤੀ ਵਾਪਸ ਲੈ ਜਾਣ ਨਾ ਆ ਪਹੁੰਚੇ ਹੋਣ। ਮਨ ਹੀ ਮਨ ਸ਼ਾਇਦ ਉਹ, ਇਹ ਚਾਹ ਵੀ ਰਹੀ ਸੀ ਕਿ ਕਿਸੇ ਤਰ੍ਹਾਂ ਜਾਣ ਤੋਂ ਉਸਨੂੰ ਰੋਕ ਲਿਆ ਜਾਏ, ਪਰ ਕੋਈ ਨਹੀਂ ਆਇਆ। ਉਸਦੀ ਦਸ਼ਾ ਕੈਂਸਰ ਦੇ ਉਸ ਮਰੀਜ਼ ਵਰਗੀ ਸੀ ਜਿਹੜਾ ਹੁਣ ਹੋਰ ਵਧ ਪੀੜ ਨਹੀਂ ਸੀ ਸਹਿ ਸਕਦਾ ਪਰ ਮਰਨਾ ਵੀ ਨਹੀਂ ਸੀ ਚਾਹੁੰਦਾ।
ਅਗਲੀ ਸਵੇਰੇ ਦਿਨੇਸ਼ ਨੇ ਜਦੋਂ ਮਾਂ-ਬਾਬਾ ਨੂੰ ਫ਼ੋਨ 'ਤੇ ਦੱਸਿਆ ਕਿ ਉਹਨਾਂ ਲੋਕਾਂ ਦੀ ਜ਼ੋਰ-ਜ਼ਬਰਦਸਤੀ ਤੋਂ ਤੰਗ ਆ ਕੇ ਨਿੰਦੀਆ ਭਾਰਤ ਛੱਡ ਕੇ ਵਿਦੇਸ਼ ਚਲੀ ਗਈ ਸੀ—ਉਹ ਲੰਦਨ ਪਹੁੰਚ ਚੁੱਕੀ ਸੀ। ਬਾਬਾ ਚੀਕਦੇ ਰਹਿ ਗਏ ਤੇ ਫ਼ੋਨ ਰੱਖ ਦਿੱਤਾ ਗਿਆ। ਉਹ ਜਾਣਦੇ ਸਨ ਕਿ ਇਸ ਸਾਜ਼ਿਸ਼ ਪਿੱਛੇ ਸਿਰਫ ਰੂਪਾ ਦਾ ਹੀ ਹੱਥ ਹੋ ਸਕਦਾ ਸੀ, ਪਰ ਪੁਲਿਸ ਵਿਚ ਰਿਪੋਰਟ ਦਰਜ ਕਰਵਾ ਕੇ ਉਹਨਾਂ ਨੂੰ ਕੀ ਹਾਸਲ ਹੁੰਦਾ? ਹਾਂ, ਕੁਝ ਦਿਨਾਂ ਲਈ ਬਾਬਾ ਨੇ ਰੂਪਾ ਦਾ ਜਿਊਣਾ ਜ਼ਰੂਰ ਹਰਾਮ ਕਰ ਦਿੱਤਾ। ਉਸਦੇ ਮਾਂ-ਬਾਪ ਨੂੰ ਵੀ ਗਾਲ੍ਹਾਂ ਕੱਢੀਆਂ, ਜਿਹਨਾਂ ਨੂੰ ਕੁਝ ਪਤਾ ਹੀ ਨਹੀਂ ਸੀ। ਵੱਡੇ ਲੋਕਾਂ ਦੀਆਂ ਵੱਡੀਆਂ ਗੱਲਾਂ, ਵੱਡੇ ਰੁਝੇਵੇਂ। ਉਹ ਕਦ ਤਕ ਸੁਣਦੇ? ਉਹਨਾਂ ਪੁਲਿਸ ਨੂੰ ਬੁਲਾਅ ਕੇ ਬਾਬਾ ਨੂੰ ਘਰੋਂ ਬਾਹਰ ਕਢਵਾ ਦਿੱਤਾ। ਰੂਪਾ ਨੇ ਫੇਰ ਵੀ ਨਿੰਦੀਆ ਦਾ ਪਤਾ ਕਿਸੇ ਨੂੰ ਨਹੀਂ ਦੱਸਿਆ। ਹਾਂ, ਉਸਦੀ ਮਾਂ ਨੂੰ ਚੁੱਪਚਾਪ ਕਹਿ ਦਿੱਤਾ ਕਿ ਨਿੰਦੀਆ ਠੀਕ ਹੈ ਤੇ ਉਹ ਉਸਦੀ ਚਿੰਤਾ ਨਾ ਕਰੇ।
ਲੰਦਨ ਪਹੁੰਚ ਕੇ ਨਿੰਦੀਆ ਨੇ ਕਈ ਵਾਰੀ ਵਾਪਸ ਪਰਤ ਜਾਣ ਬਾਰੇ ਸੋਚਿਆ, ਪਰ ਮਾਂ ਨੇ ਕਦੀ ਲਿਖਿਆ ਹੀ ਨਹੀਂ ਕਿ ਉਹ ਵਾਪਸ ਆ ਜਾਏ। ਸ਼ਾਇਦ ਬਾਬਾ ਨੇ ਉਸਨੂੰ ਅੱਜ ਵੀ ਮੁਆਫ਼ ਨਹੀਂ ਕੀਤਾ ਹੈ। ਹੁਣ ਉਹ ਉਹਨਾਂ ਨੂੰ ਦੋਸ਼ ਨਹੀਂ ਦੇਂਦੀ, ਬਲਕਿ ਜਦੋਂ ਵੀ ਉਹ ਉਹਨਾਂ ਦੀ ਬੇਬਸੀ ਬਾਰੇ ਸੋਚਦੀ ਹੈ, ਉਸਦਾ ਦਿਲ ਇੰਜ ਸੁੰਗੜ ਜਾਂਦਾ ਹੈ, ਜਿਵੇਂ ਕੋਈ ਗਿੱਲੇ ਕੱਪੜੇ ਨੂੰ ਨਿਚੋੜ ਰਿਹਾ ਹੋਵੇ। ਕੀ-ਕੀ ਨਹੀਂ ਭੋਗਿਆ ਹੋਏਗਾ ਮਾਂ-ਬਾਬਾ ਨੇ। ਜਵਾਨ ਧੀ ਦੇ ਪ੍ਰਤੀ ਗੁਆਂਢੀਆਂ ਤੇ ਰਿਸ਼ਤੇਦਾਰਾਂ ਦੇ ਵਿਅੰਗ-ਵਾਣ ਉਹਨਾਂ ਨੂੰ ਅੱਜ ਵੀ ਸਹਿਣੇ ਪੈਂਦੇ ਹੋਣਗੇ। ਉਂਜ ਤਾਂ ਨਿੰਦੀਆ ਵੀ ਇਕ ਦਿਨ ਚੈਨ ਦੀ ਨੀਂਦ ਨਹੀਂ ਸੁੱਤੀ ਹੈ। ਹਰ ਰਾਤ ਸਹਿਗਲ ਦੀ ਆਵਾਜ਼ ਵਿਚ ਬਾਬਾ ਜਦੋਂ ਗੁਣਗੁਣਾਉਂਦੇ—'ਸੋ ਜਾ ਰਾਜਕੁਮਾਰੀ, ਸੋ-ਜਾ' ਤਾਂ ਪਿਓ-ਧੀ ਵੱਲ ਦੇਖ ਕੇ ਮਾਂ ਅੱਖਾਂ ਹੀ ਅੱਖਾਂ ਵਿਚ ਮੁਸਕੁਰਾਉਂਦੀ ਹੋਈ ਕਹਿੰਦੀ—'ਲਓ ਇਹ ਫੇਰ ਸ਼ੁਰੂ ਹੋ ਗਏ।' ਉਹਨਾਂ ਦੀ ਰੋਜ਼ ਦੀ ਬੇਕਾਰ ਜਿਹੀ ਨੋਕ-ਝੋਂਕ ਦੀ ਆਦਿ ਨਿੰਦੀਆ ਨੂੰ ਵਿਦੇਸ਼ ਦੀ ਚੁੱਪ, ਹਰ ਰਾਤ ਖਾਣ ਨੂੰ ਆਉਂਦੀਆਂ।
ਨਿੰਦੀਆ ਨੂੰ ਜਦੋਂ ਵੀ ਮਾਂ-ਬਾਬਾ ਦੀ ਯਾਦ ਸਤਾਉਂਦੀ ਹੈ, ਉਹ ਆਪਣੀਆਂ ਅੱਖਾਂ ਬੰਦ ਕਰਕੇ ਸੋਫੇ ਵਿਚਲੇ ਡੂੰਘ ਵਿਚ ਧਸ ਕੇ ਬੈਠ ਜਾਂਦੀ ਹੈ, ਤੇ ਕਦੀ ਮਾਂ ਨੂੰ ਲੰਮਾ ਸਾਰਾ ਖ਼ਤ ਲਿਖਦੀ ਹੈ, ਜਿਸ ਵਿਚ ਲੰਦਨ ਦੀਆਂ ਸਾਰੀਆਂ ਸੌਖਾਂ ਦਾ ਵਰਨਣ ਹੁੰਦਾ ਹੈ ਪਰ ਉਹਨਾਂ ਤਕਲੀਫ਼ਾਂ ਦਾ ਨਹੀਂ, ਜਿਹੜੀਆਂ ਉਹ ਹਰ ਰੋਜ਼ ਭੋਗਦੀ ਹੈ। ਕਦੋਂ ਦੀ ਉਸਨੇ ਮਾਂ ਦੇ ਹੱਥ ਦੀ ਦੇਸੀ ਘਿਓ ਨਾਲ ਚੋਪੜੀ ਰੋਟੀ ਨਹੀਂ ਖਾਧੀ। 'ਇਕ ਹੋਰ', 'ਇਕ ਹੋਰ' ਕਹਿ ਕੇ ਮਾਂ ਕਿੰਜ ਉਸਨੂੰ ਗੁੱਸੇ ਨਾਲ ਖੁਆਉਂਦੀ ਰਹਿੰਦੀ ਸੀ। ਗੋਡਿਆਂ ਵਿਚ ਨੱਪ ਕੇ ਹਰ ਐਤਵਾਰ ਨੂੰ ਉਸਦੇ ਵਾਲਾਂ ਵਿਚ ਜਬਰਦਸਤੀ ਨਾਰੀਅਲ ਦਾ ਤੇਲ ਲਾਉਂਦੀ ਹੁੰਦੀ ਸੀ। ਬਾਬਾ ਤੋਂ ਚੋਰੀਓਂ ਉਸਨੂੰ ਪੈਸੇ ਦੇਂਦੀ ਸੀ ਕਿ ਰੂਪਾ ਸਾਹਵੇਂ ਉਸਦੀ ਹੇਠੀ ਨਾ ਹੋ ਜਾਵੇ। ਹੁਣ ਤਾਂ ਰੋਜ਼ ਉਹੀ ਗੁਜਰਾਤੀ ਖਾਣਾ, ਸਵੇਰੇ-ਸ਼ਾਮ ਟੇਪ 'ਤੇ ਚਲਦੇ ਸਾਈਂ ਬਾਬਾ ਦੇ ਭਜਨ ਤੇ ਉਸਦਾ ਬਕਸੇ ਵਰਗਾ ਕਮਰਾ, ਜਿਸ ਵਿਚ ਘਰ ਵਰਗਾ ਕੁਝ ਵੀ ਨਹੀਂ। ਧੀਰੂਬੇਨ ਨੂੰ ਉਹ ਮਾਸੀ ਕਹਿ ਕੇ ਬੁਲਾਉਂਦੀ ਹੈ, ਹਾਲਾਂਕਿ 'ਮਾਂ ਵਰਗੀ' ਉਹ ਬਿਲਕੁਲ ਨਹੀਂ ਹੈ। ਜਦੋਂ ਵੀ ਉਸਨੂੰ ਦੇਖਦੀ ਹੈ, ਬਸ ਟੋਕਦੀ ਰਹਿੰਦੀ ਹੈ, 'ਬੱਤੀ ਜਲਦੀ ਬੰਦ ਕਰਿਆ ਕਰ, ਢੀਕਰੀ (ਕੁੜੀਏ)' ਜਾਂ 'ਇਲੈਕਟ੍ਰਿਕ ਕੇਟਲੀ ਮਹਿੰਗੀ ਪੈਂਦੀ ਏ', 'ਗਰਮੀ 'ਚ ਵੀ ਗਰਮ ਪਾਣੀ ਨਾਲ ਨਹਾਉਂਦੀ ਐ ਇਹ ਛੋਹਰੀ', ਜਾਂ 'ਸ਼ਨੀਵਾਰ ਨੂੰ ਸੁਨਿਆਰੇ ਦੀ ਦੁਕਾਨ 'ਤੇ ਕੀ ਕਰਨ ਗਈ ਸੀ ਬਿਨੀਆਂ, ਤੂੰ ' ਵਗ਼ੈਰਾ ਵਗ਼ੈਰਾ। ਉਹ ਅਕਸਰ ਉਸਨੂੰ 'ਬਿਨੀਆਂ' ਕਹਿ ਕੇ ਬੁਲਾਉਂਦੀ ਹੈ ਤੇ ਨਿੰਦੀਆ ਉਸਨੂੰ ਕਦੀ ਨਹੀਂ ਟੋਕਦੀ। ਉਸਦੀ ਉਮਰ ਦੇ ਮੁਤਾਬਕ ਬਿਨੀਆਂ ਨਾਂ ਉਸਦੇ ਮੂੰਹੋਂ ਬੜਾ ਫੱਬਦਾ ਹੈ, ਬਿਲਕੁਲ ਉਸੇ ਵਰਗਾ, ਹੀਣ ਤੇ ਦੀਨ ਜਿਹਾ।


