ਪ੍ਰਵਾਸੀ ਹਿੰਦੀ ਕਹਾਣੀ :
ਚੌਥੀ ਰੁੱਤ….
ਲੇਖਕਾ : ਅਚਲਾ ਸ਼ਰਮਾ
ਸੰਪਰਕ : achala.sharma@gmail.com
ਅਨੁਵਾਦ : ਮਹਿੰਦਰ ਬੇਦੀ, ਜੈਤੋ
ਲਿੰਡਾ ਨੇ ਫ਼ਾਇਰ-ਪਲੇਸ ਉੱਤੇ ਸਜੇ ਕਰਿਸਮਸ ਕਾਰਡਾਂ ਉੱਤੇ ਇਕ ਭਰਪੂਰ ਨਜ਼ਰ ਮਾਰੀ ਤੇ ਫੇਰ ਟਾਈਮਸ ਦੀ ਸੁਰਖੀ ਉੱਤੇ—'ਤੀਹ ਸਾਲ ਬਾਅਦ ਲੰਦਨ ਵਿਚ ਏਨੀ ਭਾਰੀ ਬਰਫ਼ ਪਈ ਹੈ।' ਉਹ ਬੜਬੜਾਈ—'ਚਾਹੋ ਤਾਂ ਇਕ ਮਿੰਟ 'ਚ ਉਂਗਲਾਂ 'ਤੇ ਗਿਣ ਲਓ, ਚਾਹੋ ਤਾਂ ਤੀਹ ਬਸੰਤ ਰੁੱਤਾਂ ਯਾਦ ਕਰਦੇ ਰਹੋ ਜਾਂ ਫੇਰ ਤੀਹ ਪਤਝੜਾਂ।' ਭਲਾ ਕਿੰਨੇ ਸਾਲ ਦੀ ਸੀ, ਉਹ ਤੀਹ ਸਾਲ ਪਹਿਲਾਂ!...ਇਹੋ ਕੋਈ ਚਾਲੀ-ਇਕਤਾਲੀ ਸਾਲ ਦੀ। ਗੋਡਿਆਂ 'ਤੇ ਰੱਖਿਆ ਟਾਈਮਸ ਤਿਲ੍ਹਕ ਕੇ ਜ਼ਮੀਨ 'ਤੇ ਜਾ ਡਿੱਗਾ। ਇਵੇਂ ਈ ਤਾਂ ਤਿਲ੍ਹਕ ਜਾਂਦਾ ਏ ਵਕਤ—ਹਲਕੀ ਜਿਹੀ ਸਰਸਰਾਹਟ ਦੇ ਨਾਲ। ਹੁਣ ਤਾਂ ਉਹਦੇ ਪਤੀ ਨੂੰ ਗੁਜ਼ਰਿਆਂ ਵੀ ਦਸ ਸਾਲ ਹੋ ਗਏ ਨੇ। ਲਿੰਡਾ ਦੀ ਨਿਗਾਹ ਕੰਧ ਉੱਤੇ ਟੰਗੀ ਜਾਰਜ ਦੀ ਤਸਵੀਰ ਉੱਤੇ ਜਾ ਟਿਕੀ। ਮਨ ਵਿਚ ਇਕ ਉਲਾਂਭਾ ਜਿਹਾ ਉਠਿਆ—ਬੁਢੇਪਾ ਕੱਟਣ ਦੀ ਵਾਰੀ ਆਈ ਤਾਂ ਇਕੱਲਾ ਛੱਡ ਗਏ। ਲਗਾਤਾਰ ਦਸ ਸਾਲ ਤੋਂ ਬਿਲਕੁਲ ਇਕੱਲੀ ਹੀ ਤਾਂ ਹੈ ਉਹ। ਸਾਲ ਵਿਚ ਇਕ ਅੱਧੀ ਵਾਰ ਧੀ ਆ ਕੇ ਮਿਲ ਜਾਂਦੀ ਏ। ਉਸਦੇ ਬੱਚਿਆਂ ਨਾਲ ਘਰ ਚਹਿਕਣ ਲੱਗ ਪੈਂਦਾ ਹੈ—ਪਰ ਕਿੰਨੇ ਦਿਨ...ਹਫ਼ਤਾ, ਵੱਧ ਤੋਂ ਵੱਧ ਦਸ ਦਿਨ। ਪਰ ਲਿੰਡਾ ਕਦੀ ਕੋਈ ਮਿਹਣਾ-ਉਲਾਂਭਾ ਨਹੀਂ ਦੇਂਦੀ—ਆਪਣੇ-ਆਪ ਨੂੰ ਵੀ ਨਹੀਂ। ਮਾਰਗ੍ਰੇਟ, ਉਹਨਾਂ ਦੀ ਧੀ, ਨੇ ਇਕ ਵਾਰੀ ਸੁਝਾਅ ਦਿੱਤਾ ਸੀ—'ਮਾੱਮ, ਕੋਈ ਕਿਰਾਏਦਾਰ ਰੱਖ ਲਓ।' ਪਹਿਲਾਂ-ਪਹਿਲ ਉਹਨੇ ਵਿਰੋਧ ਕੀਤਾ ਪਰ ਫੇਰ ਸੋਚਿਆ ਹਰਜ਼ ਈ ਕੀ ਏ। ਇਕ ਕੁੜੀ ਕੁਝ ਦਿਨਾਂ ਲਈ ਆ ਕੇ ਰਹੀ ਸੀ। ਕੀ ਨਾਂ ਸੀ ਉਸਦਾ...ਹਾਂ, ਮੈਰੀਅਨ। ਚਿੱਤਰਕਾਰ ਸੀ। ਸਾਰਾ-ਸਾਰਾ ਦਿਨ ਆਪਣੇ ਕਮਰੇ ਵਿਚ ਤੜੀ ਰਹਿੰਦੀ। ਲਿੰਡਾ ਤੋਂ ਰਿਹਾ ਨਾ ਗਿਆ ਤਾਂ ਇਕ ਦਿਨ ਪੁੱਛ ਲਿਆ—
“ਤੈਨੂੰ ਸਾਰਾ ਦਿਨ ਇਕੱਲੀ ਨੂੰ ਘਬਰਾਹਟ ਨਹੀਂ ਹੁੰਦੀ?”
“ਤੁਸੀਂ ਵੀ ਤਾਂ ਇਕੱਲੇ ਰਹਿੰਦੇ ਓ।” ਜਵਾਬ ਮਿਲਿਆ ਸੀ।
“ਮੇਰੀ ਗੱਲ ਹੋਰ ਏ।” ਲਿੰਡਾ ਬੋਲੀ ਸੀ, “ਮੈਂ ਤਾਂ ਹੁਣ ਬੁੱਢੀ ਹੋ ਗਈ ਆਂ।”
ਮੈਰੀਅਨ ਬਿੰਦ ਦਾ ਬਿੰਦ ਚੁੱਪ ਰਹੀ...ਫੇਰ ਜਿਵੇਂ ਕੁਝ ਸੋਚਦੀ ਹੋਈ ਬੋਲੀ—
“ਵਿਅਕਤੀ ਸਿਰਫ ਬੁਢੇਪੇ ਕਰਕੇ ਹੀ ਇਕੱਲਾ ਨਹੀਂ ਹੁੰਦਾ, ਮਿਸੇਜ਼ ਸਮਿਥ।”
ਲਿੰਡਾ ਦਾ ਮਨ ਹੋਇਆ ਕਹੇ—ਜਦੋਂ ਤੂੰ ਮੇਰੀ ਉਮਰ ਦੀ ਹੋਏਂਗੀ, ਓਦੋਂ ਇਹ ਗੱਲ ਨਹੀਂ ਕਹੇਂਗੀ। ਤੇਰੀ ਉਮਰ ਵਿਚ ਈ ਕੋਈ ਇਕੱਲੇਪਨ ਦੀ ਬੁੱਕਲ ਮਾਰ ਲਵੇ ਤਾਂ ਮੈਂ ਉਸਨੂੰ ਬਹਾਨਾ ਈ ਕਹਾਂਗੀ। ਹਾਲੇ ਤੇਰੇ ਸਾਹਮਣੇ ਕਈ ਰਸਤੇ ਖੁੱਲ੍ਹੇ ਨੇ। ਤੂੰ ਜਿਹੜਾ ਚਾਹੇਂ ਚੁਣ ਸਕਦੀ ਏਂ। ਪਰ ਜਿਵੇਂ-ਜਿਵੇਂ ਬੁਢੇਪੇ ਦੀ ਪੈੜ-ਚਾਲ ਸੁਣਾਈ ਦੇਣ ਲੱਗ ਪੈਂਦੀ ਏ, ਚੁਣਨ ਦੀ ਇਹ ਆਜ਼ਾਦੀ ਖ਼ਤਮ ਹੋਣ ਲੱਗ ਪੈਂਦੀ ਏ—ਰਹਿ ਜਾਂਦੀ ਏ ਇਕ ਭੀੜੀ ਗਲੀ; ਉਹ ਵੀ ਅੱਗੋਂ ਬੰਦ।
ਉਹ ਇਹ ਸਭ ਸਮਝਾਉਣਾ ਚਾਹੁੰਦੀ ਸੀ, ਮੈਰੀਅਨ ਨੂੰ। ਪਰ ਉਹ ਤਾਂ ਬਿਨਾਂ ਕੋਈ ਨੋਟਸ ਦਿੱਤੇ, ਇਕ ਦਿਨ, ਅਚਾਨਕ ਚਲੀ ਗਈ ਤੇ ਲਿੰਡਾ ਫੇਰ ਇਕੱਲੀ ਰਹਿ ਗਈ—ਇਕ ਇਕੱਲੀ ਬੁੱਢੀ।
ਇਸੇ ਲਈ ਤਾਂ ਇਸ ਵਾਰ ਉਹਨੇ ਕਰਿਸਮਸ 'ਤੇ ਆਸੇ-ਪਾਸੇ ਦੇ ਕੁਝ ਲੋਕਾਂ ਨੂੰ ਦਾਵਤ ਦੇਣ ਦੀ ਗੱਲ ਸੋਚੀ ਸੀ। ਕੀ ਲਿਖਿਆ ਸੀ ਭਲਾ ਸੱਦੇ-ਪੱਤਰ ਵਿਚ—ਉਹ ਮੁਸਕਰਾਈ—“ਜੇ ਤੁਸੀਂ ਵੀ ਮੇਰੇ ਵਾਂਗ ਇਕੱਲੇ ਤੇ ਬੁੱਢੇ ਹੋ ਤਾਂ ਕਰਿਸਮਸ ਦੀ ਇਹ ਸ਼ਾਮ ਮੇਰੇ ਨਾਲ, ਮੇਰੇ ਘਰ, ਬਿਤਾਓ।” ਡਰ ਸੀ ਕਿਧਰੇ ਕੋਈ ਇਸ ਨੂੰ ਭੱਦਾ ਮਜ਼ਾਕ ਈ ਨਾ ਸਮਝ ਲਵੇ। ਪਰ, ਨਹੀਂ ਪੀਟਰ ਪਰਸੋਂ ਸੁਪਰ ਮਾਰਕੀਟ 'ਚ ਮਿਲੇ ਤਾਂ ਕਹਿਣ ਲੱਗੇ ਸਨ—“ਮਿਸੇਜ਼ ਸਮਿਥ, ਥੈਂਕ-ਯੂ, ਤੁਹਾਡਾ ਸੱਦਾ-ਪੱਤਰ ਵੇਖ ਕੇ ਖੁਸ਼ੀ ਹੋਈ। ਰੋਜ਼ਮੈਰੀ ਵੀ ਆਏਗੀ। ਹਾਂ, ਮਿਸਟਰ ਲਾਰੇਂਸ ਦਾ ਪੱਕਾ ਪਤਾ ਨਹੀਂ। ਉਹਨਾਂ ਨੂੰ ਦੇਖ ਕੇ ਇੰਜ ਲੱਗਾ ਏ ਜਿਵੇਂ ਆਪਣੀ ਜ਼ਿਦ ਨਾਲ ਬੰਦ ਹੋਇਆ ਕੋਈ ਦਰਵਾਜ਼ਾ ਹੋਏ—ਤੁਸੀਂ ਕਿੰਨਾ ਵੀ ਖੜਕਾਉਂਦੇ ਰਹੋ, ਨਹੀਂ ਖੁੱਲ੍ਹੇਗਾ।" ਕਲ੍ਹ ਆਪਣੇ ਕਮਰੇ ਵਿਚੋਂ ਬਰਫ਼ ਕੱਢ ਰਹੇ ਸਨ। ਲਿੰਡਾ ਨੂੰ ਸੜਕ ਤੋਂ ਲੰਘਦਿਆਂ ਦੇਖਿਆ ਵੀ ਸੀ ਪਰ ਕੁਝ ਨਹੀਂ ਸੀ ਬੋਲੇ...
