Monday, July 4, 2011

ਇਕ ਨੋਟ ਸੌ ਦਾ...:: ਲੇਖਕ : ਮਹੇਂਦਰ ਦਵੇਸਰ 'ਦੀਪਕ'

ਪ੍ਰਵਾਸੀ ਹਿੰਦੀ ਕਹਾਣੀ : 


   ਇਕ ਨੋਟ ਸੌ ਦਾ...
          ਲੇਖਕ : ਮਹੇਂਦਰ ਦਵੇਸਰ 'ਦੀਪਕ'
E-mail :
mpdwesar@yahoo.co.UK


         
ਅਨੁਵਾਦ : ਮਹਿੰਦਰ ਬੇਦੀ, ਜੈਤੋ




ਸ਼ਾਮ ਦੀ ਲਾਲੀ ਜਦੋਂ ਬੁਝ ਰਹੀ ਹੁੰਦੀ ਹੈ ਤੇ ਰਾਤ ਸੁਰਮਈ ਹਨੇਰੇ ਵਿਚ ਲਿਪਟ ਰਹੀ ਹੁੰਦੀ ਹੈ—ਗੁਨੀਆਂ ਨਹਾ-ਧੋ ਕੇ, ਸਜ-ਥਜ ਕੇ, ਬਾਹਰ ਆਉਂਦੀ ਹੈ। ਫੇਰ ਉਹ ਆਪਣੇ ਭੜਕੀਲੇ-ਚਮਕੀਲੇ ਕੱਪੜਿਆਂ ਵਿਚ ਮੇਕਅੱਪ ਕਰਨ ਲਈ ਸ਼ੀਸ਼ੇ ਸਾਹਮਣੇ ਆ ਬੈਠਦੀ ਹੈ ਤੇ ਦੇਖਦੀ ਹੈ ਆਪਣੇ ਤਿੱਖੇ ਨੈਣ-ਨਕਸ਼ ਤੇ ਸੁੰਦਰ ਸੁਡੌਲ ਦੇਹ। ਸ਼ੀਸ਼ਾ ਉਸ ਦੇ ਦੰਭ ਨੂੰ ਭੜਕਾ ਦਿੰਦਾ ਹੈ ਤੇ ਉਹ ਖਿੜ-ਪੁੜ ਕੇ ਮੁਸਕਰਾਉਂਦੀ ਹੋਈ ਆਪਣੇ-ਆਪ ਨੂੰ ਦੇਖਦੀ ਫੁੱਲੀ ਨਹੀਂ ਸਮਾਉਂਦੀ।
ਉਦੋਂ ਹੀ ਵੱਡੀ ਬਾਈ ਕਮਰੇ ਵਿਚ ਆ ਜਾਂਦੀ ਹੈ। ਉਹ ਉਸਦੇ ਰੂਪ ਨੂੰ ਦੇਖ ਕੇ ਸਮਝਾਉਂਦੀ ਹੈ, “ਬੇਟਾ ਜਦ ਤਕ ਤੇਰਾ ਰੂਪ, ਜਵਾਨੀ ਸਲਾਮਤ ਏ, ਤਦ ਤਕ ਤੇਰਾ ਸਿੱਕਾ ਚਲਣੈ। ਉਮਰ ਢਲ ਗਈ ਤਾਂ ਫੇਰ ਕੋਈ ਪੁੱਛਣ ਵਾਲਾ ਨਹੀਂ ਹੋਏਗਾ। ਇਹੀ ਦਿਨ ਨੇ ਮਾਲ ਕਮਾਉਣ ਦੇ। ਵੇਖੀਂ ਖੁੰਝ ਨਾ ਜਾਵੀਂ।”
ਵੱਡੀ ਬਾਈ ਜੋ ਕਹਿ ਗਈ, ਸੋ ਕਹਿ ਗਈ, ਪਰ ਗੁਨੀਆਂ ਤਾਂ ਹਾਲੇ ਕੋਠੇ ਉੱਤੇ ਨਵੀਂ-ਨਵੀਂ ਆਈ ਸੀ। ਉਸਨੂੰ ਸਮਝਣ ਵਿਚ ਜ਼ਰਾ ਦੇਰ ਲਗੇਗੀ ਕਿ ਅਸਲ ਵਿਚ ਸਿੱਕਾ ਤਾਂ ਵੱਡੀ ਬਾਈ ਦਾ ਹੀ ਚਲਦਾ ਹੈ। ਉਸ ਦੇ ਹੁਕਮ ਅਨੁਸਾਰ ਇੱਥੋਂ ਦੀ ਹਰ ਕੁੜੀ ਤੇ ਦਲਾਲ ਨੂੰ ਚੱਲਣਾ ਪੈਂਦਾ ਹੈ। ਜਦ ਤਕ ਇਹ ਗੱਲ ਗੁਨੀਆਂ ਦੀ ਸਮਝ ਵਿਚ ਆਈ, ਤਦ ਤਕ ਉਹ ਖ਼ੁਦ ਸਿੱਕੇ ਵਾਂਗ ਚੱਲਣ ਲੱਗ ਪਈ ਸੀ। ਖ਼ੂਬ ਕਮਾਈ ਹੁੰਦੀ ਸੀ ਤੇ ਉਸ ਕਮਾਈ ਦਾ ਇਕ ਵੱਡਾ ਹਿੱਸਾ ਵੱਡੀ ਬਾਈ ਨੂੰ ਮਿਲਦਾ ਸੀ ਤੇ ਜੋ ਵੀ ਉਸ ਕੋਲ ਬਚਦਾ ਸੀ, ਉਸ ਵਿਚੋਂ ਕਾਫੀ ਕੁਛ ਗੁਲਾਬ ਮਾਂਠ ਕੇ ਲੈ ਜਾਂਦਾ ਸੀ।
ਗੁਲਾਬ? ਉਸੇ ਦੇ ਪਿੰਡ ਦਾ ਸੀ ਉਹ। ਉਸੇ ਨਾਲ ਪਿੰਡ ਵਿਚ ਉਹ ਪਲੀ, ਵੱਡੀ ਤੇ ਜਵਾਨ ਹੋਈ ਸੀ। ਪਹਿਲਾਂ ਗਲੀ ਮੁਹੱਲੇ ਵਿਚ ਮਿਲਦੇ ਸਨ ਉਹ, ਫੇਰ ਪਿੰਡ ਦੇ ਖੇਤਾਂ ਵਿਚ ਮਿਲਣ ਲੱਗੇ ਤੇ ਫੇਰ, ਗੁਣਕਲੀ ਨਾਂ ਦੀ ਇਹ ਕੁੜੀ ਗੁਨੀਆਂ ਬਣ ਗਈ।
ਪਿੰਡ ਦੇ ਖੇਤਾਂ ਦੇ ਉਸ ਪਾਰ ਇਕ ਨੰਗੀ, ਲੰਮੀ ਸੜਕ ਸ਼ਹਿਰ ਨੂੰ ਜਾਂਦੀ ਹੈ। ਇਕ ਸ਼ਾਮ ਗੁਲਾਬ ਗੁਨੀਆਂ ਨੂੰ ਸ਼ਹਿਰ ਦੇ ਇਸ ਰੰਡੀਖਾਨੇ ਵਿਚ ਲੈ ਆਇਆ।
ਇਕ ਦੂਜੀ ਗੱਲ ਜਿਹੜੀ ਵੱਡੀ ਬਾਈ ਨੇ ਸਾਰੀਆਂ ਕੁੜੀਆਂ ਨੂੰ ਸਮਝਾਈ ਹੋਈ ਸੀ ਉਹ ਇਹ ਸੀ ਕਿ ਇਸ ਮਰਦ ਦੀ ਜਾਤ ਤੋਂ ਹਮੇਸ਼ਾ ਬਚ ਕੇ ਰਹੋ। ਗੁਨੀਆਂ ਨੇ ਪੁੱਛ ਹੀ ਲਿਆ, “ਇਹ ਕਿੰਜ ਹੋ ਸਕਦਾ ਏ? ਮਰਦਾਂ ਨਾਲ ਸੰਵੋ ਵੀ ਤੇ ਉਹਨਾਂ ਦੀ ਜਾਤ ਤੋਂ ਬਚ ਕੇ ਵੀ ਰਹੋ!”
