Wednesday, August 10, 2011

ਮਾਰੀਆ... :: ਲੇਖ਼ਕਾ : ਜ਼ਕੀਯਾ ਜ਼ੁਬੈਰੀ

ਪ੍ਰਵਾਸੀ ਹਿੰਦੀ ਕਹਾਣੀ :

     ਮਾਰੀਆ
       ਲੇਖ਼ਕਾ : ਜ਼ਕੀਯਾ ਜ਼ੁਬੈਰੀ

E-mail : Zakiaz@aol.com




       ਅਨੁਵਾਦ : ਮਹਿੰਦਰ ਬੇਦੀ, ਜੈਤੋ




ਸਾਰੇ ਇਕ ਦੂਜੇ ਤੋਂ ਅੱਖਾਂ ਚੁਰਾ ਰਹੇ ਸਨ।
ਅਜੀਬ ਜਿਹਾ ਮਾਹੌਲ ਸੀ। ਹਰੇਕ ਇਨਸਾਨ ਕਿਸੇ ਅਖ਼ਬਾਰ-ਰਸਾਲੇ ਨੂੰ ਏਨਾ ਉੱਚਾ ਚੁੱਕ ਕੇ ਪੜ੍ਹ ਰਿਹਾ ਸੀ ਕਿ ਇਕ ਦੂਜੇ ਦਾ ਚਿਹਰਾ ਤਕ ਦਿਖਾਈ ਨਹੀਂ ਸੀ ਦੇ ਰਿਹਾ। ਸਿਰਫ ਕੱਪੜਿਆਂ ਤੋਂ ਅੰਦਾਜ਼ਾ ਲੱਗਦਾ ਸੀ ਕਿ ਕੌਣ ਏਸ਼ੀਅਨ ਹੈ ਤੇ ਕੌਣ ਬ੍ਰਿਟਿਸ਼, ਵਰਨਾ ਚਿਹਰੇ, ਸਾਰਿਆਂ ਨੇ ਢਕੇ ਹੋਏ ਸਨ।...ਤੇ ਜਿਹੜੇ ਮੁਜਰਿਮ ਸਨ ਉਹ ਸ਼ਾਂਤ ਤੇ ਬੇਫ਼ਿਕਰ ਬੈਠੇ ਸਨ, ਜਿਵੇਂ ਉਹਨਾਂ ਕੋਈ ਜੁਰਮ ਹੀ ਨਾ ਕੀਤਾ ਹੋਵੇ। ਮੁਜਰਿਮ ਪੈਦਾ ਕਰਨ ਵਾਲੀਆਂ ਤਾਂ ਬਸ ਮਾਵਾਂ ਸਨ।
ਕੁਝ ਸਿਰ ਫਿਰੇ ਤਾਂ ਇੱਥੋਂ ਤਕ ਕਹਿ ਦੇਂਦੇ ਸਨ ਕਿ ਇਹ ਭਗਵਾਨ ਦਾ ਵੀ ਤਾਂ ਇਕ ਜੁਰਮ ਹੀ ਹੈ ਜਿਸਨੇ ਇਸ ਸਰਿਸ਼ਟੀ ਦੀ ਰਚਨਾਂ ਕੀਤੀ ਹੈ। ਕੀ ਮਿਲਿਆ ਉਸਨੂੰ? ਕੀ ਹਾਸਿਲ ਹੋਇਆ? ਹਰ ਪਲ ਹਰ ਛਿਣ ਆਪਣੇ ਵਿਦਰੋਹੀ ਬੰਦਿਆਂ ਹੱਥੋਂ ਜਲੀਲ ਹੀ ਤਾਂ ਹੁੰਦਾ ਰਹਿੰਦਾ ਹੈ! ਹਰ ਘੜੀ ਉਸਨੂੰ ਚੈਲੇਂਜ ਕੀਤਾ ਜਾਂਦਾ ਹੈ, ਲਲਕਾਰਿਆ ਜਾਂਦਾ ਹੈ। ਕਿੰਨੇ ਲੋਕ ਸੱਚੇ ਦਿਲ ਤੇ ਬਿਨਾਂ ਕਿਸੇ ਸਵਾਰਥ ਦੇ ਉਸਨੂੰ ਯਾਦ ਕਰਦੇ ਨੇ? ਸਿਰਫ ਮੁਸੀਬਤ ਸਮੇਂ ਸ਼ਿਕਾਇਤਾਂ, ਫਰਿਆਦਾਂ ਕਰਨ ਲਈ ਹੀ ਉਸਨੂੰ ਯਾਦ ਕੀਤਾ ਜਾਂਦਾ ਹੈ।