ਫ਼ਾਇਰ-ਪਲੇਸ ਵਿਚ ਇਕ ਲੱਕੜੀ ਤਿੜਕੀ। ਲਿੰਡਾ ਉਠੀ। ਇਕ ਵਾਰੀ ਖਾਣੇ ਦਾ ਪ੍ਰਬੰਧ ਤਾਂ ਵੇਖ ਲਏ। ਕਿੰਨੇ ਸ਼ੌਕ ਨਾਲ ਟਰਕੀ ਬਣਾਈ ਏ ਤੇ ਕਰਿਸਮਿਸ ਪੁੜਿੰਗ ਵੀ ਹੈਨ। ਵਾਈਨ ਤਾਂ ਸਵੇਰੇ ਈ ਠੰਡੀ ਹੋਣ ਲਈ ਫਰਿਜ਼ ਵਿਚ ਰੱਖ ਦਿੱਤੀ ਸੀ। ਕੰਮ ਤਾਂ ਸਾਰਾ ਹੋ ਗਿਐ—ਹੁਣ ਬਸ ਮਹਿਮਾਨਾਂ ਦੀ ਉਡੀਕ ਏ। ਉਹ ਗੋਡਿਆਂ ਦੇ ਦਰਦ ਨੂੰ ਝੱਲਦੀ ਹੋਈ ਖਿੜਕੀ ਕੋਲ ਚਲੀ ਗਈ। ਕਿੰਨਾ ਫਿੱਕਾ ਪੈ ਗਿਆ ਏ ਖਿੜਕੀ ਦਾ ਪਰਦਾ। ਪਰ ਕੀ ਕਰੇਗੀ ਉਹ ਨਵਾਂ ਲਾ ਕੇ? ਬਾਹਰ ਝਾਕੀ, ਬਰਫ਼ ਦੀ ਸਫ਼ੇਦੀ ਦੇ ਇਲਾਵਾ ਕੁਝ ਵੀ ਦਿਖਾਈ ਨਾ ਦਿੱਤਾ। ਰੁੱਖ ਤਾਂ ਇੰਜ ਢਕੇ ਗਏ ਨੇ ਕਿ ਪਛਾਣਨੇ ਮੁਸ਼ਕਿਲ ਨੇ। ਕਿਸੇ ਕਾਰ ਦੀ ਹੈੱਡ-ਲਾਈਟ ਦੀ ਪੀਲੀ ਬੀਮਾਰ ਰੋਸ਼ਨੀ ਸੜਕ 'ਤੇ ਵਿਛ ਗਈ। ਦਰਵਾਜ਼ੇ ਖੁੱਲ੍ਹਣ, ਬੰਦ ਹੋਣ ਦੀ ਆਵਾਜ਼ ਆਈ—ਫੇਰ ਹਾਸੇ ਦਾ ਇਕ ਫੁਆਰਾ ਤੇ ਇਕ ਬੱਚੇ ਦੀ ਸ਼ਿਕਾਇਤੀ ਆਵਾਜ਼—“ਪਰ ਤੁਸੀਂ ਤਾਂ ਕਿਹਾ ਸੀ ਕਿ ਇਸ ਵਾਰੀ ਫ਼ਾਦਰ ਕਰਿਸਮਸ ਮੇਰੇ ਲਈ ਹਵਾਈ ਜਹਾਜ਼ ਲਿਆਉਣਗੇ...”
ਲਿੰਡਾ ਖਿੜਕੀ 'ਚੋਂ ਹਟ ਗਈ। ਕਮਰੇ ਦੇ ਇਕ ਕੋਨੇ ਵਿਚ ਸਜੇ ਛੋਟੇ ਜਿਹੇ ਕਰਿਸਮਸ-ਟਰੀ ਵੱਲ ਤੱਕਿਆ। ਜਾਰਜ ਜਿਊਂਦੇ ਸਨ ਤਾਂ ਹਰ ਵਾਰੀ ਕਰਿਸਮਸ 'ਤੇ ਵੱਡਾ ਸਾਰਾ ਰੁੱਖ ਆਉਂਦਾ ਸੀ—ਬਿਜਲੀ ਦੇ ਲਾਟੂਆਂ ਤੇ ਤੋਹਫ਼ਿਆਂ ਨਾਲ ਟਹਿਕ ਰਿਹਾ ਹੁੰਦਾ ਸੀ। ਲਿੰਡਾ ਕਾਲੀਨ ਉੱਤੇ ਡਿੱਗਿਆ ਅਖ਼ਬਾਰ ਚੁੱਕਣ ਲਈ ਝੁਕੀ ਤਾਂ ਅੱਖਾਂ ਦੀ ਐਨਕ ਖਿਸਕ ਕੇ ਨੱਕ ਉੱਤੇ ਆ ਗਈ। ਕਿੰਨੀ ਵਾਰੀ ਸੋਚਿਆ ਏ ਕਿ ਇਸ ਨੂੰ ਠੀਕ ਕਰਾਂਵਾਂਗੀ, ਪਰ ਹੁਣ ਤਾਂ ਸ਼ਾਇਦ ਨੰਬਰ ਵੀ ਵਧ ਗਿਆ ਏ। ਅਖ਼ਬਾਰ ਦੀ ਬਰੀਕ ਛਪਾਈ ਪੜ੍ਹਨ ਲਈ ਮੈਗਨੀਫਾਈਂਗ ਗ਼ਲਾਸ ਨਾਲ ਦੇਖਣਾ ਪੈਂਦਾ ਏ। ਬੁਢੇਪਾ ਵੀ ਅਜੀਬ ਚੀਜ਼ ਹੁੰਦਾ ਏ, ਉਹ ਮੁਸਕਰਾਈ—ਲੱਗਦਾ ਏ ਨਵੇਂ ਸਿਰੇ ਤੋਂ ਏ ਬੀ ਸੀ ਸਿੱਖ ਰਹੇ ਹੋਈਏ। ਸ਼ੁਰੂ-ਸ਼ੁਰੂ ਵਿਚ ਪ੍ਰੇਸ਼ਾਨੀ ਹੁੰਦੀ ਏ, ਪਰ ਫੇਰ ਅਭਿਆਸ ਹੋ ਜਾਂਦਾ ਏ—ਹੌਲੀ-ਹੌਲੀ ਆਦਤ ਜਿਹੀ ਪੈ ਜਾਂਦੀ ਏ। ਕੀ ਹੈ, ਇਹ ਜੀਵਨ?—ਲਿੰਡਾ, ਅਕਸਰ ਸੋਚਦੀ ਏ। ਆਦਤਾਂ ਦਾ ਇਕ ਸਿਲਸਿਲਾ—ਕਦੀ ਕਿਸੇ ਦੇ ਨਾਲ ਰਹਿਣ ਦੀ ਆਦਤ ਪਾਓ, ਕਦੀ ਕਿਸੇ ਦੇ ਬਗ਼ੈਰ ਰਹਿਣ ਦੀ...ਲੱਗਦਾ ਏ ਜਿਵੇਂ ਦਰਵਾਜ਼ੇ ਦੀ ਘੰਟੀ ਵੱਜੀ ਏ। ਹਾਂ, ਘੰਟੀ ਹੀ ਤਾਂ ਹੈ—ਕੰਨਾਂ ਤੋਂ ਤਾਂ ਅਜੇ ਠੀਕ-ਠਾਕ ਸੁਣਾਈ ਦਿੰਦਾ ਏ ਉਹਨੂੰ। ਐਨਕ ਨੂੰ ਠੀਕ ਤਰ੍ਹਾਂ ਅੱਖਾਂ ਸਾਹਵੇਂ ਟਿਕਾਉਂਦੀ ਹੋਈ ਉਹ ਦਰਵਾਜ਼ਾ ਖੋਹਲਣ ਤੁਰ ਪਈ।
“ਓ-ਅ ਪੀਟਰ—ਮੈਰੀ ਕਰਿਸਮਸ...”
“ਮੈਰੀ ਕਰਿਸਮਸ, ਮਿਸੇਜ਼ ਸਮਿਥ...” ਪੀਟਰ ਅੰਦਰ ਆਉਂਦੇ ਹੋਏ ਓਵਰ-ਕੋਟ ਲਾਹੁਣ ਲੱਗੇ, “ਕਿੱਥੇ ਰੱਖਾਂ?”