“ਹੋ ਸਕਦਾ ਏ ਗੁਨੀਆਂ, ਹੋ ਸਕਦਾ ਏ। ਜੇ ਤੂੰ ਗੁਲਾਬ ਤੋਂ ਬਚ ਕੇ ਰਹਿੰਦੀ ਤਾਂ ਇੱਥੇ ਕੋਠੇ 'ਤੇ ਨਾ ਬੈਠੀ ਹੁੰਦੀ। ਮਤਲਬ ਇਹ ਕਿ ਉਹਨਾਂ ਨਾਲ ਦਿਲ ਨਾ ਲਾਓ, ਧੋਖਾ ਨਾ ਖਾਓ, ਬਸ ਆਪਣੇ ਮਤਲਬ ਨਾਲ ਮਤਲਬ ਰੱਖੋ। ਉਹਨਾਂ ਤੋਂ ਮਾਲ ਹੂੰਝੋ ਤੇ ਉਹਨਾਂ ਪੌੜੀਆਂ ਰਾਹੀਂ ਹੇਠਾਂ ਧਰੀਕ ਦਿਓ, ਜਿਹੜੀਆਂ ਉਹ ਚੜ੍ਹ ਕੇ ਤੁਹਾਡੇ ਤਕ ਪਹੁੰਚਦੇ ਨੇ। ਕਿਸੇ ਮਰਦ ਨੂੰ ਆਪਣੇ ਕਮਰੇ 'ਚ ਲੈ ਜਾਣ ਤੋਂ ਪਹਿਲਾਂ ਆਪਣੀ ਰਕਮ ਵਸੂਲ ਕਰ ਲਓ।”
ਵੱਡੀ ਬਾਈ ਦਾ ਸਰੀਆਂ ਲਈ ਸਭ ਤੋਂ ਵੱਡਾ ਹੁਕਮ ਸੀ, “ਕਦੀ ਬੱਚਾ ਨਾ ਪੈਦਾ ਕਰਨਾ। ਆਪਣੀ ਰੋਜ ਦੀ ਗੋਲੀ ਖਾਂਦੇ ਰਹਿਣਾ, ਨਹੀਂ ਤਾਂ ਮੈਂ ਗੋਲੀ ਮਾਰ ਦਿਆਂਗੀ।”
...ਤੇ ਵੱਡੀ ਬਾਈ ਦੀ ਗੋਲੀ ਦੇ ਨਿਸ਼ਾਨੇ 'ਤੇ ਸਭ ਤੋਂ ਪਹਿਲਾਂ ਆ ਖੜ੍ਹੀ ਹੋਈ ਖ਼ੁਦ ਗੁਨੀਆਂ। ਪਤਾ ਨਹੀਂ ਕਦੋਂ, ਕੈਸੀ ਭੁੱਲ ਹੋ ਗਈ ਸੀ! ਜਦੋਂ ਦੋ-ਤਿੰਨ ਦਿਨ ਲਗਾਤਾਰ ਸਵੇਰੇ-ਸਵੇਰੇ ਵੱਤ ਆਉਂਦੇ ਰਹੇ ਤੇ ਉਲਟੀ ਕਰਨ ਨੂੰ ਜੀਅ ਕਰਦਾ ਰਿਹਾ ਤਾਂ ਉਹ ਸਮਝ ਗਈ ਕਿ ਉਹ ਢਿੱਡੋਂ ਹੈ। ਗਰਭਪਾਤ ਕਰਵਾਉਣ ਲਈ ਵੱਡੀ ਬਾਈ ਝੱਟ ਉਸਨੂੰ ਲੈ ਕੇ ਹਸਪਤਾਲ ਦੌੜ ਗਈ...ਪਰ ਉੱਥੋਂ ਵਾਪਸ ਆਈ ਉਹ ਇਕੱਲੀ। ਡਾਕਟਰਾਂ ਨੇ ਸਾਫ ਕਹਿ ਦਿੱਤਾ ਸੀ, “ਕੈਸੀ ਸੱਸ ਏਂ ਤੂੰ ਕੁੜੀ ਦੇ ਢਿੱਡ 'ਚ ਖਤਰਨਾਕ ਟਿਊਮਰ ਏ ਤੇ ਤੈਨੂੰ ਗਰਭਪਾਤ ਕਰਵਾਉਣ ਦੀ ਪਈ ਹੋਈ ਏ?”
ਜਦੋਂ ਗੁਲਾਬ ਤੇ ਹੋਰ ਕੁੜੀਆਂ ਨੇ ਗੁਨੀਆਂ ਦਾ ਹਾਲ ਪੁੱਛਿਆ ਤਾਂ ਉਹ ਬੁੜਬੁੜ ਕਰਦੀ ਹੋਈ ਅੰਦਰ ਚਲੀ ਗਈ, “ਢੈ-ਜਾਨੀ ਦੇ ਢਿੱਡ 'ਚ ਉਹ ਕਹਿੰਦੇ ਐ...ਟਿਯੂਮਰ ਏ। ਦੋ ਦੋ ਟਿਯੂਮਰ...ਇਕ ਜਾਨ ਦਾ ਦੁਸ਼ਮਣ, ਦੂਜਾ ਧੰਦੇ ਦਾ। ਪਹਿਲਾਂ ਤਾਂ ਉਹ ਜਾਨ ਬਚਾਉਣਗੇ—ਧੰਦਾ ਗਿਆ ਠੱਠੇ ਖ਼ੂਹ 'ਚ।”
ਗੁਨੀਆਂ ਦੇ ਟਿਯੂਮਰ ਦੇ ਇਲਾਜ਼ ਵਿਚ ਕਈ ਮਹੀਨੇ ਲੱਗ ਗਏ। ਇਸ ਦੌਰਾਨ ਉਸਦਾ ਗਰਭ ਪਲਦਾ ਰਿਹਾ। ਪੂਰਾ ਸਮਾਂ ਹੋਣ 'ਤੇ ਗੁਨੀਆਂ ਨੇ ਮੁੰਨੇ ਨੂੰ ਜਨਮ ਦਿੱਤਾ। ਗੁਨੀਆਂ ਵਰਗਾ ਹੀ ਸੁੰਦਰ ਪਿਆਰਾ ਜਿਹਾ ਬੱਚਾ ਸੀ ਉਹ!