ਬਿਲਕੁਲ ਉਸੇ ਤਰ੍ਹਾਂ ਮਾਰੀਆ ਦੀ ਮਾਂ ਮਾਰਥਾ ਵੀ ਆਪਣੀ ਧੀ ਦੇ ਸਮੇਂ ਤੋਂ ਪਹਿਲਾਂ ਮਾਂ ਬਣ ਦੀ ਘੜੀ ਤੋਂ ਸ਼ਰਮਿੰਦਾ, ਭਾਰੇ ਕਦਮਾਂ ਨਾਲ, ਕਲੀਨਿਕ 'ਚੋਂ ਬਾਹਰ ਨਿਕਲ ਰਹੀ ਸੀ। ਜਾਂਦਿਆਂ-ਜਾਂਦਿਆਂ ਆਪਣੇ ਵਰਗੀਆਂ ਹੀ ਦੋ ਤਿੰਨ ਹੋਰ ਮਾਵਾਂ ਨਾਲ ਉਸਦਾ ਸਾਹਮਣਾ ਹੋਇਆ। ਹਰੇਕ ਨੇ ਨਜ਼ਰਾਂ ਝੁਕਾਅ ਲਈਆਂ। ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਕਬਰਸਤਾਨ ਵਿਚ ਮੁਰਦੇ ਦਫ਼ਨ ਕਰਨ ਜਾ ਰਹੀਆਂ ਹੋਣ। ਸਭਨਾਂ ਦੇ ਚਿਹਰੇ ਉਦਾਸ-ਉਦਾਸ, ਬੇਰੌਣਕ, ਮੁਰਝਾਏ-ਮੁਰਝਾਏ ਲੱਗ ਰਹੇ ਸਨ—ਜਿਵੇਂ ਸਭ ਕੁਝ ਲੁੱਟਿਆ-ਪੁੱਟਿਆ ਗਿਆ ਹੋਵੇ, ਕੁਝ ਵੀ ਬਾਕੀ ਨਾ ਬਚਿਆ ਹੋਵੇ।
ਮਾਰਥਾ ਵੀ ਜਿਧਰ ਨੂੰ ਪੈਰ ਤੁਰੇ, ਤੁਰਦੀ ਗਈ। ਕੁਝ ਪਤਾ ਨਹੀਂ ਸੀ ਕਿ ਕਿੱਧਰ ਜਾ ਰਹੀ ਹੈ। ਪਤਲੀ ਜਿਹੀ ਇਕ ਪਗਡੰਡੀ ਸੀ ਜਿਸ ਦੇ ਦੋਵੇਂ ਪਾਸੇ ਸ਼ਾਹ-ਬਲੂਤ ਦੇ ਰੁੱਖ ਆਪਣੇ ਹਰੇ ਹਰੇ ਪੱਤਿਆਂ ਤੋਂ ਮੁਕਤੀ ਪਾ ਚੁੱਕੇ ਸਨ। ਕਾਲੀਆਂ-ਕਾਲੀਆਂ ਟਾਹਣੀਆਂ ਸਮੇਤ ਨੰਗ-ਧੜ, ਸ਼ਰਮਿੰਦਾ ਜਿਹੇ ਹੋਏ ਖੜ੍ਹੇ ਸਨ। ਪੀਲੇ ਤੇ ਅੱਗ ਦੇ ਰੰਗ ਵਿਚ ਰੰਗੇ ਹੋਏ ਪੱਤੇ, ਮਾਰਥਾ ਦੇ ਪੈਰਾਂ ਹੇਠ ਦਬ ਕੇ ਇੰਜ ਕਰਾਹ ਰਹੇ ਸਨ ਜਿਵੇਂ ਕਿਸੇ ਬੱਚੇ ਦਾ ਗਲ਼ਾ ਘੁੱਟਿਆ ਜਾ ਰਿਹਾ ਹੋਵੇ। ਜਿਹੜਾ ਹੱਥ-ਪੈਰ ਮਾਰਦਾ ਸਹਾਇਤਾ ਮੰਗ ਰਿਹਾ ਹੋਵੇ, ਕੁਰਲਾਅ ਕੇ ਪ੍ਰਾਰਥਨਾਂ ਕਰ ਰਿਹਾ ਹੋਵੇ ਕਿ ਮੈਨੂੰ ਬਚਾਓ, ਮੈਨੂੰ ਬਚਾਓ। ਮੇਰਾ ਕੀ ਕਸੂਰ ਹੈ? ਮੈਂ ਕੀ ਅਪਰਾਧ ਕੀਤਾ ਹੈ? ਮੈਨੂੰ ਕਿਸ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਹੈ? ਮਾਰਥਾ ਘਬਰਾ ਕੇ ਤੇਜ਼-ਤੇਜ਼ ਤੇ ਕਾਹਲੇ-ਕਦਮੀਂ ਤੁਰਨ ਲੱਗੀ ਪਰ ਆਵਾਜ਼ ਵੀ ਓਨੀ ਹੀ ਤੇਜ਼ ਹੁੰਦੀ ਗਈ। ਮਾਰਥਾ ਦਾ ਗੱਚ ਭਰ ਆਇਆ। ਪੈਰ ਰੁਕ ਗਏ ਤੇ ਉਹ ਨੇੜੇ ਪਈ ਇਕ ਬੈਂਚ ਉੱਤੇ ਜਾ ਬੈਠੀ। ਅੱਖਾਂ ਸਿੱਜਲ ਹੋ ਗਈਆਂ ਸਨ ਤੇ ਸਭ ਕੁਝ ਧੁੰਦਲਾ-ਧੁੰਦਲਾ ਜਿਹਾ ਨਜ਼ਰ ਆ ਰਿਹਾ ਸੀ। ਫੇਰ ਅੱਖਾਂ ਵਿਚੋਂ ਮੋਟੇ-ਮੋਟੇ ਤੇ ਗਰਮ-ਗਰਮ ਅੱਥਰੂ ਵਹਿ ਤੁਰੇ, ਜਿਵੇਂ ਇਹ ਸਾਰੀ ਦੁਨੀਆਂ, ਸਾਰੇ ਸੰਸਾਰ, ਨੂੰ ਡੋਬ ਦੇਣਗੇ...