“ਲਿਆਓ ਮੈਂ ਰੱਖ ਦਿਆਂ।” ਲਿੰਡਾ ਨੇ ਓਪਰ-ਕੋਟ ਤੇ ਖੂੰਡੀ ਪੀਟਰ ਦੇ ਹੱਥੋਂ ਫੜ੍ਹਦਿਆਂ ਹੋਇਆਂ ਕਿਹਾ।
ਪੀਟਰ ਦੀ ਨੱਕ ਸਰਦੀ ਨਾਲ ਲਾਲ ਹੋਈ ਹੋਈ ਸੀ। ਹੱਥ ਰਗੜਦੇ ਹੋਏ ਉਹ ਅੱਗ ਕੋਲ ਖਲੋ ਗਏ। “ਕਿਆ ਕੜਾਕੇ ਦੀ ਸਰਦੀ ਪੈ ਰਹੀ ਏ, ਇਸ ਵਾਰ ਬਿਲਕੁਲ ਵਾਈਟ ਕਰਿਸਮਸ—ਤੇ ਮੁਸ਼ਕਿਲ ਇਹ ਕਿ ਕਲ੍ਹ ਮੇਰੇ ਘਰ ਦੀ ਸੈਂਟਰਲ ਹੀਟਿੰਗ ਖ਼ਰਾਬ ਹੋ ਗਈ। ਹੁਣ ਤਾਂ ਛੁੱਟੀਆਂ ਪਿੱਛੋਂ ਈ ਠੀਕ ਹੋਏਗੀ।”
“ਤਦ ਤਾਂ ਬੜੀ ਪ੍ਰੇਸ਼ਾਨੀ ਹੋਏਗੀ ਤੁਹਾਨੂੰ...” ਲਿੰਡਾ ਨੇ ਚਿੰਤਾ ਪ੍ਰਰੁੱਚੀ ਆਵਾਜ਼ ਵਿਚ ਕਿਹਾ।
“ਹਾਂ, ਘਰ ਬਿਲਕੁਲ ਬਰਫ਼ ਹੋ ਗਿਆ ਏ। ਉਹ ਤਾਂ ਸ਼ੁਕਰ ਏ—ਕੁਛ ਦਿਨ ਪਹਿਲਾਂ ਮੈਂ ਪੁਰਾਣਾ ਫਰਨੀਚਰ ਗੈਰਾਜ ਵਿਚ ਰੱਖਿਆ ਸੀ, ਸੋ ਲੱਕੜੀਆਂ ਨਾਲ ਅੱਗ ਬਾਲ ਲੈਂਦਾ ਆਂ ਪਰ ਗਰਮ ਪਾਣੀ ਵੀ ਤਾਂ ਨਹੀਂ ਏਂ।”
ਪੀਟਰ ਅੱਗ ਦੇ ਕੋਲ ਹੀ ਕੁਰਸੀ ਉੱਤੇ ਬੈਠ ਗਏ। “ਉਸ ਦਿਨ ਟੈਲੀਵਿਜ਼ਨ 'ਤੇ ਇਕ ਪ੍ਰੋਗ੍ਰਾਮ ਦੇਖ ਰਿਹਾ ਸੀ—ਮਿਸੇਜ਼ ਸਮਿਥ, ਤੁਸਾਂ ਵੀ ਦੇਖਿਆ ਹੋਏਗਾ? ਸੁਣਿਆ ਕਿ ਸਰਦੀਆਂ 'ਚ ਬੁੱਢੇ ਲੋਕਾਂ ਦੀ ਮਿਰਤੂ ਦਰ ਵਧ ਜਾਂਦੀ ਏ ਤੇ ਕਰਿਸਮਸ ਦੇ ਦੌਰਾਨ ਆਤਮ-ਹੱਤਿਆਵਾਂ ਦੀ ਗਿਣਤੀ ਵਧਦੀ ਏ।”
“ਛੱਡੋ ਵੀ ਪੀਟਰ,” ਲਿੰਡਾ ਨੇ ਟੋਕਿਆ—“ਇਹ ਦੱਸੋ ਕੀ ਪੀਓਗੇ? ਮੈਂ ਸ਼ੈਂਪੇਨ ਠੰਡੀ ਕਰਨੀ ਰੱਖੀ ਹੋਈ ਏ।”
“ਸ਼ੈਂਪੇਨ!” ਪੀਟਰ ਦੀ ਆਵਾਜ਼ ਵਿਚ ਹਲਕੀ ਜਿਹੀ ਨਾਰਾਜ਼ਗੀ ਸੀ। “ਕਰਿਸਮਸ ਦੇ ਮੌਕੇ 'ਤੇ ਸਰਕਾਰ ਜਿੰਨਾ ਬੋਨਸ ਸਾਨੂੰ ਪੈਂਸ਼ਨੀਆਂ ਨੂੰ ਦੇਂਦੀ ਏ, ਉਸ ਨਾਲ ਤਾਂ ਸ਼ੈਂਪੇਨ ਚੱਖੀ ਓ ਜਾ ਸਕਦੀ ਏ। ਮੈਂ ਤਾਂ ਬਈ ਥੋੜ੍ਹੀ ਬਰਾਂਡੀ ਲਵਾਂਗਾ, ਜੇ ਹੋਏ ਤਾਂ...”
“ਜ਼ਰੂਰ...” ਲਿੰਡਾ ਰਸੋਈ ਵੱਲ ਚਲੀ ਗਈ। ਪੀਟਰ ਨੇ ਪਾਈਪ ਕੱਢਿਆ, ਤੰਮਾਕੂ ਭਰਿਆ ਤੇ ਫ਼ਾਇਰ-ਪਲੇਸ 'ਚੋਂ ਇਕ ਲੱਕੜੀ ਕੱਢ ਕੇ ਸੁਲਗਾ ਲਿਆ। ਆਹ! ਇਹ ਪਹਿਲਾ ਕਸ਼ ਜਿੰਨਾ ਸਕੂਨ ਦੇਂਦਾ ਏ, ਓਨਾ ਬਰਾਂਡੀ ਦਾ ਪਹਿਲਾ ਘੁੱਟ ਨਹੀਂ। ਰਿਟਾਇਰ ਹੋਣ ਪਿੱਛੋਂ ਉਹ ਸਾਰਾ ਦਿਨ ਪਾਈਪ ਨਹੀਂ ਪੀਂਦੇ, ਬਸ ਸ਼ਾਮ ਨੂੰ ਪੀਂਦੇ ਨੇ। ਸਾਰਾ ਦਿਨ ਇਸ ਪਹਿਲੇ ਕਸ਼ ਦੀ ਉਡੀਕ ਕਰਦੇ ਰਹਿੰਦੇ ਨੇ। ਸਵੇਰੇ ਘੁੰਮਣ ਜਾਂਦੇ ਨੇ, ਦੁਪਹਿਰੇ ਲਾਇਬਰੇਰੀ ਤੇ ਸ਼ਾਮ ਨੂੰ ਪਬ। ਇਕ ਪਾਇੰਟ ਬੀਅਰ ਦੇ ਨਾਲ ਪਾਈਪ ਭਰਦੇ ਨੇ। ਕਿੰਨੇ ਸਾਲਾਂ ਤੋਂ ਇਵੇਂ ਹੀ ਚੱਲ ਰਿਹਾ ਏ..ਸਾਲ ਵਿਚ ਦੋ ਤਿੰਨ ਵਾਰ ਜਦੋਂ ਬਹੂ-ਬੇਟਾ ਆਉਂਦੇ ਨੇ ਤਾਂ ਇਕ ਦੋ ਦਿਨਾਂ ਲਈ ਉਹਨਾਂ ਦਾ ਇਹ ਨਿੱਤ-ਕਰਮ ਭੰਗ ਹੋ ਜਾਂਦਾ ਹੈ—ਈਸਟਰ 'ਤੇ ਤੇ ਕਰਿਸਮਸ ਮੌਕੇ। ਪਰ ਇਸ ਵਾਰ ਉਹ ਲੋਕ ਨਹੀਂ ਆਏ। ਸਵੇਰੇ ਜਦ ਡੇਵਿਡ ਨੇ ਫ਼ੋਨ 'ਤੇ ਕਿਹਾ ਕਿ ਉਹ ਲੋਕ ਨਹੀਂ ਆ ਸਕਣਗੇ ਤਾਂ ਪੀਟਰ ਨੂੰ ਜ਼ਰਾ ਬੁਰਾ ਲੱਗਿਆ ਸੀ। ਬਸ ਇਕ ਪਲ ਲਈ ਹੀ। ਵੈਸੇ ਬੁਰਾ ਵੀ ਨਹੀਂ ਸੀ ਲੱਗਿਆ। ਨਿਰਾਸ਼ ਹੋਣ ਦੀ ਇਕ ਚੋਭ ਜਿਹੀ ਮਹਿਸੂਸ ਹੋਈ ਸੀ। ਮੇਜ਼ 'ਤੇ ਰੰਗੀਨ ਕਾਗਜ਼ ਵਿਚ ਲਿਪਟੇ ਤੋਹਫ਼ਿਆਂ ਨੂੰ ਉਹਨਾਂ ਆਪਣੀਆਂ ਕੰਬਦੀਆਂ ਉਂਗਲਾਂ ਨਾਲ ਛੂਹਿਆ ਸੀ—ਡੇਵਿਡ ਲਈ ਬਾਗ਼ਵਾਨੀ ਦੀ ਕਿਤਾਬ ਲਿਆਏ ਸਨ ਉਹ, ਉਸਦੀ ਪਤਨੀ ਲਈ ਲੰਮੇਂ ਊਨੀਂ ਮੌਜ਼ੇ ਤੇ ਉਹਨਾਂ ਦੇ ਪੁੱਤਰ ਲਈ ਵੀਡੀਓ ਗੇਮ। ਇਹਨਾਂ ਸਰਦੀਆਂ ਵਿਚ ਆਪਣੇ ਲਈ ਇਕ ਨਵਾਂ ਓਵਰ-ਕੋਟ ਲੈਣਾ ਚਾਹੁੰਦੇ ਸਨ ਪਰ ਅਗਲੇ ਸਾਲ 'ਤੇ ਟਾਲ ਦਿੱਤਾ ਸੀ। ਕਿਸਨੂੰ ਪਤਾ ਸੀ ਕਿ ਇਸ ਵਾਰੀ ਏਨੀ ਬਰਫ਼ ਪਏਗੀ। ਖ਼ੈਰ! ਪੀਟਰ ਨੇ ਪਾਈਪ ਮੂੰਹ ਨੂੰ ਲਾਇਆ, ਪਰ ਉਹ ਬੁਝ ਚੁੱਕਿਆ ਸੀ।
“ਕੀ ਸੋਚਣ ਲੱਗ ਪਾਏ ਸੌ?” ਲਿੰਡਾ ਨੇ ਬਰਾਂਡੀ ਦਾ ਗ਼ਲਾਸ ਫੜਾਂਦਿਆਂ ਹੋਇਆ ਕਿਹਾ।
“ਸੋਚ ਰਿਹਾ ਸਾਂ—ਇਕ ਜ਼ਮਾਨਾ ਸੀ, ਜਦੋਂ ਪੈਰ ਇਕ ਜਗ੍ਹਾ ਟਿਕਦੇ ਨਹੀਂ ਸਨ ਹੁੰਦੇ। ਕਿੰਨਾ ਘੁੰਮਿਆਂ ਜਵਾਨੀ ਵਿਚ, ਤੇ ਹੁਣ...” ਪੀਟਰ ਹੱਸੇ, “ਹੁਣ ਜਿਸ ਦਿਨ ਬਹੁਤਾ ਸਬਰ ਨਹੀਂ ਹੁੰਦਾ—ਬਸ 'ਚ ਸਵਾਰ ਹੋ ਕੇ ਬੇ-ਮਤਲਬ ਹੀ ਸ਼ਹਿਰ ਦੇ ਚੱਕਰ ਕੱਟਦਾ ਰਹਿੰਦਾ ਆਂ। ਬਈ ਪੈਂਸ਼ਨਰ ਹੋਣ ਦਾ ਇਕ ਇਹ ਫਾਇਦਾ ਤਾਂ ਹੈ ਕਿ ਤੁਸੀਂ ਮੁਫ਼ਤ ਲੰਦਨ-ਦਰਸ਼ਨ ਕਰ ਸਕਦੇ ਓ...”