ਸ਼ੁਰੂ ਦੇ ਦਿਨਾਂ ਵਿਚ ਤਾਂ ਜਿੱਥੇ ਮਾਂ ਹੁੰਦੀ, ਉੱਥੇ ਹੀ ਪੁੱਤਰ ਹੁੰਦਾ। ਫੇਰ ਹੌਲੀ-ਹੌਲੀ ਉਸਨੂੰ ਮਾਂ ਨਾਲੋਂ ਵੱਖ ਕਰਨਾ ਪਿਆ ਤਾਂਕਿ ਉਹ ਧੰਦੇ 'ਤੇ ਬੈਠ ਸਕੇ। ਹੁਣ ਤਾਂ ਉਹ ਗੁਨਕਲੀ ਨੂੰ ਪਛਾਣਨ ਵੀ ਲੱਗ ਪਿਆ ਸੀ ਤੇ ਉਸ ਨਾਲੋਂ ਵਿਛੜਣ ਸਮੇਂ ਰੋਣ ਲੱਗ ਪੈਂਦਾ ਸੀ। ਮਾਂ ਦਾ ਦਿਲ ਪਸੀਜ ਜਾਂਦਾ, ਫੇਰ ਵੀ ਉਹ ਭਾਰੀ ਮਨ ਨਾਲ ਰੋਂਦੇ ਹੋਏ ਬੱਚੇ ਨੂੰ ਵੱਡੀ ਬਾਈ ਜਾਂ ਗੁਲਾਬ ਦੇ ਹਵਾਲੇ ਕਰ ਦੇਂਦੀ। ਉਹ ਮੁੰਨੇ ਨੂੰ ਬੜੇ ਅਣਮੰਨੇ ਮਨ ਨਾਲ ਸੰਭਾਲਦਾ, ਕਿਉਂਕਿ ਉਹ ਉਸਨੂੰ ਆਪਣਾ ਬੱਚਾ ਹੀ ਨਹੀਂ ਸੀ ਮੰਨਦਾ। ਇਹ ਸੁਭਾਵਿਕ ਹੀ ਸੀ ਕਿਉਂਕਿ ਉਸਨੂੰ ਤਾਂ ਗੁਨੀਆਂ ਦੇ ਨਾਲ ਰਹਿਣ ਦਾ ਮੌਕਾ ਹੀ ਕਦੇ-ਕਦਾਈਂ ਮਿਲਦਾ ਸੀ। ਵੈਸੇ ਵੀ ਸ਼ਾਮ ਦਾ ਸਮਾਂ ਤਾਂ ਗੁਲਾਬ ਦੇ ਦਾਰੂ-ਪਿਆਲੇ ਦਾ ਹੁੰਦਾ ਸੀ ਤੇ ਅਜਿਹੇ ਮੌਕੇ ਰੋਂਦੇ ਹੋਏ ਨਿਆਣੇ ਦੀ ਜ਼ਿੰਮੇਦਾਰੀ ਉਸਨੂੰ ਬੜੀ ਰੜਕਦੀ ਸੀ। ਅੱਜ ਜਦੋਂ ਮੁੰਨਾ ਵੱਡੀ ਬਾਈ ਤੋਂ ਸੰਭਲ ਨਹੀਂ ਸੀ ਰਿਹਾ, ਤਾਂ ਉਸਨੇ ਤੰਗ ਆ ਕੇ ਉਸਨੂੰ ਗੁਲਾਬ ਨੂੰ ਫੜਾਉਂਦਿਆ ਹੋਇਆਂ ਕਿਹਾ, “ਲੈ-ਜਾ, ਕੰਬਖ਼ਤ ਨੂੰ, ਬਾਜ਼ਾਰ ਦੀ ਰੌਣਕ ਵਿਖਾਅ ਲਿਆ—ਸੌਂ ਜਾਏ ਤਾਂ ਲੈ ਆਵੀਂ।”
ਗੁਲਾਬ ਦੇ ਨਸ਼ੇ ਦਾ ਦੌਰ ਚੱਲ ਰਿਹਾ ਸੀ। ਆਕੜ ਕੇ ਬੋਲਿਆ, “ਪਰਾਈ ਕਮਾਈ ਦਾ ਸੂਦ, ਮੈਂ ਕਿਉਂ ਸੰਭਾਲਾਂ?”