ਗਰਕ ਕਰ ਦੇਣਗੇ। ਅੱਖਾਂ ਬੰਦ ਸਨ ਪਰ ਸਭ ਕੁਝ ਦੇਖ ਰਹੀ ਸੀ ਉਹ। ਰੁੱਖਾਂ ਦੀ ਓਟ ਵਿਚ ਕਲੀਨਿਕ ਦੀ ਇਮਾਰਤ ਦਿਖਾਈ ਦੇ ਰਹੀ ਸੀ। ਪਰ ਮਾਰਥਾ ਵਾਰੀ-ਵਾਰੀ ਉਸ ਭਵਨ ਤੋਂ ਅੱਖਾਂ ਚੁਰਾ ਰਹੀ ਸੀ ਕਿ ਕੋਈ ਕਿਤੇ ਇਹ ਨਾ ਸਮਝ ਲਵੇ ਕਿ ਮਾਰੀਆ ਨੂੰ ਉਸਨੇ ਉੱਥੇ ਛੱਡਿਆ ਹੋਇਆ ਹੈ। ਫੇਰ ਹਰ ਆਦਮੀ ਦੇ ਦਿਮਾਗ਼ ਵਿਚ ਹਜ਼ਾਰਾਂ ਸਵਾਲ ਉਠਣਗੇ, ਬੁੱਲ੍ਹਾਂ ਤਕ ਆਉਣਗੇ ਤੇ ਉਹਨਾਂ ਦਾ ਪ੍ਰਚਾਰ ਕੀਤਾ ਜਾਵੇਗਾ। ਮਾਰਥਾ ਕਿਸ-ਕਿਸ ਨੂੰ ਜਵਾਬ ਦਵੇਗੀ? ਕਿੰਨੇ ਝੂਠ ਬੋਲੇਗੀ? ਇਕ ਝੂਠ ਪਿੱਛੋਂ ਸੈਂਕੜੇ ਜਵਾਬ ਹੋਰ ਘੜਨੇ ਪੈਂਦੇ ਨੇ। ਜੇ ਇਕ ਵਾਰੀ ਹਿੰਮਤ ਕਰਕੇ ਸੱਚ ਬੋਲ ਦਿੱਤਾ ਜਾਵੇ, ਤਾਂ ਸਿਰਫ ਇਕੋ ਜਵਾਬ ਸਾਰੇ ਸਵਾਲਾਂ ਦਾ ਜਵਾਬ ਹੋ ਨਿਬੜਦਾ ਹੈ। ਪਰ ਸੱਚ ਬੋਲਿਆ ਕਿੰਜ ਜਾਵੇ? ਬੜਾ ਕੌੜਾ ਹੁੰਦਾ ਹੈ ਸੱਚ! ਚੁਭਣ ਵਾਲੇ ਸੱਚ ਨੂੰ ਬੁੱਲ੍ਹਾਂ ਤਕ ਕਿੰਜ ਲਿਆਂਦਾ ਜਾਵੇ? ਕਿੰਜ ਬਿਆਨ ਕੀਤਾ ਜਾਵੇ? ਵਿਚਾਰੀ ਮਾਰਥਾ ਇਸੇ ਉਧੇੜਬੁਣ ਵਿਚ ਬੈਠੀ ਰੋਂਦੀ ਰਹੀ, ਸਿਸਕਦੀ ਰਹੀ। ਪਤਝੜ ਦੀ ਮਾਰ ਖਾਧੇ ਪੱਤਿਆਂ ਨੂੰ ਆਉਂਦੇ ਜਾਂਦੇ ਰਾਹੀ-ਪਾਂਧੀ ਕੁਚਲਦੇ ਰਹੇ। ਮਾਰਥਾ ਬੈਠੀ ਪੱਤਿਆਂ ਦੀ ਚੀਕ-ਪੂਕਾਰ ਸੁਣਦੀ ਰਹੀ। ਘੜੀ ਦੇਖਦੀ, ਅਜੇ ਬੜਾ ਸਮਾਂ ਪਿਆ ਸੀ। ਕੀ ਕਰੇ? ਕਿਧਰ ਜਾਵੇ?
ਪ੍ਰਕ੍ਰਿਤੀ ਦਾ ਤਮਾਸ਼ਾ ਵੀ ਖ਼ੂਬ ਹੈ। ਸਿਰਜਣ ਵਿਚ ਸਮਾਂ ਲੱਗਦਾ ਹੈ ਜਦ ਕਿ ਵਿਨਾਸ਼ ਕੁਝ ਪਲਾਂ ਵਿਚ ਹੀ ਹੋ ਜਾਂਦਾ ਹੈ। ਦਮ ਘੁਟਦਾ ਜਾ ਰਿਹਾ ਸੀ। ਖੁੱਲ੍ਹੇ ਆਸਮਾਨ ਹੇਠ ਵੀ ਸਾਹ ਲੈਣਾ ਦੁੱਭਰ ਹੋ ਗਿਆ ਸੀ। ਮਾਰਥਾ ਦਾ ਜੀਅ ਘਬਰਾਉਣ ਲੱਗਾ ਤੇ ਬੇਅਖ਼ਤਿਆਰ ਦਿਲ ਚਾਹੁਣ ਲੱਗਾ ਕਿ ਦੌੜ ਕੇ ਕਿਸੇ ਹਨੇਰੇ ਕਮਰੇ ਵਿਚ ਜਾ ਕੇ, ਕਿਸੇ ਦੀ ਬੁੱਕਲ ਵਿਚ ਮੂੰਹ ਛਿਪਾਅ ਕੇ ਆਪਣੇ ਸਾਰੇ ਦੁੱਖ ਉਸਦੀ ਸਫ਼ੇਦ ਟੀ-ਸ਼ਰਟ ਦੀ ਝੋਲੀ ਵਿਚ ਉਲਟ ਦੇਵੇ। ਉਹ ਆਪਣਾ ਸੱਜਾ ਹੱਥ ਮਾਰਥਾ ਦੇ ਵਾਲਾਂ ਵਿਚ ਫੇਰਦਾ ਰਹੇ, ਮੱਥੇ ਨੂੰ ਚੁੰਮਦਾ ਰਹੇ ਤੇ ਕਹਿੰਦਾ ਰਹੇ, 'ਸਭ ਠੀਕ ਹੋ ਜਾਏਗਾ, ਸਭ ਠੀਕ ਹੋ ਜਾਏਗਾ।'
ਮਾਰਥਾ ਸਾਹ ਰੋਕੀ ਉਸਦੀ ਬੁੱਕਲ ਵਿਚ ਬੱਚਿਆਂ ਵਾਂਗ ਲੇਟੀ ਰਹਿੰਦੀ। ਸੁਰੱਖਿਆ ਦਾ ਅਹਿਸਾਸ ਕਿੰਨਾ ਆਤਮ-ਵਿਸ਼ਵਾਸ ਪੈਦਾ ਕਰਦਾ ਹੈ! ਪਿਆਰ ਵਿਚ ਕਿੰਨੀ ਪੱਕਿਆਈ ਪੈਦਾ ਹੋ ਜਾਂਦੀ ਹੈ! ਚਾਹਤ ਕਿਹੜੇ ਹੱਦ-ਬੰਨਿਆਂ ਨੂੰ ਛੂਹ ਲੈਂਦੀ ਹੈ! ਇਹ ਸਿਰਫ ਦੋ ਸੱਚੀ ਮੁਹੱਬਤ ਤੇ ਇਕ ਦੂਜੇ ਨੂੰ ਪਿਆਰ ਕਰਨ ਵਾਲੇ ਤੇ ਇਕ ਦੂਜੇ ਉੱਤੇ ਵਿਸ਼ਵਾਸ ਕਰਨ ਵਾਲੇ ਹੀ ਸਮਝ ਸਕਦੇ ਨੇ। ਕਦੀ ਮਾਰਥਾ ਦਾ ਸਿਰ ਉਸਦੇ ਮੋਢੇ ਉੱਤੇ ਹੁੰਦਾ ਤੇ ਕਦੀ ਉਸਦਾ ਸਿਰ ਮਾਰਥਾ ਦੀ ਗੋਦ ਵਿਚ। ਇੰਜ ਮਹਿਸੂਸ ਹੁੰਦਾ ਜਿਵੇਂ ਉਸਦਾ ਆਪਣਾ ਬੱਚਾ ਗੋਦੀ ਵਿਚ ਪਿਆ ਹੋਵੇ। ਭਰਾ ਹੋਵੇ, ਪਿਓ ਹੋਵੇ, ਪਤੀ ਹੋਵੇ ਜਾਂ ਪ੍ਰੇਮੀ—ਔਰਤ ਤਾਂ ਇਕ ਮਾਂ ਹੁੰਦੀ ਹੈ। ਉਹ ਹਰ ਪਲ ਹਰ ਮੌਕੇ ਮਮਤਾ ਨਿਛਾਵਰ ਕਰਨ ਲਈ ਤਤਪਰ ਹੁੰਦੀ ਹੈ। ਐਨ ਇਸੇ ਤਰ੍ਹਾਂ ਕਦੀ ਕਦੀ ਸਾਰੀ ਰਾਤ ਉਸਦਾ ਸੰਘਣੇ ਤੇ ਚਮਕਦਾਰ ਵਾਲਾਂ ਵਾਲਾ ਸਿਰ ਆਪਣੀ ਹਿੱਕ ਨਾਲ ਲਾਈ ਪਈ ਰਹਿੰਦੀ। ਵਾਲਾਂ ਵਿਚ ਉਂਗਲਾਂ ਫੇਰਦੀ, ਮੱਥਾ ਚੁੰਮਦੀ ਤੇ ਠੋਡੀ ਤੇ ਗਰਦਨ ਨੂੰ ਮਹਿਸੂਸ ਕਰਦੀ। ਕਦੀ ਕਦੀ ਉਹ ਸੁੱਤਾ-ਸੁੱਤਾ ਆਵਾਜ਼ ਦੇਂਦਾ। ਮਾਰਥਾ ਜਵਾਬ ਵਿਚ ਪਿਆਰ ਕਰਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਉਂਦੀ ਤੇ ਐਨ ਬੱਚਿਆਂ ਵਾਂਗ ਹੀ ਉਸਦੇ ਸਿਰ ਨੂੰ ਹੋਰ ਜ਼ੋਰ ਨਾਲ, ਨਾਲ ਘੁੱਟ ਕੇ ਸੰਵਾਅ ਦੇਂਦੀ। ਉਹ ਫੇਰ ਇਕ ਮਾਸੂਮ ਬੱਚੇ ਵਾਂਗ ਅਵੇਸਲਾ ਹੋ ਜਾਂਦਾ ਕਿ ਮਾਰਥਾ ਗਈ ਨਹੀਂ, ਤੇ ਫੇਰ ਗੂੜ੍ਹੀ ਨੀਂਦ ਸੌਂ ਜਾਂਦਾ। ਅਚਾਨਕ ਅਲਾਰਮ ਦੀ ਘੰਟੀ ਨਾਲ ਦੋਵੇਂ ਜਾਗ ਜਾਂਦੇ ਤੇ ਇਕ ਦੂਜੇ ਨਾਲ ਲਿਪਟ ਜਾਂਦੇ ਕਿ ਇਹ ਜੁਦਾਈ ਦੀ ਘੜੀ ਕਿੰਜ ਬਰਦਾਸ਼ਤ ਕਰਾਂਗੇ?...ਥੋੜ੍ਹੀ ਦੇਰ ਵਿਚ ਕਾਰ ਰਵਾਨਾ ਹੋ ਰਹੀ ਹੁੰਦੀ ਤੇ ਉਹ ਖਿੜਕੀ ਵਿਚ ਖੜ੍ਹਾ ਹੁੰਦਾ—ਇਕ ਕੈਦੀ ਵਾਂਗ। ਚਾਹੁੰਦਾ ਹੋਇਆ ਵੀ ਉਹ ਉਸਨੂੰ ਵਿਦਾਅ ਨਹੀਂ ਸੀ ਕਹਿ ਸਕਦਾ। ਹਨੇਰੇ ਵਿਚ ਮਾਰਥਾ ਨੂੰ ਜਾਂਦੇ ਦੇਖਦਾ ਤਾਂ ਘਬਰਾ ਜਾਂਦਾ ਤੇ ਮਿੰਨਤ ਕਰਦਾ ਕਿ ਥੋੜ੍ਹਾ ਚਾਨਣ ਹੋ ਜਾਵੇ ਤਾਂ ਚਲੀ ਜਾਵੀਂ। ਉਹ ਜਿਸ ਚਾਨਣ ਦੀ ਗੱਲ ਕਰਦਾ, ਉਹ ਸਿਰਫ ਉਸਦੀ ਹੋਂਦ ਨਾਲ ਸੀ। ਜਿੱਥੇ ਉਹ ਹੁੰਦਾ, ਚਾਨਣ ਹੀ ਚਾਨਣ ਹੁੰਦਾ। ਉਸਤੋਂ ਦੂਰੀ ਗੂੜ੍ਹੇ-ਹਨੇਰੇ ਕਰ ਦੇਂਦੀ—ਚਾਹੇ ਸੂਰਜ ਕਿੰਨਾਂ ਵੀ ਤੇਜ਼ ਕਿਉਂ ਨਾ ਚਮਕ ਰਿਹਾ ਹੁੰਦਾ। ਜੇ ਉਹ ਨਹੀਂ ਤਾਂ ਕੁਝ ਵੀ ਨਹੀਂ।...ਤੇ ਗੱਡੀ ਸੜਕ 'ਤੇ ਦੌੜ ਪੈਂਦੀ। ਮਾਰਥਾ ਸ਼ੀਸ਼ਾ ਹੇਠਾਂ ਕਰਕੇ ਹੱਥ ਹਿਲਾਉਂਦੀ। ਹੱਥਾਂ ਦੇ ਇਸ਼ਾਰੇ ਨਾਲ ਚੁੰਮਣਾ ਦੀ ਝੜੀ ਲਾ ਦੇਂਦੀ। ਜਦ ਤਕ ਉਹ ਅੱਖਾਂ ਤੋ ਓਹਲੇ ਨਾ ਹੋ ਜਾਂਦੀ ਉਹ ਵੀ ਹੱਥ ਹਿਲਾਉਂਦਾ ਰਹਿੰਦਾ ਤੇ ਦੂਜੇ ਪਲ ਹੀ ਫ਼ੋਨ ਦੀ ਘੰਟੀ ਵੱਜਦੀ। ਉਂਘਲਾਈ ਜਿਹੀ ਆਵਾਜ਼ ਕੰਨਾਂ ਵਿਚ ਰਸ ਘੋਲ ਰਹੀ ਹੁੰਦੀ। “ਹੁਣ ਕਿੱਥੇ ਪਹੁੰਚ ਗਈ ਏਂ?...ਕੈਸੀ ਏਂ?...ਠੀਕ ਏਂ?...ਡਰ ਤਾਂ ਨਹੀਂ ਰਹੀ?...”
ਮਾਰਥਾ ਆਪਣੀ ਆਵਾਜ਼ ਵਿਚ ਵਿਸ਼ਵਾਸ ਪੈਦਾ ਕਰਦਿਆਂ ਹੋਇਆਂ ਕਹਿੰਦੀ, “ਨਹੀਂ, ਡਰ ਕਿਸ ਗੱਲ ਦਾ? ਤੂੰ ਜੋ ਏਂ!”
ਜਦੋਂ ਤਕ ਘਰ ਨਾ ਪਹੁੰਚ ਜਾਂਦੀ ਉਹ ਫ਼ੋਨ ਉੱਤੇ ਹੌਸਲਾ ਦੇਂਦਾ ਰਹਿੰਦਾ, ਗਾਣਾ ਸੁਣਾਉਂਦਾ ਰਹਿੰਦਾ ਤੇ ਵਾਰੀ-ਵਾਰੀ ਪੁੱਛਦਾ ਕਿ ਹੁਣ ਉਹ ਕਿੱਥੇ ਕੁ ਪਹੁੰਚ ਗਈ ਹੈ?