ਲਿੰਡਾ ਦੇ ਚਿਹਰੇ 'ਤੇ ਰੌਅ ਫਿਰ ਗਈ।
“ਜਾਰਜ਼ ਨੂੰ ਵੀ ਬੜਾ ਸ਼ੌਕ ਸੀ ਘੁੰਮਣ ਦਾ। ਕਹਿੰਦੇ, ਲਿੰਡਾ ਮਰਦੇ ਸਮੇਂ ਇਹ ਮਲਾਲ (ਦੁੱਖ) ਲੈ ਕੇ ਨਹੀਂ ਮਰਨਾ ਚਾਹੁੰਦਾ ਕਿ ਮੈਂ ਪੂਰੀ ਦੁਨੀਆਂ ਨਹੀਂ ਵੇਖੀ।”
ਪਰ ਕਹਿਣ ਪਿੱਛੋਂ ਲਿੰਡਾ ਨੂੰ ਲੱਗਿਆ ਜਿਵੇਂ ਕੁਝ ਗ਼ਲਤ ਕਹਿ ਬੈਠੀ ਏ। ਪੀਟਰ ਦਾ ਮੁਸਕੁਰਾਉਂਦਾ ਹੋਇਆ ਚਿਹਰਾ ਫਿੱਕਾ ਪੈ ਗਿਆ ਏ। ਛੋਟੀਆਂ-ਛੋਟੀਆਂ ਨੀਲੀਆਂ-ਅੱਖਾਂ ਦੀ ਚਮਕ ਧੁੰਦਲਾ ਗਈ ਏ...ਕਮਰੇ ਵਿਚ ਇਕ ਚੁੱਪ ਭਰ ਗਈ ਏ।...ਸੜਕ ਤੋਂ ਪੁਲਿਸ ਦੀ ਇਕ ਗੱਡੀ ਚੀਕਦੀ ਹੋਈ ਲੰਘੀ। ਪੀਟਰ ਤੇ ਲਿੰਡਾ ਵਿਚਕਾਰ ਪੁਰਾਣੇ ਕਾਲੀਨ ਵਾਂਗ ਵਿਛੀ ਚੁੱਪ ਵਿਚ ਪਾੜ ਪੈ ਗਿਆ। ਲਿੰਡਾ ਨੂੰ ਪੁਲਿਸ ਤੇ ਐਂਬੂਲੈਂਸ ਦੀ ਗੱਡੀ ਤੋਂ ਬੜਾ ਭੈ ਆਉਂਦਾ ਏ। ਉਹਨਾਂ ਦਾ ਹੂਟਰ ਕਿਸੇ ਮੰਦਭਾਗੀ ਦੀ ਚੀਕ ਵਰਗਾ ਲੱਗਦਾ ਏ।
“ਖ਼ੂਦਾ ਜਾਨੇ ਕੀ ਹੋਇਆ ਏ।” ਉਹ ਬੜਬੜਾਈ।
“ਹੋਇਆ ਕੀ ਹੋਏਗਾ। ਜ਼ਿਆਦਾ ਪੀ ਕੇ ਕਾਰ ਚਲਾਉਣ ਨਾਲ ਐਕਸੀਡੈਂਟ ਹੋ ਗਿਆ ਹੋਏਗਾ। ਕਰਿਸਮਸ ਦੇ ਦਿਨੀਂ ਹਾਦਸੇ ਵੀ ਕੁਛ ਵਧ ਜਾਂਦੇ ਨੇ।” ਪੀਟਰ ਨੇ ਬੜੇ ਸਹਿਜ ਭਾਅ ਕਿਹਾ ਸੀ।
ਉਦੋਂ ਹੀ ਦਰਵਾਜ਼ੇ ਦੀ ਘੰਟੀ ਵੱਜੀ। ਲਿੰਡਾ ਉੱਠੀ। ਇਹ ਗੋਡਿਆਂ ਦਾ ਦਰਦ ਢਲਦੇ ਦਿਨ ਦੇ ਨਾਲ ਹੀ ਉਮਰ ਦਾ ਅਹਿਸਾਸ ਕਰਵਾਉਣ ਲੱਗ ਪੈਂਦਾ ਏ ਵਰਨਾ ਦਿਨ ਭਰ 'ਚ ਤਾਂ ਉਹ ਦਸ ਚੱਕਰ ਲਾ ਆਏ ਬਾਜ਼ਾਰ ਦੇ।
“ਵਾਹ, ਰੋਜ਼ਮੈਰੀ,” ਲਿੰਡਾ ਨੇ ਰੋਜ਼ਮੈਰੀ ਨੂੰ ਬਾਹੋਂ ਫੜ੍ਹ ਕੇ ਅੰਦਰ ਆਉਣ ਲਈ ਸਹਾਰਾ ਦਿੱਤਾ। ਰੋਜ਼ਮੈਰੀ ਦੀ ਪਿੱਠ ਕੁਝ ਜ਼ਿਆਦਾ ਈ ਝੁਕਣ ਲੱਗੀ ਏ। ਰੋਜ਼ਮੈਰੀ ਦੇ ਪਿੱਛੇ ਲਾਰੇਂਸ ਵੀ ਸਨ। ਲਿੰਡਾ ਨੇ ਉਹਨਾਂ ਦੀ ਛਤਰੀ ਇਕ ਖੂੰਜੇ ਵਿਚ ਰੱਖ ਦਿੱਤੀ।
“ਆਓ ਨਾ ਮਿਸਟਰ ਲਾਰੇਂਸ। ਕਿਉਂ ਬਈ ਜਾਣ-ਪਛਾਣ ਕਰਵਾ ਦਿਆਂ ਕਿ? ਦੋ ਮਕਾਨ ਛੱਡ ਕੇ ਹੀ ਤਾਂ ਰਹਿੰਦੇ ਨੇ।”
“ਦੇਖਿਆ ਤਾਂ ਹੈ ਪਰ ਜਾਣ-ਪਛਾਣ ਹਾਲੇ ਨਹੀਂ ਹੋਈ।” ਲਾਰੇਂਸ ਨੇ ਓਪਰਿਆਂ ਵਾਂਗ ਕਿਹਾ। ਲਿੰਡਾ ਨੇ ਵੀ ਅੱਜ ਪਹਿਲੀ ਵਾਰੀ ਲਾਰੇਂਸ ਨੂੰ ਏਨਾ ਨੇੜਿਓਂ ਦੇਖਿਆ ਏ। ਅੱਖਾਂ ਹੇਠਲਾ ਮਾਸ ਕਿੰਨਾ ਝੂਲ ਰਿਹਾ ਏ ਤੇ ਬੁੱਲ੍ਹਾਂ ਦੇ ਪਾਸੀਂ ਝੁਰੜੀਆਂ ਵਿਚ ਇਕ ਸਖ਼ਤੀ ਜਿਹੀ ਏ।
ਰੋਜ਼ਮੈਰੀ ਸੈਟੀ ਦੇ ਇਕ ਕੋਨੇ ਵਿਚ ਧਸ ਗਈ। ਸਿਰ ਹੌਲੀ-ਹੌਲੀ ਹਿੱਲ ਰਿਹਾ ਏ। “ਬੈਠੋ, ਮਿਸਟਰ ਲਾਰੇਂਸ,” ਲਿੰਡਾ ਨੇ ਕਿਹਾ, “ਮੈਨੂੰ ਸੱਚਮੁੱਚ ਬੜੀ ਖੁਸ਼ੀ ਹੋਈ ਏ ਕਿ ਤੁਸੀਂ ਮੇਰਾ ਸੱਦਾ ਸਵੀਕਾਰ ਕਰ ਲਿਆ।”
“ਲੱਗਦਾ ਏ ਫੇਰ ਬਰਫ਼ ਪਏਗੀ।” ਲਾਰੇਂਸ ਖਿੜਕੀ 'ਚੋਂ ਬਾਹਰ ਝਾਕ ਰਹੇ ਸਨ। ਜਿਵੇਂ ਲਿੰਡਾ ਦੀ ਗੱਲ ਸੁਣੀ ਹੀ ਨਾ ਹੋਵੇ। ਲਿੰਡਾ ਰੋਜ਼ਮੈਰੀ ਕੋਲ ਬੈਠ ਗਈ। ਲਾਰੇਂਸ ਅੱਗ ਕੋਲ ਜਾ ਕੇ ਖਲੋ ਗਏ। ਜੇਬ ਵਿਚੋਂ ਸਿਗਾਰ ਕੱਢਿਆ। ਸੁਲਗਾਉਣ ਲੱਗੇ ਤਾਂ ਪੀਟਰ ਨੂੰ ਪੁੱਛਣ ਲੱਗੇ—
“ਤੁਸੀਂ ਪੀਓਗੇ...”
“ਨਹੀਂ ਸ਼ੁਕਰੀਆਂ ਮੈਂ ਸਿਰਫ ਪਾਈਪ ਪੀਂਦਾ ਆਂ...”
ਲਾਰੇਂਸ ਨੇ ਇਕ ਕਸ਼ ਲਿਆ ਤੇ ਬੋਲੇ, “ਲੋਕ ਸਿਗਾਰ ਖਾਣੇ ਤੋਂ ਪਿੱਛੋਂ ਪੀਂਦੇ ਨੇ, ਮੈਂ ਪਹਿਲਾਂ ਪੀਂਦਾ ਵਾਂ...”
ਰੋਜ਼ਮੈਰੀ ਖੰਘੀ। ਲਾਰੇਂਸ ਨੂੰ ਪਹਿਲੀ ਵੇਰ ਖ਼ਿਆਲ ਆਇਆ ਕਿ ਉਹ ਤਿੰਨ ਜਣਿਆ ਵਿਚਕਾਰ ਹੈ।
“ਤੁਹਾਨੂੰ ਧੂੰਏਂ ਨਾਲ ਪ੍ਰੇਸ਼ਾਨੀ ਤਾਂ ਨਹੀਂ ਹੋ ਰਹੀ...?”