ਨਿੰਦੀਆ ਦੇ ਸਿਰ ਰੂਪਾ ਦੇ ਸੈਂਕੜੇ ਰੁਪਏ ਬਕਾਇਆ ਨੇ। ਇੰਜ ਨਹੀਂ ਕਿ ਉਸਨੇ ਕਦੀ ਮੰਗ ਕੀਤੀ ਹੋਏ, ਪਰ ਇਕ ਨਾ ਇਕ ਦਿਨ ਤਾਂ ਦੇਣੇ ਹੀ ਪੈਣੇ ਨੇ। ਚੰਗਾ ਜਿਹਾ ਇਕ ਪਰਦਾ ਤਕ ਤਾਂ ਉਹ ਖ਼ਰੀਦ ਨਹੀਂ ਸਕੀ। ਪਤਾ ਨਹੀਂ ਕਿਸ ਜ਼ਮਾਨੇ ਦਾ ਇਕ ਖੁੱਥੜ ਜਿਹਾ ਪਲਾਸਟਿਕੀ ਪਰਦਾ ਉਸਦੇ ਕਮਰੇ ਦੀ ਖਿੜਕੀ 'ਤੇ ਲਟਕ ਰਿਹਾ ਹੈ, ਜਿਹੜਾ ਏਨਾ ਲੰਮਾਂ ਹੈ ਕਿ ਉਸਦੇ ਬਿਸਤਰੇ ਤਕ ਆ ਜਾਂਦਾ ਹੈ। ਉਸਨੂੰ ਕੱਟ ਕੇ ਛੋਟਾ ਕਰਨ ਦਾ ਤਾਂ ਸਵਾਲੀ ਹੀ ਪੈਦਾ ਨਹੀਂ ਹੁੰਦਾ। ਮਾਸੀ ਕਹਿੰਦੀ ਹੈ ਕਿ ਕਦੀ ਉਹਨੂੰ ਘਰ ਬਦਲਣਾ ਪਿਆ ਤੇ ਨਵੇਂ ਘਰ ਦੀ ਖਿੜਕੀ ਥੋੜ੍ਹੀ ਜਿਹੀ ਲੰਮੀ ਹੋਈ ਤਾਂ ਇਹ ਕੱਟਿਆ ਹੋਇਆ ਪਰਦਾ ਬੇਕਾਰ ਹੋ ਜਾਏਗਾ।
ਪਾਣੀ ਵਿਚ ਤੇਲ ਵਾਂਗ ਤੈਰ ਰਹਿ ਹੈ ਧੀਰੂਬੇਟ ਸਾਉਥ ਹਾਲ ਵਿਚ। ਹਾਲਾਂਕਿ ਇੱਥੇ ਵੀ ਉਸਦੇ ਅਗਿਣਤ ਮਿੱਤਰ ਨੇ, ਪਰ ਹੁਣ ਉਸਨੂੰ ਲੱਗਦਾ ਹੈ ਕਿ ਆਪਣੇ ਦੇਸ਼ ਯਾਨੀ ਵੈਂਮਬਲੀ ਪਰਤ ਜਾਇਆ ਜਾਏ ਜਿੱਥੇ ਉਸਦੀਆਂ ਗੁਜਰਾਤੀ ਸਹੇਲੀਆਂ ਤੇ ਰਿਸ਼ਤੇਦਾਰ ਰਹਿੰਦੇ ਨੇ। ਜਿੱਥੋਂ ਦੇ ਵਾਤਾਵਰਣ ਵਿਚ ਢੋਕਲੇ, ਖਾਂਡਵੀ ਤੇ ਚੀਵੜੇ ਦੀ ਖ਼ੁਸ਼ਬੂ ਵੱਸੀ ਹੋਈ ਹੈ। ਚਿਕਨ ਤੇ ਮਟਨ ਖਾਣ ਵਾਲੇ ਪੰਜਾਬੀਆਂ ਤੋਂ ਅੱਕ ਚੁੱਕੀ ਹੈ ਹੁਣ ਉਹ। ਸੱਤਰ ਦੇ ਦਹਾਕੇ ਵਿਚ ਉਹ ਸਾਉਥ ਹਾਲ ਵਿਚ ਰਹਿੰਦੇ ਇਕ ਪੰਜਾਬੀ ਗੱਭਰੂ ਦੇ ਪਿਆਰ ਦੇ ਚੱਕਰ ਵਿਚ ਪੈ ਗਈ ਸੀ। ਪਹਿਲਾਂ ਪਹਿਲ ਤਾਂ ਦਲਵੀਰ ਨੇ ਉਹਨੂੰ ਦੱਸਿਆ ਹੀ ਨਹੀਂ ਕਿ ਉਹ ਵਿਆਹਿਆ ਹੋਇਆ ਸੀ ਤੇ ਜਦੋਂ ਪੋਲ ਖੁੱਲ੍ਹੀ ਤਾਂ ਕਈ ਸਾਲ ਇਸੇ ਆਸ ਵਿਚ ਨਿਕਲ ਗਏ ਕਿ ਉਹ ਪਤਨੀ ਨੂੰ ਤਲਾਕ ਦੇ ਕੇ ਉਸ ਨਾਲ ਵਿਆਹ ਕਰ ਲਏਗਾ। ਇਕ ਪਿੱਛੋਂ ਇਕ ਜਦੋਂ ਦਲਵੀਰ ਦੇ ਆਪਣੀ ਪਤਨੀ ਤੋਂ ਚਾਰ ਬੱਚੇ ਹੋ ਗਏ ਤਾਂ ਇਕ ਦਿਨ ਧੀਰੂਬੇਨ ਨੂੰ ਯਕਦਮ ਹੋਸ਼ ਆਇਆ ਕਿ ਉਹ ਉਹਨੂੰ ਬੇਵਕੂਫ਼ ਬਣਾ ਰਿਹਾ ਸੀ, ਪਰ ਉਹ ਕੀ ਕਰ ਸਕਦੀ ਸੀ? ਆਖ਼ਰ ਪੜ੍ਹੀ-ਲਿਖੀ ਤਾਂ ਸੀ ਨਹੀਂ। ਉਸਨੂੰ ਸਬਜ਼ੀ-ਫਲ ਦੀ ਇਕ ਵੱਡੀ ਦੁਕਾਨ ਉੱਤੇ ਆਸਾਨੀ ਨਾਲ ਕੰਮ ਮਿਲ ਗਿਆ ਤੇ ਦਿਨ ਵਿਚ ਉਹ ਲਗਾਤਾਰ ਅਠਾਰਾਂ ਉਨੀ ਘੰਟੇ ਕੰਮ ਕਰਨ ਲੱਗੀ। ਉਸ ਲਈ ਗ਼ਮ ਭੁਲਾਉਣ ਦਾ ਇਹ ਸਭ ਤੋਂ ਆਸਾਨ ਤਰੀਕਾ ਸੀ। ਮਿਹਨਤ ਤੇ ਈਮਾਨਦਾਰੀ ਦੇ ਬਲ ਉੱਤੇ ਉਹਨੂੰ ਛੇਤੀ ਹੀ ਮੈਨੇਜਰ ਬਣਾ ਦਿੱਤਾ ਗਿਆ।
ਪੰਜ ਸਾਲ ਦੇ ਅੰਦਰ ਹੀ ਅੰਦਰ ਉਸਨੇ ਆਪਣੇ ਵਰਗੀਆਂ ਕਈ ਔਰਤਾਂ ਨਾਲ ਮਿਲ ਕੇ 'ਸਹਾਰਾ ਮਹਿਲਾ ਸੰਗਠਨ' ਦੀ ਸਥਪਨਾ ਕੀਤੀ, ਜਿਸ ਦਾ ਉਦੇਸ਼ ਸੀ ਸਤਾਈਆਂ ਹੋਈਆਂ ਜਾਂ ਦੂਜੇ ਦੇਸ਼ਾਂ ਤੋਂ ਧੋਖੇ ਨਾਲ ਲਿਆਦੀਆਂ ਗਈਆਂ ਔਰਤਾਂ ਦੀ ਸਹਾਇਤਾ ਕਰਨਾ। ਨਿੰਦੀਆ ਨੇ ਇਕ ਵਾਰੀ ਧੀਰੂਬੇਨ ਤੋਂ ਪੁੱਛਿਆ ਸੀ ਕਿ ਸਾਉਥ ਹਾਲ ਵਿਚ ਵੱਸੀਆਂ ਭਾਰਤੀ ਔਰਤਾਂ ਨਾਲ ਹੀ ਇਹ ਧੱਕਾ ਕਿਉਂ ਹੁੰਦਾ ਹੈ? ਉਹਨਾਂ ਜਵਾਬ ਦਿੱਤਾ ਸੀ ਕਿ ਭਾਰਤੀ ਔਰਤਾਂ ਜਿੱਥੇ ਵੀ ਜਾਣ, ਰਹਿੰਦੀਆਂ ਤਾਂ ਭਾਰਤੀ ਹੀ ਨੇ ਨਾ। ਉਹਨਾਂ ਨੂੰ ਬਚਪਨ ਵਿਚ ਹੀ ਗੁੜ੍ਹਤੀ ਮਿਲੀ ਹੁੰਦੀ ਹੈ ਚੁੱਪਚਾਪ ਸਹਿੰਦੇ ਰਹਿਣ ਦੀ। ਵਿਦੇਸ਼ ਵਿਚ ਤਾਂ ਵਿਚਾਰੀਆਂ ਹੋਰ ਵੀ ਇਕੱਲੀਆਂ ਹੋ ਜਾਂਦੀਆਂ ਨੇ, ਕਿਉਂਕਿ ਇੱਥੇ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੁੰਦੀ। ਸਹੁਰੇ ਘਰ ਵਾਲੇ ਉਹਨਾਂ ਨੂੰ ਇਕ ਨੌਕਰਾਣੀ ਨਾਲੋਂ ਵੱਧ ਨਹੀਂ ਸਮਝਦੇ। ਇਹਨਾਂ ਦੇ ਪਤੀ ਸਥਾਨਕ ਔਰਤਾਂ ਨਾਲ ਮਜ਼ੇ ਉਡਾਉਂਦੇ ਨੇ ਤੇ ਇਹ ਵਿਚਰੀਆਂ ਘਰ ਤੇ ਦੁਕਾਨ ਸੰਭਾਲਦੀਆਂ ਨੇ—ਗਾਲ੍ਹਾਂ ਤੇ ਥੱਪੜ-ਮੁੱਕੀਆਂ ਦਾ ਸ਼ਿਕਾਰ ਬਣਦੀਆਂ ਨੇ। ਬੱਚਿਆਂ ਨੂੰ ਛੱਡ ਕੇ ਜਾ ਵੀ ਨਹੀਂ ਸਕਦੀਆਂ ਤੇ ਉੱਥੇ ਕਿਹੜਾ ਬੈਠਾ ਏ ਜਿਹੜਾ ਇਹਨਾਂ ਦੀ ਗਾਥਾ ਸੁਣੇ।
ਦਿਨ ਤੇ ਰਾਤ ਨਿੰਦੀਆ ਬਸ ਉਹਨੂੰ ਦੌੜਦੀ-ਭੱਜਦੀ ਹੀ ਦੇਖਦੀ ਰਹਿੰਦੀ ਹੈ ਤੇ ਧੀਰੂਬੇਨ ਚਾਹੁੰਦੀ ਹੈ ਕਿ ਨਿੰਦੀਆ ਵੀ ਓਨੀ ਹੀ ਮਿਹਨਤ ਕਰੇ। ਹਾਲਾਂਕਿ ਨਿੰਦੀਆ ਕੋਈ ਘੱਟ ਮਿਹਨਤ ਨਹੀਂ ਕਰ ਰਹੀ, ਕੰਮ ਦੇ ਇਲਾਵਾ ਉਹ ਆਸ਼ੁਲਿੱਪੀ ਦਾ ਡਿਪਲੋਮਾ ਵੀ ਕਰ ਰਹੀ ਹੈ, ਪਰ ਧੀਰੂਬੇਨ ਨੂੰ ਲੱਗਦਾ ਹੈ ਹਫ਼ਤਾਵਾਰੀ ਛੁੱਟੀ ਦੌਰਾਨ ਸਬਜ਼ੀ, ਫਲ ਜਾਂ ਸਾੜ੍ਹੀਆਂ ਵਾਲੀ ਦੁਕਾਨ 'ਤੇ ਕੰਮ ਕਰਕੇ ਉਹ ਕਾਫੀ ਪੈਸੇ ਕਮਾ ਸਕਦੀ ਹੈ। ਉਹਨੂੰ ਇਹ ਸਮਝ ਨਹੀਂ ਆਉਂਦਾ ਕਿ ਬਿਸਤਰੇ ਵਿਚ ਬੈਠ ਕੇ ਇਹ ਵਿੰਗੀਆਂ-ਟੇਢੀਆਂ ਲਕੀਰਾਂ ਮਾਰਨ ਦਾ ਕੀ ਫਾਇਦਾ ਹੋਏਗਾ?
ਨਿੰਦੀਆ ਰੋਜ਼ ਸੋਚਦੀ ਹੈ ਕਿ ਇਸ ਸ਼ਨੀਵਾਰ ਨੂੰ ਆਰਗਸ ਸਟੋਰ ਤੋਂ ਉਹ ਇਕ ਸਸਤਾ ਜਿਹਾ ਟੂ ਇਨ ਵਨ ਖਰੀਦੇਗੀ ਤੇ ਸੁਣੇਗੀ ਆਪਣੇ ਬਾਬਾ ਦੀ ਇਕਲੌਤੀ ਕੈਸੇਟ ਜਿਹੜੀ ਉਹ ਘਰੋਂ ਤੁਰਦੀ ਹੋਈ ਨਾਲ ਲੈ ਆਈ ਸੀ। ਪਰ ਉਸਦੇ ਕੋਲ ਪੈਸੇ ਹੀ ਕਿੱਥੇ ਬਚਦੇ ਨੇ? ਸਵੇਰੇ ਸਵੇਰੇ ਪੰਡਿਤ ਜਸਰਾਜ ਦੇ ਭਜਨ ਸੁਣਦੇ ਸਨ ਬਾਬਾ। ਤੇ ਉਹਨਾਂ ਦੇ ਦਫ਼ਤਰ ਜਾਣ ਪਿੱਛੋਂ ਵੀ ਸਹਿਗਲ ਤੇ ਪੰਕਜ ਮਲਿਕ ਆਦਿ ਨੂੰ ਹੀ ਸੁਣਨਾ ਪੈਂਦਾ ਉਸਨੂੰ। ਉਹਨੀਂ ਦਿਨੀ ਰੋਜ਼ ਰੋਜ਼ ਉਹੀ ਗੀਤ ਤੇ ਭਜਨ ਸੁਣ ਕੇ ਖਿਝ ਜਾਂਦੀ ਸੀ ਨਿੰਦੀਆ, ਪਰ ਅੱਜ ਉਸਨੂੰ ਭਲ਼ ਜਿਹੀ ਉਠੀ ਹੋਈ ਹੈ, ਉਹਨਾਂ ਗੀਤਾਂ ਦੀ। ਉਹ ਬੇਧਿਆਨੇ ਵਿਚ ਹੀ ਗੁਣਗੁਣਾਉਣ ਲੱਗੀ 'ਮੁਝ ਕੋ ਹੈ ਤੁਮ ਸੇ ਪਿਆਰ ਕਿਉਂ, ਯੇ ਨ ਬਤਾ ਸਕੂੰਗਾ ਮੈਂ'। ਧੀਰੂਬੇਨ ਜਦ ਵੀ ਉਸਨੂੰ ਗਾਉਂਦਿਆਂ ਸੁਣਦੀ ਟੋਕ ਦੇਂਦੀ, 'ਢੋਕਰੀ, ਪਿਆਰ-ਵਿਆਰ 'ਚ ਕੁਛ ਨੀ ਪਿਆ, ਸਾਈਂ ਬਾਬਾ ਦਾ ਭਜਨ-ਬੰਦਗੀ ਈ ਤਾਰੂ ਤੇ ਅੱਗਾ ਸੁਧਾਰੂ...'
ਅਕਤੂਬਰ ਦੇ ਸ਼ੁਰੂ ਵਿਚ ਹੀ ਖਾਸੀ ਠੰਡ ਪੈਣ ਲੱਗੀ। ਸੜਕਾਂ ਤੇ ਸਟੇਸ਼ਨਾਂ 'ਤੇ ਮੰਗਤਿਆਂ ਨੂੰ ਗਰਮ ਕੋਟ, ਮਫ਼ਲਤ ਤੇ ਦਸਤਾਨੇ ਪਾਈ ਦੇਖਦੀ ਨਿੰਦੀਆ, ਤਾਂ  ਆਪਣੇ ਆਪ ਨੂੰ ਹੋਰ ਵੀ ਤਰਸਯੋਗ ਸਥਿਤੀ ਵਿਚ ਮਹਿਸੂਸ ਕਰਦੀ। ਸੁਣਿਆ ਹੈ ਕਿ ਇੱਥੇ ਲੋਕ ਬੜੇ ਦਯਾਵਾਨ ਨੇ ਤੇ ਆਪਣੇ ਨਵੇਂ-ਨਵੇਂ ਕੱਪੜੇ ਵੀ ਗ਼ਰੀਬਾਂ ਨੂੰ ਦਾਨ ਕਰ ਦੇਂਦੇ ਨੇ, ਪਰ ਆਪਣੇ ਮੇਚ ਦੀ ਕਿਸੇ ਪਰਉਪਕਾਰੀ ਔਰਤ ਨੂੰ ਲੱਭਣਾ ਨਿੰਦੀਆ ਲਈ ਅਸੰਭਵ ਹੈ। ਲੋਕ ਆਪਣੇ ਪੁਰਾਣੇ ਫਰਿਜ ਤੇ ਟੈਲੀਵਿਜ਼ਨ ਵਰਗੀਆਂ ਚੀਜ਼ਾਂ ਘਰੋਂ ਬਾਹਰ ਰੱਖ ਦਿੰਦੇ ਨੇ। ਨਿੰਦੀਆ ਦਾ ਆਪਣਾ ਘਰ ਹੁੰਦਾ ਤਾਂ ਮੁਫ਼ਤ ਵਿਚ ਭਰ ਜਾਂਦਾ। ਭਾਰਤ ਵਿਚ ਤਾਂ ਅਖ਼ਬਾਰਾਂ ਦੀ ਰੱਦੀ ਤੇ ਖਾਲੀ ਬੋਤਲਾਂ ਵੇਚ ਕੇ ਮਾਂ ਇਕ ਹਫ਼ਤੇ ਦੀ ਸਬਜ਼ੀ ਆਦੀ ਖਰੀਦ ਲੈਂਦੀ ਸੀ। ਇੱਥੇ ਤਾਂ ਸਾਮਾਨ ਚੁੱਕ ਕੇ ਲੈ ਜਾਣ ਦੇ ਵੀ ਕਬਾੜ ਵਾਲੇ ਦਸ ਜਾਂ ਵੀਹ ਪਾਉਂਡ ਮੰਗਦੇ ਨੇ। ਇਸ ਲਈ ਲੋਕ ਰਾਤ ਨੂੰ ਚੁੱਪਚਾਪ ਆਪਣਾ ਪੁਰਾਣਾ ਸਾਮਾਨ ਘਰ 'ਚੋਂ ਬਾਹਰ ਰੱਖ ਦੇਂਦੇ ਨੇ ਕਿ ਜਿਸਨੂੰ ਚਾਹੀਦਾ ਹੋਏ ਲੈ ਜਾਏ। ਬਹੁਤ ਸਾਰੇ ਅਖ਼ਬਾਰ ਤੇ ਰਸਾਲੇ ਮੁਫ਼ਤ ਵਿਚ ਮਿਲ ਜਾਂਦੇ ਨੇ, ਜਿਹਨਾਂ ਨੂੰ ਉਹ ਚੱਟ ਜਾਂਦੀ ਹੈ। ਕਿੰਨੇ ਹੀ ਮਜ਼ੇਦਾਰ ਲੇਖ ਤੇ ਚਿੱਤਰ ਹੁੰਦੇ ਨੇ, ਜਿਹਨਾਂ ਨੂੰ ਉਹ ਸੰਭਾਲ ਕੇ ਰੱਖਣਾ ਚਾਹੁੰਦੀ ਹੈ ਪਰ ਹਫ਼ਤੇ ਦੇ ਅਖ਼ੀਰਲੇ ਦਿਨ ਬੁੜਬੁੜ ਕਰਦੀ ਹੋਈ ਮਾਸੀ ਉਹਨਾਂ ਨੂੰ ਕੁੜਾਦਾਨ ਵਿਚ ਸੁੱਟ ਦਿੰਦੀ ਹੈ। ਸ਼ਾਇਦ ਉਹ ਠੀਕ ਹੀ ਕਰਦੀ ਹੈ। ਨਿੰਦੀਆ ਦਾ ਵੱਸ ਚੱਲੇ ਤਾਂ ਪਟੜੀ 'ਤੇ ਸੁੱਟਿਆ ਹੋਇਆ ਲੋਕਾਂ ਦਾ ਸਾਰਾ ਸਾਮਾਨ ਚੁੱਕ ਕੇ ਘਰ ਲੈ ਆਏ। ਆਪਣਾ ਘਰ ਤਾਂ ਹੈ ਨਹੀਂ ਕਿ ਉਸ ਵਿਚ ਸਜਾ ਲਏ। ਅੱਖਾਂ ਵਿਚ ਵਸਾਅ ਲੈਂਦੀ ਹੈ ਨਿੰਦੀਆ ਸੜਕ ਕਿਨਾਰੇ ਸੁੱਟੀਆਂ ਗਈਆਂ ਉਹ ਢੇਰ ਸਾਰੀਆਂ ਚੀਜ਼ਾਂ, ਜਿਹੜੀਆਂ ਉਸਨੂੰ ਪਸੰਦ ਆਉਂਦੀਆਂ ਨੇ।
ਇਸੇ ਦੌਰਾਨ ਹਾਈ ਸਟਰੀਟ ਵਿਚ ਮਟਰਗਸ਼ਤੀ ਕਰਦਿਆਂ ਹੋਇਆਂ ਨਿੰਦੀਆ ਨੇ ਇਕ ਦੁਕਾਨ ਦੀ ਖਿੜਕੀ ਵਿਚ ਇਕ ਕੋਟ ਟੰਗਿਆ ਦੇਖਿਆ। ਉਹ ਏਨਾ ਸਸਤਾ ਸੀ ਕਿ ਉਸਨੂੰ ਆਪਣੀਆਂ ਅੱਖਾਂ-ਕੰਨਾਂ ਉੱਤੇ ਵਿਸ਼ਵਾਸ ਨਹੀਂ ਸੀ ਆਇਆ। ਇਸ ਤੋਂ ਪਹਿਲਾਂ ਕਿ ਉਸਨੂੰ ਕੋਈ ਹੋਰ ਲੈ ਜਾਂਦਾ, ਉਸਨੇ ਝੱਟ ਖਰੀਦ ਲਿਆ। ਹਾਲਾਂਕਿ ਭੂਆ ਦੀਆਂ ਲਿਆਂਦੀਆਂ ਸਾੜ੍ਹੀਆਂ ਵਰਗਾ ਲੱਗਿਆ ਸੀ ਉਸਨੂੰ ਉਹ ਕੋਟ, ਪਰ ਉਸਦੇ ਕੋਲ ਕੋਈ ਹੋਰ ਚਾਰਾ ਵੀ ਤਾਂ ਨਹੀਂ ਸੀ। ਗਰਮ ਕੋਟ ਨੂੰ ਦੇਖਦਿਆਂ ਹੀ ਧੀਰੂਬੇਨ ਬੋਲ ਪਈ ਸੀ, 'ਆਕਸਫ਼ੈਮ 'ਚ ਤਾਂ ਮਰੇ-ਮੋਏ ਲੋਕਾਂ ਦੀਆਂ ਵਸਤਾਂ ਮਿਲਦੀਆਂ ਨੇ।' ਉਸਨੇ ਉਸਦੇ ਉਤਸਾਹ ਉੱਤੇ ਇਕ ਛਿਣ ਵਿਚ ਕਈ ਘੜੇ ਪਾਣੀ ਪਾ ਦਿੱਤਾ ਸੀ। ਪਤਾ ਨਹੀਂ ਉਹ ਕਿਸ ਮੁਰਦੇ ਦਾ ਕੋਟ ਖਰੀਦ ਲਿਆਈ ਸੀ। ਕੰਬ ਗਈ ਸੀ ਉਹ।
ਧੀਰੂਬੇਨ  ਨੂੰ ਮਿਲ ਕੇ ਨਿੰਦੀਆ ਦੇ ਮਨ ਵਿਚ ਵੱਸੀ ਬ੍ਰਿਟੇਨ ਦੀ ਮੂਰਤ ਧੁੰਦਲੀ ਹੋ ਗਈ ਸੀ। ਕਿੱਥੇ ਰੂਪਾ ਤੇ ਉਸਦਾ ਪਰਿਵਾਰ ਤੇ ਕਿੱਥੇ ਸਾਊਥ ਹਾਲ ਵਿਚ ਵੱਸੀ ਉਸੇ ਪਰਿਵਾਰ ਦੀ ਮੈਂਬਰ ਧੀਰੂਬੇਨ—ਉਸਨੂੰ ਲੱਗਿਆ ਜਿਵੇਂ ਕੋਈ ਸੈਂਕੜੇ ਵਰ੍ਹੇ ਪਹਿਲਾਂ ਉਹਨੂੰ ਆਕਸਫੈਮ 'ਚੋਂ ਲਿਆ ਕੇ ਇੱਥੇ ਰੱਖ ਗਿਆ ਹੋਵੇ। ਗਿੱਟਿਆਂ ਤੋਂ ਉੱਚੀ ਧੋਤੀ ਲੱਕ ਕੋਲ ਤੁੰਨ ਕੇ, ਕੱਪੜੇ ਦਾ ਪੁਰਾਣਾ ਥੈਲਾ ਲਮਕਾਉਂਦੀ, ਜਦੋਂ ਉਹ ਘਰੋਂ ਨਿਕਲਦੀ ਤਾਂ ਨਿੰਦੀਆ ਨੂੰ ਯਕਦਮ ਹਾਸੀ ਆ ਜਾਂਦੀ। ਕਈ ਵਾਰੀ ਸੋਚਦੀ ਹੈ ਅੱਗੇ ਹੋ ਕੇ ਉਸਦੀ ਧੋਤੀ ਹੀ ਠੀਕ ਕਰ ਦਵੇ, ਪਰ ਉਸਨੂੰ ਭਲਾ ਕੀ ਲੋੜ! ਪ੍ਰਤੀਕਰਮ ਵਜੋਂ ਉਸੇ ਸ਼ਨੀਵਾਰ ਨਿੰਦੀਆ ਫੇਰ ਆਕਸਫੈਮ ਗਈ ਤੇ ਆਪਣੇ ਲਈ ਬੂਟ, ਦਸਤਾਨੇ, ਪਰਸ ਤੇ ਮਫ਼ਲਰ ਆਦਿ ਵੀ ਖਰੀਦ ਲਿਆਈ। ਹਾਲਾਂਕਿ ਹੁਣ ਜਦੋਂ ਵੀ ਕੋਟ ਪਾਉਂਦੀ ਹੈ ਬੇਚੈਨ ਹੋ ਜਾਂਦੀ ਹੈ। ਇਸੇ ਕੋਸ਼ਿਸ਼ ਵਿਚ ਰਹਿੰਦੀ ਹੈ ਕਿ ਜਲਦੀ ਜਲਦੀ ਦਫ਼ਤਰ ਜਾਂ ਵਾਪਸ ਘਰ ਪਹੁੰਚੇ ਤੇ ਉਸਨੂੰ ਲਾਹ ਕੇ ਟੰਗ ਦਵੇ। ਇਸ ਕੋਟ ਨੂੰ ਪਾਉਣਾ ਵਾਲੇ ਵਿਅਕਤੀ ਨੂੰ ਕਿਤੇ ਕੋੜ-ਰੋਗ ਹੀ ਨਾ ਹੋਵੇ। ਮਫ਼ਲਰ ਹਮੇਸ਼ਾ ਉਸਨੂੰ ਗਲ਼ਾ ਵਲੂੰਧਰਦਾ ਲੱਗਦਾ ਹੈ, ਬੂਟਾਂ ਵਿਚ ਕਦੀ-ਕਦੀ ਆਪਣੇ ਪੈਰ ਹੀ ਆਪਣੇ ਨਹੀਂ ਲੱਗਦੇ। ਸੁਸ਼ਮਾ ਦੇ ਟੋਕਨ ਦੇ ਬਾਵਜੂਦ ਉਹ ਦਫ਼ਤਰ ਵਿਚ ਨੰਗੇ ਪੈਰੀਂ ਘੁੰਮਦੀ ਰਹਿੰਦੀ ਹੈ। ਪਰ ਆਕਸਫੈਮ ਜਾਣਾ ਉਸਨੇ ਫੇਰ ਵੀ ਨਹੀਂ ਛੱਡਿਆ। ਇਕੋ ਤਾਂ ਦੁਕਾਨ ਹੈ ਜਿੱਥੋਂ ਉਹ ਕੁਛ ਵੀ ਖਰੀਦ ਸਕਦੀ ਹੈ। ਦਸ-ਦਸ ਪੈਸੇ ਵਿਚ ਕਿਤਾਬਾਂ ਮਿਲ ਜਾਂਦੀਆਂ ਨੇ, ਜਿਹਨਾਂ ਨੂੰ ਉਹ ਦੇਰ ਰਾਤ ਤਕ ਪੜ੍ਹਦੀ ਹੋਈ—ਆਪਣੇ ਸਾਰੇ ਦੁੱਖ-ਦਰਦ ਭੁੱਲ ਜਾਂਦੀ ਹੈ।
ਸਵੇਰ ਦੇ ਚਾਰ ਵੀ ਨਹੀਂ ਸੀ ਵੱਜੇ ਕਿ 'ਦਿਨੀਆਂ, ਦਿਨੀਆਂ, ਘੋੜੇ ਵੇਚ ਕੇ ਸੁੱਤੀ ਐਂ ਤੂੰ, ਜਰਾ ਬਾਹਰ ਆ, ਵੇਖ ਕੀ ਹੋ ਰਿਹੈ।' ਪਤੀਲਾ ਖੁਰਚਣ ਵਰਗੀ ਮਾਸੀ ਦੀ ਆਵਾਜ਼ ਨੇ ਪੁਲਿਸ 'ਟੀ ਟੂੰ, ਟੀ ਟੂੰ' ਕਰਦੇ ਸਾਈਰਨ ਨੂੰ ਵੀ ਮਾਤ ਪਾ ਦਿੱਤੀ ਸੀ। ਖਿੜਕੀ ਵਿਚੋਂ ਝਾਕੀ ਤਾਂ ਸੜਕ ਪੁਲਿਸ ਦੀਆਂ ਵਰਦੀਆਂ ਨਾਲ ਭਰੀ ਹੋਈ ਸੀ, ਗੁਆਂਢੀਆਂ ਦੇ ਘਰ ਛਾਪਾ ਪਿਆ ਸੀ। ਮਾਸੀ ਜਿਹੜੀ ਨਾਲ ਵਾਲੀ ਖਿੜਕੀ ਵਿਚੋਂ ਦੇਖ ਰਹੀ ਸੀ ਬੋਲੀ—'ਹੂੰ, ਕਹਿੰਦੀ ਸੀ ਨਾ ਮੈਂ ਦਿਨੀਆਂ, ਇਕ ਦਿਨ ਇਵੇਂ ਹੀ ਹੋਣਾ ਸੀ।' ਦਿਨ-ਰਾਤ ਆਉਣਾ-ਜਾਣਾ ਲੱਗਿਆ ਰਹਿੰਦਾ ਸੀ। ਇਸ ਘਰ ਵਿਚ ਇਲੀਗਲ ਇਮਿਗ੍ਰੰਟਸ ਰਹਿੰਦੇ ਸਨ। ਲਗਭਗ ਗਿਆਰਾਂ ਜਣਿਆ ਨੂੰ ਹੱਥਕੜੀ ਲਾ ਕੇ ਵੈਨ ਵਿਚ ਬਿਠਾਅ ਦਿੱਤਾ ਗਿਆ ਸੀ। ਸਵੇਰੇ ਜਲਦੀ ਉਠ ਜਾਣ ਦੀ ਆਦੀ ਗੁਜਰਾਤੀ ਕੌਮ ਪੁਲਿਸ ਦੇ ਜਾਣ ਪਿਛੋਂ ਵੀ ਕਚਰ-ਕਰਚ ਕਰਦੀ ਰਹੀ ਸੀ। ਤਿੰਨ ਤਿੰਨ ਪਾਊਂਡਸ ਪ੍ਰਤੀ ਘੰਟਾ ਕੰਮ ਕਰਨ ਵਾਲੇ ਇਹ ਇਲੀਗਲ ਇਮਿਗ੍ਰੰਟਸ ਜਿਹੜੇ ਪਤਾ ਨਹੀਂ ਕਿਹੜੇ ਕਿਹੜੇ ਦੇਸ਼ਾਂ ਵਿਚੋਂ ਬੋਰਿਆਂ ਵਿਚ ਭਰ ਕੇ ਲਿਆਂਦੇ ਜਾਂਦੇ ਨੇ ਤੇ ਇੱਥੋਂ ਦੇ ਮਹਾਸਾਗਰ ਵਿਚ ਗਾਇਬ ਹੋ ਜਾਂਦੇ ਨੇ। ਸੁਣਿਆ ਹੈ ਕਿ ਇਕ ਇਕ ਕਮਰੇ ਵਿਚ ਤੀਹ ਤੀਹ ਜਣੇ ਸੌਂਦੇ ਨੇ—ਜੁੱਲੜਾਂ ਵਿਚ। ਰਾਤ ਨੂੰ ਕੰਮ ਕਰਨ ਵਾਲਾ ਬੰਦਾ ਜੇ ਰਾਤ ਨੂੰ ਬਿਮਾਰ ਹੋ ਜਾਏ ਤਾਂ ਉਸਨੂੰ ਪੈਣ ਲਈ ਸਵੇਰ ਦੀ ਉਡੀਕ ਕਰਨੀ ਪੈਂਦੀ ਹੈ। ਨਿੰਦੀਆ ਸੋਚਣ ਲੱਗੀ ਕਿ ਅਜਿਹਾ ਕੀ ਹੈ ਇਸ ਦੇਸ਼ ਵਿਚ ਕਿ ਲੋਕ ਤੁਰੇ ਆਉਂਦੇ ਨੇ ਧੱਕੇ ਖਾਣ ਲਈ? ਘਟੀਆ ਖਾਣਾ, ਬਦਬੂਦਾਰ ਬਿਸਤਰਾ, ਅੱਧੀ-ਅਧੂਰੀ ਨੀਂਦ ਤੇ ਸੋਲਾਂ ਤੋਂ ਅਠਾਰਾਂ ਘੰਟੇ ਕੰਮ ਕਰਕੇ ਵੀ ਇਹਨਾਂ ਨੂੰ ਚੈਨ ਨਹੀਂ। ਪਤਾ ਨਹੀਂ ਕਦੋਂ ਪੁਲਿਸ ਆ ਦਬੋਚੇ ਤੇ ਜੇਲ੍ਹ ਵਿਚ ਕਿੰਨੇ ਸਾਲਾਂ ਲਈ ਸੁੱਟ ਦਵੇ।
ਨਿੰਦੀਆ ਦੁਬਾਰਾ ਸੌਣ ਦੀ ਕੋਸ਼ਿਸ਼ ਕਰ ਹੀ ਰਹੀ ਸੀ ਕਿ ਕੋਡਨਾਨੀ ਦਾ ਫ਼ੋਨ ਆ ਗਿਆ, ਦਫ਼ਤਰ ਦੇ ਬਾਅਦ ਸ਼ਾਮ ਨੂੰ ਪੱਬ ਵਿਚ ਮਿਲਣ ਲਈ। ਮਨ ਹੀ ਮਨ ਨਿੰਦੀਆ ਨੇ ਉਸਨੂੰ ਬੜਾ ਬੁਰਾ-ਭਲਾ ਆਖਿਆ, ਪਰ ਨਾਂਹ ਨਹੀਂ ਕਹਿ ਸਕੀ ਕਿ ਕਿਤੇ ਵਿਦੇਸ਼ ਵਿਚ ਆਪਣੇ ਇਕੋਇਕ ਸਹਾਰੇ ਨੂੰ ਵੀ ਨਾ ਗੰਵਾਅ ਲਵੇ। ਇੱਥੇ ਉਸਨੂੰ ਕਿਹੜਾ ਜਾਣਦਾ ਹੈ ਜਿਹੜਾ ਬਾਬਾ ਨੂੰ ਜਾ ਕੇ ਦੱਸ ਦਵੇਗਾ ਕਿ ਉਹ ਇਕ ਪਰਾਏ ਮਰਦ ਨਾਲ ਪੱਬ ਵਿਚ ਬੈਠੀ ਸੀ, ਪਰ ਮਨ ਦਾ ਭੈ ਨਹੀਂ ਸੀ ਨਿੱਕਲਦਾ। ਇਕ ਦੋ ਗ਼ਲਾਸ ਸ਼ਰਾਬ ਪੀਂਦਿਆਂ ਹੀ ਕੋਡਨਾਨੀ ਟਿਪਸੀ ਹੋ ਜਾਂਦਾ ਹੈ ਤੇ ਉਸਨੂੰ ਭੇਦ ਦੀਆਂ ਗੱਲਾਂ ਦੱਸਣ ਲੱਗ ਪੈਂਦਾ ਹੈ ਕਿ ਉਸਦੇ ਸਹਿਯੋਗੀ ਸਥਾਨਕ ਔਰਤ ਮੁਲਾਜ਼ਮਾਂ ਬਾਰੇ ਕੈਸੀਆਂ ਗੰਦੀਆਂ-ਗੰਦੀਆਂ ਗੱਲਾਂ ਕਰਦੇ ਨੇ, 'ਓਹ ਮੇਰੇ ਥੱਲੇ ਪੈ ਗਈ ਤਾਂ ਮੈਂ ਕੀ ਕਰਦਾ' ਜਾਂ 'ਓਹ ਮੇਰੇ ਕਮਰੇ ਵਿੱਚ ਆ ਕੇ ਡੋਰਾ ਲਾ ਲੈਂਦੀ ਆ ਤਾਂ ਮੈਂ ਵੀ ਆਪਣੀ ਪੈਂਟ ਲਾਹ ਦਿੰਦਾ ਆਂ।' ਕੋਈ ਕਹਿੰਦਾ ਕਿ ਉਸਨੇ ਰਾਏ ਤੇ ਮੈਥਿਲੀ ਨੂੰ ਪਿੱਛੇ ਵਾਲੀ ਲਿਫ਼ਟ 'ਚ ਸੰਭੋਗ ਕਰਦੇ ਦੇਖਿਆ ਹੈ। ਮੇਨਕਾ ਦੱਸ ਰਹੀ ਸੀ ਕਿ ਦੱਖਣ ਪੂਰਵੀ ਦੇਸ਼ਾਂ ਤੋਂ ਆਏ ਵਧੇਰੇ ਅਧਿਕਾਰੀ ਇਹ ਸੋਚਦੇ ਨੇ ਕਿ ਵਿਦੇਸ਼ ਵਿਚ ਮੁਟਿਆਰਾਂ ਕਿਸੇ ਨਾਲ ਵੀ ਸੌਣ ਲਈ ਤਿਆਰ ਹੋ ਜਾਂਦੀਆਂ ਨੇ ਤੇ ਇਸ ਭਰਮ ਦੇ ਹੁੰਦਿਆਂ, ਉਹ ਅਜਿਹੀਆਂ ਹਰਕਤਾਂ ਕਰ ਬੈਠਦੇ ਨੇ। ਕਦੀ ਕਦੀ ਤਾਂ ਇਕ ਚੰਗੀ ਕੁੜੀ ਨੂੰ ਵੀ, ਜਿਸਨੇ ਉਹਨਾਂ  ਨੂੰ ਫਿਟਕਾਰ ਪਾ ਦਿੱਤੀ ਹੋਏ, ਉਹ ਬਦਨਾਮ ਕਰਕੇ ਛੱਡਦੇ ਨੇ। ਮੇਨਕਾ ਖ਼ੁਦ ਭੁਗ-ਭੋਗੀ ਹੈ। ਆਪਣੇ ਹੀ ਦੇਸ਼ 'ਚੋਂ ਆਏ ਇਕ ਅਧਿਕਾਰੀ, ਰੌਨੀ ਦੇ ਨਾਲ ਉਹ ਪ੍ਰੇਮ ਕਰ ਬੈਠੀ ਸੀ। ਇਕ ਦਿਨ ਜਦੋਂ ਹੋਰ ਅਧਿਕਾਰੀ ਨੇ ਰੌਨੀ ਦਾ ਹਵਾਲਾ ਦੇਂਦਿਆਂ ਹੋਇਆਂ ਉਸਨੂੰ ਹੋਟਲ ਚੱਲ ਲਈ ਕਿਹਾ ਤਾਂ ਮੇਨਕਾ ਨੂੰ ਆਪਣੇ ਉੱਤੇ ਡਾਢੀ ਸ਼ਰਮ ਆਈ। ਬਜਾਏ ਮੇਨਕਾ ਦੀ ਹਿਫ਼ਾਜ਼ਤ ਕਰਨ ਦੇ ਰੌਨੀ ਉਸਨੂੰ ਆਪਣੇ ਸਹਿ-ਅਧਿਕਾਰੀ ਨੂੰ ਪਰੋਸਨ ਦੀ ਕੋਸ਼ਿਸ਼ ਕਰ ਰਿਹਾ ਸੀ।
ਕੋਡਨਾਨੀ ਨਾਲ ਮਿੱਤਰਤਾ ਕਾਰਨ ਹੀ ਉਹ ਖ਼ੁਦ ਇਹਨਾਂ ਤੋਹਮਤਾਂ ਤੋਂ ਬਚੀ ਹੋਈ ਹੈ। ਹਾਲਾਂਕਿ ਕਦੀ-ਕਦੀ ਉਸਨੇ ਹੋਰ ਲੋਕਾਂ ਨੂੰ ਆਪਣੇ ਬਾਰੇ ਖੁਸਰ-ਪੁਸਰ ਕਰਦਿਆਂ ਸੁਣਿਆ ਹੈ ਤੇ ਅੱਖ ਮਾਰਦਿਆਂ ਵੀ ਦੇਖਿਆ ਹੈ, ਪਰ ਉਹ ਸਫਾਈ ਨਾਲ ਉਹਨਾਂ ਨੂੰ ਨਜ਼ਰ ਅੰਦਾਜ਼ ਕਰ ਛੱਡਦੀ ਹੈ। ਕੁਝ ਕਿਹਾ ਤਾਂ ਉਹ ਵਾਧੂ ਦੀਆਂ ਅਫ਼ਵਾਹਾਂ ਉਡਾਉਣਗੇ। ਉਹ ਸਾਰਿਆਂ ਨਾਲ ਬੜੇ ਆਦਰ-ਸਨਮਾਣ ਤੇ ਮੋਹ ਨਾਲ ਗੱਲ ਕਰਦੀ ਹੈ ਤੇ ਹੁਣ ਤਾਂ ਬਹੁਤ ਸਾਰੇ ਅਧਿਕਾਰੀ ਉਸਦੇ ਵਿਹਾਰ ਤੇ ਕੰਮ ਤੋਂ ਬੜੇ ਖੁਸ਼ ਨੇ। ਹੋਰ ਤਾਂ  ਹੋਰ ਉਸਦੇ ਆਪਣੇ ਵਿਭਾਗ ਦੇ ਪ੍ਰਧਾਨ ਮੁਕੁੰਦ ਮਿਸ਼ਰਾ, ਜਿਹਨਾਂ ਨੂੰ ਸਾਰੇ 'ਸਾਬ' ਕਹਿ ਕੇ ਬੁਲਾਉਂਦੇ ਨੇ, ਉਸਦੀ ਬੜੀ ਇੱਜ਼ਤ ਕਰਦੇ ਨੇ ਤੇ ਇਹੀ ਇਕ ਕਾਰਨ ਹੈ ਕਿ ਉਹਨਾਂ ਦੀ ਵਿਸ਼ੇਸ਼ ਸੈਕਟਰੀ, ਸ਼ਾਮਾ ਮਿੱਤਰਾ ਨੂੰ ਉਹ ਫੁੱਟੀ ਅੱਖ ਨਹੀਂ ਸੁਹਾਉਂਦੀ।
ਨਿੰਦੀਆ ਨੇ ਅਜੇ ਆਪਣਾ ਪਰਸ ਦਰਾਜ਼ ਵਿਚ ਰੱਖਿਆ ਹੀ ਸੀ ਕਿ ਰਾਧਾ-ਕ੍ਰਿਸ਼ਨ ਦੀ ਜੋੜੀ ਵਾਂਗ ਮਿਸ਼ਰਾ ਸਾਹਬ ਤੇ ਸ਼ਾਮਾ ਮਿੱਤਰਾ ਨੇ ਨਿੰਮ੍ਹਾਂ-ਨਿੱਮ੍ਹਾਂ ਮੁਸਕਰਾਂਦਿਆਂ ਹੋਇਆਂ ਦਫ਼ਤਰ ਵਿਚ ਪ੍ਰਵੇਸ਼ ਕੀਤਾ। ਨਿੰਦੀਆ ਨੇ ਸੁਖ ਦਾ ਸਾਹ ਲਿਆ ਕਿ ਕਿਤੇ ਇਕ ਮਿੰਟ ਦੀ ਹੋਰ ਦੇਰ  ਹੋ ਗਈ ਹੁੰਦੀ ਤਾਂ ਸਾਰਾ ਦਿਨ ਸ਼ਾਮਾ ਉਹਨੂੰ ਟੋਕਦੀ ਰਹਿੰਦੀ। 'ਗੁੱਡ ਮਾਰਨਿੰਗ' ਦਾ ਸਾਂਝਾ ਸੁਰ ਗੂੰਜਿਆ। ਕੀੜਿਆਂ ਨੂੰ ਅਣਦੇਖਿਆ ਕਰਦੀ ਘਣਸ਼ਾਮ ਜੋੜੀ ਪ੍ਰਧਾਨ ਦੇ ਕਮਰੇ ਵਿਚ ਪ੍ਰਵੇਸ਼ ਹੋ ਗਈ। ਕੀੜਿਆਂ ਦੀਆਂ ਉਲਝਣਾ-ਸ਼ੰਕਿਆਂ ਭਰੀਆਂ ਨਜ਼ਰਾਂ ਗੋਲ-ਗੋਲ ਘੁੰਮੀਆਂ ਤੇ ਵਾਪਸ ਆਪਣੇ ਕੰਪਿਊਟਰਾਂ 'ਤੇ ਆ ਟਿਕੀਆਂ। ਫ਼ੋਨ ਦੀ ਘੰਟੀ ਸੁਣ ਕੇ ਮਦਨ ਮੋਹਨ ਭੁੜਕ ਕੇ ਖੜੇ ਹੋ ਗਏ, 'ਯਸ ਸਰ, ਸਰ, ਯਸ ਸਰ, ਸਰ।' ਉਹ ਕਾਫੀ ਉਤੇਜਤ ਹੋ ਗਏ ਜਾਪਦੇ ਸਨ। ਫ਼ੋਨ ਨੂੰ ਟ੍ਰਾਂਸਫਰ ਕਰਕੇ ਵੀ ਉਹ ਅਸਹਿਜ ਖੜ੍ਹੇ ਸੀ। ਸ਼ਾਮਾ ਤਣੀ ਹੋਈ ਕਮਰੇ 'ਚੋਂ ਬਾਹਰ ਆਈ ਤੇ ਸਿੱਧੀ ਕਾਮਰਸ ਵਿਭਾਗ ਵਲ ਹੋ ਲਈ। ਸੁਸ਼ਮਾ ਸੀਰਾ ਭੁੜਕ ਕੇ ਮਦਨ ਮੋਹਨ ਕੋਲ ਆਣ ਖੜ੍ਹੀ ਹੋਈ। 'ਸਰ, ਦੇਖਿਆ ਤੁਸੀਂ, ਨੋ ਸ਼ੇਮ ਐਟ ਆਲ। ਸਰ ਤੁਸੀਂ ਕਿਉਂ ਨਹੀਂ ਦੱਸਦੇ ਸਾਹਬ ਨੂੰ ਸ਼ਾਮਾ ਦੀਆਂ ਕਰਤੂਤਾਂ? ਤੁਸੀਂ ਨਹੀਂ ਦੱਸੋਗੇ ਤਾਂ ਉਹਨਾਂ ਨੂੰ ਪਤਾ ਕਿੰਜ ਲੱਗੇਗਾ?' ਸੁਣੀ-ਅਣਸੁਣੀ ਕਰਕੇ ਹੋਏ ਮਦਨ ਮੋਹਨ ਨੇ ਇੰਜ ਦਿਖਾਇਆ ਜਿਵੇਂ ਉਹ ਬੜਾ ਹੀ ਵਿਅਸਤ ਸੀ। ਲਾਜ ਖੱਟਰ ਨੂੰ ਤਾਂ ਕੰਮ ਛੱਡਣ ਦਾ ਕੋਈ ਬਹਾਨਾ ਮਿਲਣਾ ਚਾਹੀਦਾ ਸੀ, ਉਹ ਵੀ ਕੋਲ ਆ ਖੜ੍ਹੀ ਹੋਈ—'ਇਕ ਖਰਾਬ ਅਮਰੂਦ ਪੂਰੀ ਬੋਰੀ ਨੂੰ ਸਾੜ ਦੇਂਦਾ ਏ, ਸਰ।' ਮੁਹਾਵਰਿਆਂ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਲਾਜ ਦੀ ਆਦਤ ਹੈ, ਸਿਓ ਦੀ ਜਗ੍ਹਾ ਅਮਰੂਦ ਕਹਿੰਦਿਆਂ ਉਸਦੇ ਮੂੰਹ ਵਿਚ ਪਾਣੀ ਆ ਗਿਆ ਸੀ। ਦੁਪਹਿਰੇ ਉਹ ਹਰ ਰੋਜ਼ ਲੂਣ, ਲਾਲ ਤੇ ਕਾਲੀ ਪੀਸੀ ਹੋਈ ਮਿਰਚ ਵਿਚ ਲਿਪਟੇ ਤਲੇ ਆਲੂਆਂ ਨਾਲ ਆਪਣਾ ਢਿੱਡ ਭਰਦੀ ਹੈ।
ਸਾਹਬ ਦੀ ਗ਼ੈਰਹਾਜ਼ਰੀ ਵਿਚ ਸ਼ਾਮਾ ਕਾਮਰਸ ਵਿਭਾਗ ਦੇ ਗਗਨ ਰਾਏ ਨਾਲ ਰਹਿਣ ਲੱਗੀ ਸੀ ਤੇ ਦੋ ਅਧਿਕਾਰੀਆਂ ਨੂੰ ਇਕੋ ਸਮੇਂ ਬੁੱਧੂ ਬਣਾ ਰਹੀ ਸੀ। ਲਾਜ ਦੇ ਸ਼ਬਦਾਂ ਵਿਚ—'ਮੀਆਂ ਬੀਵੀ ਰਾਜ਼ੀ ਤਾਂ ਕੀ ਕਰੂਗਾ ਪਾਜੀ।' ਸ਼ਾਮਾ ਤੇ ਗਗਨ ਦੋਵੇਂ ਸ਼ਾਦੀ ਸ਼ੁਦਾ ਨੇ ਤੇ ਇਸੇ ਕਰਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਤੇ ਸ਼ਾਇਦ ਇਸਦਾ ਮਜ਼ਾ ਵੀ ਲੈਂਦੇ ਨੇ। ਹਾਲਾਂਕਿ ਸ਼ੁਸ਼ਮਾ ਨੂੰ ਇਹ ਗੱਲ ਪਚ ਨਹੀਂ ਰਹੀ ਸੀ। ਨਿੰਦੀਆ ਜਾਣਦੀ ਹੈ ਕਿ ਜੇ ਮੌਕਾ ਮਿਲੇ ਤਾਂ ਲਾਜ ਤੇ ਸੁਸ਼ਮਾ ਦੋਵੇਂ ਪਿੱਛੇ ਰਹਿਣ ਵਾਲਿਆਂ ਵਿਚੋਂ ਨਹੀਂ, ਪਰ ਉਹਨਾਂ ਨੂੰ ਕੋਈ ਕਦੀ ਮੌਕਾ ਨਹੀਂ ਦੇਂਦਾ।
ਦਫ਼ਤਰ ਵਿਚ ਨਾਲ ਕੰਮ ਕਰਨ ਵਾਲਿਆਂ ਦੀ ਚਪਰ-ਚਪਰ ਵਿਚ ਵੀ ਨਿੰਦੀਆ ਇਹੀ ਸੋਚ ਰਹੀ ਸੀ ਕਿ ਸਵੇਰੇ ਪਤਾ ਨਹੀਂ ਕਿੰਨੇ ਯਤਨ ਕਰਕੇ ਉਹ ਬੀਂਡਾ ਨਿੰਦੀਆ ਦੇ ਟਬ ਤਕ ਪਹੁੰਚਿਆ ਸੀ ਤੇ ਨਿੰਦੀਆ ਨੇ ਉਸਦੀ ਸਾਰੀ ਤਪਸਿਆ 'ਤੇ ਪਾਣੀ ਫੇਰ ਦਿੱਤਾ ਸੀ। ਮਿਹਨਤ ਕਰਕੇ ਆਦਮੀ ਕਿੱਥੋਂ ਕਿੱਥੇ ਪਹੁੰਚ ਜਾਂਦਾ ਹੈ ਜਾਂ ਪਹੁੰਚ ਸਕਦਾ ਹੈ। ਪਰ ਨਿੰਦੀਆ ਵਰਗੇ ਲੋਕ ਜਿਹਨਾਂ ਕੋਲ ਸਿਰ 'ਤੇ ਛੱਤ ਹੈ, ਟਬ ਹੈ ਤੇ ਸ਼ਾਵਰ ਹੈ। ਬਜਾਏ ਉਸਨੂੰ ਉਤਸਾਹਿਤ ਕਰਨ ਦੇ ਉਸਨੂੰ ਆਪਣੀ ਔਕਾਤ ਦੱਸ ਦੇਂਦੇ ਨੇ। ਨਿੰਦੀਆ ਦਾ ਟਬ ਹੀ ਸ਼ਾਇਦ ਉਸ ਕੀੜੇ ਦੀ ਮੰਜ਼ਿਲ ਹੋਵੇ। ਜੇ ਉਹ ਪ੍ਰਤੀਬਧ ਹੈ ਤਾਂ ਫੇਰ ਯਤਨ ਕਰੇਗਾ, ਨਿੰਦੀਆ ਵਾਂਗ ਹੀ ਜਿਸਨੂੰ ਕੀੜੇ ਵਾਂਗ ਹੀ ਮੌਕੇ-ਬੇਮੌਕੇ ਅਧਿਕਾਰੀ ਹੇਠਾਂ ਧਰੀਕ ਦੇਂਦੇ ਨੇ ਤੇ ਥੋੜ੍ਹੀ ਨਿਰਾਸ਼ਾ ਪਿੱਛੋਂ ਉਹ ਫੇਰ ਉਠ ਖੜ੍ਹੀ ਹੁੰਦੀ ਹੈ—ਪਹਿਲਾਂ ਨਾਲੋਂ ਵੱਧ ਪ੍ਰੇਰਿਤ, ਕਿਉਂਕਿ ਉਸਨੂੰ ਵਿਸ਼ਵਾਸ ਹੈ ਕਿ ਉਸਦਾ ਸਥਾਨ ਨਾਲੀ ਵਿਚ ਨਹੀਂ। ਆਸ਼ੁਲਿੱਪੀ ਵਿਚ ਡਿਪਲੋਮਾ ਕਰਨ ਪਿੱਛੋਂ ਨਿੰਦੀਆ ਨੇ ਅਕਾਊਂਟੈਂਸੀ ਦਾ ਕੋਰਸ ਵੀ ਕਰ ਲਿਆ, ਪਰ ਰਹੀ ਉਹ ਕਲਰਕ ਦੀ ਕਲਰਕ ਹੀ। ਬਾਬੂਆਂ ਨੇ ਕੀ ਲੈਣਾ-ਦੇਣਾ ਕਿਸੇ ਦੀ ਪੜ੍ਹਾਈ-ਲਿਖਾਈ ਤੋਂ ਤੇ ਵੱਡੇ ਅਧਿਕਰੀਆਂ ਤਕ ਭਲਾ ਕਲਰਕਾਂ ਦੀ ਪਹੁੰਚ ਕਿੱਥੇ। ਨਿੰਦੀਆ ਜਾਣਨਾ ਚਾਹੁੰਦੀ ਹੈ ਕਿ ਕੀ ਹਰ ਸ਼ਖ਼ਸ ਤੇ ਹਰ ਸ਼ੈ ਦੀ ਜਗ੍ਹਾ ਮੁਕਰੱਰ ਹੈ? ਜਿੱਥੇ ਜਨਮ ਲਿਆ, ਜਿਸ ਘਰ ਵਿਚ ਜਾਂ ਜਿਹੜੇ ਮਾਂ-ਬਾਪ ਦੇ ਪੈਦਾ ਹੋਏ, ਜਿਹੋ ਜਿਹੀ ਸਿੱਖਿਆ-ਸਿਖਲਾਈ ਹੋਈ। ਕੀ ਸਾਰੇ ਜੀਵਨ ਦਾ ਇਕੋ ਕੋਹਲੂ ਗੇੜ ਹੈ? ਜੇ ਜਿਊਣਾ ਇਸੇ ਦਾ ਨਾਂ ਹੈ ਤਾਂ ਕੀ ਪਾਪ, ਕੀ ਪੂੰਨ? ਬੀਂਡੇ ਦੀ ਮੌਤ ਨਿੰਦੀਆ ਹੱਥੋਂ ਹੋਣੀ ਸੀ। ਵਿਦੇਸ਼ ਵਿਚ ਆਪਣਾ ਇਕ ਸਥਾਨ ਬਣਾਉਣ ਲਈ ਨਿੰਦੀਆ ਦੇ ਸਾਰੇ ਯਤਨਾਂ ਸਾਹਵੇਂ ਜਿਹੜੇ ਲੋਕ ਅੜਚਣਾ-ਅੜਿੱਕੇ ਲਾ ਰਹੇ ਨੇ, ਉਹਨਾਂ ਦਾ ਕੀ ਦੋਸ਼? ਉਹ ਵੀ ਨਿੰਦੀਆ ਵਾਂਗ ਹੀ ਮਜ਼ਬੂਰ ਨੇ। ਵਿਚਾਰੇ ਉਹੀ ਕਰ ਰਹੇ ਨੇ ਜਿਹੜੇ ਕੰਮ, ਕਰਮ ਉਹਨਾਂ ਤੋਂ ਕਰਵਾ ਰਹੇ ਨੇ। ਸੋਚ ਕੇ ਬੋਲੋ ਜਾਂ ਬਿਨਾਂ ਸੋਚੇ, ਕੀ ਫਰਕ ਪੈਂਦਾ ਹੈ? ਦੇਵੀ ਸਰਸਵਤੀ ਮੂੰਹੋਂ ਕਢਵਾਉਂਦੀ ਹੈ ਲੋਕਾਂ ਤੋਂ ਪਤਾ ਨਹੀਂ ਕੀ-ਕੀ? ਹੁਣ ਨਿੰਦੀਆ ਦਾ ਦਿਲ ਦੁਖੇ ਤਾਂ ਕੀ, ਲੱਖਾਂ ਦਿਲ ਟੁੱਟਦੇ ਨੇ ਲੰਦਨ 'ਚ ਹਰ ਰੋਜ਼। ਖਾਸ ਕਰਕੇ ਨਿੰਦੀਆਂ ਵਰਗੇ ਕੱਚੇ ਕਰਮਚਾਰੀਆਂ ਦੇ, ਜਿਹਨਾਂ ਨੂੰ ਬਿਮਾਰੀ ਦੀ ਛੁੱਟੀ ਤਾਂ ਇਕ ਪਾਸੇ, ਹਫ਼ਤਾਵਾਰੀ ਛੁੱਟੀ ਦੀ ਦਿਹਾੜੀ ਵੀ ਨਹੀਂ ਮਿਲਦੀ।
ਦਫ਼ਤਰੋਂ ਸ਼ਾਮੀਂ ਵਾਪਸ ਘਰ ਪਹੁੰਚੀ ਤਾਂ ਨਿੰਦੀਆ ਸਿੱਧੀ ਨਾਹਉਣ ਕਮਰੇ ਵਿਚ ਚਲੀ ਗਈ, ਟਬ ਸਾਫ ਸੀ। ਸੋਚਿਆ ਕਿ ਕਿਤੇ ਇਸ ਸਮੇਂ ਬੀਂਡਾ ਨਾਲੀ ਦੀ ਲਿਸਲਿਸੀ ਕੰਧ ਦੇ ਸਹਾਰੇ ਫੇਰ ਨਾ ਚੜ੍ਹ ਰਿਹਾ ਹੋਵੇ। ਘਬਰਾ ਕੇ ਉਸਨੇ ਸ਼ਾਵਰ ਆਨ ਕਰ ਦਿੱਤਾ ਤਾਂ ਕਿ ਉਸਦੇ ਟਬ ਵਿਚ ਪਹੁੰਚਣ ਤੋਂ ਪਹਿਲਾਂ ਉਹ ਹੇਠਾਂ ਕਿਤੇ ਦੂਰ ਰੁੜ੍ਹ ਜਾਵੇ। ਉਸਨੂੰ ਲੱਗਿਆ ਸ਼ਾਇਦ ਬੀਂਡੇ ਨੂੰ ਦਿਖਾਈ ਨਹੀਂ ਦਿੰਦਾ। ਜਿੰਨਾਂ ਤੁਸੀ ਉਸ ਤੋਂ ਦੂਰ ਭੱਜਣ ਦਾ ਯਤਨ ਕਰਦੇ ਹੋ, ਉਹ ਓਨਾ ਹੀ ਤੁਹਾਡੇ ਵੱਲ ਦੌੜ ਆਉਂਦਾ ਹੈ 'ਆ ਬੈਲ ਮੁਝੇ ਮਾਰ।' ਸ਼ਾਇਦ ਨਿੰਦੀਆ ਦੇ ਅਧਿਕਾਰੀ ਵੀ ਉਸ ਤੋਂ ਡਰਦੇ ਹੋਣ। ਤਦੇ ਤਾਂ ਉਹ ਉਸ ਨਾਲ ਕਦੀ ਘੁਲਦੇ-ਮਿਲਦੇ ਨਹੀਂ। ਉਹ ਉਹਨਾਂ ਨੂੰ ਕਿੰਜ ਸਮਝਾਏ ਕਿ ਜੀਵਨ ਵਿਚ ਉਸਨੇ ਕੁਝ ਕਰਨਾ ਹੈ। ਉਸਨੂੰ ਇਕ ਮੌਕਾ ਤਾਂ ਦੇਣ। ਪਰ ਕੀ ਨਿੰਦੀਆ ਨੇ ਮੌਕਾ ਦਿੱਤਾ ਉਸ ਕੀੜੇ ਨੂੰ? ਉਸਨੂੰ ਖਿਝ ਚੜ੍ਹਨ ਲੱਗੀ। ਕਿੰਨੇ ਲੋਕ ਨੇ ਇਸ ਦੇਸ਼ ਵਿਚ ਜਿਹੜੇ ਕੀੜੇ-ਮਕੌੜਿਆਂ ਤੇ ਜਾਨਵਰਾਂ ਨੂੰ ਜਾਨ ਨਾਲੋਂ ਵੱਧ ਚਾਹੁੰਦੇ ਨੇ, ਉਹਨਾਂ ਨੂੰ ਚੱਟਦੇ ਰਹਿੰਦੇ ਨੇ ਤੇ ਖ਼ੁਦ ਨੂੰ ਚਟਵਾਉਂਦੇ ਰਹਿੰਦੇ ਨੇ। ਇਹ ਉਹਨਾਂ ਕੋਲ ਕਿਉਂ ਨਹੀਂ ਚਲਾ ਜਾਂਦਾ? ਨਿੰਦੀਆ ਹੀ ਦਿੱਲੀ ਵਾਪਸ ਕਿਉਂ ਨਹੀਂ ਚਲੀ ਜਾਂਦੀ? ਉਸਨੇ ਇਸ ਵਿਸ਼ੇ 'ਤੇ ਸੋਚਿਆ ਤੇ ਸੋਚ-ਸੋਚ ਕੇ ਜਦੋਂ ਥੱਕ ਗਈ ਤਾਂ ਉਸਨੇ ਸੋਚਿਆ ਕਿ ਮਨੁੱਖ ਹੋ ਕੇ ਜਦੋਂ ਉਸਦਾ ਆਪਣੇ ਆਪ ਉੱਤੇ ਵੱਸ ਨਹੀਂ ਤਾਂ ਇਕ ਕੀੜੇ ਤੋਂ ਉਹ ਕੀ ਆਸ ਕਰ ਰਹੀ ਸੀ! ਇਸ ਸਰੀਰ ਵਿਚ ਬੀਂਡੇ ਤੋਂ ਕੀ ਆਸ ਕੀਤੀ ਜਾ ਸਕਦੀ ਹੈ? ਕੈਸੇ ਕਰਮਾਂ ਨਾਲ ਉਸਨੂੰ ਨਿਰਵਾਣ ਮਿਲੇਗਾ। ਸ਼ਾਇਦ ਜਾਨਵਰਾਂ ਦੀ ਵੀ ਕੋਈ ਆਚਾਰ-ਸੰਹਿਤਾ ਹੋਵੇ ਜਿਵੇਂ ਇਨਸਾਨਾਂ ਦੀ ਹੈ। ਨਿੰਦੀਆ ਨੂੰ ਤਾਂ ਲੱਗਦਾ ਹੈ ਕਿ ਆਪੋ-ਆਪਣੀਆਂ ਆਸਾਂ ਨੂੰ ਚੰਗੇ ਜਾਂ ਲਾਭਵੰਤ ਆਚਰਣ ਦਾ ਨਾਂ ਦੇ ਕੇ ਇਕ ਦੂਜੇ ਤੋਂ ਆਪਣਾ ਕੰਮ ਕੱਢਣ ਦਾ ਦੂਜਾ ਨਾਂ ਹੀ ਆਚਾਰ ਸੰਹਿਤਾ ਹੈ ਕਿਉਂਕਿ ਲੋਕ ਆਪਣੀ ਸੌਖ ਅਨੁਸਾਰ ਨਿਯਮ ਬਣਾਉਂਦੇ ਨੇ ਪਰ ਜਦੋਂ ਖ਼ੁਦ 'ਤੇ ਪੈਂਦੀ ਹੈ ਤਾਂ ਉਹ ਨਿਯਮ ਬਦਲ ਦੇਂਦੇ ਨੇ। ਇਹੀ ਸਭ ਹੁੰਦਾ ਹੈ ਉਸਦੇ ਜੀਵਨ ਵਿਚ, ਉਸਦੇ ਦਫ਼ਤਰ ਵਿਚ। ਪਤਾ ਨਹੀਂ ਕਿੰਨੀ ਰਾਤ ਬੀਤੇ ਸੁੱਤੀ ਸੀ ਨਿੰਦੀਆ ਕਿ ਸਵੇਰੇ ਉਠਿਆ ਨਹੀਂ ਸੀ ਗਿਆ। ਬਿਨਾਂ ਨਹਾਤੇ ਤੇ ਬਿਨਾਂ ਕੁਝ ਖਾਧੇ ਉਹ ਭੱਜੀ ਸਟੇਸ਼ਨ ਵੱਲ।
ਪਤਾ ਨਹੀਂ ਨਿੰਦੀਆ ਨੂੰ ਅੱਜ ਕਿਉਂ ਲੱਗ ਰਿਹਾ ਹੈ ਕਿ ਕੁਝ ਹੋਣ ਵਾਲਾ ਹੈ, ਦਿਲ ਜਿਵੇਂ ਸੀਨੇ 'ਚੋਂ ਭੁੜਕ ਕੇ ਬਾਹਰ ਆ ਡਿੱਗੇਗਾ। ਟ੍ਰੇਨ ਵਿਚ ਨਿੰਦੀਆ ਨੂੰ ਝੱਟ ਬੈਠਣ ਦੀ ਜਗ੍ਹਾ ਮਿਲ ਗਈ ਸੀ, ਹਾਲਾਂਕਿ ਡੱਬਾ ਖਚਾਖਚ ਭਰਿਆ ਹੋਇਆ ਸੀ। ਬਹੁਤੀ ਵਾਰ ਡੰਡੇ ਨਾਲ ਲਟਕਦਿਆਂ ਪੂਰਾ ਹੁੰਦਾ ਹੈ ਉਸਦਾ ਸਫ਼ਰ। ਹਾਲਾਂਕਿ ਦੋ ਗੋਰੇ ਤੇ ਇਕ ਕਾਲੀ ਖੜ੍ਹੇ ਰਹੇ ਤੇ ਉਹ ਝਟ-ਪਟ ਬੈਠ ਗਈ। ਅਜੀਬ ਨੇ ਇਹ ਲੋਕ, ਨਾ ਇਹਨਾਂ ਦਾ ਝੱਟ ਅਗਾਂਹ ਹੋ ਕੇ ਬੈਠਣ ਦਾ ਮਨ ਹੁੰਦਾ ਹੈ ਤੇ ਨਾ ਹੀ ਘਰ ਜਾਣ ਦੀ ਕਾਹਲ। ਘੰਟਿਆਂ ਜਾਂ ਕਈ ਦਿਨਾਂ ਤਕ ਬਸ ਜਾਂ ਰੇਲ ਨਾ ਆਏ, ਇਹਨਾਂ ਦੇ ਮੱਥੇ ਵੱਟ ਨਹੀਂ ਪਏਗਾ। ਇੰਜ ਅਖ਼ਬਾਰ ਪੜ੍ਹਦੇ ਰਹਿਣਗੇ ਜਿਵੇਂ ਇਮਤਿਹਾਨ ਦੇਣਾ ਹੋਵੇ। ਦਿੱਲੀ ਹੁੰਦੀ ਤਾਂ ਲੋਕ ਚਪਰ-ਚਪਰ ਕਰਦੇ, ਨਾਅਰੇ ਲਾਉਂਣ ਲੱਗ ਪੈਂਦੇ, ਗਾਲ੍ਹਾਂ 'ਤੇ ਉਤਰ ਆਉਂਦੇ। ਇਹਨਾਂ ਲਈ ਕੋਈ ਐਲਾਨ ਹੋਵੇ ਤਾਂ ਠੀਕ, ਨਾ ਹੋਵੇ ਤਾਂ ਵੀ ਠੀਕ।
ਨਿੰਦੀਆ ਅਜੇ ਹਾਜ਼ਰੀ ਲਾ ਹੀ ਰਹੀ ਸੀ ਕਿ ਮਿਸ਼ਰਾ ਸਾਹਬ ਤੇ ਸ਼ਾਮਾ ਦਗੜ-ਦਗੜ ਕਰਦੇ ਕਮਰੇ 'ਚੋਂ ਬਾਹਰ ਆਏ। ਸੁਸ਼ਮਾ ਤੇ ਲਾਜ ਤਾਂ ਉਂਜ ਵੀ ਮਦਨ ਮੋਹਨ ਦੇ ਆਸ-ਪਾਸ ਘੰਮਦੇ ਰਹਿੰਦੇ ਨੇ। ਤਿੰਨਾਂ ਨੂੰ ਮਦਨ ਮੋਹਨ ਕੋਲ ਖੜ੍ਹੇ ਦੇਖ ਉਹ ਭੜਕ ਪਏ—“ਕੀ ਪਾਰਟੀ ਹੋ ਰਹੀ ਏ, ਕੋਈ ਕੰਮ ਕਾਰ ਨਹੀਂ ਹੈ ਕਿ?” ਸਾਰੇ ਕੀੜੇ ਜਾ ਲੁਕੇ ਆਪੋ-ਆਪਣੇ ਕੰਪਿਊਟਰਾਂ ਪਿੱਛੇ।
“ਕੱਲ੍ਹ ਵੱਡੇ ਸਾਬ ਆ ਰਹੇ ਨੇ।” ਭਾਵੇਂ ਸਾਰਿਆਂ ਦੇ ਕੰਨ ਖੜ੍ਹੇ ਹੋ ਗਏ ਪਰ ਉਹਨਾਂ ਸੋਚਿਆ ਕਿ ਯਵ੍ਹਦੇ ਫਿਰਨ। ਸਥਾਨਿਕ ਕਰਮਚਾਰੀਆਂ ਨਾਲ ਵੱਡੇ ਸਾ'ਬ ਕਦੀ 'ਹੈਲੋ' ਤਕ ਤਾਂ ਕਰਦੇ ਨਹੀਂ। ਆਪਣੇ ਐਲਾਨ ਦਾ ਕੁਝ ਅਸਰ ਨਾ ਹੁੰਦਾ ਦੇਖ ਕੇ ਉਹਨਾਂ ਇਕ ਗੁਸੈਲੀ ਨਿਗਾਹ ਕਮਰੇ ਵਿਚ ਬੈਠੇ ਕਰਮਚਾਰੀਆਂ ਤੇ ਮਾਰੀ ਤੇ ਬੋਲੇ, “ਸੁਣਿਆ ਨਹੀਂ ਕਿ? ਕਲ੍ਹ ਸਵੇਰੇ ਵੱਡੇ ਸਾਬ ਆ ਰਹੇ ਨੇ, ਅੱਜ ਸ਼ਾਮ ਤਕ ਸਾਰੀਆਂ ਫਾਈਲਾਂ ਅੱਪਡੇਟ ਕਰ ਲਓ। ਆਪਣੇ ਆਸੇ-ਪਾਸੇ ਥੋੜ੍ਹੀ ਸਫਾਈ ਵੀ ਕਰ ਲਓ ਤੇ ਕਲ੍ਹ ਸਵੇਰੇ ਸਾਰੇ ਟਾਈਮ 'ਤੇ ਆ ਜਾਣਾ। ਕਿਤੇ ਸੁੱਤੀ ਨਾ ਰਹਿ ਜਾਵੀਂ ਤੂੰ ਨਿੰਦੀਆ, ਮੈਂ ਹੁਣੇ ਦੱਸ ਰਿਹਾ ਤੈਨੂੰ।”
ਮੁਸਕੁਰਾਉਂਦੀ ਹੋਈ ਸ਼ਾਮਾ ਨੂੰ ਘੁਰਦੀ ਹੋਈ ਨਿੰਦੀਆ ਸੜ-ਭੁੱਜ ਗਈ। ਇਕ ਨਿੰਦੀਆ ਹੀ ਹੈ ਜਿਹੜੀ ਸਾਰਾ ਦਿਨ ਖਪਦੀ ਰਹਿੰਦੀ ਹੈ ਦਫ਼ਤਰ ਵਿਚ। ਇਕ ਜ਼ਰਾ ਜਿੰਨੀ ਦੇਰ ਨਾਲ ਆਉਣ ਬਦਲੇ ਉਹ ਸ਼ਾਮ ਨੂੰ ਘੰਟਾ ਵੱਧ ਬੈਠ ਕੇ ਕੰਮ ਕਰਦੀ ਹੈ। ਫੇਰ ਵੀ ਸਾਰਿਆਂ ਸਾਹਵੇਂ ਜ਼ਲੀਲ ਕੀਤਾ ਜਾਂਦਾ ਹੈ ਉਸਨੂੰ। ਸਵੇਰੇ ਸਮੇਂ ਸਿਰ ਆ ਕੇ ਵੀ ਬਾਕੀ ਲੋਕ ਕਿਹੜਾ ਤੀਰ ਮਾਰਦੇ ਨੇ, ਉਹ ਜਾਣਦੀ ਹੈ। ਸ਼ਾਮ ਨੂੰ ਵਧੇਰੇ ਕਰਮਚਾਰੀ ਪੰਦਰਾਂ-ਵੀਹ ਮਿੰਟ ਪਹਿਲਾਂ ਹੀ ਫੁੱਟ ਲੈਂਦੇ ਨੇ, ਉਸਦਾ ਕੁਝ ਨਹੀਂ।
“ਮੈਂ ਜਲਦੀ ਆਉਣ ਲਈ ਇਸ ਲਈ ਕਹਿ ਰਿਹਾਂ ਨਿੰਦੀਆ ਕਿ—ਕਲ੍ਹ ਤੂੰ-ਹੀ ਵੱਡੇ ਸਾਬ ਨੂੰ ਲਿਆਉਣਾ ਹੋਏਗਾ।” ਉਹ ਸਨੇਹ ਨਾਲ ਬੋਲੇ।
“ਕੀ ਗੱਲ ਕਰ ਰਹੇ ਓ ਸਰ, ਤੁਸੀਂ ਵੀ!” ਹੈਰਾਨ ਜਿਹੀ ਹੋਈ ਉਹ ਉਹਨਾਂ ਦੇ ਮੂੰਹ ਵੱਲ ਤੱਕਣ ਲੱਗ ਪਈ ਸੀ ਕਿ ਸ਼ਾਇਦ ਉਹ ਮਜ਼ਾਕ ਕਰ ਰਹੇ ਹੋਣ।
“ਸਾਬ ਦਾ ਪਲੈਨ ਅਚਾਨਕ ਬਣ ਗਿਆ ਏ। ਕਲ੍ਹ ਸਵੇਰੇ ਮੈਂ ਨਾਰਵਿਚ ਜਾਣਾ ਏਂ। ਦੁਪਹਿਰ ਨੂੰ ਸ਼ਾਮਾ ਦਾ ਯੂਨੀਵਰਸਟੀ 'ਚ ਪ੍ਰੈਜੇਨਟੇਸ਼ਟ ਏ।”
“ਪਰ ਸਰ ਮੈਂ...”
“ਹੁਣ ਡਰਾਈਵਰ ਨੂੰ ਇਕੱਲੇ ਤਾਂ ਨਹੀ ਭੇਜ ਸਕਦੇ ਨਾ। ਵੱਡੇ ਸਾਬ ਤਿੰਨ ਕੁ ਵਜੇ ਪਹੁੰਚ ਜਾਣਗੇ। ਮਦਨ, ਚਾਹ-ਪਾਣੀ ਦਾ ਇੰਤਜ਼ਾਮ ਕਰ ਲੈਣਾ, ਜਰਾ ਕਾਜੂ-ਸ਼ਾਜੂ ਮੰਗਵਾ ਲੈਣਾ।”
“ਪਰ ਸਰ ਮੈਂ...”
“ਕੀ ਮੈਂ ਮੈਂ ਲਾ ਰੱਖੀ ਏ ਤੈਂ ਨਿੰਦੀਆ, ਸੁਸਮਾ ਨੂੰ ਕਹਿੰਦਾ ਤਾਂ ਇਹ ਖੁਸ਼ੀ ਨਾਲ ਭੁੜਕਦੀ ਹੋਈ ਆਉਂਦੀ, ਘਬਰਾਉਣ ਵਾਲੀ ਕੋਈ ਗੱਲ ਨਹੀਂ ਐ, ਸ਼ਾਮਾ ਸਮਝਾ ਦਵੇਗੀ ਤੈਨੂੰ ਸਭ ਤੇ ਜਦੋਂ ਤੱਕ ਵੱਡੇ ਸਾਬ ਦਫ਼ਤਰ ਪਹੁੰਚਣਗੇ, ਸ਼ਾਮਾ ਵਾਪਸ ਆ ਈ ਗਈ ਹੋਏਗੀ।”
“ਸਰ, ਸਾਨੂੰ ਵੱਡੇ ਸਾਬ ਦਾ ਫੁੱਲਾਂ ਨਾਲ ਸਵਾਗਤ ਕਰਨਾ ਚਾਹੀਦਾ ਏ।” ਸੁਸ਼ਮਾ ਨੇ ਆਪਣੀ ਹੋਂਦ ਦਰਜ ਕਰਵਾ ਹੀ ਦਿੱਤੀ।
“ਦੇਟ ਇਜ ਏ ਗੁੱਡ ਆਈਡੀਆ, ਸਟੇਸ਼ਟ ਤੋਂ ਆਉਂਦੀ ਹੋਈ ਫੁੱਲਾਂ ਦਾ ਇਕ ਗੁਲਦਸਤਾ ਵੀ ਖਰੀਦ ਲਿਆਵੀਂ ਨਿੰਦੀਆ।” ਸਾਹਬ ਨੇ ਸੁਸ਼ਮਾ ਨੂੰ ਫੇਰ ਨਜ਼ਰ-ਅੰਦਾਜ਼ ਕਰ ਦਿੱਤਾ।
“ਨਿੰਦੀਆ ਕਿੱਥੇ ਚੁੱਕੀ ਫਿਰੇਗੀ ਸਰ, ਸਵੇਰੇ ਮੈਂ ਹੀ ਲੈ ਆਵਾਂਗੀ ਕਾਰ ਵਿਚ।” ਸੁਸ਼ਮਾ ਤੇ ਨਿੰਦੀਆ ਵਰਗੀਆਂ ਛੋਟੀਆਂ ਮੱਛੀਆਂ ਨੂੰ ਨਿਗਲਣਾ ਸ਼ਾਮਾ ਨੂੰ ਖ਼ੂਬ ਆਉਂਦਾ ਹੈ। ਚਾਰ ਪਾਉਂਡ ਦੇ ਫੁੱਲ ਖਰੀਦ ਕੇ ਉਹ ਪੱਚੀ ਪਾਊਂਡ ਦਾ ਬਿੱਲ ਮਦਨ ਮੋਹਨ ਨੂੰ ਫੜਾ ਦਵੇਗੀ।
“ਸ਼ਾਮਾ, ਤੂੰ ਕੀ ਕੀ ਕਰੇਂਗੀ, ਨਿੰਦੀਆ ਨੂੰ ਈ ਲਿਆਉਣ ਦੇ, ਇਸਦੀ ਚਵਾਇਸ ਵੀ ਅੱਛੀ ਐ।”
ਸ਼ਾਮਾ ਦਾ ਚਿਹਰਾ ਕੁਝ ਹੋਰ ਸ਼ਿਆਮ ਹੋ ਗਿਆ ਤੇ ਉਸ਼ਾ ਵਰਗੀ ਗੁਲਾਬੀ ਹੋ ਗਈ ਨਿੰਦੀਆ।
ਦੋਵਾਂ ਦੇ ਬਾਹਰ ਜਾਂਦਿਆਂ ਹੀ ਸਾਰੇ ਕੀੜੇ-ਮਕੌੜੇ ਇਕ ਜਗ੍ਹਾ ਇਕੱਠੇ ਹੋ ਗਏ, ਐਲਾਨ ਨੂੰ ਸ਼ਹਿਦ ਵਾਂਗ ਚੱਟਣ ਲੱਗੇ।
'ਮੈਨੂੰ ਏਅਰ-ਪੋਰਟ ਭੇਜਣ ਪਿੱਛੇ ਇਹਨਾਂ ਦੋਵਾਂ ਦੀ ਕੋਈ ਚਾਲ ਤਾਂ ਨਹੀਂ।' ਨਿੰਦੀਆ ਦੀ ਨੀਂਦ ਸ਼ਾਮਾ ਨੇ ਹਰਾਮ ਕਰ ਰੱਖੀ ਸੀ। ਕਿਸੇ ਅਣਹੋਣੀ ਘਟਨਾ ਦੇ ਹੋਣ ਦਾ ਅਹਿਸਾਸ ਉਸਨੂੰ ਸਵੇਰ ਤੋਂ ਹੀ ਹੋ ਰਿਹਾ ਹੈ।
“ਨਿੰਦੀਆ ਤੂੰ ਵੀ ਬਸ, ਭਗਵਾਨ ਨੇ ਸਾਨੂੰ ਇਕ ਮੌਕਾ ਦਿੱਤਾ ਏ ਤੇ ਤੂੰ।”
“ਵੱਸੇ ਸਾਹਬ ਦੇ ਸਾਹਮਣੇ ਸਾਨੂੰ ਆਪਣੀਆਂ ਮੰਗਾਂ ਰੱਖਣੀਆਂ ਚਾਹੀਦੀਆਂ ਨੇ, ਇਹ ਕੰਮ ਤੂੰ ਹੀ ਕਰ ਸਕਦੀ ਏਂ।”
“ਮੈਂ ਤੇ ਤਵਾਨੂੰ ਲਿਕ ਕੇ ਦੇ ਸਕਦਾ ਹਾਂ ਕਿ ਕੁਜ ਨਹੀਂ ਹੋਣ ਵਾਲਾ, ਐਵੇਂਈ ਟੈਮ ਖਰਾਬ ਕਰਨ ਵਾਲੀ ਗੱਲ ਏ।”
“ਉਸ ਨਾਲ ਕੁਝ ਨਹੀਂ ਹੋਏਗਾ, ਉਹ ਜੇਬ 'ਚ ਪਾ ਕੇ ਤੁਰਦਾ ਹੋਏਗਾ।”
“ਨਿੰਦੀਆ ਅਜਿਹਾ ਮੌਕਾ ਪਤਾ ਨਹੀਂ ਫੇਰ ਸਾਨੂੰ ਮਿਲੇ ਨਾ ਮਿਲੇ।”
“ਪੰਜ ਸਾਲ ਤੋਂ ਸਾਡੀ ਸੇਲਰੀ ਨਹੀਂ ਵਧਾਈ ਗਈ।”
“ਤੇ ਨਾ ਹੀ ਕਦੀ ਵਧਾਈ ਜਾਏਗੀ।”
“ਯੂ ਸ਼ਟ ਅੱਪ, ਰਾਜੇਂਦਰ।”
“ਦੁਨੀਆਂ ਕਿੱਥੋਂ ਕਿੱਥੇ ਪਹੁੰਚ ਗਈ ਤੇ ਅਸੀਂ ਲੋਕਲਸ ਓਥੇ ਦੇ ਓਥੇ ਈ ਪਏ ਆਂ।”
“ਕਾਉਂਸਲ ਟੈਕਸ ਲੱਗ ਜਾਣ ਤੋਂ ਬਾਅਦ ਤਾਂ ਸਾਨੂੰ ਖਾਣੇ ਦੇ ਵੀ ਲਾਲੇ ਪੈ ਜਾਣਗੇ।”
“ਮਦਨ ਸਰ ਤੋਂ ਹੈਲਪ ਮੰਗ ਸਕਦੇ ਆਂ।”
“ਕੀ ਤੂੰ ਸੁਣਿਆ ਨਹੀਂ ਸੀ ਕਿ ਸੁਸ਼ਮਾ? ਜਦੋਂ ਸਰ ਨੇ ਰਾਜੇਂਦਰ ਨੂੰ ਮੂੰਹ ਤੋੜ ਜਵਾਬ ਦਿੱਤਾ ਸੀ।”
“ਕੀ, ਕਦੋਂ?”
“ਰਾਜੇਂਦਰ ਨੇ ਉਹਨਾਂ ਨੂੰ ਸੇਲਰੀ ਵਧਾਉਣ ਲਈ ਵੱਡੇ ਸਾਬ ਨਾਲ ਗੱਲ ਕਰਨ ਦੀ ਰਿਕਵੈਸਟ ਕੀਤੀ ਸੀ ਤਾਂ ਬੋਲੇ—'ਤੇਰੇ ਵਰਗੇ ਭਗੌੜੇ ਦਾ ਠੇਕਾ ਲਿਆ ਹੋਇਐ ਕੀ ਅਸੀਂ? ਸਾਡੀਆਂ ਆਪਣੀਆ ਪ੍ਰੇਸ਼ਾਨੀਆਂ ਕੀ ਘੱਟ ਨੇ ਜੋ ਅਸੀਂ ਲੋਕਲਸ ਦਾ ਹਾਲਚਾਲ ਪੁੱਛਦੇ ਫਿਰੀਏ?'”
“ਹਾਲ ਨਾ ਪੁੱਛਣ ਕਮ ਸੇ ਕਮ ਡੀ ਸੈਂਟ ਸੇਲਰੀ ਤਾਂ ਦੇਣ।”
“ਹਾਂ, ਜਿਹੜੀਆਂ ਸੌਖਾਂ ਉਹ ਇੰਡੀਆ ਬੇਸਡ ਨੂੰ ਦੇਂਦੇ ਨੇ, ਉਹ ਤਾਂ ਦੇਣ।”
“ਇੰਡੀਆ ਬੇਸਡ ਕੀ ਜਾਣਨ ਲੋਕਲਸ ਦੀਆਂ ਮਜ਼ਬੂਰੀਆਂ, ਕਿੰਜ ਅਸੀਂ ਗੁਜ਼ਾਰਾ ਕਰਕੇ ਆਂ ਏਨੀ ਘੱਟ ਇਨਕਮ ਵਿਚ?”
“ਉਹ ਤਾਂ ਸੋਚਦੇ ਨੇ ਕਿ ਅਸੀਂ ਲੰਦਨ 'ਚ ਮਜ਼ੇ ਕਰ ਰਹੇ ਆਂ।”
“ਐਂਡ ਦੇ ਹੈਵ ਟੂ ਗੋ ਬੈਕ।”
“ਇਹਨਾਂ ਨੂੰ ਰਹਿਣ ਲਈ ਘਰ ਮੁਫ਼ਤ। ਉਪਰੋਂ ਟੈਕਸ ਵੀ ਨਹੀਂ ਦੇਣਾ ਪੈਂਦਾ।”
“ਇਹ ਸਭ ਛੱਡੋ ਤੇ ਬੈਠ ਕੇ ਲੋਕਲਸ ਦੀ ਪਰਾਬਲਮਸ ਤੇ ਸੈਲਰੀ ਦੇ ਵਿਸ਼ੇ 'ਚ ਇਕ ਚੰਗਾ ਜਿਹਾ ਪੈਟਿਸ਼ਨ ਬਨਾਓ।”
“ਪਟਿਸ਼ਨ ਤਾਂ ਬਣ ਜਾਏਗਾ, ਉਸਨੂੰ ਫੜਾਏਗਾ ਕੌਣ?”
“ਸੋਚੋ, ਕਲ੍ਹ ਸਵੇਰ ਤਕ ਕੋਈ ਤਿਕੜਮ ਲਾਓ ਤਾਂ ਕੰਮ ਬਣ ਸਕਦਾ ਏ।”
“ਸਮਾਂ ਬਰਬਾਦ ਕਰ ਰਹੇ ਓ ਤੁਸੀ ਸਾਰੇ, ਵੱਡੇ ਸਾਬ ਆਉਣਗੇ ਤੇ ਕਾਜੂ ਖਾ ਕੇ ਚਲੇ ਜਾਣਗੇ।”
“ਇਹ ਇੰਡੀਆ ਬੇਸਡ ਤਾਂ ਬਸ ਆਪਣੀਆਂ ਮੰਗਾਂ ਰੱਖਣਗੇ ਉਹਨਾਂ ਸਾਹਮਣੇ।”
“ਕਿਸੇ ਤਰ੍ਹਾਂ ਸ਼ਾਮਾ ਨੂੰ ਰਾਜ਼ੀ ਕਰ ਸਕੋਂ ਤਾਂ ਕੰਮ ਬਣ ਸਕਦਾ ਏ। ਉਹ ਹੈਡ ਆਫ਼ਿਸ 'ਚ ਐ ਤੇ ਵੱਡੇ ਬਾੱਸ ਤਾਂ ਪਹਿਲਾਂ ਉਸਦੀ ਓ ਸੁਣਨਗੇ।”
“ਸ਼ਾਮਾ ਤੇ ਲੋਕਲਸ ਦੀ ਹੈਲਪ, ਯੂ ਮਸਟ ਬੀ ਜੋਕਿੰਗ।”
“ਸ਼ਾਮਾ ਦੇ ਵੱਸ ਦਾ ਕੁਝ ਨਹੀਂ। ਉਹ ਤਾਂ ਆਪਣਾ ਕੰਮ ਵੀ ਸਾਡੇ ਸਿਰ ਮੜ੍ਹ ਦਿੰਦੀ ਐ।”
“ਲੱਗਦਾ ਏ ਸ਼ਾਮਾ ਨੇ ਪਿਛਲੇ ਜਨਮ ਵਿਚ ਮੋਤੀ ਦਾਨ ਕੀਤੇ ਹੋਣਗੇ।”
“ਅੱਜ ਕਲ੍ਹ ਮੋਤੀ ਦਾਨ ਕਰਨ ਨਾਲ ਕੰਮ ਨਹੀਂ ਚੱਲਦਾ ਤੇ ਵੱਡੇ ਸਾਬ ਸਿਰਫ ਮੋਤੀਆਂ ਨਾਲ ਖੁਸ਼ ਨਹੀਂ ਹੁੰਦੇ।”
“ਕੀ ਮਤਲਬ?”
“ਜਿਵੇਂ ਤੁਹਾਨੂੰ ਨਹੀਂ ਪਤਾ, ਸ਼ਾਮਾ ਦੀ ਲੰਦਨ ਦੀ ਪੋਸਟਿੰਗ ਉਂਜ ਈ ਤਾਂ ਨਹੀਂ ਹੋ ਗਈ ਸੀ।”
“ਫੇਰ ਤਾਂ ਸ਼ਾਮਾ ਨੂੰ ਹੀ ਪਟਾਉਣਾ ਪਏਗਾ।”
“ਹੁਣ ਉਹਨਾਂ ਸ਼ਾਮਾ ਦੀ ਤੇ ਸ਼ਾਮਾ ਨੂੰ ਉਹਨਾਂ ਦੀ ਲੋੜ ਨਹੀਂ ਰਹੀ।”
“ਹੋਰ ਫੇਰ?”
“ਬਲੀ ਲਈ ਤਾਜ਼ਾ ਖੂਨ ਚਾਹੀਦੈ।”
“ਕੀ ਗੱਲ ਕਰਦੀ ਏਂ, ਤੂੰ ਵੀ ਲਾਜ?”
“ਆਸਕ ਲਾਲ ਸਿੰਘ, ਪਿਛਲੇ ਸਾਲ ਵੱਡੇ ਬਾੱਸ ਨੇ ਕਾਰਲਾ ਨੂੰ ਹੋਟਲ ਚੱਲਣ ਲਈ ਕਿਹਾ ਸੀ ਕਿ ਨਹੀਂ...”
“ਫੇਰ?”
“ਫੇਰ ਕੀ, ਕਾਰਲਾ ਨੇ ਓਹਦੇ ਮੂੰਹ ਉੱਤੇ ਅਸਤੀਫ਼ਾ ਦੇ ਮਾਰਿਆ। ਵੱਡੇ ਸਾਬ ਨੇ ਕਿਹਾ ਕਿ ਲਾਲ ਸਿੰਘ ਸਿੱਧਾ ਸੋਹੋ ਚੱਲ। ਮੈਂ ਕੀ ਕਰਦਾ, ਛੱਡ ਆਇਆ ਓਹਨੂੰ ਰੇਡਲਾਈਟ ਏਰੀਏ ਵਿੱਚ।”
“ਮਾਈ ਗੌਡ, ਬੇਸ਼ਰਮ ਕਿਤੋਂ ਦਾ। ਕੀ ਖ਼ੁਦ ਨਹੀਂ ਜਾ ਸਕਦਾ ਸੀ, ਚੁੱਪਚਾਪ?”
“ਓਹਨੂੰ ਕਿਸੇ ਦਾ ਡਰ ਮਾਰਿਐ?”
“ਓਹਦੀ ਵਾਈਫ਼ ਐਨੀ ਸੋਹਣੀ ਏਂ ਕਿ ਮੈਂ ਤਵਾਨੂੰ ਦੱਸ ਨਹੀਂ ਸਕਦਾ, ਫੇਰ ਵੀ ਬਾਜ ਨਈਂਓਂ ਆਂਦਾ।”
“ਜੇ ਇਹ ਗੱਲ ਏ ਤਾਂ ਮੈਂ ਤਾਂ ਉਸਦੇ ਨੇੜੇ ਵੀ ਨਹੀਂ ਫਟਕਾਂਗੀ, ਰਾਜੇਂਦਰ ਨੂੰ ਅੱਗੇ ਕਰਨਾ ਚਾਹੀਦੈ, ਉਹ ਸਾਥੋਂ ਸਰਿਆਂ ਤੋਂ ਸੀਨੀਅਰ ਵੀ ਐ।”
“ਮੈਂ ਤਾਂ ਵੀਹ ਸਾਲ ਦਾ ਕੂਕੀ ਜਾ ਰਿਹਾਂ, ਅੱਜ ਤਕ ਮੇਰੀ ਕਿਸੇ ਨੇ ਨਹੀਂ ਸੁਣੀ। ਮੇਰੀ ਵਾਈਫ਼ ਦੀ ਜਦੋਂ ਦੇਖੋ ਸੇਲਰੀ ਵਧੀ ਹੁੰਦੀ ਐ ਤੇ ਮੈਂ ਖੁਸ਼ ਹੋਣ ਦੀ ਬਜਾਏ ਅੰਬੈਰੇਸਡ ਹੋ ਜਾਂਦਾ ਵਾਂ।”
“ਤਾਂ ਫੇਰ ਕੀ ਕੀਤਾ ਜਾਏ?”
“ਅਸੀਂ ਇੱਥੇ ਬਾਰ੍ਹਾਂ ਸਾਲ ਦੇ ਆਂ, ਇਹ ਗੱਲ ਪੱਲੇ ਬੰਨ੍ਹ ਲਓ ਕਿ ਸਾਡਾ ਕੁਛ ਨਹੀਂ ਹੋ ਸਕਦਾ।”
“ਯੂ ਸ਼ਟ ਅੱਪ, ਪਹਿਲੀ ਵੇਰ ਸਾਨੂੰ ਇਕ ਮੌਕਾ ਮਿਲਿਆ ਏ ਤੇ ਸਾਨੂੰ ਇਹ ਗੰਵਾਉਣਾ ਨਹੀਂ ਚਾਹੀਦਾ। ਮੈਂ ਤਾਂ ਕਹਿੰਦੀ ਆਂ ਕਿ ਕੱਲ੍ਹ ਜਦੋਂ ਨਿੰਦੀਆ ਵੱਡੇ ਸਾਬ ਨੂੰ ਫੁੱਲ ਫੜਾਏ, ਉਦੋਂ ਹੀ ਸਾਡੀ ਪੈਟਿਸ਼ਨ ਵੀ ਉਹਨਾਂ ਨੂੰ ਫੜਾ ਦਵੇ।”
“ਤੁਹਾਡੀ ਸਾਰਿਆਂ ਦੀ ਖਾਤਰ ਹਮੇਸ਼ਾ ਮੈਂ ਹੀ ਬੁਰੀ ਬਣਦੀ ਆਂ, ਹੋਰ ਕਿਸੇ ਨੂੰ ਕਿਓਂ ਨਹੀਂ ਕਹਿੰਦੇ?”
“ਮੈਂ ਨਹੀਂ ਡਰਦਾ ਕਿਸੇ ਤੋਂ, ਮੈਨੂੰ ਫੜਾਓ ਇਹ ਪਟੀਸ਼ਨ, ਮੈਂ ਦੇ ਦਵਾਂਗਾ ਓਹਨੂੰ ਏਅਰ ਪੋਰਟ ਤੋਂ ਉਤਰਦੇ ਨੂੰ ਈ।”
“ਬਸ ਫੇਰ ਤਾਂ ਹੋ ਗਿਆ ਸਾਡਾ ਕੰਮ।”
“ਕੀ ਮਤਲਬ ਏ ਤਵਾਡਾ!”
“ਮੇਰਾ ਮਤਲਬ ਏ ਕਿ ਹਿਸਟਰੀ 'ਚ ਪਹਿਲੀ ਵੇਰ ਇਕ ਲੋਕਲ ਨੂੰ ਵੱਡੇ ਸਾਹਬ ਦਾ ਵੈਲਕਮ ਕਰਨ ਦੀ ਆਪਰਟਯੂਨਿਟੀ ਮਿਲੀ ਏ, ਸਾਨੂੰ ਸੋਚ-ਸਮਝ ਕੇ ਪੈਰ ਪੁੱਟਣਾ ਚਾਹੀਦਾ ਏ।”
“ਓਹ ਗੱਲ ਵੱਖਰੀ ਏ।”
“ਬਸ ਤੂੰ ਹੀ ਸਾਡਾ ਸਹਾਰਾ ਏਂ ਨਿੰਦੀਆ।”
“ਸੋਹਣੀ ਕੁੜੀ ਵੇਖ ਕੇ ਤਾਂ ਵੱਡਾ ਸਾਬ ਸਾਦੇ ਕਾਗਜ਼ ਉੱਤੇ ਵੀ ਸੈਨ ਕਰ ਦਵੇਗਾ।”
“ਨਿੰਦੀਆ ਨੂੰ ਦੇਖ ਕੇ ਤਾਂ ਉਹ ਇੰਜ ਪਿਘਲੇਗਾ ਕਿ...”
“ਜੇ ਉਹ ਪਿਘਲ ਗਿਆ ਤਾਂ ਮੇਰਾ ਕੀ ਹੋਏਗਾ ਕਾਲੀਆ...”
“ਵੈਸੇ ਵੀ ਕਿਹੜਾ ਘੱਟ ਭੁਗਤਦੇ ਆਂ ਅਸੀਂ ਲੋਕ, ਕਿਸੇ ਆਦਰਸ਼ ਲਈ ਭੁਗਤਣ ਵਿਚ ਕੁਛ ਹੋਰ ਹੀ ਮਜ਼ਾ ਆਏਗਾ।”
“ਤੇ ਜੇ ਮੈਨੂੰ ਨੌਕਰੀਓਂ ਈ ਕੱਢ ਦਿੱਤਾ ਤਾਂ ਤੁਸੀਂ ਖੁਆਏਂਗੇ ਮੈਨੂੰ ਘਰ ਬੈਠੀ ਨੂੰ?”
“ਮੇਰੀ ਸ਼ਾਦੀ ਨਾ ਹੋਈ ਹੁੰਦੀ ਤਾਂ ਮੈਂ ਜ਼ਰੂਰ...”
“ਨਿੰਦੀਆ, ਵੈਸੇ ਇਸ ਕਾਰਨ ਨੂੰ ਲੈ ਕੇ ਵੱਡੇ ਸਾਬ ਕੋਈ ਪੰਗਾ ਨਹੀਂ ਕਰਨਗੇ।”
“ਜੇ ਉਹਨਾਂ ਕਹਿ ਦਿੱਤਾ ਕਿ ਮੈਂ ਹੀ ਉਹਨਾਂ ਨੂੰ ਛੇਡ ਰਹੀ ਸੀ ਤਾਂ ਲੋਕ ਤਾਂ ਉਹਨਾਂ ਦੀ ਸੁਣਨਗੇ ਨਾ।”
“ਜ਼ਰਾ ਕਹਿ ਕੇ ਤਾਂ ਦੇਖਣ।”
“ਠੀਕ ਐ, ਤੁਸੀਂ ਲੋਕ ਮੈਨੂੰ ਮਰਵਾ ਕੇ ਈ ਸਾਹ ਲਓਗੇ, ਪਰ ਮੈਂ ਵੀ ਕਿਸੇ ਤੋਂ ਨਹੀਂ ਡਰਦੀ, ਅਤਿਆਚਾਰ ਦੇ ਖ਼ਿਲਾਫ਼ ਮੈਂ ਸਿਰ ਝੁਕਾਉਣਾ ਨਹੀਂ ਸਿੱਖਿਆ।”
“ਨਿੰਦੀਆ ਜ਼ਿੰਦਾਬਾਦ, ਨਿੰਦੀਆ ਜ਼ਿੰਦਾਬਾਦ।”
ਸਰ ਤੇ ਸ਼ਾਮਾ ਦੇ ਦਫ਼ਤਰ ਵਿਚੋਂ ਨਿਕਲਦਿਆਂ ਹੀ ਸਾਰੇ ਨਿੰਦੀਆ ਦੀ ਮੇਜ਼ ਦੁਆਲੇ ਆ ਜੁੜੇ ਤੇ ਕਾਰਵਾਈ ਸ਼ੁਰੂ ਹੋ ਗਈ ਉਹਨਾਂ ਦੇ ਮੰਗ-ਪੱਤਰ ਦੀ। ਉਹ ਇਕ ਸਤਰ ਟਾਈਪ ਕਰਦੀ ਤੇ ਲੋਕ ਉਸਨੂੰ ਦਸ ਹਦਾਇਤਾਂ ਦੇ ਦੇਂਦੇ।
“ਇੰਜ ਤਾਂ ਮੈਥੋਂ ਨਹੀਂ ਲਿਖਿਆ ਜਾਣਾ, ਤੁਸੀਂ ਸਾਰੇ ਘਰ ਜਾਓ। ਮੈਂ ਖ਼ੂਦ ਟਾਈਪ ਕਰਕੇ ਤੁਹਾਨੂੰ ਸਾਰਿਆਂ ਨੂੰ ਈ.ਮੇਲ ਕਰ ਦਿਆਂਗੀ ਤੇ ਤੁਹਾਡੇ ਕਮੈਂਟਸ ਮਿਲਣ 'ਤੇ ਇਨਕੌਰਪੋਰੇਟ ਕਰ ਲਵਾਂਗੀ, ਠੀਕ ਏ।”
ਨਿੰਦੀਆ ਰਾਤ ਦੇ ਅੱਠ ਵਜੇ ਤਕ ਬੈਠੀ ਮੰਗ-ਪੱਤਰ ਦਾ ਮਸੌਦਾ ਤਿਆਰ ਕਰਦੀ ਰਹੀ। ਜਿਵੇਂ ਹੀ ਉਹ ਘਰ ਜਾਣ ਲਈ ਉੱਠੀ, ਉਸਨੂੰ 'ਸਰ' ਤੇ ਸ਼ਾਮਾ ਅੰਦਰ ਆਉਂਦੇ ਹੋਏ ਦਿਖਾਈ ਦਿੱਤੇ। ਉਸਨੂੰ ਉੱਥੇ ਦੇਖ ਕੇ ਉਹ ਤ੍ਰਬਕੇ। ਦੇਰ ਹੋ ਜਾਣ ਦਾ ਬਹਾਨਾ ਬਣਾ ਕੇ ਨਿੰਦੀਆ ਕਾਹਲ ਨਾਲ ਬਾਹਰ ਨਿਕਲ ਗਈ। ਉਹ ਜ਼ਰੂਰ ਸੋਚਣਗੇ ਕਿ ਏਨੀ ਦੇਰ ਤਕ ਉਹ ਦਫ਼ਤਰ ਵਿਚ ਕੀ ਕਰ ਰਹੀ ਸੀ। ਪਰ ਉਹ ਤਾਂ ਰੋਜ਼ ਹੀ ਦੇਰ ਤਕ ਬੈਠਦੀ ਹੈ, ਅੱਜ ਕੁਝ ਵੱਧ ਹੀ ਦੇਰ ਹੋ ਗਈ, ਪਰ ਵੱਡੇ ਸਾਹਬ ਜੋ ਆ ਰਹੇ ਨੇ ਕਲ੍ਹ।
ਘਰ ਜਾ ਕੇ ਵੀ ਨਿੰਦੀਆ ਬਿਨਾਂ ਖਾਣਾ ਖਾਧੇ ਹੀ ਬੈਠ ਗਈ, ਸਾਰਿਆਂ ਨੂੰ ਈ-ਮੇਲ ਕਰਨ। ਉਸਨੇ ਸੋਚਿਆ ਕਿ ਕਿਤੇ ਸ਼ਾਮਾ ਨੂੰ ਸ਼ੱਕ ਹੋ ਗਿਆ ਤੇ ਉਸਨੇ ਕੰਪਿਊਟਰ ਖੋਲ੍ਹ ਕੇ ਉਹਨਾਂ ਦਾ ਮੰਗ-ਪੱਤਰ ਪੜ੍ਹ ਲਿਆ ਤਾਂ ਕੀ ਹੋਏਗਾ? ਪਰ ਸ਼ਾਮਾ ਨੂੰ ਤਾਂ ਕੰਪਿਊਟਰ ਲੌਗ ਕਰਨਾ ਵੀ ਨਹੀਂ ਆਉਂਦਾ। ਦੇਰ ਰਾਤ ਤਕ ਮੰਗ-ਪੱਤਰ ਵਿਚ ਫੇਰ ਬਦਲ ਕੀਤਾ ਜਾਂਦਾ ਰਿਹਾ। ਫੇਰ ਜਦੋਂ ਨਿੰਦੀਆ ਸੌਣ ਲੱਗੀ ਤਾਂ ਸੁਸ਼ਮਾ ਦਾ ਫ਼ੋਨ ਆ ਗਿਆ ਤੇ ਖਾਸੀ ਦੇਰ ਉਹ ਵੱਡੇ ਸਾਹਬ ਨੂੰ ਰਿਝਾਉਣ ਦੀਆਂ ਤਰਕੀਬਾਂ ਦੱਸਦੀ ਰਹੀ। ਨਿੰਦੀਆ ਕੀ ਪਾਵੇ, ਉਹਨਾਂ ਨਾਲ ਕਿੰਜ ਹੱਥ ਮਿਲਾਵੇ, ਅੱਖਾਂ ਝੁਕਾ ਕੇ ਤੇ ਪਲਕਾਂ ਝਪਕਾ ਕੇ ਉਹਨਾਂ ਨੂੰ ਕਿੰਜ ਰਿਝਾਵੇ, ਵੱਡੇ ਸਾਹਬ ਕੋਲ ਆਉਣ ਦੀ ਕੋਸ਼ਿਸ਼ ਕਰਨ ਤਾਂ ਤੁਣਕਾ ਲਾ ਕੇ ਕਿੰਜ ਦੂਰ ਸਰਕ ਜਾਵੇ—ਵਗ਼ੈਰਾ ਵਗ਼ੈਰਾ। ਨਿੰਦੀਆ ਨੂੰ ਲੱਗਿਆ ਕਿ ਮਿਸ਼ਰਾ ਸਰ ਨੂੰ ਉਸਦੀ ਬਜਾਏ ਸੁਸ਼ਮਾ ਨੂੰ ਹੀ ਏਅਰ ਪੋਰਟ ਭੇਜਣਾ ਚਾਹੀਦਾ ਸੀ। ਇਕ ਮਨ ਹੋਇਆ ਸੁਸ਼ਮਾ ਨੂੰ ਮੌਕਾ ਦੇਣ ਲਈ ਬਿਮਾਰੀ ਦਾ ਬਹਾਨਾ ਕਰਕੇ ਕੇ ਘਰ ਬੈਠ ਜਾਏ, ਪਰ ਸਵੈਮਾਣ ਵਿਚਕਾਰ ਆਣ ਖੜ੍ਹਾ ਹੋਇਆ। ਮਨ ਵਿਚ ਤਾਂ ਲੱਡੂ ਫੁੱਟ ਰਹੇ ਸਨ ਕਿ ਮਿਸ਼ਰਾ ਸਰ ਨੇ ਉਸਨੂੰ ਚੁਣਿਆ ਹੈ। ਉਹਨਾਂ ਦੇ ਵਿਸ਼ਵਾਸ ਨੂੰ ਭਲਾ ਉਹ ਕਿੰਜ ਠੇਸ ਪਹੁੰਚਾਏ?
