Thursday, September 29, 2011

ਆਪਣੀ ਗੱਲ... :: ਤੇਜੇਂਦਰ ਸ਼ਰਮਾ

  ਆਪਣੀ ਗੱਲ...

        ਤੇਜੇਂਦਰ ਸ਼ਰਮਾ 


Tejinder Sharma
27, Romilly Drive
Carpenders Park
Watford WD19 5EN
United Kingdom 

Mob: 00-44-7400313433

E-mail : kahanikar@gmail.com


 ਅਨੁਵਾਦ : ਮਹਿੰਦਰ ਬੇਦੀ, ਜੈਤੋ

 ਪਿਛਲੇ ਕੁਝ ਵਰ੍ਹਿਆਂ ਦਾ ਪਰਵਾਸੀ ਸ਼ਬਦ ਇਕ ਫੈਸ਼ਨ ਜਿਹਾ ਬਣ ਗਿਆ ਹੈ। ਪਰਵਾਸੀ ਦਿਵਸ ਦੀ ਸ਼ੁਰੂਆਤ ਨੇ ਇਸ ਸ਼ਬਦ ਨੂੰ ਵਿਸ਼ਵ-ਵਿਆਪੀ ਬਣਾ ਦਿੱਤਾ ਹੈ। 'ਪਰਵਾਸੀ ਸਾਹਿਤ ਵਿਸ਼ੇਸ਼-ਅੰਕ' ਆਲੂ-ਬੈਂਗਨਾਂ ਵਾਂਗ ਦਿਖਾਈ ਦੇਣ ਲੱਗ ਪਏ ਨੇ। ਫੇਰ ਵੀ ਇੰਜ ਕਿਉਂ ਹੈ ਕਿ ਪਰਵਾਸੀ ਸਾਹਿਤ ਨੂੰ ਅਜੇ ਤਕ ਗੰਭੀਰਤਾ ਨਾਲ ਨਹੀਂ ਲਿਆ ਗਿਆ? ਹੰਸ ਦੇ ਸੰਪਾਦਕ ਸਤਿਕਾਰਤ ਰਾਜੇਂਦਰ ਯਾਦਵ ਨੇ ਜਾਮਿਯਾ ਮਿਲਿਯਾ ਯੂਨੀਵਰਸਟੀ ਦੇ ਇਕ ਸਮਾਗਮ ਵਿਚ ਸਪਸ਼ਟ ਸ਼ਬਦਾਂ ਵਿਚ ਕਹਿ ਦਿੱਤਾ—'ਤੇਜੇਂਦਰ ਭਾਈ ਨੂੰ ਸ਼ਾਇਦ ਬੁਰਾ ਲੱਗੇ, ਅਜੇ ਜੋ ਪਰਵਾਸੀ ਸਾਹਿਤ ਦੇ ਨਾਂ 'ਤੇ ਪਰੋਸਿਆ ਜਾ ਰਿਹਾ ਹੈ, ਉਸਦਾ ਸਤਰ ਕੁਝ ਖਾਸ ਨਹੀਂ ਹੈ। ਭਾਰਤ ਵਿਚ ਰਚੇ ਜਾ ਰਹੇ ਸਾਹਿਤ ਦੇ ਸਾਹਵੇਂ ਪਰਵਾਸੀ ਸਾਹਿਤ ਦਾ ਕੋਈ ਕੱਦ ਉਭਰ ਕੇ ਨਹੀਂ ਆਉਂਦਾ।'
ਉਸ ਸਮਾਗਮ ਵਿਚ ਲੰਦਨ ਦੇ ਸ਼੍ਰੀ ਮਹੇਂਦਰ ਦਵੇਸਰ ਤੇ ਅਮਰੀਕਾ ਦੇ ਸ਼੍ਰੀ ਉਮੇਸ਼ ਅਗਨੀਹੋਤਰੀ ਵੀ ਮੌਜ਼ੂਦ ਸਨ। ਬਾੱਰੋ ਆਫ ਬਾਰਨੇਟ ਦੇ ਕਾੱਲਿੰਡੇਲ ਖੇਤਰ ਦੀ ਕਾਉਂਸਲਰ ਜ਼ਕੀਆ ਜ਼ੁਬੈਰੀ ਨੇ ਤਾਂ ਉੱਥੇ ਯੂ.ਕੇ. ਦੇ ਹਿੰਦੀ ਤੇ ਉਰਦੂ ਸਾਹਿਤ 'ਤੇ ਆਪਣਾ ਲੇਖ ਵੀ ਪੜ੍ਹਨਾ ਸੀ। ਸਾਡੇ ਪੱਤਰਕਾਰ ਦੋਸਤ ਅਜਿਤ ਰਾਏ, ਡਾ. ਅਸਗਰ ਵਜਾਹਤ, ਅਬਦੁਲ ਬਿਸਮਿੱਲਾਹ, ਰਹਿਮਾਨ ਮੁਸੱਵਿਰ ਆਦਿ ਵੀ ਉੱਥੇ ਮੌਜ਼ੂਦ ਸਨ। ਦਵੇਸਰ ਜੀ ਨੂੰ ਯਾਦਵ ਜੀ ਦੀ ਟਿੱਪਣੀ ਉੱਤੇ ਬੜਾ ਗੁੱਸਾ ਆਇਆ ਤੇ ਦਵੇਸਰ ਜੀ ਨੂੰ ਮਹਿਸੂਸ ਹੋਇਆ ਕਿ ਉਹਨਾਂ ਨੂੰ ਯਾਦਵ ਜੀ ਤੋਂ ਪ੍ਰਸ਼ਨ ਪੁੱਛਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਦਵੇਸਰ ਜੀ, ਯਾਦਵ ਜੀ ਨਾਲ ਪੂਰੀ ਤਰ੍ਹਾਂ ਅਸਹਿਮਤ ਸਨ ਤੇ ਹੈਨ ਵੀ। ਉਹਨਾਂ ਦਾ ਮੰਨਣਾ ਹੈ ਕਿ 'ਪ੍ਰਵਾਸੀ ਸਾਹਿਤ ਨੂੰ ਸਮਝਣ ਦਾ ਯਤਨ ਹੀ ਨਹੀਂ ਕੀਤਾ ਗਿਆ। ਸਿਰਫ ਫਤਵੇ ਜਾਰੀ ਕਰ ਦਿੱਤੇ ਜਾਂਦੇ ਨੇ।'
ਮੇਰੀ ਸਮੱਸਿਆ ਦੂਸਰੀ ਹੈ। ਮੈਂ ਪ੍ਰਵਾਸੀ ਸਾਹਿਤ ਵਰਗੇ ਆਰਕਸ਼ਣ (ਰਾਖਵੇਂ) ਕੋਟੇ ਨੂੰ ਮੰਨਦਾ ਹੀ ਨਹੀਂ। ਮੈਨੂੰ ਸਾਰੇ ਆਰਕਸ਼ਿਤ ਸਾਹਿਤ ਨਾਲ ਅਲਰਜੀ ਹੈ। ਮੈਂ ਸਾਹਿਤ ਨੂੰ ਨਾਰੀ-ਸਾਹਿਤ, ਦਲਿਤ-ਸਾਹਿਤ, ਸਵਰਣ-ਸਾਹਿਤ, ਪ੍ਰਗਤੀਵਾਦੀ-ਸਾਹਿਤ ਆਦਿ-ਆਦਿ ਵਿਚ ਵੰਡਣ ਦੇ ਸਖ਼ਤ ਖ਼ਿਲਾਫ਼ ਹਾਂ। ਹੁਣ ਇਕ ਨਵਾਂ ਆਰਕਸ਼ਣ—'ਪ੍ਰਵਾਸੀ-ਸਾਹਿਤ।' ਕੀ ਹੈ ਇਹ ਪ੍ਰਵਾਸੀ ਸਾਹਿਤ?