“ਨਹੀਂ।” ਰੋਜ਼ਮੈਰੀ ਨੇ ਪਹਿਲਾਂ ਹੀ ਹਿਲਦਾ ਹੋਇਆ ਸਿਰ ਕੁਝ ਹੋਰ ਜ਼ੋਰ ਨਾਲ ਹਿਲਾਇਆ। ਲਿੰਡਾ ਸ਼ੈਂਪੇਨ ਦੀ ਬੋਤਲ ਲੈ ਆਈ। ਬੋਲੀ, “ਇਹ ਮੈਂ ਖਾਸ ਤੌਰ 'ਤੇ ਤੁਹਾਡੇ ਲਈ ਲਿਆਈ ਆਂ।”
“ਤੋ ਕੀ ਮੈਂ ਇਸਨੂੰ ਖੋਹਲਣ ਦਾ ਸਨਮਾਣ ਪ੍ਰਾਪਤ ਕਰ ਸਕਦਾ ਆਂ?” ਪੀਟਰ ਨੇ ਨਾਟਕੀ ਢੰਗ ਨਾਲ ਬੋਤਲ ਚੁੱਕੀ ਤੇ ਉਸਨੂੰ ਜ਼ੋਰ ਨਾਲ ਹਿਲਾਇਆ। “ਹੁਣ ਹੋਏਗੀ ਇਕ ਧਮਾਕੇਦਾਰ ਆਵਾਜ਼।”
ਰੋਜ਼ਮੈਰੀ ਨੇ ਆਪਣੇ ਕੰਨਾਂ ਉੱਤੇ ਹੱਥ ਰੱਖ ਲਏ।
ਹਲਕੀ ਜਿਹੀ ਆਵਾਜ਼ ਹੋਈ ਤੇ ਸ਼ੈਂਪੇਨ ਦੀ ਝੱਗ ਬੋਤਲ ਵਿਚੋਂ ਬਾਹਰ ਆਉਣ ਲੱਗ ਪਈ। ਪੀਟਰ ਨੇ ਚਾਰੇ ਗ਼ਲਾਸ ਭਰੇ ਤੇ ਬੋਲਿਆ, “ਚੀਅਰਸ, ਬੁਢਾਪੇ ਦੇ ਨਾਂਅ।”
ਲਿੰਡਾ ਮੁਸਕੁਰਾਈ, “ਅਸਾਂ ਬੁੱਢਿਆਂ ਤੇ ਇਕੱਲਿਆਂ ਦੇ ਨਾਂਅ।”
ਲਾਰੇਂਸ ਨੇ ਲੈਅ ਤੋੜੀ। “ਤੁਹਾਨੂੰ ਪਤਾ ਏ, ਕਲ੍ਹ ਤੇਰ੍ਹਾਂ ਨੰਬਰ ਵਾਲੀ ਮਿਸੇਜ਼ ਵੁਡ ਦੀ ਮੌਤ ਹੋ ਗਈ...”
ਲਿੰਡਾ ਦਾ ਗ਼ਲਾਸ ਬੁੱਲ੍ਹਾਂ ਕੋਲ ਈ ਰੁਕ ਗਿਆ।
“ਅਸਲ ਵਿਚ, ਮੌਤ ਤਾਂ ਦੋ ਦਿਨ ਪਹਿਲਾਂ ਹੋ ਗਈ ਸੀ ਸ਼ਾਇਦ! ਪਰ ਕਿਸੇ ਨੂੰ ਪਤਾ ਈ ਨਹੀਂ ਸੀ ਲੱਗਿਆ। ਦਰਵਾਜ਼ਾ ਬੰਦ ਸੀ, ਦੁੱਧ ਦੀਆਂ ਬੋਤਲਾਂ ਬਾਹਰ ਪਈਆਂ ਰਹੀਆਂ...ਫੇਰ ਕਿਸੇ ਗੁਆਂਢੀ ਨੂੰ ਸ਼ੱਕ ਹੋਇਆ ਤਾਂ ਉਸਨੇ ਪੁਲਿਸ ਨੂੰ ਖ਼ਬਰ ਕੀਤੀ।”
“ਓ ਮਾਈ ਗਾਡ।” ਲਿੰਡਾ ਬੜਬੜਾਈ।
“ਹਾਂ,” ਲਾਰੇਂਸ ਬੋਲੇ, “ਜਦੋਂ ਦਰਵਾਜ਼ਾਂ ਤੋੜਿਆ ਗਿਆ ਤਾਂ ਦੇਖਿਆ ਉਹ ਪੌੜੀਆਂ 'ਚ ਡਿੱਗੀ ਹੋਈ ਸੀ ਤੇ ਕੋਲ ਇਕ ਬਿੱਲੀ ਬੈਠੀ ਸੀ।”
ਰੋਜ਼ਮੈਰੀ ਦਾ ਹਿਲਦਾ ਹੋਇਆ ਸਿਰ ਰੁਕ ਗਿਆ, “ਉਹੀ ਮਿਸੇਜ਼ ਵੁਡ ਨਾ, ਜਿਸ ਕੋਲ ਕਈ ਬਿੱਲੀਆਂ ਸਨ? ਉਫ਼, ਵਿਚਾਰੀ।”
“ਪ੍ਰਭੂ ਕਿਸੇ ਨੂੰ ਏਨੀ ਬੇਗਾਨੀ ਮੌਤ ਨਾ ਦਏ।” ਲਾਰੇਂਸ ਦੀ ਨਿਗਾਹ ਛੱਡ ਵੱਲ ਉਠ ਗਈ।
“ਕੋਈ ਰਿਸ਼ਤੇਦਾਰ ਨਹੀਂ ਸੀ ਉਸਦਾ?” ਲਿੰਡਾ ਨੇ ਪੁੱਛਿਆ।
“ਨਹੀਂ। ਸਾਰੀ ਉਮਰ ਸ਼ਾਦੀ ਨਹੀਂ ਕੀਤੀ।”
ਰੋਜ਼ਮੈਰੀ ਨੇ ਰੁਮਾਲ ਕੱਢ ਕੇ ਨੱਕ ਸੁਣਕੀ ਤੇ ਬੜਬੜਾਈ, “ਦੋ ਦਿਨ ਤੀਕ ਕਿਸੇ ਨੂੰ ਪਤਾ ਈ ਨਹੀਂ ਲੱਗਿਆ!”
“ਕਰਿਸਮਸ ਦੀਆਂ ਛੁੱਟੀਆਂ ਵਿਚ ਤਾਂ ਵੈਸੇ ਹੀ ਸੁੰਨ-ਮਸਾਨ ਹੋ ਜਾਂਦਾ ਏ—ਜਿਵੇਂ ਕੋਈ ਤਿਊਹਾਰ ਨਾ ਹੋਏ, ਰਾਸ਼ਟਰੀ-ਸੋਗ ਮਨਾਇਆ ਜਾ ਰਿਹਾ ਹੋਵੇ।” ਲਾਰੇਂਸ ਬੋਲੇ।
ਮੌਤ ਦੀ ਖ਼ਬਰ ਦਾ ਅਸਰ ਸ਼ਾਇਦ ਮੌਤ ਨਾਲੋਂ ਵੀ ਵੱਧ ਦਹਿਸ਼ਤ ਭਰਿਆ ਹੁੰਦਾ ਏ। ਲਿੰਡਾ ਨੇ ਮਹਿਸੂਸ ਕੀਤਾ—ਉਹ ਲੋਕ ਸ਼ੈਂਪੇਨ ਨਹੀਂ, ਦਹਿਸ਼ਤ ਦੀਆਂ ਚੁਸਕੀਆਂ ਲੈ ਰਹੇ ਨੇ। ਇਕ ਸੰਨਾਟਾ ਉਸਦੇ ਆਪਣੇ ਅੰਦਰ ਉਗ ਆਇਆ ਸੀ—ਇਕ ਰੋਜ਼ਮੈਰੀ ਦੇ, ਇਕ ਪੀਟਰ ਦੇ ਤੇ ਇਕ ਲਾਰੇਂਸ ਦੇ। ਚਾਰਾਂ ਦੇ ਅੰਦਰਲਾ ਸੰਨਾਟਾ—ਇਕੱਠਾ ਇਸ ਕਮਰੇ ਵਿਚ ਮੌਜ਼ੂਦ ਸੀ। ਫ਼ਾਇਰ-ਪਲੇਸ ਵਿਚ ਅੱਗ ਦੀਆਂ ਲਾਟਾਂ ਨੀਲੀਆਂ ਹੋਈਆਂ ਹੋਈਆਂ ਸਨ। ਰੋਜ਼ਮੈਰੀ ਮੇਰੀ ਦਾ ਗ਼ਲਾਸ ਵਾਲਾ ਹੱਥ ਟੇਢਾ ਹੋ ਗਿਆ ਸੀ। ਪੀਟਰ ਦੀ ਨਿਗਾਹ ਬਲ ਚੁੱਕੀਆਂ ਲੱਕੜੀਆਂ ਉੱਤੇ ਟਿਕੀ ਹੋਈ ਸੀ ਤੇ ਲਾਰੇਂਸ ਸ਼ੂਨ ਵਿਚ ਤੱਕ ਰਹੇ ਸਨ। ਤੇ ਲਿੰਡਾ?...ਨਹੀਂ, ਲਿੰਡਾ ਜਾਰਜ਼ ਦੀ ਮੌਤ ਨੂੰ ਯਾਦ ਨਹੀਂ ਸੀ ਕਰਨਾ ਚਾਹੁੰਦੀ...।
“ਬਈ ਅੱਜ ਕਰਿਸਮਸ ਏ। ਅਸੀਂ ਲੋਕ ਮਾਤਮ-ਪੁਰਸ਼ੀ ਲਈ ਇਕੱਠੇ ਨਹੀਂ ਹੋਏ...”
“ਅਸਲ ਵਿਚ ਅਸੀਂ ਸਾਰੇ ਡਰ ਗਏ ਵਾਂ।” ਲਾਰੇਂਸ ਨੇ ਦਰਸ਼ਨਿਕਾਂ ਵਾਂਗ ਕਿਹਾ।
“ਕਿਉਂ, ਡਰਨ ਵਾਲੀ ਕਿਹੜੀ ਗੱਲ ਏ?”
