ਪੁਸਤਕ 'ਸਮੁਦਰ ਪਾਰ ਰਚਨਾ ਸੰਸਾਰ' : (ਪਰਵਾਸੀ ਭਾਰਤੀਯ ਹਿੰਦੀ ਕਹਾਣੀਆਂ) ਦੇ ਸੰਪਾਦਕ : ਸ਼੍ਰੀ ਹਰਿਭਟਨਾਗਰ ਤੇ ਸ਼੍ਰੀ ਤੇਜੇਂਦਰ ਸ਼ਰਮਾ ਹਨ। ਉਹਨਾਂ ਦੀ ਇਜਾਜ਼ਤ ਤੇ ਮੂਲ ਲੇਖਕਾਂ ਦੀ ਸਹਿਮਤੀ ਦੇ ਨਾਲ ਮੈਂ ਇਹਨਾਂ ਕਹਾਣੀਆਂ ਦਾ ਪੰਜਾਬੀ ਅਨੁਵਾਦ ਤੁਹਾਡੀ ਨਜ਼ਰ ਕਰਨ ਦਾ ਹੌਸਲਾ ਕਰ ਰਿਹਾ ਹਾਂ...ਤੇ ਅਸੀਂ ਸਾਰੇ ਹੀ ਤੁਹਾਡੀਆਂ ਕੀਮਤੀ ਰਾਵਾਂ ਤੇ ਟਿੱਪਣੀਆਂ ਦੀ ਉਡੀਕ ਬੜੀ ਸ਼ਿੱਦਤ ਨਾਲ ਕਰਾਂਗੇ...ਮਹਿੰਦਰ ਬੇਦੀ, ਜੈਤੋ।
Sunday, July 10, 2011
ਗਾਂਧੀ ਜੀ ਖੜ੍ਹੇ ਬਾਜ਼ਾਰ ਵਿਚ...:: ਲੇਖਕ : ਅਮਰੇਂਦਰ ਕੁਮਾਰ
ਵਿਅੰਗਮਈ ਹਿੰਦੀ ਕਹਾਣੀ :
ਗਾਂਧੀ ਜੀ ਖੜ੍ਹੇ ਬਾਜ਼ਾਰ ਵਿਚ...
ਲੇਖਕ : ਅਮਰੇਂਦਰ ਕੁਮਾਰ
E-mail : amarendrako2@yahoo.com
ਅਨੁਵਾਦ : ਮਹਿੰਦਰ ਬੇਦੀ, ਜੈਤੋ
ਦੋ ਅਕਤੂਬਰ ਦਾ ਦਿਨ—ਕਿੰਨੇ ਹੀ ਲੋਕਾਂ ਦੇ, ਕਈ ਮਹੀਨਿਆਂ ਤੋਂ ਪਿਰੋਏ, ਛੁੱਟੀ ਬਿਤਾਉਣ ਦੇ ਸੁਪਨੇ ਨੂੰ ਸਾਕਾਰ ਕਰਦਾ ਹੋਇਆ—ਤੇਜ਼ੀ ਨਾਲ ਸਰਕ ਰਿਹਾ ਸੀ। ਹਫ਼ਤੇ ਵਿਚ ਛੇ ਦਿਨ ਆਫ਼ਿਸ ਜਾਣਾ ਆਪਣੇ-ਆਪ ਵਿਚ ਇਕ ਅਸ਼ਵਮੇਘ ਯੱਗ ਵਾਂਗ ਹੁੰਦਾ ਹੈ। ਅਸ਼ਵਮੇਘ ਦਾ ਘੋੜਾ ਜਿਸ ਰਸਤੇ ਨਿਕਲ ਜਾਂਦਾ ਹੈ, ਉੱਥੋਂ ਦੀ ਸਾਰੀ ਜ਼ਮੀਨ ਉੱਤੇ ਰਾਜੇ ਦਾ ਰਾਜ ਹੋ ਜਾਂਦਾ ਹੈ। ਅਧੁਨਿਕ ਯੁੱਗ ਦੀ ਨੌਕਰਸ਼ਾਹੀ-ਪਿਰਤ ਵਿਚ ਫੈਕਟਰੀ ਦਾ ਮਾਲਕ ਜਾਂ ਸਰਕਾਰ—ਅਜਿਹੇ ਰਾਜਿਆਂ ਵਰਗੇ ਹੀ ਨੇ, ਜਿਹਨਾਂ ਦੇ ਕਰਮਚਾਰੀ ਅਸ਼ਵਮੇਘ ਯੱਗ ਦੇ ਘੋੜੇ ਵਾਂਗ ਫੈਕਟਰੀ, ਆਫ਼ਿਸ ਤੇ ਬਾਜ਼ਾਰ ਵਿਚ ਦੌੜਦੇ ਰਹਿੰਦੇ ਨੇ। ਦੌੜਦੇ ਤਾਂ ਘੋੜੇ ਹੀ ਨੇ ਪਰ ਜ਼ਮੀਨ ਉੱਤੇ ਕਬਜ਼ਾ ਉਹਨਾਂ ਦੇ ਮਾਲਕ ਦਾ ਹੁੰਦਾ ਹੈ। ਇਸ ਲਈ ਕਿ ਇਹ ਘੋੜੇ ਉਹਨਾਂ ਦੇ ਚਾਰੇ 'ਤੇ ਪਲਦੇ ਨੇ। ਫਰਕ ਸਿਰਫ਼ ਏਨਾ ਹੈ ਕਿ ਪੁਰਾਣੇ ਸਮਿਆਂ ਵਿਚ ਅਸ਼ਵਮੇਘ ਯੱਗ ਦੇ ਘੋੜੇ—ਕਿਤੇ ਵੀ ਤੇ ਕਿਸੇ ਵੀ ਦਿਸ਼ਾ ਵਿਚ ਜਾਣ ਲਈ—ਸੁਤੰਤਰ ਹੁੰਦੇ ਸਨ। ਪਰ ਅੱਜ ਦੇ ਘੋੜੇ ਫਾਈਲਾਂ ਦੇ ਢੇਰ ਪਿੱਛੇ ਚਰਮਰਾਉਂਦੀਆਂ ਹੋਈਆਂ ਕੁਰਸੀਆਂ ਉੱਤੇ ਪਏ ਰਹਿੰਦੇ ਨੇ। ਉਤਪਾਦਨ ਰੇਖਾ ਦੀ ਬੇਲਟ ਉੱਤੇ ਮੁਸਤੈਦ ਹੁੰਦੇ ਨੇ ਜਾਂ ਫੇਰ ਧੁੱਪ ਵਿਚ ਤਪਦੀਆਂ ਗਲੀਆਂ ਵਿਚ ਸਾਮਾਨ ਵੇਚਣ ਲਈ ਦੌੜਦੇ ਰਹਿੰਦੇ ਨੇ। ਇਹਨਾਂ ਦੀ ਦਿਸ਼ਾ, ਦਸ਼ਾ ਤੇ ਨੀਤੀ ਸਭ ਇਹਨਾਂ ਦੇ ਮਾਲਕਾਂ ਦੇ ਹੱਥ-ਵੱਸ ਹੁੰਦੀ ਹੈ। ਹੁਣ ਨਾ ਓਹੋ-ਜਿਹੇ ਰਾਮ ਰਹੇ ਨੇ, ਨਾ ਉਹਨਾਂ ਦੇ ਅਸ਼ਵਮੇਘ ਯੱਗ ਵਾਲੇ ਘੋੜੇ। ਜਦੋਂ ਮਹਾਰਾਣਾ ਪ੍ਰਤਾਪ ਹੀ ਨਾ ਹੋਏ, ਚੇਤਕ ਵੀ ਕਿੱਥੇ ਮਿਲੇਗਾ?