ਮਾਰਥਾ ਦੱਸਦੀ ਕਿ ਉਹ ਘਰ ਵਿਚ ਪਰਵੇਸ਼ ਕਰਨ ਲੱਗੀ ਹੈ ਤਾਂ ਉਹ ਉਦਾਸ ਹੋ ਜਾਂਦਾ ਤੇ ਕਹਿੰਦਾ, “ਤੂੰ ਬੜੀ ਯਾਦ ਆ ਰਹੀ ਏਂ।” ਤੇ ਜ਼ਿਦ ਕਰਦਾ ਕਿ ਛੱਡ ਕੇ ਨਾ ਜਾਇਆ ਕਰ, ਬਸ ਹੁਣ ਹਮੇਸ਼ਾ ਲਈ ਆ ਜਾ।
ਮਾਰਥਾ ਉਸਨੂੰ ਦਿਲਾਸੇ ਦੇਂਦੀ, ਪੁਚਕਾਰਦੀ, ਪਿਆਰਦੀ ਤੇ ਘਰ ਅੰਦਰ ਵੜਦੀ ਹੋਈ ਉਸਨੂੰ ਤੁਰੰਤ ਸੌਂ ਜਾਣ ਦੀ ਹਦਾਇਤ ਦੇਂਦੀ। ਭਰੜਾਈ ਹੋਈ ਆਵਾਜ਼ ਵਿਚ ਸ਼ੁਭ-ਰਾਤਰੀ ਕਹਿੰਦੀ ਤੇ ਫ਼ੋਨ ਬੰਦ ਕਰ ਦੇਂਦੀ।
ਜਦੋਂ ਵੀ ਦੋਵੇਂ ਮਿਲਦੇ ਇਕ-ਇਕ ਛਿਣ ਜੀਅ ਭਰ ਕੇ ਪਿਆਰ ਕਰਦੇ। ਮਾਰਥਾ ਉਸ ਉਤੋਂ ਵਾਰੀ-ਘੋਲੀ ਜਾਂਦੀ। ਤੇ ਜਦੋਂ ਵਿਛੜਦੇ ਤਾਂ ਧੁਰ ਅੰਦਰ ਤੀਕ ਉਦਾਸ ਹੋ ਜਾਂਦੀ। ਇਕ ਅਨਿਸ਼ਚਿਤ ਅਹਿਸਾਸ ਕਿ ਪਤਾ ਨਹੀਂ ਹੁਣ ਕੱਲ੍ਹ ਕੀ ਹੋਵੇਗਾ? ਇਸੇ ਤਰ੍ਹਾਂ ਦੋਵਾਂ ਨੇ ਕਈ ਵਰ੍ਹੇ ਨਾਲ-ਨਾਲ ਬਿਤਾਅ ਦਿੱਤੇ—ਤੇ ਅੱਜ ਜਦੋਂ ਮਾਰਥਾ ਇਕੱਲੀ ਹੈ, ਬਗ਼ੈਰ ਪੱਤਿਆਂ ਦੇ ਰੁੱਖਾਂ ਹੇਠ ਇਕੱਲੀ ਤੇ ਉਦਾਸ ਬੈਠੀ ਹੋਈ ਹੈ—ਇਹ ਰੁੱਖ ਵੀ ਮਾਰਥਾ ਨੂੰ ਆਪਣੀ ਜ਼ਿੰਦਗੀ ਦਾ ਪ੍ਰਤੀਕ ਦਿਖਾਈ ਦੇਣ ਲੱਗ ਪਏ ਸਨ। ਜਿਹੜੇ ਜ਼ਿੰਦਗੀ ਦੀਆਂ ਬਹਾਰਾਂ ਦੇਖਣ ਪਿੱਛੋਂ ਪਤਝੜ ਦੇ ਹੱਥੇ ਚੜ੍ਹ ਚੁੱਕੇ ਸਨ। ਹੁਣ ਸਿਰਫ ਪੀਲੇ, ਸੁਨਹਿਰੇ, ਭੂਰੇ ਤੇ ਨਾਰੰਗੀ ਪੱਤੇ ਹੀ ਬਹਾਰ ਦੇ ਬੀਤ ਜਾਣ ਦੀ ਕਹਾਣੀ ਸੁਣਾ ਰਹੇ ਸਨ।
ਮਾਰਥਾ ਬੇਚੈਨੀ ਨਾਲ ਮਾਰੀਆ ਦਾ ਇੰਤਜ਼ਾਰ ਕਰ ਰਹੀ ਸੀ। ਇੰਤਜ਼ਾਰ ਦੀ ਤੜਫ਼ ਦੇ ਨਾਲ-ਨਾਲ ਵਾਰੀ-ਵਾਰੀ ਉਸਦਾ ਖ਼ਿਆਲ ਆ ਰਿਹਾ ਸੀ। ਉਸਦੀ ਕਮੀ ਮਹਿਸੂਸ ਕਰ ਰਹੀ ਸੀ ਉਹ। ਇਕੱਲਾਪਣ ਖਾਈ ਜਾ ਰਿਹਾ ਸੀ ਉਸਨੂੰ। ਉਹ ਕਿੱਡਾ ਮਜ਼ਬੂਤ ਸਹਾਰਾ ਹੁੰਦਾ, ਜਦੋਂ ਉਹ ਮੁਸ਼ਕਿਲ ਵਿਚ ਹੁੰਦੀ ਸੀ। ਕੋਈ ਵੀ ਪ੍ਰੇਸ਼ਾਨੀ ਹੁੰਦੀ ਤਾਂ ਉਹ ਕਹਿੰਦਾ, “ਤੂੰ ਕਿਉਂ ਪ੍ਰੇਸ਼ਾਨ ਹੁੰਦੀ ਏਂ?...ਮੈਂ ਜੋ ਹਾਂ।” ਤੇ ਅੱਜ ਜਦੋਂ ਮਾਰਥਾ ਨੂੰ ਇਕ ਚਾਹੁਣ ਵਾਲੇ ਦੇ ਸਹਾਰੇ ਦੀ ਲੋੜ ਹੈ ਤਾਂ ਉਹ ਕਿੰਨੀ ਇਕੱਲੀ ਹੈ!