“ਕਿ ਇਹੋ ਹਾਲ ਸਾਡਾ ਸਾਰਿਆਂ ਦਾ ਨਾ ਹੋਵੇ।”
“ਮੌਤ ਤਾਂ ਇਕ ਨਾ ਇਕ ਦਿਨ ਸਾਰਿਆਂ ਨੂੰ ਆਉਣੀ ਏਂ ਮਿਸਟਰ ਲਾਰੇਂਸ।” ਲਿੰਡਾ ਨੇ ਕਿਹਾ।
“ਪਰ ਕੀ ਏਨੀ ਭਿਆਨਕ ਕਿ ਦੋ ਦਿਨ ਤਕ ਲਾਸ਼ ਘਰ ਵਿਚ ਬੰਦ ਪਈ ਰਹੇ ਤੇ ਕਿਸੇ ਨੂੰ ਭਿਣਕ ਤਕ ਨਾ ਪਵੇ।” ਰੋਜ਼ਮੈਰੀ ਦੀ ਆਵਾਜ਼ ਜਿਵੇਂ ਕਿਸੇ ਧੁੰਦ ਦੀ ਘਾਟੀ ਵਿਚੋਂ ਆ ਰਹੀ ਸੀ।
“ਓ-ਬਈ, ਛੱਡੋ ਮੌਤ ਦੀਆਂ ਗੱਲਾਂ। ਮੈਂ ਖਾਣਾ ਲਾਉਂਦੀ ਆਂ।”
“ਮੈਂ ਕੁਛ ਮਦਦ ਕਰਾਂ?” ਰੋਜ਼ਮੈਰੀ ਨੇ ਕਿਹਾ।
“ਓ, ਨਹੀ-ਨਹੀ, ਤੁਸੀਂ ਬੈਠੋ।” ਲਿੰਡਾ ਜਾਣਦੀ ਏ ਰੋਜ਼ਮੈਰੀ ਤੋਂ ਕੁਛ ਨਹੀਂ ਹੋਏਗਾ। ਜਦੋਂ ਕਦੀ ਉਹ ਰੋਜ਼ਮੈਰੀ ਦੀ ਝੁਕੀ ਹੋਈ ਦੇਹ ਨੂੰ ਸ਼ੈਂਪੇਨ ਦੇ ਥੈਲਿਆਂ ਦੇ ਬੋਝ ਹੇਠ ਘਿਸਟਦਿਆਂ ਦੇਖਦੀ ਏ, ਅੰਦਰ ਕਿਤੇ ਬੜੀ ਤਕਲੀਫ਼ ਹੁੰਦੀ ਏ। ਕਾਸ਼! ਇਸਦਾ ਕੋਈ ਨਜ਼ਦੀਕੀ ਇਸਦੇ ਕੋਲ ਹੁੰਦਾ, ਜਿਹੜਾ ਇਸ ਲਈ ਹੋਰ ਕੁਝ ਨਹੀਂ ਤਾਂ ਘੱਟੋਘੱਟ ਮੌਕੇ-ਬੇਮੌਕੇ ਖ਼ਰੀਦਦਾਰੀ ਕਰਕੇ ਤਾਂ ਲਿਆ ਸਕਦਾ ਸੀ। ਪਰ ਸ਼ਾਇਦ ਆਪਣੇ ਹਿੱਸੇ ਦੇ ਦੁੱਖ ਸਾਨੂੰ ਸਭਨਾਂ ਨੂੰ ਖ਼ੁਦ ਹੀ ਭੋਗਣੇ ਪੈਂਦੇ ਨੇ। ਨਹੀਂ ਤਾਂ ਕੀ ਰੋਜ਼ਮੈਰੀ ਆਪਣੀ ਭੈਣ ਤੇ ਭਨੋਈਏ ਨਾਲ ਨਹੀਂ ਸੀ ਰਹਿ ਸਕਦੀ। ਉਹ ਲੋਕ ਯਾਰਕਸ਼ਰ ਵਿਚ ਰਹਿੰਦੇ ਨੇ। ਇਕ ਵਾਰੀ ਬੜੀ ਜ਼ਿਦ ਕਰਕੇ ਰੋਜ਼ਮੈਰੀ ਨੂੰ ਲੈ ਗਏ ਸੀ ਆਪਣੇ ਕੋਲ। ਲਿੰਡਾ ਨੂੰ ਉਮੀਦ ਸੀ—ਹੁਣ ਰੋਜ਼ਮੈਰੀ ਦਾ ਮਨ ਲੱਗ ਜਾਏਗਾ। ਪਰ ਮਹੀਨੇ ਕੁ ਬਾਅਦ ਰੋਜ਼ਮੈਰੀ ਵਾਪਸ ਆਈ ਤਾਂ ਪਹਿਲਾਂ ਨਾਲੋਂ ਵੱਧ ਕਮਜ਼ੋਰ ਲੱਗ ਰਹੀ ਸੀ। ਬੋਲੀ, “ਮੈਂ ਕਿਸੇ 'ਤੇ ਬੋਝ ਨਹੀਂ ਬਣਨਾ ਚਾਹੁੰਦੀ।”
ਲਿੰਡਾ ਨੇ ਮੇਜ਼ 'ਤੇ ਖਾਣਾ ਲਾਇਆ। ਟਰਕੀ, ਸਲਾਦ, ਲਾਲ ਵਾਈਨ ਦੀ ਬੋਤਲ। ਇਹ ਬੋਤਲ ਪਿਛਲੇ ਸਾਲ ਉਸਦੀ ਧੀ ਮਾਰਗਰੇਟ ਲਿਆਈ ਸੀ—ਕਦੀ ਖੋਲ੍ਹਣ ਦਾ ਮੌਕਾ ਈ ਨਹੀਂ ਸੀ ਮਿਲਿਆ। ਲਿੰਡਾ ਨੇ ਮੋਮਬੱਤੀ ਜਗਾਈ। ਅੰਦਰ ਜਿਵੇਂ ਇਕ ਲੌਅ ਜਿਹੀ ਕੰਬੀ। ਜਾਰਜ਼ ਨੇ ਬੜੇ ਸ਼ੌਕ ਨਾਲ ਇਹ ਕੈਂਡਲਸਿਸਟਕਸ ਖ਼ਰੀਦਿਆ ਸੀ। ਹੁਣ ਤਾਂ ਇਸਦੀ ਚਮਕ ਧੁੰਦਲੀ ਪੈ ਗਈ ਏ—ਫੇਰ ਵੀ ਲਿੰਡਾ ਹਰ ਕਰਿਸਮਸ 'ਤੇ ਇਹਨਾਂ ਨੂੰ ਲਿਸ਼ਕਉਂਦੀ ਏ—ਐਨ ਓਵੇਂ ਈ ਜਿਵੇਂ ਵਰ੍ਹਿਆਂ ਤੋਂ ਇਕੱਠੇ ਕੀਤੇ ਸੰਗੀਤ ਦੇ ਰਿਕਾਰਡਸ ਨੂੰ ਕੱਢਦੀ-ਸੰਭਾਲਦੀ ਏ, ਉਹਨਾਂ ਦੀ ਧੂੜ ਪੂੰਝਦੀ ਏ, ਤਰਤੀਬ ਨਾਲ ਰੱਖਦੀ ਏ। ਪੁਰਾਣੇ ਰਿਕਾਰਡ ਪਲੇਅਲਰ ਨੂੰ ਆਪਣੀਆਂ ਬੁੱਢੀਆਂ ਉਂਗਲਾਂ ਨਾਲ ਛੂੰਹਦੀ ਏ। ਇਹ ਤਾਂ ਜਾਰਜ਼ ਤੇ ਉਸਦੇ ਵਿਆਹ ਤੋਂ ਵੀ ਪਹਿਲਾਂ ਦਾ ਏ। ਜਾਰਜ਼ ਦੀ ਮੌਤ ਪਿੱਛੋਂ ਸੰਗੀਤ ਸੁਣਨਾ ਈ ਛੱਡ ਦਿੱਤਾ ਏ ਲਿੰਡਾ ਨੇ—ਇੱਥੋਂ ਤਕ ਕਿ ਆਪਣੇ ਮਨਪਸੰਦ ਰਿਕਾਰਡ ਵੀ। ਵਿਵਾਲਡੀ ਦਾ 'ਫੋਰ ਸੀਜ਼ਨਸ' ਕਿੰਨਾ ਪਿਆਰਾ ਹੁੰਦਾ ਸੀ ਉਹਨਾਂ ਨੂੰ—ਉਹ ਵੀ ਨਹੀਂ ਸੁਣਦੀ। ਬਸ ਅੰਦਰ ਹੀ ਅੰਦਰ ਵੱਜਦਾ ਰਹਿੰਦਾ ਏ। 'ਫੋਰ ਸੀਜ਼ਨਸ' ਚਾਰ ਰੁੱਤਾਂ। ਜਾਰਜ਼ ਕਹਿੰਦੇ, 'ਮਨੁੱਖ ਦਾ ਜੀਵਨ ਵੀ ਚਾਰ ਰੁੱਤਾਂ ਵਿਚ ਵੰਡਿਆ ਹੋਇਆ ਏ।' ਅੱਜ ਕਿਉਂ ਨਾ ਉਹੀ ਰਿਕਾਰਡ ਵਜਾਇਆ ਜਾਏ।
ਉਹ ਲੋਕ ਚੁੱਪਚਾਪ ਖਾ ਰਹੇ ਸਨ ਤੇ ਉਸ ਚੁੱਪੀ ਨੂੰ ਭਰ ਰਹੀ ਸੀ ਛੁਰੀ-ਕਾਂਟਿਆਂ ਦੀ ਖਣਕਾਰ ਤੇ ਵਿਵਾਲਡੀ ਦੇ ਸੰਗੀਤ ਦੀ ਸੁਰ-ਲਹਿਰੀ। ਲਿੰਡਾ ਇਸ ਸੰਗੀਤ ਰਚਨਾ ਦਾ ਇਕ ਇਕ ਸੁਰ ਪਛਾਣਦੀ ਏ। ਬਸੰਤ, ਗਰਮੀ, ਪਤਝੜ ਤੇ ਸਰਦੀ ਰੁੱਤ...ਸਰਦੀ ਤੋਂ ਪਿੱਛੋਂ ਬਸੰਤ ਆਉਂਦੀ ਏ...ਪਰ ਬਿਰਧ ਅਵਸਥਾ ਪਿੱਛੋਂ? ਜੀਵਨ ਦੀ ਇਹ ਚੌਥੀ ਰੁੱਤ ਤਾਂ ਮੌਤ ਦਾ ਪ੍ਰਤੀਕ ਏ। ਜੀਵਨ ਦੀ ਠਾਰੀ ਏ। ਉਸ ਪਿੱਛੋਂ ਬਸੰਤ ਨਹੀਂ ਆਉਂਦੀ। ਪਰ ਨਹੀਂ ਸ਼ਾਇਦ ਆਉਂਦੀ ਏ—ਨਿੱਕੀਆਂ-ਨਿੱਕੀਆਂ ਕਰੁੰਭਲਾਂ ਦੇ ਰੂਪ ਵਿਚ...ਕਿਸੇ ਨਵੇਂ ਜੰਮੇ ਬਾਲ ਦੀ ਗੁਲਾਬੀ ਮੁੱਠੀ ਦੇ ਰੂਪ ਵਿਚ...