ਕੀ ਮਾੱਰਿਸ਼ਸ, ਫਿਜੀ, ਸੁਰੀਨਾਮ, ਅਮਰੀਕਾ, ਇੰਗਲੈਂਡ, ਯੂਰਪ, ਯੂ.ਏ.ਈ. ਆਦਿ ਵਿਚ ਵੱਸੇ ਭਾਰਤੀ ਉਪ-ਮਹਾਦੀਪਾਂ ਦੇ ਲੋਕਾਂ ਦੀ ਸੋਚ, ਸਰੋਕਾਰ ਤੇ ਭਾਸ਼ਾ ਸਭ ਇਕ ਹੀ ਹੈ? ਕੀ ਉਹਨਾਂ ਦਾ ਸਾਹਿਤ ਇਕੋ ਜਿਹਾ ਹੈ? ਜੇ ਇੰਜ ਹੈ ਤਾਂ ਇਹ ਸਾਰਾ ਸਾਹਿਤ ਮਹਾਸਾਗਰ ਵਿਚ ਪ੍ਰਵਾਹ ਕਰ ਦੇਣ ਦੇ ਕਾਬਲ ਹੈ! ਮਾੱਰੀਸ਼ਸ, ਫਿਜੀ, ਸੁਰੀਨਾਮ ਆਦਿ ਵਿਚ ਜਿਹੜੇ ਆਦਮੀ ਗਏ ਸਨ, ਉਹਨਾਂ ਦੇ ਹਾਲਾਤ ਵੱਖਰੇ ਸਨ। ਅਸੀਂ ਅਮਰੀਕਾ ਜਾਂ ਯੂਰਪ ਦੇ ਹਿੰਦੀ ਸਾਹਿਤਕਾਰਾਂ ਤੋਂ ਲਾਲ ਪਸੀਨਾ ਵਰਗੀ ਰਚਨਾ ਦੀ ਉਮੀਦ ਨਹੀਂ ਕਰ ਸਕਦੇ। ਐਨ ਓਵੇਂ ਹੀ ਮਾੱਰੀਸ਼ਸ ਜਾਂ ਤ੍ਰਿਨਿਦਾਦ ਦਾ ਲੇਖਕ ਅਵਸਾਨ, ਕਬਰ ਦਾ ਮੁਨਾਫ਼ਾ  ਜਾਂ ਬਚਾਅ  ਵਰਗੀਆਂ ਰਚਨਾਵਾਂ ਨਹੀਂ ਦੇ ਸਕੇਗਾ।
ਮੇਰੀ ਸੋਚ ਹੈ ਕਿ ਵਿਦੇਸ਼ ਵਿਚ ਵੱਸੇ ਭਾਰਤੀ ਰਚਨਾਕਾਰਾਂ ਨੂੰ ਉਹਨਾਂ ਦੀਆਂ ਭਾਸ਼ਾਵਾਂ ਦੇ ਮੁੱਖ ਸਾਹਿਤ ਦਾ ਹਿੱਸਾ ਹੀ ਮੰਨਿਆਂ ਜਾਣਾ ਚਾਹੀਦਾ ਹੈ। ਇਹ ਸਾਹਿਤ ਕਿਸੇ ਵੀ ਭਾਰਤੀ ਭਾਸ਼ਾ ਵਿਚ ਹੋ ਸਕਦਾ ਹੈ।
ਮਜ਼ੇਦਾਰ ਗੱਲ ਇਹ ਹੈ ਕਿ ਇਕ ਸਮਾਂ ਸੀ ਜਦੋਂ ਬ੍ਰਿਟੇਨ ਨੇ ਪੂਰੇ ਸੰਸਾਰ ਉਤੇ ਰਾਜ ਕੀਤਾ। ਯਾਨੀਕਿ ਅੰਗਰੇਜ਼ ਦੁਨੀਆਂ ਦੇ ਸਾਰੇ ਦੇਸ਼ਾਂ ਵਿਚ ਜਾ ਕੇ ਵੱਸੇ, ਪਰ ਅੰਗਰੇਜ਼ੀ ਵਿਚ ਪ੍ਰਵਾਸੀ ਸਾਹਿਤ ਵਰਗੀ ਕੋਈ ਧਾਰਾ ਦਿਖਾਈ ਨਹੀਂ ਦਿੰਦੀ। ਹਾਂ, ਅਮਰੀਕਨ ਇੰਗਲਿਸ਼ ਸਾਹਿਤ, ਭਾਰਤੀ ਇੰਗਲਿਸ਼ ਸਾਹਿਤ, ਆਸਟ੍ਰੇਲੀਅਨ ਇੰਗਲਿਸ਼ ਸਾਹਿਤ, ਬ੍ਰਾਜ਼ੀਲੀਅਨ ਇੰਗਲਿਸ਼ ਸਾਹਿਤ, ਇੰਗਲਿਸ਼ ਸਾਹਿਤ ਵਰਗੀਆਂ ਕਈ ਧਾਰਾਵਾਂ ਹੈਨ, ਪਰ ਪ੍ਰਵਾਸੀ ਵਰਗੀ ਕੋਈ ਚੀਜ਼ ਨਹੀਂ। ਅੰਗਰਜ਼ੀ ਹੀ ਕਿਉਂ ਜਰਮਨ, ਫ੍ਰੇਂਚ, ਇਤਾਲਵੀ ਜਾਂ ਕਿਸੇ ਵੀ ਹੋਰ ਭਾਸ਼ਾ ਵਿਚ ਪ੍ਰਵਾਸੀ ਸਾਹਿਤ ਵਰਗੀ ਕੋਈ ਚੀਜ਼ ਨਹੀਂ ਹੁੰਦੀ।