“ਉਸੇ ਕਮਾਈ ਦੀ ਸ਼ਰਾਬ ਉਡਾ ਰਿਹਾ ਏਂ ਤੂੰ, ਹਰਾਮਖ਼ੋਰਾ! ਤੇਰੀ ਰੋਟੀ-ਕੱਪੜਾ ਵੀ ਉਸੇ ਨਾਲ ਚੱਲ ਰਿਹੈ।” ਵੱਡੀ ਬਾਈ ਨੇ ਝਾੜ ਪਾਈ।
ਗੁਲਾਬ ਨੂੰ ਮੁੰਨਾ ਸੰਭਾਲਣਾ ਪਿਆ।
ਗੁਨਕਲੀ ਦੀ ਗੱਲ ਹੋਰ ਹੈ। ਉਹ ਪੱਕਾ ਨਹੀਂ ਕਹਿ ਸਕਦੀ ਕਿ ਮੁੰਨੇ ਦਾ ਪਿਓ ਗੁਲਾਬ ਹੈ ਜਾਂ ਕੋਈ ਹੋਰ, ਜਿਹੜਾ ਰਾਤ ਭਰ ਉਸਦੇ ਨਾਲ ਰਿਹਾ ਤੇ ਉਸਦੀ ਕੁੱਖ ਵਿਚ ਆਪਣਾ ਬੀਜ ਛੱਡ ਗਿਆ ਤੇ ਕੀਮਤ ਮੂੰਹ 'ਤੇ ਮਾਰ ਕੇ ਹਮੇਸ਼ਾ ਲਈ ਕਿਨਾਰਾ ਕਰ ਗਿਆ। ਇਸ ਕੁਸੈਲ ਨੂੰ ਉਹ ਭੁੱਲ ਜਾਂਦੀ ਹੈ, ਜਦੋਂ ਉਹ ਮੁੰਨੇ ਨੂੰ ਆਪਣੀ ਗੋਦੀ ਵਿਚ ਲੈਂਦੀ ਹੈ। ਉਹ ਉਸੇ ਦਾ ਖ਼ੂਨ ਹੈ, ਹੱਡ-ਮਾਸ ਹੈ। ਉਸਨੇ ਉਸਨੂੰ ਇਸ ਦੁਨੀਆਂ ਵਿਚ ਲਿਆਂਦਾ ਹੈ। ਆਪਣੇ ਬੱਚੇ ਲਈ ਹਰ ਮਾਂ ਵਰਗਾ ਪਿਆਰ ਉਸਦੇ ਰੋਮ ਰੋਮ ਵਿਚੋਂ ਫੁੱਟਦਾ ਹੈ। ਉਹ ਮੁੰਨੇ ਦੀ ਜਨਨੀ ਹੈ...ਜਨਕ ਕੌਣ ਹੈ, ਇਸ ਸਵਾਲ ਨਾਲ ਕੋਈ ਹੀਣ ਭਾਵ ਉਸਦੇ ਮਨ ਨੂੰ ਨਹੀਂ ਸਤਾਉਂਦਾ।
ਮੁੰਨਾ ਹੁਣ ਹੋਰ ਵੀ ਵੱਡਾ ਹੋ ਗਿਆ ਹੈ। ਉਸਦੀ ਕੁਰਲਾਹਟ ਦੇ ਨਾਲ ਸ਼ਬਦ ਵੀ—ਭਾਵੇਂ ਉਹ ਤੋਤਲੇ ਨੇ—ਹਵਾ ਵਿਚ ਉੱਡਣ ਲੱਗ ਪਏ ਨੇ।
“ਮੈਂ ਅੰਮਾ ਛਾਥ ਛੋਊਂਗਾ,” ਇਹਨਾਂ ਚਾਰ ਸ਼ਬਦਾਂ ਵਿਚ ਪਿਰੋਈ ਉਸਦੇ ਵਿਆਕੁਲ ਮਨ ਦੀ ਅੰਤਰ-ਇੱਛਾ ਹਰ ਸ਼ਾਮ ਗੂੰਜਦੀ ਤੇ ਅਕਾਰਥ ਜਾਂਦੀ। ਇਹ ਤਾਂ ਉਹ ਸਮਾਂ ਹੈ ਜਦੋਂ ਨਵੇਂ-ਨਵੇਂ 'ਅੰਕਲ' ਜਿਹਨਾਂ ਨਾਲ ਉਸਦੀ ਕੋਈ ਜਾਣ-ਪਛਾਣ ਨਹੀਂ, ਆਉਂਦੇ ਨੇ। ਉਹ ਅੰਮਾ, ਆਂਟੀਆਂ ਦੇ ਹੱਥਾਂ ਵਿਚ ਨੋਟ ਫੜਾ ਦਿੰਦੇ ਨੇ ਤੇ ਫੇਰ ਉਹ ਉਹਨਾਂ ਨਾਲ ਵੱਖ-ਵੱਖ ਕਮਰਿਆਂ ਵਿਚ ਬੰਦ ਹੋ ਜਾਂਦੀਆਂ ਨੇ। ਹਰ ਸ਼ਾਮ ਮੁੰਨਾ ਇਹੋ ਤਮਾਸ਼ਾ ਦੇਖਦਾ ਹੈ। 