ਲਾਰੇਂਸ ਇਸ ਦੌਰਾਨ ਦੋ ਵਾਰ ਆਪਣਾ ਗ਼ਲਾਸ ਭਰ ਚੁੱਕੇ ਸਨ। ਤੀਜੀ ਵਾਰੀ ਵਾਈਨ ਪਾਉਂਦਿਆਂ ਹੋਇਆਂ ਉਹਨਾਂ ਮੌਨ ਤੋੜਿਆ, “ਬੜੀ ਵਧੀਆ ਟਰਕੀ ਬਣਾਈ ਏ—ਮਿਸੇਜ਼ ਸਮਿਥ।”
ਲਿੰਡਾ ਨੂੰ ਲੱਗਿਆ ਸ਼ਾਮ ਦੀ ਸ਼ੁਰੂਆਤ ਤੋਂ ਹੁਣ ਤੀਕ ਪਹਿਲੀ ਵਾਰ ਮਿਸਟਰ ਲਾਰੇਂਸ ਦੀ ਸੁਰ ਆਪਣੇ ਅੰਦਰਲੀ ਗੰਢ ਖੋਹਲ ਕੇ ਸਹਿਜ ਹੋਈ ਏ। ਸ਼ਾਇਦ ਇਹ ਵੀ ਉਹਨਾਂ ਲੋਕਾਂ ਵਿਚ ਨੇ ਜਿਹੜੇ ਥੋੜ੍ਹੀ ਕੁ ਸ਼ਰਾਬ ਢਿੱਡ 'ਚ ਪੈ ਜਾਣ ਪਿੱਛੋਂ ਈ ਸਹਿਜ ਹੁੰਦੇ ਨੇ। ਲਾਰੇਂਸ ਦੀ ਦੇਖਾ-ਦੇਖੀ ਪੀਟਰ ਨੇ ਵੀ ਨੈਪਕਿਨ ਨਾਲ ਮੂੰਹ ਪੂੰਝਦਿਆਂ ਹੋਇਆਂ ਕਿਹਾ...:
“ਤੇ ਸਲਾਦ ਦਾ ਤਾਂ ਜਵਾਬ ਨਹੀਂ। ਮੇਰੀ ਬੀਵੀ ਵੀ ਕਾਫੀ ਵਧੀਆ ਫਿਸ਼ ਸੈਲੇਡ ਬਣਾਉਂਦੀ ਸੀ ਪਰ ਇਹ ਤਾਂ ਲਾਜਵਾਬ ਏ। ਕਿਉਂ, ਰੋਜ਼ਮੈਰੀ?”
ਰੋਜ਼ਮੈਰੀ ਦਾ ਹਵਾ ਵਿਚ ਹਿਲਦਾ ਹੋਇਆ ਸਿਰ ਪਲ ਭਰ ਲਈ ਰੁਕਿਆ—“ਮੈਨੂੰ ਕਦੀ ਕੋਈ ਦਾਅਵਤ 'ਤੇ ਬੁਲਾਏਗਾ, ਇਹ ਮੈਂ ਸੋਚਿਆ ਹੀ ਨਹੀਂ ਸੀ।”
“ਇੰਜ ਕਿਉਂ ਸੋਚਦੇ ਓ ਰੋਜ਼ਮੈਰੀ?” ਲਿੰਡਾ ਨੇ ਹੌਸਲਾ ਜਿਹਾ ਦਿੱਤਾ। “ਅਗਲੀ ਕਰਿਸਮਸ 'ਤੇ ਫੇਰ ਸਹੀ।”
ਰੋਜ਼ਮੈਰੀ ਦੇ ਚਿਹਰੇ ਦੀਆਂ ਲਕੀਰਾਂ ਜਿਵੇਂ ਹੋਰ ਗੂੜ੍ਹੀਆਂ ਹੋ ਗਈਆਂ—“ਅਗਲੀ ਕਰਿਸਮਸ! ਅਗਲੀ ਕਰਿਸਮਸ ਤਾਂ ਅਜੇ ਬੜੀ ਦੂਰ ਏ...ਵਿਚਾਰੀ ਮਿਸੇਜ਼ ਵੁਡ।”
ਪੀਟਰ ਦੇ ਚਿਹਰੇ 'ਤੇ ਹਾਸੀ ਫਿਰ ਗਈ। “ਹਾਂ, ਮਿਸੇਜ਼ ਵੁਡ। ਇਸ ਕਰਿਸਮਸ 'ਤੇ ਜਿਊਂਦੀ ਹੁੰਦੀ ਤਾਂ ਉਸਨੂੰ ਵੀ ਬੁਲਾ ਲੈਂਦੇ ਅੱਜ।”
ਰੋਜ਼ਮੈਰੀ ਦੀਆਂ ਅੱਖਾਂ ਸਿੱਜਲ ਹੋ ਗਈਆਂ।
“ਮੌਤ ਦੇ ਵਿਸ਼ੇ 'ਤੇ ਮਜ਼ਾਕ ਨਾ ਕਰੋ ਪੀਟਰ।” ਲਿੰਡਾ ਨੇ ਧੀਮੀ ਆਵਾਜ਼ ਵਿਚ ਕਿਹਾ।
“ਓ-ਬਈ, ਮੌਤ ਦੇ ਵਿਸ਼ੇ 'ਤੇ ਹੀ ਤਾਂ ਮਜ਼ਾਕ ਕੀਤਾ ਜਾ ਸਕਦਾ ਏ।” ਪੀਟਰ ਨੇ ਕਰਿਸਮਸ ਪੁਡਿੰਗ ਚਖਦਿਆਂ ਹੋਇਆਂ ਕਿਹਾ, “ਉਪਰ ਵਾਲੇ ਨੇ ਬੁਢਾਪਾ ਬਣਾ ਕੇ ਏਡਾ ਵੱਡਾ ਮਜ਼ਾਕ ਕੀਤਾ ਏ, ਕੀ ਸਾਨੂੰ ਏਨਾ ਵੀ ਹੱਕ ਨਹੀਂ?”
“ਪਤਾ ਨਹੀਂ।” ਲਾਰੇਂਸ ਨੇ ਵਾਈਨ ਦਾ ਘੁੱਟ ਭਰ ਕੇ ਕਿਹਾ।
“ਕੀ ਪਤਾ ਨਹੀਂ ਮਿਸਟਰ ਲਾਰੇਂਸ...” ਪੀਟਰ ਨੇ ਤੁੜਕ ਕੇ ਪੁੱਛਿਆ।
“ਪਤਾ ਨਹੀਂ ਮੇਰੇ ਵਿਚ ਅਜਿਹੀ ਕੀ ਕਮੀ ਸੀ ਕਿ ਵੀਹ ਸਾਲ ਤਕ ਮੇਰੇ ਨਾਲ ਰਹਿਣ ਪਿੱਛੋਂ ਮੇਰੀ ਪਤਨੀ ਨੇ, ਮੈਥੋਂ ਤਲਾਕ ਲੈ ਕੇ, ਕਿਸੇ ਹੋਰ ਨਾਲ ਸ਼ਾਦੀ ਕਰ ਲਈ...”
“ਜਾਣ ਕੇ ਬੜਾ ਅਫ਼ਸੋਸ ਹੋਇਆ ਮੈਨੂੰ।” ਪੀਟਰ ਨੇ ਸੰਜੀਦਗੀ ਨਾਲ ਕਿਹਾ।
ਲਿੰਡਾ ਨੂੰ ਲੱਗਿਆ ਜਿਵੇਂ ਲਾਰੇਂਸ ਆਪਣੀ ਜ਼ਿਦ ਨਾਲ ਬੰਦ ਕੀਤਾ ਦਰਵਾਜ਼ਾ, ਅੱਜ, ਖ਼ੁਦ-ਬ-ਖ਼ੁਦ ਖੋਲ੍ਹ ਰਹੇ ਨੇ। “ਪਰ ਮੈਨੂੰ ਏਸ ਗੱਲ ਦਾ ਏਨਾ ਅਫ਼ਸੋਸ ਨਹੀਂ,” ਉਹ ਕਹਿ ਰਹੇ ਸਨ, “ਅਫ਼ਸੋਸ ਇਸ ਗੱਲ ਦਾ ਹੁੰਦਾ ਏ ਕਿ ਮੇਰੇ ਬੱਚੇ ਵੀ ਮੇਰੇ ਕੋਲ ਆਉਣ ਦੀ ਲੋੜ ਨਹੀਂ ਸਮਝਦੇ। ਆਪਣੀ ਮਾਂ ਕੋਲ ਕਦੇ-ਕਦਾਰ ਚਲੇ ਜਾਂਦੇ ਨੇ...ਮੈਂ ਬਹੁਤੀ ਵੱਡੀ ਉਮੀਦ ਨਹੀਂ ਕਰਦਾ, ਪਰ ਕਰਿਸਮਸ ਵਾਲੇ ਦਿਨ ਤਾਂ ਇਸ ਬੁੱਢੇ ਪਿਓ ਨੂੰ ਮਿਲ ਲਿਆ ਕਰਨ।” ਉਹ ਵਿਅੰਗ ਨਾਲ ਮੁਸਕੁਰਾਏ, “ਇਸ ਵਾਰੀ ਤਾਂ ਫ਼ੋਨ ਵੀ ਨਹੀਂ ਆਇਆ। ਬਸ ਇਕ ਕਾਰਡ। ਤੁਸੀਂ ਬੜਾ ਚੰਗਾ ਕੀਤਾ ਮਿਸੇਜ਼ ਸਮਿਥ—ਜੋ ਅੱਜ ਆਪਣੇ ਏਥੇ ਬੁਲਾਅ ਲਿਆ...”
ਲਿੰਡਾ ਦੇਖ ਰਹੀ ਸੀ। ਲਾਰੇਂਸ ਦੇ ਚਿਹਰੇ ਦੀਆਂ ਝੁਰੜੀਆਂ ਵਿਚ, ਬੜੇ ਦਿਨਾਂ ਦੀ ਅੰਦਰ ਨੱਪੀ, ਪੀੜ ਥਿਰਕ ਰਹੀ ਸੀ। ਬੋਲੀ, “ਉਮੀਦ ਰੱਖਣੀ ਵੀ ਨਹੀਂ ਚਾਹੀਦੀ ਮਿਸਟਰ ਲਾਰੇਂਸ। ਸਾਡਾ ਫਰਜ਼ ਏ ਬੱਚਿਆਂ ਨੂੰ ਵੱਡਾ ਕਰਨਾ, ਉਹਨਾਂ ਨੂੰ ਆਪਣੇ ਪੈਰਾਂ ਉਪਰ ਖੜ੍ਹਾ ਹੋਣ ਦੇ ਕਾਬਿਲ ਬਣਾਉਣਾ। ਉਹਨਾਂ ਨੂੰ ਵੱਡੇ ਹੁੰਦੇ ਵੇਖ ਕੇ ਸਾਨੂੰ ਖੁਸ਼ੀ ਵੀ ਤਾਂ ਹੁੰਦੀ ਏ ਨਾ...”