ਜੇ ਤਨਖ਼ਾਹ ਵਧਾ ਦਿੱਤੀ ਗਈ ਤਾਂ ਸਭ ਤੋਂ ਪਹਿਲਾਂ ਉਹ ਬਾਬਾ ਤੇ ਮਾਂ ਲਈ ਮਾਰਕਸ ਐਂਡ ਸਪੈਂਸਰ ਤੋਂ ਵਧੀਆ ਸਵੈਟਰ ਖਰੀਦੇਗੀ ਤੇ ਪੋਸਟ ਰਾਹੀਂ ਭੇਜ ਦਏਗੀ ਤਾਂ ਕਿ ਇਸ ਵਾਰੀ ਉਹ ਠੰਡ ਵਿਚ ਠਰਣ ਨਾ। ਹਾਲਾਂਕਿ ਸ਼ਾਇਦ ਗੁੱਸੇ ਵੱਸ ਉਹ ਕੁਝ ਦਿਨ ਸ਼ਾਇਦ ਨਾ ਵੀ ਪਾਉਣ। ਚੰਗੇ ਪੈਸੇ ਮਿਲਣ ਲੱਗੇ ਤਾਂ ਉਹ ਵੱਖਰਾ ਘਰ ਵੀ ਲੈ ਲਏਗੀ, ਜਿੱਥੇ ਜਦੋਂ ਚਾਹੇ ਬੱਤੀ ਬੁਝਾਏਗੀ, ਆਪਣੀ ਪਸੰਦ ਦਾ ਖਾਣਾ ਬਣਾਏਗੀ, ਇਕ ਮਹੀਨੇ ਵਿਚ ਇਕ ਦੋ ਵਾਰੀ ਜ਼ਰੂਰ ਮੇਨਕਾ ਨਾਲ ਬਾਹਰ ਖਾਣਾ ਖਾਇਆ ਕਰੇਗੀ ਤੇ ਆਪਣੀ ਪਸੰਦ ਦਾ ਸੰਗੀਤ ਸੁਣਿਆ ਕਰੇਗੀ। ਇਸੇ ਉਧੇੜ-ਬੁਣ ਵਿਚ ਉਹ ਪਤਾ ਨਹੀਂ ਕਦੋਂ ਤੱਕ ਜਾਗਦੀ ਰਹੀ।
ਅਗਲੇ ਦਿਨ ਸਜੇ-ਧਜੇ ਸਾਰੇ ਕਰਮਚਾਰੀ ਸਮੇਂ ਤੋਂ ਪਹਿਲਾਂ ਦਫ਼ਤਰ ਪਹੁੰਚੇ ਹੋਏ ਸਨ। ਸੁਸ਼ਮਾ ਦੇ ਹੱਥ ਵਿਚ ਇਕ ਖ਼ੂਬਸੂਰਤ ਗੁਲਦਸਤਾ ਸੀ, ਜਿਹੜਾ ਨਿੰਦੀਆ ਦੀ ਸਾੜ੍ਹੀ ਦੇ ਰੰਗ ਨਾਲ ਮੇਲ ਖਾ ਰਿਹਾ ਸੀ।
“ਸਰ, ਦੇਖੋ ਤਾਂ ਸਹੀ ਕਿੰਨੀ ਚੰਗੀ ਲੱਗ ਰਹੀ ਏ ਨਿੰਦੀਆ।” ਸੁਸ਼ਮਾ ਨੇ ਮਿਸ਼ਰਾ ਜੀ ਦਾ ਧਿਆਨ ਨਿੰਦੀਆ ਵੱਲ ਦਿਵਾਇਆ ਤਾਂ ਉਹ ਵੀ ਉਸਨੂੰ ਬਸ ਦੇਖਦੇ ਹੀ ਰਹਿ ਗਏ। ਨਿੰਦੀਆ ਨੂੰ ਲੱਗਿਆ ਜ਼ਮੀਨ ਫਟ ਜਾਏ ਤੇ ਉਹ ਉਸ ਵਿਚ ਸਮਾ ਜਾਏ। ਉਦੋਂ ਹੀ ਸ਼ਾਮਾ ਆ ਗਈ। ਮਿਸ਼ਰਾ ਝੱਟ ਉਸ ਨਾਲ ਆਪਣੇ ਕਮਰੇ ਵਿਚ ਵੜ ਗਏ। ਇਸ ਤੋਂ ਪਹਿਲਾਂ ਕਿ ਉਹ ਕੁਝ ਕਹਿੰਦੀ, ਸੁਸ਼ਮਾ ਬੋਲ ਪਈ—“ਇਹ ਫੁੱਲ ਕਿੰਨੇ ਮੈਚ ਕਰ ਰਹੇ ਨੇ, ਨਿੰਦੀਆ ਦੀ ਸਾੜ੍ਹੀ ਨਾਲ।” ਸ਼ਾਮਾ ਨੇ ਇਕ ਉਡਦੀ ਹੋਈ ਨਜ਼ਰ ਨਿੰਦੀਆ 'ਤੇ ਮਾਰੀ ਤੇ ਸਿੱਧੀ ਸਰ ਦੇ ਕਮਰੇ ਵਿਚ ਚਲੀ ਗਈ।
“ਹੁਣ ਸ਼ਾਮਤ ਆਏਗੀ ਸਰ ਦੀ।”
“ਮੈਂ ਕਹਿ ਰਹੀ ਆਂ ਨਾ ਕਿ ਸ਼ਾਮਾ ਨੂੰ ਸਰ ਕੋਈ ਚਾਰਾ ਨਹੀਂ ਪਾਉਂਦੇ।”
“ਪਰ ਵੱਡੇ ਸਾਬ ਤਾਂ ਸ਼ਾਮਾ ਦੀ ਹੀ ਸੁਣਨਗੇ।”
“ਬਟ ਹਾਉ ਡੂ ਯੂ ਨੋ?”
“ਸ਼ਾਮਾ ਹੀ ਤਾਂ ਕਹਿ ਰਹੀ ਸੀ ਕਿ ਦਿੱਲੀ ਵਿਚ ਉਹ ਉਹਨਾਂ ਦੀ ਵਿਸ਼ੇਸ਼ ਨਿੱਜੀ-ਸੈਕਟਰੀ ਸੀ।”
“ਜਦੋਂ ਸੀ, ਉਦੋਂ ਸੀ।”
ਸ਼ਾਮਾ ਨੇ ਨਿੰਦੀਆ ਨੂੰ ਵੱਡੇ ਸਾਹਬ ਬਾਰੇ ਕੁਝ ਨਹੀਂ ਦੱਸਿਆ, ਨਾ ਹੀ ਨਿੰਦੀਆ ਨੇ ਪੁੱਛਿਆ। ਕਹਿਣ-ਪੁੱਛਣ ਵਾਲਾ ਸੀ ਵੀ ਕੀ? ਆਖ਼ਰੀ ਦਮ ਤਕ ਸ਼ਾਮਾ ਇਸੇ ਕੋਸ਼ਿਸ਼ ਵਿਚ ਸੀ ਕਿ ਉਸੇ ਨੂੰ ਏਅਰ ਪੋਰਟ ਭੇਜਿਆ ਜਾਵੇ। ਯੂਨੀਵਰਸਟੀ ਦੇ ਪ੍ਰਜ਼ੈਂਟੇਸ਼ਨ ਨੂੰ ਤਾਂ ਟਾਲਿਆ ਵੀ ਜਾ ਸਕਦਾ ਸੀ, ਪਰ ਪਤਾ ਨਹੀ ਕਿਉਂ ਮਿਸ਼ਰਾ ਸਾਹਬ ਉਸਨੂੰ ਟਾਲੀ ਜਾ ਰਹੇ ਸਨ।
ਹਵਈ ਜਹਾਜ਼ ਸਮੇਂ ਤੇ ਆ ਰਿਹਾ ਸੀ। ਠੀਕ ਤਿੰਨ ਵਜੇ ਉਹ ਹਵਾਈ ਅੱਡੇ ਲਈ ਰਵਾਨਾ ਵੀ ਹੋ ਚੁੱਕੇ ਸਨ। ਵੱਡੇ ਸਾਹਬ ਨੂੰ ਮਿਲ ਕੇ ਨਿੰਦੀਆ ਨੂੰ ਬੜੀ ਨਿਰਾਸ਼ਾ ਹੋਈ। ਉਹ ਸੋਚੀ ਇਹ ਬੈਠੀ ਸੀ ਕਿ ਵੱਡੇ ਸਾਹਬ ਕੋਈ ਲੰਮੀ-ਝੰਮੀ ਤੇ ਹੈਂਡਸਮ ਹਸਤੀ ਹੋਣਗੇ। ਪਰ ਉਹ ਤਾਂ ਢਲਦੀ ਉਮਰ ਦੇ ਇਕ ਬੜੇ ਹੀ ਸਾਧਾਰਣ ਕਿਸਮ ਦੇ ਆਦਮੀ ਸਨ, ਮੋਟੇ ਤੇ ਗੰਜੇ। ਬੜੇ ਤਪਾਕ ਨਾਲ ਮਿਲੇ, ਜਿਵੇਂ ਪਤਾ ਨਹੀ ਉਸਨੂੰ ਕਦੋਂ ਦੇ ਜਾਣਦੇ ਹੋਣ। ਮਿਸ਼ਰਾ ਸਰ ਵੱਲੋਂ ਮੁਆਫ਼ੀ ਮੰਗਦਿਆਂ ਨਿੰਦੀਆ ਨੇ ਉਹਨਾਂ ਵੱਲ ਫੁੱਲ ਵਧਾਏ ਤਾਂ ਉਸਦੇ ਦੋਵੇਂ ਹੱਥ ਆਪਣੇ ਹੱਥਾਂ ਵਿਚ ਲੈ ਕੇ ਉਹ ਬੋਲੇ—“ਤਾਂ ਤੂ ਹੀ ਨਿੰਦੀਆ ਏਂ! ਮਿਸ਼ਰਾ ਦੱਸ ਰਿਹਾ ਸੀ ਕਿ ਉਹ ਆਪਣੀ ਬੈਸਟ ਸਟਾਫ਼ ਮੈਂਬਰ ਨੂੰ ਭੇਜ ਰਿਹਾ ਏ, ਜ਼ਰਾ ਦੇਖਾਂ ਤਾਂ ਉਸਦੀ ਪੰਸਦ, ਹੂੰ...”
ਉਹਨਾਂ ਨਿੰਦੀਆ ਦਾ ਸਿਰ ਤੋਂ ਪੈਰਾਂ ਤੀਕ ਮੁਆਇਨਾ ਕੀਤਾ। ਉਸਨੂੰ ਲੱਗਿਆ ਜਿਵੇਂ ਉਹਨਾਂ ਦੀਆਂ ਅੱਖਾਂ ਵਿਚ ਉਸਦੇ ਕੱਪੜਿਆ ਦੇ ਅੰਦਰ ਤਕ ਦੇਖ ਲੈਣ ਦੀ ਸਮਰਥਾ ਹੋਵੇ। ਲਾਲ ਸਿੰਘ ਨੇ ਪਹਿਲਾਂ ਹੀ ਸੁਚੇਤ ਕਰ ਦਿੱਤਾ ਸੀ ਕਿ ਕਾਰ ਵਿਚ ਨਿੰਦੀਆ ਨੂੰ ਉਸਦੇ ਨਾਲ ਅੱਗੇ ਹੀ ਬੈਠਣਾ ਚਾਹੀਦਾ ਹੈ। “ਨਿੰਦੀਆ, ਇਹ ਕੁੱਤੇ ਆਦਮੀ ਐ, ਪਰ ਡਰਨ ਦੀ ਕੋਈ ਲੋੜ ਨਹੀਂ, ਨੌਕਰੀ ਤੋਂ ਈ ਤਾਂ ਕੱਢਣਗੇ, ਹੋਰ ਕੇ ਕਰ ਸਕਦੇ ਨੇ।” ਲਾਲ ਸਿੰਘ ਦੀ ਦਲੇਰੀ 'ਤੇ ਉਸਨੂੰ ਮਾਣ ਹੋਇਆ। ਭਾਵੇਂ ਉਹ ਕਿੰਨਾ ਹੀ ਅੜਬ ਸੁਭਾ ਦਾ ਸੀ ਪਰ ਦਫ਼ਤਰ ਵਿਚ ਇਕ ਉਹੀ ਹੈ ਜਿਹੜਾ ਸੱਚਾਈ ਲਈ ਕੋਈ ਵੀ ਰਿਸਕ ਲੈਣ ਲਈ ਤਿਆਰ ਹੋ ਸਕਦਾ ਹੈ। ਲਾਜ, ਰਾਜੇਂਦਰ, ਸੁਸ਼ਮਾ, ਅਮਿਤ ਜਾਂ ਹੋਰ ਲੋਕ ਜਿਹੜੇ ਨਿੰਦੀਆ ਨੂੰ ਅਕਸਰ ਵਡਿਆਉਂਦੇ ਰਹਿੰਦੇ ਨੇ, ਉਹ ਜਾਣਦੀ ਹੈ ਕਿ ਮੁਸੀਬਤ ਪੈਣ 'ਤੇ ਸਾਰੇ ਇਕ ਪਾਸੇ ਹਟ ਜਾਣਗੇ।
ਮੰਗ-ਪੱਤਰ ਹਾਲੇ ਵੀ ਪਰਸ ਵਿਚ ਬੰਦ ਸੀ, ਸੋਚਿਆ ਕਿ ਕਾਰ ਵਿਚ ਬੈਠੇਗੀ ਤੇ ਗੱਲਾਂ ਗੱਲਾਂ ਵਿਚ ਦੇ ਦਏਗੀ।
ਵੱਡੇ ਸਾਹਬ ਨੇ ਨਿੰਦੀਆ ਨੂੰ ਪਿਛਲੀ ਸੀਟ ਉੱਤੇ ਆਪਣੇ ਕੋਲ ਬੈਠਣ ਲਈ ਜ਼ੋਰ ਦਿੱਤਾ ਤਾਂ ਉਹ ਕੀ ਕਰਦੀ। ਬੜੀ ਅਪਣੱਤ ਨਾਲ ਉਹ ਉਸ ਬਾਰੇ ਪੁੱਛਣ ਲੱਗੇ। ਲਾਲ ਸਿੰਘ ਦੀਆ ਨਜ਼ਰਾਂ ਸੜਕ ਉੱਤੇ ਘੱਟ ਤੇ ਪਿਛਲੀ ਸੀਟ ਉੱਤੇ ਵੱਧ ਸਨ, ਪਰ ਵੱਡੇ ਸਾਹਬ ਨੂੰ ਉਸਦੀ ਕੋਈ ਪ੍ਰਵਾਹ ਨਹੀਂ ਸੀ। ਉਹ ਕਦੀ ਨਿੰਦੀਆ ਦੇ ਮੋਢੇ 'ਤੇ ਹੱਥ ਰੱਖਦੇ ਤੇ ਕਦੀ ਉਸਦੇ ਪੱਟ 'ਤੇ। ਨਿੰਦੀਆ ਬੜੀ ਲਾਚਾਰ ਹੋ ਗਈ ਸੀ। ਗੁੱਛੀ ਮੁੱਛੀ ਹੁੰਦੀ ਜਾ ਰਹੀ ਸੀ, ਆਪਣੇ ਆਪ ਵਿਚ।
“ਤੋ ਨਿੰਦੀਆ ਤੇਰੇ ਪਰਿਵਾਰ 'ਚ ਕੌਣ-ਕੌਣ ਏਂ?”
“ਜੀ ਮੈਂ ਇੱਥੇ ਇਕੱਲੀ ਆਂ।” ਮੂੰਹ ਖੋਲ੍ਹਦਿਆਂ ਹੀ ਨਿੰਦੀਆ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਬੜੇ ਅਜ਼ੀਬੋ-ਗ਼ਰੀਬ ਪ੍ਰਸ਼ਨ ਸਨ ਉਹਨਾਂ ਦੇ। ਕਿਸੇ ਨੇ ਅੱਜ ਤਕ ਉਸ ਨਾਲ ਇਸ ਕਿਸਮ ਦੀਆਂ ਗੱਲਾਂ ਨਹੀਂ ਸੀ ਕੀਤੀਆਂ। ਸੁਸ਼ਮਾ ਤੇ ਉਹ ਕਦੀ ਕਦੀ ਮਸਤੀ ਵਿਚ ਆਉਂਦੀਆਂ ਤਾਂ ਪੁਰਸ਼ ਪ੍ਰਧਾਨ ਗੱਲਾਂ ਕਰਦੀਆਂ ਸਨ ਪਰ ਇਹ ਸਭ ਉਸ ਲਈ ਨਵਾਂ ਸੀ, ਅਸਭਿਅਕ ਸੀ।
'ਰਤਾ ਨੂੰ ਇਕੱਲੀ ਸੌਂਦੀ ਏਂ?'
'ਇਕੱਲਿਆਂ ਨੀਂਦ ਆ ਜਾਂਦੀ ਏ ਤੈਨੂੰ?'
ਬਿਸਤਰੇ ਇਕ ਇਕੱਲੀ ਨੂੰ ਠੰਡ ਤਾਂ ਲੱਗਦੀ ਹੋਏਗੀ?'
ਇਹਨਾਂ ਸਵਾਲਾਂ ਦਾ ਉਹ ਕੀ ਜਵਾਬ ਦੇਂਦੀ! ਉਸਨੇ ਸੋਚਿਆ ਕਿ ਦਫ਼ਤਰ ਪਹੁੰਚ ਕੇ ਉਹ ਸਭ ਨੂੰ ਕਹਿ ਦਏਗੀ ਕਿ ਉਹਨਾਂ ਨੂੰ ਪਟਾਉਣਾ ਉਸਦੇ ਵੱਸ ਵਿਚ ਨਹੀਂ, ਪਰ ਜਦੋਂ ਲਾਲ ਸਿੰਘ ਨੂੰ ਉਹਨਾਂ ਪਹਿਲਾਂ ਸਿੱਧੇ ਹੋਟਲ ਚੱਲਣ ਲਈ ਕਿਹਾ ਤਾਂ ਨਿੰਦੀਆ ਕੋਲ ਦੋ ਹੀ ਰਸਤੇ ਸਨ। 'ਸਾਰੀ' ਕਹਿ ਕੇ ਚੱਲਦੀ ਬਣੇ ਜਾਂ ਇਕ ਅੱਧਾ ਘੰਟਾ ਉਹਨਾਂ ਨੂੰ ਹੋਰ ਸਹੇ। ਸੁਸ਼ਮਾ ਨੇ ਉਸਨੂੰ ਦੱਸਿਆ ਸੀ ਕਿ ਵਧੇਰੇ ਮਰਦ ਸਿਰਫ ਅਸ਼ਲੀਲ ਗੱਲਾਂ-ਬਾਤਾਂ ਨਾਲ ਹੀ ਪ੍ਰਸੰਨ ਹੋ ਜਾਂਦੇ ਨੇ ਤੇ ਜੇ ਵੱਡੇ ਸਾਹਬ ਉਹਨਾਂ ਲੋਕਾਂ ਵਿਚੋਂ ਇਕ ਨੇ ਤਾਂ ਉਹ ਸੁਣ ਲਏਗੀ ਉਹਨਾਂ ਦੀ ਬਕਵਾਸ। ਕਾਰ ਦੇ ਰੁਕਦਿਆਂ ਹੀ ਭੁੜਕ ਕੇ ਬਾਹਰ ਨਿਕਲੇ ਤੇ ਉਹਨਾਂ ਨਿੰਦੀਆ ਨੂੰ ਵੀ ਉਤਰਣ ਲਈ ਕਿਹਾ।
“ਤੈਨੂੰ ਥੋੜ੍ਹੀ ਦੇਰ ਵੇਟ ਕਰਨੀ ਪਏਗੀ, ਮੈ ਜ਼ਰਾ ਫਰੈਸ਼ ਹੋ ਲਵਾਂ।”
“ਸਰ, ਅਸੀਂ ਲੋਕ ਇੱਥੇ ਈ ਇੰਤਜ਼ਾਰ ਕਰਕੇ ਆਂ।”
“ਡੋਂਟ ਬੀ ਰਿਡਿਕੁਲਸ, ਮੈਨੂੰ ਬਸ ਦੋ ਮਿੰਟ ਲੱਗਣਗੇ।”
“ਸਰ, ਤੁਸੀਂ ਬਾਅਦ ਵਿਚ ਆਰਾਮ ਨਾਲ ਆ ਜਾਣਾ, ਸਾਰੇ ਲੋਕ ਦਫ਼ਤਰ 'ਚ ਤੁਹਾਡੀ ਉਡੀਕ ਕਰ ਰਹੇ ਨੇ।” ਨਿੰਦੀਆ ਨੇ ਆਪਣੀ ਜਾਨ ਛੁਡਾਉਣੀ ਚਾਹੀ।
“ਵਹਾਟ ਨੌਨਸੈਂਸ, ਚਲੋ ਚਲੋ ਅੰਦਰ ਚਲੋ ਜੂਸ-ਵੂਸ ਪੀਓ, ਬਾਹਰ ਬੈਠ ਕੇ ਕੀ ਕਰਣੈ।” ਉਹ ਥੋੜ੍ਹੇ ਨਾਰਾਜ਼ ਹੁੰਦੇ ਹੋਏ ਬੋਲੇ ਤੇ ਜਬਰਦਸਤੀ ਕਰਕੇ ਉਸਨੂੰ ਅੰਦਰ ਲੈ ਗਏ।
ਪਤਾ ਨਹੀਂ ਕੀ ਕੀ ਅੰਦਾਜ਼ੇ ਲਾਉਂਦੀ ਹੋਈ, ਕਾਊਂਟਰ 'ਤੇ ਬੈਠੀ ਸਵਾਗਤ ਕਰਤਾ ਔਰਤ ਨੇ ਨਿੰਦੀਆ ਨੂੰ ਉਪਰੋਂ ਹੇਠ ਤਕ ਦੇਖਿਆ, ਜਿਹੜਾ ਉਸਨੂੰ ਚੰਗਾ ਨਹੀਂ ਸੀ ਲੱਗਿਆ। ਇਕ ਵਾਰੀ ਸੋਚਿਆ ਕਿ ਇੱਥੋਂ ਹੀ ਨੱਸ ਜਾਏ, ਪਰ ਇਹ ਬੜੀ ਅਸਭਿਅਤਾ ਹੋਏਗੀ। ਜਦ ਤਕ ਵੱਡੇ ਸਾਹਬ ਦਾ ਸਾਮਾਨ ਕਮਰੇ ਵਿਚ ਰਖਵਾਇਆ ਗਿਆ, ਉਹ ਕਿਸੇ ਨਾਲ ਫ਼ੋਨ ਉੱਤੇ 'ਹਾ-ਹਾ, ਹੀ-ਹੀ' ਕਰਦੇ ਰਹੇ। ਜਿਵੇਂ ਹੀ ਅਰਦਲੀ ਬਾਹਰ ਗਿਆ, ਉਹਨਾਂ ਨਿੰਦੀਆ ਨੂੰ ਕਿਹਾ, “ਫਰਿਜ਼ ਵਿਚੋਂ ਜੂਸ ਕੱਢ ਲਓ।” ਅਣਮਨੀ ਜਿਹੀ ਉਹ ਫਰਿਜ਼ ਖੋਹਲ ਕੇ ਦੇਖਣ ਲੱਗੀ। ਤਰ੍ਹਾਂ-ਤਰ੍ਹਾਂ ਦੇ ਜੂਸ ਦੇ ਡੱਬੇ, ਰੰਗ-ਬਿਰੰਗੀ ਸ਼ਰਾਬ ਤੇ ਬੀਅਰ ਦੀਆਂ ਬੋਤਲਾਂ ਨਾਲ ਭਰਿਆ ਹੋਇਆ ਸੀ ਫਰਿਜ਼। ਅਜੇ ਉਸਨੇ ਸੰਤਰੇ ਦੇ ਜੂਸ ਦੇ ਕਾਰਟਨ ਦਾ ਢੱਕਣ ਖੋਲ੍ਹਿਆ ਹੀ ਸੀ ਕਿ ਵੱਡੇ ਸਾਹਬ ਉਸਦੇ ਐਨ ਪਿੱਛੇ ਆ ਖੜ੍ਹੇ ਹੋਏ ਤੇ ਉਸਨੂੰ ਆਪਣੀਆਂ ਬਾਹਾਂ ਵਿਚ ਘੁੱਟ ਲਿਆ। ਹਮਲਾ ਏਨਾ ਅਚਾਨਕ ਸੀ ਕਿ ਘਬਰਾਹਟ ਵਿਚ ਜੂਸ ਦਾ ਪੂਰਾ ਡੱਬਾ ਨਿੰਦੀਆ ਦੇ ਬਲਾਊਜ਼ ਤੇ ਸਾੜ੍ਹੀ ਉੱਤੇ ਉਲਟ ਗਿਆ। ਆਪਣੇ ਆਪ ਨੂੰ ਕਿਸੇ ਤਰ੍ਹਾਂ ਮੁਕਤ ਕਰਵਾ ਕੇ ਨਿੰਦੀਆ ਬਾਥਰੂਮ ਵਿਚ ਵੜ ਗਈ, 'ਵਾਟ ਏ ਮੈਸ। ਲਾਲ ਸਿੰਘ ਕੀ ਸੋਚੇਗਾ, ਇਹਨਾਂ ਲੋਕਾਂ ਨੂੰ ਤਾਂ ਬਸ ਕੋਈ ਬਹਾਨਾ ਚਾਹੀਦਾ ਹੁੰਦਾ ਏ।'
ਬੇਸਿਨ ਵਿਚ ਉਸਨੂੰ ਸਾੜ੍ਹੀ ਨੂੰ ਉਪਰ ਤਕ ਚੁੱਕਣਾ ਪੈਂਦਾ ਇਸ ਲਈ ਨਿੰਦੀਆ ਟਬ ਦੇ ਸਹਾਰੇ ਖੜ੍ਹੀ ਹੋ ਗਈ। ਨਵੀਂ ਸਾੜ੍ਹੀ ਦਾ ਸਤਿਆਨਾਸ ਹੋ ਗਿਆ ਸੀ। ਇਕ ਵਾਰੀ ਤਾਂ ਨਿੰਦੀਆ ਨੇ ਸੋਚਿਆ ਕਿ ਮੰਗ-ਪੱਤਰ ਨੂੰ ਤਾਂ ਰਹਿਣ ਹੀ ਦਵੇ—ਕਿਉਂ ਆਪਣੇ ਪੈਰਾਂ 'ਤੇ ਖ਼ੁਦ ਕੁਹਾੜੀ ਮਾਰੇ—ਨਾਲੇ ਉਹ ਸਹਿਯੋਗੀਆਂ ਨਾਲ ਵਾਅਦਾ ਕਰ ਚੁੱਕੀ ਸੀ। ਉਸਨੇ ਸੋਚਿਆ ਕਿ ਜੇ ਥੋੜ੍ਹੀ ਜਿਹੇ ਅਪਮਾਨ ਨਾਲ ਕੰਮ ਕੱਢਿਆ ਜਾ ਸਕਦਾ ਹੈ ਤਾਂ ਉਹ ਸਹਿ ਲਵੇਗੀ। ਕਿੰਨੇ ਸਾਥੀ ਉਸ ਉੱਤੇ ਆਸ ਲਾਈ ਬੈਠੇ ਨੇ। ਇਹ ਸ਼ਰੀਰ ਹੀ ਤਾਂ ਹੈ, ਕਿਸੇ ਨੇ ਛੂ ਲਿਆ ਤਾਂ ਉਸਦਾ ਕੀ ਘਸ ਜਾਏਗਾ। ਕੁਆਰੀ ਤਾਂ ਹੁਣ ਉਹ ਰਹੀ ਨਹੀਂ ਸੀ। ਕੁਆਰਾਪਨ ਤਾਂ ਉਸਦਾ ਲੁੱਟਿਆ ਸੀ ਵਿਕਰਮ ਖੰਨਾ ਨੇ, ਜਿਹੜਾ ਉਸਨੂੰ ਬ੍ਰਿਟੇਨ ਵਿਚ ਰਹਿਣ ਲਈ ਸਥਾਈ ਇਜਾਜ਼ਤ ਨਾਮਾ ਦਿਵਾਉਣ ਦਾ ਝਾਂਸਾ ਦਿੰਦਾ ਰਿਹਾ ਸੀ। ਇਕ ਦਿਨ ਜਦੋਂ ਉਸਨੇ ਨਿੰਦੀਆ ਨੂੰ ਘਰ ਬੁਲਾਇਆ ਤੇ ਉਹ ਚਲੀ ਗਈ ਸੀ—ਇਹ ਸੋਚ ਕੇ ਕਿ ਉਹ ਸ਼ਾਦੀ ਸ਼ੁਦਾ ਸੀ, ਪਰ ਉਹ ਨਹੀਂ ਸੀ ਜਾਣਦੀ ਕਿ ਉਸੇ ਸਵੇਰੇ ਉਸਦੀ ਪਤਨੀ ਭਾਰਤ ਗਈ ਸੀ। ਉਹ ਅਸਹਿਜ ਜਿਹੀ ਸੋਫੇ ਦੇ ਕੋਨੇ 'ਤੇ ਬੈਠੀ ਸੀ। ਵਿਕਰਮ ਦਾ ਇਕ ਦੂਜਾ ਰੂਪ ਉਸਨੂੰ ਅੱਜ ਦੇਖਣ ਨੂੰ ਮਿਲਿਆ। ਬਿਨਾਂ ਚਾਹ-ਪਾਣੀ ਪੁੱਛੇ, ਟੈਲੀਵੀਜ਼ਨ 'ਤੇ ਇਕ ਨੰਗੀ ਵੀਡੀਓ ਲਾ ਕੇ ਉਹ ਨਿੰਦੀਆ ਨੂੰ ਚੁੰਮਣ ਲੱਗਾ। ਪਲਾਸਟਕ ਦੀ ਥੈਲੀ ਵਰਗਾ ਕੁਝ ਚੜ੍ਹਾਉਂਦਿਆਂ ਹੋਇਆ ਜਦੋਂ ਵਿਕਰਮ ਨੇ ਉਸਨੂੰ ਪੁੱਛਿਆ—“ਕੁਛ ਯੂਜ਼ ਕਰਦੀ ਏਂ?” ਤਾਂ ਨਿੰਦੀਆ ਨੂੰ ਯਾਦ ਆਇਆ ਆਪਣੀ ਨਾਨੀ ਦਾ ਝੁਰੜਾਇਆ ਹੋਇਆ ਮ੍ਰਿਤ ਸ਼ਰੀਰ ਜਿਸਨੂੰ ਮਾਂ ਤੇ ਪਰਿਵਾਰ ਦੀਆਂ ਹੋਰ ਔਰਤਾਂ ਨੁਹਾਅ ਕੇ ਕੱਪੜੇ ਪੁਆਉਣ ਦਾ ਯਤਨ ਕਰ ਰਹੀਆਂ ਸਨ। ਨਿੰਦੀਆ ਦੇ ਚਿਹਰੇ 'ਤੇ ਦਹਿਸ਼ਤ ਦੇਖ ਕੇ ਵੀ ਵਿਕਰਮ ਨਹੀਂ ਸੀ ਟਲਿਆ। ਪ੍ਰੇਸ਼ਾਨੀ ਰਲੀ ਹੈਰਾਨੀ ਏਨੀ ਵਧ ਗਈ ਸੀ ਕਿ ਉਸਦੀ ਦੇਹ ਕਾਠ ਵਾਂਗ ਆਕੜ ਗਈ ਸੀ। ਨਿਤਾਣੀ ਨਿੰਦੀਆ ਦੀ ਨਿਮਾਣੀ 'ਨਾ, ਨਾ' ਭਲਾ ਉਹ ਕਿੰਜ ਸੁਣਦਾ। ਆਪਣੇ ਉਸਨੇ ਇਕ ਇਨਜੈਕਸ਼ਨ ਆਇਆ ਹੋਇਆ ਸੀ, ਜਿਸਦਾ ਅਸਰ ਨਿੰਦੀਆ ਦੇ ਧੀਰਜ ਨਾਲੋਂ ਕਿਤੇ ਵਧ ਸੀ। ਸੈਕਸ ਨਾਲ ਉਸਨੂੰ ਏਨੀ ਨਫ਼ਰਤ ਹੋ ਗਈ ਕਿ ਉਸਨੇ ਫੈਸਲਾ ਕਰ ਲਿਆ ਕਿ ਇਹ ਯੋਨ ਸੰਬੰਧ ਵਿਆਹ ਦੀ ਸ਼ਰਤ ਹੈਨ ਤਾਂ ਉਹ ਵਿਆਹ ਹੀ ਨਹੀਂ ਕਰੇਗੀ। ਉਹ ਸੋਚਦੀ ਕਿ ਪਤਾ ਨਹੀਂ ਕਿੰਜ ਲੋਕਾਂ ਦੇ ਦਿਮਾਗ਼ 'ਤੇ ਸੈਕਸ ਛਾਇਆ ਰਹਿੰਦਾ ਹੈ, ਉਸਨੂੰ ਤਾਂ ਇਹ ਜਾਨਵਰਪੁਣਾ ਲੱਗਦਾ ਹੈ।
ਸਥਾਈ ਠੱਪੇ ਲਈ ਆਪਣੇ ਕੁਆਰਾਪਨ 'ਤੇ ਦਾਗ਼ ਲਗਵਾ ਕੇ ਹੀ ਉਹਨੂੰ ਸਮਝ ਆਈ ਕਿ ਵਿਕਰਮ ਵਰਗੇ ਪਤਾ ਨਹੀਂ ਕਿੰਨੇ ਮਗਰਮੱਛ ਇੱਥੇ ਅੱਖਾਂ ਬੰਦ ਕਰੀ ਸ਼ਿਕਾਰ ਦੀ ਤਾਕ ਲਾਈ ਬੈਠੇ ਨੇ, ਜਿਹੜੇ ਮੌਕਾ ਮਿਲਦਿਆਂ ਹੀ ਇੰਜ ਹੜਪਾ ਮਾਰਦੇ ਨੇ ਕਿ ਪੂਰਾ ਸ਼ਿਕਾਰ ਸਿੱਧਾ ਉਹਨਾਂ ਦੇ ਮੂੰਹ ਵਿਚ, ਬਚਣ ਦਾ ਕੋਈ ਰਸਤਾ, ਕੋਈ ਵਿਕਲਪ ਨਹੀਂ।
ਠੰਡੇ ਤੇ ਗਰਮ ਪਾਣੀ ਦੀ ਟੂਟੀ ਖੋਹਲ ਕੇ ਉਸਨੇ ਪਾਣੀ ਦਾ ਸੰਤੁਲਟ ਜਾਚਿਆ। ਸਪੰਜ ਨੂੰ ਸਾਬਨ ਤੇ ਪਾਣੀ ਨਾਲ ਗਿੱਲਾ ਕਰਕੇ ਉਹ ਆਪਣੇ ਬਲਾਊਜ਼ ਤੇ ਸਾੜ੍ਹੀ ਨੂੰ ਪੂੰਝ ਹੀ ਰਹੀ ਸੀ ਕਿ ਵੱਡੇ ਸਾਹਬ ਬਾਥਰੂਮ ਵਿਚ ਆਏ ਤੇ ਉਸਨੂੰ ਫੇਰ ਆਪਣੇ ਕਲਾਵੇ ਵਿਚ ਕਸ ਲਿਆ। ਉਹਨਾਂ ਦੇ ਗਰਮ ਸਾਹ ਨਿੰਦੀਆ ਦੇ ਸਿਰ ਉਪਰ ਛੂਤ ਵਾਂਗ ਫੈਲਣ ਲੱਗੇ। ਉਸਦਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਾ। ਉਸਦੇ ਸਰੀਰ ਨੂੰ ਛੋਂਹਦਾ ਹੋਇਆ ਉਹਨਾਂ ਦਾ ਗਾਊਣ ਹੇਠਾਂ ਆ ਡਿੱਗਾ ਤੇ ਉਹਨਾਂ ਦਾ ਸਖ਼ਤ ਜਿਸਮ ਨਿੰਦੀਆ ਦੇ ਕੱਪੜਿਆਂ ਵਿਚ ਪੁਰਨ ਲੱਗਾ। ਉਹਨਾਂ ਦੀ ਪਕੜ ਮਜ਼ਬੂਤ ਸੀ ਤੇ ਨਿੰਦੀਆ ਜਾਣਦੀ ਸੀ ਕਿ ਉਹ ਖ਼ੁਦ ਨੂੰ ਛੁਡਾਅ ਨਹੀਂ ਸਕੇਗੀ। ਉਸਨੂੰ ਯਕਦਮ ਸੁਸ਼ਮਾ ਦੀ ਗੱਲ ਯਾਦ ਆ ਗਈ, 'ਪ੍ਰਾਸਟੀਟਯੁਟਸ ਦੇ ਤਾਂ ਦੋਵੇਂ ਹੱਥ ਘਿਓ ਵਿਚ ਹੁੰਦੇ ਹੋਣਗੇ, ਮਜ਼ੇ ਦਾ ਮਜ਼ਾ ਤੇ ਨਾਲ ਹੀ ਪੈਸੇ।' ਕਿੰਨੀ ਨਾ ਸਮਝ ਹੈ ਸੁਸ਼ਮਾ! ਅੱਖਾਂ ਤੇ ਬੁੱਲ੍ਹ ਭੀਚ ਕੇ ਉਹ ਪੂਰਾ ਯਤਨ ਕਰ ਰਹੀ ਸੀ ਕਿ ਕਿਤੇ ਉਸਨੂੰ ਉਲਟੀ ਨਾ ਆ ਜਾਏ। ਪਤਾ ਨਹੀਂ ਵੇਸ਼ੀਆਵਾਂ ਕਿੰਜ ਸਹਿ ਲੈਂਦੀਆਂ ਨੇ ਰੋਜ਼-ਰੋਜ਼ ਏਨੇ ਗੰਦੇ ਤੇ ਅਸੰਵੇਦਨਸ਼ੀਲ ਲੋਕ...।
“ਨਿੰਦੀਆ ਬੋਲ ਤੈਨੂੰ ਕੀ ਚਾਹੀਦਾ ਏ।” ਉਸਦੀਆਂ ਛਾਤੀਆਂ ਦਬਾਉਂਦੇ ਹੋਏ ਉਹ ਉਸਦੇ ਕੰਨ ਵਿਚ ਫੁਸਫੁਸਾਏ, “ਆਸਕ ਮੀ ਐਨੀਥਿੰਗ, ਡਾਰਲਿੰਗ?” ਉਹਨਾਂ ਦੇ ਹੱਥ ਨਿੰਦੀਆ ਦੇ ਸਰੀਰ ਉੱਤੇ ਤਿਲ੍ਹਕਦੇ ਹੋਏ ਉਸਦੇ ਪੱਟਾਂ ਤਕ ਆ ਪਹੁੰਚੇ। ਅਜਿਹੇ ਵਾਅਦਿਆਂ ਦੀ ਸਾਰਹੀਣਤਾ ਨੂੰ ਉਹ ਚੰਗੀ ਤਰ੍ਹਾਂ ਜਾਣਦੀ ਸੀ। ਦੁਨੀਆਂ ਵਿਚ ਕੈਸੇ ਕੈਸੇ ਲੋਕ ਨੇ ਜਿਹੜੇ ਦੂਜਿਆਂ ਦੀ ਮਜ਼ਬੂਰੀ 'ਤੇ ਜਿਊਂਦੇ ਨੇ ਤੇ ਦੂਜਿਆਂ ਦੀ ਕਮਜ਼ੋਰੀ ਤੋਂ ਲਾਭ ਲੈਂਦੇ ਨੇ। ਉਹ ਅੰਦਰੇ ਅੰਦਰ ਖਿਝ-ਕ੍ਰਿਝ ਕੇ ਸਿੱਥਲ ਹੋ ਗਈ। ਆਪਣੇ ਸ਼ਰੀਰ ਨਾਲ ਚਿਪਕੇ ਵੱਡੇ ਸਾਹਬ ਦੇ ਬਦਨ ਵੱਲੋਂ ਵੀ ਸੰਵੇਦਨਹੀਣ। ਅਚਾਨਕ ਉਸਨੂੰ ਬੀਂਡਾ ਯਾਦ ਆ ਗਿਆ ਜਿਸਨੂੰ ਉਸਨੇ ਨਾਲੀ ਵਿਚ ਰੋੜ੍ਹ ਦਿੱਤਾ ਸੀ। ਜਾਣਦਿਆਂ ਬੁਝਦਿਆਂ ਹੋਇਆਂ ਵੀ ਕਿ ਜੋ ਹੋ ਰਿਹਾ ਹੈ ਸਹੀ ਨਹੀਂ, ਨਿੰਦੀਆ ਉਹ ਹੋਣ ਦੇ ਰਹੀ ਹੈ। ਉਹ ਵੀ ਓਨੀ ਹੀ ਗ਼ਲਤ ਹੈ, ਜਿੰਨੇ ਕਿ ਵੱਡੇ ਸਾਹਬ। ਰੁਕਣਾ ਜਾਂ ਰੋਕਣਾ ਦੋਵੇਂ ਉਸਦੇ ਹੱਥ-ਵੱਸ ਨਹੀਂ, ਪਰ ਨਾ ਤਾਂ ਉਸਨੂੰ ਖ਼ੁਦ ਆਪਣੇ ਆਪ ਉੱਤੇ ਕਾਬੂ ਹੈ ਤੇ ਨਾ ਹੀ ਉਹ ਉਹਨਾਂ ਨੂੰ ਰੋਕ ਰਹੀ ਹੈ। ਨਫ਼ਰਤ ਉਸਨੂੰ ਉਹਨਾਂ ਨਾਲ ਘੱਟ, ਆਪਣੇ ਆਪ ਨਾਲ ਕਿਤੇ ਵੱਧ ਹੋ ਰਹੀ ਹੈ। ਉਸਦਾ ਦਿਮਾਗ਼ ਠੀਕ ਤਰ੍ਹਾਂ ਕੰਮ ਨਹੀਂ ਸੀ ਕਰ ਰਿਹਾ, ਸ਼ਾਇਦ ਦਿਮਾਗ਼ ਠੀਕ ਹੈ ਪਰ ਹੋਰ ਅੰਗ ਉਸਦੇ ਹੁਕਮ ਦੀ ਪਾਲਨਾਂ ਨਹੀਂ ਕਰ ਰਹੇ। ਵੱਡੇ ਸਾਹਬ ਕਮਜ਼ੋਰ ਨੇ ਪਰ ਉਹ ਤਾਂ ਆਪਣੇ ਆਪ ਨੂੰ ਮਜ਼ਬੂਤ ਰੱਖ ਸਕਦੀ ਹੈ। ਕੀ ਸਹੀ ਫੈਸਲਾ ਲੈਣਾ ਤੇ ਉਸ ਉੱਤੇ ਅਮਲ ਕਰਨਾ ਸਿਰਫ ਤਾਕਤਵਰ ਦੀ ਜ਼ਿੰਮੇਵਾਰੀ ਹੀ ਹੈ—ਸਜ਼ਾ ਵੀ ਤਾਂ ਤਾਕਤਵਰ ਹੀ ਦੇ ਸਕਦਾ ਹੈ। ਸ਼ਾਇਦ ਉਸ ਅੰਗਰੇਜ਼ ਘਰ ਦੇ ਮਾਲਕ ਦੇ ਵਿਰੁੱਧ ਜੱਜ ਦਾ ਫੈਸਲਾ ਸਹੀ ਸੀ। ਕਮਜ਼ੋਰ ਦਾ ਕੀ, ਕੀੜੇ ਵਾਂਗ ਉਸਨੂੰ ਕਦੀ ਵੀ ਰੋੜ੍ਹਿਆ ਜਾ ਸਕਦਾ ਹੈ।
ਅਚਾਨਕ ਨਿੰਦੀਆ ਨੂੰ ਅੰਗਰੇਜ਼ੀ ਦੀ ਉਹ ਕਹਾਵਤ ਯਾਦ ਆ ਗਈ—'ਦਿ ਵਰਮ ਦੈਟ ਟਰੰਡ ਬੈਕ।' ਉਸਦੀਆਂ ਮੁੱਠੀਆਂ ਕੱਸੀਆਂ ਗਈਆਂ ਤੇ ਇਕ ਕਾਤਿਲਾਨਾ ਵਿਚਾਰ ਉਸਦੇ ਦਿਮਾਗ਼ ਵਿਚ ਭੁੜਕਿਆ। ਠੰਡੇ ਪਾਣੀ ਵਾਲੀ ਟੂਟੀ ਉਸਨੇ ਬਿਲਕੁਲ ਬੰਦ ਕਰ ਦਿੱਤੀ। ਛਿਣ ਭਰ ਵਿਚ ਹੀ ਪਾਣੀ ਉਬਲਣ ਲੱਗ ਪਿਆ, ਰਗਾਂ ਵਿਚ ਵਹਿੰਦੇ ਉਸਦੇ ਖ਼ੂਨ ਵਾਂਗ। ਜਿਉਂ ਹੀ ਉਹਨਾਂ ਨੇ ਨਿੰਦੀਆ ਦੇ ਪੇਟੀਕੋਟ ਨੂੰ ਉਪਰ ਚੁੱਕਿਆ, ਉਹ ਫੁਰਤੀ ਨਾਲ ਪਲਟੀ ਤੇ ਉਬਲਦੇ ਪਾਣੀ ਦੀ ਧਾਰ ਐਨ ਉਹਨਾਂ ਦੀਆਂ ਲੱਤਾਂ ਵਿਚਕਾਰ ਛੱੜ ਦਿੱਤੀ। ਇਕ ਚਿੰਘਿਆੜ ਦੇ ਨਾਲ ਉਹ ਬਾਹਰ ਵੱਲ ਨੱਸੇ 'ਯੂ ਸਟੂਪਿਡ ਬਿਚ', 'ਯੂ ਬਲਡੀ ਹੋਰ, ਆਈ ਵਿੱਲ ਥਰੋ ਯੂ ਅਊਟ ਅਫ਼ ਦੀ ਜਾਬ।' ਤੇ ਪਤਾ ਨਹੀਂ ਕੀ-ਕੀ।
ਮੁਰਗੇ ਦੀ ਕਲਗੀ ਵਾਂਗ ਲਟਕੇ ਆਪਣੇ ਲਿੰਗ ਨੂੰ ਫੜੀ ਤੇ ਗੰਦੀਆਂ ਗੰਦੀਆਂ ਗਾਲ੍ਹਾਂ ਬਕਦੇ ਵੱਡੇ ਸਾਹਬ ਕਮਰੇ ਵਿਚ ਚਕਰੀ ਵਾਂਗ ਘੁੰਮ ਰਹੇ ਸਨ।
ਬਥੇਰਾ ਸਹਿ ਲਿਆ, ਬਸ ਹੁਣ ਨਿੰਦੀਆ ਹੋਰ ਨਹੀਂ ਸਹੇਗੀ, ਕਿਸੇ ਦੀਆਂ ਵੀ ਜ਼ਿਆਦਤੀਆਂ। ਕਹਿ ਦਏਗੀ ਕਿ ਉਸਨੇ ਆਪਣੇ ਬਚਾਅ ਖਾਤਰ ਹੀ ਵੱਡੇ ਸਾਹਬ ਨੂੰ ਜ਼ਖ਼ਮੀ ਕੀਤਾ ਸੀ। ਜੇ ਜੱਜ ਨੇ ਕਿਹਾ ਕਿ ਉਸਨੂੰ ਉਹਨਾਂ ਨੂੰ ਏਦਾਂ ਜ਼ਖ਼ਮੀ ਕਰਨ ਦੀ ਕੀ ਲੋੜ ਸੀ, ਤਾਂ ਉਹ ਕਹਿ ਦਏਗੀ ਕਿ ਜੇ ਉਹਨਾਂ ਦੇ ਕਿਸੇ ਹੋਰ ਅੰਗ ਉੱਤੇ ਪਾਣੀ ਪਾਉਂਦੀ ਤਾਂ ਵੱਡੇ ਸਾਹਬ ਉਸ ਉੱਤੇ ਆਸਾਨੀ ਨਾਲ ਕਾਬੂ ਪਾ ਲੈਂਦੇ। ਖ਼ੈਰ, ਉਹ ਐਵੇਂ ਹੀ ਘਬਰਾ ਰਹੀ ਹੈ, ਉਸ ਦੀ ਏਨੀ ਹਿੰਮਤ ਕਿੱਥੇ ਕਿ ਉਹ ਕੋਰਟ ਵਿਚ ਉਸ ਉੱਤੇ ਮੁਕੱਦਮਾਂ ਦਾਇਰ ਕਰ ਸਕੇ। ਕੋਈ ਪੁੱਠਾ-ਸਿੱਧਾ ਬਹਾਨਾ ਬਣਾ ਕੇ ਸਿਰਫ ਉਸਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ। ਜੇਲ੍ਹ ਜਾਣ ਦਾ ਖਤਰਾ ਉਸਨੂੰ ਬਿਲਕੁਲ ਵੀ ਨਹੀਂ। ਜੇ ਵੱਡੇ ਸਾਹਬ ਨੇ ਪੁਲਿਸ ਵਿਚ ਰਿਪੋਰਟ ਦਰਜ ਕਰਵਾਈ ਤਾਂ ਸਾਰੀ ਗੱਲ ਖੁੱਲ੍ਹ ਕੇ ਸਾਹਮਣੇ ਆ ਜਾਏਗੀ ਤੇ ਅਧਿਕਾਰੀਆਂ ਨੂੰ ਇਸ ਸੰਬੰਧ ਵਿਚ ਕੁਝ ਕਰਨਾ ਹੀ ਪਏਗਾ। ਉਸਦੇ ਮੂੰਹੋਂ ਇਕ ਨਰੋਈ ਜਿਹੀ ਗਾਲ੍ਹ ਨਿਕਲ ਗਈ। ਰੂਪਾ ਸੁਣਦੀ ਤਾਂ ਖਿੜ-ਪੁੜ ਜਾਂਦੀ। ਨੌਕਰੀ ਜਾਂਦੀ ਹੈ ਤਾਂ ਜਾਏ। ਸਬਜ਼ੀ ਦੀ ਦੁਕਾਨ 'ਤੇ ਕੰਮ ਕਰ ਲਏਗੀ, ਵੇਟ੍ਰੈਸ ਬਣ ਜਾਏਗੀ ਜਾਂ ਵਾਪਸ ਭਾਰਤ ਚਲੀ ਜਾਏਗੀ।
ਸਵਾਗਤੀ ਤੇ ਹੋਰ ਕਰਮਚਾਰੀਆਂ ਵੱਲ ਨਿੰਦੀਆ ਨੇ ਸਵੈਮਾਣ ਨਾਲ ਪਰਤ ਕੇ ਦੇਖਿਆ, ਜਿਵੇਂ ਕਹਿ ਰਹੀ ਹੋਵੇ ਕਿ ਉਹਨਾਂ ਦੇ ਹੋਟਲ ਵਿਚ ਹੋ ਰਹੇ ਦੁਰਾਚਾਰ ਵਿਚ ਘੱਟੋਘੱਟ ਉਹ ਸ਼ਾਮਿਲ ਨਹੀਂ ਹੈ। ਆਪਣੀ ਅਸਤ-ਵਿਅਸਤ ਸਾੜ੍ਹੀ ਨੂੰ ਸੰਭਾਲਦੀ ਹੋਈ ਨਿੰਦੀਆ ਸਿੱਧੀ ਕਾਰ ਵਿਚ ਆ ਕੇ ਬੈਠ ਗਈ।
“ਕੀ ਹੋਇਆ ਮੈਡਮ...” ਲਾਲ ਸਿੰਘ ਨੇ ਅੰਦਾਜ਼ਾ ਲਾ ਹੀ ਲਿਆ ਹੋਏਗਾ, “ਤੁਸੀਂ ਮੈਨੂੰ ਦੱਸਦੇ, ਮੈਂ ਓਹਦੀ ਹੱਡੀ ਪਸਲੀ ਦਾ ਪਲੀਤਾ ਨਾ ਬਣਾਇਆ ਤਾਂ ਮੇਰਾ ਨਾਂ ਲਾਲ ਸਿੰਘ ਨਹੀਂ।” ਇਕ ਮੋਟੀ ਸਾਰੀ ਗਾਲ੍ਹ ਉਸਦੇ ਮੂੰਹੋਂ ਨਿਕਲ ਹੀ ਗਈ।
“ਸਾਡੀਆਂ ਮੰਗਾਂ ਨਾ-ਮੰਜ਼ੂਰ ਹੋ ਗਈਆਂ।”
“ਮੈਂ ਤੇ ਤਹਾਨੂੰ ਦੱਸਿਆ ਵੀ ਸੀ ਕੇ ਇਕ ਵਾਰੀ ਮੂੰਹ ਨੂੰ ਤਾਜ਼ਾ ਖ਼ੂਨ ਲੱਗ ਜਾਏ ਤਾਂ...”
ਮਨ ਵਿਚ ਆਇਆ ਕਿ ਕਹਿ ਦਏ ਕਿ ਹੁਣ ਉਸਦਾ ਖ਼ੂਨ ਤਾਜ਼ਾ ਕਿੱਥੇ ਰਿਹਾ ਏ, ਪਰ ਕੁਝ ਸੋਚ ਕੇ ਚੁੱਪ ਰਹੀ। ਤਾਜ਼ਾ ਜਾਂ ਬੇਹਾ ਜਿਹੋ ਜਿਹਾ ਵੀ ਹੋਏ, ਉਸਨੂੰ ਏਨਾਂ ਤਾ ਹੱਕ ਹੋਣਾ ਹੀ ਚਾਹੀਦਾ ਹੈ ਕਿ ਕਿਸਨੂੰ ਪਿਆਏ ਉਹ ਆਪਣਾ ਖ਼ੂਨ।
“ਲਾਲ ਸਿੰਘ ਜ਼ਰਾ ਮੈਨੂੰ ਘਰ ਛੱਡ ਦਿਓਗੇ।” ਇਕ ਛਿਣ ਲਈ ਲੱਗਿਆ ਨਾਂਹ ਕਰ ਦਏਗਾ, ਪਰ ਮੁਸਕੁਰਾ ਕੇ ਉਸ ਕਿਹਾ—“ਜੈਸ ਮੈਡਮ, ਬੇਅਰ ਐਬਰ ਜੂ ਸੇ।”
ਨਿੰਦੀਆ ਕਾਰ ਵਿਚ ਆਰਾਮ ਨਾਲ ਨਿੱਠ ਕੇ ਬੈਠ ਗਈ, ਉਸਦਾ ਦਿਲ ਸੰਭਲ ਕੇ ਸੀਨੇ ਵਿਚ ਵਾਪਸ ਆ ਟਿਕਿਆ ਤੇ ਬਾਕੀ ਦੇ ਅੰਗ ਵੀ ਸ਼ਰੀਰ ਨਾਲ ਵਾਪਸ ਆ ਜੁੜੇ।
    ---- --- - ---- 