ਸਾਨੂੰ ਲੋਕਾਂ ਨੂੰ ਭਾਰਤ ਦੇ ਰਸਾਲਿਆਂ ਦੇ ਪ੍ਰਵਾਸੀ ਵਿਸ਼ੇਸ਼ ਅੰਕ ਦੀ ਉਡੀਕ ਕਰਨੀ ਪੈਂਦੀ ਹੈ ਤਾਂ ਕਿ ਸਾਡੀਆਂ ਰਚਨਾਵਾਂ ਭਾਰਤੀ ਰਸਾਲਿਆਂ ਵਿਚ ਜਗ੍ਹਾ ਲੈ ਸਕਣ। ਮੈਂ ਖਾਸ ਤੌਰ 'ਤੇ ਇਸ ਪ੍ਰਵਿਰਤੀ ਤੇ ਖ਼ਿਲਾਫ਼ ਹਾਂ। ਵਿਦੇਸ਼ ਵਿਚ ਰਚੇ ਜਾ ਰਹੇ ਸਾਹਿਤ ਨੂੰ ਨਾ ਤਾਂ ਅਛੂਤ ਮੰਨਿਆਂ ਜਾਵੇ ਤਾਂ ਨਾ ਹੀ ਉਸਨੂੰ ਆਰਕਸ਼ਣ ਕੋਟਾ ਦਿੱਤਾ ਜਾਵੇ। ਉਸਨੂੰ ਬਸ ਸਹਿਜ ਰੂਪ ਵਿਚ ਸਵੀਕਾਰ ਕੀਤਾ ਜਾਵੇ—ਮੂਖ ਧਾਰਾ ਦੇ ਸਾਹਿਤ ਦੇ ਰੂਪ ਵਿਚ।
ਪਿੱਛੇ ਜਿਹੇ ਹੀ ਭਾਈ ਉਦੈ ਪ੍ਰਕਾਸ਼ ਦੀ ਲੰਮੀ ਕਹਾਣੀ 'ਮੋਹਨਦਾਸ' ਪੜ੍ਹੀ। ਅਸੀਂ ਜਦੋਂ ਦਾ ਲਿਖਣਾ ਸ਼ੁਰੂ ਕੀਤਾ, ਬਲਕਿ ਉਸ ਤੋਂ ਵੀ ਪਹਿਲਾਂ ਕਾਲਜ ਵਿਚ ਬੀ.ਏ. ਤੇ ਐਮ.ਏ. ਕਰਦੇ ਹੋਏ, ਸਾਨੂੰ ਇਹ ਸਿਖਾਇਆ ਗਿਆ ਸੀ ਲੇਖਕ ਨੂੰ ਰਚਨਾ ਵਿਚ ਦਿਖਾਈ ਜਾਂ ਸੁਣਾਈ ਨਹੀਂ ਦੇਣਾ ਚਾਹੀਦਾ। ਅਸੀਂ ਇੱਥੇ ਯੂ.ਕੇ. ਵਿਚ ਕਥਾ ਗੋਸ਼ਠੀਆਂ ਵਿਚ ਇਸ ਗੱਲ ਨੂੰ ਬੜੀ ਸ਼ਿੱਦਤ ਨਾਲ ਦੱਸਦੇ ਤੇ ਮੰਨਦੇ ਰਹੇ। ਅਸੀਂ ਆਪਣੇ ਯੂ.ਕੇ. ਦੇ ਕਥਾਕਾਰਾਂ ਨੂੰ ਦੱਸਿਆ ਕਿ ਲੇਖਕ ਜੇ ਖ਼ੁਦ ਵਿਚਕਾਰ ਬੋਲਣ ਲੱਗ ਪਏ ਤਾਂ ਰਿਪੋਰਤਾਜ ਦਾ ਅਹਿਸਾਸ ਹੋਣ ਲੱਗ ਪੈਂਦਾ ਹੈ। ਮੋਹਨਦਾਸ ਵਿਚ ਭਾਈ ਉਦੈ ਪ੍ਰਕਾਸ ਨੇ ਇਸ ਪਰੰਪਰਾ ਨੂੰ ਬੜੀ ਬੁਰੀ ਤਰ੍ਹਾਂ ਝੰਜੋੜਿਆ ਹੈ। ਉਹ ਖ਼ੁਦ ਕਹਾਣੀ ਵਿਚ ਆ ਕੇ ਅਖ਼ਬਾਰੀ ਸੂਚਨਾਵਾਂ ਦੇਣ ਲੱਗ ਪੈਂਦੇ ਨੇ ਤੇ ਦੱਸਦੇ ਨੇ ਕਿ ਉਦੋਂ ਕਹਾਣੀ ਦਾ ਫਲਾਨਾਂ ਹਿੱਸਾ ਵਾਪਰ ਰਿਹਾ ਸੀ, ਜਦੋਂ ਸੰਸਾਰ ਵਿਚ ਇਹ ਘਟਨਾਵਾਂ ਵਾਪਰ ਰਹੀਆਂ ਸਨ। ਹਰੇਕ ਆਲੋਚਕ ਨੇ ਉਸ ਕਹਾਣੀ ਨੂੰ ਸਿਰ 'ਤੇ ਬਿਠਾਇਆ ਤੇ ਉਸ ਕਹਾਣੀ ਦੇ ਅਨੇਕਾਂ ਭਾਸ਼ਾਵਾਂ ਵਿਚ ਅਨੁਵਾਦ ਵੀ ਹੋ ਰਹੇ ਨੇ। ਜੇ ਇਹੀ ਕਹਾਣੀ ਐਨ ਇਵੇਂ ਹੀ ਪ੍ਰਵਾਸ ਵਿਚ ਰਹਿ ਰਹੇ ਕਿਸੇ ਹਿੰਦੀ ਲੇਖਕ ਨੇ ਲਿਖੀ ਹੁੰਦੀ ਤਾਂ ਉਸ ਉੱਤੇ ਇਲਜ਼ਾਮ ਲਾਇਆ ਜਾਂਦਾ ਕਿ ਉਸਨੂੰ ਕਹਾਣੀ ਲਿਖਣ ਦਾ ਵੱਲ ਨਹੀਂ ਹੈ। ਕਹਾਣੀ 'ਤੇ ਰਿਪੋਰਤਾਜ ਦੇ ਫਰਕ ਦਾ ਪਤਾ ਨਹੀਂ ਹੈ। ਆਲੋਚਨਾ ਵਿਚ ਇਹ ਦੋਗਲਾਪਨ ਕਿਉਂ?