“ਸ਼ਾਇਦ ਤੁਸੀਂ ਠੀਕ ਕਹਿ ਰਹੇ ਓ...ਪਰ ਕਿੰਨੀ ਅਜ਼ੀਬ ਗੱਲ ਏ...” ਲਾਰੇਂਸ ਦਾ ਅਧੂਰਾ ਵਾਕ ਕੁਝ ਚਿਰ ਲਈ ਕਮਰੇ ਦੀ ਠਹਿਰੀ ਹੋਈ ਹਵਾ ਵਿਚ ਟੰਗਿਆ ਰਿਹਾ। ਪੀਟਰ ਨੇ ਪਾਈਪ ਕੱਢੀ, ਤੰਮਾਕੂ ਭਰਿਆ ਪਰ ਸੁਲਗਾਈ ਨਹੀਂ। ਬੋਲੇ, “ਲਿਆਓ ਅੱਜ ਤੁਹਾਡਾ ਇਕ ਸਿਗਾਰ ਪੀਏ ਮਿਸਟਰ ਲਾਰੇਂਸ।”
ਧੂੰਏਂ ਦਾ ਇਕ ਬੱਦਲ ਬਣਿਆ ਤੇ ਉਹਨਾਂ ਚਾਰਾਂ ਦੇ ਸਿਰ ਉੱਤੇ ਪਤਲੀ ਜਿਹੀ ਚਾਦਰ ਵਾਂਗ ਤਣ ਗਿਆ।
“ਕਿੰਨੀ ਅਜ਼ੀਬ ਗੱਲ ਏ।” ਲਾਰੇਂਸ ਫੇਰ ਬੋਲੇ, “ਇਕੋ ਸੜਕ 'ਤੇ ਰਹਿੰਦੇ ਹੋਏ ਅਸੀਂ ਪਹਿਲਾਂ ਕਦੀ ਇਸ ਤਰ੍ਹਾਂ ਨਹੀਂ ਮਿਲੇ।”
ਰੋਜ਼ਮੈਰੀ ਦੀਆਂ ਅੱਖਾਂ ਦੀ ਸਿਲ੍ਹ ਹੁਣ ਤਕ ਸੁੱਕ ਗਈ ਸੀ, ਬੋਲੀ—“ਇਹ ਤਾਂ ਲਿੰਡਾ ਦੀ ਕ੍ਰਿਪਾ ਏ...”
“ਕਦੀ ਸੋਚਿਆ ਨਹੀਂ ਸੀ...” ਲਾਰੇਂਸ ਬੜਬੜਾਏ, “ਕਿ ਆਪਣਾ ਆਪਣਾ ਇਕੱਲਾਪਨ ਅਸੀਂ ਇੰਜ ਮਿਲ-ਬੈਠ ਕੇ ਦੂਰ ਕਰ ਸਕਦੇ ਵਾਂ।”
ਲਿੰਡਾ ਨੇ ਮਹਿਸੂਸ ਕੀਤਾ ਕਿ ਇਸ ਸਾਲ ਪਹਿਲੀ ਵਾਰੀ ਪੀਟਰ ਤੇ ਲਾਰੇਂਸ ਵਿਚਕਾਰ ਇਕ ਅਣ-ਕਿਹਾ ਰਿਸ਼ਤਾ ਜੁੜਿਆ ਹੈ। ਪੀਟਰ ਨੇ ਜਿਸ ਤਰ੍ਹਾਂ ਲਾਰੇਂਸ ਵੱਲ ਦੇਖਿਆ, ਉਸ ਵਿਚ ਕੋਈ ਉਸਤਾਦੀ ਜਾਂ ਵਿਅੰਗ ਨਹੀਂ ਸੀ ਬਲਕਿ ਹਮਦਰਦੀ ਸੀ—“ਤੁਸੀਂ ਬਿਲਕੁਲ ਸੱਚ ਕਹਿ ਰਹੇ ਓ ਮਿਸਟਰ ਲਾਰੇਂਸ...”
“ਸਿਰਫ ਜਾਨ ਹੀ ਕਹਿ ਨਾ,” ਮਿਸਟਰ ਲਾਰੇਂਸ ਨੇ ਕਿਹਾ।
“ਅਹੁ, ਥੈਂਕਸ ਜਾਨ।” ਪੀਟਰ ਨੇ ਸਿਗਾਰ ਦਾ ਇਕ ਕਸ਼ ਲਿਆ, “ਤੂੰ ਬਿਲਕੁਲ ਠੀਕ ਕਿਹਾ, ਅਸੀਂ ਕਿਉਂ ਆਪਣੇ ਆਪਣੇ ਹਨੇਰ 'ਚ ਬੰਦ ਰਹੀਏ। ਬਲਕਿ ਮੈਂ ਤਾਂ ਇਹ ਕਹਾਂਗਾ ਕਿ ਆਉਣ ਵਾਲੀਆਂ ਗਰਮੀਆਂ 'ਚ ਅਸੀਂ ਲੋਕ ਕਿਤੇ ਇਕੱਠੇ ਘੁੰਮਣ ਚੱਲੀਏ। ਕਿੰਨੇ ਸਾਲ ਹੋ ਗਏ, ਲੰਦਨ 'ਚੋਂ ਬਾਹਰ ਪੈਰ ਕੱਢਿਆਂ...ਕਿਉਂ?”
ਲਿੰਡਾ ਮੁਸਕੁਰਾਈ, “ਵਿਚਾਰ ਤਾਂ ਬੜਾ ਵਧੀਆ ਏ...”
ਰੋਜ਼ਮੈਰੀ ਦਾ ਝੁਕਿਆ ਹੋਇਆ ਸਿਰ ਥੋੜ੍ਹਾ ਜਿਹਾ ਉਠਿਆ, “ਗਰਮੀਆਂ 'ਚ?” ਉਹ ਬੋਲੀ, “ਪਰ ਗਰਮੀਆਂ ਤਾਂ ਅਜੇ ਬੜੀ ਦੂਰ ਨੇ...”
ਜਾਨ ਲਾਰੇਂਸ ਨੇ ਬੜੇ ਮੋਹ ਨਾਲ ਰੋਜ਼ਮੈਰਾ ਦਾ ਝੁਰੜੀਆਂ ਭਰਿਆ ਹੱਥ ਛੂਹਿਆ, “ਕੈਸੀਆਂ ਗੱਲਾਂ ਕਰਦੇ ਓ ਰੋਜ਼ਮੈਰੀ। ਦਸੰਬਰ ਦਾ ਮਹੀਨਾ ਤਾਂ ਖ਼ਤਮ ਹੀ ਸਮਝੋ। ਗਰਮੀਆਂ ਵਿਚ ਭਲਾ ਕਿੰਨੇ ਦਿਨ ਬਾਕੀ ਨੇ...”
ਲਿੰਡਾ ਕਾਫੀ ਲੈ ਆਈ।
“ਅਜੇ ਥੋੜ੍ਹੀ ਜਿਹੀ ਬਰਾਂਡੀ ਹੋਰ ਲਵਾਂਗਾ, ਮਿਸੇਜ਼ ਸਮਿਥ।” ਪੀਟਰ ਨੇ ਕਿਹਾ।
“ਜ਼ਰੂਰ, ਪਰ ਪਹਿਲਾਂ ਤੁਸੀਂ ਸਾਰੇ ਉਠੋ ਤੇ ਓਥੇ ਅੱਗ ਕੋਲ ਬੈਠੋ। ਮੈਂ ਹੋਰ ਲੱਕੜੀਆਂ ਪਾ ਦੇਨੀਂ ਆਂ।”
“ਮੈਂ ਬਰਤਨ ਸਾਫ ਕਰਵਾ ਦਿਆਂ?” ਰੋਜ਼ਮੈਰੀ ਨੇ ਪੁੱਛਿਆ।
“ਨਹੀਂ, ਥੈਂਕ-ਯੂ, ਰੋਜ਼ਮੈਰੀ।” ਲਿੰਡਾ ਨੇ ਕਾਫੀ ਪਿਆਲਿਆਂ ਵਿਚ ਪਾਉਂਦਿਆਂ ਕਿਹਾ, “ਤੁਸੀਂ ਇਹ ਕਾਫੀ ਪੀਓ—ਭਾਂਡੇ ਤਾਂ ਕਲ੍ਹ ਵੀ ਸਾਫ਼ ਹੋ ਜਾਣਗੇ।”
ਫ਼ਾਇਰ-ਪਲੇਸ ਵਿਚ ਹੋਰ ਲੱਕੜੀਆਂ ਪਾਉਂਦਿਆਂ ਹੋਇਆਂ ਲਿੰਡਾ ਨੇ ਗੌਰ ਕੀਤਾ ਕਿ ਭਾਵੇਂ ਹੁਣ ਕੋਈ ਗੱਲਬਾਤ ਨਹੀਂ ਸੀ ਹੋ ਰਹੀ, ਪਰ ਕਮਰੇ ਵਿਚ ਅਜੇ ਵੀ ਇਕ ਭਾਰਾਪਨ ਸੀ। ਆਪਣੇ ਲਈ ਕਾਫੀ ਪਾਉਂਦਿਆਂ ਹੋਇਆਂ ਲਿੰਡਾ ਵੀ ਆ ਬੈਠੀ। ਵਿਵਾਲਡੀ ਦੀ ਸੰਗੀਤ ਰਚਨਾ ਠੰਡੀ ਰੁੱਤ ਆਪਣੇ ਅੰਤਕ ਚਰਣ ਵਿਚ ਸੀ। ਫ਼ਾਇਰ-ਪਲੇਸ ਵਿਚ ਅੱਗ ਦੀਆਂ ਲਾਟਾਂ ਉਠੀਆਂ। ਖਿੜਕੀ ਦੇ ਸ਼ੀਸ਼ੇ ਉੱਤੇ ਹਲਕੀ ਜਿਹੀ ਬਰਫ਼ ਦਸਤਕ ਦੇ ਰਹੀ ਸੀ। ਲਿੰਡਾ ਨੇ ਖਿੜਕੀ ਦੇ ਪਰਦੇ ਨੂੰ ਦੇਖਿਆ...ਤੇ ਉਸਦੀਆਂ ਅੱਖਾਂ ਸਾਹਵੇਂ ਕਰਿਸਮਸ ਦੀ ਸਜਾਵਟ ਦਾ ਅਕਰਖਣ ਬਣੀਆ ਆਕਸਫੋਰਡ ਸਟਰੀਟ ਦੀਆਂ ਦੁਕਾਨਾਂ ਘੁੰਮ ਗਈਆਂ।
---- ---- ----
No comments:
Post a Comment