'ਅੰਕਲਾਂ' ਦੀ ਪਛਾਣ ਉਸਨੂੰ ਭਾਵੇਂ ਨਾ ਹੋਵੇ, ਪਰ ਨੋਟਾਂ ਦੀ ਪਛਾਣ ਤੇ ਉਹਨਾਂ ਦੇ ਜਾਦੂ ਦਾ ਕਮਾਲ ਕੁਝ-ਕੁਝ ਸਮਝ ਆਉਣ ਲੱਗ ਪਿਆ ਹੈ। ਉਸਦੀ ਮਾਸੂਮ ਇੱਛਾ 'ਅੰਮਾ ਛਾਥ ਛੋਊਂਗਾ' ਅੰਮਾ ਦੇ ਦਰਵਾਜ਼ੇ ਉੱਤੇ ਦਸਤਕ ਦੇਂਦੀ ਰਹਿੰਦੀ ਹੈ, ਪਰ ਬੰਦ ਕਮਰੇ ਵਿਚ ਮਚਲਦੇ ਹਾਸੇ ਤੇ ਕਿਲਕਾਰੀਆਂ ਵਿਚ ਨੱਪੀ-ਪੀੜੀ ਜਾਂਦੀ ਹੈ। ਜਾਂ ਫੇਰ ਅੰਦਰੋਂ ਕਿਸੇ 'ਅੰਕਲ' ਦੀ ਕੜਕਵੀਂ ਆਵਾਜ਼ ਆਉਂਦੀ ਹੈ, 'ਓਇ ਹਟਾਓ ਇਸ ਮੁਸੀਬਤ ਨੂੰ' ਤੇ ਡਰਿਆ-ਸਹਿਮਿਆਂ ਹੋਇਆ ਮੁੰਨਾ ਉੱਥੋਂ ਹਟ ਜਾਂਦਾ ਹੈ।
ਰਾਤ ਦੀਆਂ ਥੱਕੀਆਂ-ਹੰਭੀਆਂ ਕੁੜੀਆਂ ਦਿਨੇ, ਦੁਪਹਿਰ ਵੇਲੇ, ਸੌਂ ਜਾਂਦੀਆਂ ਹਨ। ਉਦੋਂ ਮੁੰਨੇ ਨੂੰ ਵੀ ਮਾਂ ਨਾਲ ਸੌਣ ਦਾ ਮੌਕਾ ਮਿਲਦਾ ਹੈ। ਗੁਨੀਆਂ ਨੇ ਪਾਸਾ ਪਰਤਿਆ। ਸਿਰਹਾਣੇ ਦੇ ਇਕ ਸਿਰੇ ਹੇਠੋਂ ਇਕ ਸੌ ਦਾ ਨੋਟ ਝਾਕ ਰਿਹਾ ਸੀ। ਬੱਚੇ ਦੀ ਨਜ਼ਰ ਉਸ ਉੱਤੇ ਪਈ। ਉਸਦੇ ਸ਼ਬਦ ਤੋਤਲੇ ਸਹੀ, ਉਸਦੀ ਸੋਚ ਤੋਤਲੀ ਨਹੀਂ। ਅਜਿਹੇ ਹੀ ਤਾਂ ਹੁੰਦੇ ਨੇ ਉਹ ਕਾਗਜ਼ ਦੇ ਟੁਕੜੇ ਜਿਹੜੇ ਨਵੇਂ-ਨਵੇਂ 'ਅੰਕਲ' ਅੰਮਾ ਤੇ ਆਂਟੀਆਂ ਨੂੰ ਦਿੰਦੇ ਹੁੰਦੇ ਨੇ। ਇਕ ਅਨੋਖੀ ਚਮਕ ਉਸਦੀਆਂ ਅੱਖਾਂ ਵਿਚ ਆਈ। ਆਪਣੀਆਂ ਨਿੱਕੀਆਂ-ਨਿੱਕੀਆਂ ਉਂਗਲਾਂ ਨਾਲ ਉਸਨੇ ਉਹ ਨੋਟ ਖਿਸਕਾ ਕੇ ਆਪਣੀ ਬੁਸ਼ਰਟ ਦੀ ਜੇਬ ਵਿਚ ਪਾ ਲਿਆ।
ਗੁਨੀਆਂ ਦੀ ਅੱਖ ਖੁੱਲ੍ਹੀ ਤਾਂ ਮੁੰਨੇ ਨੇ ਉਹ ਪੂੰਜੀ ਮਾਂ ਨੂੰ ਸੋਂਪ ਦਿੱਤੀ।
“ਇਹ ਨੋਟ ਤੂੰ ਕਿੱਥੋਂ ਲਿਐ?”
ਮੁੰਨੇ ਨੇ ਸਿਰਹਾਣੇ ਹੇਠ ਹੱਥ ਪਾ ਦਿੱਤਾ। ਪੁੱਤਰ ਦੀ ਹੁਸ਼ਿਆਰੀ ਦੇਖ ਕੇ ਮਾਂ ਰਤਾ ਕੁ ਮੁਸਕੁਰਾਈ। ਆਪਣੇ-ਆਪ ਭਾਵੇਂ ਉਸਨੂੰ ਕਿਸੇ ਜੁਰਮ ਦਾ ਅਹਿਸਾਸ ਹੁੰਦਾ, ਨਾ ਹੁੰਦਾ—ਪਰ ਮੁੰਨੇ ਦੇ ਇਹ ਤੋਤਲੇ ਸ਼ਬਦ 'ਅਬ ਮੈਂ ਲਾਤ ਕੋ ਭੀ ਯਾਂ ਛੋਊਂਗਾ, ਅੰਮਾ ਛਾਥ (ਹੁਣ ਮੈ ਰਾਤ ਨੂੰ ਵੀ ਇੱਥੇ ਸੰਵਾਂਗਾ, ਅੰਮਾ ਨਾਲ)।'
ਗੁਨੀਆਂ ਨੇ ਅੱਗਾ ਵਿਚਾਰਿਆ ਨਾ ਪਿੱਛਾ ਬੱਚੇ ਦੀ ਗੱਲ੍ਹ ਉੱਤੇ ਇਕ ਚੰਡ ਕੱਢ ਮਾਰੀ ਤੇ ਚੀਕੀ, “ਨਿਕਰਮਿਆਂ, ਤੈਨੂੰ ਹਰ ਸਮੇਂ ਮਾਂ ਦਾ ਪਿਆਰ ਨਹੀਂ ਮਿਲ ਸਕਦਾ, ਤਾਂ ਉਸਨੂੰ ਲੈਣ ਲਈ ਤੂੰ ਪੈਸੇ ਦਵੇਂਗਾ, ਮੈਨੂੰ...ਆਪਣੀ ਮਾਂ ਨੂੰ?...ਆਪਣੇ ਪੁੱਤਰ ਤੋਂ ਪੈਸੇ ਲਵਾਂਗੀ?”
ਮੁੰਨਾ ਵਿਲ੍ਹਕ-ਵਿਲ੍ਹਕ ਕੇ ਰੋਣ ਲੱਗਾ ਸੀ ਤੇ ਨਾਲ ਰੋ ਰਹੀ ਸੀ ਉਸਦੀ ਮਾਂ।
ਭੋਲਾ ਬੱਚਾ ਆਪਣੀ ਸਜ਼ਾ ਦਾ ਕਾਰਨ ਤਾਂ ਨਹੀਂ ਸੀ ਸਮਝ ਸਕਿਆ ਪਰ ਡਰਿਆ, ਸਹਿਮਿਆਂ ਤੇ ਬੌਂਦਲਿਆ ਜਿਹਾ ਬੋਲ ਰਿਹਾ ਸੀ, “ਔਲ ਪੈਛੇ ਨਈ ਐਂ ਮੇਲੇ ਪਾਛ। ਅੰਮਾ, ਲਾਤ ਕੋ ਭੀ ਛਾਥ ਛੋਨੇ ਦੋ ਨਾ...ਮੈਂ ਤੰਗ ਨਈਂ ਕਲੂੰਗਾ...ਬਿਛਤਲ ਮੇਂ ਛੂ-ਛੂ ਬੀ ਨਈਂ ਕਲੂੰਗਾ (ਹੋਰ ਪੈਸੇ ਨਹੀਂ ਮੇਰੇ ਕੋਲ...ਅੰਮਾ ਰਾਤ ਨੂੰ ਵੀ ਨਾਲ ਸੌਣ ਦਿਓ ਨਾ...ਮੈਂ ਤੰਗ ਨਹੀਂ ਕਰਾਂਗਾ...ਬਿਸਤਰੇ 'ਚ ਸੁ-ਸੁ ਵੀ ਨਹੀਂ ਕਰਾਂਗਾ)।”