ਪਿਛਲੇ ਵਰ੍ਹੇ ਸਤੰਬਰ ਵਿਚ ਭਾਅ ਅਜਿਤ ਰਾਏ ਸਾਨੂੰ ਭੋਪਾਲ ਲੈ ਗਏ, ਜਿੱਥੇ ਪ੍ਰਗਤੀਸ਼ੀਲ ਲੇਖਕ ਸੰਘ ਨੇ ਮੇਰੀ ਕਹਾਣੀ 'ਪਾਸਪੋਰਟ ਦਾ ਰੰਗ' ਪੜ੍ਹੇ ਜਾਣ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ, ਉੱਥੇ ਹੀ ਰਚਨਾ ਸਮਯ ਤੇ ਸ਼ਾਕਸ਼ਾਤਕਾਰ ਦੇ ਸੰਪਾਦਕ ਸ਼੍ਰੀ ਹਰਿ ਭਟਨਾਗਰ ਨਾਲ ਵੀ ਮੁਲਾਕਾਤ ਹੋਈ। ਉਹਨਾਂ ਮੇਰੇ ਨਾਲ ਵਿਦੇਸ਼ਾਂ ਵਿਚ ਲਿਖੀ ਜਾ ਰਹੀ ਹਿੰਦੀ ਕਹਾਣੀ ਦੇ ਵਿਸ਼ੇ 'ਤੇ ਚਰਚਾ ਕੀਤੀ। ਉਹਨਾਂ ਦੇ ਦਿਮਾਗ਼ ਵਿਚ ਵਿਚਾਰ ਚੱਲ ਰਿਹਾ ਸੀ ਕਿ ਵਿਦੇਸ਼ਾਂ ਵਿਚ ਲਿਖੀਆਂ ਜਾ ਰਹੀਆਂ ਸਰਬ-ਸ਼੍ਰੇਸ਼ਠ ਕਹਾਣੀਆਂ ਭਾਰਤੀ ਪਾਠਕਾਂ ਤੇ ਆਲੋਚਕਾਂ ਦੇ ਸਾਹਵੇਂ ਪੇਸ਼ ਕੀਤੀਆਂ ਜਾਣ। ਮੈਂ ਉਹਨਾਂ ਨਾਲ ਸਹਿਮਤ ਨਹੀਂ ਸਾਂ। ਮੇਰਾ ਅਨੁਭਵ ਹੈ ਕਿ ਭਾਰਤ ਵਿਚ ਆਲੋਚਕ ਸਾਹਿਤ ਨੂੰ ਰਾਜਨੀਤਕ ਸੋਚ ਨਾਲ ਜੋੜ ਕੇ ਦੇਖਦੇ ਨੇ। ਇਸ ਲਈ ਕਹਾਣੀ ਦਾ ਸ਼੍ਰੇਸ਼ਠ ਹੋਣਾ, ਨਾ ਹੋਣਾ ਕੋਈ ਅਰਥ ਨਹੀਂ ਰੱਖੇਗਾ। ਵਿਦੇਸ਼ਾਂ ਵਿਚ ਵੱਸੇ ਭਾਰਤੀ ਲੇਖਕ ਭਾਰਤ ਦੀ ਰਾਜਨੀਤੀ ਨਾਲ ਉਸ ਤਰ੍ਹਾਂ ਨਹੀਂ ਜੁੜੇ ਜਿਵੇਂ ਕਿ ਭਾਰਤੀ ਆਲੋਚਕ ਸੋਚਦੇ ਨੇ। ਭਾਜਪਾ ਜਾਂ ਕਾਂਗਰਸ ਜਾਂ ਫੇਰ ਮਾਰਕਸਵਾਦੀ ਇੱਥੋਂ ਦੇ ਲੇਖਕਾਂ ਲਈ ਸ਼ਾਇਦ ਸਿਰਫ ਨਾਂ ਹੀ ਹੈਨ। ਇੱਥੋਂ ਦਾ ਲੇਖਕ ਦੁਖੀ ਹੋ ਸਕਦਾ ਹੈ ਕਿ ਉਸਦੀ ਅਗਲੀ ਪੀੜ੍ਹੀ ਹਿੰਦੀ ਜਾਂ ਆਪਣੀ ਮਾਤਭਾਸ਼ਾ ਨਹੀਂ ਬੋਲਦੀ। ਇਸ ਚੱਕਰ ਵਿਚ ਇਹ ਮੰਦਰ, ਮਸਜਿਦ ਜਾਂ ਗੁਰੂਦੁਆਰੇ ਦਾ ਸਹਾਰਾ ਲੈਂਦਾ ਹੈ ਤਾਂਕਿ ਉਸਦੀ ਅਗਲੀ ਪੀੜ੍ਹੀ ਭਾਰਤੀ ਸੰਸਕਾਰਾਂ ਨਾਲ ਜੁੜੀ ਰਹੇ। ਵਿਦੇਸ਼ ਵਿਚ ਵੱਸੇ ਭਾਰਤੀਆਂ ਲਈ ਰਾਜਨੀਤਕ ਵਿਚਾਰਧਾਰਾ ਦੇ ਮੁਕਾਬਲੇ ਭਾਰਤੀ ਸੰਸਕਾਰ ਵਧੇਰੇ ਮਹਤੱਵਪੂਰਣ ਹੋ ਜਾਂਦੇ ਨੇ। ਜੜਾਂ ਤੋਂ ਦੂਰ ਹੋਣ ਦੀ ਪ੍ਰੇਸ਼ਾਨੀ ਭਾਰਤ ਵਿਚ ਰਹਿ ਰਹੇ ਆਲੋਚਕਾਂ ਨੂੰ ਸ਼ਾਇਦ ਸਮਝ ਨਾ ਆ ਸਕੇ।
 ਹਰਿ ਭਾਈ ਸੋਚੀਂ ਪੈ ਗਏ! ਸੰਗ੍ਰਹਿ ਬਾਰੇ ਆਪਣਾ ਵਿਚਾਰ ਪੱਕਾ ਕਰ ਚੁੱਕੇ ਸਨ। ਪਰ ਸਵਾਲ ਉੱਥੇ ਦਾ ਉੱਥੇ, ਕਿ ਇਹ ਸੰਗ੍ਰਹਿ ਇਕ ਹਜ਼ਾਰ ਹੋਰ ਪ੍ਰਵਾਸੀ ਅੰਕਾਂ ਤੋਂ ਭਿੰਨ ਕਿਸ ਤਰ੍ਹਾਂ ਹੋਵੇ? ਗੱਲਬਾਤ ਦੌਰਾਨ ਮੇਰੇ ਦਿਮਾਗ਼ ਵਿਚ ਇਕ ਗੱਲ ਆਈ। ਮੈਂ ਹਰੀ ਭਾਈ ਨੂੰ ਕਿ ਕਿਹਾ, “ਦੇਖੋ ਭਾਈ ਜਾਨ, ਪ੍ਰਵਾਸੀ ਸਾਹਿਤ ਦੀ ਆਪਣੀ ਕੋਈ ਖਾਸ ਪਛਾਣ ਤਾਂ ਅਜੇ ਤਕ ਉਭਰ ਕੇ ਆਈ ਨਹੀਂ ਹੈ ਇਸ ਲਈ ਹਰੇਕ ਲੇਖਕ ਖ਼ੁਦ ਤਾਂ ਜਾਣਦਾ ਹੋਵੇਗਾ ਕਿ ਉਹ ਕਿਉਂ ਲਿਖ ਰਿਹਾ ਹੈ, ਕੀ ਲਿਖ ਰਿਹਾ ਹੈ ਤੇ ਉਸਦਾ ਸਾਹਿਤ ਦੇ ਪ੍ਰਤੀ ਨਜ਼ਰੀਆ ਕੀ ਹੈ? ਕਿਉਂ ਨਾ ਅਸੀਂ ਲੇਖਕਾਂ ਨਾਲ ਸੰਪਰਕ ਕਰੀਏ ਤੇ ਕਹੀਏ ਕਿ ਆਪਣੀ ਪਸੰਦੀਦਾ ਕਹਾਣੀ ਸਾਨੂੰ ਭੇਜਣ? ਇਸ ਨਾਲ ਉਹਨਾਂ ਉੱਤੇ ਅਪ੍ਰਕਾਸ਼ਿਤ ਕਹਾਣੀ ਭੇਜਣ ਦਾ ਦਬਾਅ ਨਹੀਂ ਪਏਗਾ ਤੇ ਆਪਣੀ ਚੁਨਿੰਦਾ ਕਹਾਣੀ ਉਹ ਸਾਨੂੰ ਆਸਾਨੀ ਨਾਲ ਭੇਜ ਸਕਦੇ ਨੇ।”