ਖ਼ੈਰ ਭਾਰਤ ਵਿਚ (ਜਾਂ ਬਾਹਰ ਵੀ) ਅਸੀਂ ਮਹਾਪੁਰਸ਼ਾਂ ਨੂੰ ਇਸ ਲਈ ਯਾਦ ਕਰਦੇ ਹਾਂ ਕਿ ਇਸ ਨਾਲ ਸਾਨੂੰ ਆਪਣੇ ਕੰਮ ਤੋਂ ਕੁਝ ਦਿਨਾਂ ਲਈ ਨਿਜ਼ਾਤ ਮਿਲ ਸਕੇ। ਨਹੀਂ ਤਾਂ ਜਨਮ-ਦਿਹਾੜੇ ਜਾਂ ਸੋਗ-ਦਿਵਸ ਮਨਾਉਣ ਲਈ ਛੁੱਟੀ ਦੀ ਲੋੜ ਹੀ ਕਿਉਂ ਪੈਂਦੀ। ਪਰ ਸ਼ਾਇਦ ਮੈਂ ਗਲਤ ਹਾਂ, ਜੇ ਕਿਸੇ ਨੂੰ ਯਾਦ ਕਰਨਾ ਹੋਏ ਤਾਂ ਉਸ ਲਈ ਛੁੱਟੀ ਤਾਂ ਚਾਹੀਦੀ ਹੀ ਹੈ। ਜੇ ਫੁਰਸਤ ਵਿਚ ਕਿਸੇ ਨੂੰ ਯਾਦ ਕੀਤਾ ਜਾਏ ਤਾਂ ਹੀ ਠੀਕ ਢੰਗ ਨਾਲ ਯਾਦ ਕੀਤਾ ਜਾ ਸਕਦਾ ਹੈ। ਜਿੰਨੇ ਮਹਾਨ ਵਿਅਕਤੀਆਂ ਨੂੰ ਯਾਦ ਕਰਨਾ ਹੋਏ ਓਨੀਆਂ ਵੱਧ ਛੁੱਟੀਆਂ ਦੀ ਲੋੜ ਹੁੰਦੀ ਹੈ। ਹੁਣ ਭਗਤ ਸਿੰਘ ਨੂੰ ਯਾਦ ਕਰਨ ਲਈ ਸਾਨੂੰ ਕੋਈ ਛੁੱਟੀ ਨਹੀਂ ਮਿਲਦੀ। ਵੈਸੇ ਆਦਮੀ ਦੀ ਗੱਲ ਨੂੰ ਛੱਡੋ, ਛੁੱਟੀ ਵਰਗੇ ਸੰਵੇਦਨਸ਼ੀਲ ਮਾਮਲੇ ਵਿਚ ਭਗਵਾਨਾਂ ਵਿਚ ਵੀ ਭੇਦ-ਭਾਵ ਘੱਟ ਨਹੀਂ ਹੈ। ਰਾਮ-ਨੌਮੀਂ ਦੀ ਛੁੱਟੀ ਹੋ ਜਾਂਦੀ ਹੈ, ਪਰ ਕ੍ਰਿਸ਼ਨ-ਅਸ਼ਟਮੀ ਦੀ ਛੁੱਟੀ ਨਹੀਂ ਮਿਲਦੀ। ਮਹਾਵੀਰ-ਜਯੰਤੀ ਦੀ ਛੁੱਟੀ ਹੁੰਦੀ ਹੈ, ਪਰ ਬੁੱਧ-ਜਯੰਤੀ ਦੀ ਛੁੱਟੀ ਨਹੀਂ ਹੁੰਦੀ। ਵੇਸੇ ਕੰਮ ਦਾ ਕੀ ਹੈ, ਇਕ ਦਿਨ ਨਾ ਵੀ ਕਰੀਏ ਤਾਂ ਕੀ ਫਰਕ ਪੈ ਜਾਏਗਾ? ਪਰ, ਜੇ ਮਹਾਪੁਰਸ਼ਾਂ ਨੂੰ ਠੀਕ ਢੰਗ ਨਾਲ ਯਾਦ ਨਾ ਕਰੀਏ ਤਾਂ ਰਾਸ਼ਟਰ ਦਾ ਚਰਿੱਤਰ ਤਹਿਸ-ਨਹਿਸ ਹੋ ਸਕਦਾ ਹੈ। ਵੈਸੇ ਜਿਸ ਦੇਸ਼ ਦਾ ਪ੍ਰਧਾਨ ਮੰਤਰੀ ਆਪਣੀ ਛੁੱਟੀ ਮਨਾਉਣ ਖਤਾਰ ਮਨਾਲੀ ਦੀ ਠੰਡੀ ਘਾਟੀ ਵਿਚ ਜਾਂਦਾ ਹੋਏ, ਉੱਥੇ ਜੇ ਅਸੀਂ ਆਪਣੇ ਹਿਨਹਿਨਾਉਂਦੇ, ਗੁਰੱਰਾਉਂਦੇ ਤੇ ਗਰਮ ਹਵਾ ਨੂੰ ਅੰਨ੍ਹੇ ਵਾਹ ਛੱਡਦੇ ਹੋਏ ਪੱਖੇ ਦੇ ਹੇਠ, ਦੁਪਹਿਰ ਦੇ ਖਾਣੇ ਪਿੱਛੋਂ ਆਪਣੀ ਪਿੱਠ ਜ਼ਰਾ ਸਿੱਧੀ ਕਰ ਲਈਏ ਤਾਂ ਕੀ ਪਹਾੜ ਟੁੱਟ ਪਏਗਾ। ਵੈਸੇ ਵੀ ਇਹ ਛੁੱਟੀਆਂ ਕਿਹੜਾ ਆਏ ਦਿਨ ਮਿਲਦੀਆਂ ਨੇ। ਉਹ ਤਾਂ ਭਲਾ ਹੋਏ ਆਪਣੀ ਸੰਸਕ੍ਰਿਤੀ ਦਾ ਕਿ ਹਰ ਦਿਨ, ਮਹੀਨੇ-ਪੰਦਰ੍ਹੀ ਦਿਨੀਂ ਏਨੇ ਪਰਵ ਤੇ ਤਿਉਹਾਰ ਬਣਾਏ ਹੋਏ ਨੇ ਅਸੀਂ ਕਿ ਇਹਨਾਂ ਮਾਲਕ ਲੋਕਾਂ ਦੇ ਨੱਕ-ਬੁੱਲ੍ਹ ਵੱਟਦੇ ਰਹਿਣ 'ਤੇ ਵੀ ਕੁਝ ਛੁੱਟੀਆਂ ਤਾਂ ਮਾਂਠ ਹੀ ਲੈਂਦੇ ਹਾਂ।