ਸੰਪਰਕ ਲਈ ਪਤਾ :-
12, Delmar Avenue, Leverstock Green, Hemel Hempstead, Hertfordshire, HP2, 4LY.


    ---- --- - ---- 

Friday, August 12, 2011

ਉਹ ਰਾਤ... :: ਲੇਖਕਾ : ਊਸ਼ਾ ਰਾਜੇ ਸਕਸੇਨਾ

ਪ੍ਰਵਾਸੀ ਹਿੰਦੀ ਕਹਾਣੀ :

     ਉਹ ਰਾਤ...
       ਲੇਖਕਾ : ਊਸ਼ਾ ਰਾਜੇ ਸਕਸੇਨਾ

E-mail : usharajesaxena@hotmail.com

       ਅਨੁਵਾਦ : ਮਹਿੰਦਰ ਬੇਦੀ, ਜੈਤੋ

ਪਿਛਲੇ ਤਿੰਨ ਦਿਨਾਂ ਤੋਂ ਘਰ ਦੇ ਰੇਡੀਅਟਰ ਗਰਮ ਨਹੀਂ ਸੀ ਹੋ ਰਹੇ। ਸਲਾੱਟ ਮੀਟਰ ਦੇ ਪੈਸੇ ਬੜੀ ਪਹਿਲਾਂ ਖ਼ਤਮ ਹੋ ਚੁੱਕੇ ਸੀ। ਘਰ ਵਿਚ ਜਿੰਨੇ ਕੰਬਲ ਸੀ—ਐਨਿਟਾ ਨੇ ਸਾਡੇ ਸਾਰਿਆਂ ਉੱਤੇ ਪਾ ਦਿੱਤੇ ਸੀ। ਬਿਨਾਂ ਹੀਟਿੰਗ ਦੇ ਸਾਰਾ ਘਰ ਬਰਫ਼ੀਲਾ ਹੋਇਆ ਹੋਇਆ ਸੀ। ਖਿੜਕੀਆਂ ਦੇ ਸ਼ੀਸ਼ਿਆਂ ਉੱਤੇ ਬਰਫ਼ ਦੀ ਹਲਕੀ ਜਿਹੀ ਤੈਹ ਜੰਮ ਗਈ ਸੀ। ਲੈਂਪ ਪੋਸਟ ਦੀ ਮੱਧਮ, ਪੀਲੀ ਰੋਸ਼ਨੀ ਅਪਾਰਦਰਸ਼ੀ ਹੋ ਰਹੇ ਸ਼ੀਸ਼ੇ ਤੇ ਪਰਦੇ ਵਿਚੋਂ ਰਸਤਾ ਬਣਾਉਂਦੀ ਹੋਈ ਕਮਰੇ ਵਿਚ ਪਏ ਕਾਰਪੇਟ ਉੱਤੇ ਪੂਡਲ (ਛੋਟੇ ਕੁੱਤੇ) ਵਾਂਗ ਲੇਟੀ ਹੋਈ ਸੀ।
ਅਜਿਹੀਆਂ ਠੰਡੀਆਂ ਰਾਤਾਂ ਵਿਚ ਅਕਸਰ ਮੈਂ 'ਬੰਕ-ਬੈਡ' (ਛੋਟੇ ਬੱਚਿਆਂ ਲਈ ਬਣਿਆ ਇਕ ਵਿਸ਼ੇਸ਼ ਕਿਸਮ ਦਾ ਦੋ ਤਲਿਆਂ ਵਾਲਾ ਪੰਲਘ) ਦੇ ਉਪਰਲੇ ਤਲੇ 'ਤੇ ਸਲੀਪਿੰਗ ਬੈਗ ਵਿਚ ਗੁੱਛਾ-ਮੁੱਛਾ ਹੋ ਕੇ ਸੌਣ ਦੀ ਕੋਸ਼ਿਸ਼ ਕਰਦਾ ਹਾਂ ਪਰ ਕਈ ਵਾਰੀ ਨੀਂਦ ਵਿਚ, ਮੈਂ ਆਪਣੇ ਬੰਕ-ਬੈਡ ਦੀਆਂ ਪੌੜੀਆਂ ਉਤਰ ਕੇ ਚੁੱਪਚਾਪ ਐਨਿਟਾ ਦੇ ਬਿਸਤਰੇ ਵਿਚ ਵੜ ਕੇ ਉਸਦੇ ਨਰਮ-ਨਿੱਘੇ ਪਿੰਡੇ ਨਾਲ ਲਿਪਟ ਜਾਂਦਾ ਹਾਂ। ਐਨਿਟਾ ਮੈਨੂੰ ਆਪਣੇ ਨਾਲ ਚਿਪਕਾ ਲੈਂਦੀ ਹੈ। ਉਸਦੇ ਬਦਨ ਦੀ ਗਰਮੀ ਮਹਿਸੂਸ ਕਰਦੇ ਹੋਏ ਸੌਂ ਜਾਣਾ ਮੈਨੂੰ ਚੰਗਾ ਲੱਗਦਾ ਹੈ। ਕਦੀ ਕਦੀ ਇੰਜ ਹੀ ਚਾਰ ਸਾਲਾਂ ਦੀ ਰੇਬੇਕਾ ਤੇ ਰੀਟਾ, ਮੇਰੀਆਂ ਜੁੜਵਾਂ ਭੈਣਾ, ਵੀ ਐਨਿਟਾ ਦੇ ਬਿਸਤਰੇ ਵਿਚ ਵੜ ਆਉਂਦੀਆਂ ਨੇ। ਮੁਸ਼ਕਿਲ ਤਾਂ ਉਦੋਂ ਹੁੰਦੀ ਹੈ ਜਦੋਂ ਰੇਬੇਕਾ ਬਿਸਤਰਾ ਭਿਓਂ ਦਿੰਦੀ ਹੈ, ਪਰ ਚਤੁਰ ਐਨਿਟਾ ਉਸਨੂੰ ਕੋਲ ਰੱਖੇ ਸੁੱਕੇ ਤੌਲੀਏ ਵਿਚ ਲਪੇਟ ਦਿੰਦੀ ਹੈ ਤੇ ਅਸੀਂ ਆਰਾਮ ਨਾਲ ਇਕ ਦੂਜੇ ਨਾਲ ਚਿਪਕੇ ਉਦੋਂ ਤਕ ਸੁੱਤੇ ਰਹਿੰਦੇ ਹਾਂ, ਜਦੋਂ ਤਕ ਸਾਈਡ ਬੋਰਡ ਉੱਤੇ ਰੱਖੀ ਘੜੀ ਅੱਠ ਵੱਜ ਕੇ ਪੰਜ ਮਿੰਟ ਦਾ ਅਲਾਰਮ ਨਹੀਂ ਵਜਾਉਣ ਲੱਗਦੀ।
ਅਕਸਰ ਘਰ ਵਿਚ ਪੈਸਿਆਂ ਦੀ ਤੰਗੀ ਹੋ ਜਾਂਦੀ ਹੈ ਫੇਰ ਵੀ ਮਮੀ ਸਾਡੇ ਲਈ ਕਿਸੇ ਨਾ ਕਿਸੇ ਤਰ੍ਹਾਂ ਬੇਬੀ ਸਿਟਰ ਦਾ ਇੰਤਜ਼ਾਮ ਕਰ ਹੀ ਲੈਂਦੀ ਹੈ। ਕਦੇ-ਕਦਾਰ ਇੰਜ ਵੀ ਹੋਇਆ ਹੈ ਕਿ ਬੇਬੀ ਸਿਟਿੰਗ ਦੇ ਲਈ ਕੋਈ ਨਹੀਂ ਮਿਲਦਾ ਤਾਂ ਓਦੋਂ ਮਮੀ ਰਾਤ ਨੂੰ ਸਾਨੂੰ ਬਿਸਤਰੇ ਵਿਚ ਸੰਵਾਅ ਕੇ, ਬੇਹੱਦ ਸਖ਼ਤ ਹਦਾਇਤਾਂ ਦੇ ਕੇ, ਘਰ ਦੇ ਪਿਛਲੇ ਦਰਵਾਜ਼ੇ ਵਿਚੋਂ ਚੁੱਪਚਾਪ ਬਾਹਰ ਨਿਕਲ ਜਾਂਦੀ ਹੈ ਤੇ ਸਵੇਰੇ ਸਾਡੇ ਉਠਣ ਤੋਂ ਪਹਿਲਾਂ ਘਰ ਆ ਜਾਂਦੀ ਹੈ।
ਆਮ ਤੌਰ 'ਤੇ ਮਮੀ ਸਵੇਰੇ ਸਵੇਰੇ ਬੇਹੱਦ ਥੱਕੀ ਹੁੰਦੀ ਹੈ। ਕਈ ਵਾਰੀ ਉਹ ਆਪਣੇ ਗਾਹਕਾਂ ਦੇ ਨਾਲ ਏਨੀ ਸ਼ਰਾਬ ਪੀ ਲੈਂਦੀ ਹੈ ਕਿ ਉਸਨੂੰ ਭਿਅੰਕਰ ਸਿਰ ਦਰਦ ਹੋ ਰਿਹਾ ਹੁੰਦਾ ਹੈ। ਓਦੋਂ ਐਨਿਟਾ ਸਵੇਰੇ ਝਟਪਟ ਉਠ ਕੇ, ਰੇਬੇਕਾ-ਰੀਟਾ ਨੂੰ ਨਾਸ਼ਤੇ ਵਿਚ ਦੁੱਧ ਦੇ ਨਾਲ 'ਵੀਟਾਬਿਕਸ' ਦੇ ਕੇ, ਖ਼ੁਦ ਤਿਆਰ ਹੋਣ ਲੱਗਦੀ ਹੈ। ਰੇਬੇਕਾ-ਰੀਟਾ ਬਿਸਕੁਟ ਖਾਂਦੀਆਂ ਹੋਈਆਂ ਮਮੀ ਦੇ ਉਠਣ ਤਕ ਟੀ.ਵੀ. ਉੱਤੇ ਸਵੇਰੇ ਆਉਣ ਵਾਲੇ ਬੱਚਿਆਂ ਦੇ ਪ੍ਰੋਗਰਾਮ ਦੇਖਦੀਆਂ ਰਹਿੰਦੀਆਂ ਨੇ। ਜਦੋਂ ਐਨਿਟਾ ਤੰਗ ਆ ਕੇ ਇਕੱਲੀ ਹੀ ਸਕੂਲ ਜਾਣ ਦੀ ਧਮਕੀ ਦਿੰਦੀ ਹੈ, ਉਦੋਂ ਮੈਂ ਕਾਹਲ ਨਾਲ ਪੌੜੀਆਂ ਉਤਰਦਾ ਤੇ ਡਫਲ ਕੋਟ ਦੇ ਬਟਨ ਬੰਦਾ ਕਰਦਾ ਹੋਇਆ ਹੇਠਾਂ ਆਉਂਦਾ ਹਾਂ। ਐਨਿਟਾ ਜਾਣਦੀ ਹੈ ਮੈਂ ਜਾਗ ਵੀ ਪਵਾਂ ਫੇਰ ਵੀ ਮੇਰਾ ਪੇਟ ਦੇਰ ਤਕ ਸੁੱਤਾ ਰਹਿੰਦਾ ਹੈ। ਉਹ ਮੈਨੂੰ ਝਿੜਕਦੀ ਹੋਈ ਫਲਾਂ ਵਾਲੀ ਟੋਕਰੀ ਵਿਚੋਂ ਇਕ ਸਿਓ ਮੇਰੇ ਮੋਢੇ 'ਤੇ ਟੰਗੇ ਬੈਗ ਵਿਚ ਪਾਉਂਦੀ ਤੇ ਮੈਨੂੰ ਕਾਹਲ ਨਾਲ ਧੂੰਦੀ ਹੋਈ ਸਕੂਲ ਲਈ ਭਜਾਅ ਲੈ ਜਾਂਦੀ ਹੈ। ਅਸੀਂ ਅਕਸਰ ਦੌੜਦੇ ਹੋਏ ਸਕੂਲ ਜਾਂਦੇ ਹਾਂ। ਸਾਨੂੰ ਪਤਾ ਹੈ ਕਿ ਜੇ ਅਸੀਂ ਤਿੰਨ ਦਿਨ ਤਕ ਲਗਾਤਾਰ ਸਕੂਲ ਦੇਰ ਨਾਲ ਪਹੁੰਚਾਂਗੇ ਤਾਂ ਚੌਥੇ ਦਿਨ ਮਮੀ ਦੀ ਸਕੂਲ ਵਿਚ ਪੇਸ਼ੀ ਪੈ ਜਾਏਗੀ, ਜੋ ਮਮੀ ਨੂੰ ਬਿਲਕੁਲ ਪਸੰਦ ਨਹੀਂ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਮੀ ਨੂੰ ਕਈ ਵਾਰੀ ਸਾਡੇ ਲਈ ਬੜੀ ਜ਼ਿੱਲਤ ਭੌਗਣੀ ਪੈਂਦੀ ਹੈ।
ਐਨਿਟਾ, ਮੈਥੋਂ ਸਿਰਫ ਇਕ ਸਾਲ ਵੱਡੀ, ਮੇਰੀ ਭੈਣ, ਬੜੀ ਸਮਝਦਾਰ ਹੈ। ਸਕੂਲ ਵਿਚ ਜਦੋਂ ਕਦੀ ਸਾਡੇ ਘਰੇਲੂ ਮਾਮਲੇ ਬਾਬਤ ਪੁੱਛਗਿੱਛ ਹੁੰਦੀ ਹੈ ਤਾਂ ਮਮੀ ਨੂੰ ਸਾਰੇ ਝੰਜਟਾਂ ਤੋਂ ਬਚਾਉਣ ਲਈ ਉਹ ਢੇਰ ਸਾਰੇ ਬਹਾਨੇ ਬਣਾ ਲੈਂਦੀ ਹੈ। ਮੈਂ ਤਾਂ ਬਸ ਉਸਦੀ ਹਾਂ ਵਿਚ ਹਾਂ ਮਿਲਾਉਂਦਾ ਰਹਿੰਦਾ ਹਾਂ। ਮਿਸ ਬੇਨਸਨ ਤੇ ਮਿਸ ਆੱਸਬੋਰਨ ਨੂੰ ਤਾਂ ਉਹ ਖ਼ੂਬ ਚੰਗੀ ਤਰ੍ਹਾਂ ਪਟਾ ਲੈਂਦੀ ਹੈ। ਐਨਿਟਾ ਹੈ ਹੀ ਏਨੀ ਪਿਆਰੀ, ਗੁਆਂਢੀਆਂ ਨੂੰ ਛੱਡ ਕੇ ਉਸਦੀ ਸਾਰਿਆਂ ਨਾਲ ਚੰਗੀ ਬਣਦੀ ਹੈ। ਸਾਡੇ ਗੁਆਂਢੀ ਚੰਗੇ ਲੋਕ ਨਹੀਂ। ਉਹ ਸਾਨੂੰ ਦੇਖਦੇ ਹੀ ਸਾਡੀ ਮਮੀ ਉੱਤੇ ਵਿਅੰਗ ਕਸਦੇ ਹੋਏ ਸਾਨੂੰ ਸੁਣਾ-ਸੁਣਾ ਕੇ ਗੰਦੀਆਂ-ਗੰਦੀਆਂ ਗੱਲਾਂ ਕਰਨ ਲੱਗ ਪੈਂਦੇ ਨੇ।
ਕਲ੍ਹ ਰਾਤ ਫੇਰ ਮਮੀ ਨੇ ਸਾਨੂੰ ਜਲਦੀ ਹੀ ਉਪਰ ਸੌਣ ਲਈ ਭੇਜ ਦਿੱਤਾ। ਉਸ ਸਮੇਂ ਸ਼ਾਮ ਦੇ ਸੱਤ ਵੱਜੇ ਸਨ। ਕੋਈ ਪੰਦਰਾਂ ਮਿੰਟ ਬਾਅਦ ਬਾਥਰੂਮ ਵਿਚ ਟੱਬ ਭਰਨ ਦੀ ਆਵਾਜ਼ ਆਈ ਸ਼ਇਦ ਮਮੀ ਨਹਾਅ ਰਹੀ ਹੋਏਗੀ। ਥੋੜ੍ਹੀ ਦੇਰ ਬਾਅਦ ਹੀ ਪੌੜੀ ਦੇ ਚਰਮਰਾਉਣ ਦੀ ਆਵਾਜ਼ ਤੋਂ ਮੈਨੂੰ ਲੱਗਿਆ ਕਿ ਮਮੀ ਹੇਠਾਂ ਗਈ ਹੈ। ਰੇਬੇਕਾ-ਰੀਟਾ ਸੌਂ ਚੁੱਕੀਆਂ ਸਨ। ਮੈਨੂੰ ਵੀ ਨੀਂਦ ਆ ਰਹੀ ਸੀ। ਪਰ ਐਨਿਟਾ ਦੇ ਦਬਵੇਂ ਪੈਰੀਂ ਹੇਠਾਂ ਜਾਣ ਦੀ ਆਵਾਜ਼ ਨੇ ਮੈਨੂੰ ਉਤਸੁਕ ਕਰ ਦਿੱਤਾ ਸੀ। ਜਦੋਂ ਐਨਿਟਾ ਵਾਪਸ ਉਪਰ ਆਈ ਮੈਂ ਬੰਕ-ਬੈਡ ਵਿਚ ਬੈਠਾ ਇਨੇਡ ਬਲਾਇਟਨ ਦਾ ਲਿਖਿਆ ਜਾਸੂਸੀ ਨਾਵਲ 'ਫੇਮਸ ਫਾਈਵ' ਪੜ੍ਹ ਰਿਹਾ ਸੀ। ਮੈਨੂੰ ਕਿਤਾਬ ਪੜ੍ਹਦਿਆਂ ਦੇਖ ਕੇ ਐਨਿਟਾ ਮੁਸਕੁਰਾਈ ਫੇਰ ਮੇਰੇ ਕੋਲ ਆਉਂਦਿਆਂ ਫੁਸਫੁਸਾਅ ਕੇ ਬੋਲੀ—
ਤੂੰ ਜ਼ਰੂਰ ਇਕ ਦਿਨ ਪ੍ਰੋਫ਼ੈਸਰ ਬਣੇਗਾ।...ਸੁਣ! ਹੁਣੇ ਮੈਂ ਹੇਠਾਂ ਗਈ ਸੀ, ਮਮੀ ਬਾਹਰ ਜਾਣ ਵਾਲੀ ਏ। ਉਸ ਸਫੇਦ ਜੈਜ਼ੀ, ਮਿਨੀ ਸਕਰਟ ਤੇ ਲਾਲ ਟੈਂਕ ਟਾਪ ਵਿਚ ਬੜੀ ਖ਼ੂਬਸੂਰਤ ਲੱਗ ਰਹੀ ਸੀ। ਮੈਨੂੰ ਪੌੜੀਆਂ ਕੋਲ ਚੁੱਪਚਾਪ ਖੜ੍ਹੀ ਦੇਖ ਕੇ ਬੋਲੀ, 'ਕੀ ਗੱਲ ਏ ਤੈਨੂੰ ਨੀਂਦ ਨਹੀਂ ਆ ਰਹੀ ਕਿ?'
ਪਤਾ ਈ,' ਉਸਨੇ ਸ਼ਰਾਰਤ ਨਾਲ ਅੱਖਾਂ ਮਟਕਾਉਂਦਿਆਂ ਤੇ ਮੁਸਕਰਾਉਂਦਿਆਂ ਹੋਇਆਂ ਕਿਹਾ, 'ਮੈਨੂੰ ਪਤਾ ਸੀ ਕਿ ਮਮੀ ਬਾਹਰ ਜਾ ਰਹੀ ਏ, ਪਰ ਫੇਰ ਵੀ ਮੈਂ ਉਸਨੂੰ ਪੁੱਛਿਆ 'ਕੀ ਤੁਸੀਂ ਬਾਹਰ ਜਾ ਰਹੇ ਓ?' ਮਮੀ ਨੇ ਮੈਨੂੰ ਪਰਚਾਉਣ ਖਾਤਰ ਭਰਵੱਟਿਆਂ ਨੂੰ ਉਤਾਂਹ ਚੁੱਕ ਕੇ ਬੁੱਲ੍ਹਾਂ 'ਤੇ ਆਈ ਮੁਸਕਾਨ ਨੂੰ ਲੁਕਾਂਦਿਆਂ ਹੋਇਆਂ ਕਿਹਾ, 'ਨਹੀਂ ਬਈ!''
ਐਨਿਟ ਨੇ ਪੱਬਾਂ ਭਾਰ ਹੋ ਕੇ ਮੇਰੀਆਂ ਅੱਖਾਂ ਵਿਚ ਤੱਕਦਿਆਂ ਹੋਇਆਂ ਕਿਹਾ, 'ਮੈਨੂੰ ਪਤਾ ਸੀ ਮਮ ਮੈਨੂੰ ਪਰਚਾਅ ਰਹੀ ਏ ਪਰ ਮੈਂ ਵੀ ਢੀਠ ਆਂ ਨਾ, ਮੈਂ ਕਿਹਾ—ਮਾੱਮ ਮੈਨੂੰ ਤੁਹਾਡਾ ਪਿਆਰ ਚਾਹੀਦਾ ਏ। ਮੈਨੂੰ ਜੱਫੀ ਪਾ ਕੇ ਪਿਆਰ ਕਰੋ ਨਾ! ਪਤਾ ਨਹੀਂ ਕਿਉਂ ਮੇਰਾ ਮਨ ਮਮ ਨੂੰ ਜੱਫੀ ਪਾਉਣ ਲਈ ਮਚਲ ਰਿਹਾ ਸੀ!
 ''ਅੱਛਾ, ਚਲ, ਆ-ਜਾ ਸ਼ੈਤਾਨ ਬੱਚੀ' ਕਹਿੰਦਿਆਂ ਹੋਇਆਂ ਉਹਨਾਂ ਹੱਥ ਵਿਚ ਫੜੀ ਲਿਪਸਟਿਕ ਡ੍ਰੇਸਰ 'ਤੇ ਰੱਖਦਿਆਂ ਹੋਇਆਂ ਮੈਨੂੰ ਬਾਹਾਂ ਵਿਚ ਘੁੱਟਦਿਆਂ ਕਿਹਾ, 'ਆ ਜਾ ਮੇਰੀ ਪਿਆਰੀ ਧੀ-ਰਾਣੀ, ਇਸ ਤੋਂ ਪਹਿਲਾਂ ਕਿ ਮੈਂ ਲਿਪਸਟਿਕ ਲਾ ਲਵਾਂ, ਆ, ਤੈਨੂੰ ਜੀਅ ਭਰ ਕੇ ਪਿਆਰ ਕਰ ਲਵਾਂ ਤੇ ਸੁਣ! ਮੈਂ ਅੱਜ ਰਾਤੀਂ ਜਲਦੀ ਹੀ ਵਾਪਸ ਆ ਜਾਵਾਂਗੀ। ਕਲ੍ਹ ਤੂੰ ਨੌ ਵਰ੍ਹਿਆਂ ਦੀ ਹੋ ਜਾਏਂਗੀ ਨਾ! ਅੱਜ ਰਾਤ ਮੈਂ ਤੇਰੇ ਜਨਮ ਦਿਨ ਲਈ ਢੇਰ ਸਾਰੇ ਪੈਸੇ ਕਮਾਵਾਂਗੀ। ਤੁਸੀਂ ਲੋਕ ਆਪਣੇ ਕਮਰੇ 'ਚੋਂ ਬਾਹਰ ਨਾ ਨਿਕਲਣਾ, ਅੱਛਾ।' ਕਹਿੰਦਿਆਂ ਹੋਇਆਂ ਮਮ ਨੇ ਪਿਆਰ ਦਾ ਬੋਸਾ ਮੇਰੇ ਬੁੱਲ੍ਹਾਂ ਉੱਤੇ ਦੇ ਕੇ ਮੈਨੂੰ ਉਪਰ ਭੇਜ ਦਿੱਤਾ। ਮਮੀ ਦੇ ਸਾਫ-ਸੁਥਰੇ ਤਾਜ਼ਾ ਨਹਾਏ ਠੰਡੇ ਸਰੀਰ 'ਚੋ ਬੇਹੱਦ ਪਿਆਰੀ ਸਾਬੁਨ ਤੇ ਪਰਫਿਊਮ ਦੀ ਖ਼ੂਸ਼ਬੂ ਆ ਰਹੀ ਸੀ ਤੇ ਪਤਾ ਈ, ਉਹ ਅੱਜ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ।'
ਸੱਚ' ਕਹਿੰਦਿਆਂ ਹੋਇਆਂ ਮੈਂ ਐਨਿਟਾ ਦੀ ਗੱਲ ਨੂੰ ਚੁੰਮਿਆਂ ਤਾਂ ਉਸ ਵਿਚੋਂ ਮੈਨੂੰ ਮਮ ਦੇ ਪਰਫਿਊਮ ਤੇ ਸਾਬੁਨ ਦੀ ਰਲੀ-ਮਿਲੀ ਖ਼ੂਸ਼ਬੂ ਆਈ। ਹੁਣ ਤਕ ਮੈਨੂੰ ਨੀਂਦ ਆਉਣ ਲੱਗ ਪਈ ਸੀ। ਮੈਂ ਉਨੀਂਦੀਆਂ ਅੱਖਾਂ ਨਾਲ ਐਨਿਟਾ ਵੱਲ ਦੇਖਿਆ, ਉਹ ਮਮੀ ਜਿੰਨੀ ਹੀ ਖ਼ੂਬਸੂਰਤ ਤੇ ਦਿਲਕਸ਼ ਲੱਗ ਰਹੀ ਸੀ। ਉਹੀ ਨੀਲੀਆਂ ਅੱਖਾਂ, ਉਹੀ ਸੁਨਹਿਰੇ ਘੁੰਗਰਾਲੇ ਵਾਲ, ਉਹੀ ਤਣਿਆ ਹੋਇਆ ਅਭਿਮਾਨੀ ਜੁੱਸਾ!
ਉਸ ਰਾਤ ਜਦੋਂ ਮੈਂ ਗੂੜ੍ਹੀ ਨੀਂਦ ਵਿਚ ਸੀ ਐਨਿਟਾ ਨੇ ਮੈਨੂੰ ਜ਼ੋਰ ਨਾਲ ਝੰਜੋੜਦਿਆਂ ਹੋਇਆਂ ਜਗਾਇਆ—
ਸੁਣ ਮਾਰਕ, ਮਮ ਹਾਲੇ ਤੀਕ ਘਰ ਨਹੀਂ ਆਈ ਏ।' ਐਨਿਟਾ ਮੇਰੇ ਕੰਨ ਵਿਚ ਫੁਸਫੁਸਾਈ। ਉਦੋਂ ਹੀ ਅਚਾਨਕ ਰੇਬੇਕਾ ਤੇ ਰੀਟਾ ਦੋਵੇਂ ਨੀਂਦ ਵਿਚੋਂ ਤ੍ਰਬਕ ਕੇ ਰੋਣ ਲੱਗ ਪਈਆਂ। ਐਨਿਟਾ ਨੇ ਉਹਨਾਂ ਦੇ ਮੂੰਹ ਵਿਚ ਚੂਸਨੀਂ ਪਾ ਕੇ ਉਹਨਾਂ ਨੂੰ ਥਾਪੜ ਦਿੱਤਾ।
ਕੀ?' ਡਰ ਨਾਲ ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ। ਮੈਂ ਕੰਧ-ਘੜੀ ਦੇਖੀ, ਸਵੇਰ ਦੇ ਪੰਜ ਵੱਜ ਗਏ ਸਨ। ਮਮੀ ਢਾਈ-ਤਿੰਨ ਵਜੇ ਤਕ ਹਰ ਹਾਲਤ ਵਿਚ ਘਰ ਆ ਜਾਂਦੀ ਹੈ।
ਤੂੰ ਹੇਠਾਂ ਲਿਵਿੰਗ ਰੂਮ ਤੇ ਟਾਯਲੇਟ 'ਚ ਤਾਂ ਦੇਖ ਲਿਐ ਨਾ, ਐਨੀ?' ਮੈਂ ਘਬਰਾ ਕੇ ਐਨਿਟਾ ਨੂੰ ਪੁੱਛਿਆ।
'ਮੈਂ ਸਾਰਾ ਘਰ ਛਾਣ ਮਾਰਿਐ ਮਾਰਕ।'
ਹੁਣ ਅਸੀਂ ਕੀ ਕਰਾਂਗੇ?' ਮੇਰਾ ਅੰਦਰ ਬਾਹਰ ਸਹਿਮ ਗਿਆ ਸੀ। ਮੈਂ ਰੁਹਾਂਸਾ ਹੋ ਗਿਆ ਸਾਂ। ਇੰਜ ਪਹਿਲੀ ਵਾਰੀ ਹੋਇਆ ਹੈ ਕਿ ਮੇਰੀ ਅੱਖ ਖੁੱਲ੍ਹੀ ਹੋਏ ਤੇ ਮਮੀ ਘਰ ਵਿਚ ਨਾ ਹੋਏ ਤੇ ਐਨਿਟਾ ਘਬਰਾਈ ਹੋਈ ਹੋਏ।
ਰੇਬੇਕਾ ਤੇ ਰੀਟਾ ਹੁਣ ਤਕ ਚੁੱਪ ਹੋ ਕੇ ਫੇਰ ਸੌਂ ਗਈਆਂ ਸਨ। ਮੈਨੂੰ ਤਸੱਲੀ ਦੇਂਦੀ ਹੋਈ ਐਟਿਨਾ ਮੇਰੇ ਕੰਨ ਵਿਚ ਫੁਸਫੁਸਾਈ—
'ਰੇਬੇਕਾ ਤੇ ਰੀਟਾ ਅਜੇ ਘੱਟੇਘੱਟ ਦੋ ਘੰਟੇ ਹੋਰ ਸੌਣਗੀਆਂ। ਅਸੀਂ ਬਾਹਰ ਚੱਲ ਕੇ ਮਮ ਨੂੰ ਲੱਭਦੇ ਆਂ।'
ਮੈਨੂੰ ਯਾਦ ਆਇਆ ਬੜੀ ਪਹਿਲਾਂ ਐਨਿਟਾ ਨੇ ਇਕ ਵਾਰੀ ਮੈਨੂੰ ਦੱਸਿਆ ਸੀ ਕਿ ਇਕ ਰਾਤ ਮਾਮ ਪਿਛਲੇ ਦਰਵਾਜ਼ੇ ਕੋਲ ਪੌੜੀਆਂ ਉੱਤੇ ਧੁੱਤ ਪਈ ਹੋਈ ਸੀ ਉਸਦੇ ਸਰੀਰ 'ਤੇ ਜਗ੍ਹਾ-ਜਗ੍ਹਾ ਸੱਟਾਂ ਦੇ ਨਿਸ਼ਾਨ ਸਨ। ਉਹ ਉਹਨੂੰ ਸਹਾਰਾ ਦੇ ਕੇ ਅੰਦਰ ਲਿਆਈ ਸੀ। ਦੇਰ ਸਵੇਰ ਐਨਿਟਾ ਮੈਨੂੰ ਸਾਰੀਆਂ ਗੱਲਾਂ ਦੱਸ ਦੇਂਦੀ ਹੈ। ਮੈਂ ਐਨਿਟਾ ਦੀਆਂ ਦੱਸੀਆਂ ਗੱਲਾਂ ਬੜੇ ਧਿਆਨ ਨਾਲ ਸੁਣਦਾ ਹਾਂ ਭਾਵੇਂ ਉਸਦੀਆਂ ਦੱਸੀਆਂ ਹੋਈਆਂ ਸਾਰੀਆਂ ਗੱਲਾਂ ਦੀ ਨਾ ਤਾਂ ਮੈਨੂੰ ਸਮਝ ਆਉਂਦੀਆਂ ਨੇ ਤੇ ਨਾ ਹੀ ਉਹ ਯਾਦ ਰਹਿੰਦੀਆਂ ਨੇ।
ਮੈਂ ਐਨਿਟਾ ਦੇ ਕਹਿਣ 'ਤੇ ਹੇਠੋਂ ਲਿਆ ਕੇ ਦੋ ਪੈਕਟ ਬਿਸਕੁਟ, ਰੇਬੇਕਾ-ਰੀਟਾ ਦੇ ਪਸੰਦ ਦੇ ਕੁਝ ਖਿਡੌਣੇ ਤੇ ਉਹਨਾਂ ਦੀ ਦੁੱਧ ਦੀ ਬੋਤਲ ਬੰਕ-ਬੈਡ ਨਾਲ ਲੱਗੀ ਮੇਜ਼ 'ਤੇ ਰੱਖਦਿਆਂ ਹੋਇਆਂ ਐਨਿਟਾ ਵੱਲ ਦੇਖਿਆ। ਉਸ ਦੀ ਨਿਗਾਹ ਰੇਬੇਕਾ-ਰੀਟਾ ਉੱਤੇ ਸੀ ਤੇ ਉਹ ਆਪਣੇ ਪਜ਼ਾਮੇ ਦੇ ਉਪਰ ਦੀ ਜੀਂਸ ਚੜ੍ਹਾ ਰਹੀ ਸੀ। ਉਸਨੂੰ ਦੇਖ ਕੇ ਮੈਂ ਵੀ ਆਪਣੇ ਪਜ਼ਾਮੇ ਉਪਰ ਜੀਂਸ ਚੜ੍ਹਾ ਲਈ, ਡਫਲ-ਕੋਟ ਦੇ ਸਾਰੇ ਬਟਨ ਬੰਦ ਕੀਤੇ ਤੇ ਬੂਟਾਂ ਦੇ ਫੀਤੇ ਕਸਣ ਲੱਗਾ।
ਐਨਿਟਾ ਮੇਰੀ ਆਦਰਸ਼ ਹੈ ਇਸ ਲਈ ਐਨਿਟਾ ਜੋ ਵੀ ਕਰਦੀ ਹੈ ਮੈਂ ਉਹੀ ਕਰਦਾ ਹਾਂ। ਉਸਦੇ ਕੋਲ ਮੇਰੀ ਹਰ ਸਮੱਸਿਆ ਦਾ ਕੋਈ ਨਾਲ ਕੋਈ ਹੱਲ ਜ਼ਰੂਰ ਹੁੰਦਾ ਹੈ। ਪਰ ਇਸ ਸਮੇਂ ਅਸੀਂ ਦੋਵੇਂ ਘਬਰਾਏ ਹੋਏ ਸਾਂ। ਐਨਿਟਾ ਨੇ ਆਪਣੇ ਕੰਬਦੇ ਹੋਏ ਬੁੱਲਾਂ ਨੂੰ ਮੂੰਹ ਅੰਦਰ ਕਰਕੇ ਭੀਚਿਆ ਹੋਇਆ ਸੀ। ਮੇਰੇ ਗਲ਼ੇ ਵਿਚ ਗੁਠਲੀ ਜਿਹੀ ਫਸੀ ਹੋਈ ਸੀ। ਮੈਂ ਵਾਰੀ-ਵਾਰੀ ਐਨਿਟਾ ਦੇ ਚਿਹਰੇ ਵੱਲ, ਦਿਲਾਸੇ ਲਈ, ਦੇਖ ਰਿਹਾ ਸਾਂ—ਪਰ ਉਸਦੇ ਚਿਹਰੇ ਦੇ ਨਾਲ-ਨਾਲ ਪੂਰੇ ਘਰ ਉੱਤੇ ਭਿਆਨਕ ਖ਼ਾਮੋਸ਼ੀ ਤਣੀ ਹੋਈ ਸੀ।
ਮੈਂ ਲੈਡਿੰਗ ਕੋਲ ਜਾ ਕੇ, ਪੱਬਾਂ ਭਾਰ ਹੋ ਕੇ, ਖਿੜਕੀ ਰਾਹੀਂ ਘਰ ਦੇ ਪਿਛਲੇ ਬਗ਼ੀਚੇ ਤੇ 'ਐਲੀਵੇ' ਵਿਚ ਦੇਖਿਆ। ਦੋਵੇਂ ਸੁੰਨਸਾਨ ਪਏ ਸਨ। ਮਮੀ ਦਾ ਕਿਧਰੇ ਕੋਈ ਪਤਾ ਨਹੀਂ ਸੀ। ਥੋੜ੍ਹੀ ਦੇਰ ਪਹਿਲਾਂ ਬਾਰਿਸ਼ ਹੋਈ ਸੀ। ਰੁੱਖਾਂ ਦੇ ਪੱਤਿਆਂ ਤੋਂ ਪਾਣੀ ਚੋ ਰਿਹਾ ਸੀ। ਝਾੜੀਆਂ ਤੇ ਘਾਹ ਉੱਤੇ ਅਟਕੀਆਂ ਪਾਣੀ ਦੀਆਂ ਬੂੰਦਾਂ ਬਿਜਲੀ ਦੀ ਮਧਮ ਰੋਸ਼ਨੀ ਵਿਚ ਰੇਬੇਕਾ-ਰੀਟਾ ਦੀਆਂ ਅੱਖਾਂ 'ਚੋਂ ਟਪਕੇ ਅੱਥਰੂਆਂ ਵਰਗੀਆਂ ਲੱਗ ਰਹੀਆਂ ਸਨ। ਜਗ੍ਹਾ-ਜਗ੍ਹਾ ਪਾਣੀ ਦੇ ਚਹਬੱਚੇ ਚਮਕ ਰਹੇ ਸਨ। ਰੁੱਖਾਂ ਹੇਠ ਸੰਘਣਾ ਹਨੇਰਾ ਸੀ।
ਰੇਬੇਕਾ ਤੇ ਰੀਟਾ ਗੂੜ੍ਹੀ ਨੀਂਦ ਵਿਚ ਸਨ। ਉਹਨਾਂ 'ਤੇ ਇਕ ਨਿਗਾਹ ਮਾਰ ਕੇ ਅਸੀਂ ਦੱਬਵੇਂ ਪੈਰੀਂ ਪੌੜੀਆਂ ਤੋਂ ਹੇਠਾਂ ਉਤਰੇ। ਰਸੋਈ ਵਿਚ ਜੂਠੇ ਭਾਂਡਿਆਂ ਦਾ ਖਿਲਾਰ ਪਿਆ ਹੋਇਆ ਸੀ, ਜਿਵੇਂ ਕਲ੍ਹ ਰਾਤ ਮਮ ਛੱਡ ਗਈ ਸੀ। ਮਮੀ ਭਾਵੇਂ ਕਿੰਨੀ ਵੀ ਥੱਕੀ ਹੋਵੇ, ਘਰ ਵਿਚ ਪੈਸੇ ਦੀ ਕਿੰਨੀ ਹੀ ਕਮੀ ਕਿਉਂ ਨਾ ਹੋਵੇ, ਰਾਤ ਨੂੰ ਬਾਹਰ ਜਾਣ ਤੋਂ ਪਹਿਲਾਂ ਉਹ ਸਾਡੇ ਖਾਣ ਲਈ ਕੁਝ ਨਾ ਕੁਝ ਤਾਜ਼ਾ ਜ਼ਰੂਰ ਬਣਾਉਂਦੀ ਹੈ। ਕਲ੍ਹ ਰਾਤ ਮਮ ਨੇ ਸਾਡੇ ਲਈ ਪੋਰਕ-ਸਾਸੇਜ, ਫਿਸ਼-ਫਿੰਗਰ ਤੇ ਬੀਂਸ ਬਣਾਏ ਸਨ। ਸਾਸੇਜ, ਫਿਸ਼ ਤੇ ਮਮੀ ਦੀ ਸਿਗਰਟ ਦੀ ਰਲੀ-ਮਿਲੀ ਗੰਧ ਅਜੇ ਵੀ ਰਸੋਈ ਤੇ ਲਿਵਿੰਗ ਰੂਮ ਵਿਚ ਤੈਰ ਰਹੀ ਸੀ। ਮੈਂ ਇਕ ਲੰਮਾ ਸਾਹ ਖਿੱਚਿਆ ਤੇ ਮਨ ਹੀ ਮਨ ਮਮੀ ਨੂੰ ਆਵਾਜ਼ ਮਾਰੀ।
ਪਿਛਲਾ ਦਰਵਾਜ਼ਾ ਜਿਹੜਾ ਰਸੋਈ ਦੇ ਨਾਲ ਹੀ ਸੀ, ਭਿੜਿਆ ਹੋਇਆ ਸੀ। ਮਮੀ ਜ਼ਿਆਦਾਤਰ ਗੁਆਂਢੀਆਂ ਦੀ ਤਾਅਣੇਬਾਜ਼ੀ ਤੇ ਚੁਗਲਖ਼ੋਰੀ ਤੋਂ ਬਚਣ ਖਾਤਰ ਪਿਛਲੇ ਦਰਵਾਜ਼ੇ ਰਾਹੀਂ ਹੀ ਬਾਹਰ ਜਾਣਾ ਠੀਕ ਸਮਝਦੀ ਹੈ। ਕਲ੍ਹ ਰਾਤ ਵੀ ਉਹ ਪਿਛਲੇ ਦਰਵਾਜ਼ੇ ਵਿਚੋਂ ਹੀ ਗੁਆਂਢੀਆਂ ਤੋਂ ਛਿਪ ਕੇ ਗਈ ਹੋਏਗੀ। ਇਕ ਵਾਰੀ ਗੁਆਂਢੀ ਕੈਰੋਲਾਇਨ ਨੇ ਮਮੀ ਨੂੰ ਬਾਹਰ ਜਾਂਦੇ ਦੇਖ ਕੇ ਪੁਲਿਸ ਨੂੰ ਫ਼ੋਨ ਕਰ ਦਿੱਤਾ ਕਿ ਘਰ ਨੰਬਰ 65 ਵਿਚ ਬੱਚੇ ਇਕੱਲੇ ਨੇ। ਪੁਲਿਸ ਸਾਨੂੰ ਸਾਰਿਆਂ ਨੂੰ ਆਪਣੇ ਨਾਲ ਲੈ ਜਾਣ ਹੀ ਲੱਗੀ ਸੀ ਕਿ ਮਮੀ ਵਾਪਸ ਘਰ ਆ ਗਈ। ਪਿੱਛੋਂ ਐਨਿਟਾ ਨੇ ਮੈਨੂੰ ਦੱਸਿਆ ਕਿ ਉਸਨੇ ਪੁਲਿਸ ਗੱਡੀ ਦੇਖ ਕੇ ਮਮ ਨੂੰ ਮੋਬਾਇਰ 'ਤੇ ਫ਼ੋਨ ਕਰ ਦਿੱਤਾ ਸੀ ਤੇ ਮਮੀ ਠੀਕ ਸਮੇਂ 'ਤੇ ਪਿਛਲੇ ਦਰਵਾਜ਼ੇ ਰਾਹੀਂ ਘਰ ਆ ਗਈ ਸੀ। ਗੁਆਂਢੀਆਂ ਨੂੰ ਮੂੰਹ ਦੀ ਖਾਣੀ ਪਈ ਸੀ।
***
ਚਾਰੇ-ਪਾਸੇ ਹਨੇਰਾ ਸੀ। ਮੇਰਾ ਦਿਲ ਬੁਰੀ ਤਰ੍ਹਾਂ ਧੜਕ ਰਿਹਾ ਸੀ। ਪਿਛਲਾ ਬਗ਼ੀਚਾ, ਜਿਸ ਵਿਚ ਅਸੀਂ ਹਰ ਰੋਜ਼ ਖੇਡਦੇ ਹਾਂ, ਇਸ ਸਮੇਂ ਅਜ਼ੀਬ-ਓਪਰਾ, ਅਣਜਾਣ ਤੇ ਡਰਾਵਨਾ ਲੱਗ ਜਿਹਾ ਰਿਹਾ ਸੀ। ਆਮ ਤੌਰ 'ਤੇ ਜਦੋਂ ਅਸੀਂ ਬਗ਼ੀਚੇ ਵਿਚ ਹੁੰਦੇ ਹਾਂ ਤਾਂ ਸਾਨੂੰ ਗੁਆਂਢੀਆਂ ਦੇ ਘਰਾਂ 'ਚੋਂ ਆਉਂਦੀਆਂ ਟੈਲੀਵਿਜ਼ਨ ਤੇ ਰੇਡੀਓ ਦੀਆਂ ਆਵਾਜ਼ਾਂ ਦੇ ਨਾਲ-ਨਾਲ ਉਹਨਾਂ ਦੇ ਲੜਾਈ-ਝਗੜਾ ਦੀ ਚੀਕਾ-ਰੌਲੀ ਵੀ ਸੁਣਾਈ ਦੇਂਦੀ ਹੈ। ਇਸ ਵੇਲੇ ਬਗ਼ੀਚੇ ਵਿਚ ਕੁਝ ਅਜਿਹਾ ਸੰਨਾਟਾ ਛਾਇਆ ਹੋਇਆ ਸੀ ਕਿ ਜ਼ਮੀਨ 'ਤੇ ਪੈ ਰਹੀ ਰੁੱਖਾਂ ਦੀ ਹਿੱਲਦੀ ਛਾਂ ਵੀ ਸਾਨੂੰ ਡਰਾ ਰਹੀ ਸੀ। ਚੈਰੀ ਦਾ ਉਹ ਸੰਘਣਾ ਪੁਰਾਣਾ ਰੁੱਖ ਜਿਸ ਉੱਤੇ ਅਸੀਂ ਟ੍ਰੀ-ਹਾਊਸ ਬਣਾਇਆ ਹੋਇਆ ਹੈ, ਝੂਟਣ ਲਈ ਗੰਢਾਂ ਵਾਲੀ ਰੱਸੀ ਟੰਗੀ ਹੋਈ ਹੈ, ਇਸ ਸਮੇਂ 'ਫ਼ੀ-ਫ਼ਾਯ—ਫ਼ੋ-ਫ਼ਮ' ਕਰਨ ਵਾਲੇ ਦੈਂਤ ਜਿੰਨਾ ਭਿਆਨਕ ਲੱਗ ਰਿਹਾ ਸੀ।
ਹਨੇਰੇ ਵਿਚ ਲੁਕਦੇ-ਛਿਪਦੇ, ਗੁਆਂਢੀਆਂ ਦੀ ਕਾਂ-ਅੱਖ ਤੋਂ ਬਚਦੇ ਹੋਏ, ਅਸੀਂ ਐਲਿਵੇ (ਸਰਵਿਸ ਲੇਨ) ਦੀ ਕੰਧ ਤੇ ਝਾੜੀਆਂ ਨਾਲ ਚਿਪਕੇ ਅੱਗੇ ਵਧਦੇ ਜਾ ਰਹੇ ਸਾਂ। ਅਚਾਨਕ ਸਾਡੇ ਚਾਰੇ-ਪਾਸੇ ਸੰਘਣੀ ਧੁੰਦ ਉਤਰ ਆਈ। ਕਿਤੇ-ਕਿਤੇ ਤਿਲ੍ਹਕਣ ਵੀ ਸੀ। ਮੇਰਾ ਮਨ ਚਾਹ ਰਿਹਾ ਸੀ ਕਿ ਇਸ ਮੁਸੀਬਤ ਦੀ ਘੜੀ ਵਿਚ ਐਨਿਟਾ ਮੇਰੇ ਨਾਲ ਗੱਲ ਕਰੇ, ਮੈਨੂੰ ਦੱਸੇ ਕਿ ਮਮ ਸਾਨੂੰ ਕਿੱਥੇ ਮਿਲੇਗੀ। ਪਰ ਐਨਿਟਾ ਸੀ ਕਿ ਕੁਝ ਬੋਲ ਹੀ ਨਹੀਂ ਸੀ ਰਹੀ। ਅੰਤ ਵਿਚ ਮੇਰਾ ਧੀਰਜ ਜਵਾਬ ਦੇ ਗਿਆ ਤੇ ਮੈਂ ਸਿਸਕੀਆਂ ਨਾਲ ਗਲ਼ੇ 'ਚੋਂ ਨਿਕਲਦੀ ਆਵਾਜ਼ ਨੂੰ ਘੁੱਟਦਾ ਹੋਇਆ ਰੋਣ ਲੱਗਾ। ਐਨਿਟਾ ਇਕ ਪਲ ਰੁਕੀ ਉਸਨੇ ਆਪਣੀਆਂ ਦੋਵੇਂ ਬਾਹਾਂ ਮੇਰੇ ਗਲ਼ ਵਿਚ ਪਾਂਦਿਆਂ ਕਿਹਾ—
ਰੋ ਨਾ, ਕਮਲਿਆ, ਮਮੀ ਇੱਥੇ-ਕਿਤੇ ਹੋਏਗੀ।' ਮੈਂ ਉਸਦੇ ਹੱਥਾਂ ਨੂੰ ਘੁੱਟ ਕੇ ਫੜਦਿਆਂ ਤੇ ਆਪਣੇ-ਆਪ ਨੂੰ ਪੂਰੇ ਯਤਨ ਨਾਲ ਸਹਿਜ ਕਰਦਾ ਹੋਇਆ ਫੁਸਫੁਸਾਇਆ, 'ਮਮੀ ਠੀਕ ਤਾਂ ਹੋਏਗੀ ਨਾ—'
ਐਨਿਟਾ ਨੇ 'ਮਿਟਨ' (ਬਿਨਾਂ ਉਂਗਲੀਆਂ ਵਾਲੇ ਊਨੀਂ ਦਸਤਾਨੇ) ਦੇ ਅੰਦਰ ਬੰਦ ਉਂਗਲੀਆਂ ਨਾਲ ਮੇਰੀ ਗੱਲ੍ਹ ਪਲੋਸਦਿਆਂ ਕਿਹਾ, 'ਘਬਰਾ ਨਾ, ਮੈਂ ਹਾਂ ਨਾ। ਅਸੀਂ ਸੜਕ ਵੱਲ ਚਲਦੇ ਆਂ ਮਾਰਕ, ਮਮੀ ਬਸ ਆਉਂਦੀ ਹੀ ਹੋਏਗੀ।'
ਹੁਣ ਤਕ ਅਸੀਂ ਉਸ ਜਗ੍ਹਾ ਪਹੁੰਚ ਗਏ ਸਾਂ, ਜਿੱਥੇ 'ਐਲਿਵੇ' ਸੜਕ ਨਾਲ ਮਿਲਦੀ ਹੈ। ਧੁੰਦ ਕਰਕੇ ਅਸੀਂ ਪੰਜ ਛੇ ਫੁੱਟ ਤੋਂ ਵੱਧ ਦੂਰ ਨਹੀਂ ਸੀ ਦੇਖ ਸਕਦੇ। ਲੈਂਪ ਪੋਸਟ ਦੀ ਰੋਸ਼ਨੀ 'ਚ ਕੋਈ ਦਮ ਨਹੀਂ ਸੀ। ਅਸੀਂ ਥੋੜ੍ਹੀ ਦੇਰ ਉੱਥੇ ਖੜ੍ਹੇ ਹਰ ਦਿਸ਼ਾ ਵਿਚ ਗਰਦਨ ਭੁਆਂ-ਭੁਆਂ ਕੇ ਮਮੀ ਨੂੰ ਲੱਭਦੇ ਰਹੇ, ਫੇਰ ਅਸੀਂ ਬੜੀ ਸਾਵਧਾਨੀ ਨਾਲ ਗ੍ਰੀਨ-ਕੋਡ (ਸੜਕ ਪਾਰ ਕਰਨ ਦੇ ਨਿਯਮ) ਦੀ ਇਕ-ਇਕ ਹਦਾਇਤ ਨੂੰ ਧਿਆਨ ਵਿਚ ਰੱਖ ਕੇ ਜ਼ੇਬਰਾ-ਕਰਾਸਿੰਗ ਤੋਂ ਉਸ ਚੌੜੀ ਸੜਕ ਨੂੰ ਪਾਰ ਕੀਤਾ, ਜਿਸ ਦੇ ਦੋਵੇਂ ਪਾਸੀਂ ਟ੍ਰੈਫ਼ਿਕ ਆ-ਜਾ ਰਿਹਾ ਸੀ। ਆਉਂਦੀਆਂ-ਜਾਂਦੀਆਂ ਕਾਰਾਂ ਤੇ ਟਰਕਾਂ ਦੀ ਤੇਜ਼ ਰੋਸ਼ਨੀ ਵਿਚ ਮੀਂਹ ਦੀ ਗਿੱਲੀ ਕੀਤੀ ਸੜਕ ਰਹਿ-ਰਹਿ ਕੇ ਚਮਕ ਉਠਦੀ...
ਮਾਰਕ, ਅਸੀਂ ਇੱਥੇ ਬਸ-ਸਟਾਪ ਦੇ ਬੈਂਚ 'ਤੇ ਬੈਠ ਕੇ ਮਮੀ ਦੀ ਉਡੀਕ ਕਰਦੇ ਆਂ, ਉਹ ਜ਼ਰੂਰ ਕਿਸੇ ਨਾ ਕਿਸੇ ਬਸ ਵਿਚ ਹੀ ਵਾਪਸ ਆਏਗੀ।' ਐਨਿਟਾ ਦੀਆਂ ਅੱਖਾਂ ਵਿਚ ਉਤਰ ਆਈ ਚਿੰਤਾ, ਚਿਹਰੇ 'ਤੇ ਫੈਲੀ ਉਦਾਸੀ ਤੇ ਆਵਾਜ਼ ਦੀ ਕੰਬਣੀ ਮੈਨੂੰ ਅੰਦਰ ਤਕ ਤੋੜ ਗਈ। ਮੈਂ ਬੈਂਚ ਉੱਤੇ ਐਟਿਨਾ ਨਾਲ ਲੱਗ ਕੇ ਬੈਠਾ, ਪੈਰ ਹਿਲਾਉਂਦਾ ਰਿਹਾ। ਸਟੀਲ ਦੀ ਬੈਂਚ ਬਰਫ਼ ਵਾਂਗ ਸਿੱਲ੍ਹੀ ਤੇ ਠੰਡੀ ਸੀ। ਬਿਨਾਂ ਜੁਰਾਬਾਂ ਦੇ ਬੂਟਾਂ ਵਿਚ ਬੱਧੇ ਮੇਰੇ ਪੈਰ ਸੁੰਨ ਹੋ ਗਏ ਸਨ। ਅਸੀਂ ਹਰ ਪਲ ਹੋਰ ਵਿਆਕੁਲ ਹੁੰਦੇ ਜਾ ਰਹੇ ਸੀ।
ਉਦੋਂ ਹੀ ਸੜਕ ਦੇ ਦੂਜੇ ਸਿਰੇ ਤੋਂ ਲਾਲ ਰੰਗ ਦੀ ਡਬਲ-ਡੈਕਰ ਬਸ ਆਉਂਦੀ ਦਿਸੀ। ਬਸ ਦੇ ਅੰਦਰ ਬੱਤੀਆਂ ਜਗ ਰਹੀਆਂ ਸਨ। ਸਾਡੇ ਘਬਰਾਏ ਮਨ ਨੂੰ ਭਰੋਸਾ ਜਿਹਾ ਹੋਇਆ। ਬਸ ਦੀ ਜਗਦੀ ਬੁੱਝਦੀ ਖੱਬੀ-ਬੱਤੀ ਇਸ਼ਾਰਾ ਕਰ ਰਹੀ ਸੀ ਕਿ ਬਸ ਸਾਡੇ ਸਟਾਪ 'ਤੇ ਰੁਕੇਗੀ। ਬਸ ਰੁਕੀ। ਦਰਵਾਜ਼ਾ 'ਹਿਸ' ਦੀ ਆਵਾਜ਼ ਕਰਦਾ ਹੋਇਆ ਖੁੱਲ੍ਹਿਆ...ਪਰ ਉਸ ਵਿਚੋਂ ਕੋਈ ਨਹੀਂ ਉਤਰਿਆ...ਬਸ ਡਰਾਈਵਰ ਨੇ ਜ਼ਰਾ ਅੱਗੇ ਝੁਕ ਕੇ ਪੁੱਛਿਆ, 'ਕੀ ਤੁਸੀਂ ਲੋਕ ਬਸ ਵਿਚ ਚੜ੍ਹ ਰਹੇ ਓ?'
ਨਹੀਂ' ਐਨਿਟਾ ਨੇ ਸਿਰ ਹਿਲਾਉਂਦਿਆਂ ਹੋਇਆਂ ਕਿਹਾ, 'ਅਸੀਂ ਆਪਣੀ ਮਮੀ ਦਾ ਇੰਤਜ਼ਾਰ ਕਰ ਰਹੇ ਆਂ।' ਰਾਤ ਭਰ ਦਾ ਜਾਗਿਆ ਡਰਾਈਵਰ ਸ਼ਾਇਦ ਚੰਗੇ ਮੂਡ ਵਿਚ ਨਹੀਂ ਸੀ। ਉਸਨੇ ਬੁੜਬੁੜਾਉਂਦਿਆਂ ਹੋਇਆ ਫਾੜ ਕਰਕੇ ਦਰਵਾਜ਼ਾ ਬੰਦ ਲਿਆ।
ਐਨਿਟਾ ਨੇ ਮੇਰੀਆਂ ਅੱਖਾਂ ਵਿਚ ਆਈ ਉਦਾਸੀ ਨੂੰ ਪੜ੍ਹਦਿਆਂ ਤੇ ਮੈਨੂੰ ਆਪਣੀਆਂ ਬਾਹਾਂ ਦੇ ਘੇਰ ਵਿਚ ਲੈਂਦਿਆਂ ਹੋਇਆਂ ਤਸੱਲੀ ਦਿੱਤੀ, 'ਚਿੰਤਾ ਨਾ ਕਰ ਮਾਰਕ, ਮਮੀ ਅਗਲੀ ਬਸ ਵਿਚ ਜ਼ਰੂਰ ਆ ਰਹੀ ਹੋਏਗੀ।'
ਪਰ ਬਸਾਂ ਆਉਂਦੀਆਂ ਤੇ ਜਾਂਦੀਆਂ ਰਹੀਆਂ, ਗੂੜ੍ਹੇ-ਕਾਲੇ ਆਕਾਸ਼ ਵਿਚੋਂ ਹਲਕੀ-ਹਲਕੀ ਰੋਸ਼ਨੀ ਧਰਤੀ ਉੱਤੇ ਉਤਰਨ ਲੱਗ ਪਈ। ਹੁਣ ਤਕ ਤਕਰੀਬਨ ਨੌ-ਦਸ ਬਸਾਂ ਆ-ਜਾ ਚੁੱਕੀਆਂ ਸਨ। ਮਮੀ ਕਿਸੇ ਵਿਚੋਂ ਵੀ ਨਹੀਂ ਸੀ ਉਤਰੀ। ਅਚਾਨਕ ਐਨਿਟਾ, ਰੇਬੇਕਾ ਤੇ ਰੀਟਾ ਵੱਲੋਂ ਚਿੰਤਤ ਹੋ ਕੇ, ਬੜਬੜਾਈ 'ਉਹ ਜਾਗ ਪਈਆਂ ਹੋਣਗੀਆਂ ਤੇ ਸਾਨੂੰ ਘਰ ਨਾ ਦੇਖ ਕੇ ਰੋ ਰਹੀਆਂ ਹੋਣਗੀਆਂ।'
ਅਸੀਂ ਦੋਵੇਂ ਡਰ ਤੇ ਨਿਰਾਸ਼ਾ ਵੱਸ ਸਿਰ ਸੁੱਟੀ, ਚੁੱਪਚਾਪ, ਘਰ ਵਲ ਤੁਰ ਪਏ।
ਸੜਕ ਪਾਰ ਕਰਦਿਆਂ-ਕਰਦਿਆਂ ਅਸੀਂ ਮਨ ਹੀ ਮਨ ਪੂਰਾ ਯਕੀਨ ਕਰ ਲਿਆ ਸੀ ਕਿ ਮਮੀ ਕਿਸੇ ਹੋਰ ਰਸਤੇ ਘਰ ਪਹੁੰਚ ਗਈ ਹੋਏਗੀ ਤੇ ਘਰ ਵਿਚ ਸਾਨੂੰ ਨਾ ਦੇਖ ਕੇ ਪ੍ਰੇਸ਼ਾਨ ਹੋ ਕੇ, ਦਰਵਾਜ਼ੇ ਕੋਲ ਤਿਉੜੀਆਂ ਚੜ੍ਹਾਈ ਸਾਨੂੰ ਫਿਟਕਾਰਨ ਲਈ ਤਿਆਰ ਖੜ੍ਹੀ ਹੋਏਗੀ। ਮਮੀ ਦੇ ਖ਼ਿਆਲ ਨਾਲ ਹੀ ਅਸੀਂ ਆਪਣੀ ਸੁਰੱਖਿਆ ਮਹਿਸੂਸ ਕਰਨ ਲੱਗੇ ਸਾਂ।
ਚੜ੍ਹਦੇ ਦਿਨ ਨਾਲ ਹੀ ਆਸ-ਪਾਸ ਦੇ ਸਾਰੇ ਘਰਾਂ ਦੀਆਂ ਬੱਤੀਆਂ ਜਗਨ ਲੱਗ ਪਈਆਂ ਸਨ। ਲੋਕ ਰੋਜ਼ਾਨਾਂ ਦੇ ਕੰਮਾਂ ਵਿਚ ਵਿਅਸਤ ਇਧਰ-ਉਧਰ ਆ-ਜਾ ਰਹੇ ਸਨ। ਅਸੀਂ ਦੋਵਾਂ ਨੇ ਡਫਲ ਕੋਟ ਦੇ ਹੁੱਡ (ਟੋਪੀ) ਵਿਚ ਆਪਣੇ ਆਪਣੇ ਚਿਹਰੇ ਲੁਕਾਅ ਲਏ। ਅਸੀਂ ਨਹੀਂ ਸੀ ਚਾਹੁੰਦੇ ਕਿ ਕੋਈ ਗੁਆਂਢੀ ਸਾਨੂੰ ਇਸ ਲਾਚਾਰ ਤੇ ਤਰਸਮਈ ਸਥਿਤੀ ਵਿਚ ਦੇਖ ਕੇ ਮਮੀ ਨੂੰ ਆਵਾਰਾ ਤੇ ਲਾਪ੍ਰਵਾਹ ਕਹੇ।
ਅਜੀਬ ਸਥਿਤੀ ਸੀ ਸਾਡੇ ਮਨ ਦੀ। ਇਕ ਪਾਸੇ ਅਸੀਂ ਡਰ ਰਹੇ ਸਾਂ ਕਿ ਸਾਨੂੰ ਘਰ ਨਾ ਦੇਖ ਕੇ ਮਮੀ ਬੜੀ ਗੁੱਸੇ ਵਿਚ ਹੋਏਗੀ, ਦੂਜੇ ਪਾਸੇ ਮਮੀ ਦੇ ਹੋਣ ਦੀ ਕਲਪਨਾ ਕਰਕੇ ਹੀ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਸਮਝਣ ਲੱਗ ਪਏ ਸਾਂ, ਤੀਜੇ ਪਾਸੇ ਸਾਨੂੰ ਇਹ ਅਪਰਾਧ ਬੋਧ ਹੋ ਰਿਹਾ ਸੀ ਕਿ ਸਾਨੂੰ ਕਿਸੇ ਵੀ ਹਾਲਤ ਵਿਚ ਜੁੜਵਾਂ ਭੈਣਾ ਨੂੰ ਘਰ ਵਿਚ ਇਕੱਲੀਆਂ ਨਹੀਂ ਸੀ ਛੱਡਣਾ ਚਾਹੀਦਾ। ਉਹ ਅਜੇ ਬੱਚੀਆਂ ਨੇ। ਅਸੀਂ ਅੰਦਰੇ-ਅੰਦਰ ਬੇਹੱਦ ਡਰੇ, ਇਕੱਲੇ ਤੇ ਅਸੁਰੱਖਿਅਤ ਮਹਿਸੂਸ ਕਰ ਰਹੇ ਸਾਂ।
ਘਰ ਪਹੁੰਚਦਿਆਂ ਹੀ ਐਨਿਟਾ ਨੇ ਮੈਨੂੰ ਕਿਹਾ ਕਿ ਮੈਂ ਉਪਰ ਬੈਡ-ਰੂਮ ਤੇ ਬਾਥ-ਰੂਮ ਵਿਚ ਜਾ ਕੇ ਚੰਗੀ ਤਰ੍ਹਾਂ ਦੇਖਾਂ ਕਿ ਮਮੀ ਆ ਗਈ ਹੈ ਨਾ—ਇਸ ਦੌਰਾਨ ਐਨਿਟਾ ਨੇ ਹੇਠਲੇ ਸਾਰੇ ਕਮਰੇ ਦੇਖ ਲਏ। ਛੋਟਾ ਜਿਹਾ ਘਰ ਪਲ ਭਰ ਵਿਚ ਅਸੀਂ ਇਸ ਤਰ੍ਹਾਂ ਛਾਣ ਮਾਰਿਆ ਜਿਵੇਂ ਅਸੀਂ ਆਪਣੀ ਮਮੀ ਨੂੰ ਨਹੀਂ, ਉਹਦੇ ਚਾਬੀਆਂ ਦੇ ਗੁੱਛੇ ਨੂੰ ਲੱਭ ਰਹੇ ਹੋਈਏ।
ਹੁਣ ਅਸੀਂ ਕੀ ਕਰੀਏ?' ਲੰਮਾ ਹਉਕਾ ਜਿਹਾ ਲੈਂਦਿਆਂ ਮੈਂ ਐਨਿਟਾ ਨੂੰ ਪੁੱਛਿਆ।
ਮੈਂ ਉਪਰ ਜਾ ਕੇ ਰੇਬੇਕਾ ਤੇ ਰੀਟਾ ਨੂੰ ਹੇਠਾਂ ਲਿਆਉਂਦੀ ਆਂ, ਤੂੰ ਛੇਤੀ ਦੇਣੇ ਕੱਪੜੇ ਬਦਲ ਕੇ ਟੇਬਲ 'ਤੇ ਵੀਟਾਬਿਕਸ (ਬਰੇਕ-ਫਾਸਟ ਸੀਰੀਅਲ) ਕਟੋਰੀਆਂ ਵਿਚ ਪਾ ਕੇ ਤਿਆਰ ਰੱਖ। ਰੇਬੇਕਾ-ਰੀਟਾ ਭੁੱਖੀਆਂ ਹੋਣਗੀਆਂ।' ਰੇਬੇਕਾ ਤੇ ਰੀਟਾ ਸੁਭਾਅ ਪੱਖੋਂ ਖਾਮੋਸ਼ ਕਿਸਮ ਦੀਆਂ ਬੱਚੀਆਂ ਨੇ। ਉਹਨਾਂ ਦਾ ਮਨ ਟੀ.ਵੀ. ਵਿਚ ਖ਼ੂਬ ਲੱਗਦਾ ਹੈ। ਉਹਨਾਂ ਨੂੰ ਖਾਣ ਨੂੰ ਮਿਲਦਾ ਰਹੇ ਤਾਂ ਆਪਣੀ ਗੰਦੀ ਨੈਪੀ ਵਿਚ ਵੀ ਚੁੱਪਚਾਪ ਬੈਠੀਆਂ ਟੀ.ਵੀ. ਦੇਖਦੀਆਂ ਰਹਿਣਗੀਆਂ। ਸਕੁਲ ਜਾਣ ਦਾ ਸਮਾਂ ਹੋ ਗਿਆ ਸੀ। ਬਰੇਕ-ਫਾਸਟ ਸੀਰੀਅਲ ਦਾ ਪਹਿਲਾ ਚਮਚ ਮੂੰਹ ਵਿਚ ਪਾਉਂਦਿਆਂ ਹੋਇਆਂ ਮੈਂ ਐਨਿਟਾ ਨੂੰ ਪੁੱਛਿਆ, 'ਅੱਜ ਅਸੀਂ ਸਕੁਲ ਜਾਣਾ ਏ ਕਿ...ਐਨਿਟਾ?'
'ਪਤਾ ਨਹੀਂ। ਦੇਖਦੀ ਆਂ।' ਐਨਿਟਾ ਪ੍ਰੇਸ਼ਾਨ ਜਿਹੀ ਹੋ ਕੇ ਬੋਲੀ।
ਜਦ ਤਕ ਮੈਂ ਰੇਬੇਕਾ ਤੇ ਰੀਟਾ ਨੂੰ ਹਾਈ-ਚੇਅਰ ਵਿਚ 'ਸਟ੍ਰੇਪ' ਕਰਕੇ ਉਹਨਾਂ ਨੂੰ ਬਿਸਕੁਟ ਦਾ ਪੈਕੇਟ ਫੜਾ ਕੇ ਟੀ.ਵੀ. ਚਾਲੂ ਕਰਦੀ ਆਂ, ਤਦ ਤਕ ਤੂੰ ਬਾਹਰ ਗੇਟ ਵਿਚੋਂ ਦੇਖ ਕੇ ਆ ਸ਼ਾਇਦ ਮਮੀ ਸੜਕ ਦੇ ਦੂਜੇ ਪਾਸੇ ਦਿਖ ਜਾਏ।'
ਐਨਿਟਾ ਜੋ ਕੁਝ ਮੈਨੂੰ ਕਹਿੰਦੀ ਹੈ, ਉਹ ਸਭ ਕਰਨਾ ਮੈਨੂੰ ਚੰਗਾ ਲੱਗਦਾ ਹੈ।  ਮੈਂ ਦੋੜਦਾ ਹੋਇਆ ਬਾਹਰ ਗੇਟ ਤਕ ਆਇਆ। ਸਵੇਰ ਹੋ ਚੁੱਕੀ ਸੀ। ਆਕਾਸ਼ ਵਿਚ ਕਾਲੇ ਬੱਦਲ ਛਾਏ ਹੋਏ ਸਨ। ਹਲਕੀ-ਹਲਕੀ ਬਾਰਿਸ਼ ਹੋ ਰਹੀ ਸੀ। ਸਾਡੀ ਸੜਕ ਦੇ ਆਖ਼ਰੀ ਸਿਰੇ ਉੱਤੇ ਜਿੱਥੇ ਅਸੀਂ ਕੁਝ ਚਿਰ ਪਹਿਲਾਂ ਖੜ੍ਹੇ ਚਾਰੇ ਪਾਸੇ ਗਰਦਨ ਭੁਆਂ-ਭੁਆਂ ਕੇ ਮਮੀ ਨੂੰ ਲੱਭ ਰਹੇ ਸਾਂ, ਉੱਥੇ ਇਸ ਵੇਲੇ ਲਾਲ-ਨੀਲੀਆਂ, ਜਗਦੀਆਂ-ਬੁਝਦੀਆਂ, ਬੱਤੀਆਂ ਵਾਲੀਆਂ ਪੁਲਿਸ-ਗੱਡੀਆਂ ਦੇ ਨਾਲ ਐਮਬੂਲੈਂਸ ਖੜ੍ਹੀ ਹੋਈ ਸੀ। ਪੁਲਿਸ ਨੇ ਸੜਕ ਉੱਤੇ ਲਾਲ-ਨੀਲੀ ਪੱਟੀ ਦਾ ਘੇਰਾ ਬਣਾਇਆ ਹੋਇਆ ਸੀ। ਇਕ ਪੁਲਿਸ ਮੈਨ ਟ੍ਰੇਫ਼ਿਕ ਨੂੰ ਘੁਮਾਅ ਕੇ ਦੂਜੇ ਪਾਸੇ ਭੇਜ ਰਿਹਾ ਸੀ। ਪੁਲਿਸ ਤੇ ਐਮਬੂਲੈਂਸ ਦੀਆ ਜਗਦੀਆਂ-ਬੁਝਦੀਆਂ ਲਾਲ-ਨੀਲੀਆਂ ਬੱਤੀਆਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਸਨ। ਸਵੇਰੇ-ਸਵੇਰੇ ਅਜਿਹਾ ਅਜ਼ੀਬ ਦ੍ਰਿਸ਼ ਮੈਂ ਪਹਿਲਾਂ ਕਦੀ ਨਹੀਂ ਸੀ ਦੇਖਿਆ। ਉਤੇਜਨਾ ਵਸ ਕੰਬਦਾ ਹੋਇਆ ਮੈਂ ਦੌੜ ਕੇ ਅੰਦਰ ਪਹੁੰਚਿਆ, ਐਨਿਟਾ ਦੀਆਂ ਅੱਖਾਂ ਵਿਚ ਆਏ ਪ੍ਰਸ਼ਨ ਦੇ ਉਤਰ ਵਿਚ ਮੈਂ ਉਸਨੂੰ ਦੱਸਿਆ ਕਿ ਸਾਡੀ ਸੜਕ ਦੇ ਆਖ਼ਰੀ ਸਿਰੇ 'ਤੇ ਪੁਲਿਸ ਗੱਡੀਆਂ, ਐਮਬੂਲੈਂਸ ਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ।
ਐਨਿਟਾ ਨੇ ਰੇਬੇਕਾ ਤੇ ਰੀਟਾ ਦੇ ਹੱਥ ਵਿਚ ਬਿਸਕੁਟ ਫੜਾਂਦਿਆਂ ਹੋਇਆਂ ਉਹਨਾਂ ਨੂੰ ਕਿਹਾ, 'ਤੁਸੀਂ ਦੋਵੇਂ ਥੋੜ੍ਹੀ ਦੇਰ ਇੱਥੇ ਸੋਫੇ 'ਤੇ ਬੈਠ ਕੇ ਕਾਰਟੂਨਸ ਦੇਖੋ, ਮਾਰਕ ਤੇ ਮੈਂ ਜ਼ਰਾ ਬਾਹਰ ਜਾ ਕੇ ਦੇਖਦੇ ਆਂ ਕਿ ਸੜਕ 'ਤੇ ਕੀ ਹੋ ਰਿਹਾ ਏ?'
ਘਟਨਾ ਸਥਾਨ ਦੇ ਨੇੜੇ ਪਹੁੰਚਦਿਆਂ ਹੀ ਮੈ ਆਪਣੇ ਉਹਨਾਂ ਗੁਆਂਢੀਆਂ ਨੂੰ ਪਛਾਣ ਲਿਆ ਜਿਹੜੇ ਪੁਲਿਸ ਨਾਲ ਗੱਲਾਂ ਕਰ ਰਹੇ ਸਨ। ਸ਼ਾਇਦ ਉਹ ਲੋਕ ਸਾਡੇ ਘਰ ਵਲ ਦੇਖ ਰਹੇ ਸਨ। ਉਦੋਂ ਹੀ ਇਕ ਪੁਲਿਸ ਅਫ਼ਸਰ ਦੀ ਨਜ਼ਰ ਸਾਡੇ 'ਤੇ ਪੈ ਗਈ, ਉਹ ਅੱਗੇ ਵਧ ਕੇ ਸਾਡੇ ਕੋਲ ਆਇਆ ਤੇ ਬੋਲਿਆ—
'ਬੱਚਿਓ ਤੁਸੀਂ ਲੋਕ ਕੌਣ ਓ ਤੇ ਇਸ ਵੇਲੇ ਇਕੱਲੇ ਕਿੱਥੇ ਜਾ ਰਹੇ ਓ?'
'ਮੇਰਾ ਨਾ ਐਨਿਟਾ ਮੈਕਾਫ਼ੀ ਏ ਤੇ ਇਹ ਮੇਰਾ ਛੋਟਾ ਭਰਾ ਮਾਰਕ ਮੈਕਾਫ਼ੀ ਏ। ਸਾਡੀ ਮਮੀ ਏਂਜਾਲਾ ਮੈਕਾਫ਼ੀ ਰਾਤ ਘਰ ਨਹੀਂ ਆਈ ਤੇ ਅਸੀਂ ਉਸਨੂੰ ਈ ਲੱਭ ਰਹੇ ਆਂ।'
ਸਾਡਾ ਨਾਂ ਸੁਣਦਿਆਂ ਹੀ ਅਫ਼ਸਰ ਦੀਆਂ ਅੱਖਾਂ ਤੇ ਚਿਹਰੇ ਦੇ ਭਾਵ ਬਦਲ ਗਏ। ਉਸਨੇ ਬੜੀ ਨਰਮ ਆਵਾਜ਼ ਵਿਚ ਪੁੱਛਿਆ—
ਤੁਸੀਂ ਲੋਕ ਕਿੱਥੇ ਰਹਿੰਦੇ ਓ ਬੱਚਿਓ?' ਐਨਿਟਾ ਨੇ ਉਸਨੂੰ ਘਰ ਦਾ ਨੰਬਰ ਤੇ ਸੜਕ ਦਾ ਨਾਂ ਦੱਸਿਆ। ਪੁਲਿਸ ਅਫ਼ਸਰ ਨੇ ਆਪਣੀ ਵਾਕੀ ਟਾਕੀ 'ਤੇ ਕਿਸੇ ਨਾਲ ਕੁਝ ਗੱਲਾਂ ਕੀਤੀਆਂ ਤੇ ਸਾਨੂੰ ਵਾਪਸ ਸਾਡੇ ਘਰ ਲੈ ਆਇਆ। ਸਾਡਾ ਘਰ ਪੂਰੀ ਤਰ੍ਹਾਂ ਅਸਤ-ਵਿਅਸਤ ਸੀ। ਮਮੀ ਨੂੰ ਘਰ ਗ੍ਰਹਿਸਤੀ ਵਿਚ ਕੋਈ ਰੁਚੀ ਨਹੀਂ ਸੀ। ਸਾਨੂੰ ਪੁਲਿਸ ਮੈਨ ਦੇ ਨਾਲ ਦੇਖ ਕੇ ਰੇਬੇਕਾ ਤੇ ਰੀਟਾ ਕੁਝ ਨਰਵਸ, ਸਹਿਮੀਆਂ ਜਿਹੀਆਂ ਮੇਰੇ ਨਾਲ ਚਿਪਕ ਕੇ ਸੋਫ਼ੇ 'ਤੇ ਬੈਠ ਗਈਆਂ। ਐਨਿਟਾ ਸਾਈਡ ਬੋਰਡ ਕੋਲ ਖੜ੍ਹੀ ਅਫ਼ਸਰ ਦੇ ਮੂੰਹ ਵੱਲ ਦੇਖਦੀ ਰਹੀ। ਪੁਲਿਸ ਅਫ਼ਸਰ ਕੁਝ ਚਿਰ ਚਿੰਤਤ, ਪ੍ਰੇਸ਼ਾਨ ਜਿਹਾ ਸਾਡੇ ਘਰ ਦੀ ਹਾਲਤ ਦੇਖਦਾ ਰਿਹਾ ਜਿਵੇਂ ਉਸਦੀ ਸਮਝ 'ਚ ਨਾ ਆ ਰਿਹਾ ਹੋਏ ਕਿ ਸਾਡੇ ਨਾਲ ਉਹ ਕੈਸੀਆਂ ਤੇ ਕੀ ਗੱਲਾਂ ਕਰੇ?
'ਤੁਹਾਡੇ ਡੈਡੀ ਕਿੱਥੇ ਨੇ ਬੱਚਿਓ?'
ਸਾਡੇ ਡੈਡੀ ਨਹੀਂ। ਉਹਨਾਂ ਦੀ ਮੌਤ 11 ਮਈ 1985 ਨੂੰ ਬ੍ਰੈਡਫੋਰਡ ਫੁਟਬਾਲ ਸਟੇਡੀਅਮ 'ਚ ਹੋਏ ਅਗਨੀ ਕਾਂਢ 'ਚ ਹੋ ਗਈ ਸੀ। ਉਹ ਲਾਂਗ-ਡਿਸਟੈਂਸ ਲਾਰੀ-ਡਰਾਈਵਰ ਹੋਣ ਦੇ ਨਾਲ ਨਾਲ ਜਬਰਦਸਤ ਫੁੱਟਬਾਲ ਫੈਨ ਵੀ ਸਨ।' ਐਨਿਟਾ ਨੇ ਜਿਸ ਆਤਮ-ਵਿਸ਼ਵਾਸ ਨਾਲ ਪੁਲਿਸ ਨੂੰ ਜਵਾਬ ਦਿੱਤਾ, ਉਹ ਮੈਨੂੰ ਬੜਾ ਚੰਗਾ ਲੱਗਿਆ।
ਓਅ! ਡੀਅਰ ਮੈਨੂੰ ਬੇਹੱਦ ਅਫ਼ਸੋਸ ਏ ਕਿ ਮੈਂ ਤੁਹਾਨੂੰ ਅਜਿਹਾ ਸਵਾਲ ਕੀਤਾ। ਤੁਹਾਡੀ ਮਮੀ ਘਰੋਂ ਕਦੋਂ ਗਈ ਤੇ ਤੁਸੀਂ ਉਸਨੂੰ ਆਖ਼ਰੀ ਵਾਰ ਕਦੋਂ ਦੇਖਿਆ ਸੀ ਬੇਟੇ?' ਅਫ਼ਸਰ ਨੇ ਐਨਿਟਾ ਨੂੰ ਪੁੱਛਿਆ।
ਕਲ੍ਹ ਰਾਤ ਤਕਰੀਬਨ ਸਾਢੇ ਸਤ ਵਜੇ।'
'ਮਮੀ ਦੇ ਇਲਾਵਾ ਤੁਹਾਡੇ ਨਾਲ ਹੋਰ ਕੌਣ ਰਹਿੰਦਾ ਏ?'
ਉਸਨੇ ਰੇਬੇਕਾ ਤੇ ਰੀਟਾ ਵੱਲ ਦੇਖਦਿਆਂ ਹੋਇਆਂ ਕਿਹਾ, ਰੇਬੇਕਾ ਤੇ ਰੀਟਾ ਦੇ ਵਾਲ ਕਾਲੇ ਤੇ ਘੁੰਗਰਾਲੇ ਨੇ, ਉਹਨਾਂ ਦਾ ਰੰਗ ਵੀ ਸਾਡੇ ਜਿੰਨਾ ਗੋਰਾ ਨਹੀਂ ਹੈ।
'ਕੀ ਤੁਸੀਂ ਚਾਰੇ ਸਕੇ ਭਰਾ-ਭੈਣ ਓ?' ਅਫ਼ਸਰ ਨੇ ਹਲਕਾ ਜਿਹਾ ਘੰਗੂਰਾ ਮਾਰ ਕੇ ਗਲ਼ਾ ਸਾਫ ਕੀਤਾ।
'ਰੇਬੇਕਾ ਤੇ ਰੀਟਾ ਸਾਡੀਆਂ ਹਾਫ-ਸਿਸਟਰਸ ਨੇ। ਅਸੀਂ ਮਮੀ ਦੇ ਨਾਲ ਹੁਣ ਇਕੱਲੇ ਰਹਿੰਦੇ ਆਂ ਆਫ਼ੀਸਰ। ਕੀ ਤੁਹਾਨੂੰ ਸਾਡੀ ਮਮੀ ਦਾ ਪਤਾ ਏ? ਉਹ ਕਿੱਥੇ ਐ?'
ਇਹੀ ਤਾਂ ਮੈਂ ਪਤਾ ਕਰਨਾ ਚਾਹੁੰਦਾ ਆਂ ਐਨਿਟਾ। ਤੁਹਾਡੀਆਂ ਜੁੜਵਾਂ ਭੈਣਾ ਦੇ ਪਿਤਾ ਕੀ ਕਦੀ ਘਰ ਆਉਂਦੇ ਨੇ?' ਪੁਲਿਸ ਅਫ਼ਸਰ ਨੇ ਸਾਨੂੰ ਪੁਚਕਾਰਦਿਆਂ ਹੋਇਆਂ ਪੁੱਛਿਆ।
ਤੁਹਾਡਾ ਮਤਲਬ ਮਮੀ ਦੇ ਬੁਆਏ ਫਰੈਂਡ ਆਲੀ ਗੰਜ਼ਾਲਿਬ ਤੋਂ ਈ ਏ ਨਾ? ਉਹ ਤਾਂ ਕਦੋਂ ਦਾ ਮਮੀ ਨਾਲ ਝਗੜਾ ਕਰਕੇ ਭੱਜ ਗਿਐ।' ਐਟਿਨਾ ਦੀ ਆਲੀ ਨਾਲ ਕਦੀ ਨਹੀਂ ਬਣੀ, ਉਹ ਉਸਤੋਂ ਖਾਰ ਖਾਂਦੀ ਹੈ।
'ਕੀ ਤੁਹਾਡੀ ਮਮੀ ਤੇ ਆਲੀ ਗੰਜ਼ਾਲਿਬ ਦੀ ਕੋਈ ਫ਼ੋਟੋ ਹੈ ਘਰੇ...?'
ਨਹੀਂ, ਘਰ ਛੱਡਣ ਤੋਂ ਪਹਿਲਾਂ ਆਲੀ ਨੇ ਸਾਡੇ ਸਾਰੇ ਫ਼ੋਟੋਗ੍ਰਾਫ਼ ਤੇ ਰੀਟਾ-ਰੇਬੇਕਾ ਦੇ ਬਰਥ ਸਰਟੀਫਿਕੇਟ ਸਾੜ ਦਿੱਤੇ ਸੀ।' ਐਨਿਟਾ ਨੇ ਇੰਜ ਮੂੰਹ ਵਿਗਾੜ ਕੇ ਕਿਹਾ ਜਿਵੇਂ ਕਿਸੇ ਨੇ ਉਸਦੇ ਮੂੰਹ ਵਿਚ ਕਰੇਲੇ ਦਾ ਰਸ ਪਾ ਦਿੱਤਾ ਹੋਏ।
ਮੈਂ ਮਮੀ ਦੇ ਅਜੇ ਤਕ ਘਰ ਨਾ ਆਉਣ ਤੋਂ ਏਨਾ ਨਰਵਸ ਤੇ ਘਬਰਾਇਆ ਹੋਇਆ ਸਾਂ ਕਿ ਪੁਲਿਸ ਤੇ ਐਟਿਨਾ ਦੇ ਵਿਚਕਾਰ ਹੋ ਰਹੀ ਗੱਲਬਾਤ ਮੇਰੇ ਪੱਲੇ ਨਹੀਂ ਸੀ ਪੈ ਰਹੀ। ਆਲੀ ਬੇਹੱਦ ਗੁਸੈਲ ਤੇ ਲੜਨ-ਝਗੜਨ ਵਾਲਾ ਆਦਮੀ ਸੀ। ਮਮੀ 'ਤੇ ਗੁੱਸਾ ਖਾ ਕੇ ਕਦੀ ਕਦੀ ਸਾਡੀ ਵੀ ਪਿਟਾਈ ਕਰ ਦੇਂਦਾ ਸੀ ਉਹ।