ਹਰਿ ਭਟਨਾਗਰ ਨੂੰ ਮੇਰੀ ਗੱਲ ਪਸੰਦ ਆਈ। ਉਹਨਾਂ ਵੱਲੋਂ ਮੈਂ ਅਮਰੀਕਾ, ਯੂਰਪ, ਯੂ.ਏ.ਈ. ਤੇ ਯੂ.ਕੇ. ਕਹਾਣੀਕਾਰਾਂ ਨਾਲ ਮੁੰਬਈ ਤੋਂ ਹੀ ਈ. ਮੇਲ ਜ਼ਰੀਏ ਸੰਪਰਕ ਕੀਤਾ। ਦਰਅਸਲ ਮੈਂ ਮੁੰਬਈ ਦੇ ਨਾਨਾਵਟੀ ਹਸਪਤਾਲ ਵਿਚ ਇੱਕੀ ਦਿਨਾਂ ਤੋਂ ਆਪਣੀ ਗਰਦਨ ਤੇ ਮੋਢੇ ਦਾ ਇਲਾਜ਼ ਕਰਵਾ ਰਿਹਾ ਸਾਂ। ਹਸਪਤਾਲ 'ਚੋਂ ਬਾਹਰ ਨਿਕਲਦੇ ਹੀ ਸਾਹਿਤਕਾਰ ਜੁਟ ਗਿਆ। ਲੰਦਨ ਵਾਪਸ ਆਉਣ ਤਕ ਕਿਸੇ ਵੀ ਸਾਹਿਤਕਾਰ ਨੇ ਈ. ਮੇਲ ਦਾ ਜਵਾਬ ਤਕ ਨਹੀਂ ਸੀ ਦਿੱਤਾ।
ਮੈਂ ਥੋੜ੍ਹਾ ਜਿਹਾ ਨਿਰਾਸ਼ ਜ਼ਰੂਰ ਹੋਇਆ, ਪਰ ਸੰਸਥਾ ਚਲਾਉਣ ਦਾ ਲੰਮਾ ਅਨੁਭਵ ਕੰਮ ਆਇਆ ਤੇ ਨਿਰਾਸ਼ਾ ਦੇ ਬੱਦਲ ਛਟ ਗਏ। ਹੁਣ ਫ਼ੋਨ ਦਾ ਸਹਾਰਾ ਲਿਆ ਤੇ ਸਾਹਿਤਕਾਰ ਮਿੱਤਰਾਂ ਨੂੰ ਪ੍ਰੇਸ਼ਾਨ ਕਰਨ ਲੱਗਾ। ਮੇਰਾ ਵਿਚਾਰ ਸੀ ਕਿ ਸਾਰੀ ਸਮੱਗਰੀ ਬੜੀ ਜਲਦੀ ਮੇਰੇ ਕੋਲ ਪਹੁੰਚ ਜਾਏਗੀ ਕਿਉਂਕਿ ਵਿਦੇਸ਼ ਵਿਚ ਰਹਿਣ ਵਾਲੇ ਸਾਹਿਤਕਾਰ ਈ. ਮੇਲ ਦਾ ਇਸਤੇਮਾਲ ਕਰਨ ਲੱਗੇ ਨੇ ਤੇ ਇੱਥੇ ਕਹਾਣੀ ਦੇ ਅਣਛਪੀ ਹੋਣ ਦੀ ਸ਼ਰਤ ਵੀ ਨਹੀਂ ਸੀ।
ਸਾਹਿਤਕਾਰਾਂ ਦੀ ਸਮੱਸਿਆ ਇਹ ਸੀ ਕਿ ਉਹ ਆਪਣੀ ਕਿਸ ਕਹਾਣੀ ਨੂੰ ਪ੍ਰਿਯ ਕਹਿਣ! ਤੇ ਮੈਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਇਸ ਵਿਚ ਦਿੱਕਤ ਕੀ ਹੈ? ਸਾਹਿਤਕਾਰਾਂ ਦਾ ਕਹਿਣਾ ਸੀ ਕਿ ਉਹਨਾਂ ਦੀਆ ਕਹਾਣੀਆਂ ਉਹਨਾਂ ਦੇ ਬੱਚਿਆਂ ਵਾਂਗ ਨੇ, ਭਲਾ ਆਪਣੀ ਔਲਾਦ ਵਿਚੋਂ ਕਿਸ ਨੂੰ ਪ੍ਰਿਯ ਕਹਿਣ ਤੇ ਕਿਸ ਨੂੰ ਪਿੱਛੇ ਛੱਡਣ। ਮੈਂ ਖਾਸਾ ਹੈਰਾਨ ਸੀ। ਮੈਨੂੰ ਇਹ ਵਾਕ ਇਕ ਬਹਾਨੇ ਨਾਲੋਂ ਵੱਧ ਕੁਛ ਨਹੀਂ ਲੱਗਦਾ। ਹਰ ਲੇਖਕ ਆਪਣੀ ਕਹਾਣੀ ਦਾ ਪ੍ਰਿਯ ਹੋਣਾ, ਉਸਦੀ ਗੁਣਵੱਤਾ ਨਾਲ ਜੋੜ ਕੇ ਦੇਖ ਰਿਹਾ ਸੀ। ਜਦਕਿ ਕੋਈ ਵੀ ਕਹਾਣੀ ਕਿਸੇ ਵੀ ਕਾਰਨ ਕਰਕੇ, ਕਿਸੇ ਲੇਖਕ ਦੀ ਪ੍ਰਿਯ ਕਹਾਣੀ ਹੋ ਸਕਦੀ ਹੈ। ਜਿਵੇਂ ਕੋਈ ਕਹਾਣੀ ਲਿਖਣ ਦੇ ਦੌਰਾਨ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਜਿਹੜੀ ਤੁਹਾਡੇ ਜੀਵਨ ਨੂੰ ਹੀ ਬਦਲ ਦੇਂਦੀ ਹੈ, ਕੋਈ ਲਾਟਰੀ ਨਿਕਲ ਆਉਂਦੀ ਹੈ ਜਾਂ ਪੋਤਾ ਹੋ ਜਾਂਦਾ ਹੈ, ਜਾਂ ਫੇਰ ਇਸ਼ਕ ਹੀ ਹੋ ਜਾਂਦਾ ਹੈ। ਕਹਾਣੀ ਲਿਖਣ ਦਾ ਮਾਹੌਲ ਵੀ ਕਹਾਣੀ ਨੂੰ ਲੇਖਕ ਦੀ ਪ੍ਰਿਯ ਬਣਾ ਸਕਦਾ ਹੈ। ਰਾਜ ਕਪੂਰ ਨੂੰ ਆਪਣੀ ਫ਼ਿਲਮ ਆਹ  ਬੜੀ ਪਸੰਦ ਸੀ। ਵੈਸੇ ਆਹ  ਕਿਸੇ ਵੀ ਦ੍ਰਿਸ਼ਟੀ ਨਾਲ ਉਹਨਾਂ ਦੀ ਸ਼੍ਰੇਸ਼ਠ ਫ਼ਿਲਮ ਨਹੀਂ ਸੀ। ਇਹ ਦੇਵਦਾਸ  ਦੀ ਇਕ ਕਮਜ਼ੋਰ ਜਿਹੀ ਕਾਪੀ ਸੀ, ਪਰ ਉਹਨਾਂ ਨੂੰ ਕੁਝ ਵਿਸ਼ੇਸ਼ ਕਾਰਨਾ ਕਰਕੇ ਉਹ ਫ਼ਿਲਮ ਪਿਆਰੀ ਲੱਗਦੀ ਸੀ।