ਖ਼ੈਰ, ਅਕਤੂਬਰ ਆ ਜਾਣ ਦੇ ਬਾਵਜੂਦ ਵੀ ਗੁੜਗਾਂਵ, ਜਿਹੜਾ ਦਿੱਲੀ ਵਾਂਗ ਹੀ ਇਕ ਉਪ-ਨਗਰ ਹੈ, ਦੀ ਗਰਮੀ ਵਿਚ ਕੋਈ ਕਮੀ ਨਹੀਂ ਸੀ ਆਈ। ਹੁਣ ਇਹ ਲਿਖਣਾ ਕਿ ਅਕਤੂਬਰ ਦੀ ਧੁੱਪ ਸਿਰ 'ਤੇ ਚਮਕ ਰਹੀ ਸੀ, ਸਾਹਿਤਕ ਸਿਸ਼ਟਾਚਾਰ ਨੂੰ ਅੱਖੋਂ-ਪਰੋਖੇ ਕਰਨਾ ਹੋਏਗਾ। ਜਦਕਿ ਸਾਹਿਤ ਵਿਚ ਸੌਣ ਦੀ ਝੜੀ ਲੱਗੀ ਹੁੰਦੀ ਹੈ ਤੇ ਅਸੀਂ ਇੱਥੇ ਅਗਸਤ ਵਿਚ ਭੁੱਜ ਰਹਿੰਦੇ ਹਾਂ। ਇਹ ਪ੍ਰਦੂਸ਼ਨ ਦਾ ਪ੍ਰਤਾਪ ਹੈ ਕਿ ਮਹਾਭਾਰਤ ਦੇ ਅਗਨੀ-ਬਾਣ ਅਜੇ ਤੀਕ ਠੰਡੇ ਨਹੀਂ ਹੋਏ। ਮੇਰੇ ਵਰਗੇ ਲੋਕ ਜਿਹੜੇ ਪੂਰਬ ਯਾਨੀਕਿ ਬੰਗਾਲ-ਬਿਹਾਰ ਤੋਂ ਇੱਥੇ ਆਏ ਸੀ, ਪਿਛਲੇ ਚਾਰ ਸਾਲਾਂ ਤੋਂ ਬਾਰਸ਼ ਦੀ ਇਕ ਫੁਆਰ 'ਚ ਭਿੱਜਣ ਲਈ ਤਰਸ ਰਹੇ ਸੀ। ਇਕ ਵਾਰੀ ਮੇਰੀ ਉਕਤਾਹਟ ਤਾਂ ਏਨੀ ਵਧ ਗਈ ਕਿ ਮੈਂ ਆਪਣੀ ਟੂਟੀ ਨੂੰ ਇਕ ਪਾਈਪ ਲਾ ਕੇ ਛੱਤ ਨਾਲ ਲਟਕਾ ਦਿੱਤੀ ਤੇ ਉਸ ਹੇਠ ਸੌਣ ਦੀ ਡਿੱਗਦੀ ਤੇਜ਼ ਫੁਆਰ ਵਿਚ ਨਹਾਉਣ ਦਾ ਆਨੰਦ ਮਾਣਨਾ ਚਾਹਿਆ। ਖ਼ੈਰ, ਗਰਮੀ ਹੋਵੇ ਜਾਂ ਸਰਦੀ ਢਿੱਡ ਤਾਂ ਮਨਦਾ ਨਹੀਂ...ਤੇ ਮੇਰਾ ਨੌਕਰ ਜਿਹੜਾ ਸਬਬ ਨਾਲ ਰਸੋਈ ਵੀ ਸੰਭਾਲਦਾ ਸੀ, ਅੱਜ ਉਸਨੇ ਐਨ ਮੌਕੇ 'ਤੇ ਗਾਂਧੀ ਜੀ ਨੂੰ ਯਾਦ ਕਰਨ ਦੀ ਠਾਣ ਲਈ। ਜਦੋਂ ਮੈਂ ਦੁਪਹਿਰ ਤਕ ਦੇਖਿਆ ਕਿ ਉਹ ਗਾਂਧੀ ਜਯੰਤੀ ਮਨਾ ਕੇ ਵਾਪਸ ਆਉਂਦਾ ਨਜ਼ਰ ਨਹੀਂ ਆਉਂਦਾ ਤਾਂ ਮੈਂ ਵੀ ਉਸ ਦਿਨ ਬਾਹਰੋਂ ਕੁਝ ਲਿਆ ਕੇ ਢਿੱਡ ਭਰ ਲੈਣ ਬਾਰੇ ਸੋਚਿਆ।
ਘਰੋਂ ਬਾਹਰ ਨਿਕਲਿਆ ਹੀ ਸਾਂ ਕਿ ਬਾਹਰ ਹਰ ਪਾਸੇ ਫੈਲੀ ਰੌਣਕ ਦਾ ਅਹਿਸਾਸ ਹੋਇਆ। ਜਗ੍ਹਾ-ਜਗ੍ਹਾ ਲੋਕ ਰੰਗ-ਬਿਰੰਗੇ ਕੱਪੜਿਆਂ ਵਿਚ ਘੁੰਮ ਰਹੇ ਸਨ। ਉਦੋਂ ਹੀ ਮੇਰੀ ਨਜ਼ਰ ਇਕ ਲੰਮੀ ਕਤਾਰ 'ਤੇ ਪਈ। ਮੈਂ ਸੋਚਿਆ ਗਾਂਧੀ-ਜਯੰਤੀ ਦੇ ਮੌਕੇ 'ਤੇ ਕੋਈ ਜਲਸਾ ਹੋ ਰਿਹਾ ਹੋਏਗਾ। ਕੁਝ ਦਿਨ ਪਹਿਲਾਂ ਹੀ ਮੇਰੇ ਨਾਲ ਇਕ ਅਜਿਹਾ ਸੁਖਦ ਸੰਜੋਗ ਹੋਇਆ ਸੀ ਕਿ ਮੈਂ ਸਬਜ਼ੀ ਲੈਣ ਲਈ ਸੈਕਟਰ-14 (ਜਿੱਥੇ ਮੈਂ ਰਹਿੰਦਾ ਹਾਂ) ਦੇ ਬਾਜ਼ਾਰ ਵੱਲ ਨਿਕਲਿਆ ਤਾਂ ਦੇਖਿਆ ਕਿ ਇਕ ਤੰਬੂ ਲੱਗਿਆ ਹੋਇਆ ਸੀ ਤੇ ਆਸੇ-ਪਾਸੇ ਲੋਕਾਂ ਦੀ ਭੀੜ ਜੁੜੀ ਹੋਈ ਸੀ। ਪਿੱਛੋਂ ਮੈਂ ਕਿਸੇ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਪੂਜਾ ਬੱਤਰਾ (ਚਰਚਿਤ ਸੀਨੇ ਸੁੰਦਰੀ) ਆਈ ਸੀ। ਤਾਂ ਮੈਂ ਥੋੜ੍ਹਾ ਨੇੜੇ ਜਾ ਕੇ ਉਸਦੇ ਦਰਸ਼ਨ ਕਰ ਲਏ। ਇਹ ਸਭ ਪਹਿਲੇ ਜਨਮਾਂ ਦੇ ਸਦ-ਕਰਮਾਂ ਸਦਕੇ ਹੀ ਹੁੰਦਾ ਹੈ। ਉਦੋਂ ਦਾ ਮੈਂ ਸੰਯੋਗ 'ਤੇ ਕਾਫੀ ਭਰੋਸਾ ਕਰਨ ਲੱਗਾ ਪਿਆ ਹਾਂ। ਵੈਸੇ ਵੀ ਦੁਨੀਆਂ ਵਿਚ ਸਾਰੀਆਂ ਮਹਾਨ ਪ੍ਰਾਪਤੀਆਂ ਸੰਯੋਗਾਂ ਨਾਲ ਹੀ ਹੁੰਦੀਆਂ ਨੇ। ਜੇ ਕੋਈ ਯੋਜਨਾ ਦੀ ਦੁਹਾਈ ਦੇਂਦਾ ਹੈ ਤਾਂ ਉਹ ਵੀ ਸੰਯੋਗ ਕਰਕੇ ਹੀ ਹੈ। ਖ਼ੈਰ, ਮੈਂ ਉਸ ਕਤਾਰ ਦੇ ਨਾਲ ਦੀ ਹੋ ਕੇ ਲੰਘਣ ਲੱਗਾ ਕਿ ਪਤਾ ਨਹੀਂ ਗਾਂਧੀ ਜਯੰਤੀ ਦੇ ਮੌਕੇ 'ਤੇ ਅੱਜ ਕਿਸ ਹਸਤੀ ਦੇ ਦਰਸ਼ਨ ਹੋ ਜਾਣ। ਵੈਸੇ ਮੈਂ ਦੇਖਿਆ ਹੈ ਕਿ ਜਯੰਤੀ ਕੋਈ ਵੀ ਹੋਏ ਪਰ ਲੋਕ ਕੁਝ ਭਜਨ-ਕੀਰਤਣ ਕਰਨ ਪਿੱਛੋਂ ਸਮਾਜ ਲਈ ਮਨੋਰੰਜਨ ਦੀ ਵਿਵਸਥਾ ਕਰ ਹੀ ਦੇਂਦੇ ਨੇ। ਵੈਸੇ ਠੀਕ ਵੀ ਹੈ, ਪੂਰਾ ਦਿਨ ਤਾਂ ਜਯੰਤੀ ਮਨਾਈ ਵੀ ਨਹੀਂ ਜਾ ਸਕਦੀ। ਜੇ ਅਸੀਂ ਆਪਣਾ ਮਨੋਰੰਜਨ ਖ਼ੁਦ ਨਹੀਂ ਕਰਾਂਗੇ ਤਾਂ ਸਾਡੇ ਮਨੋਰੰਜਨ ਲਈ ਕੋਈ ਸੋਚੇਗਾ ਵੀ ਕਿਉਂ? ਤਾਂ ਮੈਂ ਇਸ ਆਸ ਨਾਲ ਅੱਗੇ ਵਧ ਰਿਹਾ ਸੀ। ਤੇ ਕਿਸੇ ਅਲੌਕਿਕ-ਅਲੋਕਾਰ ਦੇ ਵਾਪਰ ਜਾਣ ਦੀ ਆਸ਼ੰਕਾ, ਉਤਸਾਹ ਤੇ ਜਨੂਨ ਵੱਸ ਮੇਰੇ ਪੈਰ ਵਾਰੀ-ਵਾਰੀ ਥਿੜਕ ਜਾਂਦੇ ਸਨ। ਮੈਂ ਜਦੋਂ ਨੇੜੇ ਜਾ ਕੇ ਦੇਖਿਆ ਤਾਂ ਉਹ ਕਤਾਰ ਇਕ ਵਿਦੇਸ਼ੀ ਰੇਸਤਰਾਂ ਵਿਚ ਜਗ੍ਹਾ ਲੈਣ ਵਾਲਿਆਂ ਦੀ ਸੀ। ਵਿਦੇਸ਼ੀ 'ਫੂਡ ਚੇਨ' ਦਾ ਜਦੋਂ ਦਾ ਚਸਕਾ ਪਿਆ ਹੈ, ਉਦੋਂ ਦੀ ਲੋਕਾਂ ਨੇ ਆਪਣੀ ਰਸੋਈ ਹੀ ਬੰਦ ਕਰ ਦਿੱਤੀ ਹੈ। ਵੈਸੀ ਵੀ ਗਾਂਧੀ ਜਯੰਤੀ ਵਰਗੀ ਛੁੱਟੀ ਮੌਕੇ ਘਰ ਦੀਆਂ ਔਰਤਾਂ ਕਿਉਂ ਗੈਸ ਦੇ ਸੇਕ ਸਾਹਵੇਂ ਆਪਣਾ ਮੇਕਅੱਪ ਕੁਰਬਾਨ ਕਰਦੀਆਂ? ਤੋ ਮੇਰੀ ਸਮਝ 'ਚ ਆ ਗਿਆ ਕਿ ਕਤਾਰ ਏਨੀ ਲੰਮੀ ਕਿਉਂ ਸੀ। ਮੈਨੂੰ ਤਾਂ ਇਹ ਵੀ ਉਮੀਦ ਹੈ ਕਿ ਇਹ ਕਤਾਰ ਆਉਣ ਵਾਲੇ ਸਮੇਂ ਵਿਚ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇਗੀ। ਸ਼ਰਧਾਲੂਆਂ ਦੀ ਗਿਣਤੀ ਭਾਰਤ ਵਿਚ ਵੈਸੇ ਵੀ ਘੱਟ ਨਹੀਂ ਹੁੰਦੀ। ਅਸੀਂ ਕਿਸੇ ਵੀ ਕੰਮ ਨੂੰ ਆਪਣਾ ਧਰਮ ਸਮਝ ਕੇ ਕਰਦੇ ਹਾਂ। ਭੀੜ ਉੱਤੇ ਕਾਬੂ ਰੱਖਣ ਲਈ ਰੇਸਤਰਾਂ ਦਾ ਇਕ ਗਾਰਡ ਵੀ ਖੜ੍ਹਾ ਸੀ, ਜਿਸ ਦੀਆਂ ਹਿੰਦੀ ਵਿਚ ਦਿੱਤੀਆਂ ਹਦਾਇਤਾਂ ਨੂੰ ਲੋਕ ਵੈਸੇ ਵੀ ਨਜ਼ਰ ਅੰਦਾਜ਼ ਕਰ ਦੇਂਦੇ ਸਨ। ਪਰ ਭਾਸ਼ਾ ਦੇ ਨਾਲ ਉਹ ਆਪਣੀ ਸ਼ਰੀਰਕ ਭਾਸ਼ਾ ਦਾ ਵੀ ਪ੍ਰਯੋਗ ਕਰ ਰਿਹਾ ਸੀ ਤਾਂਕਿ ਜਿਹਨਾਂ ਨੂੰ ਹਿੰਦੀ ਸਮਝ ਨਾ ਆਉਂਦੀ ਹੋਏ, ਉਹ ਉਸਦੇ ਇਸ਼ਾਰੇ ਨੂੰ ਸਮਝ ਸਕਣ। ਉਦੋਂ ਹੀ ਮੇਰੀ ਨਿਗਾਹ ਬਾਹਰ ਇਕ ਚਬੂਤਰੇ ਉੱਤੇ ਰੱਖੀ ਗਾਂਧੀ ਜੀ ਦੀ ਇਕ ਮੂਰਤੀ 'ਤੇ ਪਈ—ਉਹ ਹੂ-ਬ-ਹੂ ਉਹਨਾਂ ਨਾਲ ਮਿਲਦੀ-ਜੁਲਦੀ ਸੀ।...