ਸਾਡੇ ਨਾਲ ਗੱਲਾਂ ਕਰਦਾ ਹੋਇਆ ਪੁਲਿਸ ਅਫ਼ਸਰ ਰਸੋਈ ਵਿਚ ਚਲਾ ਗਿਆ ਤੇ ਪਿਲਸ ਰੇਡੀਓ 'ਤੇ ਆਪਣੇ ਕੰਟਰੋਲ ਰੂਮ ਨਾਲ ਗੱਲਾਂ ਕਰਨ ਲੱਗਾ। ਮੈਨੂੰ ਉਸਦੀ ਦੱਬਵੀਂ ਆਵਾਜ਼ ਸੁਣਾਈ ਤਾਂ ਦੇ ਰਹੀ ਸੀ, ਪਰ ਕੁਝ ਸਮਝ ਨਹੀਂ ਸੀ ਆ ਰਿਹਾ। ਹਮੇਸ਼ਾ ਚਹਿਕਣ ਤੇ ਗੱਲਬਾਤ ਦੀ ਸ਼ੌਕੀਨ ਐਨਿਟਾ ਦਾ ਚਿਹਰਾ ਘਬਰਾਹਟ ਨਾਲ ਪੀਲਾ ਹੁੰਦਾ ਜਾ ਰਿਹਾ ਸੀ। ਸ਼ਾਇਦ ਉਹ ਪੁਲਿਸ ਦੀਆਂ ਗੱਲਾਂ-ਬਾਤਾਂ ਨੂੰ ਕਾਫੀ ਹਦ ਤਕ ਸਮਝ ਰਹੀ ਸੀ। ਜਦੋਂ ਪੁਲਿਸ ਅਫ਼ਸਰ ਰਸੋਈ ਵਿਚੋਂ ਬਾਹਰ ਨਿਕਲ ਕੇ ਆਇਆ ਤਾਂ ਉਸਦੇ ਚਿਹਰੇ 'ਤੇ ਚਿੰਤਾ ਦੀਆਂ ਲਕੀਰਾਂ ਸਨ, ਉਹ ਨਰਵਸ ਤੇ ਚਿੰਤਤ ਲੱਗ ਰਿਹਾ ਸੀ। ਸ਼ਾਇਦ ਉਹ ਸਾਨੂੰ ਕੁਝ ਕਹਿਣਾ ਚਾਹੁੰਦਾ ਸੀ, ਪਰ ਉਸਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਉਦੋਂ ਹੀ ਉਸਦੀ ਨਿਗਾਹ ਟੇਬਲ 'ਤੇ ਪਈ ਐਨਿਟਾ ਦੇ ਕੋਰਸ-ਬੁੱਕ ਦੀ ਇਕ ਕਿਤਾਬ ਉੱਤੇ ਪਈ। ਉਸਨੇ ਉਸਨੂੰ ਚੁੱਕ ਕੇ ਕਿਹਾ—
ਆਓ ਇਸ ਕਿਤਾਬ ਵਿਚੋਂ ਇਕ ਕਹਾਣੀ ਪੜ੍ਹੀਏ...' 'ਉਹ ਕੋਰਸ-ਬੁੱਕ ਏ ਕਹਾਣੀਆਂ ਦੀ ਕਿਤਾਬ ਨਹੀਂ।' ਮੈਂ ਕਹਿਣਾ ਚਾਹਿਆ ਪਰ ਸੰਗ ਕਾਰਨ ਮੂੰਹ ਵਿਚੋਂ ਆਵਾਜ਼ ਤਕ ਨਹੀਂ ਨਿਕਲੀ। ਉਦੋਂ ਹੀ ਦਰਵਾਜ਼ੇ 'ਤੇ ਕੁਝ ਹਲਚਲ ਹੋਈ ਇਕ ਪੁਲਿਸ-ਲੇਡੀ ਕਮਰੇ ਅੰਦਰ ਦਾਖ਼ਲ ਹੋਈ, ਜਿਸਦਾ ਚਿਹਰਾ ਮੇਰੀ ਪਾਪਿੰਸ (ਬੱਚਿਆਂ ਦੀਆਂ ਕਹਾਣੀਆਂ ਦੀ ਬੜੀ ਪਿਆਰੀ ਨਾਇਕਾ) ਵਰਗਾ ਪਿਆਰਾ ਸੀ। ਪੁਲਿਸ ਲੇਡੀ ਨੇ ਬੇਹੱਦ ਪਿਆਰੀ ਆਵਾਜ਼ ਵਿਚ ਸਾਡੇ ਨਾਲ ਹੱਥ ਮਿਲਾਉਂਦਿਆਂ ਹੋਇਆਂ ਆਪਣਾ ਨਾਂ ਦੱਸਿਆ ਫੇਰ ਉਹਨੇ ਸਾਡੇ ਨਾਂ ਪੁੱਛੇ। ਉਹ ਸਾਡੇ ਨਾਲ ਇੰਜ ਪਿਆਰ ਨਾਲ ਗੱਲਾਂ ਕਰ ਰਹੀ ਸੀ ਜਿਵੇਂ ਉਹ ਸਾਨੂੰ ਅਰਸੇ ਤੋਂ ਜਾਣਦੀ ਹੋਏ ਤੇ ਸਾਡੀ ਕੋਈ ਰਿਸ਼ਤੇਦਾਰ ਹੋਏ—ਜਿਵੇਂ ਭੂਆ ਜਾਂ ਮਾਸੀ। ਉਸਨੇ ਸਾਨੂੰ ਚਾਰਾਂ ਨੂੰ ਕਿਟਕੈਟ ਚਾਕਲੇਟ ਦਾ ਇਕ ਇਕ ਬਾਰ ਫੜਾਂਦਿਆਂ ਹੋਇਆਂ ਕਿਹਾ, 'ਬਾਹਰ ਲਾਲ-ਨੀਲੀਆਂ ਬੱਤੀਆਂ ਵਾਲੀ ਪੈਂਡਾਕਾਰ (ਗਸ਼ਤੀ ਪੁਲਿਸ ਗੱਡੀ) ਸਾਡਾ ਇੰਤਜ਼ਾਰ ਕਰ ਰਹੀ ਹੈ।' ਅਸੀਂ ਚਹਿਕ ਉਠੇ। ਇਕ ਵਾਰੀ ਜਦੋਂ ਮੈਂ ਕਾਰਨੀਵਲ ਵਿਚ ਗਵਾਚ ਗਿਆ ਸਾਂ ਤਾਂ ਪੁਲਿਸ ਗੱਡੀ ਇਸੇ ਤਰ੍ਰਾਂ ਮੈਨੂੰ ਮਮੀ ਕੋਲ ਲੈ ਗਈ ਸੀ। ਮੈਨੂੰ ਲੱਗਿਆ ਸਾਡੀ ਮਮੀ ਜ਼ਰੂਰ ਕਿਸੇ ਮੁਸੀਬਤ ਵਿਚ ਫਸ ਗਈ ਏ, ਇਸੇ ਲਈ ਸਾਨੂੰ ਉਸਦੇ ਕੋਲ ਲਿਜਾਇਆ ਜਾ ਰਿਹਾ ਏ।
ਵੈਸੇ ਵੀ ਸਾਨੂੰ ਕਾਰ ਵਿਚ ਜਾਣ ਦੇ ਮੌਕੇ ਘੱਟ ਹੀ ਮਿਲਦੇ ਨੇ ਇਸ ਲਈ ਅਜ਼ੀਬੋ-ਗ਼ਰੀਬ ਪ੍ਰਸਥਿਤੀ ਵਿਚ ਵੀ ਅਸੀਂ ਪਲ ਭਰ ਲਈ ਟਹਿਕਣ ਲੱਗੇ। ਪਰ ਇਹ ਟਹਿਕ ਬਹੁਤੀ ਦੇਰ ਤਕ ਨਹੀਂ ਰਹੀ। ਸਾਡੇ ਕਾਰ ਵਿਚ ਬੈਠਦਿਆਂ ਹੀ ਕਾਰ ਚੱਲ ਪਈ, ਸਾਡਾ ਘਰ ਸਾਥੋਂ ਦੂਰ ਪਿੱਛੇ ਰਹਿੰਦਾ ਜਾ ਰਿਹਾ ਸੀ। ਐਨਿਟਾ ਵਾਰੀ ਵਾਰੀ ਪਿੱਛੇ ਮੁੜ ਕੇ ਦੇਖ ਰਹੀ ਸੀ। ਉਸਨੇ ਕਈ ਵਾਰੀ ਪੁਲਿਸ ਲੇਡੀ ਤੋਂ ਮਮੀ ਬਾਰੇ ਪੁੱਛਿਆ ਪਰ ਉਹ ਸਾਡੇ ਨਾਲ ਹੋਰ ਦੀਆਂ ਹੋਰ ਗੱਲਾਂ ਕਰਦੀ ਰਹੀ। ਅਸੀਂ ਡਰੇ ਸਹਿਮੇ ਕਾਰ ਦੀ ਪਿਛਲੀ ਸੀਟ ਉੱਤੇ ਇਕ ਦੂਜੇ ਦੇ ਹੱਥ ਵਿਚ ਹੱਥ ਫਸਾਹੀ ਬੈਠੇ ਰਹੇ। ਇਸ ਸਮੇਂ ਸਾਨੂੰ ਕੁਝ ਪਤਾ ਨਹੀਂ ਸੀ ਕਿ ਅਸੀਂ ਕਿੱਥੇ ਜਾ ਰਹੇ ਹਾਂ? ਤੇ ਕਿਉਂ ਜਾ ਰਹੇ ਹਾਂ? ਮੈਂ ਐਨਿਟਾ ਵੱਲ ਦੇਖਿਆ ਉਹ ਵੀ ਬੇਚੈਨ ਤੇ ਹੈਰਾਨ ਪ੍ਰੇਸ਼ਾਨ ਸੀ। ਰੇਬੇਕਾ-ਰੀਟਾ ਹਰ ਚੀਜ਼ ਵੱਲੋਂ ਬੇਖ਼ਬਰ ਮੂੰਹ ਵਿਚ ਅੰਗੂਠਾ ਪਾਈ ਇਕ ਦੂਜੇ ਨਾਲ ਚਿਪਕੀਆਂ ਹੋਈਆਂ ਕਾਰ ਚੱਲਦਿਆਂ ਹੀ ਸੌਂ ਗਈਆਂ ਸਨ।
ਕੋਈ ਵੀਹ ਮਿੰਟ ਸੜਕ 'ਤੇ ਦੌੜਨ ਪਿੱਛੋਂ ਕਾਰ ਖੱਬੇ ਹੱਥ ਮੁੜੀ, ਸੜਕ ਦੇ ਦੋਵੇਂ ਪਾਸੇ ਕਾੱਕਰ ਤੇ ਓਕ ਦੇ ਸੰਘਣੇ, ਲੰਮੇ-ਉੱਚੇ ਰੁੱਖ ਲੱਗੇ ਹੋਏ ਸਨ। ਕਾਰ ਲਾਲ ਬੱਜਰੀ ਵਾਲੀ ਸੜਕ ਦੇ ਆਖ਼ਰੀ ਸਿਰੇ 'ਤੇ ਸੰਘਣੇ ਰੁੱਖਾਂ ਵਿਚ ਛਿਪੇ ਇਕ ਮੈਨਰ ਹਾਊਸ ਦੇ ਅੱਗੇ ਲੱਗੇ ਟਾਇਰਨ ਗੇਟ ਦੇ ਅੱਗੇ ਜਾ ਕੇ ਰੁਕ ਗਈ। ਪੁਲਿਸ ਆਫ਼ਸਰ ਨੇ ਰੇਡੀਓ ਰਾਹੀਂ ਅੰਦਰ ਕੁਝ ਸੁਨੇਹੇ ਘੱਲੇ। ਥੋੜ੍ਹੀ ਦੇਰ ਵਿਚ ਹੀ ਉਹ ਲੰਮਾ-ਚੌੜਾ ਲੋਹੇ ਦਾ ਗੇਟ ਆਪਣੇ ਆਪ ਹੌਲੀ ਹੌਲੀ ਬਿਨਾਂ ਆਵਾਜ਼ ਖੁੱਲ੍ਹਦਾ ਚਲਾ ਗਿਆ। ਮਕਾਨ ਦੇ ਚਾਰੇ ਪਾਸੇ ਬਗ਼ੀਚਾ ਸੀ, ਜਿਸ ਵਿਚ ਸਲਾਈਡ, ਟ੍ਰੈਮਪੋਲਿਨ, ਵਲਾਈਮਿੰਗ ਫ੍ਰੇਮ, ਨੈਟ ਬਾਲ ਆਦਿ ਵੱਖ-ਵੱਖ ਤਰ੍ਹਾਂ ਦੇ ਖੇਡ-ਕੁੱਦ ਤੇ ਕਸਰਤ ਕਰਨ ਵਾਲੇ ਉਪਕਰਨ (ਅਪਰੇਟਸ) ਲੱਗੇ ਹੋਏ ਸਨ। ਗੇਟ ਦੀ ਖੱਬੇ ਪਾਸੇ ਵਾਲੀ ਕੰਧ ਉੱਤੇ ਲੱਗੇ ਪਿੱਤਲ ਦੇ ਬੋਰਡ ਉੱਤੇ 'ਸੇਟਵੈਲੇਨਟਾਈਨ ਚਿਲਡਰਨਸ ਹੋਮ' ਕਾਲੇ ਅੱਖਰਾਂ ਵਿਚ ਖੁਦਿਆ ਹੋਇਆ ਸੀ। ਅਸੀਂ ਚਾਰੇ ਭਰਾ-ਭੈਣ ਸਹਿਮੇ ਹੋਏ ਇਕ ਦੂਜੇ ਦਾ ਹੱਥ ਫੜੀ, ਪੁਲਿਸ ਲੇਡੀ ਦੇ ਨਾਲ ਸਵੈਚਾਲਿਤ (ਆਟੋਮੈਟਿਕ ਸਵਿੰਗਿੰਗ) ਦਰਵਾਜ਼ਿਆਂ ਵਿਚੋਂ ਲੰਘਦੇ ਹੋਏ ਇਕ ਲੰਮੀ ਰਾਹਦਾਰੀ ਪਾਰ ਕਰਕੇ ਖੁੱਲ੍ਹੀ-ਚੌੜੀ ਬੈਠਕ (ਓਪਨ ਪਲੈਨ ਲਿਵਿੰਗ ਰੂਮ ਸੋਫਾ ਸੈਟ ਤੇ ਕੁਰਸੀਆਂ ਨਾਲ ਸਜਿਆ ਹੋਇਆ ਵੱਡਾ ਇੰਤਜ਼ਾਰ ਕਮਰਾ) ਵਿਚ ਪਹੁੰਚੇ ਜਿੱਥੇ ਸਾਨੂੰ ਸੋਫੇ 'ਤੇ ਬੈਠਣ ਲਈ ਕਿਹਾ ਗਿਆ। ਉਸ ਵਿਚ ਇਕ ਪਾਸੇ ਬੱਚਿਆਂ ਦੇ ਅਗਿਣਤ ਖਡੌਣੇ ਤੇ ਕਿਤਾਬਾਂ, ਸ਼ੈਲਫ ਤੇ ਅਲਮਾਰੀਆਂ ਵਿਚ ਸਜ਼ਾ ਕੇ ਰੱਖੇ ਹੋਏ ਸਨ। ਭਾਵੇਂ ਅਸੀਂ ਡਰੇ, ਸਹਿਮੇ ਤੇ ਸ਼ੰਕਿਆਂ ਵਿਚ ਘਿਰੇ ਹੋਏ ਸਾਂ ਤੇ ਓਪਰੀ ਥਾਂ ਦਾ ਸੰਕੋਚ ਵੀ ਸੀ—ਫੇਰ ਵੀ ਸਾਨੂੰ ਆਪਣੇ ਕਬਾੜਖਾਨੇ ਤੇ ਆਂਢ-ਗੁਆਂਢ ਦੀ ਚੀਕਾ-ਰੌਲੀ ਨਾਲ ਭਰੇ ਰਹਿਣ ਵਾਲੇ ਘਰ ਨਾਲੋਂ ਇਹ ਘਰ ਵਧੇਰੇ ਚੰਗਾ ਲੱਗ ਰਿਹਾ ਸੀ।
ਸ਼ਾਇਦ ਇਸ ਵੱਡੇ ਘਰ ਵਿਚ ਰਹਿਣ ਵਾਲਿਆਂ ਨੂੰ ਪਤਾ ਸੀ ਕਿ ਅਸੀਂ ਆਉਣ ਵਾਲੇ ਹਾਂ ਇਸ ਲਈ ਉਹਨਾਂ ਨੇ ਸਾਡੇ ਆਉਂਦਿਆਂ ਹੀ ਸਾਨੂੰ ਗਰਮ ਕੋਕੋ, ਚਾਕਲੇਟ ਤੇ ਬਿਸਕੁਟ ਆਦਿ ਖਾਣ ਪੀਣ ਲਈ ਦੇਂਦਿਆਂ ਹੋਇਆਂ ਕਿਹਾ ਕਿ ਅਸੀਂ ਉੱਥੇ ਰੱਖੇ ਕਿਸੇ ਵੀ ਖਿਡੌਣੇ ਨਾਲ ਖੇਡ ਸਕਦੇ ਹਾਂ। ਉਹਨਾਂ ਵੱਡੇ ਤੇ ਚੰਗੇ ਲੋਕਾਂ ਦਾ ਧਿਆਨ ਸਾਡੇ ਵਿਚ ਹੀ ਸੀ ਜਿਵੇਂ ਅਸੀਂ ਉਹਨਾਂ ਦੇ ਵਿਸ਼ੇਸ਼ ਮਹਿਮਾਨ ਹੋਈਏ।
ਥੋੜ੍ਹੀ ਦੇਰ ਵਿਚ ਹੀ ਇਕ ਫ਼ੋਟੋਗ੍ਰਾਫਰ ਆਇਆ ਤੇ ਉਸਨੇ ਸਾਨੂੰ ਚਾਰਾਂ ਨੂੰ ਕਿਹਾ ਕਿ ਜੇ ਅਸੀਂ ਆਪਣੇ ਮਨ-ਪਸੰਦ ਖਿਡੌਣੇ ਨਾਲ ਸੋਫੇ 'ਤੇ ਬੈਠ ਜਾਈਏ ਤਾਂ ਉਹ ਸਾਡੀਆਂ ਬਹੁਤ ਸਾਰੀਆਂ ਫ਼ੋਟੋਆਂ ਖਿੱਚ ਦਏਗਾ। ਸਾਡੇ ਕੋਲ ਸਾਡੀ ਆਪਣੀ ਕੋਈ ਫ਼ੋਟੋ ਨਹੀਂ ਸੀ ਇਸ ਲਈ ਸਾਨੂੰ ਆਪਣੀ ਫ਼ੋਟੋ ਖਿਚਵਾਉਣ ਵਾਲੀ ਗੱਲ ਬੜੀ ਚੰਗੀ ਲੱਗੀ। ਐਨਿਟਾ ਬਾਰਬੀ ਡਾਲ ਚੁੱਕੀ ਕੇ, ਅਣਮਣੇ ਜਿਹੇ ਮਨ ਨਾਲ, ਸਾਡੇ ਨਾਲ ਚੁੱਪਚਾਪ ਫ਼ੋਟੋਆਂ ਖਿਚਵਾਉਂਦੀ ਰਹੀ। ਉਸਨੇ ਫ਼ੋਟੋਗ੍ਰਾਫਰ ਨੂੰ ਕੋਈ ਸਵਾਲ ਨਹੀਂ ਕੀਤਾ। ਫ਼ੋਟੋਗ੍ਰਾਫਰ ਨੇ ਸਾਡੀਆਂ ਬਹੁਤ ਸਾਰੀਆਂ ਫ਼ੋਟੋਆਂ ਖਿੱਚੀਆਂ।
ਫ਼ੋਟੋਗ੍ਰਾਫ਼ਰ ਦੇ ਜਾਣ ਪਿੱਛੋਂ ਅਸੀਂ ਫੇਰ ਖਿਡੌਣਿਆ ਨਾਲ ਖੇਡਣ ਲੱਗ ਪਏ ਪਰ ਐਨਿਟਾ ਚੁੱਪਚਾਪ, ਟੈਲੀਵਿਜ਼ਨ ਦੇਖਦੀ ਹੋਈ, ਉੱਥੇ ਸਾਡੇ ਕੋਲ ਪਏ ਸੋਫੇ 'ਤੇ ਬੈਠੀ ਰਹੀ ਤੇ ਉੱਥੇ ਦੇ ਲੋਕਾਂ ਦਾ ਆਉਣਾ ਜਾਣਾ ਦੇਖਦੀ ਰਹੀ। ਸ਼ਾਇਦ ਉਹ ਲੋਕ ਜਲਦੀ ਵਿਚ ਸਨ। ਪਿਛਲੇ ਕਮਰੇ 'ਚੋਂ ਵਾਰੀ-ਵਾਰੀ ਫ਼ੋਨ ਦੀਆਂ ਘੰਟੀਆਂ ਵੱਜਣ ਤੇ ਚੁੱਕਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੈਨੂੰ ਤੇ ਰੇਬੇਕਾ-ਰੀਟਾ ਨੂੰ ਖਿਡੌਣਿਆ ਨਾਲ ਖੇਡਣਾ ਬੜਾ ਚੰਗਾ ਲੱਗ ਰਿਹਾ ਸੀ। ਸਾਰੇ ਖਿਡੌਣੇ ਨਵੇਂ ਤੇ ਮਹਿੰਗੇ ਸਨ। ਅਸੀਂ ਕਦੀ ਇਕ ਖਿਡੌਣਾ ਚੁੱਕਦੇ ਕਦੀ ਦੂਜਾ। ਅਜੇ ਸਾਨੂੰ ਖਿਡੌਣਿਆਂ ਨਾਲ ਖੇਡਦੇ ਹੋਏ ਕੁਝ ਚਿਰ ਹੀ ਹੋਇਆ ਸੀ ਕਿ ਉਹ ਮੇਰੀ ਪਾਪਿੰਸ ਵਰਗੇ ਸੋਹਣੇ ਚਿਹਰੇ ਵਾਲੀ ਖ਼ੁਸ਼-ਮਿਜਾਜ਼ ਪੁਲਿਸ-ਲੇਡੀ ਐਨਿਟਾ ਦਾ ਹੱਥ ਫੜ ਕੇ ਸਾਡੇ ਕੋਲ ਹੀ ਕਾਰਪੇਟ 'ਤੇ ਆਣ ਬੈਠੀ। ਥੋੜ੍ਹੀ ਦੇਰ ਉਹ ਵੀ ਸਾਡੇ ਨਾਲ ਖਿਡੌਣਿਆਂ ਨਾਲ ਖੇਡਦੀ ਰਹੀ ਫੇਰ ਉਸਨੇ ਸਾਨੂੰ ਕਿਹਾ, 'ਬੱਚਿਓ ਮੈਂ ਤੁਹਾਡੇ ਨਾਲ ਕੁਝ ਗੰਭੀਰ ਗੱਲਾਂ ਕਰਨੀਆਂ ਨੇ।' ਅੱਜ ਤਕ ਕਿਸੇ ਨੇ ਸਾਡੇ ਨਾਲ ਗੰਭੀਰ ਗੱਲਾਂ ਨਹੀਂ ਸੀ ਕੀਤੀਆਂ, ਸਾਡੇ ਖੇਡਦੇ ਹੋਏ ਹੱਥ ਰੁਕ ਗਏ ਤੇ ਅਸੀਂ ਉਸ ਵੱਲ ਮੂਰਖਾਂ ਵਾਂਗ ਦੇਖਣ ਲੱਗ ਪਏ। ਉਸਨੇ ਬੜੇ ਪਿਆਰ ਨਾਲ ਰੀਟਾ-ਰੇਬੇਕਾ ਨੂੰ ਆਪਣੀ ਗੋਦ ਵਿਚ ਬਿਠਾਉਂਦਿਆਂ ਤੇ ਮੇਰੇ ਤੇ ਐਨਿਟਾ ਦੇ ਹੱਥਾਂ ਨੂੰ ਆਪਣੇ ਹੱਥਾਂ ਵਿਚ ਲੈ ਕੇ ਪਲੋਸਦਿਆਂ ਹੋਇਆਂ ਕਿਹਾ—
ਦੇਖੋ ਬੱਚਿਓ, ਤੁਹਾਡੀ ਮਮੀ ਹੁਣ ਤੁਹਾਥੋਂ ਬੜੀ ਦੂਰ ਚਲੀ ਗਈ ਏ। ਜੀਜ਼ਸ ਦੇ ਦੇਵਦੂਤ ਉਸਨੂੰ ਸਵਰਗ ਵਿਚ ਲੈ ਗਏ ਨੇ, ਹੁਣ ਉਹ ਤੁਹਾਨੂੰ ਮਿਲਣ ਕਦੀ ਨਹੀਂ ਆ ਸਕੇਗੀ ਪਰ ਚਿੰਤਾ ਨਾ ਕਰੋ, ਅਸੀਂ ਲੋਕ ਤੁਹਾਡੀ ਦੇਖਭਾਲ ਕਰਾਂਗੇ।'
ਨਹੀਂ' ਐਨਿਟਾ ਸਖ਼ਤੀ ਨਾਲ ਬੋਲੀ, 'ਤੁਸੀਂ ਝੂਠ ਬੋਲ ਰਹੇ ਓ। ਲੈ ਜਾਓ ਆਪਣੇ ਖਿਡੌਣੇ, ਨਹੀਂ ਚਾਹੀਦੇ ਸਾਨੂੰ ਤੁਹਾਡੇ ਖਿਡੌਣੇ।' ਉਸਨੇ ਬੁੱਲ੍ਹਾਂ ਨੂੰ ਭੀਚਦਿਆਂ ਹੋਇਆ ਹੱਥ ਵਿਚ ਫੜਿਆ ਖਿਡੌਣਾ ਸੁੱਟ ਦਿੱਤਾ। ਐਨਿਟਾ ਨੂੰ ਦੇਖ ਕੇ ਮੈਂ, ਰੇਬੇਕਾ ਤੇ ਰੀਟਾ ਨੇ ਵੀ ਆਪਣੇ ਖਿਡੌਣੇ ਸੁੱਟ ਦਿੱਤੇ ਤੇ ਅਸਾਂ ਸਰਿਆਂ ਇਕ ਦੂਜੇ ਨਾਲ ਸਹਿਮਤੀ ਜ਼ਾਹਰ ਕਰਦਿਆਂ ਹੋਇਆਂ ਕਿਹਾ, 'ਸਾਨੂੰ ਨਹੀਂ ਚਾਹੀਦੇ ਤੁਹਾਡੇ ਖਿਡੌਣੇ। ਨਹੀਂ ਚਾਹੀਦੇ। ਸਾਨੂੰ ਸਾਡੀ ਮਮੀ ਚਾਹੀਦੀ ਏ।'
ਐਨਿਟਾ ਸੱਪ ਵਾਂਗ ਫੁਕਾਰਦੀ ਤੇ ਪੈਰ ਪਟਕਦੀ ਹੋਈ ਦਰਵਾਜ਼ੇ ਕੋਲ ਜਾ ਕੇ ਖੜ੍ਹੀ ਹੋ ਗਈ। ਮੈਂ ਵੀ ਰੀਟਾ-ਰੇਬੇਕਾ ਦਾ ਹੱਥ ਫੜਿਆ ਤੇ ਐਨਿਟਾ ਕੋਲ ਜਾ ਖੜ੍ਹਾ ਹੋਇਆ। ਹੁਣ ਸਾਰੇ ਦੁਖੀ ਸਾਂ ਕਿਉਂਕਿ ਐਨਿਟਾ ਦੁਖੀ ਸੀ।
ਪੁਲਿਸ ਲੇਡੀ ਨੇ ਐਨਿਟਾ ਦੇ ਦੋਵੇਂ ਹੱਥ ਫੜ੍ਹ ਕੇ ਬੇਹੱਦ ਪਿਆਰ ਨਾਲ, ਪਰ ਸਖ਼ਤ ਆਵਾਜ਼ ਵਿਚ ਕਿਹਾ, 'ਗੱਲ ਨੂੰ ਸਮਝੋ ਐਨਿਟਾ, ਹੁਣ ਤੁਹਾਡੀ ਮਮੀ ਇਸ ਦੁਨੀਆਂ ਵਿਚ ਨਹੀਂ ਹੈ। ਤੁਸੀਂ ਸਾਰੇ ਅਜੇ ਬੱਚੇ ਓ। ਥੋੜ੍ਹੀ ਦੇਰ ਵਿਚ ਸ਼ੋਸ਼ਲ ਵਰਕਰ ਟੇਰੀ ਫਲਾਯਰ ਤੁਹਾਨੂੰ ਤੁਹਾਡੇ ਨਵੇਂ ਘਰ ਵਿਚ ਲੈ ਜਾਣਗੇ।'
ਨਹੀਂ, ਅਸੀਂ ਕਿਤੇ ਨਹੀਂ ਜਾਵਾਂਗੇ।' ਐਨਿਟਾ ਨੇ ਪੈਰ ਪਟਕਦਿਆਂ ਹੋਇਆਂ ਚੀਕ ਕੇ ਕਿਹਾ, 'ਸਾਡੀ ਮਮੀ ਸਾਡੇ ਘਰ ਸਾਡਾ ਇੰਤਜ਼ਾਰ ਕਰ ਰਹੀ ਹੋਏਗੀ।'
ਮੈਂ ਵੀ ਮਨ ਹੀ ਮਨ ਸੋਚਿਆ ਕਿ ਇਸ ਪੁਲਿਸ ਲੇਡੀ ਨੂੰ ਕੁਝ ਵੀ ਨਹੀਂ ਪਤਾ। ਸਾਡੀ ਮਮੀ ਬੜੀ ਸਮਾਰਟ ਏ। ਉਹ ਦੇਵਦੂਤਾਂ ਨੂੰ ਚਕਮਾ ਦੇ ਕੇ ਹੁਣ ਤੀਕ ਜ਼ਰੂਰ ਘਰ ਵਾਪਸ ਆ ਗਈ ਹੋਏਗੀ।
ਹੁਣ ਤੀਕ ਰੀਟਾ ਤੇ ਰੇਬੇਕਾ ਵੱਡੇ ਘਰ ਵਿਚ ਰਹਿਣ ਵਾਲੇ ਲੋਕਾਂ ਨਾਲ ਹਿਲ-ਮਿਲ ਗਈਆਂ ਸਨ। ਉਹ ਦੋਵੇਂ ਉੱਥੇ ਕੰਮ ਕਰਨ ਵਾਲੀ ਸੋਸ਼ਲ ਵਰਕਰ ਦੀ ਗੋਦੀ ਵਿਚ ਬੈਠੀਆਂ ਕਿਲਕਾਰੀਆਂ ਮਾਰ-ਮਾਰ ਉਸ ਨਾਲ ਗੱਲਾਂ ਕਰ ਰਹੀਆਂ ਸਨ।
ਮੈਂ ਚਾਹੁੰਦਾ ਸਾਂ ਕਿ ਲੋਕ ਸਾਡੇ ਨਾਲ ਸਾਡੀ ਮਮੀ ਬਾਰੇ ਗੱਲਾਂ ਕਰਨ। ਉਸ ਬਾਰੇ ਸਾਨੂੰ ਕੁਝ ਹੋਰ ਦੱਸਣ, ਪਰ ਉਹ ਲੋਕ ਉਸ ਬਾਰੇ ਕੋਈ ਗੱਲ ਨਹੀਂ ਸੀ ਕਰਨੀ ਚਾਹੁੰਦੇ। ਜਿਵੇਂ ਹੀ ਅਸੀਂ ਮਮੀ ਬਾਰੇ ਕੋਈ ਗੱਲ ਕਰਦੇ, ਲੋਕ ਸਾਡਾ ਧਿਆਨ ਕਿਸੇ ਹੋਰ ਚੀਜ਼ ਵਿਚ ਉਲਝਾ ਦੇਂਦੇ। ਕਈ ਵਾਰੀ ਤਾਂ ਇੰਜ ਲੱਗਾ ਕਿ ਉਹ ਸਾਨੂੰ ਦੱਸ ਰਹੇ ਨੇ ਕਿ ਤੁਹਾਡੀ ਕੋਈ ਮਮੀ ਨਹੀਂ ਸੀ ਜਾਂ ਇੰਜ ਕਿ ਤੁਹਾਡੀ ਮਮੀ ਦਾ ਇਸ ਦੁਨੀਆਂ ਵਿਚ ਕੋਈ ਵਜੂਦ ਹੀ ਨਹੀਂ ਸੀ।
ਮੈਂ ਅਜੇ ਇਹੀ ਸਭ ਸੋਚ ਰਿਹਾ ਸਾਂ ਕਿ ਅਚਾਨਕ ਐਨਿਟਾ ਜਿਵੇਂ ਪਾਗਲ ਹੋ ਗਈ ਹੋਵੇ, ਉਹ ਵਹਿਸ਼ੀਆਂ ਵਾਂਗ ਚੀਕ ਚੀਕ ਕੇ ਉਹਨਾਂ ਲੋਕਾਂ ਨੂੰ ਗਾਲ੍ਹਾਂ ਕੱਢਣ ਲੱਗ ਪਈ, 'ਕਮੀਨਿਓ, ਹਰਾਮਜ਼ਾਦਿਓ, ਬਦਬਖ਼ਤੋ ਛੱਡੋ ਸਾਡੀਆਂ ਭੈਣਾ ਨੂੰ, ਉਤਾਰੋ ਇਹਨਾਂ ਨੂੰ ਆਪਣੀ ਗੰਦੀ ਗੋਦੀ ਵਿਚੋਂ। ਮਾਰਕ! ਕੰਮਬਖ਼ਤਾ ਤੂੰ ਭੱਜ ਇੱਥੋਂ, ਮੈਂ ਰੇਬੇਕਾ ਤੇ ਰੀਟਾ ਨੂੰ ਇਹਨਾਂ ਦੇ ਚੁੰਗਲ 'ਚੋਂ ਛੁਡਾਅ ਕੇ ਘਰ ਆਉਂਦੀ ਆਂ। ਤੁਸੀਂ ਪੁਲਿਸ, ਸੋਸ਼ਲ ਵਰਕਰਸ, ਵੈਲਫੇਅਰ ਅਫ਼ਸਰ ਸਾਰੇ ਦੇ ਸਾਰੇ ਦੋਗਲੇ ਓ, ਹਰਾਮਦੇ ਓ। ਮਾਰਕ, ਇਸ ਸਾਰੇ ਸਾਨੂੰ ਬਹਿਕਾ ਰਹੇ ਨੇ।' ਐਨਿਟਾ ਨੂੰ ਜਿੰਨੀਆਂ ਗਾਲ੍ਹਾਂ ਆਉਂਦੀਆਂ ਸਨ ਉਸਨੇ ਪੁਲਿਸ ਵਾਲਿਆਂ ਨੂੰ ਕਢਣੀਆਂ ਸ਼ੁਰੂ ਕਰ ਦਿੱਤੀਆਂ। 'ਤੁਸੀਂ ਲੋਕ, ਮਮੀ ਨੂੰ ਜੇਲ੍ਹ ਵਿਚ ਬੰਦ ਕਰਕੇ, ਸਾਨੂੰ ਸੜੀਆਂ ਮੱਛੀਆਂ ਸਮਝ ਕੇ, ਕੂੜੇ ਦੇ ਢੇਰ 'ਤੇ ਸੁੱਟਣਾ ਚਾਹੁੰਦੇ ਓ...' ਮੈਂ ਬਦਹਵਾਸ, ਕਨਫਿਊਜ਼ਡ ਮੂਰਖਾਂ ਵਾਂਗ ਪੁਲਿਸ ਮੈਨ ਦੀ ਉਂਗਲ ਫੜ੍ਹੀ ਉੱਥੇ ਖੜ੍ਹਾ ਰਿਹਾ—
ਐਨਿਟਾ ਉਦੋਂ ਤੀਕ ਗਾਲ੍ਹਾਂ ਬਕਦੀ ਰਹੀ, ਜਦੋਂ ਤੀਕ ਉਹ ਥੱਕ ਕੇ ਨਿਢਾਲ ਨਹੀਂ ਹੋ ਗਈ। ਉਸਦਾ ਚਿਹਰਾ ਲਾਲ ਹੋ ਗਿਆ ਸੀ। ਉਹ ਹਫ਼ ਗਈ ਸੀ। ਐਨਿਟਾ ਦਾ ਚੀਕਣਾ ਸੁਣ ਕੇ ਵੱਡੇ ਘਰ ਦਾ ਮਾਲਕ ਅੰਦਰੋਂ ਬਾਹਰ ਆਇਆ ਤੇ ਐਨਿਟਾ ਨੂੰ ਮੋਢੇ ਤੋਂ ਝੰਜੋੜਦਾ ਹੋਇਆ ਬੋਲਿਆ—
ਸੁਣ ਐਨਿਟਾ ਪਾਗਲ ਨਾ ਬਣ, ਅਸੀਂ ਲੋਕ ਤੁਹਾਡੇ ਹਿਤੈਸ਼ੀ ਆਂ, ਦੋਸਤ ਆਂ। ਅਸੀਂ ਤੁਹਾਨੂੰ ਅਜਿਹੇ ਪਰਿਵਾਰਾਂ ਵਿਚ ਭੇਜ ਰਹੇ ਆਂ, ਜਿੱਥੋਂ ਦੇ ਲੋਕ ਤੁਹਾਨੂੰ ਆਪਣੇ ਪਰਿਵਾਰ ਵਿਚ ਆਪਣੇ ਬੱਚਿਆਂ ਵਾਂਗ ਸਵੀਕਾਰ ਕਰਨਗੇ।'
ਟੇਰੀ ਫਲਾਯਰ ਤੇ ਪੁਲਿਸ ਲੇਡੀ ਨੇ ਸਾਨੂੰ ਸਾਡੀ ਇੱਛਾ ਦੇ ਵਿਰੁੱਧ ਬਾਹਰ ਖੜ੍ਹੀ ਵੈਨ ਵਿਚ ਬਿਠਾ ਦਿੱਤਾ। ਅਸੀਂ ਚਾਰੇ ਘਬਰਾ ਕੇ ਚੀਕਣ-ਕੂਕਣ ਲੱਗੇ, ਇਕ ਦੂਜੇ ਨਾਲ ਜੁੜ ਕੇ ਪੁਲਿਸ ਵੈਨ ਵਿਚ ਬੈਠੇ; ਮਜ਼ਬੂਰ, ਲਾਚਾਰ—ਆਪਣੇ ਅੰਨ੍ਹੇ ਭਵਿੱਖ ਵੱਲ ਤੁਰ ਚਲੇ।
ਸਾਨੂੰ ਕਾਰ ਵਿਚ ਸਫ਼ਰ ਕਰਦਿਆਂ ਅਜੇ ਪੰਦਰਾਂ ਮਿੰਟ ਵੀ ਨਹੀਂ ਸੀ ਹੋਏ ਕਿ ਐਨਿਟਾਂ ਰੋਂਦੀ-ਰੋਂਦੀ ਥੱਕ ਕੇ ਸੌਂ ਗਈ। ਉਹ ਨੀਂਦ ਵਿਚ ਵੀ ਸਿਸਕੀਆਂ ਲੈ ਰਹੀ ਸੀ। ਰੇਬੇਕਾ ਤੇ ਰੀਟਾ ਵੀ ਅੰਗੂਠਾ ਮੂੰਹ ਵਿਚ ਪਾਈ ਝਪਕੀ ਲੈਣ ਦੀ ਤਿਆਰੀ ਕਰ ਰਹੀਆਂ ਸਨ। ਕਾਰ ਵਿਚ ਲੱਗੇ ਰੇਡੀਓ 'ਤੇ ਫੈਪਿਟਲ ਰੇਡੀਓ ਤੋਂ ਪ੍ਰਾਈਮ ਟਾਈਮ ਪ੍ਰੋਗਰਾਮ ਵਿਚ ਡੁਰੈਨ-ਡੁਰੈਨ ਦਾ ਪ੍ਰਸਿੱਧ ਗੀਤ 'ਪਲੀਜ਼-ਪਲੀਜ਼ ਟੈਲ ਮੀ ਨਾਉ, ਇਜ਼ ਦੇਅਰ ਸਮਥਿੰਗ ਆਈ ਡੂ ਨੋ' (ਕ੍ਰਿਪਾ ਕਰਕੇ ਮੈਨੂੰ ਦੱਸੋ, ਅਜਿਹਾ ਕੀ ਹੈ ਇਸ ਜਗ ਵਿਚ ਜਿਸਨੂੰ ਮੈਂ ਵੀ ਜਾਣਾ ਬੁੱਝਾਂ?) ਮੇਰੀ ਮਾਂ ਦਾ ਪਿਆਰਾ ਗੀਤ, ਜਿਸਨੂੰ ਉਹ ਸਦਾ ਗੁਣਗੁਣਾਉਂਦੀ ਰਹਿੰਦੀ ਸੀ, ਵੱਜ ਰਿਹਾ ਸੀ। ਅਚਾਨਕ ਗੀਤ ਨੂੰ ਰੋਕ ਕੇ ਸਮਾਚਾਰ ਵਾਚਕ, ਸਮਾਚਾਰ ਦੇਣ ਲੱਗ ਪਿਆ—
ਅਲਸੁਬਹਾ ਅੱਜ ਸੰਘਣੀ ਧੁੰਦ ਵਿਚ ਦੋ ਨਿੱਕੇ ਬੱਚੇ ਐਨ ਉਸੇ ਮੋੜ 'ਤੇ ਖੜ੍ਹੇ ਆਪਣੀ ਮਾਂ ਨੂੰ ਲੱਭ ਰਹੇ ਸਨ, ਜਿੱਥੇ ਉਹਨਾਂ ਦੀ ਜਿਸਮ-ਫਿਰੋਸ਼ ਮਾਂ ਦੀ ਮ੍ਰਿਤ ਦੇਹ ਨੂੰ ਧੁੰਦ ਨੇ ਆਪਣੀ ਚਾਦਰ ਵਿਚ ਲਪੇਟਿਆ ਹੋਇਆ ਸੀ। ਕੀ ਇਹ ਔਰਤ ਵੀ ਉਸ ਦਰਿੰਦੇ ਦੀ ਸ਼ਿਕਾਰ ਬਣੀ, ਜਿਹੜਾ ਪੁਲਿਸ ਨਾਲ ਲੁਕਣ-ਮੀਚੀ ਖੇਡਦਾ ਹੋਇਆ ਲੱਭ-ਲੱਭ ਕੇ ਪਿਛਲੇ ਸੱਤ ਮਹੀਨਿਆਂ ਤੋਂ ਜਿਸਮ-ਫਿਰੋਸ਼ ਔਰਤਾਂ ਦਾ ਕਤਲ ਕਰ ਰਿਹਾ ਹੈ?'
ਕੌਣ ਸਨ ਇਹ ਨਿੱਕੇ ਬੱਚੇ? ਮੇਰਾ ਦਿਲ ਉਹਨਾਂ ਅਣਜਾਣ ਨਿੱਕੇ ਬੱਚਿਆਂ ਲਈ ਦਯਾ ਨਾਲ ਭਰ ਗਿਆ ਤੇ ਮੈਂ ਫੁੱਟ-ਫੁੱਟ ਕੇ ਰੋਣ ਲੱਗ ਪਿਆ...ਕਾਰ ਚਾਲਕ ਰੇਡੀਓ ਦੀ ਘੁੰਡੀ (ਨਾਬ) ਨੂੰ ਇਸ ਤਰ੍ਹਾਂ ਇਧਰ-ਉਧਰ ਘੁਮਾਉਣ ਲੱਗਾ ਜਿਵੇਂ ਇਹ ਰੇਡੀਓ ਸਟੇਸ਼ਟ ਉਸਨੂੰ ਪਸੰਦ ਨਾ ਆ ਰਿਹਾ ਹੋਵੇ। ਟੇਰੀ ਫਲਾਯਰ ਤੇ ਪੁਲਿਸ ਲੇਡੀ—ਦੋਵੇਂ ਮੇਰਾ ਧਿਆਨ ਖਾਣ-ਪੀਣ ਵਾਲੀਆਂ ਵਸਤਾਂ, ਖਿਡੌਣਿਆਂ ਤੇ ਕਾਰ ਦੇ ਬਾਹਰ ਬਦਲਦੇ ਹੋਏ ਕੁਦਰਤੀ ਨਜ਼ਾਰਿਆਂ ਵੱਲ ਮੋੜਨ ਦੀ ਕੋਸ਼ਿਸ਼ ਕਰਨ ਲੱਗੇ...
***