ਗੁਣਵੱਤਾ ਵੀ ਇਕ ਕਾਰਨ ਹੋ ਸਕਦਾ ਹੈ, ਪਾਠਕਾਂ ਤੇ ਆਲੋਚਕਾਂ ਦੀ ਪ੍ਰਤੀਕ੍ਰਿਆ ਵੀ ਕਹਾਣੀ ਦੇ ਪ੍ਰਿਯ ਹੋਣ ਦਾ ਕਾਰਨ ਬਣ ਸਕਦੀ ਹੈ। ਦਰਅਸਲ ਜਦੋਂ ਅਸੀਂ ਕਿਸੇ ਦੂਸਰੇ ਦੀ ਰਚਨਾ ਪਸੰਦ ਕਰਦੇ ਹਾਂ ਤਾਂ ਉਸਦੀ ਪਛਾਣ ਗੁਣਵੱਤਾ ਨਾਲੋਂ ਵੱਧ ਹੁੰਦੀ ਹੈ, ਉੱਥੇ ਆਪਣੀ ਰਚਨਾ ਨਾਲ ਤਾਂ ਬਿਨਾਂ ਕਿਸੇ ਕਾਰਨ ਦੇ ਹੀ ਪ੍ਰੇਮ ਹੋ ਸਕਦਾ ਹੈ।
ਫੇਰ ਕੁਝ ਲੇਖਕਾਂ ਦਾ ਕਹਿਣਾ ਸੀ ਕਿ ਅਸੀਂ ਆਪਣੀ ਕਹਾਣੀ ਦੀ ਤਾਰੀਫ਼ ਖ਼ੁਦ ਕਿੰਜ ਕਰੀਏ? ਆਪਣੀ ਕਹਾਣੀ ਨੂੰ ਆਪਣੀ ਔਲਾਦ ਕਹਿਣ ਵਾਲੇ ਲੇਖਕਾਂ ਦੀ ਇਹ ਗੱਲ ਸੁਣ ਕੇ ਥੋੜ੍ਹੀ ਹੈਰਾਨੀ ਹੋਣਾ ਸੁਭਾਵਿਕ ਹੀ ਸੀ। ਜਦੋਂ ਅਸੀਂ ਆਪਣੀ ਔਲਾਦ ਦਾ ਵਿਆਹ ਕਰਨ ਬਾਜ਼ਾਰ ਵਿਚ ਪਹੁੰਚਦੇ ਹਾਂ ਤਾਂ ਕਹਿਣ ਤੋਂ ਬਾਜ਼ ਨਹੀਂ ਆਉਂਦੇ—“ਜੀ ਸਾਡੀ ਬੇਟੀ ਤਾਂ ਸਲਾਈ, ਕਢਾਈ, ਰਸੋਈ ਦੀ ਚੈਂਪੀਅਨ ਏ।...ਸਾਡਾ ਬੇਟਾ ਚਾਲ੍ਹੀ ਹਜ਼ਾਰ ਤਨਖ਼ਾਹ ਲੈਂਦਾ ਏ ਤੇ ਵੀਹ ਕੁ ਹਜ਼ਾਰ ਉਪਰੋਂ ਬਣਾ ਲੈਂਦਾ ਏ।” ਬੇਟੇ, ਬੇਟੀ ਦੀ ਸੁੰਦਰਤਾ, ਚਰਿਤਰ, ਗੱਲਬਾਤ ਦੇ ਢੰਗ, ਹਸਮੁੱਖ ਸੁਭਾਅ ਦੀ ਤਾਰੀਫ਼ ਵਿਚ ਅਸੀਂ ਪੂਰੀ ਤਾਕਤ ਲਾ ਦਿੰਦੇ ਹਾਂ। ਫੇਰ ਔਲਾਦ ਵਰਗੀ ਕਹਾਣੀ ਲਈ ਦੋ ਸਫੇ ਕਿਉਂ ਨਹੀਂ ਲਿਖ ਸਕਦੇ? ਸਾਡੀ ਪ੍ਰਸਿੱਧ ਲੇਖਕਾ ਊਸ਼ਾ ਰਾਜੇ ਸਕਸੇਨਾ ਨੇ ਤਾਂ ਇੱਥੋਂ ਤਕ ਕਹਿ ਦਿੱਤਾ—“ਤੇਜੇਂਦਰ ਜੀ, ਮੈਂ ਆਪਣੀ ਪਿਆਰੀ ਕਹਾਣੀ ਹਾਲੇ ਲਿਖਣੀ ਏਂ।” ਯਾਨੀ ਅੱਜ ਤਕ ਦੋ ਕਹਾਣੀ ਸੰਗ੍ਰਹਿ ਛਪ ਚੁੱਕਣ ਦੇ ਬਾਅਦ ਵੀ ਉਹਨਾਂ ਨੂੰ ਇਕ ਵੀ ਕਹਾਣੀ ਪ੍ਰਿਯ ਨਹੀਂ ਹੈ। ਤੇ ਮਜ਼ੇਦਾਰ ਗੱਲ ਇਹ ਹੈ ਕਿ 'ਮੇਰੀਆਂ ਪ੍ਰਿਯ ਕਹਾਣੀਆਂ' ਤੇ 'ਫਲਾਨੇ...ਦੀਆਂ ਚੋਣਵੀਆਂ ਕਹਾਣੀਆਂ' ਦੇ ਨਾਂ ਨਾਲ ਲਗਭਗ ਸਾਰੇ ਭਾਰਤੀ ਲੇਖਕਾਂ ਨੇ ਸੰਗ੍ਰਹਿ ਛਪਵਾਏ ਨੇ। ਫੇਰ ਸਮੱਸਿਆ ਕੀ ਹੈ, ਇਹ ਮੇਰੇ ਲਈ ਸਮਝਣਾ ਔਖਾ ਸੀ।
ਇਸ ਸੰਗ੍ਰਹਿ ਲਈ ਸਾਮਗ੍ਰੀ ਇਕੱਠੀ ਕਰਨ ਦੀ ਪ੍ਰਕ੍ਰਿਆ ਨੂੰ ਤੁਹਾਡੇ ਨਾਲ ਸਾਂਝਾ ਕਰਦਿਆਂ ਹੋਇਆ ਮੇਰੇ ਦਿਲ ਦਾ ਭਾਰ ਵੀ ਹੌਲਾ ਹੋ ਰਿਹਾ ਹੈ। ਜਿੱਥੇ ਇਲਾ ਪ੍ਰਸਾਦ (ਅਮਰੀਕਾ) ਦਿਵਯ ਮਾਥੁਰ ਤੇ ਡਾਕਟਰ ਗੌਤਮ ਸੱਚਦੇਵ (ਲੰਦਨ) ਨੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਆਪਣੀਆਂ ਕਹਾਣੀਆਂ ਤੇ ਉਹਨਾਂ ਬਾਰੇ ਆਪਣੇ ਲੇਖ ਭੇਜ ਦਿੱਤੇ, ਉੱਥੇ ਕੁਝ ਲੇਖਕਾਂ ਦੀਆਂ ਕਹਾਣੀਆਂ ਅੱਜ ਤੀਕ ਨਹੀਂ ਪਹੁੰਚੀਆਂ। ਮੈਂ ਆਪਣੇ ਲੇਖਕਾਂ ਨੂੰ ਸਮਝਾ ਹੀ ਨਹੀਂ ਸਕਿਆ ਕਿ 'ਕਹਾਣੀ ਪ੍ਰਿਯ' ਹੋਣ ਬਾਰੇ ਉਹਨਾਂ ਦੀ ਲਿਖਤ ਦਾ ਮਹੱਤਵ ਕੀ ਹੈ? ਸੁਸ਼ਮ ਬੇਦੀ ਕਿਉਂਕਿ ਭਾਰਤ ਵਿਚ ਸੀ, ਉਹਨਾਂ ਕਿਹਾ ਕਿ ਭਾਰਤ ਵਿਚ ਕੰਪਿਊਟਰ ਉਪਲਭਧ ਨਹੀਂ ਹੈ ਇਸ ਲਈ ਅਮਰੀਕਾ ਵਾਪਸ ਜਾ ਕੇ ਹੀ ਦੋ ਸ਼ਬਦ ਲਿਖ ਸਕਾਂਗੀ। ਉਸ਼ਾ ਜੀ ਨੇ ਤਾਂ ਜਦ ਕਹਾਣੀ ਭੇਜੀ, ਉਦੋਂ ਤਕ ਮੈਂ ਸਾਮਗ੍ਰੀ ਦਾ ਲਿਫ਼ਾਫ਼ਾ ਬੰਨ੍ਹ ਚੁੱਕਿਆ ਸਾਂ ਤੇ ਭੋਪਾਲ ਕੋਰੀਅਰ ਕਰਵਾਉਣ ਜਾਣ ਹੀ ਲੱਗਾ ਸਾਂ। ਅਮਰੀਕਾ ਦੇ ਭਾਈ ਅਮਰੇਂਦਰ ਨਾਲ ਸੰਪਰਕ ਕਰਨ ਵਿਚ ਮੈਥੋਂ ਕੁਝ ਦੇਰ ਹੋ ਗਈ ਸੀ...ਪਰ ਉਹਨਾਂ ਵੀਹ ਘੰਟਿਆਂ ਦੇ ਅੰਦਰ ਅੰਦਰ ਆਪਣੀ ਪੂਰੀ ਸਾਮਗ੍ਰੀ ਪੀ.ਡੀ.ਐਫ. ਫਾਈਲ ਬਣਾ ਕੇ ਈ. ਮੇਲ ਕਰ ਦਿੱਤੀ। ਅਚਲਾ ਸ਼ਰਮਾ (ਲੰਦਨ) ਤੇ ਸੌਮਿੱਤ੍ਰ ਸਕਸੇਨਾ (ਅਮਰੀਕਾ) ਦੀ ਕਹਾਣੀ ਤਾਂ ਸਾਮਗ੍ਰੀ ਭੋਪਾਲ ਪੋਸਟ ਕਰਨ ਪਿੱਛੋਂ ਮੇਰੇ ਕੋਲ ਪਹੁੰਚੀ।
ਮੈਂ ਇਹਨਾਂ ਕਹਾਣੀਆਂ ਦੀ ਗੁਣਵੱਤਾ ਉਪਰ ਕੋਈ ਟਿੱਪਣੀ ਨਹੀਂ ਕਰਾਂਗਾ। ਇਹ ਉਹ ਕਹਾਣੀਆਂ ਨੇ ਜਿਹੜੀਆਂ ਆਪਣੇ ਲੇਖਕਾਂ ਨੂੰ ਪਸੰਦ ਨੇ। ਅਵਸਾਨ, ਰੋਡ-ਟੈਸਟ, ਲਾਸ਼, ਪਿਜ਼ਾ ਕੀ ਪੁਕਾਰ, ਜੜੋਂ ਸੇ ਉਖੜੇ, ਬਚਾਵ, ਵਹ ਰਾਤ, ਉਸਕੀ ਜ਼ਮੀਨ ਤੇ ਮਾਰਿਯਾ ਯਾਨੀ ਕਿ ਸੰਗ੍ਰਹਿ ਦੀਆਂ ਅੱਧੀਆਂ ਕਹਾਣੀਆਂ ਅਜਿਹੀਆਂ ਨੇ ਜਿਹਨਾਂ ਦੀ ਪਿੱਠ-ਭੂਮੀ ਉਸੇ ਦੇਸ਼ ਦੀ ਹੈ ਜਿੱਥੇ ਲੇਖਕ ਰਹਿ ਰਹੇ ਨੇ। ਉੱਥੇ ਮਦਰਸੋਂ ਕੇ ਬੀਚ ਤੇ ਦੇਹ ਕੀ ਕੀਮਤ ਦਾ ਘਟਨਾ ਚੱਕਰ ਵਿਦੇਸ਼ ਵਿਚ ਹੀ ਵਾਪਰਦਾ ਹੈ। ਅਨੁਸ਼ਠਾਨ ਇਕ ਨਾਸਟੇਲਜ਼ਿਯਾ ਤੇ ਜੜਾਂ ਵੱਲ ਵਾਪਸ ਜਾਣ ਦੀ ਇਕ ਬੱਚੇ ਦੀ ਕਹਾਣੀ ਹੈ ਜਿਹੜੀ ਵੰਡ ਦੀ ਪੀੜ ਨੂੰ ਬੜੀ ਖ਼ੂਬਸੂਰਤੀ ਨਾਲ ਦਰਸਾਉਂਦੀ ਹੈ। ਬਾਕੀ ਛੇ ਕਹਾਣੀਆਂ ਭਾਰਤੀ ਪਿੜ ਨਾਲ ਜੁੜੀਆਂ ਨੇ। ਮਾਰਿਯਾ ਵਰਗੀ ਕਹਾਣੀ ਦੀ ਪਿੱਠ-ਭੂਮੀ ਪੱਛਮੀ ਦੇਸ਼ਾਂ ਦੇ ਇਲਾਵਾ ਸ਼ਾਇਦ ਹੀ ਕਿਧਰੇ ਹੋਰ ਹੋਵੇ।
ਪਰ ਇਹਨਾਂ ਕਹਾਣੀਆਂ ਦੇ ਸਤਰ ਦੀ ਜਾਂਚ-ਪਰਖ ਤਾਂ ਹੋਣੀ ਜ਼ਰੂਰੀ ਹੈ ਇਸ ਲਈ ਹੋ ਸਕਦਾ ਹੈ ਕਿ ਹਰਿ ਭਟਨਾਗਰ ਖ਼ੁਦ ਇਹਨਾਂ ਕਹਾਣੀਆਂ ਬਾਰੇ ਕੁਝ ਲਿਖਣ ਜਾਂ ਫੇਰ ਕਿਸੇ ਸਥਾਪਤ ਲੇਖਕ-ਆਲੋਚਕ ਤੋਂ ਇਕ ਭੂਮਿਕਾ ਲਿਖਵਾਈ ਜਾਵੇ ਤਾਂ ਕਿ ਪ੍ਰਵਾਸੀ ਲੇਖਕਾਂ ਨੂੰ ਵੀ ਪਤਾ ਲੱਗ ਸਕੇ ਕਿ ਅਸੀਂ ਕਿੱਥੇ ਕੁ ਖੜ੍ਹੇ ਹਾਂ। ਵੈਸੇ ਇਕ ਗੱਲ ਕਮਾਲ ਦੀ ਹੈ ਕਿ ਇਸ ਸੰਗ੍ਰਹਿ ਦੀ ਪਹਿਲੀ ਕਹਾਣੀ ਅਵਸਾਨ ਵੀ ਲਾਸ਼ ਦੇ ਅੰਤਮ-ਸੰਸਕਾਰ 'ਤੇ ਅਧਾਰਿਤ ਹੈ ਤੇ ਅੰਤਮ ਕਹਾਣੀ ਦੇਹ ਦੀ ਕੀਮਤ ਵੀ ਕੁਝ ਇਸੇ ਵਿਸ਼ੇ ਨਾਲ ਜੂਝਦੀ ਹੈ। ਥੀਮ, ਭਾਸ਼ਾ ਤੇ ਸਟਾਈਲ ਦੇ ਸਤਰ 'ਤੇ ਇਹ ਕਹਾਣੀਆਂ ਆਪਣੀ ਪਛਾਣ ਖ਼ੁਦ ਬਣਾਉਂਦੀਆਂ ਨੇ।