ਗਜ਼ਬ ਦੀ ਮੁਹਾਰ ਹੋਏਗੀ ਉਸ ਕਲਾਕਾਰ ਵਿਚ! ਇਕ ਹੱਥ ਵਿਚ ਇਕ ਕਿਤਾਬ, ਦੂਜੇ ਵਿਚ ਇਕ ਸੋਟੀ ਸੀ ਤੇ ਲੱਕ ਨਾਲ ਘੜੀ ਲਟਕ ਰਹੀ ਸੀ। ਮੂਰਤੀ ਦੀ ਮੁਦਰਾ ਵਿਚ ਉਹ ਸੋਟੀ ਟਿਕਾਈ ਤੇ ਝੁਕੇ ਹੋਏ ਸਾਹਮਣੀ ਕਤਾਰ ਵਿਚ ਖੜ੍ਹੇ ਲੋਕਾਂ ਦਾ ਸਵਾਗਤ ਕਰਦੇ ਲੱਗ ਰਹੇ ਸਨ। ਠੀਕ ਵੀ ਸੀ, ਉਹ ਜਨ ਨਾਇਕ ਸਨ ਤੇ ਜਨਤਾ ਦਾ ਸਨਮਾਨ ਕਰਨਾ ਉਹਨਾਂ ਲਈ ਅੱਜ ਵੀ ਜ਼ਰੂਰੀ ਸੀ। ਜਿਸ ਜਨਤਾ ਨੇ ਉਹਨਾਂ ਨੂੰ 'ਬਾਪੂ' ਤੇ 'ਰਾਸ਼ਟਰ-ਪਿਤਾ' ਦਾ ਦਰਜਾ ਦਿੱਤਾ ਉਸ ਦਾ ਸਵਾਗਤ ਕਰਨਾ ਉਹਨਾਂ ਦਾ ਫਰਜ਼ ਵੀ ਸੀ। ਖ਼ੈਰ ਮੈਂ ਹੌਲੀ ਜਿਹੀ ਆਪਣਾ ਸਿਰ ਝੁਕਾਇਆ ਤੇ ਅੱਗੇ ਵਧ ਗਿਆ। ਮੈਂ ਆਪਣਾ ਸਿਰ ਹਨੁਮਾਨ ਜੀ ਦੇ ਮੰਦਰ ਸਾਹਵੇਂ ਵੀ ਬਹੁਤਾ ਨਹੀਂ ਝੁਕਾਉਂਦਾ, ਇਸ ਡਰ ਨਾਲ ਕਿ ਲੋਕ ਮੈਨੂੰ ਪੁਰਾਣੇ ਖ਼ਿਆਲਾਂ ਦਾ ਨਾ ਸਮਝ ਲੈਣ। ਪਰ ਉਹ ਕੀ ਹੈ ਕਿ ਬਚਪਨ ਤੋਂ ਜਿਹੜੇ ਸੰਸਕਾਰ ਪੱਲੇ ਪੈ ਜਾਂਦੇ ਨੇ, ਉਹ ਛੇਤੀ ਕੀਤਿਆਂ ਛੁਟਦੇ ਨਹੀਂ। ਇਸ ਕਰਕੇ ਕਈ ਵਾਰੀ ਮੈਨੂੰ ਆਪਣੇ ਆਪ ਉੱਤੇ ਬੜੀ ਸ਼ਰਮਿੰਦਗੀ ਵੀ ਆਉਂਦੀ ਹੈ ਕਿ ਮੈਂ ਅੱਜ ਤਕ ਆਪਣੇ ਆਪ ਨੂੰ ਸਮੇਂ ਅਨੁਸਾਰ ਢਾਲ ਕੇ ਤੁਰਨਾ ਨਹੀਂ ਸਿਖ ਸਕਿਆ। ਹੁਣ ਲੋਕ ਹੱਥ ਜੋੜ ਕੇ ਨਮਸਕਾਰ ਕਰਨ ਦੀ ਬਜਾਏ ਦੂਰੋਂ ਹੀ 'ਹਾਏ-ਬਾਏ' ਕਰ ਲੈਂਦੇ ਨੇ। ਇੱਥੋਂ ਤਕ ਕਿ ਜੇ ਕਦੀ ਸਮਾਜਿਕ ਜਾਂ ਸੰਸਕ੍ਰਿਤਕ ਦਬਾਅ ਕਾਰਨ ਝੁਕਨਾ ਹੀ ਪੈ ਜਾਏ ਤਾਂ ਲੋਕ ਪੈਰ ਛੂਹਣ ਦੀ ਬਜਾਏ ਗੋਡੇ ਛੂਹ ਕੇ ਸਾਰ ਲੈਂਦੇ ਨੇ। ਝੁਕਣਾ ਵੀ ਗਏ ਤੇ ਥੋੜ੍ਹੀ ਬਹੁਤ ਆਕੜ ਵੀ ਬਚੀ ਰਹਿ ਗਈ। ਇਕ ਵਾਰੀ ਸਤਨਾਰਾਇਣ ਦੀ ਕਥਾ ਪਿੱਛੋਂ ਦਕਸ਼ਣਾ ਦੇਣ ਪਿੱਛੋਂ ਮੈਂ ਪੰਡਿਤ ਜੀ ਦੇ ਪੈਰ ਛੂਹ ਕੇ ਅਸ਼ੀਰਵਾਦ ਲੈਣਾ ਚਾਹਿਆ ਸੀ ਤਾਂ ਉਹ ਭਾਵੁਕ ਹੋ ਗਏ ਸਨ। ਕੰਬਦੇ ਹੱਥਾਂ ਨਾਲ ਉਹਨਾਂ ਮੈਨੂੰ ਮੇਰੇ ਮੋਢਿਆਂ ਤੋਂ ਫੜ੍ਹ ਕੇ ਚੁੱਕਿਆ ਤੇ ਕਹਿਣ ਲੱਗੇ—'ਹੁਣ ਇਸਦਾ ਸਮਾਂ ਨਹੀਂ ਰਿਹਾ ਜਜਮਾਨ, ਹੁਣ ਤਾਂ ਲੋਕ ਦਕਸ਼ਣਾ ਦੇ ਕੇ ਪੰਡਿਤ ਨੂੰ ਇੰਜ ਭਜਾਉਂਦੇ ਨੇ, ਜਿਵੇਂ ਬੁਰਕੀ ਪਾ ਕੇ ਕੁੱਤੇ ਨੂੰ।' ਸੱਚਮੁੱਚ ਸਮਾਂ ਬੜਾ ਬਦਲ ਗਿਆ ਹੈ। ਜੇ ਅੱਜ ਪਿਛੜੇ ਲੋਕਾਂ ਦੇ ਆਂਕੜੇ ਫਰੋਲ ਕੇ ਦੇਖ ਜਾਣ ਤਾਂ ਉਹਨਾਂ ਵਿਚ ਉਹੀ ਲੋਕ ਮਿਲਣਗੇ, ਜਿਹਨਾਂ ਦਾ ਹੁਣ ਤਕ ਸੰਸਕਾਰਾਂ ਨਾਲ ਦੂਰ ਜਾਂ ਨੇੜੇ ਦਾ ਕੋਈ ਨਾ ਕੋਈ ਰਿਸ਼ਤਾ ਹਾਲੇ ਬਾਕੀ ਹੈ।
ਮੈਂ ਸੋਚਿਆ ਕਿ ਜਦ ਘਰੋਂ ਬਾਹਰ ਨਿਕਲ ਹੀ ਪਿਆ ਹਾਂ ਤਾਂ ਬਾਜ਼ਾਰ ਦਾ ਇਕ ਚੱਕਰ ਵੀ ਲਾ ਆਵਾਂ। ਲਗਭਗ ਇਕ ਘੰਟੇ ਪਿੱਛੋਂ ਮੈਂ ਉਸੇ ਜਗ੍ਹਾ ਵਾਪਸ ਆ ਗਿਆ ਸਾਂ। ਲੋਕਾਂ ਦੀ ਕਤਾਰ ਅਜੇ ਵੀ ਲੱਗੀ ਹੋਈ ਸੀ ਪਰ ਉਸਦੀ ਲੰਬਾਈ ਥੋੜ੍ਹੀ ਘੱਟ ਹੋ ਗਈ ਸੀ। ਮੈਂ ਦੇਖਿਆ ਕਿ ਗਾਂਧੀ ਜੀ ਦੀ ਮੂਰਤੀ ਹੁਣ ਸਿੱਧੀ ਹੋ ਗਈ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਪਹਿਲਾਂ ਮੈਂ ਉਸਨੂੰ ਝੁਕੀ ਦੇਖਿਆ ਸੀ। ਪਰ, ਫੇਰ ਮੈਂ ਸੋਚਿਆ ਕਿਤੇ ਮੇਰਾ ਭਰਮ ਤਾਂ ਨਹੀਂ। ਉਦੋਂ ਹੀ ਮੈਂ ਦੇਖਿਆ ਕਿ ਉਹ ਮੂਰਤੀ ਹਿੱਲ ਵੀ ਰਹੀ ਸੀ। ਕਿਤੋਂ ਕੋਈ ਮੱਖੀ ਆ ਕੇ ਉਸਦੇ ਚਿਹਰੇ ਦੁਆਲੇ ਮੰਡਲਾਉਣ ਲੱਗ ਪਈ ਸੀ। ਅੰਦਰੋਂ ਉਦੋਂ ਹੀ ਕੋਈ ਆਦਮੀ ਨਿਕਲਿਆ ਤੇ ਕਹਿਣ ਲੱਗਾ, 'ਓਇ ਹਾਅ ਕੀ ਕਰਨ ਡਿਹੈਂ ਤੂੰ ਤਾਊ?'
ਓ-ਅ, ਤਾਂ ਉਹ ਮੂਰਤੀ ਨਹੀਂ ਕੋਈ ਬਜ਼ੂਰਗ ਬੰਦਾ ਸੀ ਜਿਹੜਾ ਗਾਂਧੀ ਜੀ ਦਾ ਮੇਕਅੱਪ ਕਰਕੇ ਖੜ੍ਹਾ ਸੀ!
'ਕਿਓਂ ਕੀ ਕਰ ਰਿਹਾਂ ਮੈਂ?' ਗਾਂਧੀ ਜੀ ਨੇ ਐਨਕ ਪਿੱਛੋਂ ਅੱਖਾਂ ਝਪਕਾਉਂਦਿਆ ਹੋਇਆਂ ਕਿਹਾ।
'ਤੂੰ ਸਿੱਧਾ ਕਿੰਜ ਹੋ ਗਿਐਂ ਤਾਊ? ਤੈਂ ਤਾਂ ਝੁਕ ਕੇ ਖੜ੍ਹੇ ਰਹਿਣਾ ਸੀ।'
'ਓ ਭਰਾ—ਝੁਕੇ-ਝੁਕੇ ਦੀ ਪਿੱਠ ਦੁਖਣ ਲੱਗ ਪਈ, ਤਾਂ ਜ਼ਰਾ ਸਿੱਧਾ ਹੋ ਗਿਆ।' ਗਾਂਧੀ ਜੀ ਨੇ ਮਿੰਨਤ-ਖ਼ਸ਼ਾਮਦ ਭਰੀ ਆਵਾਜ਼ ਵਿਚ ਕਿਹਾ।
'ਇੰਜ ਤਾਂ ਨਹੀਂ ਚੱਲਦਾ ਤਾਊ, ਲੋਕ ਦੇਖਣਗੇ ਤਾਂ ਕੀ ਕਹਿਣਗੇ। ਇੰਜ ਤਾਂ ਤੈਨੂੰ ਕਿਸੇ ਨੇ ਪਛਾਣ ਵੀ ਨਹੀਂ ਸਕਣਾ।'
'ਬਸ, ਬਿੰਦ ਝੱਟ ਲਈ ਸਾਹਬ, ਮੈਂ ਫੇਰ ਝੁਕ ਜਾਵਾਂਗਾ, ਨਾਰਾਜ਼ ਕਿਉਂ ਹੋ ਰਹੇ ਓ।' ਗਾਂਧੀ ਜੀ ਦੀਆਂ ਅੱਖਾਂ ਵਿਚ ਦਰਦ ਤੇ ਚਿਹਰੇ ਉੱਤੇ ਪ੍ਰੇਸ਼ਾਨੀ ਸਾਫ ਝਲਕ ਰਹੀ ਸੀ।
'ਤੂੰ ਤਾਂ ਹਾਲੇ ਵੀ ਆਰਾਮ ਨਾਲ ਸਿੱਧਾ ਖੜੈਂ। ਮੈਂ ਹੁਣੇ ਜਾ ਕੇ ਮੈਨੇਜਰ ਨੂੰ ਦੱਸਦਾ ਵਾਂ।' ਕਹਿ ਕੇ ਉਹ ਹਿਣਹਿਣਾਉਂਦਾ ਹੋਇਆ ਅੰਦਰ ਚਲਾ ਗਿਆ। ਦਰਵਾਜ਼ੇ ਦੇ ਖੁੱਲ੍ਹਣ ਨਾਲ ਅੰਦਰੋਂ ਨਿਕਲੀ ਏਅਰ ਕੰਡੀਸ਼ਨ ਦੀ ਠੰਡੀ ਹਵਾ ਬਾਹਰਲੀ ਗਰਮ ਹਵਾ ਵਿਚ ਘੁਲਮਿਲ ਗਈ। ਗਾਂਧੀ ਜੀ ਮੁਸਕੁਰਾ ਕੇ ਆਉਣ ਵਾਲਿਆਂ ਦਾ ਸਵਾਗਤ ਕਰਨ ਲੱਗ ਪਏ। ਉਦੋਂ ਹੀ ਇਕ ਸੂਟ-ਟਾਈ ਵਾਲਾ ਆਦਮੀ ਬਾਹਰ ਆਇਆ ਜਿਹੜਾ ਰੇਸਤਰਾਂ ਦਾ ਮੈਨੇਜਰ ਲੱਗਦਾ ਸੀ।
'ਇਹ ਸਭ ਕੀ ਹੋ ਰਿਹੈ?' ਉਸਨੇ ਲਗਭਗ ਡਾਂਟਦਿਆਂ ਹੋਇਆ ਗਾਂਧੀ ਜੀ ਨੂੰ ਕਿਹਾ।
ਗਾਂਧੀ ਜੀ ਕਾਹਲ ਨਾਲ ਝੁਕ ਕੇ ਆਪਣੀ ਪੁਰਾਣੀ ਮੁਦਰਾ ਵਿਚ ਆ ਗਏ। 'ਕੁਝ ਨਹੀਂ ਬਾਊਜੀ, ਥੋੜੀ ਦੇਰ ਢੂਈ ਸਿੱਧੀ ਕਰਨ ਲਈ ਸਿੱਧਾ ਹੋ ਗਿਆ ਸੀ।'
ਸਾਡੇ ਨਾਲ ਤੇਰੀ ਗੱਲ ਹੋਈ ਸੀ ਕਿ ਤੂੰ ਝੁਕ ਕੇ ਖੜ੍ਹਾ ਹੋਏਂਗਾ ਸਾਰਾ ਸਮਾਂ। ਅਜੇ ਅੱਧਾ ਘੰਟਾ ਨਹੀਂ ਹੋਇਆ ਕਿ ਤੇਰੀ ਢੂਈ ਟੁੱਟਣ ਲੱਗ ਪਈ।' ਫੇਰ ਰੁਕ ਕੇ ਉਸਨੇ ਦੂਜੇ ਆਦਮੀ ਤੋਂ ਪੁੱਛਿਆ ਜਿਹੜਾ ਉਸਦੇ ਪਿੱਛੇ ਖੜ੍ਹਾ ਸੀ, 'ਕਿੰਨੇ ਵਜੇ ਆਇਆ ਸੀ ਅੱਜ ਇਹ?'