Thursday, August 11, 2011

ਅਨੁਸ਼ਠਾਨ/ਉਪਾਅ... :: ਲੇਖਕ : ਗੌਤਮ ਸਚਦੇਵ

ਹਿੰਦੀ ਕਹਾਣੀ :
    ਅਨੁਸ਼ਠਾਨ/ਉਪਾਅ
      ਲੇਖਕ : ਗੌਤਮ ਸਚਦੇਵ
E-mail L: DrGsachdev@aol.com 

      ਅਨੁਵਾਦ : ਮਹਿੰਦਰ ਬੇਦੀ, ਜੈਤੋ

ਪੀਰ ਸਾਈਂ ਦੇ ਆਉਣ ਤੋਂ ਪਹਿਲਾਂ ਹੀ ਘਰ ਵਿਚ ਕੁਰਾਨ ਸ਼ਰੀਫ਼ ਦੀਆਂ ਆਯਤਾਂ ਲਿਖ ਕੇ ਟੰਗ ਦਿੱਤੀਆਂ ਗਈਆਂ ਸਨ ਤੇ ਸ਼ਾਹ ਕਲੰਦਰ ਦੀ ਦਰਗਾਹ ਦੇ ਪਵਿੱਤਰ ਰੁੱਖ ਦੀਆਂ ਪੱਤੀਆਂ ਮੁੱਖ ਜਗਾਹਾਂ 'ਤੇ ਰੱਖ ਦਿੱਤੀਆਂ ਗਈਆਂ ਸਨ। ਆਬੇ-ਜ਼ਮਜ਼ਮ ਛਿੜਕ ਦਿੱਤਾ ਗਿਆ ਸੀ ਤੇ ਘਰ ਦੇ ਕੋਨੇ ਕੋਨੇ ਵਿਚ ਲੋਬਾਨ ਵੀ ਸੁਲਗਾ ਦਿੱਤਾ ਗਿਆ ਸੀ। ਪੀਰ ਸਾਈਂ ਨੇ ਆਉਂਦਿਆਂ ਹੀ ਬੜਬੜਾ ਕੇ ਆਉਜ਼ੋ-ਬਿੱਲਾਹੇ ਪੜ੍ਹੀ, ਵੰਨਾਸ ਪੜ੍ਹੀ, ਤਸਬੀਹ (ਮਾਲਾ) ਫੇਰਦੇ ਹੋਏ ਪੀਰਾਂ-ਦਰਵੇਸ਼ਾਂ ਦੀਆਂ ਕਰਾਮਾਤਾਂ ਯਾਦ ਕੀਤੀਆਂ ਤੇ ਭੂਤ ਨੂੰ ਭਜਾਉਣ ਦੀ ਕ੍ਰਿਆ ਵਿਚ ਜੁਟ ਗਏ।
ਮੈਂ ਕਾਫੀ ਸਾਵਧਾਨੀ ਵਰਤੀ ਸੀ ਤੇ ਉਂਜ ਵੀ ਮੈਂ ਜਿਸ ਸ਼ਕਲ ਵਿਚ ਉੱਥੇ ਰਚ-ਬਸ ਗਿਆ ਸਾਂ, ਉਸ ਉੱਤੇ ਉਹਨਾਂ ਦੀ ਕੀ...ਕਿਸੇ ਵੀ ਪੀਰ-ਫਕੀਰ ਦੀ ਝਾੜ-ਫੂਕ ਦਾ ਕੋਈ ਅਸਰ ਹੋ ਹੀ ਨਹੀਂ ਸੀ ਸਕਦਾ।
ਫ਼ਕੀਰ ਸਾਹਬ ਹੇਠਾਂ ਵਿਹੜੇ ਵਿਚ ਆਏ ਤਾਂ ਮੈਂ ਉਸ ਚਹਬੱਚੇ ਵਿਚ ਜਾ ਬੈਠਾ, ਜਿਸ ਵਿਚ ਮੈਂ ਤੇ ਮੇਰੇ ਚਚੇਰੇ ਭਰਾਅ ਗਰਮੀਆਂ ਵਿਚ ਅਕਸਰ ਜਾ ਬੈਠਦੇ ਸਾਂ। ਉਦੋਂ ਅਸੀਂ ਨੇੜੇ ਹੀ ਲੱਗੇ ਹੈਂਡਪੰਪ ਤੋਂ ਪਾਣੀ ਗੇੜ-ਗੇੜ ਕੇ ਚਹਬੱਚੇ ਨੂੰ ਭਰ ਲੈਂਦੇ ਸਾਂ ਤੇ ਖ਼ੂਬ ਛਪਾਕੇ ਉਡਾਉਂਦੇ ਹੁੰਦੇ ਸਾਂ।
ਹੁਣ ਉਸ ਵਿਚ ਬਾਲਣ ਭਰਿਆ ਹੋਇਆ ਸੀ। ਬਚਪਨ ਦੀ ਗੰਧ, ਉਸ ਵਿਚ ਹੁਣ ਤੀਕ ਸੀ। ਮੈਂ ਉਸ ਵਿਚ ਇਸ਼ਨਾਨ ਕੀਤਾ ਤੇ ਉਠ ਕੇ ਰਸੋਈ ਵੱਲ ਚਲਾ ਗਿਆ। ਪਤਾ ਨਹੀਂ ਕਿਧਰੋਂ ਆ ਕੇ ਮੇਰੀ ਮਾਂ ਵੀ ਚੁੱਲ੍ਹੇ ਕੋਲ ਬੈਠ ਗਈ ਤੇ ਕਈ ਤੈਹਾਂ ਵਾਲੇ ਮਖਨੀ-ਪਰੌਂਠੇ ਬਣਾਉਣ ਲੱਗ ਪਈ। ਇਹਨਾਂ ਪਰੌਂਠਿਆਂ ਦਾ ਮੈਂ ਦੀਵਾਨਾ ਸਾਂ। ਮਾਂ ਨੇ ਮਾਂਹ-ਛੋਲਿਆਂ ਦੀ ਦਾਲ ਪਰੋਸੀ ਤੇ ਮੈਂ ਕਈ ਜਨਮਾਂ ਦੇ ਭੁੱਖੇ ਵਾਂਗ ਹਬੜ-ਹਬੜ ਖਾਣ ਲੱਗ ਪਿਆ। ਉਦੋਂ ਹੀ ਸਾਡਾ ਨੌਕਰ ਰੀਖੀਰਾਮ ਇਸ ਇੰਤਜ਼ਾਰ ਵਿਚ ਆ ਕੇ ਖੜ੍ਹਾ ਹੋ ਗਿਆ ਕਿ ਉਸਨੂੰ ਜੋ ਵੀ ਹੁਕਮ ਦਿੱਤਾ ਜਾਏ, ਉਹ ਉਸਨੂੰ ਫ਼ੌਰਨ ਪੂਰਾ ਕਰ ਦਏ।
ਨਿੱਠ ਕੇ ਪਰੌਂਠੇ ਖਾਣ ਪਿੱਛੋਂ ਮੈਂ ਪਹਿਲਾਂ ਤਾਂ ਵਿਹੜੇ ਦਾ ਇਕ ਚੱਕਰ ਲਾਇਆ, ਫੇਰ ਬੁੜਕ-ਬੁੜਕ ਕੇ ਕੰਧ ਵਿਚ ਬਣੇ ਆਲਿਆਂ ਵਿਚ ਦੇਖਣ ਲੱਗਾ, ਪਰ ਕਿਸੇ ਵਿਚ ਬੰਟੇ ਜਾਂ ਕੌਡੀਆਂ ਨਹੀਂ ਸਨ। ਹਾਂ, ਵਿਹੜੇ ਉੱਤੇ ਲੋਹੇ ਦਾ ਜਾਲ ਵਾਲਾ ਉਹ ਮਘ ਓਵੇਂ ਦੀ ਜਿਵੇਂ ਸੀ, ਜਿਹੜਾ ਪਿਤਾ ਜੀ ਨੇ ਖਾਸ ਤੌਰ 'ਤੇ ਲਾਹੌਰੋਂ ਕਾਰੀਗਰ ਬੁਲਾਅ ਕੇ ਬਣਵਾਇਆ ਸੀ। ਜਾਲ ਵਿਚੋਂ ਧੁੱਪ ਦੀਆਂ ਫਾਕੜਾਂ ਹੇਠਾਂ ਡਿੱਗ ਰਹੀਆਂ ਸਨ—ਜਿਵੇਂ ਚਾਨਣ ਦਾ ਬਹੁਤ ਵੱਡਾ ਖਰਬੂਜਾ ਕੱਟਿਆ ਜਾ ਰਿਹਾ ਹੋਏ ਤੇ ਫਾਕੜਾਂ ਹੇਠਾਂ ਵਾਲਿਆਂ ਨੂੰ ਵੰਡੀਆਂ ਜਾ ਰਹੀਆਂ ਹੋਣ। ਉਪਰ ਬੈਠੀਆਂ ਚਿੜੀਆਂ ਦਾ ਝੁੰਡ ਓਵੇਂ ਚਹਿਕ ਰਿਹਾ ਸੀ ਜਿਵੇਂ ਓਦੋਂ ਚਹਿਕਦਾ ਹੁੰਦਾ ਸੀ, ਜਦੋਂ ਮਾਂ ਗਰਮੀਆਂ ਵਿਚ ਸਵੇਰੇ-ਸਵੇਰੇ ਖੁੱਲ੍ਹੇ ਅਸਮਾਨ ਹੇਠ ਰਿੜਕਾ ਪਾਉਣ ਬੈਠਦੀ ਹੁੰਦੀ ਸੀ। ਮੈਨੂੰ ਡਰ ਲੱਗਿਆ ਕਿ ਕਿਤੇ ਬਿੱਲੀ ਝਪੱਟਾ ਮਾਰ ਕੇ ਉਹਨਾਂ ਵਿਚੋਂ ਕਿਸੇ ਨੂੰ 'ਉਡਾਅ' ਕੇ ਨਾ ਲੈ ਜਾਏ—ਮੈਂ ਬਚਪਨ ਵਿਚ ਕਿੰਨੀਆਂ ਹੀ ਚਿੜੀਆਂ ਨੂੰ ਬਿੱਲੀ ਦੇ ਮੂੰਹ ਵਿਚ ਜਾਂਦਿਆਂ ਦੇਖਿਆ ਸੀ।
ਮਾਂ ਉਦੋਂ ਚਾਟੀ ਵਿਚ ਵੱਡੀ ਸਾਰੀ ਮਧਾਣੀ ਪਾ ਕੇ ਉਸ ਉਪਰ ਲਪੇਟੀ ਹੋਈ ਰੱਸੀ ਨਾਲ ਹਰ ਰੋਜ਼ ਕਾੜ੍ਹਣੀ ਦੇ ਦੁੱਧ ਦਾ ਦਹੀ ਰਿੜਕਦੀ ਸੀ। ਮਧਾਣੀ ਦੇ ਘੁੰਮਣ ਨਾਲ ਜਿਹੜਾ ਘੁਮਰ-ਘੂੰ, ਘੁਮਰ-ਘੂੰ ਦਾ ਸੰਗੀਤਾ ਪੈਦਾ ਹੁੰਦਾ ਸੀ, ਉਹ ਮਾਂ ਦੀਆਂ ਸੋਨੇ ਦੀਆਂ ਚੂੜੀਆਂ ਦੀ ਛਣ-ਛਣ ਨਾਲ ਰਲ ਕੇ ਇਕ ਸਮਾਂ ਬੰਨ੍ਹ ਦੇਂਦਾ ਸੀ। ਮਾਂ ਨਾਲ ਨਾਲ ਕੋਈ ਭਜਨ ਵੀ ਗੁਣਗੁਣਾਉਂਦੀ ਰਹਿੰਦੀ ਤੇ ਮੈਂ ਘੁਮਰ-ਘੂੰ, ਘੁਮਰ-ਘੂੰ ਦੇ ਨਾਲ ਇਕ ਲੱਤ 'ਤੇ ਘੁੰਮ-ਘੁੰਮ ਕੇ ਬੋਲੀ ਜਾਂਦਾ—'ਮੱਖਣ ਲਊਂ, ਰੋਟੀ ਲਊਂ ਊਂ-ਊਂ-ਊਂ, ਘੁੰਮਰ-ਘੂੰ।' ਚਾਟੀ ਵਿਚ ਮੱਖਣ ਉਫਨ ਕੇ ਉਪਰਲੀ ਸਤਹ 'ਤੇ ਇਕੱਠਾ ਹੋਣ ਲੱਗਦਾ ਤੇ ਉਪਰ ਆਕਾਸ਼ ਵਿਚ ਚਾਨਣ। ਚਾਨਣ ਦੇ ਵਧਣ ਦੇ ਨਾਲ ਨਾਲ ਮੱਖਣ ਦੀ ਪਰਤ ਮੋਟੀ ਹੋਣ ਲੱਗਦੀ ਤਾਂ ਮਾਂ ਹੱਥ ਨਾਲ ਮੱਖਣ ਨੂੰ ਸਮੇਟ ਕੇ ਉਸਦਾ ਵੱਡਾ ਸਾਰਾ ਗੋਲਾ ਬਣਾ ਲੈਂਦਾ ਤੇ ਕੌਲੇ ਵਿਚ ਪਾ ਦੇਂਦੀ। ਫੇਰ ਉਹ ਛਿੱਕੂ ਵਿਚ ਰੱਖੀਆਂ, ਰਾਤ ਦੀਆਂ ਜਾਣ-ਬੁਝ ਕੇ ਬਚਾਈਆਂ ਹੋਈਆਂ ਤੰਦੂਰੀ ਰੋਟੀਆਂ ਕੱਢਦੀ ਤੇ ਇਕ ਰੋਟੀ ਉੱਤੇ ਮੱਖਣ ਦੀ ਮੋਟੀ ਸਾਰੀ ਤੈਹ ਚੜ੍ਹਾਉਂਦੀ। ਫੇਰ ਉਹ ਉਸ ਉੱਤੇ ਖੰਡ ਪਾਉਂਦੀ ਤੇ ਮੈਨੂੰ ਫੜਾ ਦੇਂਦੀ। ਮੱਖਣ 'ਤੇ ਛਿੜਕੀ ਖੰਡ ਹੀਰੇ ਦੀਆਂ ਕਣੀਆਂ ਵਾਂਗ ਦਿਖਾਈ ਦੇਂਦੀ ਤੇ ਮੈਂ ਇਸ ਖਜਾਨੇ ਨੂੰ ਜਲਦੀ-ਜਲਦੀ ਮੂੰਹ ਦੇ ਬਟੂਏ ਵਿਚ ਭਰਨ ਲੱਗਦਾ। ਦੰਦਾਂ ਨਾਲ ਟੁੱਕ ਕੇ ਖਾਂਦਿਆਂ ਹੋਇਆਂ ਮਿੱਠਾ ਮੱਖਣ ਜਦੋਂ ਮੇਰੇ ਬੁੱਲ•ਾਂ 'ਤੇ ਲੱਗ ਜਾਂਦਾ, ਤਾਂ ਮੈਂ ਜੀਭ ਦੇ ਇਕੋ ਪੋਚੇ ਨਾਲ ਉਹਨਾਂ ਨੂੰ ਸਾਫ ਕਰ ਲੈਂਦਾ।
ਮੈਂ ਬੁੱਲ੍ਹਾਂ ਉੱਤੇ ਜੀਭ ਫੇਰੀ। ਮੱਖਣ ਨਹੀਂ ਸੀ, ਪਰ ਸਵਾਦ ਮੌਜ਼ੂਦ ਸੀ। ਉਪਰ ਚਿੜੀਆਂ ਚਹਿਕੀ ਜਾ ਰਹੀਆਂ ਸਨ, ਪਰ ਬਿੱਲੀ ਨਹੀਂ ਆਈ। ਉਸਦੀ ਬਜਾਏ ਆਏ ਪੀਰ ਸਾਈਂ, ਜਿਹਨਾਂ ਦੇ ਭਾਰੀ ਕਦਮ ਮਘ 'ਤੇ ਪੈਣ ਲੱਗੇ। ਉਹਨਾਂ ਦੀ ਪੰਜਾਬੀ ਜੁੱਤੀ ਦੇ ਤਲੇ ਤੋਂ ਝੜਦੀ ਮਿੱਟੀ ਦੇ ਆਪਣੇ ਉਪਰ ਪੈਣ ਤੋਂ ਬਚਣ ਲਈ ਮੈਂ ਬੈਠਕ ਵਿਚ ਚਲਾ ਗਿਆ।
ਪੰਜੀ
ਅੱਠੀ
ਤਿੱਕੀ
ਦੁੱਕੀ
ਨੈਹਲਾ
ਨੈਹਲਾ
ਘਰ ਦੇ ਦੋ ਬੱਚੇ ਸੋਫੇ ਉੱਤੇ ਬੈਠੇ ਪੁੱਠੀ ਤਾਸ਼ (ਬਾਜ਼ਾਰ ਲੁੱਟ) ਖੇਡ ਰਹੇ ਸਨ ਤੇ ਪੱਤਿਆਂ ਨੂੰ ਬੋਲ ਬੋਲ ਕੇ ਸੁੱਟ ਰਹੇ ਸਨ। ਨੈਹਲਾ ਬੋਲਦਿਆਂ ਹੀ ਵੱਡੇ ਬੱਚੇ ਨੇ ਪੱਤਿਆਂ ਦੀ ਸਾਰੀ ਢੇਰੀ ਆਪਣੇ ਕਬਜੇ ਵਿਚ ਕਰ ਲਈ।
ਛੋਟੇ ਨੇ ਹਾਰ ਦੀ ਕਚਿਆਣ ਤੋਂ ਬਚਣ ਲਈ ਕਿਹਾ—'ਇਹ ਬੇਈਮਾਨੀ ਹੈ।'
'ਨਹੀਂ ਮੇਰਾ ਨੈਹਲਾ ਆਇਆ ਸੀ। ਦੇਖ—' ਵੱਡੇ ਨੇ ਪੱਤਾ ਦਿਖਾਅ ਕੇ ਕਿਹਾ।
'ਨਹੀਂ, ਤੂੰ ਮੇਰਾ ਨੈਹਲਾ ਦੇਖ ਕੇ ਆਪਣੇ ਪੱਤਿਆਂ 'ਚੋਂ ਨੈਹਲਾ ਕੱਢਿਆ ਈ—' ਛੋਟੇ ਨੇ ਦੋਸ਼ ਲਾਇਆ। ਵੱਡੇ ਨੇ ਇਹ ਸੁਣਦਿਆਂ ਹੀ ਛੋਟੇ ਦੇ ਥੱਪੜ ਜੜ ਦਿੱਤਾ।
ਛੋਟਾ ਰੋਂਦਾ ਹੋਇਆ ਉਠ ਕੇ ਚਲਾ ਗਿਆ।
'ਅੰਮਾ ਕਰੀਮ ਨੇ ਮਾਰਿਆ।'
ਨਹੀਂ ਅੰਮਾ, ਲਤੀਫ ਹਾਰ ਕੇ ਮੈਨੂੰ ਬੇਈਮਾਨ ਕਹਿੰਦਾ ਏ।' ਕਰੀਮ ਯਾਨੀਕਿ ਵੱਡੇ ਬੱਚੇ ਨੇ ਉੱਥੇ ਬੈਠੇ ਬੈਠੇ ਤੇ ਪੱਤੇ ਸਮੇਟਦਿਆਂ ਹੋਇਆਂ ਹੀ ਸਫਾਈ ਦਿੱਤੀ। ਲਤੀਫ ਦੇ ਉਠ ਕੇ ਚਲੇ ਜਾਣ ਨਾਲ ਉਸਦੀ ਜਿੱਤ ਫਿੱਕੀ ਪੈ ਗਈ ਸੀ। ਮੈਨੂੰ ਬਚਪਨ ਵਿਚ ਖ਼ੁਦ ਇਹੀ ਖੇਡ ਖੇਡਣ ਕਰਕੇ ਬੜਾ ਮਜ਼ਾ ਆ ਰਿਹਾ ਸੀ। ਖੇਡ ਉਸੇ ਤਰ੍ਹਾਂ ਬੰਦ ਹੋ ਗਈ ਜਿਵੇਂ ਮੇਰੀ ਤੇ ਮੇਰੇ ਭਰਾ ਦੀ ਹੋ ਜਾਦੀ ਹੁੰਦੀ ਸੀ। ਮੈਂ ਉਠਿਆ ਤੇ ਪੂਰੇ ਕਮਰੇ ਵਿਚ ਫੈਲ ਗਿਆ। ਕਮਰੇ ਦਾ ਰੰਗ ਬਦਲ ਗਿਆ ਸੀ। ਕੰਧਾਂ ਤੋਂ ਰਾਣਾ ਪ੍ਰਤਾਪ, ਸਿਵਾ ਜੀ, ਮਹਾਤਮਾ ਗਾਂਧੀ ਤੇ ਹੋਰ ਮਹਾਪੁਰਸ਼ਾਂ ਦੇ ਚਿੱਤਰ ਗਾਇਬ ਸਨ। ਦਰਵਾਜ਼ੇ ਉਪਰਲੀ ਮਹਿਰਾਬ ਉੱਤੇ ਚੀਨੀ ਦੀ ਇਕ ਸਜਾਵਟੀ ਤਸ਼ਤਰੀ ਰੱਖੀ ਹੋਈ ਸੀ, ਜਿਸ ਉੱਤੇ ਕਾਬਾ ਸ਼ਰੀਫ਼ ਦਾ ਚਿੱਤਰ ਬਣਿਆ ਹੋਇਆ ਸੀ। ਮੈਨੂੰ ਕਮਰਾ ਬਦਲਿਆ ਹੋਇਆ ਹੋਣ 'ਤੇ ਵੀ ਓਪਰਾ ਨਹੀਂ ਲੱਗਿਆ। ਮੈਂ ਆਪਣੀ ਯਾਦਾਸ਼ਤ ਦੀ ਅਦਿਖ ਪੈਨਸਲ ਕੱਢੀ ਤੇ ਉਹੀ ਚਿੱਤਰ ਬਣਾਉਣ ਲੱਗ ਪਿਆ, ਜਿਹੜੇ ਮੈਂ ਪਹਿਲੀ ਵਾਰੀ ਪੈਨਸਲ ਦੇ ਹੱਥ ਵਿਚ ਆਉਣ 'ਤੇ ਬਣਾਏ ਸਨ। ਰਾਵਣ ਦੁਆਰਾ ਅਪਹਰਨ ਕੀਤੀ ਗਈ ਸੀਤਾ ਦਾ ਚਿੱਤਰ, ਜਿਸ ਵਿਚ ਰਾਵਣ ਮੇਰੇ ਜਮਾਤੀ ਸੰਤੋਖ ਸਿੰਘ ਦੇ ਪਿਤਾ ਕੇਸਰ ਸਿੰਘ ਦਾ ਕਾਰਟੂਨ ਲੱਗਦਾ ਸੀ ਤੇ ਸੀਤਾ, ਨਾ ਕੁੜੀ ਲੱਗਦੀ ਸੀ, ਨਾ ਮੁੰਡਾ। ਇਹ ਚਿੱਤਰ ਮੇਰੀ ਬਾਲ ਰਾਮਾਇਣ ਦੀ ਨਕਲ ਸਨ। ਮੇਰੀ ਉਹ ਰਾਮਾਇਣ ਕਈ ਵਰ੍ਹੇ ਪਹਿਲਾਂ ਚੁੱਲ੍ਹਾ ਬਾਲਨ ਜਾਂ ਜਾਮਨਾਂ ਲਈ ਦੋਨੇ ਬਣਾਉਣ ਦੀ ਕਹਾਣੀ ਵਿਚ ਵਟ ਚੁੱਕੀ ਸੀ।
ਬੜਬੜਾਹਟ ਨਾਲ ਆਉਜੋ-ਬਿੱਲਾਹੇ ਤੇ ਵੰਨਾਸ ਪੜ੍ਹੇ ਜਾਣ ਦੇ ਸੁਰ ਨੇੜੇ ਆਉਣ ਲੱਗ ਪਏ...
ਪੀਰ ਸਾਈਂ ਉਸੇ ਕਮਰੇ ਵਿਚ ਆ ਗਏ ਸਨ ਤੇ ਕੋਨੇ ਵਿਚ ਬਲਦੇ ਹੋਏ ਲੋਹਬਾਨ ਦੇ ਕੋਲ ਜਾ ਖੜ੍ਹੇ ਹੋਏ। ਅਚਾਨਕ ਉਹਨਾਂ ਧੂੰਏਂ ਉੱਤੇ ਝਪਟਾ ਮਾਰ ਕੇ ਇਕ ਮੁੱਠੀ ਕਸ ਲਈ। ਫੇਰ ਮੁੱਠੀ ਵਿਚ ਬੰਦ ਧੂੰਏਂ ਨੂੰ ਫੂਕ ਨਾਲ ਉਡਾਉਂਦੇ ਹੋਏ ਉਹਨਾਂ ਦੁਬਾਰਾ ਆਪਣੇ ਮੰਤਰ ਪੜ੍ਹੇ ਤੇ ਜ਼ੋਰ ਨਾਲ ਕਿਹਾ—'ਫੂ',...'ਜਾਹ ਚਲਾ ਜਾ-ਅ। ਮੈਂ ਕਹਿਨਾ ਵਾਂ ਜਾਹ ਚਲਾ ਜਾ-ਅ।' ਇਸ ਪਿੱਛੋਂ ਉਹ ਕਰੀਮ ਦੇ ਸਿਰ ਦੇ ਚਾਰੇ ਪਾਸੇ ਆਪਣੀ ਤਸਬੀਹ (ਮਾਲਾ) ਘੁਮਾਉਂਦੇ ਹੋਏ ਮੰਤਰ ਪੜ੍ਹਨ ਲੱਗੇ। ਕਮਰੇ ਵਿਚ ਚਾਰੇ ਪਾਸੇ ਘੁੰਮ ਘੁੰਮ ਕੇ ਲੋਹਬਾਨ ਦੇ ਧੂੰਏਂ ਨੂੰ ਉਡਾਉਂਦੇ ਰਹੇ ਤੇ ਅੰਤ ਵਿਚ ਪੀਰ ਸਾਈਂ ਨੇ ਬੜੀ ਹੀ ਸੰਤੁਸ਼ਟ ਆਵਾਜ਼ ਵਿਚ ਕਿਹਾ—'ਸ਼ੌਕ ਨਾਲ ਖੇਡੋ ਇਸ ਘਰ ਵਿਚ ਜਿੱਥੇ ਚਾਹੋ। ਹੁਣ ਇੱਥੇ ਜਿੰਨ-ਭੂਤ ਦੀ ਪੂਛ ਵੀ ਨਹੀਂ ਰਹੀ।'
ਉਹਨਾਂ ਦੇ ਇਹ ਕਹਿਣ 'ਤੇ ਘਰ ਦੇ ਮਾਲਕ ਖੋਜਾ ਨਜਮੁੱਦੀਨ ਦਾ ਸਿਰ ਸਤਿਕਾਰ ਵਜੋਂ ਝੁਕ ਗਿਆ। ਉਹਨਾਂ ਪੀਰ ਸਾਈਂ ਦੇ ਹੱਥ ਵਿਚ ਦਸ ਦਸ ਦੇ ਕਈ ਨੋਟ ਫੜਾ ਦਿੱਤੇ।
'ਤੁਸੀਂ ਬੜੀ ਇਨਾਯਤ (ਕਿਰਪਾ) ਕੀਤੀ—' ਖੋਜਾ ਨਜਮੁੱਦੀਨ ਨੇ ਅਹਿਸਾਨ ਦੇ ਬੋਝ ਨੂੰ ਸੰਭਾਲਦਿਆਂ ਹੋਇਆਂ ਕਿਹਾ।
ਇਨਾਯਤ ਤਾਂ ਮੌਲਾ ਦੀ ਹੈ, ਤੇ ਰਹੇਗੀ। ਇੰਸ਼ਾ ਅੱਲ੍ਹਾ, ਹੁਣ ਇੱਥੇ ਕੋਈ ਛਾਇਆ ਨਹੀਂ ਰਹੇਗੀ—' ਨੋਟਾਂ ਨੂੰ ਆਪਣੇ ਚੋਲੇ ਦੀ ਥੈਲੀ ਵਰਗੀ ਜੇਬ ਵਿਚ ਪਾਉਂਦਿਆਂ ਹੋਇਆਂ ਪੀਰ ਸਾਈਂ ਬੋਲੇ ਤੇ ਰੁਖਸਤ (ਵਿਦਾਅ) ਹੋ ਗਏ।
...ਪਰ ਮੈਨੂੰ ਅਜੇ ਘਰ 'ਚ ਕਿੰਨੇ ਹੀ ਕੰਮ ਸਨ।
ਮੈਂ ਦੂਜੀ ਮੰਜ਼ਿਲ ਦੇ ਕਮਰਿਆਂ ਅੱਗੇ ਲੱਗੇ ਝੂਲੇ 'ਤੇ ਝੂਟੇ ਲੈਣੇ ਸੀ। ਛੱਤ 'ਤੇ ਪਾਥੀਆਂ ਵਾਲੇ ਸਟੋਰ ਵਿਚ ਰੱਖੀਆਂ ਤੇ ਕਈ ਕਈ ਵਾਰੀ ਗਿਣੀਆਂ ਆਪਣੀਆਂ ਪਤੰਗਾਂ ਨੂੰ ਗਿਣਨਾ ਸੀ। ਉਸ ਪੁਰਾਣੀ ਜਾਲੀ ਦਾ ਮੁਆਇਨਾ ਕਰਨਾ ਸੀ, ਜਿਸ ਵਿਚ ਆਲ੍ਹਣਾ ਬਣਾਉਣ ਦੇ ਚੱਕਰ ਵਿਚ ਇਕ ਇੱਲ੍ਹ ਫਸ ਗਈ ਸੀ ਤੇ ਮੈਂ ਡਰ ਤੇ ਹੈਰਾਨੀ ਦਾ ਅਦਭੁਤ ਮਿਸ਼ਰਨ ਬਣਿਆ, ਨਾ ਉਸ ਇੱਲ੍ਹ ਨੂੰ ਬਾਹਰ ਕੱਢਿਆ ਸੀ ਤੇ ਨਾ ਹੀ ਘੰਟਿਆਂ ਬੱਧੀ ਦੂਰੋਂ ਉਸਨੂੰ ਦੇਖਦੇ ਰਹਿਣਾ ਬੰਦ ਕੀਤਾ ਸੀ। ਮੈਂ ਉਸ ਦੈਂਤ ਜਿੱਡੇ ਟਰੰਕ ਨੂੰ ਦੇਖਣਾ ਤੇ ਆਪਣੇ ਦੋਸਤਾਂ ਨਾਲ ਉਹ ਵਿਚ ਲੁਕਣ-ਮੀਚੀ ਖੇਡਣੀ ਸੀ, ਜਿਹੜਾ ਘਰ ਦੇ ਵੱਡੇ ਕਮਰੇ ਜਿੰਨਾ ਲੰਮਾ ਸੀ।
ਕਿਤੇ ਕੁਝ ਨਹੀਂ ਸੀ ਬਚਿਆ। ਮੇਰੀ ਜ਼ਰਾ ਜਿੰਨੀ ਗ਼ੈਰਹਾਜ਼ਰੀ ਸਦਕਾ ਸਾਰੀਆਂ ਚੀਜ਼ਾਂ ਪਤਾ ਨਹੀਂ ਕਿੱਥੇ ਸੁੱਟ ਦਿੱਤੀਆਂ ਗਈਆਂ ਸਨ! ਮੇਰੇ ਜੋੜੇ ਹੋਏ ਸਿੱਕੇ। ਓਇ ਹਾਂ, ਉਹ ਤਾਂ ਵਾਹਵਾ ਸਾਰੇ ਸਨ। ਮੇਰਾ ਗੱਲਾ ਵੀ ਨੱਕੋਨੱਕ ਭਰਿਆ ਹੋਇਆ ਸੀ—ਜਦੋਂ ਮੈਂ ਅਚਾਨਕ ਛੱਡ ਕੇ ਭੱਜਿਆ ਸਾਂ। ਮੇਰਾ ਰੰਗਲਾ ਗੁੱਲੀ ਡੰਡਾ, ਮੇਰੀ ਨਿੱਕੀ ਜਿਹੀ ਹਾਕੀ। ਮੇਰੀ ਮਖਮਲੀ ਟੋਪੀ। ਮੇਰੀ ਲਾਲ ਰੰਗ ਦੀ ਐਨਕ। ਤਸਵੀਰਾਂ ਵਾਲੀ ਮੇਰੀ ਅੰਗਰੇਜ਼ੀ ਦੀ ਪ੍ਰਾਈਮਰ। ਸੰਗਮਰਮਰ ਰੰਗੇ ਪਲਾਸਟਿਕ ਦੇ ਮੁੱਠੇ ਵਾਲਾ ਜੇਬੀ ਚਾਕੂ। ਬਿਨਾਂ ਹਿੱਲਦੀਆਂ ਸੂਈਆਂ ਵਾਲੀ ਘੜੀ। ਸੰਦਲ ਦੀ ਸਾਬਨ ਦੀ ਗੁਲਾਬੀ ਬਰਫ਼ੀ ਵਰਗੀ ਟਿੱਕੀ ਤੇ ਉਸਨੂੰ ਬੰਦ ਕਰਕੇ ਰੱਖਣ ਵਾਲੀ ਟੀਨ ਦੀ ਰੰਗੀਨ ਡੱਬੀ, ਜਿਸ ਵਿਚ ਮੈਸੂਰ ਦੇ ਰਾਜੇ ਦਾ ਚਿੱਤਰ ਬਣਿਆ ਹੋਇਆ ਸੀ। ਮੇਰੇ ਰੰਗੀਨ ਸੰਖ ਤੇ ਭਿੰਨ-ਭਿੰਨ ਰੂਪ-ਆਕਾਰ ਦੀਆਂ ਕੌਡੀਆਂ। ਮੇਰੇ ਦੋਸਤ। ਮੇਰੇ ਜਮਾਤੀ। ਮੇਰਾ ਸਕੂਲ। ਮੇਰੇ ਸ਼ਹਿਰ ਦੇ ਬਾਹਰ ਵਾਲੀ ਨਹਿਰ। ਟਹਿਕਦੀ ਹਰਿਆਲੀ ਵਿਚੋਂ ਲੰਘਦੀ ਹੋਈ ਨਹਿਰ ਤਕ ਲੈ ਜਾਣ ਵਾਲੀ ਪਗਡੰਡੀ...
'ਪੱਚ...'
ਇਸ ਪਗਡੰਡੀ ਉੱਤੇ ਹੀ ਤਾਂ ਕੰਨ ਕੋਲ ਇਹ ਆਵਾਜ਼ ਹੋਈ ਸੀ ਤੇ ਪੀਲੀ ਗੂੰਦ ਵਰਗਾ ਲੇਸਦਾਰ ਤਰਲ ਵਗ ਕੇ ਮੇਰੀ ਕਮੀਜ਼ 'ਤੇ ਪੈ ਗਿਆ ਸੀ। ਮੇਰੇ ਕੰਨ ਵਿਚ ਵੀ ਇਹ ਪਤਲੀ ਪਤਲੀ ਗੂੰਦ ਭਰ ਗਈ ਸੀ। ਉਸ ਦਿਨ ਸਵੇਰੇ ਨਹਿਰ ਵੱਲ ਜਾਂਦਿਆਂ ਹੋਇਆਂ ਮੈਂ ਸਾਹਮਣਿਓਂ ਆਉਂਦੇ ਹੋਏ ਅਹਿਮਦ ਨੂੰ ਦੇਖ ਰਿਹਾ ਸਾਂ। ਉਸਦਾ ਆਕੜ ਕੇ ਤੁਰਨ ਦਾ ਪੁਰਾਣਾ ਢੰਗ। ਮੈਂ ਬਚ ਕੇ ਨਿਕਲ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਚਿੜੀ ਦਾ ਆਂਡਾ ਮੇਰੇ ਮਾਰਿਆ ਸੀ। ਉਹ ਕਿਸੇ ਰੁੱਖ ਤੋਂ ਇਹ ਆਂਡੇ ਚੁਰਾ ਲਿਆ ਸੀ। ਮੈਂ ਭੱਜਣ ਲੱਗਾ ਸੀ, ਪਰ ਉਸਨੇ ਦੂਜਾ ਆਂਡਾ ਮੇਰੇ ਵੱਲ ਵਗਾਹ ਦਿੱਤਾ ਸੀ। ਉਸਦਾ ਨਿਸ਼ਾਨਾਂ ਉੱਕ ਗਿਆ ਸੀ ਤੇ ਜ਼ਮੀਨ ਉੱਤੇ ਆਂਡੇ ਨੇ ਇਕ ਅਜ਼ੀਬ ਨਕਸ਼ਾ ਬਣਾ ਦਿੱਤਾ ਸੀ—ਹਿੰਦੁਸਤਾਨ ਤੇ ਪਾਕਿਸਤਾਨ ਦਾ ਮਿਲਿਆ-ਜੁਲਿਆ ਨਕਸ਼ਾ, ਜਿਸ ਵਿਚੋਂ ਦੋਵਾਂ ਦੇਸ਼ਾਂ ਨੂੰ ਅਲਗ-ਅਲਗ ਦੇਖਣਾ ਮੁਸ਼ਕਿਲ ਸੀ। ਇਹ ਨਕਸ਼ਾ ਆਲ੍ਹਣੇ 'ਚੋਂ ਡਿੱਗਣ ਵਾਲੇ ਆਂਡੇ ਨਾਲ ਅੱਜ ਵੀ ਬਣਦਾ ਹੈ।
ਨਹਿਰ ਦੀ ਪਗਡੰਡੀ 'ਤੇ ਸਾਹਮਣਿਓਂ ਅਹਿ ਜਿਹੜਾ ਆਦਮੀ ਆ ਰਿਹਾ ਹੈ, ਅਹਿਮਦ ਹੀ ਤਾਂ ਹੈ।
ਨਹੀਂ, ਅਹਿਮਦ ਨਹੀਂ ਹੋ ਸਕਦਾ। ਇਹ ਆਕੜ ਕੇ ਨਹੀਂ ਤੁਰ ਰਿਹਾ। ਇਸ ਦੇ ਹੱਥ ਵਿਚ ਆਂਡੇ ਵੀ ਨਹੀਂ। ਚਿਤਰੀਦਾਰ ਛੋਟੇ-ਛੋਟੇ ਆਂਡੇ। ਇਹ ਚਿੜੀਆਂ ਦੇ ਭਵਿੱਖ ਦਾ ਕਾਤਲ ਨਹੀਂ ਹੋ ਸਕਦਾ। ਇਸਦੇ ਚਿਹਰੇ ਮੁਹਰੇ ਤੋਂ ਬਿਲਕੁਲ ਨਹੀਂ ਲੱਗਦਾ ਕਿ ਇਹ ਸਕੂਲੋਂ ਭੱਜ ਕੇ ਆਇਆ ਹੈ। ਇਸ ਦੇ ਹੱਥਾਂ 'ਤੇ ਮਾਸਟਰ ਹੁਸੈਨ ਦੀ ਬੈਂਤ ਨਾਲ ਪਏ ਤਾਜ਼ੇ ਨਿਸ਼ਾਨ ਵੀ ਨਹੀਂ। ਫੇਰ ਇਹ ਕਿਉਂ ਅਹਿਮਦ ਹੀ ਲੱਗ ਰਿਹਾ ਹੈ! ਨਹਿਰ ਤਕ ਜਾਣ ਵਾਲਾ ਉਹੀ ਰਸਤਾ ਹੈ, ਜਿੱਥੇ ਇਸਨੇ ਮੇਰੇ ਕੰਨ ਉੱਤੇ ਚਾਂਦਮਾਰੀ ਕੀਤੀ ਸੀ। ਉਹੀ ਟਾਹਲੀਆਂ ਤੇ ਕਿੱਕਰਾਂ ਦੇ ਰੁੱਖ ਨੇ। ਉਹਨਾਂ ਤੋਂ ਚਿੜੀਆਂ ਦੀਆਂ ਆਵਾਜ਼ਾਂ ਵੀ ਆ ਰਹੀਆਂ ਨੇ। ਟੈਲੀਫ਼ੋਨ ਦੇ ਖੰਭੇ 'ਤੇ ਬੈਠਾ ਹੋਇਆ ਗਰੁੜ-ਪੌਂਕ ਵੀ ਉਹੀ ਹੈ। ਨਾਲ ਦੀ ਧੜਧੜ ਕਰਦੀ ਰੇਲਗੱਡੀ ਵੀ ਲੰਘੀ ਹੈ, ਜਿਸ ਉੱਤੇ ਮੈਂ ਨਨਕਾਨਾ ਸਾਹਿਬ ਵੀ ਜਾਂਦਾ ਰਿਹਾ ਹਾਂ ਤੇ ਲਾਹੌਰ ਵੀ। ਮੈਂ ਅਹਿਮਦ ਨੂੰ ਆਵਾਜ਼ ਮਾਰੀ ਹੈ। ਉਹ ਏਧਰ ਉਧਰ ਦੇਖ ਕੇ ਵੀ ਮੈਨੂੰ ਦੇਖ ਨਹੀਂ ਸਕਿਆ।
ਅਹਿਮਦ ਮੈਨੂੰ ਪਛਾਣਦਾ ਕਿਉਂ ਨਹੀਂ ਪਿਆ? ਮੈਂ ਰਤਨ ਆਂ।
ਅਹਿਮਦ ਪਤਾ ਨਹੀਂ ਕਿੱਧਰ ਦੇਖ ਰਿਹਾ ਹੈ।
'ਓ ਭਰਾ ਮੈਂ ਆਂ ਰਤਨ, ਜਿਸਦੇ ਕੰਨ 'ਤੇ ਤੂੰ ਆਂਡਾ ਮਾਰਿਆ ਸੀ।'
ਉਹ ਸੁਣਦਾ ਹੀ ਨਹੀਂ ਤੇ ਮੇਰੇ ਨੇੜਿਓਂ ਲੰਘ ਜਾਂਦਾ ਹੈ। ਨਹੀਂ ਇਹ ਅਹਿਮਦ ਨਹੀਂ ਹੈ। ਅਹਿਮਦ ਹੁੰਦਾ ਤਾਂ ਜ਼ਰੂਰ ਪਛਾਣ ਲੈਂਦਾ। ਪਰ ਕੀ ਉਸਨੇ ਵਾਕਈ ਮੈਨੂੰ ਦੇਖਿਆ? ਉਹ ਮੈਨੂੰ ਕਿੰਜ ਦੇਖ ਸਕਦਾ ਹੈ? ਮੈਂ ਜਿਸ ਹਾਲਤ ਵਿਚ ਇੱਥੇ ਘੁੰਮਣ ਆ ਜਾਂਦਾ ਹਾਂ, ਉਸ ਵਿਚ ਮੈਨੂੰ ਕੌਣ ਦੇਖ ਸਕਦਾ ਹੈ? ਮੈਂ ਪੀਰ ਸਾਈਂ ਦੇ ਇਕ ਪਾਸੇ ਬੈਠਾ ਰਿਹਾ, ਤੇ ਉਹਨਾਂ ਨੂੰ ਪਤਾ ਨਹੀਂ ਲੱਗਿਆ।
ਦਰਅਸਲ ਆਦਮੀ ਜਦੋਂ ਯਾਦ ਬਣ ਜਾਂਦਾ ਹੈ ਤਾਂ ਉਸਨੂੰ ਕੋਈ ਨਹੀਂ ਦੇਖ ਸਕਦਾ। ਯਾਦਾਂ ਦੇ ਭੂਤ ਨੂੰ ਓਝੇ, ਸਿਆਣੇ ਵੀ ਨਹੀਂ ਭਜਾ ਸਕਦੇ। ਇਹ ਉਹਨਾਂ ਥਾਵਾਂ 'ਤੇ ਬਿਜਲੀ ਵਾਂਗ ਜਾ ਪਹੁੰਚ ਜਾਂਦੇ ਨੇ, ਜਿੱਥੇ ਕਦੀ ਇਹਨਾਂ ਦੀਆਂ ਪੈੜਾਂ ਦੇ ਨਿਸ਼ਾਨ ਬਣੇ ਹੁੰਦੇ ਨੇ। ਇਹ ਘੜੀ ਦੀਆਂ ਸੂਈਆਂ ਨੂੰ ਵੀ ਰੋਕ ਦਿੰਦੇ ਨੇ। ਇਹ ਆਕਾਸ਼ ਨੂੰ ਫਿਲਮ ਦਾ ਪਰਦਾ ਬਣਾ ਕੇ ਉਸ ਉੱਤੇ ਕਦੀ ਨਾ ਸਮਾਪਤ ਹੋਣ ਵਾਲੀ ਫਿਲਮ ਦਿਖਾ ਦੇਂਦੀਆਂ ਨੇ। ਇਹ ਜਾਣੀਆਂ-ਪਛਾਣੀਆਂ ਸੁਰਾਂ ਵਿਚ ਸੁਗੰਧ ਭਰਦੀਆਂ ਨੇ ਤੇ ਮੌਨ ਵਿਚ ਅਨਹਦ ਨਾਦ ਸੁਣਾ ਦੇਂਦੀਆਂ ਨੇ। ਯਾਦਾਂ ਹਵਾ ਬਣ ਕੇ ਸਾਹਾਂ ਵਿਚ ਵੱਸ ਜਾਂਦੀਆਂ ਨੇ, ਧੜਕਨ ਬਣ ਕੇ ਦਿਲ ਵਿਚ ਸਮਾ ਜਾਂਦੀਆਂ ਨੇ ਤੇ ਅਫ਼ਸੋਸ ਬਣ ਕੇ ਤੜਫਾਉਣ ਲੱਗ ਪੈਂਦੀਆਂ ਨੇ ਜਾਂ ਮੁਸਕੁਰਾਹਟ ਬਣ ਕੇ ਖੇੜੇ ਬਰੂਰਨ ਲੱਗਦੀਆਂ ਨੇ।
ਅਹਿਮਦ ਕੀ ਜਾਣੇ ਮੈਂ ਇੱਥੇ ਰਹਿੰਦਾ ਹਾਂ। ਸੰਤੋਖ, ਹਰਕਿਸ਼ਨ, ਸੁਰਿੰਦਰ, ਫ਼ੀਰੋਜ਼ ਅਲੀ, ਹਾਮਿਦ ਤੇ ਰੋਸ਼ਨ ਨੂੰ ਕੀ ਪਤਾ ਕਿ ਮੈਂ ਝੱਟ ਕਿਤੇ ਵੀ ਪਹੁੰਚ ਜਾਂਦਾ ਹਾਂ। ਉਹ ਚਲੇ ਗਏ ਹੋਣਗੇ, ਪਰ ਮੈਂ ਤਾਂ ਇੱਥੋਂ ਕਿਧਰੇ ਗਿਆ ਹੀ ਨਹੀਂ।
ਮੈਂ ਉਸ ਦਿਨ ਵੀ ਕਿੱਥੇ ਗਿਆ ਸੀ, ਜਿਸ ਦਿਨ ਮੇਰੇ ਮਾਂ-ਬਾਪ ਇਕ ਰੋਂਦੇ ਹੋਏ ਬੱਚੇ ਨੂੰ ਘਸੀਟ ਕੇ ਕਿਸੇ ਸਰਹੱਦ ਦੇ ਪਾਰ ਲੈ ਜਾ ਰਹੇ ਸਨ। ਉਹ ਬੱਚਾ ਐਨ ਵਿਚਕਾਰੋਂ ਕੱਟ ਦਿੱਤਾ ਗਿਆ ਸੀ। ਪਰ ਛੇਤੀ ਹੀ ਦੋਵੇਂ ਹਿੱਸੇ ਫੇਰ ਜਿਊਂਦੇ ਹੋ ਗਏ ਸਨ। ਉਸਨੇ ਆਪਣਾ ਕਤਲ ਹੁੰਦਿਆਂ, ਆਪਣੀ ਅੱਖੀਂ, ਦੇਖਿਆ ਸੀ। ਉਸਨੇ ਦੇਖਿਆ ਸੀ ਕਿ ਲੁੱਟਮਾਰ ਦੇ ਬੇਮੌਸਮ ਪਤਝੜ ਨੇ ਪੂਰੇ ਵਤਨ ਦੇ ਰੁੱਖਾਂ ਦਾ ਗਲ਼ਾ ਘੁੱਟ ਦਿੱਤਾ ਸੀ, ਜਿਹਨਾਂ ਉੱਤੇ ਲਟਕਦੀਆਂ ਹੋਈਆਂ ਜ਼ਖ਼ਮੀ ਟਾਹਣੀਆਂ ਫਾਂਸੀ 'ਤੇ ਲਟਕਦੀਆਂ ਲਾਸ਼ਾਂ ਦੀਆਂ ਬਾਹਾਂ ਤੇ ਲੱਤਾਂ ਵਾਂਗ ਲੱਗ ਰਹੀਆਂ ਸਨ, ਪਰ ਉਸਨੇ ਸਭ ਕਾਤਲਾਂ ਨੂੰ ਮੁਆਫ਼ ਕਰ ਦਿੱਤਾ ਸੀ। ਉਹ ਖੋਜਾ ਨਜਮੁੱਦੀਨ ਨੂੰ ਵੀ ਸਮਝਾਉਣਾ ਚਾਹੁੰਦਾ ਸੀ ਕਿ ਮੈਂ ਤੁਹਾਡਾ ਦੁਸ਼ਮਣ ਨਹੀਂ ਹਾਂ। ਉਹ ਕਿਉਂ ਜਿੰਨ-ਭੂਤਾਂ ਨੂੰ ਭਜਾਉਣ ਦੇ ਅਨੁਸ਼ਠਾਨ/ ਉਪਾਅ ਕਰਦੇ ਰਹਿੰਦੇ ਨੇ? ਭਲਾ ਕੋਈ ਆਪਣੀ ਜਨਮ-ਭੂਮੀ ਦਾ ਵੀ ਵੈਰੀ ਹੋ ਸਕਦਾ ਹੈ? ਮੈਂ ਬਸ ਏਨਾ ਹੀ ਤਾਂ ਚਾਹੁੰਦਾ ਹਾਂ ਕਿ ਜਿਸ ਭੂਮੀ ਉੱਤੇ ਕੱਟ ਦਿੱਤੇ ਜਾਣ ਸਮੇਂ ਮੇਰਾ ਖ਼ੂਨ ਡਿੱਗਿਆ ਸੀ, ਉੱਥੋਂ ਦੇ ਚਾਨਣ ਜਾਂ ਹਵਾਂ ਵਿਚ ਮੇਰੀ ਕੋਈ ਚਾਹ ਜਾਂ ਕਰਾਹ ਰਹਿ ਜਾਏ। ਜੇ ਕਿਸੇ ਨੂੰ ਏਨਾ ਵੀ ਮੰਜ਼ੂਰ ਨਹੀਂ, ਤਾਂ ਨਾ ਸਹੀ। ਮੇਰੀ ਨਾਪਸੰਦ ਮੌਜ਼ੂਦਗੀ ਨੂੰ ਮਨਹੂਸ ਤਾਂ ਨਾ ਮੰਨਿਆਂ ਜਾਏ।
ਇੱਥੋਂ ਹੁਣ ਮੈਂ ਆਪਣੇ ਸਕੂਲ ਵੱਲ ਨਿਕਲ ਜਾਵਾਂਗਾ। ਓਧਰ ਕਈ ਦਿਨਾਂ ਦਾ ਜਾ ਨਹੀਂ ਸਕਿਆ ਸੀ। ਮੈਂ ਮਾਸਟਰ ਹੁਸੈਨ ਨੂੰ ਆਪਣਾ ਹੋਮ ਵਰਕ ਦਿਖਾਉਣਾ ਹੈ। ਮਾਸਟਰ ਨਸੀਰ ਅਹਿਮਦ ਤੋਂ ਮੈਂ ਆਪਣੀ ਕਾਪੀ ਵਾਪਸ ਲੈਣੀ ਹੈ। ਅਜੇ ਮੈਂ ਕਬਡੀ ਖੇਡਣੀ ਹੈ, ਸਰਹਦਾਂ ਦੇ ਆਰ-ਪਾਰ ਖੇਡੀ ਜਾਣ ਵਾਲੀ ਕਬਡੀ ਤੋਂ ਭਿੰਨ।
ਸਕੂਲ ਦੇ ਰਸਤੇ 'ਚ ਬਿਸਕੁਟ ਬਣਾਉਣ ਵਾਲੇ ਦੀ ਦੁਕਾਨ ਪੈਂਦੀ ਹੈ। ਕੋਈ ਹਰਜ਼ ਨਹੀਂ ਜੇ ਉਸਨੇ ਦੁਕਾਨ ਬੰਦ ਕਰ ਦਿੱਤੀ ਹੈ, ਉਸਦੇ ਬਣਾਏ ਤਾਜ਼ੇ ਬਿਸਕੁਟਾਂ ਦੀ ਗੰਧ ਉੱਥੋਂ ਕਿਤੇ ਨਹੀਂ ਜਾ ਸਕਦੀ। ਉਸਦੇ ਬਾਦਾਮਾਂ ਵਾਲੇ ਬਿਸਕੁਟਾਂ ਦਾ ਸੁਆਦ ਮੇਰੀ ਜ਼ਬਾਨ ਉੱਤੇ ਗੋਦਨੇ ਵਾਂਗ ਉਕਰਿਆ ਹੋਇਆ ਹੈ। ਸਾਹਮਣੇ ਸੁਹੇਲ ਸਿੰਘ ਸਟੇਸ਼ਨਰੀ ਵਾਲੇ ਦੀ ਦੁਕਾਨ ਹੁੰਦੀ ਸੀ। ਉੱਥੇ ਜਿਸ ਨੇ ਵੀ ਨਵੀਂ ਦੁਕਾਨ ਖੋਲ੍ਹੀ ਹੈ, ਮੈਂ ਉਸ ਤੋਂ ਫੱਟੀ ਪੋਚਣ ਲਈ ਮੁਲਤਾਨੀ ਮਿੱਟੀ (ਗਾਚੀ) ਲੈਣੀ ਹੈ। ਮੈਂ ਆਪਣੀ ਫੱਟੀ ਉੱਤੇ ਅਜੇ ਵੀ ਕਿੰਨੇ ਹੀ ਸੁਲੇਖ ਲਿਖਣੇ ਨੇ, ਜਿਹਨਾਂ ਵਿਚੋਂ ਕਿਸੇ ਨਾ ਕਿਸੇ ਸੁਲੇਖ ਨੂੰ ਕੋਈ ਨਾ ਕੋਈ ਤਾਂ ਪੜ੍ਹੇਗਾ ਹੀ। ਤਦ ਤਕ ਮੈਂ ਇੱਥੇ ਹੀ ਰਹਾਂਗਾ। ਕੋਈ ਪੁੱਛੇ ਤਾਂ ਦੱਸ ਦੇਣਾ।

***