ਸਾਡੇ ਇਕ ਮਿੱਤਰ ਨੇ ਸਵਾਲ ਉਠਾਇਆ ਕਿ ਤੁਸੀਂ ਕਹਾਣੀਆਂ ਦੀ ਚੋਣ ਸਮੇਂ ਕਿਹੜੇ ਮਾਪਦੰਡ ਤੈਅ ਕੀਤੇ ਨੇ? ਜਦੋਂ ਅਸੀਂ ਕਿਹਾ ਕਿ ਲੇਖਕ ਦਾ ਘੱਟੋਘੱਟ ਇਕ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕਿਆ ਹੋਵੇ। ਸਾਡੇ ਮਿੱਤਰ ਨੇ ਸ਼ਿਕਾਇਤੀ ਲਹਿਜੇ ਵਿਚ ਕਿਹਾ ਕਿ ਕੀ ਇਹ ਜ਼ਰੂਰੀ ਏ ਕਿ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਹੀ ਹੋਵੇ? ਇੰਜ ਨਹੀਂ ਹੋ ਸਕਦਾ ਕਿ ਕਿਸੇ ਲੇਖਕ ਨੇ ਪੰਜ ਕਹਾਣੀਆਂ ਹੀ ਲਿਖੀਆਂ ਹੋਣ ਤੇ ਉਹ ਕਹਾਣੀਆਂ ਮੀਲ ਦਾ ਪੱਥਰ ਹੋਣ। ਆਪਣੀ ਗੱਲ ਦੇ ਪੱਖ ਵਿਚ ਉਹਨਾਂ ਚੰਦਰਧਰ ਸ਼ਰਮਾ 'ਗੁਲੇਰੀ' ਦੀ ਕਹਾਣੀ 'ਉਸਨੇ ਕਹਾ ਥਾ' ਦੀ ਉਦਾਹਰਣ ਵੀ ਦਿੱਤੀ। ਉਹਨਾਂ ਦੀ ਦਲੀਲ ਸੀ ਕਿ ਗਲੋਰੀ ਜੀ ਦਾ ਤਾਂ ਕੋਈ ਕਹਾਣੀ ਸੰਗ੍ਰਹਿ ਨਹੀਂ ਛਪਿਆ, ਕੀ ਉਹਨਾਂ ਦੀ ਕਹਾਣੀ ਕਿਸੇ ਵੀ ਕਹਾਣੀਕਾਰ ਦੀ ਤੁਲਨਾਂ ਵਿਚ ਕਮਜ਼ੋਰ ਸਾਬਤ ਹੁੰਦੀ ਹੈ? ਮੇਰਾ ਜਵਾਬ ਸੀ ਕਿ ਅਸੀਂ ਕਹਾਣੀ ਸੰਗ੍ਰਹਿ ਵਾਲੀ ਸ਼ਰਤ ਨੂੰ ਹਟਾ ਸਕਦੇ ਹਾਂ ਪਰ ਕਹਾਣੀ ਜੇ 'ਉਸਨੇ ਕਹਾ ਥਾ' ਵਰਗੀ ਨਾ ਵੀ ਹੋਵੇ, ਤਾਂ ਉਸਦੇ ਆਸਪਾਸ ਦੀ ਤਾਂ ਹੋਵੇ। ਇਸ ਲਈ ਇਸ ਸੰਗ੍ਰਹਿ ਵਿਚ ਤਿੰਨ ਅਜਿਹੀਆਂ ਕਹਾਣੀਆਂ ਵੀ ਸ਼ਾਮਲ ਹੈਨ, ਜਿਹਨਾਂ ਦੇ ਲੇਖਕਾਂ ਦਾ ਹੁਣ ਤਕ ਕੋਈ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਨਹੀਂ ਹੋਇਆ ਹੈ।
ਅਸੀਂ ਲੇਖਕਾਂ ਦੀ ਜਾਣ-ਪਛਾਣ ਸੰਖੇਪ ਵਿਚ ਕਰਵਾਈ ਹੈ। ਲਿਖਤਾਂ ਦੇ ਇਲਾਵਾ ਉਹਨਾਂ ਦੇ ਜੀਵਨ ਦੀਆਂ ਹੋਰ ਗਤੀਵਿਧੀਆਂ ਬਾਰੇ ਬਹੁਤੀ ਚਰਚਾ ਨਹੀਂ ਕੀਤੀ ਗਈ। ਸਾਡੀ ਸੋਚ ਹੈ ਕਿ ਕਹਾਣੀ ਖ਼ੁਦ ਲੇਖਕ ਦੀ ਪਛਾਣ ਬਣੇ। ਇੰਜ ਨਾ ਹੋਵੇ ਕਿ ਜਾਣ-ਪਛਾਣ ਚਾਰ ਸਫਿਆਂ ਦੀ ਤੇ ਕਹਾਣੀ ਵਿਚਾਰੀ ਜਿਹੀ ਹੋਵੇ।
ਸਾਡੀ ਸੋਚ, ਕਹਾਣੀਆਂ ਦੀ ਚੋਣ ਤੇ ਇਹ ਪੂਰਾ ਸੰਗ੍ਰਹਿ ਤੁਹਾਨੂੰ ਕੈਸਾ ਲੱਗਿਆ? ਇਹ ਜਾਣਨਾ ਸਾਡੇ ਲਈ ਬੜਾ ਜ਼ਰੂਰੀ ਹੈ। ਜੇ ਤੁਸੀਂ ਲੇਖਕਾਂ ਨਾਲ ਸਿੱਧਾ ਸੰਪਰਕ ਕਰਨਾ ਚਾਹੋ ਤਾਂ ਉਹਨਾਂ ਦਾ ਪਤਾ ਤੇ ਈ. ਮੇਲ ਉਹਨਾਂ ਦੀ ਜਾਣ-ਪਛਾਣ ਵਿਚ ਸ਼ਾਮਲ ਕੀਤਾ ਗਿਆ ਹੈ।
ਤਾਂ ਲਓ ਫੇਰ, ਵਿਦੇਸ਼ ਵਿਚ ਵੱਸੇ ਕਹਾਣੀਕਾਰਾਂ ਦੀਆਂ ਕਹਾਣੀਆਂ ਦਾ ਰਸ ਮਾਣੋ।
    ---- ---- ----

No comments:

Post a Comment