'ਸਾਢੇ ਗਿਆਰਾਂ ਵਜੇ।'
ਇਕ ਤਾਂ ਸਮੇਂ 'ਤੇ ਨਹੀਂ ਆਇਆ ਤੂੰ ਤੇ ਦੂਜਾ ਕੰਮ ਵੀ ਸਹੀ ਨਹੀਂ ਕਰ ਰਿਹਾ। ਐਂ ਕਿਵੇਂ ਚੱਲੂ ਫੇਰ? ਤੈਥੋਂ ਨਹੀਂ ਹੋਣਾ ਸੀ ਤਾਂ ਪਹਿਲਾਂ ਦੱਸ ਦੇਂਦਾ, ਤੇਰੇ ਵਰਗੇ ਪੰਜਾਹ ਮਿਲ ਜਾਂਦੇ ਸਾਨੂੰ। ਓ-ਬਈ ਸਾਡੀ 'ਇਮੇਜ਼' ਖ਼ਰਾਬ ਕਰਨ ਦੀ ਲੋੜ ਨਹੀਂ।' ਕਹਿ ਕੇ ਮੈਨੇਜਰ ਵਾਪਸ ਮੁੜ ਗਿਆ। ਗਾਂਧੀ ਜੀ ਨੇ ਸਿਰ ਹਿਲਾ ਕੇ ਸਹਿਮਤੀ ਵਿਖਾਈ। ਦੂਜਾ ਸਟਾਫ਼ ਵੀ ਮੈਨੇਜਰ ਦੇ ਪਿੱਛੇ ਪਿੱਛੇ ਚਲਾ ਗਿਆ। ਠੰਡੀ ਹਵਾ ਦਾ ਇਕ ਹੋਰ ਬੁੱਲ੍ਹਾ ਬਾਹਰ ਆ ਗਿਆ। ਗਾਂਧੀ ਜੀ ਫੇਰ ਸੋਟੀ ਟੇਕ ਕੇ ਝੁਕ ਗਏ ਤੇ ਆਉਣ-ਜਾਣ ਵਾਲਿਆਂ ਨੂੰ ਦੇਖ ਕੇ ਮੁਸਕੁਰਾਉਣ ਲੱਗ ਪਏ। ਹਰ ਆਉਣ-ਜਾਣ ਵਾਲੇ ਦੇ ਚਿਹਰੇ ਉੱਤੇ ਉਹਨਾਂ ਨੂੰ ਦੇਖ ਕੇ ਇਕ ਹਲਕੀ ਜਿਹੀ ਹਾਸੀ ਆ ਜਾਂਦੀ। ਵੈਸੇ ਉਹਨਾਂ ਵਿਚੋਂ ਕਈ ਲੋਕ ਤਾਂ ਉਹਨਾਂ ਵੱਲ ਧਿਆਨ ਵੀ ਨਹੀਂ ਸਨ ਦੇ ਰਹੇ ਤੇ ਅੱਗੇ ਲੰਘ ਜਾਂਦੇ ਸਨ। ਉਦੋਂ ਹੀ ਇਕ ਛੋਟਾ ਜਿਹਾ ਮੁੰਡਾ ਅੰਦਰੋਂ ਬਾਹਰ ਆਇਆ ਤੇ ਗਾਂਧੀ ਜੀ ਨੂੰ ਦੇਖ ਕੇ ਅਚਾਨਕ ਠਿਠਕਿਆ ਤੇ ਉਹਨਾਂ ਕੋਲ ਆ ਕੇ ਖਲੋ ਗਿਆ। ਕੁਝ ਚਿਰ ਉਹਨਾਂ ਵੱਲ ਦੇਖਦਾ ਰਿਹਾ ਤੇ ਫੇਰ ਪੁੱਛਣ ਲੱਗਾ—
'ਇਹ ਤੁਹਾਡੇ ਹੱਥ ਵਿਚ ਕੀ ਏ, ਅੰਕਲ?'
'ਗੀਤਾ ਦੀ ਪੁਸਤਕ ਏ ਬੇਟਾ' ਗਾਂਧੀ ਜੀ ਨੇ ਪਿਆਰ ਨਾਲ ਝੁਕੇ ਝੁਕੇ ਹੀ ਕਿਹਾ।
'ਗੀਤਾ ਕੀ ਹੁੰਦੀ ਏ ਅੰਕਲ?' ਗਾਂਧੀ ਜੀ ਥੋੜ੍ਹੇ ਪ੍ਰੇਸ਼ਾਨ ਹੋ ਗਏ, ਫੇਰ ਸੋਚਿਆ ਕੁਝ ਤਾਂ ਦੱਸਣਾ ਪਏਗਾ।
'ਇਹ ਧਰਮ ਦੀ ਕਿਤਾਬ ਏ ਬੇਟਾ।'
' ਤਾਂ ਇਹ ਕਾਮਿਕਸ ਨਹੀਂ—ਤੁਸੀਂ ਕਾਮਿਕਸ ਪੜ੍ਹੇ ਓ?'