ਮਾਰੀਆ ਉਸਦੀ ਆਪਣੀ ਬੱਚੀ-ਜਿਸਨੂੰ ਉਹ ਹਮੇਸ਼ਾ ਆਪਣੀ ਦੋਸਤ, ਆਪਣਾ ਸਾਥੀ ਤੇ ਆਪਣਾ ਸਹਾਰਾ ਸਮਝਦੀ ਰਹੀ—ਉਹ ਆਪਣੀ ਮਾਂ ਨੂੰ ਦੱਸੇ ਬਗ਼ੈਰ ਸਭ ਕੁਝ ਕਰ ਬੈਠੀ! ਮਾਂ ਦੇ ਵਿਸ਼ਵਾਸ ਨੂੰ ਕਿੰਜ ਠੋਕਰ ਮਾਰੀ! ਇਸ ਤੜਫਨ ਨੂੰ ਸਿਰਫ ਉਹੀ ਸਮਝ ਸਕਦਾ ਸੀ। ਮਾਰਥਾ ਨੂੰ ਫੇਰ ਉਹ ਯਾਦ ਆਉਣ ਲੱਗਿਆ। ਤੇ ਅੱਥਰੂ ਹੱਦ-ਬੰਨੇ ਤੋੜ ਕੇ ਬਾਹਰ ਆਉਣ ਲਈ ਬੇਤਾਬ ਹੋ ਗਏ।
ਅਚਾਨਕ ਘੜੀ 'ਤੇ ਨਜ਼ਰ ਪਈ, ਸਮਾਂ ਹੋ ਗਿਆ ਸੀ। ਮਾਰਥਾ ਕਾਹਲ ਨਾਲ ਉੱਠੀ ਤੇ ਕਾਹਲੀ-ਕਾਹਲੀ ਤੁਰਦੀ ਹੋਈ ਕਲੀਨਿਕ ਵੱਲ ਤੁਰ ਪਈ। ਹੁਣ ਇਹ ਪੱਤੇ ਤੜਫ-ਤੜਫ ਕੇ ਖਾਮੋਸ਼ ਹੋ ਗਏ ਸਨ। ਮਾਰਥਾ ਦੀ ਚਾਲ ਵਿਚ ਵੀ ਠਹਿਰਾਅ ਆ ਗਿਆ ਸੀ। ਅੱਥਰੂ ਵੀ ਕਾਫੀ ਹੱਦ ਤਕ ਰੁਕ ਗਏ ਸਨ। ਕਲੀਨਿਕ ਦੀ ਘੰਟੀ ਵਜਾਂਦਿਆਂ ਹੀ ਦਰਵਾਜ਼ਾ ਖੁੱਲਿ•ਆ, ਤੇ ਮਾਰਥਾ ਨੇ ਅੰਦਰ ਵੜਦਿਆਂ ਹੀ ਰਿਸੈਪਸ਼ਨ ਉੱਤੇ ਬੈਠੀ ਇਕ ਟਰੇਂਡ ਨਰਸ ਕੋਲੋਂ ਪੁੱਛਿਆ, “ਮਾਰੀਆ ਕਿੱਥੇ ਆ, ਕੈਸੀ ਏ, ਉਹ ਠੀਕ ਏ ਨਾ? ਕੀ ਤੁਸਾਂ ਖ਼ੁਦ ਮਾਰੀਆ ਨੂੰ ਵੇਖਿਆ ਏ?” ਮਾਰਥਾ ਲਗਾਤਾਰ ਸਵਾਲ ਕਰਦੀ ਰਹੀ, ਬੋਲਦੀ ਰਹੀ—ਉਸਨੇ ਨਰਸ ਨੂੰ ਜਵਾਬ ਦੇਣ ਦਾ ਮੌਕਾ ਤਕ ਨਹੀਂ ਦਿੱਤਾ।
ਕੁਝ ਚਿਰ ਲਈ ਉਹ ਰੁਕੀ। ਸਮਾਂ ਮਿਲਿਆ ਤਾਂ ਨਰਸ ਨੇ ਪੁੱਛਿਆ, “ਮਾਰੀਆ ਦਾ ਪੂਰਾ ਨਾਂਅ ਕੀ ਏ?...ਤੇ ਉਹ ਕਿੰਨੀ ਕੁ ਉਮਰ ਦੀ ਏ ਮੈਡਮ?”
ਮਾਰੀਆ ਦਾ ਨਾਂ ਜਿਵੇਂ ਮਾਰਥਾ ਦੇ ਹਲਕ ਵਿਚ ਅਟਕ ਗਿਆ ਹੋਵੇ। ਜਿਵੇਂ ਉਸਦਾ ਜੀਅ ਚਾਹ ਰਿਹਾ ਹੋਵੇ ਕਿ ਮਾਰੀਆ ਦਾ ਨਾਂ ਛੁਪਾਅ ਲਵੇ। ਕਿਤੇ ਇੱਥੇ ਬੈਠੀਆਂ ਸਾਰੀਆਂ ਔਰਤਾਂ ਨੂੰ ਪਤਾ ਨਾ ਲੱਗ ਜਾਵੇ ਕਿ ਮਾਰੀਆ ਨੇ ਕੀ ਕੀਤਾ ਹੈ...ਤੇ ਉਮਰ ਬਾਰੇ ਤਾਂ ਸੋਚ ਕੇ ਹੀ ਉਸਨੂੰ ਗਸ਼ੀ ਪੈਣ ਵਾਲੀ ਹੋ ਗਈ ਸੀ। ਪੰਦਰਾਂ ਸਾਲ ਦੀ ਕੁਆਰੀ ਮਾਂ! ਮਾਰਥਾ ਇਕ ਵਾਰੀ ਫੇਰ ਕੰਬ ਗਈ। ਸ਼ਰਮ ਨਾਲ ਪਾਣੀ ਪਾਣੀ ਹੋਣ ਲੱਗੀ। ਉਹ ਨਰਸ ਮਾਰੀਆ ਨੂੰ ਲੈ ਕੇ ਆ ਚੁੱਕੀ ਸੀ। ਮਾਂ ਧੀ ਦੀਆਂ ਨਜ਼ਰਾਂ ਮਿਲੀਆਂ। ਦੋਵਾਂ ਦੀਆਂ ਅੱਖਾਂ ਸਿੱਜਲ ਹੋ ਗਈਆਂ। ਦੋਵਾਂ ਨੇ ਨਜ਼ਰਾਂ ਝੁਕਾਅ ਲਈਆਂ। ਮਾਰੀਆ ਨੇ ਮਾਂ ਦੇ ਮੋਢੇ ਉਪਰ ਸਿਰ ਰੱਖ ਦਿੱਤਾ। ਮਾਂ ਨੇ ਉਸਦੇ ਹੱਥ ਫੜ੍ਹ ਲਏ। ਹੱਥ ਬਿਲਕੁਲ ਠੰਡੇ ਬਰਫ਼ ਹੋਏ ਹੋਏ ਸਨ। ਮਾਂ ਆਪਣੇ ਹੱਥਾਂ ਨਾਲ ਜਲਦੀ-ਜਲਦੀ ਉਸਦੇ ਹੱਥ ਮਲ-ਮਲ ਗਰਮ ਕਰਨ ਲੱਗੀ। ਮਾਂ ਨੂੰ ਮਹਿਸੂਸ ਹੋਇਆ ਕਿ ਮਾਰੀਆ ਦਾ ਰੰਗ ਸੰਗਮਰਮਰ ਵਰਗਾ ਸਫ਼ੇਦ ਹੋਇਆ ਹੋਇਆ ਹੈ। ਬੁੱਲ੍ਹਾਂ ਦਾ ਗੁਲਾਬੀ ਰੰਗ ਉੱਠ ਚੁੱਕਿਆ ਹੈ। ਸੰਘਣੇ ਸਨਹਿਰੀ ਵਾਲ ਉਲਝੇ ਹੋਏ ਮੋਢਿਆਂ 'ਤੇ ਖਿੱਲਰੇ ਹੋਏ ਨੇ। ਮਾਰੀਆ ਵਿਚ ਮਾਂ ਵਰਗੀ ਪਵਿੱਤਰਤਾ ਪੈਦਾ ਹੋ ਚੁੱਕੀ ਹੈ। ਮਾਂ ਉਸਨੂੰ ਫੜ੍ਹ ਕੇ ਹੌਲੀ-ਹੌਲੀ ਤੁਰਦੀ ਹੋਈ ਕਾਰ ਤਕ ਲੈ ਆਈ। ਮਾਰਥਾ ਖ਼ੁਦ ਨੂੰ ਏਨਾ ਕਮਜ਼ੋਰ ਮਹਿਸੂਸ ਕਰ ਰਹੀ ਸੀ ਜਿਵੇਂ ਕਾਰ ਚਲਾਉਣ ਦੀ ਤਾਕਤ ਹੀ ਨਾ ਰਹੀ ਹੋਵੇ। ਉਸਨੇ ਹਿੰਮਤ ਕਰਕੇ ਮਾਰੀਆ ਤੋਂ ਪੁੱਛਿਆ ਕਿ ਅਜਿਹਾ ਕੌਣ ਸੀ ਜਿਸ ਲਈ ਮਾਰੀਆ ਇਹ ਕੁਰਬਾਨੀ ਦੇ ਗਈ। ਮਾਰੀਆ ਨੇ ਮਾਂ ਨੂੰ ਕੋਈ ਉਤਰ ਨਾ ਦਿੱਤਾ ਤੇ ਮੂੰਹ ਉਸਦੀ ਗੋਦੀ ਵਿਚ ਲਕੋਅ ਲਿਆ।
ਮਾਂ ਹੋਰ ਉਦਾਸ ਹੋ ਗਈ। ਉਸਨੂੰ ਫੇਰ ਉਸਦਾ ਚੇਤਾ ਆ ਗਿਆ। ਉਹ ਵੀ ਮਾਰਥਾ ਦੀ ਗੋਦ ਵਿਚ ਇੰਜ ਹੀ ਮੂੰਹ ਲਕੋਅ ਲੈਂਦਾ ਹੁੰਦਾ ਸੀ।...ਘੰਟਿਆਂ ਬੱਧੀ ਲੇਟਿਆ ਰਹਿੰਦਾ ਸੀ ਤੇ ਕਹਿੰਦਾ ਸੀ, “ਮੇਰਾ ਜੀਅ ਕਰਦਾ ਏ ਕਿ ਵਕਤ ਇੱਥੇ ਈ ਰੁਕ ਜਾਵੇ।”
ਮਾਰਥਾ ਦੀ ਗੋਦ ਵਿਚ ਉਸਨੂੰ ਬੜੀ ਸ਼ਾਂਤੀ ਮਿਲਦੀ ਸੀ। ਮਾਰਥਾ ਉਸਨੂੰ ਗੋਦੀ ਵਿਚ ਲਿਟਾਈ ਘੰਟਿਆਂ ਬੱਧੀ ਇਕੋ ਜਗ੍ਹਾ ਬੈਠੀ ਰਹਿੰਦੀ ਸੀ। ਹਿੱਲਦੀ ਵੀ ਨਹੀਂ ਸੀ। ਮਾਰੀਆ ਦੇ ਵਾਲਾਂ ਵਿਚ ਉਂਗਲਾਂ ਫੇਰਦਿਆਂ ਹੋਇਆਂ ਮਾਂ ਨੇ ਦੁਬਾਰਾ ਪੁੱਛਿਆ, “ਮਾਰੀਆ ਅਜਿਹਾ ਕੌਣ ਸੀ ਜਿਸਦੀ ਮੁਹੱਬਤ ਵਿਚ ਤੂੰ ਆਪਣੇ ਆਪ ਨੂੰ ਬਰਬਾਦ ਕਰ ਲਿਆ...?”
ਮਾਰੀਆ ਨੇ ਮੂੰਹ ਹੋਰ ਅੰਦਰ ਘੁਸੇੜਦਿਆਂ ਹੋਇਆਂ ਭਿਚੀ-ਜਿਹੀ ਆਵਾਜ਼ ਵਿਚ ਕਿਹਾ, “ਮਾਂ ਜਿਸ ਕੋਲ ਤੂੰ ਜਾਂਦੀ ਸੈਂ!”
***

No comments:

Post a Comment