ਮੁੰਨਾ ਦੀ ਤੋਤਲੀ ਪੁਕਰ 'ਲਾਤ ਕੋ ਬੀ ਛਾਥ ਸੋਨੇ ਦੋ' ਗੁਨੀਆਂ ਦੇ ਕਲੇਜੇ ਨੂੰ ਤੀਰ ਵਾਂਗ ਫੁੰਡ ਗਈ। ਬੰਦਿਸ਼ਾਂ ਵਿਚ ਬੱਧੀ, ਰੁੱਧੀ ਦੀਆਂ ਰਾਤਾਂ ਵਿਕਾਊ ਹੁੰਦੀ ਨੇ ਉਸਦੀਆਂ, ਜੇ ਇਹ ਬੰਧਨ ਟੁੱਟਣ ਤਾਂ ਉਸਦੇ ਢਿੱਡ ਦੀ ਡੱਡ ਨੂੰ ਉਸਦਾ ਹੱਕ ਮਿਲੇ। ਉਸਦੇ ਅੰਦਰ ਕੁਝ ਭੜ-ਭੜ ਕਰਕੇ ਮੱਚਣ ਲੱਗ ਪਿਆ ਤੇ ਉਹ ਬੁੜ੍ਹਕ ਦੇ ਬਿਸਤਰੇ ਤੋਂ ਉਠ ਖੜ੍ਹੀ ਹੋਈ।
ਬਿੰਦ ਦਾ ਬਿੰਦ ਖੜ੍ਹੀ ਕੁਝ ਸੋਚਦੀ ਰਹੀ। ਫੇਰ ਇਹ ਵਿਚਾਰ ਬਿਜਲੀ ਦੀ ਲਿਸ਼ਕ ਵਾਂਗ ਉਸਦੇ ਧੁਰ ਅੰਦਰ ਤਕ ਲੱਥ ਗਿਆ—'ਇੱਥੋਂ ਨਿਕਲਣਾ ਹੋਏਗਾ—ਅੱਜ ਤੇ ਹੁਣੇ ਹੀ!'
ਰਾਤ ਦੀਆਂ ਥੱਕੀਆਂ-ਹੰਭੀਆਂ ਕੁੜੀਆਂ, ਵੱਡੀ ਬਾਈ ਤੇ ਹੋਰ ਸਾਰੇ ਦਲਾਲ ਤਪਦੀ ਦੁਪਹਿਰ ਵਿਚ ਚੈਨ ਦੀ ਨੀਂਦ ਸੁੱਤੇ ਪਏ ਸਨ। ਉਸਨੇ ਝੱਟ ਆਪਣੇ ਤੇ ਮੁੰਨੇ ਦੇ ਕੱਪੜਿਆਂ ਦੀ ਇਕ ਗੱਠੜੀ ਜਿਹੀ ਬੰਨ੍ਹੀ। ਸੋਨੇ ਦੇ ਕੁਝ ਗਹਿਣੇ ਬਣਵਾਏ ਸੀ, ਉਹ ਸਾੜ੍ਹੀ ਦੇ ਪੱਲੇ ਨਾਲ ਬੰਨ੍ਹ ਲਏ। ਮਾੜੇ ਦਿਨਾਂ ਲਈ ਕੁਝ ਰੁਪਏ ਬਚਾ ਕੇ ਰੱਖੇ ਸਨ ਜਿਹੜੇ ਉਸਨੇ ਆਪਣੀ ਬਰਾ ਵਿਚ ਸੁਰੱਖਿਅਤ ਕਰ ਲਏ। ਫੇਰ ਉਹ ਮੁੰਨੇ ਨੂੰ ਚੁੱਕ ਕੇ ਦੱਬਵੇਂ ਪੈਰੀਂ ਦੇਹ ਦੀ ਉਸ ਦੁਕਾਨ ਦੀਆਂ ਪੌੜੀਆਂ ਉਤਰ ਗਈ...ਆਖ਼ਰੀ ਬਾਰ।
ਇਕ ਤਿਪਹੀਆਂ ਸਕੂਟਰ ਖੜ੍ਹਾ ਮਿਲ ਗਿਆ। ਗੁਨਕਲੀ ਨੇ ਚਾਲਕ ਨੂੰ ਕਿਹਾ, “ਨਾਰੀ ਨਿਕੇਤਨ।” ਸਕੂਟਰ ਮੁਕਤੀ ਪੱਥ ਵੱਲ ਦੌੜ ਪਿਆ।
   ---- ---- ----

No comments:

Post a Comment