ਨਹੀਂ। ਕਾਮਿਕਸ ਕੀ ਚੀਜ਼ ਹੁੰਦੀ ਏ!?' ਝੁਕੇ ਝੁਕੇ ਗਾਂਧੀ ਜੀ ਦੀ ਪਿੱਠ ਹੋਰ ਵਧੇਰੇ ਦੁਖਣ ਲੱਗ ਪਈ ਸੀ ਸ਼ਾਇਦ। ਉਹਨਾਂ ਦੇ ਚਿਹਰੇ ਉੱਤੇ ਪੀੜ ਦੇ ਪਰਛਾਵੇਂ ਗੂੜ੍ਹੇ ਹੋ ਗਏ ਸਨ—ਤੇ ਲੱਗਦਾ ਸੀ ਉਸ ਵੱਲੋਂ ਧਿਆਨ ਹਟਾਉਣ ਖਾਤਰ ਹੀ ਉਹ ਗੱਲਬਾਤ ਜਾਰੀ ਰੱਖਣੀ ਚਾਹੀਦੇ ਸਨ। ਪੀੜ ਵਲੋਂ ਧਿਆਨ ਹਟ ਜਾਏ ਤਾਂ ਉਸਦਾ ਅਹਿਸਾਸ ਘੱਟ ਹੋ ਜਾਂਦਾ ਹੈ।
'ਉਸ ਵਿਚ ਤਸਵੀਰਾਂ ਹੁੰਦੀਆਂ ਨੇ। ਮੈਂ ਤੁਹਾਨੂੰ ਦਿਖਾਵਾਂਗਾ। ਮੇਰੇ ਕੋਲ ਕਾਮਿਕਸ ਦੀਆਂ ਬੜੀਆਂ ਬੁਕਸ ਨੇ।'
ਬੱਚੇ ਨੇ ਥੋੜ੍ਹਾ ਖੁੱਲ੍ਹਦਿਆਂ ਹੋਇਆਂ ਕਿਹਾ—
'ਅਹਿ ਤੁਹਾਡੇ ਲੱਕ ਨਾਲ ਕੀ ਬੱਧਾ ਹੋਇਆ ਏ, ਅੰਕਲ?'
'ਘੜੀ ਐ ਬੇਟਾ।'
'ਇਹ ਘੜੀ ਏ ਤਾਂ ਫੇਰ ਤੁਸੀਂ ਲੱਕ ਨਾਲ ਕਿਉਂ ਬੰਨ੍ਹੀ ਹੋਈ ਏ ਆਪਣੇ?'
ਗਾਂਧੀ ਚੁੱਪ ਰਹੇ ਫੇਰ ਬੋਲੇ—'ਚੇਨ ਟੁੱਟ ਗਈ ਸੀ ਇਸ ਲਈ...।'
ਗਾਂਧੀ ਜੀ ਦਾ ਚਿਹਰਾ ਪੀਲਾ ਹੁੰਦਾ ਜਾ ਰਿਹਾ। ਉਦੋਂ ਹੀ ਦਰਵਾਜ਼ਾ ਖੁੱਲ੍ਹਿਆ ਤੇ ਇਕ ਜੋੜਾ ਪੌੜੀਆਂ ਉਤਰ ਕੇ ਕੋਲ ਆਇਆ। 'ਹਾਊ ਮੈਨੀ ਟਾਈਮਸ ਡਿਡ ਆਈ ਟੇਲ ਯੂ ਟੂ ਨਾਟ ਟਾਕ ਟੂ ਐਨੀ ਸਟ੍ਰੇਂਜਰ (ਕਿੰਨੀ ਵਾਰੀ ਮੈਂ ਕਿਹਾ ਏ ਕਿ ਕਿਸੇ ਅਜ਼ਨਬੀ ਨਾਲ ਗੱਲਾਂ ਨਾ ਕਰਿਆ ਕਰ।)' ਔਰਤ ਨੇ ਬੱਚੇ ਨੂੰ ਮੋਢੇ ਤੋਂ ਫੜ੍ਹ ਕੇ ਝੰਜੋੜ ਦਿੱਤਾ।
ਹੀ ਇਜ਼ ਨਾਲ ਸਟ੍ਰੇਂਜਰ। ਹੀ ਇਜ਼ ਬਾਪੂ ਮੰਮੀ (ਉਹ ਅਜ਼ਨਬੀ ਨਹੀਂ ਮੰਮੀ, ਉਹ ਬਾਪੂ ਨੇ।)' ਬੱਚੇ ਨੇ ਜ਼ੋਰ ਦੇ ਕੇ ਕਿਹਾ ਤਾਂ ਗਾਂਧੀ ਜੀ ਆਪਣਾ ਦਰਦ ਭੁੱਲ ਕੇ ਔਰਤ ਤੇ ਬੱਚੇ ਵੱਲ ਦੇਖ ਕੇ ਮੁਸਕੁਰਾ ਪਏ।
ਔਰਤ ਨੇ ਮੂੰਹ ਦੂਜੇ ਪਾਸੇ ਕਰ ਲਿਆ—'ਹਾਊ ਡੂ ਯੂ ਨੋ ਦੈਟ (ਤੈਨੂੰ ਕਿਵੇਂ ਪਤੈ)?'
ਮਾਈ ਸਕੂਲ ਟੀਚਰ ਟੋਲਡ ਮੀ। ਮਿਸ ਆਲਸੋ ਸੈੱਡ ਦੈਟ ਹੀ ਵਾਜ਼ ਫਾਦਰ ਆਫ ਨੇਸ਼ਨ। (ਮੇਰੀ ਅਧਿਆਪਕ ਨੇ ਦੱਸਿਆ ਏ ਮੈਨੂੰ। ਤੇ ਉਹਨਾਂ ਇਹ ਵੀ ਦੱਸਿਐ ਕਿ ਉਹ ਰਾਸ਼ਟਰ ਪਿਤਾ ਸਨ।)' ਤੇ ਬੱਚੇ ਔਰਤ ਦੇ ਹੱਥੋਂ ਆਪਣਾ ਹੱਥ ਛੁਡਾ ਕੇ ਇਕ ਪਾਸੇ ਖੜ੍ਹਾ ਹੋ ਗਿਆ। ਉਸਦੇ ਚਿਹਰੇ ਤੋਂ ਨਾਰਾਜ਼ਗੀ ਝਲਕ ਰਹੀ ਸੀ।
ਯੂ ਹੈਵ ਸਟਾਰਟਡ ਮੀ ਅ ਲਾਟ (ਤੂੰ ਅੱਗੋਂ ਬੜੇ ਜਵਾਬ ਦੇਣ ਪਿਐਂ)...ਡੋਂਟ ਟਰਾਈ ਟੂ ਬੀ ਅ ਸਪੋਇਲਡ ਕਿਡ (ਗੰਦਾ ਬੱਚਾ ਬਣਨ ਦੀ ਕੋਸਿਸ ਨਾ ਕਰ)...ਅੰਡਰਸਟੈਂਡ (ਸਮਝਿਆ)...' ਔਰਤ ਨੇ ਝਿੜਕਦਿਆਂ ਹੋਇਆਂ ਕਿਹਾ ਤਾਂ ਬੱਚਾ ਪੈਰ ਪਟਕਦਾ ਹੋਇਆ ਅੱਗੇ ਤੁਰ ਪਿਆ। 'ਸਟਾਪ, ਆਈ ਸੇ ਸਟਾਪ ਦੇਅਰ...ਮੋਨੂ...(ਮੈਂ ਕਹਿਣੀ ਆਂ ਰੁਕ ਜਾਅ, ਰੁਕ ਜਾ ਓਥੇ ਈ ਮੋਨੂ...)' ਔਰਤ ਨੇ ਲਗਭਗ ਚੀਕ ਕੇ ਕਿਹਾ ਤਾਂ ਉਸਦਾ ਪਤੀ ਉਸਦੇ ਮੋਢੇ ਨੂੰ ਹੌਲੀ-ਹੌਲੀ ਪਲੋਸਣ ਲੱਗਾ। ਬੱਚਾ ਅਜੇ ਵੀ ਪੈਰ ਪਟਕਦਾ ਹੋਇਆ ਅੱਗੇ ਅੱਗੇ ਜਾ ਰਿਹਾ ਸੀ।
---- ---- ----
Subscribe to:
Post Comments (Atom)
No comments:
Post a Comment